Sunday, February 17, 2013

Houdh chillar article


ਹੌਦ ਚਿੱਲੜ ਸਿੱਖ ਕਤਲੇਆਮ ਦਾ ਸਬੂਤ
ਸਿੱਖ ਪੰਥ ਨੂੰ ਹੋਦ ਚਿੱਲੜ ਜਨਵਰੀ 2011 ਨੂੰ ਲੱਭਿਆ । ਪਿੰਡਾਂ ਦਾ ਗੰਦਾ ਪਾਣੀ ਅਤੇ ਮੀਂਹ ਦਾ ਪਾਣੀ ਜਿੱਥੇ ਇਕੱਠਾ ਹੁੰਦਾ ਹੈ, ਉਸ ਨੂੰ ਛੱਪੜ ਜਾਂ ਟੋਭਾ ਕਿਹਾ ਜਾਂਦਾ ਹੈ । ਇਹ ਛੱਪੜ ਕੁਦਰਤੀ ਬਣਦੇ ਹਨ । ਜਿਥੇ ਲੋਕਾਂ ਨੇ ਆਪਣੀ ਵਰਤੋਂ ਵਾਸਤੇ ਮੀਂਹ ਦਾ ਪਾਣੀ ਇਕੱਠਾ ਕੀਤਾ ਹੋਵੇ, ਉਸ ਨੂੰ ਹੌਦ ਕਹਿੰਦੇ ਹਨ । ਹੌਦ ਲੋਕਾਂ ਦੁਆਰਾ ਬਣਾਏ ਹੁੰਦੇ ਹਨ, ਜਿਵੇਂ ਸ਼ਹਿਰਾਂ ਵਿੱਚ ਸੀਵਰੇਜ ਦੀਆਂ ਅਤੇ ਪਾਣੀ ਦੀਆਂ ਹੌਦੀਆਂ ਹੁੰਦੀਆਂ ਹਨ । ਹੌਦੀ ਦਾ ਵਿਰਾਟ ਰੂਪ ਹੌਦ ਹੁੰਦਾ ਹੈ । ਹਰਿਆਣੇ ਦੇ ਰਿਵਾੜੀ ਜਿਲੇ ਵਿੱਚ ਇੱਕ ਪਿੰਡ ਹੈ ਚਿੱਲੜ । ਚਿੱਲੜ ਦੇ ਬਾਹਰਵਾਰ 2 ਕੁ ਮਿਲੋਮੀਟਰ ਹਟਵਾਂ 1947 ਤੋਂ ਪਹਿਲਾਂ ਲੋਕਾਂ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਇੱਕ ਹੌਦ ਬਣਾਇਆ ਸੀ । 1947 ਤੋਂ ਬਾਅਦ ਕੁੱਝ ਲੋਕ ਜੋ ਪਾਕਿਸਤਾਨ ਦੇ ਮੀਆਂਵਾਲੀ ਸ਼ਹਿਰ ਤੋਂ ਉੱਜੜ ਕੇ, ਆਪਣਾ ਸੱਭ ਕੁੱਝ ਲੁਟਵਾ ਕੇ ਆਏ ਸਨ, ਉਹਨਾਂ ਇਸ ਹੌਦ ਦੇ ਆਲੇ ਦੁਆਲ਼ੇ ਖੇਤੀ ਕਰਨੀ ਆਰੰਭ ਕਰ ਦਿਤੀ ਸੀ । ਇਹ ਸਾਰੇ ਹੀ ਸਿੱਖ ਸਨ ਅਤੇ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਏ । ਇਹਨਾਂ ਦਾ ਮਨੋਰੰਜਕ ਕੰਮ ਸੀ ਗੁਰਪੁਰਵ ਮਨਾਉਣੇ । ਲਾਗਲੇ ਪਿੰਡਾਂ ਦੇ ਗਰੀਬ ਲੋਕ ਇਥੇ ਲੰਗਰ ਛਕਣ ਤੁਰੇ ਹੀ ਰਹਿੰਦੇ ਸਨ । ਪਹਿਲਾਂ ਇਹ ਪੰਜਾਬ ਦਾ ਹਿੱਸਾ ਸੀ ਬਾਅਦ ਵਿੱਚ ਹਰਿਆਣੇ ਵਿੱਚ ਆ ਗਿਆ । ਇਸ ਹੌਦ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਹੌਦ ਹੋ ਗਿਆ । ਚਿੱਲ਼ੜ ਪਿੰਡ ਲਾਗੇ ਹੋਣ ਕਾਰਨ ਹੌਦ ਚਿੱਲੜ ਨਾਮ ਹੋ ਗਿਆ । ਹੌਦ ਅਤੇ ਚਿੱਲੜ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ । ਸਰਪੰਚ ਜਿਆਦਾਤਰ ਹੌਦ ਦਾ ਹੀ ਹੁੰਦਾ ਸੀ । 
ਪਹਿਲਾਂ ਹਰਿਆਣੇ ਦੇ ਜਾਟ ਅਤੇ ਪੰਜਾਬੀ ਦੇ ਜੱਟਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ਸੀ। ਹਿੰਦੂਵਾਦੀਆਂ ਨੇ ਜੱਟ ਨੂੰ ਹਿੰਦੂ ਬਣਾਉਣ ਲਈ ਇਸ ਦਾ ਹਿੰਦੂ ਨਾਮ ਜਾਟ ਕਰ ਦਿਤਾ । ਪੰਜਾਬ ਦੇ ਜੱਟਾਂ ਨੂੰ ਜੱਟ ਸਿੱਖ ਬਣਾ ਦਿਤਾ, ਅਤੇ ਆਲ਼ੇ ਦੁਆਲ਼ੇ ਦੇ ਜਾਟ ਹੌਦ ਵਾਲ਼ੇ ਜੱਟਾਂ ਦੀ ਖੁਸਹਾਲੀ ਦੇ ਕੇ ਮੱਚਣ ਲੱਗ ਪਏ ਅਤੇ ਨਵੰਬਰ 1984 ਨੂੰ ਹੌਦ ਦੇ ਆਲ਼ੇ ਦੁਆਲ਼ੇ ਖੇਤੀ ਕਰਨ ਵਾਲ਼ਿਆਂ ਨੂੰ ਮਾਰ ਦਿਤਾ, ਖਪਾ ਦਿਤਾ, ਭਜਾ ਦਿਤਾ ਅਤੇ ਸਾਰੇ ਪਿੰਡ ਨੂੰ ਲੁੱਟ ਪੁੱਟ ਲਿਆ । ਅੱਗਾਂ ਲਗਾ ਦਿਤੀਆਂ । ਬੱਚੇ ਬੁੱਢੇ ਜਵਾਨਾਂ ਨੂੰ ਇਉਂ ਭੁੰਨ ਦਿਤਾ ਗਿਆ ਜਿਵੇਂ ਮੁਰਗੇ ਨੂੰ ਤੰਦੂਰ ਵਿੱਚ ਭੁੰਨੀਦਾ ਹੈ । ਕਿਉਂਕਿ ਸਾਰੇ ਡਰਦੇ ਮਾਰੇ ਆਪੋ ਆਪਣੇ ਘਰਾ ਵਿੱਚ ਦੁਬਕ ਗਏ ਸਨ ਅਤੇ ਜਨੂੰਨੀਆਂ ਨੇ ਘਰਾਂ ਦੀਆਂ ਛੱਤਾਂ ਪਾੜ ਕੇ ਅੰਦਰੋ ਅੰਦਰੀ ਪੈਟਰੌਲ, ਡੀਜਲ ਸੁੱਟ ਫੂਕ ਦਿਤਾ ਸੀ । ਸਬੂਤ ਵਜੋਂ ਅੱਜ ਵੀ ਛੱਤਾਂ ਤੋਂ ਬਗੈਰ ਹਵੇਲੀਆਂ ਦੇਖੀਆਂ ਜਾ ਸਕਦੀਆਂ ਹਨ । ਸਾਰਾ ਪਿੰਡ ਖੰਡਰ ਬਣਾ ਦਿਤਾ ਗਿਆ । ਇਹ ਹੌਦ ਵਾਸੀ 26 ਸਾਲ ਕਿਸੇ ਦੇ ਨਜ਼ਰੀਂ ਨਹੀਂ ਪਏ, ਨਾਂ ਹੀ ਇਹ ਖੰਡਰ ਬਣਿਆ ਸਰਦਾਰਾਂ ਦਾ ਪਿੰਡ ਕਿਸੇ ਦੇ ਨਜ਼ਰੀਂ ਚੜਿਆ । ਹਰਿਆਣੇ ਦੀ ਸਰਕਾਰ ਨੇ ਵੀ ਨਹੀਂ ਗੌਲ਼ਿਆ । ਹੌਦ ਪਿੰਡ ਦੇ ਖੰਡਰ ਵੀ ਇੱਕ-ਇੱਕ ਕਰਕੇ ਅਲੋਪ ਹੁੰਦੇ ਗਏ । ਜੋ ਕਿਸੇ ਦੇ ਕੋਈ ਕੰਮ ਆਉਣ ਵਾਲ਼ੀ ਚੀਜ ਹੁੰਦੀ ਉਹ ਚੁੱਕ ਕੇ ਲੈ ਜਾਂਦੇ । ਕਿਸੇ ਨੂੰ ਕੋਈ ਟਾਕੀ ਦਿਖੀ ਉਹ ਟਾਕੀ ਖਿੱਚ ਕੇ ਲੈ ਗਿਆ । ਕਿਸੇ ਨੂੰ ਇੱਟ ਬਾਲਾ ਦਿਖਿਆ ਉਹ ਇੱਟ ਬਾਲਾ ਲੈ ਗਿਆ । ਅੱਜ ਉਹਨਾਂ ਖੰਡਰਾਂ ਵਿੱਚ ਬੱਸ ਇਕੋ ਚੀਜ ਬਚੀ ਹੈ ਉਹ ਹੈ ‘ਜਲ਼ੀ ਹੋਈ ਕਣਕ’ । ਬੱਸ ਹੁਣ ਤਾਂ ਚਾਰ ਪੰਜ ਕੁ ਖੰਡਰ ਬਚੇ ਹਨ । ਹਾਂ ! ਕਈ ਕਿਲਿਆਂ ਵਿੱਚ ਹੌਦ ਜਰੂਰ ਹੈ ।ਉਹਦੇ ਕੰਢੇ ਤੇ ਪਿੱਪਲ਼ ਹੈ । ਪਿੱਪਲ਼ ਲਾਗੇ ਡੰਗਰਾਂ ਨੂੰ ਪੱਠੇ ਪਾਉਣ ਲਈ ਵੱਡੀ ਸਾਰੀ ਖੁਰਲੀ ਹੈ । ਲਾਗ ਹੀ ਇੱਕ ਖੂਹ ਹੈ ਅਤੇ ਖੂਹ ਦੇ ਲਾਗੇ ਹੀ ਗੁਰਦੁਆਰੇ ਦਾ ਖੰਡਰ ਵੀ ਹੈ । ਗੁਰਦੁਆਰੇ ਤੇ ਧੁੰਦਲਾ ਜਿਹਾ ‘ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਿ ਨਾ ਜਾਈ’ ਲਿਖ ਕੇ ਥੱਲੇ ‘ਜੀ ਆਇਆ ਨੂੰ’ ਵੀ ਲਿਖਿਆ ਹੈ । ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪੱਕਾ ਥੜਾ ਵੀ ਬਣਿਆ ਹੋਇਆ ਹੈ । ਇਹ ਪਿੰਡ ਸਿੱਖ ਪੰਥ ਦੇ ਨਜ਼ਰੀ ਇਉਂ ਪਿਆ ।
ਗੁੜਗਾਵਾਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਪੰਜਾਬ ਤੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਕੰਮ ਕਰਦਾ ਸੀ । ਉਹਦੀ ਸੋਹਣੀ ਤਨਖਾਹ ਸੀ । ਬੱਚਿਆਂ ਨਾਲ਼ ਗੁੜਗਾਵਾਂ ਸੈਟ ਸੀ । ਗੁੜਗਾਵਾਂ ਦੇ ਸੱਭ ਤੋਂ ਵਧੀਆਂ ਸਕੂਲ (ਯੂਰੋ ਇੰਟਰਨੈਸ਼ਨਲ ) ‘ਚ ਉਸ ਦੇ ਬੱਚੇ ਪੜਦੇ ਸਨ । ਲੜਕਾ ਪੰਜਵੀਂ ਵਿੱਚ ਅਤੇ ਛੋਟੀ ਬੱਚੀ ਮੌਨਟੈਸਰੀ ਤਿੰਨ ਵਿੱਚ । ਬੱਚੇ ਵੀ ਅੰਮ੍ਰਿਤਧਾਰੀ ਅਤੇ ਆਪੋ ਆਪਣੀਆਂ ਜਮਾਤਾ ਵਿੱਚ ਪਹਿਲੇ ਸਥਾਨ ਤੇ ਸਨ । ਪੰਜਵੀ ਵਿੱਚ ਪੜਦਾ ਲੜਕਾ ਤਾਂ ਮੈਥ / ਸਾਇੰਸ ਉਲੰਪੀਅਡ ਵਿੱਚੋਂ ਗੋਲਡ ਮੈਡਲ ਲੈ ਕੇ ਪੂਰੇ ਹਰਿਆਣੇ ਵਿੱਚੋਂ ਪਹਿਲੇ ਸਥਾਨ ਤੇ ਸੀ । ਇਹ ਚੌਹਾਂ ਜਣਿਆ ਦਾ ਪਰਿਵਾਰ  ਹਰ ਸ਼ਨੀਵਾਰ ਦੀ ਰਾਤ ਅਤੇ ਹਰ ਗੁਰਪੁਰਵ ਤੇ ਗੁੜਗਾਵਾਂ ਦੇ ਗੁਰਦੁਆਰਿਆਂ ਵਿੱਚ ਵੀ ਜਾਂਦੇ ਸਨ । ਇਹਨਾਂ ਨੂੰ ਆਪਣੇ ਸਿੱਖ ਹੋਣ ਤੇ ਪੂਰਾ ਮਾਣ ਸੀ । ਇਹ ਗੁਰਦੁਆਰੇ ਸੇਵਾ ਵੀ ਨਿਭਾਉਂਦੇ ਸਨ ਇਸ ਲਈ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਪਰਿਵਾਰ ਦੀ ਉਡੀਕ ਵਿੱਚ ਰਹਿੰਦੇ ਸਨ । ਇਸ ਨੌਜੁਆਨ ਨੂੰ ਤਾਂ ਆਪਣੇ ਸਿੱਖ ਹੋਣ ਤੇ ਬਹੁਤਾ ਹੀ ਮਾਣ ਸੀ । ਸੇਹਤ ਵੀ ਅੱਛੀ ਸੀ । ਦਸਤਾਰ ਵਧੀਆ ਬੰਨਦਾ ਸੀ । ਦਾਹੜਾ ਛਾਹ ਕਾਲ਼ਾ ਤੇ ਪ੍ਰਕਾਸ਼ ਕਰਕੇ ਰੱਖਦਾ ਸੀ । ਪਾਰਟੀਆਂ ਆਦਿ ਤੇ ਇਸਨੂੰ ਪੁੱਛਿਆ ਭੀ ਗਿਆ ਕਿ ਉਹ ਆਪਣੀ ਦਾਹੜੀ ਨੂੰ ਕੀ ਲਗਾਉਂਦੇ ਹਨ । ਆਖਦਾ ਕੁੱਝ ਨਹੀਂ । ਮੁੱਛਾਂ ਤਾਂ ਆਮ ਹੀ ਰੱਖਦਾ ਸੀ ਪਰ ਉਸਨੇ ਆਪਣੀ ਫੇਸ ਬੁੱਕ ਤੇ ਫੋਟੋ ਦੋਵੇਂ ਹੱਥ ਨਾਲ਼ ਮੁੱਛਾਂ ਨੂੰ ਉਤਾਂਹ ਚੁੱਕਦੇ ਦੀ ਲਗਾਈ ਹੋਈ ਸੀ । ਉਸ ਦੀ ਮੁੱਛਾ ਨੂੰ ਉਤਾਹ ਚੁੱਕਦੇ ਦੀ ਫੋਟੋ ਤੇ ਤਾਂ ਕਰਨੈਲ ਸਿੰਘ ਪੀਰਮੁਹੰਮਦ ਨੂੰ ਵੀ ਰਸ਼ਕ ਹੋਈ ਸੀ, ਉਸ ਨੇ ਕਹਿ ਦਿਤਾ ਕਿ ਇਹ ਫੋਟੋ ਬਦਲ ਦੇਵੇ ਸਿੱਖ ਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ । 
ਇਹ ਨੌਜੁਆਨ ਅਕਸਰ ਇੱਕ ਲਤੀਫਾ ਸੁਣਾਉਂਦਾ ਹੁੰਦਾ ਹੈ : ਦੋ ਦੋਸਤ ਇੱਕ ਮੁਸਲਮਾਨ ਅਤੇ ਇੱਕ ਸਿੱਖ ਪ੍ਰਸਾਦਾ ਛਕ ਰਹੇ ਸਨ । ਅਖੀਰ ਵਿੱਚ ਖੀਰ ਛਕਣ ਲੱਗੇ । ਖੀਰ ਜਰਾ ਪਤਲੀ ਸੀ । ਮੁਸਲਮਾਨ ਦੋਸਤ ਨੇ ਪੀ ਲਈ । ਇਸ ਦੀ ਰੀਸੇ ਸਿੱਖ ਨੇ ਭੀ ਕੌਲੀ ਨੂੰ ਮੂੰਹ ਲਗਾਇਆ ਅਤੇ ਖੀਰ ਪੀ ਗਿਆ । ਮੁਸਮਾਨ ਦੋਸਤ ਠਹਾਕਾ ਮਾਰ ਕੇ ਹੱਸਿਆ ਤੇ ਕਹਿਣ ਲੱਗਿਆ, ‘ਦੇਖਿਆ ਅਸੀਂ ਤਾਂ ਹੀ ਮੁੱਛਾਂ ਕਟਵਾਲੈਂਦੇ ਹਾਂ ਤਾ ਕਿ ਖੀਰ ਆਦਿ ਨਾਲ਼ ਮੁੱਛਾਂ ਨਾਂ ਲਿਬੜਨ । ਸਿੱਖ ਦੋਸਤ ਨੇ ਲਿਬੜੀਆਂ ਮੁੱਛਾਂ ਨਾਲ਼ ਹੀ ਕਿਹਾ, ‘ਉਇ ਅਨਵਰ ਤੁਸੀਂ ਕੇਵਲ ਖਾਣ ਵਾਸਤੇ ਹੀ ਮੁੱਛਾਂ ਕਟਵਾਉਂਦੇ ਹੋ ਪਰ ਅਸੀਂ ਖਾਂਦੇ ਹੀ ਮੁੱਛਾਂ ਲਈ ਹਾਂ । ਇਸ ਤਰਾਂ ਦੇ ਠਹਾਕੇ ਮਾਰਦੇ ਤੇ ਲਤੀਫੇ ਸੁਣਾਉਂਦੇ ਨਜੁਆਨ ਕੋਲ਼ ਇੱਕ ਡਰਾਇਵਰ ਕਿਸੇ ਕੰਮ ਆਇਆ । ਡਰਾਇਵਰ ਇਸ ਦੀ ਦਾਹੜੀ ਮੁੱਛ ਦੇਖ ਕੇ ਕਹਿ ਉੱਠਿਆ । ਤੁਹਾਨੂੰ ਏ.ਸੀ. ਕਮਰਿਆਂ ਵਿੱਚ ਬੈਠ ਕੇ ਮੁੱਛਾਂ ਖੜੀਆਂ ਕਰਕੇ ਗੱਲਾਂ ਆਉਂਦੀਆਂ ਹਨ । ਇਥੋਂ 50 ਕੁ ਕਿਲੋਮੀਟਰ ਤੇ ਇੱਕ ਸਰਦਾਰਾਂ ਦਾ ਪਿੰਡ ਸੀ । ਉਸ ਪਿੰਡ ਦੇ ਸਾਰੇ ਬੰਦੇ ਫੂਕ ਦਿੱਤੇ ਅਤੇ ਇੱਸ ਪੂਰੇ ਪਿੰਡ ਨੂੰ ਹੀ 1984 ਵਿੱਚ ਜਲ਼ਾ ਦਿਤਾ ਗਿਆ ਸੀ । ਉਦੋਂ ਤੋਂ ਅੱਜ ਤੱਕ ਉਸ ਪਿੰਡ ਵਿੱਚ ਕਿਸੇ ਸਿੱਖ ਨੇ ਪੈਰ ਨਹੀਂ ਪਾਇਆ । ਜੇ ਹਿੰਮਤ ਹੈ ਤਾਂ ਜਾ ਕੇ ਦਿਖਾਉ । ਸਿੱਖ ਨੌਜੁਆਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ਼ ਲਿਆ । ਪਿੰਡ ਦਾ ਪਤਾ ਪੁੱਛਿਆ । ਇਕੱਲਾ ਹੀ ਕਾਰ ਕੈਮਰਾ ਚੁੱਕ ਕੇ ਉਸ ਪਿੰਡ ਚਲਾ ਗਿਆ । ਸੱਭ ਕੁੱਝ ਦੇਖਿਆ । ਬਚੇ ਖੰਡਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ । ਵਿਸਥਾਰ ਨਾਲ਼ ਸਾਰਾ ਹਾਲ ਲਿਖਿਆ । ਫੇਸ ਬੁੱਕ ਤੇ ਪਾ ਦਿਤਾ । ਲੇਖ ਨੂੰ ਕਈ ਅਖਬਾਰਾਂ ਵੱਲ਼ਿਆਂ ਨੂੰ ਭੇਜਿਆ । ਮੈਗਜੀਨ ਵਾਲਿਆਂ ਨੂੰ ਭੇਜਿਆ ਅਤੇ ਇਹ ਪਿੰਡ ਸਾਰੇ ਸੰਸਾਰ ਦੀ ਨਜ਼ਰੀ ਚੜ੍ਹ ਗਿਆ । ਜਿਸ ਨੌਜੁਆਨ ਨੇ ਇਸ ਪਿੰਡ ਦੀ ਖੋਜ ਕੀਤੀ ਹੈ ਉਸ ਨੌਜੁਆਨ ਦਾ ਨਾਮ ਹੈ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ‘ਖੋਜ ਕਰਤਾ ਹੌਦ ਚਿੱਲੜ’ ।
ਪਿੰਡ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ 03 ਮਾਰਚ 2011 ਨੂੰ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ । 06-03-2011 ਨੂੰ ਸ਼ਹੀਦ ਹੋਏ ਸਾਰੇ ਸਿੰਘਾਂ ਦੀ ਯਾਦ ਵਿੱਚ ਕੀਰਤਨ ਦਰਬਾਰ ਸਜਿਆ । ਇਸੇ ਦਿਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੇ ਇਸ ਪਿੰਡ ਦੇ ਖੰਡਰ ਹੋਏ ਗੁਰਦੁਆਰੇ ਦੀ ਦੀਵਾਰ ਨਾਲ਼ ਸਿੱਖ ਕਤਲੇਆਮ ਦੇ ਸਬੂਤ ਵਜੋਂ ਇੱਕ ਯਾਦਗਾਰੀ ਪੱਥਰ ਵੀ ਲਗਾਇਆ । ਇਧਰ 03-03-2011 ਨੂੰ ਹੌਦ ਚਿੱਲੜ ਵਿਖੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਖੰਡ ਪਾਠ ਰਖਵਾਉਣ ਵਿੱਚ ਲੀਨ ਸੀ ਉਧਰ ਮਨਵਿੰਦਰ ਸਿੰਘ ਦੇ ਘਰ ਚੋਰੀ ਹੋ ਗਈ । ਚੋਰ ਸੱਭ ਕੁੱਝ ਲੁੱਟ ਕੇ ਲੈ ਗਏ । ਮਨਵਿੰਦਰ ਸਿੰਘ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ । ਸਕੂਲੋਂ ਬੱਚੇ ਹਟਾਉਣੇ ਪਏ ਅਤੇ ਲੁਧਿਆਣੇ ਆਪਣੇ ਪਿੰਡ ਗਿਆਸਪੁਰੇ ਆਉਣਾ ਪਿਆ । ਧਾਗੇ ਕੱਪੜੇ ਦੇ ਵਪਾਰ ਦਾ ਕੰਮ ਸੁਰੂ ਕੀਤਾ । ਐਵੇਂ ਹੀ ਮਨਵਿੰਦਰ ਸਿੰਘ ਦੇ ਸਿਰ ਦੇਸ਼ ਧ੍ਰੋਹੀ ਦਾ ਕੇਸ ਜੜ ਦਿਤਾ ਗਿਆ ਧਾਰਾ ਲਗਾਈ ਗਈ ‘153 ਏ’ । ਇਤਨਾ ਕੁੱਝ ਹੋਣ ਉਪਰੰਤ ਵੀ ਮਨਵਿੰਦਰ ਸਿੰਘ ਨੇ ਹੌਸਲਾ ਨਹੀਂ ਛੱਡਿਆ । ਹੌਦ ਚਿੱਲੜ ਅਤੇ ਹਰਿਆਣੇ ਦੇ ਰਹਿ ਗਏ ਗੁੜਗਾਵਾਂ ਅਤੇ ਪਟੌਦੀ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਚ ਲਈ ਹਾਈ ਕੋਰਟ ਵਿੱਚ ਕੇਸ ਕਰ ਦਿਤਾ । ਹਾਈ ਕੋਰਟ ਨੇ ਜਸਟਿਸ ਗਰਗ ਨੂੰ ਜਾਂਚ ਦੇ ਆਦੇਸ਼ ਦਿਤੇ । ਇੰਜੀ. ਮਨਵਿੰਦਰ ਸਿੰਘ ਹਰੇਕ ਤਾਰੀਕ ਵਿੱਚ ਹਾਜਰੀ ਭਰਦਾ ਹੈ । ਇਹ ਅਦਾਲਤ ਹਿਸਾਰ ਵਿੱਚ ਲੱਗਦੀ ਹੈ । ਐਤਕੀ ਸਿਆਲ਼ ਵਿੱਚ ਛੇ ਤਰੀਕਾਂ ਹਿਸਾਰ ਭੁਗਤ ਕੇ ਆਇਆ ਹੈ । 
ਆਉ ਜਰਾ ਹੁਣ ਇਹ ਸਮਝਣ ਦੀ ਕੋਸ਼ਿਸ ਕਰੀਏ ਕਿ ਇਹਨਾਂ ਹਿੰਦੂਵਾਦੀਆਂ ਨੇ ਸਿੱਖਾਂ ਦਾ ਇਸ ਤਰਾਂ ਕਤਲੇਆਮ ਕਿਉਂ ਕੀਤਾ ? ਇਹ ਹਿੰਦੂ ਵਾਦੀ ਭਾਰਤ ਦੀ ਭੋਲ਼ੀ-ਭਾਲ਼ੀ ਜਨਤਾ ਨੂੰ ਵਹਿਮਾਂ ਭਰਮਾ ਵਿੱਚ ਉਲਝਾ ਕੇ ਇਹਨਾਂ ਨੂੰ ਹੋਲੀ, ਦੀਵਾਲੀ, ਛੱਟ ਅਤੇ ਮੂਰਤੀ ਵਿਸਰਜਨ ਵਿੱਚ ਮਸਤ ਕਰਕੇ ਦੇਸ਼ ਵਿੱਚ ਲੁੱਟ ਮਚਾਉਂਦੇ ਹਨ । ਭਰਿਸਟਾਚਾਰ ਰਾਹੀ ਲੁੱਟੇ ਪੈਸੇ ਦਾ ਢੇਰ ਸਾਰੀ ਦੁਨੀਆਂ ਨੇ ਸੰਸਦ ਵਿੱਚ ਦੇਖਿਆ ਹੈ । ਲੜਾਈ ਸਿਰਫ ਆਰੀਅਨ ਅਤੇ ਦ੍ਰਾਵੜਾਂ ਦੀ ਹੈ । ਦ੍ਰਾਵੜਾਂ ਨੂੰ ਆਰੀਅਨਾਂ ਨੇ ਗੁਲਾਮ ਬਣਾ ਕੇ ਦਲਿਤ ਬਣਾ ਦਿਤਾ ਹੈ । ਦਲਿਤਾਂ ਦੀ ਮਿਹਨਤ ਨੂੰ ਇਹਨਾਂ ਨੇ ਲੁੱਟਣਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਆਪਣੀ ਲੁੱਟ ਦਾ ਮਾਲ ਰੱਖਣਾ ਹੈ । ਲੁੱਟ ਦੇ ਧੰਨ ਨਾਲ਼ ਦਲਿਤਾਂ ਦੀਆਂ ਵੋਟਾਂ ਖਰੀਦ ਕੇ ਰਾਜ ਕਰਦੇ ਰਹਿਣਾ ਹੈ । ਸਿੱਖ ਇਸ ਗੱਲ ਨੂੰ ਸਮਝਦੇ ਹਨ ਕਿਉਂਕਿ ਸਿੱਖ ਨਾਂ ਆਰੀਅਨ ਹਨ ਨਾ ਦ੍ਰਾਵੜੀਅਨ । ਸਿੱਖਾ ਨੇ ਜੁਲਮ ਦੇ ਖਿਲਾਫ ਆਪਣੀ ਕਿਰਪਾਨ ਕੱਢੀ ਹੋਈ ਹੈ ਅਤੇ ਇਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਨ । ਇਸੇ ਕਾਰਨ ਵੱਸ ਇਹ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਹਰ ਬੰਦੇ ਦੀ ਸਹਾਇਤਾ ਕਾਨੂੰਨ ਤੋਂ ਬਾਹਰ ਹੋ ਕੇ ਵੀ ਕਰਦੇ ਹਨ । ਸਿੱਖਾਂ ਦਾ ਕਤਲੇਆਮ ਕਰਨ ਲਈ ਇਹ ਭਾਰਤ ਦੀ ਭੋਲ਼ੀ-ਭਾਲ਼ੀ ਜੰਨਤਾ ਨੂੰ ਹੀ ਵਰਤਦੇ ਹਨ । 
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਇਹ ਹੌਦ ਚਿਲੜ ਮਸਲਾ ਇਸ ਲਈ ਭਖਦਾ ਰੱਖ ਰਿਹਾ ਹੈ ਕਿ ਸੰਸਾਰ ਨੂੰ ਦੱਸਿਆ ਜਾਵੇ ਕਿ ਹਿੰਦੂਵਾਦੀਆਂ ਨੇ ਨਵੰਬਰ 1984 ਵਿੱਚ ਸਿੱਖਾਂ ਦਾ ਕਤੇਆਮ ਕੀਤਾ ਸੀ । ਇਹ ਕੋਈ ਦੰਗੇ ਨਹੀਂ ਸਨ । ਇਹਨਾਂ ਹਿੰਦੂਵਾਦੀਆਂ ਵਿੱਚ ਅਹਿੰਸਾ ਪਰਮੋਂ ਧਰਮ ਵਾਲ਼ੀ ਕੋਈ ਗੱਲ ਨਹੀਂ ਨਾਂ ਹੀ ਇਹਨਾ ਵਿੱਚ ਕੋਈ ਸਤਆਮੇਵ ਜਯਤੇ ਵਾਲ਼ੀ ਕੋਈ ਗੱਲ ਹੈ । ਇਹ ਸੱਭ ਪਖੰਡ ਕਰਦੇ ਹਨ । ਜੇ ਇਸ ਤਰਾਂ ਨਾਂ ਹੁੰਦਾ ਤਾਂ 1985 ਦੀਆਂ ਲੋਕ ਸਭਾ ਚੋਣਾ ਵਿੱਚ ਸਿੱਖਾਂ ਦੀ ਕਾਤਲ ਪਾਰਟੀ ਨੂੰ ਭਾਰੀ ਬਹੁਮਤ ਨਾਲ਼ ਨਾਂ ਜਿਤਾਉਂਦੇ । ਇਹਨਾਂ ਨੇ ਸਿੱਖ ਕਤਲੇਆਮ  ਦੇ ਦੋਸ਼ੀਆਂ ਦੀ ਕਾਨੂੰਨ ਤੋ ਬਾਹਰ ਹੋ ਕੇ ਵੀ ਮੱਦਦ ਕੀਤੀ ਹੈ ਅਤੇ ਸਿਖਾਂ ਨੂੰ ਫਟਾਫਟ ਫਾਂਸੀ ਚਾੜਿਆ ਹੈ । ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹਨ । ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਮੰਨਿਆ ਗਿਆ ਹੈ ਜਦਕਿ ਇਹਨਾਂ ਨੇ ਸਿੱਖਾਂ ਦਾ ਸਿਰਫ ਸਿੱਖ ਹੋਣ ਕਰਕੇ ਹੀ ਕਤਲੇਆਮ ਕੀਤਾ ਹੈ । ਜਦੋਂ ਸਿੱਖ ਇਹ ਗੱਲ ਕਹਿੰਦੇ ਹਨ ਕਿ ‘ਸਿੱਖ ਇੱਕ ਵੱਖਰੀ ਕੌਮ ਹੈ’ ਫਿਰ ਇਹ ਉਹਨਾਂ ਤੇ ਵੱਖਵਾਦੀ ਹੋਣ ਦਾ ਦੂਸ਼ਣ ਲਗਾਉਂਦੇ ਹਨ । ਹੌਦ ਚਿੱਲੜ ਸਿਖ ਕਤਲੇਆਮ ਦਾ ਸਬੂਤ ਹੈ । ਸਿੱਖ ਹਿੰਦੂ ਨਹੀਂ ਹਨ ਇਸ ਲਈ ਇਹਨਾਂ ਨੇ ਸਿਰਫ ਸਿੱਖਾਂ ਦਾ ਹੀ ਕਤਲੇਆਮ ਕੀਤਾ । ਇਸ ਗੱਲ ਨੂੰ ਸੰਵਿਧਾਨ ਵਿੱਚ ਦਰਜ ਕਰਵਾਉਣ ਲਈ ਭੀ ਹੌਦ ਚਿਲੜ ਸੁਲਘਦਾ ਰੱਖਣਾ ਹਰ ਸਿੱਖ ਦੀ ਜਿੰਮੇਵਾਰੀ ਹੈ । ਇਹ ਇਤਨੇ ਸ਼ਾਤਰ ਹਨ ਕਿ ਇਹ ਇਸ ਕਾਂਡ ਨੂੰ ਭੁੱਲ ਜਾਣ ਲਈ ਭੀ ਸਿੱਖਾਂ ਦੇ ਮੂੰਹੋ ਕਢਵਾ ਰਹੇ ਹਨ । 28 ਸਾਲਾਂ ਵਿੱਚ ਦੇਖਣ ਨੂੰ ਤਾਂ ਕਈ ਕਿਸਮ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਸਿੱਖ ਜਗਤ ਤੋਂ ਮੁਆਫੀ ਨਹੀਂ ਮੰਗੀ । ਜਦੋਂ ਤੱਕ ਇਹ ਸੰਸਦ ਵਿੱਚ ਮਤੇ ਪਾ ਕੇ ਸਿੱਖ ਜਗਤ ਪਾਸੋਂ ਮੁਆਫੀ ਨਹੀਂ ਮੰਗਦੇ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਨੂੰ ਰੋਕਣ ਦਾ ਕਾਨੂੰਨ ਪਾਸ ਨਹੀਂ ਕਰਦੇ ਅਤੇ ਸੰਵਿਧਾਨਿਕ ਤੌਰ ਤੇ ‘ਸਿੱਖ ਇੱਕ ਵੱਖਰੀ ਕੌਮ ਹੈ’ ਨਹੀਂ ਮੰਨਦੇ ਉਦੋਂ ਤੱਕ ਹੌਦ ਚਿੱਲੜ ਦਾ ਮਸਲਾ ਸੁਲਘਦਾ ਰੱਖਣਾ ਹੈ । ਜੇ ਇਹ ਉਪਰੋਕਤ ਗੱਲਾਂ ਨੂੰ ਨਹੀਂ ਗੌਲ਼ਦੇ ਤਾ ਹੌਦ ਚਿੱਲੜ ਦੀ ਸੁਲਘਦੀ ਚੰਗਿਆੜੀ ਵੱਡਾ ਭਾਂਬੜ ਬਣਨ ਦਾ ਖਤਰਾ ਹੈ ਜਿਸ ਨਾਲ਼ ਸਾਰੇ ਦੇਸ਼ ਦਾ ਭਾਰੀ ਨੁਕਸਾਨ ਹੋਵੇਗਾ । ਇਸੇ ਖਤਰੇ ਨੂੰ ਰੋਕਣਾ ਹੀ ਇੰਜੀ.ਮਨਵਿੰਦਰ ਸਿੰਘ ਦੀ ਕੋਸ਼ਿਸ਼ ਹੈ ।
ਗੁਰਮੇਲ ਸਿੰਘ ਖਾਲਸਾ ਗਿਆਸਪੁਰਾ

No comments:

Post a Comment