ਬਾਬਾ ਜੀ ਮੇਰੀ ਤਾਂ ਹੁਣ ਨਿਭ ਗਈ ਹੈ, '' ਆਹ ਫੜ•ੋ ਸ਼ਸਤਰ, ਸੂਰਮਾਂ ਕਦੇ ਦੁਸਮਣ ਅੱਗੇ ਹਥਿਆਰ ਨਹੀਂ ਸੁੱਟਦਾ ''..?
ਬੇਸ਼ਕ 1984 ਦੇ ਮਈ ਮਹੀਨੇ ਦੇ ਅਖੀਰਲੇ ਹਫਤੇ ਤੋਂ ਹੀ ਪੰਜਾਬ ਦੀਆਂ ਸੜਕਾਂ ਉੱਤੇ ਫੌਜ ਦੀਆ ਗੱਡੀਆਂ ਬੜੀ ਫੁਰਤੀ ਨਾਲ ਘੁੰਮਨੀਆਂ ਆਰੰਭ ਹੋ ਗਈਆਂ ਸਨ ਅਤੇ ਪੰਜਾਬ ਦੇ ਹਰ ਕੱਚੇ ਪੱਕੇ ਰਸਤੇ ਜਾਂ ਇਹ ਕਹਿਣਾ ਵੀ ਵਾਜਿਬ ਹੈ ਕਿ ਹਰ ਦਹਿਲੀਜ਼ ਨੂੰ ਫੌਜ ਨੇ ਘੇਰ ਲਿਆ ਸੀ। ਉਧਰ ਦਰਬਾਰ ਸਾਹਿਬ ਨੂੰ ਬੜਾ ਸਖਤ ਘੇਰਾ ਪਾ ਕੇ, ਲੋਕ ਵਿਖਾਵੇ ਲਈ ਕੁੱਝ ਆਰਜ਼ੀ ਸਪੀਕਰਾਂ ਰਾਹੀਂ, ਚਿਤਾਵਨੀ ਭਰਪੂਰ ਅਪੀਲਾਂ ਕੀਤੀਆਂ ਗਈਆਂ ਕਿ ਸਭ ਬਾਹਰ ਆ ਜਾਓ, ਵਰਨਾ ਗੋਲੀਆਂ ਨਾਲ ਭੁੰਨੇ ਜਾਓਗੇ, ਕੋਈ ਇੱਕ ਅੱਧਾ ਜਿਹੜਾ ਬਾਹਰ ਆਇਆ, ਉਸ ਦਾ ਕੀਹ ਬਣਿਆ ਕਿਸੇ ਨੂੰ ਇਲਮ ਨਹੀ ਹੈ। ਦਰਬਾਰ ਸਾਹਿਬ ਅੰਦਰ ਤਾਂ ਬਹੁਤ ਸਾਰੇ ਸ਼ਰਧਾਲੂ ਹੀ ਸਨ ਕਿਉਂਕਿ ਉਸ ਦਿਨ ਸ਼ਹੀਦਾਂ ਦੇ ਸਿਰਤਾਜ਼ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਸਿੱਖਾਂ ਨੂੰ ਭਰੋਸਾ ਹੀ ਨਹੀ ਸੀ ਕਿ ਫੌਜ ਉਹਨਾਂ ਨਾਲ ਚੰਗਾ ਵਿਉਹਾਰ ਕਰੇਗੀ ਕਿਉਂਕਿ ਅੱਜ ਤੱਕ ਕਦੇ ਸਿੱਖਾਂ ਨਾਲ ਭਾਰਤੀ ਨਾਗਰਿਕਾਂ ਵਾਲਾ ਸਲੂਕ ਤਾਂ ਕਦੇ ਹਕੂਮਤ ਨੇ ਕੀਤਾ ਹੀ ਨਹੀਂ, ਇਸ ਕਰਕੇ ਕਿਸੇ ਸ਼ਰਧਾਲੂ ਨੇ ਬਾਹਰ ਆਉਣਾ ਠੀਕ ਨਹੀ ਸਮਝਿਆ, ਅਖੀਰ ਤਿੰਨ ਜੂਨ 1984 ਨੂੰ ਭਾਰਤੀ ਨਿਜ਼ਾਮ ਨੇ ਆਪਣੀ ਫੌਜ ਨੂੰ ਦਰਬਾਰ ਸਾਹਿਬ ਉੱਤੇ ਹਰ ਤਰ•ਾਂ ਦੀ ਫੌਜੀ ਸ਼ਕਤੀ ਵਰਤਣ ਦੀ ਪਰਵਾਨਗੀ ਦੇ ਦਿੱਤੀ ਸੀ ਅਤੇ ਫੌਜ ਨੇ ਬਕਾਇਦਾ ਗੋਲੇ ਬਾਰੂਦ ਵਾਲੀ ਕਾਰਵਾਈ ਆਰੰਭ ਕਰ ਦਿੱਤੀ।
ਦਰਬਾਰ ਸਾਹਿਬ ਦੇ ਅੰਦਰ ਸਿੰਘਾਂ ਕੋਲ ਕੋਈ ਟੈਂਕ ਨਹੀ ਸਨ ਕਿ ਉਹ ਮਾਰੂ ਹਥਿਆਰਾਂ ਦਾ ਮੁਕਾਬਲਾ ਹਥਿਆਰਾਂ ਨਾਲ ਕਰਦੇ, ਲੇਕਿਨ ਸਿੰਘਾਂ ਕੋਲ ਗੁਰੂ ਦਾ ਓਟ ਆਸਰਾ ,ਭਰੋਸਾ ਅਤੇ ਦਲੇਰੀ ਦੀ ਕਮੀ ਨਹੀ ਸੀ, ਹਥਿਆਰ ਭਾਂਵੇ ਛੋਟੇ ਸਨ, ਪਰ ਜਿਗਰੇ ਤੇ ਜੁੱਸੇ ਬੜੇ ਮਜਬੂਤ ਸਨ। ਇੱਕ ਪਾਸੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਿਆਰ ਅਤੇ ਦੂਜੇ ਪਾਸੇ ਗੁਰੀਲਾ ਜੰਗਾਂ ਦੇ ਹੀਰੋ, ਜਰਨਲ ਸ਼ੁਬੇਗ ਸਿੰਘ ਵਰਗੇ ਬਹਾਦਰ ਜਰਨੈਲ ਦੀ ਅਗਵਾਈ ਸੀ। ਦਰਜਨਾਂ ਸਿੰਘਾਂ ਨੇ ਚਾਰ ਜੂਨ ਦੀ ਰਾਤ ਤੱਕ ਛੋਟੀਆਂ ਛੋਟੀਆਂ ਬੰਦੂਕਾਂ ਨਾਲ ਵੀ ਭਾਰਤੀ ਫੌਜ ਦੀ ਪੇਸ਼ ਨਾ ਜਾਣ ਦਿੱਤੀ, ਫੌਜੀ ਕਮਾਂਡੋ ਅੰਦਰ ਵੜਣ ਦਾ ਯਤਨ ਕਰਦੇ ਰਹੇ, ਪਰ ਅਸਫਲ ਹੋ ਕੇ ਪਿੱਛੇ ਹੱਟਦੇ ਰਹੇ। ਦਰਬਾਰ ਸਾਹਿਬ ਉੱਤੇ ਹਮਲਾ ਆਰੰਭ ਕਰਨ ਵੇਲੇ ਭਾਰਤੀ ਫੌਜ ਦੇ ਜਰਨੈਲ, ਖਾਸ ਕਰਕੇ ਜਰਨਲ ਕੇ.ਐਸ ਬਰਾੜ ਇਸ ਆਸ ਤੇ ਸਨ ਕਿ ਕੁੱਝ ਮਿੰਟਾਂ ਵਿੱਚ ਉਹ ਬਾਬਾ ਜਰਨੈਲ ਸਿੰਘ ਸਮੇਤ ਸਭ ਸਿੰਘਾਂ ਨੂੰ ਹਥਿਆਰ ਸੁਟਵਾ ਕੇ, ਅੰਦਰੋ ਫੜ• ਲਿਆਉਣਗੇ, ਪਰ ਜਦੋ ਭਾਰਤੀ ਫੌਜ ਦੇ ਪੈਰ ਹੀ ਨਾ ਲੱਗੇ ਤਾਂ ਜਰਨੈਲ ਗੁੱਸੇ ਵਿੱਚ ਆਏ ਅਤੇ ਭਾਰਤੀ ਨਿਜ਼ਾਮ ਭਾਵ ਇੰਦਰਾ ਗਾਂਧੀ ਨੂੰ ਝੂਠ ਬੋਲਿਆ ਕਿ ਅੰਦਰ ਬਹੁਤ ਮਾਰੂ ਹਥਿਆਰ ਹਨ, ਹੁਣ ਸਾਨੂੰ ਟੈਂਕਾਂ, ਤੋਪਾਂ ਅਤੇ ਰਾਕਟ ਲਾਂਚਰ ਆਦਿਕ ਦੇ ਨਾਲ ਨਾਲ ਹਵਾਈ ਹਮਲੇ ਦੀ ਵਰਤੋਂ ਵੀ ਕਰਨੀ ਪੈ ਸਕਦੀ ਹੈ। ਭਾਰਤੀ ਨਿਜ਼ਾਮ ਤਾਂ ਅਜਿਹਾ ਸੁਣਨਾ ਹੀ ਚਾਹੁੰਦਾ ਸੀ, ਇੰਦਰਾ ਨੇ ਝੱਟ ਹਾਂ ਕਰ ਦਿੱਤੀ, ਜੋ ਮਰਜ਼ੀ ਕਰੋ ਮੈਨੂੰ ਜਿੱਤ ਚਾਹੀਦੀ ਹੈ।
ਦਰਅਸਲ ਅੰਦਰ ਸਿੰਘਾਂ ਕੋਲ ਹਥਿਆਰ ਵੱਡੇ ਨਹੀ ਸਨ, ਪਰ ਉਹਨਾਂ ਕੋਲ ਤਕਨੀਕ ਵੱਡੀ ਸੀ। ਆਪਣੀ ਬੇਸ਼ਰਮੀ ਨੂੰ ਢਾਲਣ ਵਾਸਤੇ ਦਰਬਾਰ ਸਾਹਿਬ ਉੱਤੇ ਹਮਲਾਵਰ, ਭਾਰਤੀ ਫੌਜੀ ਜਰਨੈਲਾਂ ਨੇ ਕਿਸੇ ਦੂਜੇ ਮੁਲਕ ਨਾਲ ਲੱਗੀ ਜੰਗ ਦੌਰਾਨ, ਸੈਂਕੜੇ ਮੀਲ ਲੰਬੇ ਬਾਰਡਰ ਉੱਤੇ ਵਰਤੀ ਜਾਣ ਜਿੰਨੀ ਸ਼ਕਤੀ , ਦਰਬਾਰ ਸਾਹਿਬ ਉੱਤੇ ਵਰਤਣੀ ਆਰੰਭ ਕਰ ਦਿੱਤੀ, ਪਰ ਜਿਹੜੇ ਮੋਰਚੇ ਉਸ ਗੁਰੀਲੇ ਜਰਨੈਲ, ਜਰਨਲ ਸ਼ੁਬੇਗ ਸਿੰਘ ਨੇ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਬਣਵਾਏ ਸਨ, ਭਾਰਤੀ ਫੌਜ ਤੋੜ ਨਾ ਸਕੀ। ਆਪਣੀਆਂ ਕਿਤਾਬਾਂ ਵਿੱਚ ਜਰਨਲ ਬਰਾੜ ਦਾਹਵੇ ਕਰਦਾ ਹੈ ਕਿ ਅਸੀਂ ਸੰਜਮ ਨਾਲ ਸ਼ਕਤੀ ਵਰਤਦੇ ਸੀ, ਪਰ ਸਿਰਫ ਸੌ ਕੁ ਸਿੰਘਾਂ ਦੇ ਜਥੇ ਦੇ ਮੁਕਾਬਲੇ ਵਾਸਤੇ ਟੈਂਕਾਂ, ਤੋਪਾਂ ਦੀ ਕੀਹ ਲੋੜ ਪੈ ਗਈ ਸੀ, ਇਹ ਸੰਜਮ ਸੀ ? ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜਰਨਲ ਸ਼ੁਬੇਗ ਸਿੰਘ ਸਮੇਤ ਸਭ ਨੂੰ ਕੁੱਝ ਮਿੰਟਾਂ ਵਿੱਚ ਫੜ•ਕੇ ਲਿਆਉਣ ਦੇ ਦਮਗਜੇ ਮਾਰਨ ਵਾਲਿਆਂ ਦੇ, ਦਾਹਵਿਆਂ ਦੀ ਫੂਕ ਨਿੱਕਲ ਚੁੱਕੀ ਸੀ। ਹੁਣ ਤਾਂ ਕਚੀਚੀਆਂ ਲੈ ਰਹੇ ਸਨ ਕਿ ਬੇਸ਼ਕ ਆਇਟਮ ਬੰਬ ਵੀ ਕਿਉਂ ਨਾ ਸੁੱਟਣਾ ਪਵੇ, ਸਭ ਖਤਮ ਹੋਣਾ ਚਾਹੀਦਾ ਹੈ, ਨਹੀ ਤਾਂ ਸਾਡੀ ਬਹੁਤ ਬੇਇਜਤੀ ਹੈ ਕਿ ਇੱਕ ਵੱਡੀ ਫੌਜੀ ਸ਼ਕਤੀ ਦੇ, ਗਿਣਤੀ ਦੇ ਸਿੰਘਾਂ ਨੇ ਛੱਕੇ ਛੁਡਾ ਦਿੱਤੇ ਹਨ।
ਪੰਜ ਜੂਨ ਦੀ ਸ਼ਾਮ ਢਲਦਿਆਂ ਹੀ ਸਿੰਘਾਂ ਨੇ ਰਾਤ ਦੇ ਹਨੇਰੇ ਵਿੱਚ ਆਪਣੇ ਮੋਰਚਿਆਂ ਨੂੰ ਹੋਰ ਤਕੜਾ ਕਰਨ ਵਾਸਤੇ, ਇਕ ਦੂਜੇ ਨਾਲ ਮਸ਼ਵਰੇ ਕਰ ਰਹੇ ਸਨ। ਸੱਤਰ ਦੇ ਕਰੀਬ ਸਿੰਘ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਹਿਬ ਤੇ ਹਾਜਰ ਸਨ । ਤਿੰਨ ਜੂਨ ਤੋ ਲਗਾਤਾਰ ਭੁੱਖੇ ਪਿਆਸੇ ਸਿੰਘ, ਹਿੰਦ ਫੌਜਾਂ ਦਾ ਗੁਰੀਲਿਆਂ ਵਾਂਗੂ ਮੁਕਾਬਲਾ ਕਰ ਰਹੇ ਸਨ। ਤੋਪਾਂ, ਗੋਲਿਆਂ ਦੀ ਗੜਗੜਾਹਟ, ਬਰੂਦ ਦੀ ਅੱਗ ਨਾਲ ਪੈਦਾ ਹੋਈ ਗਰਮੀਂ ਅਤੇ ਸੀਨੇ ਵਿੱਚ ਧੁੱਖਦੇ ਜਜਬਾਤਾਂ ਕਾਰਨ ਨੀਦ ਤਾਂ ਕਿਤੇ ਕੋਹਾਂ ਦੂਰ ਭੱਜ ਚੁੱਕੀ ਸੀ । ਟੈਂਕ ਪ੍ਰਕਰਮਾਂ ਵਿੱਚ ਦਾਖਲ ਹੋ ਕਿ ਅਕਾਲ ਤਖਤ ਸਹਿਬ ਦੇ ਗੁੰਬਦ ਅਤੇ ਉਪਰਲੀ ਮੰਜਿਲ ਨੂੰ ਖੰਡਰ ਵਿੱਚ ਬਦਲ ਚੁੱਕੇ ਸਨ ਅਤੇ ਸਾਰੇ ਸਿੰਘ ਅਕਾਲ ਤਖਤ ਸਹਿਬ ਦੇ ਹੇਠ ਭੋਰੇ ਵਿੱਚ ਆ ਚੁੱਕੇ ਸਨ। ਪੰਜ ਅਤੇ ਛੇ ਜੂਨ ਦੀ ਦਰਮਿਆਨੀ ਰਾਤ ਤਕਰੀਬਨ ਦੋ ਕੁ ਵਜੇ ਰੁਕ ਰੁਕ ਕੇ ਹੋ ਰਹੀ ਗੋਲਾ ਬਾਰੀ ਵਿੱਚ, ਜਰਨਲ ਸ਼ੁਬੇਗ ਸਿੰਘ ਆਪਣੇ ਕਰੀਬੀ ਸਾਥੀ ਭਾਈ ਬਖਸ਼ੀਸ਼ ਸਿੰਘ ਨੂੰ ਨਾਲ ਲੈ ਕੇ, ਹੱਥ ਵਿੱਚ ਸਟੇਨਗੰਨ ਫੜ•ੀ, ਸ਼ਹਿ ਸ਼ਹਿ ਕੇ ਬੱਬਰ ਸ਼ੇਰ ਵਾਂਗੂ ਦੁਸ਼ਮਣ ਵਿਰੁੱਧ, ਮੋਰਚਿਆਂ ਵਿੱਚ ਡਟੇ ਸਿੰਘਾਂ ਨੂੰ ਗੁਰੀਲੇ ਨੁਕਤੇ ਸਮਝਾਉਦੇ ਹੋਏ, ਧਰਮ ਯੁੱਧ ਦੀ ਨਿਗਰਾਨੀ ਕਰ ਰਹੇ ਸਨ ਕਿ ਅਚਾਨਕ ਹਿੰਦ ਫੌਜ ਦੀਆਂ ਗੋਲੀਆਂ ਛਾਤੀ ਅਤੇ ਬਾਂਹ ਵਿੱਚ ਆ ਵੱਜੀਆਂ, ਡਿੱਗਦਿਆਂ ਡਿੱਗਦਿਆਂ ਭਾਈ ਬਖਸ਼ੀਸ਼ ਸਿੰਘ ਨੇ ਸਹਾਰਾ ਦੇ ਕੇ ਸਾਂਭ ਲਿਆ ਅਤੇ ਛੇਤੀ ਨਾਲ ਵਾਪਸ ਭੋਰੇ ਵਿੱਚ ਪਰਤ ਆਏ ਅਤੇ ਅਪਣੀ ਸਟੇਨਗੰਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁਰਦ ਕਰਦਿਆਂ, ਜ਼ਰਨਲ ਸਾਹਿਬ ਕਹਿਣ ਲੱਗੇ ਕਿ ਬਾਬਾ ਜੀ ਮੇਰੀ ਤਾਂ ਹੁਣ ਨਿਭ ਗਈ ਹੈ, ਆ ਫੜੋ ਸ਼ਸ਼ਤਰ ਸੂਰਮਾਂ ਕਦੇ ਦੁਸਮਣ ਅੱਗੇ ਹਥਿਆਰ ਨਹੀਂ ਸੁੱਟਦਾ, ਨਾਲੇ ਕੰਡ ( ਪਿੱਠ) ਉਤੇ ਹੱਥ ਫੇਰ ਕਿ ਦੇਖ ਲਵੋ, ਕੋਈ ਗੋਲੀ ਕੰਡ ਵਿੱਚ ਤਾਂ ਨਹੀ ਲੱਗੀ? ਇੰਨੇ ਵਿੱਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਨੇ ਜਨਰਲ ਸ਼ੁਬੇਗ ਸਿੰਘ ਨੂੰ ਲੰਮੇ ਪਾ ਲਿਆ ਤੇ ਮਹਾਨ ਯੋਧਾ ਇਹ ਕਹਿੰਦਾ ਹੋਇਆ ਕਿ ''ਮੇਰੇ ਲਈ ਅਰਦਾਸ ਕਰ ਦਿਓ ਕਿ ਜਿੰਨ•ੀ ਵਾਰ ਵੀ ਦੁਸ਼ਮਣ ਅਕਾਲ ਤਖਤ ਸਾਹਿਬ ਤੇ ਹਮਲਾ ਕਰੇ, ਓਨੀਂ ਵਾਰ ਮਂੈ ਮੁਕਾਬਲਾ ਕਰਕੇ ਜਾਮ-ਏ- ਸ਼ਹਾਦਤ ਪੀਂਦਾ ਰਹਾਂ '', ਸਾਥੋਂ ਸਦਾ ਲਈ ਵਿਦਾਇਗੀ ਲੈ ਗਿਆ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਪਣੇ ਗਲ ਵਿੱਚ ਪਾਇਆ ਹਜੂਰੀਆ ਲਾਹ ਕੇ, ਜਰਨੈਲ ਦੀ ਦੇਹ ਨੂੰ ਢਕ ਦਿੱਤਾ ਤੇ ਕਿਹਾ ਕਿ ''ਜਰਨੈਲ ਸਹਿਬ ਸਮੇਂ ਦਾ ਥੋੜਾ ਬਹੁਤਾ ਫ਼ਰਕ ਹੋ ਸਕਦਾ ਹੈ, ਪਰ ਅਸੀ ਤੁਹਾਡੇ ਪਿੱਛੇ ਹੀ ਆ ਰਹੇ ਹਾਂ '', ਸਭ ਦੀਆਂ ਅੱਖਾਂ ਵਿੱਚ ਖੂਨ ਦੇ ਅੱਥਰੂ ਸਨ, ਹਰ ਕਿਸੇ ਨੇ ਅਸੀਸ ਦਿੱਤੀ, ਵਾਹ ਓਏ ਯੋਧਿਆ! ਜਰਨੈਲਾ, ਮਾਂ ਦੀ ਕੁੱਖ ਸਫਲੀ ਤੇਰਾ ਜੀਵਨ ਸਫਲਾ, ਆਉਂਣਾ ਸਫਲਾ,ਜਾਣਾ ਸਫਲਾ, ਤੈਨੂੰ ਗੁਰੂ ਸਾਹਿਬ ਸੀਨੇ ਨਾਲ ਲਾਉਣਗੇ। ਗੁਰੂ ਰਾਖਾ!!
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ 9316176519 [(0)+91