Tuesday, June 23, 2015

ਬਾਬਾ ਜੀ ਮੇਰੀ ਤਾਂ ਹੁਣ ਨਿਭ ਗਈ ਹੈ, '' ਆਹ ਫੜ•ੋ ਸ਼ਸਤਰ, ਸੂਰਮਾਂ ਕਦੇ ਦੁਸਮਣ ਅੱਗੇ ਹਥਿਆਰ ਨਹੀਂ ਸੁੱਟਦਾ ''..?


ਬਾਬਾ ਜੀ ਮੇਰੀ ਤਾਂ ਹੁਣ ਨਿਭ ਗਈ ਹੈ, '' ਆਹ ਫੜ•ੋ ਸ਼ਸਤਰ, ਸੂਰਮਾਂ ਕਦੇ ਦੁਸਮਣ ਅੱਗੇ ਹਥਿਆਰ ਨਹੀਂ ਸੁੱਟਦਾ ''..?

ਬੇਸ਼ਕ 1984 ਦੇ ਮਈ ਮਹੀਨੇ ਦੇ ਅਖੀਰਲੇ ਹਫਤੇ ਤੋਂ ਹੀ ਪੰਜਾਬ ਦੀਆਂ ਸੜਕਾਂ ਉੱਤੇ ਫੌਜ ਦੀਆ ਗੱਡੀਆਂ ਬੜੀ ਫੁਰਤੀ ਨਾਲ ਘੁੰਮਨੀਆਂ ਆਰੰਭ ਹੋ ਗਈਆਂ ਸਨ ਅਤੇ ਪੰਜਾਬ ਦੇ ਹਰ ਕੱਚੇ ਪੱਕੇ ਰਸਤੇ ਜਾਂ ਇਹ ਕਹਿਣਾ ਵੀ ਵਾਜਿਬ ਹੈ ਕਿ ਹਰ ਦਹਿਲੀਜ਼ ਨੂੰ ਫੌਜ ਨੇ ਘੇਰ ਲਿਆ ਸੀ। ਉਧਰ ਦਰਬਾਰ ਸਾਹਿਬ ਨੂੰ ਬੜਾ ਸਖਤ ਘੇਰਾ ਪਾ ਕੇ, ਲੋਕ ਵਿਖਾਵੇ ਲਈ ਕੁੱਝ ਆਰਜ਼ੀ ਸਪੀਕਰਾਂ ਰਾਹੀਂ, ਚਿਤਾਵਨੀ ਭਰਪੂਰ ਅਪੀਲਾਂ ਕੀਤੀਆਂ ਗਈਆਂ ਕਿ ਸਭ ਬਾਹਰ ਆ ਜਾਓ, ਵਰਨਾ ਗੋਲੀਆਂ ਨਾਲ ਭੁੰਨੇ ਜਾਓਗੇ, ਕੋਈ ਇੱਕ ਅੱਧਾ ਜਿਹੜਾ ਬਾਹਰ ਆਇਆ, ਉਸ ਦਾ ਕੀਹ ਬਣਿਆ ਕਿਸੇ ਨੂੰ ਇਲਮ ਨਹੀ ਹੈ। ਦਰਬਾਰ ਸਾਹਿਬ ਅੰਦਰ ਤਾਂ ਬਹੁਤ ਸਾਰੇ ਸ਼ਰਧਾਲੂ ਹੀ ਸਨ ਕਿਉਂਕਿ ਉਸ ਦਿਨ ਸ਼ਹੀਦਾਂ ਦੇ ਸਿਰਤਾਜ਼ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਸਿੱਖਾਂ ਨੂੰ ਭਰੋਸਾ ਹੀ ਨਹੀ ਸੀ ਕਿ ਫੌਜ ਉਹਨਾਂ ਨਾਲ ਚੰਗਾ ਵਿਉਹਾਰ ਕਰੇਗੀ ਕਿਉਂਕਿ ਅੱਜ ਤੱਕ ਕਦੇ ਸਿੱਖਾਂ ਨਾਲ ਭਾਰਤੀ ਨਾਗਰਿਕਾਂ ਵਾਲਾ ਸਲੂਕ ਤਾਂ ਕਦੇ ਹਕੂਮਤ ਨੇ ਕੀਤਾ ਹੀ ਨਹੀਂ, ਇਸ ਕਰਕੇ ਕਿਸੇ ਸ਼ਰਧਾਲੂ ਨੇ ਬਾਹਰ ਆਉਣਾ ਠੀਕ ਨਹੀ ਸਮਝਿਆ, ਅਖੀਰ ਤਿੰਨ ਜੂਨ 1984 ਨੂੰ ਭਾਰਤੀ ਨਿਜ਼ਾਮ ਨੇ ਆਪਣੀ ਫੌਜ ਨੂੰ ਦਰਬਾਰ ਸਾਹਿਬ ਉੱਤੇ ਹਰ ਤਰ•ਾਂ ਦੀ ਫੌਜੀ ਸ਼ਕਤੀ ਵਰਤਣ ਦੀ ਪਰਵਾਨਗੀ ਦੇ ਦਿੱਤੀ ਸੀ ਅਤੇ ਫੌਜ ਨੇ ਬਕਾਇਦਾ ਗੋਲੇ ਬਾਰੂਦ ਵਾਲੀ ਕਾਰਵਾਈ ਆਰੰਭ ਕਰ ਦਿੱਤੀ।
ਦਰਬਾਰ ਸਾਹਿਬ ਦੇ ਅੰਦਰ ਸਿੰਘਾਂ ਕੋਲ ਕੋਈ ਟੈਂਕ ਨਹੀ ਸਨ ਕਿ ਉਹ ਮਾਰੂ ਹਥਿਆਰਾਂ ਦਾ ਮੁਕਾਬਲਾ ਹਥਿਆਰਾਂ ਨਾਲ ਕਰਦੇ, ਲੇਕਿਨ ਸਿੰਘਾਂ ਕੋਲ ਗੁਰੂ ਦਾ ਓਟ ਆਸਰਾ ,ਭਰੋਸਾ ਅਤੇ ਦਲੇਰੀ ਦੀ ਕਮੀ ਨਹੀ ਸੀ, ਹਥਿਆਰ ਭਾਂਵੇ ਛੋਟੇ ਸਨ, ਪਰ ਜਿਗਰੇ ਤੇ ਜੁੱਸੇ ਬੜੇ ਮਜਬੂਤ ਸਨ। ਇੱਕ ਪਾਸੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਿਆਰ ਅਤੇ ਦੂਜੇ ਪਾਸੇ ਗੁਰੀਲਾ ਜੰਗਾਂ ਦੇ ਹੀਰੋ, ਜਰਨਲ ਸ਼ੁਬੇਗ ਸਿੰਘ ਵਰਗੇ ਬਹਾਦਰ ਜਰਨੈਲ ਦੀ ਅਗਵਾਈ ਸੀ। ਦਰਜਨਾਂ ਸਿੰਘਾਂ ਨੇ ਚਾਰ ਜੂਨ ਦੀ ਰਾਤ ਤੱਕ ਛੋਟੀਆਂ ਛੋਟੀਆਂ ਬੰਦੂਕਾਂ ਨਾਲ ਵੀ ਭਾਰਤੀ ਫੌਜ ਦੀ ਪੇਸ਼ ਨਾ ਜਾਣ ਦਿੱਤੀ, ਫੌਜੀ ਕਮਾਂਡੋ ਅੰਦਰ ਵੜਣ ਦਾ ਯਤਨ ਕਰਦੇ ਰਹੇ, ਪਰ ਅਸਫਲ ਹੋ ਕੇ ਪਿੱਛੇ ਹੱਟਦੇ ਰਹੇ। ਦਰਬਾਰ ਸਾਹਿਬ ਉੱਤੇ ਹਮਲਾ ਆਰੰਭ ਕਰਨ ਵੇਲੇ ਭਾਰਤੀ ਫੌਜ ਦੇ ਜਰਨੈਲ, ਖਾਸ ਕਰਕੇ ਜਰਨਲ ਕੇ.ਐਸ ਬਰਾੜ ਇਸ ਆਸ ਤੇ ਸਨ ਕਿ ਕੁੱਝ ਮਿੰਟਾਂ ਵਿੱਚ ਉਹ ਬਾਬਾ ਜਰਨੈਲ ਸਿੰਘ ਸਮੇਤ ਸਭ ਸਿੰਘਾਂ ਨੂੰ ਹਥਿਆਰ ਸੁਟਵਾ ਕੇ, ਅੰਦਰੋ ਫੜ• ਲਿਆਉਣਗੇ, ਪਰ ਜਦੋ ਭਾਰਤੀ ਫੌਜ ਦੇ ਪੈਰ ਹੀ ਨਾ ਲੱਗੇ ਤਾਂ ਜਰਨੈਲ ਗੁੱਸੇ ਵਿੱਚ ਆਏ ਅਤੇ ਭਾਰਤੀ ਨਿਜ਼ਾਮ ਭਾਵ ਇੰਦਰਾ ਗਾਂਧੀ ਨੂੰ ਝੂਠ ਬੋਲਿਆ ਕਿ ਅੰਦਰ ਬਹੁਤ ਮਾਰੂ ਹਥਿਆਰ ਹਨ, ਹੁਣ ਸਾਨੂੰ ਟੈਂਕਾਂ, ਤੋਪਾਂ ਅਤੇ ਰਾਕਟ ਲਾਂਚਰ ਆਦਿਕ ਦੇ ਨਾਲ ਨਾਲ ਹਵਾਈ ਹਮਲੇ ਦੀ ਵਰਤੋਂ ਵੀ ਕਰਨੀ ਪੈ ਸਕਦੀ ਹੈ। ਭਾਰਤੀ ਨਿਜ਼ਾਮ ਤਾਂ ਅਜਿਹਾ ਸੁਣਨਾ ਹੀ ਚਾਹੁੰਦਾ ਸੀ, ਇੰਦਰਾ ਨੇ ਝੱਟ ਹਾਂ ਕਰ ਦਿੱਤੀ, ਜੋ ਮਰਜ਼ੀ ਕਰੋ ਮੈਨੂੰ ਜਿੱਤ ਚਾਹੀਦੀ ਹੈ।
ਦਰਅਸਲ ਅੰਦਰ ਸਿੰਘਾਂ ਕੋਲ ਹਥਿਆਰ ਵੱਡੇ ਨਹੀ ਸਨ, ਪਰ ਉਹਨਾਂ ਕੋਲ ਤਕਨੀਕ ਵੱਡੀ ਸੀ। ਆਪਣੀ ਬੇਸ਼ਰਮੀ ਨੂੰ ਢਾਲਣ ਵਾਸਤੇ ਦਰਬਾਰ ਸਾਹਿਬ ਉੱਤੇ ਹਮਲਾਵਰ, ਭਾਰਤੀ ਫੌਜੀ ਜਰਨੈਲਾਂ ਨੇ ਕਿਸੇ ਦੂਜੇ ਮੁਲਕ ਨਾਲ ਲੱਗੀ ਜੰਗ ਦੌਰਾਨ, ਸੈਂਕੜੇ ਮੀਲ ਲੰਬੇ ਬਾਰਡਰ ਉੱਤੇ ਵਰਤੀ ਜਾਣ ਜਿੰਨੀ ਸ਼ਕਤੀ , ਦਰਬਾਰ ਸਾਹਿਬ ਉੱਤੇ ਵਰਤਣੀ ਆਰੰਭ ਕਰ ਦਿੱਤੀ, ਪਰ ਜਿਹੜੇ ਮੋਰਚੇ ਉਸ ਗੁਰੀਲੇ ਜਰਨੈਲ, ਜਰਨਲ ਸ਼ੁਬੇਗ ਸਿੰਘ ਨੇ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਬਣਵਾਏ ਸਨ, ਭਾਰਤੀ ਫੌਜ ਤੋੜ ਨਾ ਸਕੀ। ਆਪਣੀਆਂ ਕਿਤਾਬਾਂ ਵਿੱਚ ਜਰਨਲ ਬਰਾੜ ਦਾਹਵੇ ਕਰਦਾ ਹੈ ਕਿ ਅਸੀਂ ਸੰਜਮ ਨਾਲ ਸ਼ਕਤੀ ਵਰਤਦੇ ਸੀ, ਪਰ ਸਿਰਫ ਸੌ ਕੁ ਸਿੰਘਾਂ ਦੇ ਜਥੇ ਦੇ ਮੁਕਾਬਲੇ ਵਾਸਤੇ ਟੈਂਕਾਂ, ਤੋਪਾਂ ਦੀ ਕੀਹ ਲੋੜ ਪੈ ਗਈ ਸੀ, ਇਹ ਸੰਜਮ ਸੀ ? ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜਰਨਲ ਸ਼ੁਬੇਗ ਸਿੰਘ ਸਮੇਤ ਸਭ ਨੂੰ ਕੁੱਝ ਮਿੰਟਾਂ ਵਿੱਚ ਫੜ•ਕੇ ਲਿਆਉਣ ਦੇ ਦਮਗਜੇ ਮਾਰਨ ਵਾਲਿਆਂ ਦੇ, ਦਾਹਵਿਆਂ ਦੀ ਫੂਕ ਨਿੱਕਲ ਚੁੱਕੀ ਸੀ। ਹੁਣ ਤਾਂ ਕਚੀਚੀਆਂ ਲੈ ਰਹੇ ਸਨ ਕਿ ਬੇਸ਼ਕ ਆਇਟਮ ਬੰਬ ਵੀ ਕਿਉਂ ਨਾ ਸੁੱਟਣਾ ਪਵੇ, ਸਭ ਖਤਮ ਹੋਣਾ ਚਾਹੀਦਾ ਹੈ, ਨਹੀ ਤਾਂ ਸਾਡੀ ਬਹੁਤ ਬੇਇਜਤੀ ਹੈ ਕਿ ਇੱਕ ਵੱਡੀ ਫੌਜੀ ਸ਼ਕਤੀ ਦੇ, ਗਿਣਤੀ ਦੇ ਸਿੰਘਾਂ ਨੇ ਛੱਕੇ ਛੁਡਾ ਦਿੱਤੇ ਹਨ।
ਪੰਜ ਜੂਨ ਦੀ ਸ਼ਾਮ ਢਲਦਿਆਂ ਹੀ ਸਿੰਘਾਂ ਨੇ ਰਾਤ ਦੇ ਹਨੇਰੇ ਵਿੱਚ ਆਪਣੇ ਮੋਰਚਿਆਂ ਨੂੰ ਹੋਰ ਤਕੜਾ ਕਰਨ ਵਾਸਤੇ, ਇਕ ਦੂਜੇ ਨਾਲ ਮਸ਼ਵਰੇ ਕਰ ਰਹੇ ਸਨ। ਸੱਤਰ ਦੇ ਕਰੀਬ ਸਿੰਘ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਹਿਬ ਤੇ ਹਾਜਰ ਸਨ । ਤਿੰਨ ਜੂਨ ਤੋ ਲਗਾਤਾਰ ਭੁੱਖੇ ਪਿਆਸੇ ਸਿੰਘ, ਹਿੰਦ ਫੌਜਾਂ ਦਾ ਗੁਰੀਲਿਆਂ ਵਾਂਗੂ ਮੁਕਾਬਲਾ ਕਰ ਰਹੇ ਸਨ। ਤੋਪਾਂ, ਗੋਲਿਆਂ ਦੀ ਗੜਗੜਾਹਟ, ਬਰੂਦ ਦੀ ਅੱਗ ਨਾਲ ਪੈਦਾ ਹੋਈ ਗਰਮੀਂ ਅਤੇ ਸੀਨੇ ਵਿੱਚ ਧੁੱਖਦੇ ਜਜਬਾਤਾਂ ਕਾਰਨ ਨੀਦ ਤਾਂ ਕਿਤੇ ਕੋਹਾਂ ਦੂਰ ਭੱਜ ਚੁੱਕੀ ਸੀ । ਟੈਂਕ ਪ੍ਰਕਰਮਾਂ ਵਿੱਚ ਦਾਖਲ ਹੋ ਕਿ ਅਕਾਲ ਤਖਤ ਸਹਿਬ ਦੇ ਗੁੰਬਦ ਅਤੇ ਉਪਰਲੀ ਮੰਜਿਲ ਨੂੰ ਖੰਡਰ ਵਿੱਚ ਬਦਲ ਚੁੱਕੇ ਸਨ ਅਤੇ ਸਾਰੇ ਸਿੰਘ ਅਕਾਲ ਤਖਤ ਸਹਿਬ ਦੇ ਹੇਠ ਭੋਰੇ ਵਿੱਚ ਆ ਚੁੱਕੇ ਸਨ। ਪੰਜ ਅਤੇ ਛੇ ਜੂਨ ਦੀ ਦਰਮਿਆਨੀ ਰਾਤ ਤਕਰੀਬਨ ਦੋ ਕੁ ਵਜੇ ਰੁਕ ਰੁਕ ਕੇ ਹੋ ਰਹੀ ਗੋਲਾ ਬਾਰੀ ਵਿੱਚ, ਜਰਨਲ ਸ਼ੁਬੇਗ ਸਿੰਘ ਆਪਣੇ ਕਰੀਬੀ ਸਾਥੀ ਭਾਈ ਬਖਸ਼ੀਸ਼ ਸਿੰਘ ਨੂੰ ਨਾਲ ਲੈ ਕੇ, ਹੱਥ ਵਿੱਚ ਸਟੇਨਗੰਨ ਫੜ•ੀ, ਸ਼ਹਿ ਸ਼ਹਿ ਕੇ ਬੱਬਰ ਸ਼ੇਰ ਵਾਂਗੂ ਦੁਸ਼ਮਣ ਵਿਰੁੱਧ, ਮੋਰਚਿਆਂ ਵਿੱਚ ਡਟੇ ਸਿੰਘਾਂ ਨੂੰ ਗੁਰੀਲੇ ਨੁਕਤੇ ਸਮਝਾਉਦੇ ਹੋਏ, ਧਰਮ ਯੁੱਧ ਦੀ ਨਿਗਰਾਨੀ ਕਰ ਰਹੇ ਸਨ ਕਿ ਅਚਾਨਕ ਹਿੰਦ ਫੌਜ ਦੀਆਂ ਗੋਲੀਆਂ ਛਾਤੀ ਅਤੇ ਬਾਂਹ ਵਿੱਚ ਆ ਵੱਜੀਆਂ, ਡਿੱਗਦਿਆਂ ਡਿੱਗਦਿਆਂ ਭਾਈ ਬਖਸ਼ੀਸ਼ ਸਿੰਘ ਨੇ ਸਹਾਰਾ ਦੇ ਕੇ ਸਾਂਭ ਲਿਆ ਅਤੇ ਛੇਤੀ ਨਾਲ ਵਾਪਸ ਭੋਰੇ ਵਿੱਚ ਪਰਤ ਆਏ ਅਤੇ ਅਪਣੀ ਸਟੇਨਗੰਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁਰਦ ਕਰਦਿਆਂ, ਜ਼ਰਨਲ ਸਾਹਿਬ ਕਹਿਣ ਲੱਗੇ ਕਿ ਬਾਬਾ ਜੀ ਮੇਰੀ ਤਾਂ ਹੁਣ ਨਿਭ ਗਈ ਹੈ, ਆ ਫੜੋ ਸ਼ਸ਼ਤਰ ਸੂਰਮਾਂ ਕਦੇ ਦੁਸਮਣ ਅੱਗੇ ਹਥਿਆਰ ਨਹੀਂ ਸੁੱਟਦਾ, ਨਾਲੇ ਕੰਡ ( ਪਿੱਠ) ਉਤੇ ਹੱਥ ਫੇਰ ਕਿ ਦੇਖ ਲਵੋ, ਕੋਈ ਗੋਲੀ ਕੰਡ ਵਿੱਚ ਤਾਂ ਨਹੀ ਲੱਗੀ? ਇੰਨੇ ਵਿੱਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਨੇ ਜਨਰਲ ਸ਼ੁਬੇਗ ਸਿੰਘ ਨੂੰ ਲੰਮੇ ਪਾ ਲਿਆ ਤੇ ਮਹਾਨ ਯੋਧਾ ਇਹ ਕਹਿੰਦਾ ਹੋਇਆ ਕਿ ''ਮੇਰੇ ਲਈ ਅਰਦਾਸ ਕਰ ਦਿਓ ਕਿ ਜਿੰਨ•ੀ ਵਾਰ ਵੀ ਦੁਸ਼ਮਣ ਅਕਾਲ ਤਖਤ ਸਾਹਿਬ ਤੇ ਹਮਲਾ ਕਰੇ, ਓਨੀਂ ਵਾਰ ਮਂੈ ਮੁਕਾਬਲਾ ਕਰਕੇ ਜਾਮ-ਏ- ਸ਼ਹਾਦਤ ਪੀਂਦਾ ਰਹਾਂ '', ਸਾਥੋਂ ਸਦਾ ਲਈ ਵਿਦਾਇਗੀ ਲੈ ਗਿਆ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਪਣੇ ਗਲ ਵਿੱਚ ਪਾਇਆ ਹਜੂਰੀਆ ਲਾਹ ਕੇ, ਜਰਨੈਲ ਦੀ ਦੇਹ ਨੂੰ ਢਕ ਦਿੱਤਾ ਤੇ ਕਿਹਾ ਕਿ ''ਜਰਨੈਲ ਸਹਿਬ ਸਮੇਂ ਦਾ ਥੋੜਾ ਬਹੁਤਾ ਫ਼ਰਕ ਹੋ ਸਕਦਾ ਹੈ, ਪਰ ਅਸੀ ਤੁਹਾਡੇ ਪਿੱਛੇ ਹੀ ਆ ਰਹੇ ਹਾਂ '', ਸਭ ਦੀਆਂ ਅੱਖਾਂ ਵਿੱਚ ਖੂਨ ਦੇ ਅੱਥਰੂ ਸਨ, ਹਰ ਕਿਸੇ ਨੇ ਅਸੀਸ ਦਿੱਤੀ, ਵਾਹ ਓਏ ਯੋਧਿਆ! ਜਰਨੈਲਾ, ਮਾਂ ਦੀ ਕੁੱਖ ਸਫਲੀ ਤੇਰਾ ਜੀਵਨ ਸਫਲਾ, ਆਉਂਣਾ ਸਫਲਾ,ਜਾਣਾ ਸਫਲਾ, ਤੈਨੂੰ ਗੁਰੂ ਸਾਹਿਬ ਸੀਨੇ ਨਾਲ ਲਾਉਣਗੇ। ਗੁਰੂ ਰਾਖਾ!!
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ 9316176519  [(0)+91

ਅੱਗੇ ਤੁਰਨ ਤੋਂ ਪਹਿਲਾਂ...ਇਕ ਨਜ਼ਰ ਅਤੇ ਨਜ਼ਰੀਆ


ਅੱਗੇ ਤੁਰਨ ਤੋਂ ਪਹਿਲਾਂ...ਇਕ ਨਜ਼ਰ ਅਤੇ ਨਜ਼ਰੀਆ

ਸਿੱਖ ਗੁਰੂ ਸਾਹਿਬਾਨ ਨੇ ਮੁਕੰਮਲ ਰੂਪ ਵਿਚ ਅਜਾਦ ਮਨੁੱਖ ਦੀ ਘਾੜ੍ਹਤ ਘੜ੍ਹਣ; ਅਜਾਦੀ, ਬਰਾਬਰਤਾ ਤੇ ਸਾਂਝੀਵਾਲਤਾ ਵਾਲੇ ਇਕ ਆਦਰਸ਼ਕ ਸਮਾਜ ਅਤੇ ਰਾਜ ਦੀ ਸਥਾਪਨਾ ਦਾ ਆਦਰਸ਼ ਦਿੱਤਾ ਹੈ। ਸਰਬੱਤ ਦੇ ਭਲੇ ਦੇ ਇਸ ਸਿਧਾਂਤ ਨੂੰ ਲਾਗੂ ਕਰਨ ਹਿਤ ਗੁਰੂ ਸਾਹਿਬਾਨ ਨੇ ਸਿੱਖ ਸੰਗਤ ਨੂੰ ਬੱਝਵਾਂ ਜਥੇਬੰਦਕ ਰੂਪ ਦਿੱਤਾ। ਇਸ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਗੁਰੂ ਪੰਥ ਵੱਖ-ਵੱਖ ਰੂਪਾਂ-ਵੇਸਾਂ ਵਿਚ ਲਗਾਤਾਰ ਸੰਘਰਸ਼ ਕਰਦਾ ਆ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸਾ ਰਾਜ ਸਥਾਪਤ ਹੋਇਆ। ੧੮ਵੀਂ ਸਦੀ ਵਿਚ ਮੁਗਲਾਂ ਅਤੇ ਅਫਗਾਨਾਂ ਖਿਲਾਫ ਖਾਲਸਾ ਪੰਥ ਨੇ 'ਦਲ ਖਾਲਸਾ' ਜਥੇਬੰਦੀ ਦੇ ਰੂਪ ਵਿਚ ਸੰਘਰਸ਼ ਲੜਿਆ ਅਤੇ ਸਰਕਾਰ ਖਾਲਸਾ ਦਾ ਰਾਜ ਸਥਾਪਤ ਹੋਇਆ।ਸੰਨ ੧੮੪੯ (ਈ:) ਵਿਚ ਸਰਕਾਰ ਖਾਲਸਾ ਦਾ ਰਾਜ ਅੰਗਰੇਜ਼ ਹਕੂਮਤ ਵਲੋਂ ਹਥਿਆ ਲਏ ਜਾਣ ਤੋਂ ਬਾਅਦ ਸਿੱਖ ਵੱਖ-ਵੱਖ ਰੂਪਾਂ ਵਿਚ ਅਜਾਦ ਸਿੱਖ ਰਾਜ ਦੀ ਮੁੜ-ਸਥਾਪਤੀ ਲਈ ਜੱਦੋ-ਜਹਿਦ ਕਰ ਰਹੇ ਹਨ। ਸਿੰਘ ਸਭਾ ਲਹਿਰ, ਗਦਰ ਲਹਿਰ ਅਤੇ ਅਕਾਲੀ ਲਹਿਰ ਨੇ ਅਚੇਤ ਅਤੇ ਸੁਚੇਤ ਰੂਪ ਵਿਚ ਸਿੱਖਾਂ ਦੀ ਵਿਲੱਖਣ ਹੋਂਦ ਨੂੰ ਸਥਾਪਤ ਕਰਨ ਲਈ ਸਰਗਰਮੀ ਕੀਤੀ।੧੯੮੪ (ਈ:) ਵਿਚ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਹੋਰਨਾਂ ਮਰਜੀਵੜਿਆਂ ਦੀ ਸ਼ਹਾਦਤ ਤੋਂ ਬਾਅਦ ਅਜਾਦ ਸਿੱਖ ਰਾਜ ਲਈ ਸੰਘਰਸ਼ ਆਪਣੀ ਚਰਮ-ਸੀਮਾ ਤੇ ਪਹੁੰਚਿਆ। ਇਕ ਦਹਾਕੇ ਤੱਕ ਵੱਖ-ਵੱਖ ਪੱਧਰਾਂ ਅਤੇ ਪਸਾਰਾਂ ਉੱਤੇ ਜੰਗ ਲੜੀ ਗਈ। ਇਸ ਅਰਸੇ ਦੌਰਾਨ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਵਰਗੀਆਂ ਸੰਪਰਦਾਵਾਂ ਧਾਰਮਕ ਪੱਧਰ 'ਤੇ; ਪੰਥਕ ਕਮੇਟੀ ਹਥਿਆਰਬੰਦ ਪੱਧਰ 'ਤੇ; ਸਿੱਖ ਸਟੂਡੈਂਟਸ ਫੈਡਰੇਸ਼ਨ ਨੌਜਵਾਨਾਂ ਵਿਚ ਅਤੇ ਯੁਨਾਇਟਡ ਅਕਾਲੀ ਦਲ (ਅਜੋਕਾ ਮਾਨ ਦਲ) ਭਾਰਤੀ ਵੋਟ ਪ੍ਰਣਾਲੀ ਵਿਚ ਖਾਲਿਸਤਾਨੀ ਧਿਰ ਦੀ ਨੁਮਾਇੰਦਗੀ ਕਰਦੇ ਰਹੇ।੧੯੯੩-੯੪ ਵਿਚ ਹਥਿਆਰਬੰਦ ਸੰਘਰਸ਼ ਮੱਠਾ ਹੋਣ ਤੋਂ ਬਾਅਦ ਹੌਲੀ-ਹੌਲੀ ਇਹ ਧਾਰਮਕ, ਰਾਜਸੀ ਤੇ ਸਮਾਜਕ ਜਥੇਬੰਦੀਆਂ ਖੜੋਤ ਅਤੇ ਫੁੱਟ ਦਾ ਸ਼ਿਕਾਰ ਹੁੰਦੀਆਂ ਗਈਆਂ।ਖਾਲਿਸਤਾਨੀ ਧਿਰ ਦਾ ਕੋਈ ਬੱਝਵਾਂ ਅਸਰ-ਅੰਦਾਜ਼ੀ ਸਰੂਪ ਹੁਣ ਨਹੀਂ ਰਿਹਾ। ਅਸਲ ਵਿਚ ਸਖ਼ਸ਼ੀਅਤ ਅਧਾਰਤ ਕੁਝ ਜਥੇਬੰਦੀਆਂ ਪੰਜਾਬ ਅੰਦਰ ਖਾਲਿਸਤਾਨ ਦਾ ਹੋਕਾ ਦੇ ਰਹੀਆਂ ਹਨ।ਇਸ ਸੰਘਰਸ਼ ਦਾ ਭਰਵਾਂ-ਡੂੰਘਾ ਤੇ ਸੰਤੁਲਤ ਮੁਲਾਂਕਣ ਨਾ ਹੋਣ ਕਰਕੇ ਇਸ ਪ੍ਰਥਾਇ ਬਹੁਤ ਸਾਰੇ ਇਕਪਾਸੜ ਤੇ ਸਤਹੀ ਵਿਚਾਰ ਤੇ ਨਿਰਣੇ ਪ੍ਰਗਟਾਏ ਤੇ ਪ੍ਰਚਾਰੇ ਜਾ ਰਹੇ ਹਨ, ਜਿਸ ਨਾਲ ਨਾ ਸਿਰਫ ਇਸ ਸੰਘਰਸ਼ ਬਾਰੇ ਭੰਬਲਭੂਸੇ ਪੈਦਾ ਹੋ ਰਹੇ ਜਾਂ ਕੀਤੇ ਜਾ ਰਹੇ ਹਨ, ਬਲਕਿ ਇਹ ਵਰਤਾਰਾ ਪੰਥਕ ਸਫਾਂ ਅੰਦਰ ਮੌਜੂਦਾ ਸਿਧਾਂਤਕ ਤੇ ਰਾਜਸੀ ਗੰਧਲਚੌਂਦ ਵਧਾਉਣ ਵਿਚ ਸਹਾਈ ਹੋ ਰਿਹਾ ਹੈ।ਇਸ ਧੁੰਦ-ਗੁਬਾਰ ਦੇ ਹਾਲਾਤ ਵਿਚੋਂ ਨਿਕਲਣ ਲਈ ਅੱਜ ਮੁੱਢਲੀ ਗੱਲ ਇਹ ਹੈ ਕਿ ਬੀਤੇ ਦੀ ਨਿੱਠ ਕੇ ਪੜ੍ਹਚੋਲ ਕੀਤੀ ਜਾਵੇ ਅਤੇ ਸੰਘਰਸ਼ ਦੇ ਉਸ ਦੌਰ ਦੀਆਂ ਪ੍ਰਾਪਤੀਆਂ, ਕਮੀਆਂ ਨੂੰ ਧਿਆਨ ਵਿਚ ਰੱਖਦਿਆਂ ਅਜੋਕੇ ਪੰਥਕ, ਭਾਰਤੀ ਉਪਮਹਾਂਦੀਪ ਅਤੇ ਸੰਸਾਰ ਪੱਧਰੀ ਸੰਦਰਭ ਦੀ ਘੋਖ ਕਰਕੇ ਭਵਿੱਖ ਲਈ ਸਹੀ ਮਾਰਗ-ਸੇਧ ਨਿਸ਼ਚਿਤ ਕੀਤੀ ਜਾਵੇ।

ਓ) ਸੰਸਾਰ ਪੱਧਰੀ ਸੰਦਰਭ:
੧. ਸਮਾਜਕ:ਮੌਜੂਦਾ ਆਧੁਨਿਕਵਾਦੀ ਗਿਆਨ ਪ੍ਰਬੰਧ ਅਤੇ ਇਸ ਉੱਤੇ ਅਧਾਰਤ ਆਰਥਕ, ਸਮਾਜਕ, ਰਾਜਸੀ ਤੇ ਨੈਤਿਕ ਪ੍ਰਬੰਧ ਮਨੁੱਖ ਨੂੰ ਰੂਹਾਨੀ ਰੰਗਤ ਵਾਲੀ ਜਿੰਦਗੀ ਤੋਂ ਵਿਰਵਾ ਕਰਕੇ ਦੇਹ ਦੀਆਂ ਪਦਾਰਥਕ ਲੋੜਾਂ ਅਤੇ ਮਨ ਦੀਆਂ ਕਾਮਨਾਵਾਂ ਦੇ ਪੱਧਰ ਉੱਤੇ ਪਸਰੀ ਤਰਜ਼-ਏ-ਜਿੰਦਗੀ ਜਿਉਂਣ ਵੱਲ ਸੇਧਤ ਅਤੇ ਉਤਸ਼ਾਹਤ ਕਰ ਰਿਹਾ ਹੈ। ਇਸ ਸਮੁੱਚੇ ਪ੍ਰਬੰਧ ਨੇ ਨਿੱਜੀ ਪੱਧਰ ਉੱਤੇ ਮਨੁੱਖ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਪਹਿਲਾਂ ਤੋਂ ਹੀ  ਮੌਜੂਦ ਵਿਸ਼ੇ-ਵਿਕਾਰਾਂ ਨੂੰ ਪ੍ਰਚੰਡ ਕਰ ਦਿੱਤਾ ਹੈ। ਮਨੁੱਖੀ ਸੱਭਿਅਤਾ ਮਾਨਸਿਕ-ਸਰੀਰਕ ਬਿਮਾਰੀਆਂ ਵਿਚ ਘਿਰ ਚੁੱਕੀ ਹੈ।ਸਮਾਜਕ-ਸੱਭਿਆਚਾਰਕ ਕਦਰਾਂ-ਕੀਮਤਾਂ, ਰਵਾਇਤਾਂ ਤੇ ਰਿਸ਼ਤਿਆਂ ਵਿਚ ਭਾਰੀ ਉਥਲ-ਪੁਥਲ ਹੋ ਰਹੀ ਹੈ।

੨. ਰਾਜਸੀ:ਮੌਜੂਦਾ ਰਾਜਸੀ ਪ੍ਰਣਾਲੀਆਂ ਬ੍ਰਹਿਮੰਡੀ ਦ੍ਰਿਸ਼ਟੀਕੋਣ (ਪੱਖ) ਨੂੰ ਆਪਣੇ ਰਾਜਨੀਤਿਕ ਅਮਲ ਵਿਚ ਲਿਆਉਂਣ ਤੋਂ ਅਸਮਰਥ ਰਹੀਆਂ ਹਨ।ਨੇਸ਼ਨ ਸਟੇਟਸ ਵਿਚ "ਅਜਾਦੀ, ਬਰਾਬਰਤਾ ਅਤੇ ਭਾਈਚਾਰੇ" ਦਾ ਸਿਧਾਂਤ ਆਪਣੀ ਨੇਸ਼ਨ (ਸੱਭਿਆਚਾਰ) ਤੱਕ ਹੀ ਸੀਮਤ ਨਜ਼ਰ ਆ ਰਿਹਾ ਹੈ। ਬਹੁ-ਨੇਸ਼ਨ ਸਟੇਟਸ ਅਤੇ ਕਮਿਊਨਿਸਟ ਦੇਸ਼ ਵੱਖ-ਵੱਖ ਨੇਸ਼ਨਜ਼ ਦੀਆਂ ਸਥਾਨਕ ਪਛਾਣਾਂ ਅਤੇ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਨੂੰ ਖਤਮ ਕਰਕੇ ਇਕ ਰੰਗ-ਰੂਪ ਵਾਲੀ ਅਖੌਤੀ ਆਧੁਨਿਕ-ਸੱਭਿਆਚਾਰ ਅਧਾਰਿਤ ਨੇਸ਼ਨ ਦੀ ਘਾੜ੍ਹਤ ਘੜ੍ਹਣ ਵਿਚ ਲੱਗੇ ਹੋਏ ਹਨ। 'ਸਟੇਟ' ਮਨੁੱਖੀ ਜੀਵਨ ਦੇ ਹਰ ਖੇਤਰ ਵਿਚ ਦਖ਼ਲ ਦੇ ਰਿਹਾ ਹੈ ਅਤੇ ਸੱਤਾ ਦੇ ਕੇਂਦਰੀਕਰਨ (Totalitarian & Authoritarian) ਦਾ ਅਮਲ ਤੇਜ ਕੀਤਾ ਜਾ ਰਿਹਾ ਹੈ। ਲੋਕ ਰਾਜੀ ਪ੍ਰਵਿਰਤੀਆਂ ਦੇ ਵਿਚਾਰ ਨੂੰ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ।ਹਾਕਮ ਜਮਾਤ ਨਾਲ ਅਸਹਿਮਤੀ ਦਾ ਅਰਥ ਗੱਦਾਰੀ ਸਮਝਿਆ ਜਾਂਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਦੇਸ਼ ਦੀ ਏਕਤਾ-ਅਖੰਡਤਾ ਤੇ ਸੁਰੱਖਿਆ ਦੇ ਨਾਂ ਉੱਤੇ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ।ਧਾਰਮਕ-ਸੰਪਰਦਾਇਕ ਘੱਟਗਿਣਤੀਆਂ, ਦਲਿਤਾਂ, ਗਰੀਬਾਂ ਤੇ ਰਾਜਸੀ ਵਿਰੋਧੀਆਂ ਲਈ ਵਿਤਕਰਾ, ਅਨਿਆਂ, ਜ਼ਬਰ ਤੇ ਗੁਲਾਮੀ ਵਾਲਾ ਮਾਹੌਲ ਬਣਾ ਦਿੱਤਾ ਗਿਆ ਹੈ।

੩. ਆਰਥਕ:ਤਕਨੀਕ ਦੀ ਉੱਨਤੀ, ਕੁਦਰਤੀ-ਮਨੁੱਖੀ ਸਾਧਨਾਂ ਦੀ ਵਰਤੋਂ ਨੇ ਸੰਸਾਰ ਵਿਚ ਮਨੁੱਖ ਦੁਆਰਾ ਬਣਾਈਆ ਗਈਆਂ ਸ਼ੈਆਂ ਤੇ ਸਹੂਲਤਾਂ ਵਿਚ ਅਥਾਹ ਬਹੁਲਤਾ ਲੈ ਆਂਦੀ ਹੈ।ਆਧੁਨਿਕਵਾਦੀ ਆਰਥਕ ਪ੍ਰਬੰਧ ਕੁਦਰਤੀ ਤੇ ਮਨੁੱਖੀ ਸਾਧਨਾਂ ਨੂੰ ਉਸਦੀ ਉਤਪਾਦਨ-ਖਪਤ ਦੀ ਸਮੱਰਥਾ ਅਤੇ ਨਫ਼ੇ ਦੇ ਦ੍ਰਿਸ਼ਟੀਕੋਣ ਤੋਂ ਹੀ ਦੇਖਦਾ ਹੈ। ਇਸੇ ਵਜ੍ਹਾ ਕਰਕੇ ਖੇਤੀ ਅਧਾਰਤ ਸਥਾਨਕ ਆਰਥਿਕਤਾ ਦੀ ਥਾਂ ਉਦਯੋਗ ਅਧਾਰਤ ਸੰਸਾਰੀਕ੍ਰਿਤ (Globalised) ਆਰਥਿਕਤਾ ਨੇ ਲੈ ਲਈ ਹੈ।ਇਸ ਨਵੀਂ ਆਰਥਿਕਤਾ ਦੀ ਉਪਜ ਸ਼ਹਿਰੀਕਰਨ ਅਤੇ ਮੰਡੀਕਰਨ ਨੇ ਸਮਾਜ ਉੱਤੇ ਬਹੁ-ਪਰਤੀ ਅਸਰ ਪਾਇਆ ਹੈ।ਉਤਪਾਦਨ ਅਤੇ ਖਪਤ ਨੂੰ ਹੀ ਮੁੱਖ ਰੱਖਣ ਕਰਕੇ ਕੁਦਰਤੀ ਵਰਤਾਰਿਆਂ ਬਾਰੇ ਸੰਜੀਦਗੀ ਬਹੁਤ ਘੱਟ ਗਈ ਹੈ ਜਿਸ ਕਰਕੇ ਵਾਤਾਵਰਣ ਅਤੇ ਕੁਦਰਤੀ ਸ੍ਰੋਤ ਬਹੁਤ ਪਲੀਤ ਹੋ ਰਹੇ ਹਨ ਅਤੇ ਮਨੁੱਖੀ ਸੱਭਿਅਤਾ ਦੀ ਹੋਂਦ ਲਈ ਹੀ ਖਤਰਾ ਖੜ੍ਹਾ ਹੋ ਗਿਆ ਜਾਪਦਾ ਹੈ।ਵੱਡੀਆਂ ਉਦਯੋਗਿਕ ਕੰਪਨੀਆਂ ਰਾਜਨੀਤਕ ਪ੍ਰਬੰਧ ਉੱਤੇ ਬੇ-ਹੱਦ ਅਸਰ ਅੰਦਾਜ਼ ਹੋ ਰਹੀਆਂ ਹਨ ਜਿਸ ਦੇ ਸਿੱਟੇ ਵਜੋਂ ਸਥਾਨਕ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਖਤਮ ਕਰਕੇ ਇਕ ਰੰਗ-ਰੂਪ ਵਾਲੇ ਪਦਾਰਥਵਾਦੀ ਵਿਸ਼ਵ ਸੱਭਿਆਚਾਰ ਨੂੰ ਸਥਾਪਤ ਕਰਨ ਦੇ ਯਤਨ ਹੋ ਰਹੇ ਹਨ।ਵਣਜ ਅਤੇ ਬਜਾਰ ਦੀ ਵਾਰ-ਵਾਰ ਅਸਫ਼ਲਤਾ ਅਤੇ ਅਸਥਿਰਤਾ ਕਾਰਨ ਬੇਰੁਜ਼ਗਾਰੀ ਤੇ ਮਹਿੰਗਾਈ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਤੇ ਗਰੀਬ ਤੇ ਅਮੀਰ ਵਿਚ ਪਾੜਾ ਵੱਧ ਰਿਹਾ ਹੈ। ਇਸ ਸਮੁੱਚੇ ਪ੍ਰਬੰਧ ਦੀ ਸਾਰਥਕਤਾ ਉੱਤੇ ਹੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ।

੪. ਸਥਿਤੀ ਦਾ ਦੂਸਰਾ ਪਹਿਲੂ:ਆਧੁਨਿਕਵਾਦੀ ਵਿਚਾਰਧਾਰਾ ਉੱਤੇ ਅਧਾਰਤ ਰਾਜਸੀ ਤੇ ਆਰਥਕ ਪ੍ਰਣਾਲੀਆਂ ਦੇ ਵੇਲਾ ਵਿਹਾ ਜਾਣ ਦੇ ਮੱਦੇਨਜ਼ਰ ਇਸ ਪ੍ਰਬੰਧ ਵਿਰੁੱਧ ਸੰਸਾਰ ਪੱਧਰ ਉੱਤੇ ਹੀ ਬੌਧਿਕ ਅਤੇ ਜਨਤਕ ਲਾਮਬੰਦੀ ਹੋ ਰਹੀ ਹੈ ਅਤੇ ਕਈ ਦੇਸ਼ਾਂ ਵਿਚ ਇਸ ਪ੍ਰਬੰਧ ਦੀਆਂ ਨਾਕਾਮੀਆਂ ਵਿਰੁੱਧ ਮੁਜਾਹਰੇ ਹੋ ਰਹੇ ਹਨ। ਇਸ ਮਾਡਲ ਦੇ ਸਭ ਤੋਂ ਵਿਕਸਤ ਖਿੱਤੇ ਅਮਰੀਕਾ ਅਤੇ ਯੂਰਪੀ ਮੁਲਕਾਂ ਵਿਚ ਵੀ ਰਾਜਸੀ ਉਥਲ-ਪੁਥਲ ਅਤੇ ਬੇਚੈਨੀ ਵਾਲੇ ਹਾਲਾਤ ਬਣੇ ਹੋਏ ਹਨ ।ਇਸ ਉਭਾਰ ਦੀ ਖਾਸ ਗੱਲ ਇਹ ਹੈ ਕਿ ਵਿਰੋਧ ਪ੍ਰਗਟਾਉ ਤੇ ਸੰਘਰਸ਼ ਪ੍ਰੰਪਰਾਗਤ ਸਿਧਾਂਤਾਂ, ਸ਼ਕਲਾਂ ਤੇ ਦਸਤੂਰਾਂ ਨੂੰ ਉਲੰਘਕੇ ਨਵੇਂ ਰੂਪਾਂ ਤੇ ਢੰਗਾਂ ਵਿਚ ਪਰਗਟ ਹੋ ਰਿਹਾ ਹੈ।ਇੰਟਰਨੈੱਟ ਅਤੇ ਸਮਾਜਕ ਮੀਡੀਆ ਦੇ ਉਭਾਰ ਨੇ ਵਿਚਾਰਾਂ ਦੇ ਪ੍ਰਵਾਹ ਤੇ ਲਾਮਬੰਦੀ ਉੱਤੇ ਸਟੇਟ ਦੀ ਜਕੜ ਕਾਫੀ ਹੱਦ ਤੱਕ ਤੋੜ ਦਿੱਤੀ ਹੈ ਜਿਸ ਨਾਲ ਸੱਭਿਆਚਾਰਕ-ਧਾਰਮਕ ਪਛਾਣਾਂ ਅਤੇ ਆਰਥਿਕ ਸਥਿਤੀ ਪ੍ਰਤੀ ਚੇਤਨਾ ਪਹਿਲਾਂ ਨਾਲੋਂ ਵੱਧ ਪ੍ਰਵਾਹਤ ਹੋ ਰਹੀ ਹੈ ਤੇ ਆਪੋ-ਆਪਣੀ ਆਰਥਿਕ ਤੇ ਰਾਜਸੀ ਅਜਾਦੀ ਦੀਆਂ ਲਹਿਰਾਂ ਪ੍ਰਚੰਡ ਹੋ ਰਹੀਆਂ ਹਨ। 'ਅਰਬ-ਬਸੰਤ' ਅਤੇ ‘Occupy Wall Street’  ਉੱਘੜਵੀਂਆਂ ਮਿਸਾਲਾਂ ਹਨ।ਕੌਮੀ ਪਛਾਣਾਂ ਦੇ ਅਧਾਰ 'ਤੇ ਹੋਂਦ ਵਿਚ ਆਏ ਰਾਜਾਂ ਵਲੋਂ ਰੱਖਿਆ ਤੇ ਆਰਥਕ ਹਿੱਤਾਂ ਦੇ ਮੱਦੇਨਜ਼ਰ ਇਕੱਠੇ ਹੋ ਕੇ ਖੇਤਰੀ ਪੱਧਰ ਦੇ ਸਾਂਝੇ ਮੰਚ (ਜਿਵੇਂ ਕਿ ਯੂਰਪੀ ਯੂਨੀਅਨ, ਬਰਿਕਸ, ਜੀ-੨੦ ਆਦਿ) ਉਸਾਰਨ ਦਾ ਅਮਲ ਵੀ ਸਾਹਮਣੇ ਆ ਰਿਹਾ ਹੈ।ਕੌਮਾਂਤਰੀ ਰਾਜਨੀਤੀ ਵਿਚ ਏਸ਼ੀਆਈ ਮੁਲਕਾਂ ਦਾ ਪ੍ਰਭਾਵ ਵੀ ਜ਼ੋਰ ਫੜ੍ਹਦਾ ਜਾ ਰਿਹਾ ਹੈ।

ਅ) ਭਾਰਤੀ ਉਪਮਹਾਂਦੀਪ ਸੰਦਰਭ:

ਭਾਰਤੀ ਉਪਮਹਾਂਦੀਪ ਦਾ ਆਰਥਕ, ਰਾਜਸੀ ਅਤੇ ਗਿਆਨ ਦਾ ਪ੍ਰਬੰਧ ਵੀ ਪੱਛਮੀ ਆਧੁਨਿਕਵਾਦੀ ਮਾਡਲ ਦੀ ਇਕ ਸ਼ਾਖਾ ਹੀ ਹੈ। ਨਾਲ ਹੀ ਬਿਪਰਵਾਦੀ ਜਾਤ-ਪਾਤੀ ਵਿਤਕਰੇ ਵਾਲੇ ਭਾਰਤੀ ਸਮਾਜਕ ਪ੍ਰਬੰਧ ਨੇ ਇਸ ਦੇ ਦਮਨਕਾਰੀ ਰਵੱਈਏ ਦੀ ਧਾਰ ਹੋਰ ਵੀ ਤੇਜ਼ ਕਰ ਦਿੱਤੀ ਹੈ।

੧. ਰਾਜਸੀ:
ਮੌਜੂਦਾ ਭਾਰਤੀ ਸੱਤਾਧਾਰੀ ਧਿਰ ਦਾ ਮੂਲ-ਚਰਿੱਤਰ ਕੱਟੜ ਹਿੰਦੂਤਵੀ ਵਿਚਾਰਧਾਰਾ ਅਤੇ ਮਨੋਰਥ ਕਾਰਪੋਰੇਟ ਘਰਾਣਿਆਂ ਪੱਖੀ ਆਰਥਿਕਤਾ ਵਾਲੀ ਸਖਤ ਵਤੀਰੇ ਵਾਲੀ ਸਟੇਟ ਸਥਾਪਤ ਕਰਨਾ ਹੈ। ਮੋਦੀ-ਸ਼ਾਹ ਵਰਗੇ ਨੇਤਾਵਾਂ ਦੀ ਅਗਵਾਈ ਵਿਚ ਬੀ. ਜੇ. ਪੀ. ਦੀ ਜਿੱਤ ਇਸ ਗੱਲ ਵੱਲ ਸੰਕੇਤ ਹੈ ਕਿ ਭਾਰਤੀ ਉਪ-ਮਹਾਂਦੀਪ ਦੇ ਹਿੰਦੂ ਉੱਚ-ਵਰਗ ਦਾ ਵੱਡਾ ਹਿੱਸਾ ਹਿੰਦੂ ਕਾਂਗਰਸ ਦੀ ਅਸਿੱਧੇ ਅਤੇ ਸੂਖਮ ਰੂਪ ਵਿਚ ਇੱਕ ਹਿੰਦੋਸਤਾਨੀ ਕੌਮ ਉਸਾਰਨ ਦੀ ਨੀਤੀ ਤੋਂ ਅਗਾਂਹ ਲੰਘ ਕੇ ਸਿਧੇ ਰੂਪ ਵਿਚ ਹਿੰਦੂਤਵੀ ਏਜੰਡਾ ਲਾਗੂ ਕਰਨ ਦੀ ਧਾਰਨੀ ਬੀ. ਜੇ. ਪੀ. ਦੇ ਸਮਰਥਨ ਵਿਚ ਪ੍ਰਤੱਖ ਰੂਪ ਵਿਚ ਖੜ੍ਹ ਗਿਆ ਹੈ। ਧਰਮ ਜਾਂ ਜਾਤ ਅਧਾਰਤ ਸਫਬੰਦੀ (Polarization)  ਵਾਲੀ ਰਾਜਨੀਤੀ  ਜੋਰ ਫੜ ਰਹੀ ਹੈ ਅਤੇ ਨਿਰਲੇਪ ਰਾਜਨੀਤੀ  ਦੀ ਸਥਾਪਤੀ ਦੀ ਜਗ੍ਹਾ ਸੁੰਗੜ ਗਈ ਹੈ।ਰਾਜਨੀਤਕ ਅਤੇ ਪ੍ਰਸ਼ਾਸਨਕ ਪੱਧਰ ਉੱਤੇ ਕੇਂਦਰੀਕਰਨ ਦਾ ਅਮਲ ਹੋਰ ਤੇਜ਼ ਹੋ ਗਿਆ ਹੈ। ਰਾਜਨੀਤਕ ਕੇਂਦਰੀਕਰਨ ਤਹਿਤ ਭਾਰਤੀ ਸੰਵਿਧਾਨ ਵਿਚ ਦਰਸਾਈਆਂ ਸੂਬਿਆਂ ਦੇ ਅਧਿਕਾਰ ਵਾਲੀਆਂ ਮੱਦਾਂ ਦੀ ਸੂਚੀ ਘਟਾਈ ਜਾ ਰਹੀ ਹੈ ਅਤੇ ਸੂਬਿਆਂ ਦੇ ਅਧਿਕਾਰ ਵਾਲੇ ਮਸਲਿਆਂ ਨੂੰ ਸਿੱਧਾ ਕੇਂਦਰ ਦੇ ਅਧੀਨ ਕੀਤਾ ਜਾ ਰਿਹਾ ਹੈ। ਐੱਨ. ਆਈ. ਏ ਵਰਗੀ ਭਾਰਤੀ ਉਪਮਹਾਂਦੀਪ ਪੱਧਰ ਤੱਕ ਜਾਂਚ ਕਰ ਸਕਣ ਵਾਲੀ ਜਥੇਬੰਦੀ ਬਣਾ ਲੈਣੀ ਅਤੇ ਕੇਂਦਰੀ ਵਜ਼ਾਰਤਾਂ ਦੇ ਸਕੱਤਰਾਂ ਨੂੰ ਸਿੱਧਾ ਪ੍ਰਧਾਨ ਮੰਤਰੀ ਦਫਤਰ ਕੋਲ ਜਵਾਬਦੇਹ ਬਣਾਉਣਾ ਪ੍ਰਸ਼ਾਸਨਕ ਕੇਂਦਰੀਕਰਨ ਦੀ ਤੀਬਰਤਾ ਨੂੰ ਦਰਸਾਉਂਦਾ ਹੈ।ਭਾਰਤੀ ਉਪਮਹਾਂਦੀਪ ਦੀ ਵੋਟ ਪ੍ਰਣਾਲੀ ਵਿਚ ਹਿੱਸਾ ਲੈਣ ਵਾਲੀਆਂ ਖੇਤਰੀ ਸੱਭਿਆਚਾਰਾਂ ਉੱਤੇ ਅਧਾਰਤ ਰਾਜਸੀ ਜਥੇਬੰਦੀਆਂ ਜਿਆਦਾਤਰ ਭ੍ਰਿਸ਼ਟ ਜਾਂ ਸੱਤਾ ਕੇਂਦਰਤ ਹੋ ਗਈਆਂ ਹਨ ਤੇ ਜਿਹੜੀਆਂ ਅਜੇ ਸਿਧਾਂਤਕ ਹਨ ਉਹ ਪ੍ਰਭਾਵਹੀਣ ਹੋ ਰਹੀਆਂ ਹਨ।ਵਿਦੇਸ਼ ਨੀਤੀ ਦੇ ਪੱਧਰ ਉੱਤੇ ਭਾਰਤੀ ਸਟੇਟ ਵਲੋਂ ਅਮਰੀਕਾ ਪੱਖੀ ਉਲਾਰ ਅਤੇ ਗੁਆਂਢੀ ਮੁਲਕਾਂ ਪ੍ਰਤੀ ਹਮਲਾਵਰ ਵਤੀਰਾ ਅਖਤਿਆਰ ਕੀਤਾ ਜਾ ਰਿਹਾ ਹੈ।

੨. ਸਮਾਜਕ:
ਭਾਰਤੀ ਉਪਮਹਾਂਦੀਪ ਵਿਚ ਹਿੰਦੋਸਤਾਨੀ ਸਟੇਟ ਦੁਆਰਾ ਵੱਖ-ਵੱਖ ਕੌਮਾਂ-ਸੱਭਿਆਚਾਰਾਂ ਦੀ ਵੱਖਰੀ ਹੋਂਦ ਖਤਮ ਕਰਕੇ ਹਿੰਦੀ ਅਤੇ ਹਿੰਦੂ ਸੰਸਕਾਰਾਂ ਉੱਤੇ ਅਧਾਰਤ ਇਕ ਨਵੀਂ ਹਿੰਦੋਸਤਾਨੀ ਕੌਮ ਦੀ ਉਸਾਰੀ ਦਾ 'ਪ੍ਰੋਜੈਕਟ' ਆਪਣੀ ਚਾਲੇ ਸਫਲਤਾ ਵੱਲ ਵਧ ਰਿਹਾ ਹੈ।ਆਰ. ਐੱਸ. ਐੱਸ. ਭਾਰਤੀ ਉਪ-ਮਹਾਂਦੀਪ ਅੰਦਰ ਹਿੰਦੂ ਧਰਮ ਨੂੰ ਇਕ ਤਰਜ਼-ਏ-ਜ਼ਿੰਦਗੀ ਜਾਂ ਸੱਭਿਆਚਾਰ ਦੱਸ ਕੇ ਇਸ ਖਿੱਤੇ ਅੰਦਰ ਕਿਸੇ ਵੀ ਹੋਰ ਧਰਮ ਦੀ ਵਿਲੱਖਣ ਤੇ ਅਜਾਦ ਹੋਂਦ ਨੂੰ ਮੰਨਣ ਤੋਂ ਮੁੱਕਰ ਰਹੀ ਹੈ। ਉਹ ਭਾਰਤੀ ਉਪ-ਮਹਾਂਦੀਪ ਵਿਚ ਰਹਿ ਰਹੇ ਵੱਖ ਵੱਖ ਧਰਮਾਂ ਅਤੇ ਸੱਭਿਆਚਾਰਾਂ ਦਾ ਮੂਲ ਅਧਾਰ ਹਿੰਦੂ, ਹਿੰਦੀ ਨੂੰ ਬਣਾਉਂਣ ਵਿਚ ਲੱਗੀ ਹੋਈ ਹੈ। ਜਿਹੜਾ ਸੱਭਿਆਚਾਰ ਜਾਂ ਧਰਮ ਇਸ ਅਮਲ ਵਿਚ ਸ਼ਾਮਲ ਨਹੀਂ ਹੋ ਰਿਹਾ ਉਸਦੀ ਸਿੱਧੀ ਤੇ ਅਸਿੱਧੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਪੱਛਮੀ ਸੱਭਿਆਚਾਰਕ ਹਮਲੇ ਅਤੇ ਆਰਥਕ ਉਦਾਰੀਕਰਨ ਦੀ ਪਦਾਰਥਕ ਬਹੁਲਤਾ ਕਾਰਨ ਵੀ ਸਥਾਨਕ ਸੱਭਿਆਚਾਰਾਂ ਦੀ ਬਜਾਏ ਸਿਰਫ ਪਦਾਰਥਕ ਕਦਰਾਂ-ਕੀਮਤਾਂ 'ਤੇ ਅਧਾਰਤ ਇਕ ਸਾਂਝਾ ਸੱਭਿਆਚਾਰ ਭਾਰਤੀ ਖੁਸ਼ਹਾਲ ਵਰਗ ਵਿਚ ਫੈਲ ਰਿਹਾ ਹੈ।
੩. ਕੇਂਦਰਵਾਦੀ ਹਿੰਦੂ ਭਾਰਤੀ ਸਟੇਟ ਦੇ ਨੇੜ ਭਵਿੱਖ ਦੇ ਸੰਭਾਵਤ ਅਮਲ ਬਾਰੇ:
ਆਰ.ਐੱਸ.ਐੱਸ ਦਾ ਮੂਲ ਉਦੇਸ਼ "ਹਿੰਦੂ ਸਟੇਟ" ਦੀ ਸਥਾਪਤੀ ਦਾ ਹੈ।ਇਸ ਮੰਤਵ ਲਈ ਭਾਰਤੀ ਸਟੇਟ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਉੱਤੇ ਵੱਖ-ਵੱਖ ਧਰਮਾਂ, ਕੌਮਾਂ, ਸੱਭਿਆਚਾਰਾਂ ਉੱਤੇ ਆਪਣੇ ਦਮਨ-ਚੱਕਰ ਨੂੰ ਹੋਰ ਤੇਜ ਕਰ ਰਹੀ ਹੈ।ਭਾਰਤੀ ਸਟੇਟ ਵਲੋਂ ਇਕ ਹਿੰਦੋਸਤਾਨੀ ਕੌਮ ਉਸਾਰਨ ਅਤੇ ਹੋਰਨਾਂ ਸੱਭਿਆਚਾਰਾਂ ਦੇ ਮੁਹਾਂਦਰੇ ਵਿਗਾੜਨ ਲਈ ਪਹਿਲਾਂ ਹੀ ਵਰਤੋਂ ਵਿਚ ਲਿਆਂਦੇ ਜਾ ਰਹੇ ਪ੍ਰਿੰਟ ਅਤੇ ਬਿਜਲਈ ਮੀਡੀਆ, ਫਿਲਮਾਂ ਅਤੇ ਕਲਾ, ਸਿੱਖਿਆ ਪ੍ਰਬੰਧ ਅਤੇ ਸਾਹਿਤ ਆਦਿ ਸੰਦਾਂ ਦੀ ਪਹੁੰਚ ਅਤੇ ਤੀਖਣਤਾ ਨੂੰ ਹੋਰ ਵੀ ਵਿਆਪਕ ਕੀਤਾ ਜਾਵੇਗਾ।ਹਿੰਦੂਤਵੀ ਤਾਕਤਾਂ ਆਰ. ਐੱਸ. ਐੱਸ. ਦੀ ਅਗਵਾਈ ਵਿਚ ਆਪਣੀ ਸਰਗਰਮੀ ਹੋਰ ਤੇਜ਼ ਕਰਨਗੀਆਂ। ਵੱਖ-ਵੱਖ ਕੌਮਾਂ ਅਤੇ ਧਰਮਾਂ ਦੀਆਂ ਸੰਸਥਾਵਾਂ ਤੇ ਪ੍ਰੰਪਰਾਵਾਂ ਦਾ ਹਿੰਦੂਕਰਨ, ਰਾਜਸੀ ਨੇਤਾਵਾਂ ਅਤੇ ਵਿਦਵਾਨਾਂ ਦੀ ਖਰੀਦੋ-ਫਰੋਖ਼ਤ, ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਵਿਚ ਆਪਸੀ ਖਹਿਬਾਜ਼ੀ, ਜਾਤ-ਪਾਤ ਅਧਾਰਤ ਵੰਡੀਆਂ ਨੂੰ ਹੋਰ ਉਤਸ਼ਾਹਤ ਕਰਨਾ ਅਤੇ ਸਿੱਧੀ ਨਸਲਕੁਸ਼ੀ ਵਰਗੀਆਂ ਨੀਤੀਆਂ ਹੁਣ ਪ੍ਰਚੰਡ ਰੂਪ ਵਿਚ ਲਾਗੂ ਹੋਣਗੀਆਂ।ਮਨੁੱਖੀ ਅਧਿਕਾਰ ਤੇ ਵਾਤਾਵਰਣ ਸਬੰਧੀ ਜਥੇਬੰਦੀਆਂ ਤੇ ਸਵੈ-ਸੇਵੀ ਸੰਸਥਾਵਾਂ (NGOs) ਦੀਆਂ ਲਗਾਮਾਂ ਹੋਰ ਕੱਸੀਆਂ ਜਾਣਗੀਆਂ।ਮਨਮੋਹਨ ਸਿੰਘ ਦੀ ਹਕੂਮਤ ਵੱਲੋਂ ਸ਼ੁਰੂ ਕੀਤੇ ਆਰਥਕ ਉਦਾਰੀਕਰਨ ਦੇ ਸਿਲਸਿਲੇ ਨੂੰ ਹੋਰ ਤੇਜ ਕਰਨ ਅਤੇ ਵੱਡੇ ਮਗਰਮੱਛਾਂ (ਸਰਮਾਏਦਾਰਾਂ/ਠੇਕੇਦਾਰਾਂ) ਦੇ ਮੁਨਾਫਿਆਂ ਵਿਚ ਵੱਡਾ ਵਾਧਾ ਕਰਨ ਦੇ ਮੰਤਵ ਤਹਿਤ, ਇਕ ਦਿਸ਼ਾਵੀ ਆਰਥਕ ਵਿਕਾਸ ਦੇ ਅਮਲ ਨੂੰ ਅੱਗੇ ਵਧਾਉਣ ਲਈ ਕਬਾਇਲੀ ਖੇਤਰਾਂ ਤੇ ਭਾਈਚਾਰਿਆਂ ਦੇ ਸ਼ੋਸ਼ਣ ਤੇ ਦਮਨ ਦਾ ਸਿਲਸਿਲਾ ਹੋਰ ਤੇਜ ਹੋਵੇਗਾ, ਜਿਸ ਨਾਲ ਸਮਾਜਕ ਬੇਚੈਨੀ ਤੇ ਉਥਲ-ਪੁਥਲ ਹੋਰ ਵਧੇਗੀ।

੪. ਸਥਿਤੀ ਦਾ ਦੂਸਰਾ ਪਹਿਲੂ:
ਰਾਜਸੱਤਾ ਉੱਤੇ ਬੀ. ਜੇ. ਪੀ. ਦਾ ਕਬਜ਼ਾ ਹੋ ਜਾਣ ਤੋਂ ਬਾਅਦ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਦੀ ਧੁੱਸ ਦੇ ਮੱਦੇਨਜ਼ਰ ਦਲਿਤ ਵਰਗ, ਪੱਛੜੀਆਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਧਾਰਮਕ ਘੱਟਗਿਣਤੀਆਂ ਦੀ ਰਾਜਸੀ ਲੀਡਰਸ਼ਿਪ ਵਲੋਂ ਇਕ ਰਾਜਸੀ ਮੰਚ ਉੱਤੇ ਇਕੱਠੇ ਹੋਣ ਦੇ ਅਸਾਰ ਬਣ ਰਹੇ ਹਨ।ਦੂਸਰੇ ਪਾਸੇ ਪਾਰਦਰਸੀ ਪ੍ਰਸਾਸ਼ਨ ਅਤੇ ਇਨਸਾਫ ਦੇ ਨਾਅਰੇ ਹੇਠ "ਆਮ ਆਦਮੀ ਪਾਰਟੀ" ਤੇ "ਸਵਰਾਜ ਅਭਿਆਨ" ਜਿਹੇ ਵਰਤਾਰੇ ਸਾਹਮਣੇ ਆ ਰਹੇ ਹਨ ਅਤੇ ਬਦਲਵੇਂ ਰਾਜਨੀਤਕ ਪ੍ਰਬੰਧ ਦੀ ਸਥਾਪਤੀ ਲਈ ਸੀ. ਪੀ. ਆਈ. (ਮਾਓਵਾਦੀ) ਜਿਹੀ ਧਿਰ ਵੀ ਜੂਝ ਰਹੀ ਹੈ।ਭਾਰਤੀ ਕੇਂਦਰੀਵਾਦੀ ਰਾਜ ਪ੍ਰਬੰਧ ਦੀਆਂ ਸੰਸਥਾਵਾਂ, ਜੋ ਮੁੱਢਲੇ ਰੂਪ ਵਿਚ ਬਸਤੀਵਾਦੀ ਅੰਗਰੇਜ਼ ਸਾਸ਼ਕਾਂ ਵਲੋਂ ਸਥਾਪਤ ਕੀਤੀਆਂ ਗਈਆਂ ਸੰਸਥਾਵਾਂ ਹੀ ਹਨ, ਅੱਜ ਆਪਣਾ ਵੇਲਾ ਪੂਰੀ ਤਰ੍ਹਾਂ ਵਿਹਾ ਚੁੱਕੀਆਂ ਹਨ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧ ਸੰਕਟ ਗ੍ਰਸਤ ਹੈ। ਭਾਰਤੀ ਸਟੇਟ ਦੀ ਵਿਧਾਨਪਾਲਕਾ ਦਾ ਵਤੀਰਾ ਕਿਸੇ ਵੀ ਤਰ੍ਹਾਂ ਅਜੋਕੇ ਕੌਮਾਂਤਰੀ ਮਿਆਰ ਦਾ ਨਹੀਂ ਹੈ ਸਗੋਂ ਇਸ ਦਾ ਵਤੀਰਾ ਭੀੜ ਵਿਚੋਂ ਉੱਠ ਰਹੇ ਸ਼ੋਰਗੁਲ ਦੀ ਨਿਆਈ ਹੈ। ਨਿਆਂਪਲਿਕਾ ਨੇ ਨੈਤਿਕ ਭ੍ਰਿਸ਼ਟਤਾ, ਮਜ਼ਹਬੀ ਤੁਅੱਸਬ ਤੇ ਸਿਆਸੀ ਅਧੀਨਗੀ ਦੀਆਂ ਮਾਰੂ ਅਲਾਮਤਾਂ ਤੋਂ ਗ੍ਰਸਤ ਹੋਣ ਕਾਰਨ ਇਨਸਾਫ ਕਰਨ ਦੀ ਸਮਰੱਥਾ ਗਵਾ ਲਈ ਹੈ। ਭ੍ਰਿਸ਼ਟ, ਬੇਲਗਾਮ ਤੇ ਹੈਂਕੜਬਾਜ਼ ਅਫਸਰਸ਼ਾਹੀ ਖੁਦ ਨੂੰ ਇਕ ਕੁਲੀਨ ਵਰਗ ਵਿਚ ਤਬਦੀਲ ਕਰਕੇ ਲੋਕਰਾਜੀ ਕਦਰਾਂ-ਕੀਮਤਾਂ ਦੀ ਖਿੱਲੀ ਉਡਾ ਰਹੀ ਹੈ।ਭਾਰਤੀ ਪ੍ਰਬੰਧ ਦੀਆਂ ਜੜ੍ਹਾਂ ਹਿੰਦੂਤਵੀ ਸਿਧਾਂਤ ਵਿਚ ਲੱਗੀਆਂ ਹੋਣ ਕਾਰਨ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਕੁਦਰਤੀ ਸਾਧਨ ਤੇ ਜਮੀਨਾਂ ਦੀ ਵਰਤੋਂ, ਕੀਮਤਾਂ ਤੈਅ ਕਰਨ, ਕਰ, ਕਰਜੇ, ਅਤੇ ਖੇਤੀ ਖੇਤਰ ਦੇ ਮਸਲਿਆਂ ਬਾਰੇ ਭਾਰਤੀ ਸਟੇਟ ਲੋਕ-ਪੱਖੀ ਫੈਸਲੇ ਹੀ ਨਹੀਂ ਲੈ ਸਕੀ। ਭਾਰਤ ਦੀ ਕੇਂਦਰੀਵਾਦੀ ਪ੍ਰਬੰਧ ਦੀ ਰਾਜਸੀ ਜਮਾਤ ਵੱਖ-ਵੱਖ ਕੌਮੀਅਤਾਂ ਦੇ ਮਸਲਿਆਂ ਨੂੰ ਰਾਜਸੀ ਤੌਰ ਉੱਤੇ ਨਿਜੱਠਣ ਜਾਂ ਇਨ੍ਹਾਂ ਨੂੰ ਰਾਜਸੀ ਮਸਲੇ ਮੰਨਣ ਤੋਂ ਇਨਕਾਰੀ ਰਹੀ ਹੈ ਅਤੇ ਇਨ੍ਹਾਂ ਮਾਮਲਿਆਂ ਨੂੰ ਸ਼ੁਰੂ ਤੋਂ ਹੀ ਅਮਨ-ਕਾਨੂੰਨ ਦੀ ਸਮੱਸਿਆ ਦੱਸ ਕੇ ਜ਼ਬਰ ਤੇ ਅਤਿਆਚਾਰ ਨਾਲ ਕੁਚਲਣ ਦੀ ਨੀਤੀ ਉੱਤੇ ਚੱਲ ਰਹੀ ਹੈ। ਜੇਕਰ ਭਾਰਤੀ ਸਟੇਟ ਵੱਖ-ਵੱਖ ਕੌਮੀਅਤਾਂ ਦੀਆਂ ਆਸਾਂ ਉਮੰਗਾਂ ਮੁਤਾਬਕ ਭਾਰਤੀ ਪ੍ਰਣਾਲੀਆਂ ਵਿਚ ਤਬਦੀਲੀਆਂ ਨਾ ਕਰ ਸਕਿਆ ਤਾਂ ਇਹ ਕੌਮੀਅਤਾਂ ਜਿਵੇਂ ਕਿ ਕਸ਼ਮੀਰੀ, ਸਿੱਖ, ਆਦੀਵਾਸੀ, ਮਾਓਵਾਦੀ, ਮੁਸਲਿਮ, ਨਾਗੇ, ਅਸਾਮੀ, ਮੀਜ਼ੋ, ਤਮਿਲਾਂ ਦੇ ਰਾਜਸੀ ਮਸਲੇ ਭਾਰਤੀ ਸਟੇਟ ਅੱਗੇ ਵੱਡੀ ਚੁਣੌਤੀ ਖੜ੍ਹੀ ਕਰਨਗੇ।ਸੰਸਾਰ ਦੇ ਆਰਥਕ ਅਤੇ ਰਾਜਸੀ ਸੰਕਟ ਦਾ ਅਸਰ ਵੀ ਭਾਰਤੀ ਸਟੇਟ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਕਰੇਗਾ।ਜਿਵੇ-ਜਿਵੇ ਉਦਯੋਗਿਕ ਘਰਾਣਿਆਂ ਦੇ ਹਿੱਤ ਪੂਰਨ ਵਾਲੇ ਆਰਥਿਕ ਸੁਧਾਰ ਤੇ ਕਾਨੂੰਨ ਬਣਨਗੇ ਅਤੇ ਘੱਟਗਿਣਤੀਆਂ ਨੂੰ ਦਬਾਇਆ ਜਾਵੇਗਾ ਉਵੇਂ-ਉਵੇਂ ਘੱਟਗਿਣਤੀਆਂ ਤੇ ਗਰੀਬਾਂ ਵਿਚ ਸੱਤਾਧਾਰੀ ਜਮਾਤ ਤੇ ਰਾਜਸੀ ਪ੍ਰਬੰਧ ਦੀ ਵਿਸ਼ਵਾਸਯੋਗਤਾ ਘਟੇਗੀ ਤੇ ਨਤੀਜਨ ਭਾਰਤੀ ਉਪ-ਮਹਾਂਦੀਪ ਵਿਚ ਘਰੋਗੀ-ਜੰਗ (ਛਵਿਲਿ ਾਂaਰ) ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।

e) ਸਿੱਖ, ਪੰਥ ਅਤੇ ਪੰਥ ਦੀ ਵਿਲੱਖਣਤਾ:

੧. ਸਿੱਖ: ਸੱਚ ਦੇ ਅਹਿਸਾਸ ਲਈ ਤਤਪਰ ਰੂਹ ਹੀ ਗੁਰੂ ਸਾਹਿਬ ਦਾ ਸਿੱਖ ਹੈ ਜੋ "ਕਿਰਤ ਕਰੋ, ਨਾਮ ਜਪੋ, ਵੰਡ ਛਕੋ" ਦੇ ਸਿਧਾਂਤ ਅਨੁਸਾਰੀ ਉੱਦਮ ਕਰਦਿਆਂ ਆਪਣਾ ਜੀਵਨ ਬਸਰ ਕਰਦਾ ਹੈ।

੨. ਪੰਥ: ਨਿੱਜੀ ਪੱਧਰ ਉੱਤੇ ਸੱਚ ਲਈ ਤਤਪਰ ਰੂਹਾਂ ਇਸ ਮਾਰਗ-ਸੇਧ ਦੇ ਹੋਰ ਪਾਂਧੀਆਂ ਨਾਲ ਰਲ ਕੇ ਸੰਗਤ ਦਾ ਰੂਪ ਧਾਰਦੀਆਂ ਹਨ ਜਿਸ ਨੂੰ ਅਸੀਂ ਪੰਥ ਕਹਿੰਦੇ ਹਾਂ। ਇੰਝ ਪੰਥ ਸੱਚ ਲਈ ਤਤਪਰ ਸਿੱਖਾਂ ਦੀ ਇਕ ਅਜਾਦ ਕ੍ਰਿਆਸ਼ੀਲ ਹਸਤੀ ਹੈ।

੩. ਪੰਥ ਦੀ ਵਿਲੱਖਣਤਾ: ਖਾਲਸਾ ਪੰਥ ਵਿਚ ਆਪਣੇ ਸਾਰੇ ਪੈਰੋਕਾਰਾਂ ਲਈ ਅਜਾਦੀ ਅਤੇ ਬਰਾਬਰਤਾ ਤਾਂ ਹੈ ਹੀ ਸਗੋਂ ਦੂਸਰੀ ਵਿਚਾਰਧਾਰਾ ਦੇ ਸਚਿਆਰੇ ਅਮਲ ਵਾਲੀਆਂ ਰੂਹਾਂ ਨੂੰ ਵੀ ਬਰਾਬਰਤਾ ਹਾਸਲ ਹੈ ਜਿਸ ਦੀ ਮਿਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹਨ।ਹਿੰਦੂ ਮਤ ਆਪਣੇ ਸਾਰੇ ਪੈਰੋਕਾਰਾਂ ਨੂੰ ਬਰਾਬਰਤਾ ਦਾ ਦਰਜ਼ਾ ਨਹੀਂ ਦਿੰਦਾ। ਉੱਥੇ ਜਾਤ-ਪਾਤ ਅਧਾਰਤ ਊਚ-ਨੀਚ ਹੈ। ਪੱਛਮ ਦੇ ਤਿੰਨੋ ਧਰਮਾਂ, ਪੂਰਬ ਦੇ ਬੁੱਧ ਧਰਮ ਅਤੇ ਆਧੁਨਿਕਵਾਦੀ ਵਿਚਾਰਧਾਰਾ ਵਿਚ ਆਪਣੇ ਪੈਰੋਕਾਰਾਂ ਲਈ ਅਜਾਦੀ ਤੇ ਬਰਾਬਰਤਾ ਦਾ ਸਿਧਾਂਤ ਤਾਂ ਹੈ ਪਰ "ਦੂਜਿਆਂ" ਲਈ, ਜਾਂ ਜੋ ਸੱਚ ਲਈ ਤਤਪਰ ਨਹੀਂ ਹਨ, ਵਾਸਤੇ ਕੋਈ ਥਾਂ ਨਹੀਂ ਹੈ। ਹਰ ਧਰਮ, ਸੱਭਿਆਚਾਰ ਜਾਂ ਵਿਚਾਰਧਾਰਾ ਵਿਚ "ਆਪਣਿਆਂ" ਅਤੇ "ਦੂਜਿਆਂ" ਵਿਚ ਵਖਰੇਵਾਂ ਕੀਤਾ ਜਾਂਦਾ ਹੈ। ਇਸ ਵਖਰੇਵੇਂ ਦਾ ਅਧਾਰ ਰੰਗ, ਨਸਲ, ਧਾਰਮਕ, ਸੱਭਿਆਚਾਰਕ ਜਾਂ ਵਿਚਾਰਧਾਰਕ ਵਿਸ਼ਵਾਸ ਨੂੰ ਬਣਾਇਆ ਜਾਂਦਾ ਹੈ। ਇਥੋਂ ਤੱਕ ਕਿ ਆਧੁਨਿਕ ਵਿਚਾਰਧਾਰਾ ਦੇ ਵਿਕਸਤ ਪ੍ਰਬੰਧ/ਦੇਸ਼ ਆਪਣੀ ਵਿਚਾਰਧਾਰਾ ਵਿਚ ਸਾਰਿਆਂ ਲਈ ਬਰਾਬਰੀ ਦਾ ਸਿਧਾਂਤ ਹੋਣ ਦੇ ਬਾਵਜੂਦ ਵੀ ਵਿਤਕਰੇ ਦੇ ਉਕਤ ਬਿਆਨੇ ਤੱਤਾਂ ਤੋਂ ਮੁਕਤ ਨਹੀਂ ਹਨ।ਪਰ ਖਾਲਸਾ ਪੰਥ ਵਿਚ ਇਸ ਫਰਕ ਦਾ ਅਧਾਰ "ਸਚਿਆਰਾ ਅਮਲ" ਹੈ ਨਾ ਕਿ ਰੰਗ, ਨਸਲ, ਲਿੰਗ ਤੇ ਧਾਰਮਕ, ਸੱਭਿਆਚਾਰਕ ਜਾਂ ਵਿਚਾਰਧਾਰਕ ਵਿਸ਼ਵਾਸ।ਖਾਲਸਾ ਪੰਥ "ਦੂਜਿਆਂ" ਜਾਂ ਉਨ੍ਹਾਂ ਨੂੰ ਜੋ ਸੱਚ ਲਈ ਹੀ ਤਤਪਰ ਨਹੀਂ ਹਨ, ਨੂੰ ਵੀ ਬਣਦੀ ਜਗ੍ਹਾ ਦਿੰਦਾ ਹੈ ਕਿਉਂਕਿ ਪੰਥ ਵਿਚ ਸਰਬੱਤ ਦੇ ਭਲੇ ਦਾ ਨੇਮ ਹੈ। ਇਥੇ ਬੁਰੇ ਦੀ ਜਗ੍ਹਾ ਬੁਰਿਆਈ ਨੂੰ ਖਤਮ ਕਰਨ ਦਾ ਬਿਰਦ ਹੈ ਅਤੇ ਪੰਥ ਦੂਜਿਆਂ ਨੂੰ ਵੀ ਅਜਾਦੀ, ਬਰਾਬਰਤਾ ਅਤੇ ਸਾਂਝੀਵਾਲਤਾ ਵਾਲਾ ਸੁਖਾਵਾਂ ਮਾਹੌਲ ਪ੍ਰਦਾਨ ਕਰਦਾ ਹੈ।ਅਜਿਹਾ ਮਾਹੌਲ ਮਨੁੱਖੀ ਸੱਭਿਅਤਾ ਲਈ ਮੁਹੱਈਆ ਕਰਾਉਂਣ ਲਈ ਹੀ ਰਾਜ ਦੇ ਸਿੱਖ ਸੰਕਲਪ ਦੀ ਲੋੜ ਹੈ। ਪੰਥ ਦੀ ਰਾਜਨੀਤਕ ਮਾਰਗ-ਸੇਧ ਦੀ ਜੜ੍ਹ ਇਸੇ ਨੁਕਤੇ ਵਿਚ ਹੈ।ਇਹ ਤਾਂ ਸਪਸ਼ਟ ਹੈ ਕਿ ਪੰਥ ਦੇ ਆਤਮਕ ਵਿਗਾਸ ਦਾ ਅਮਲ ਰਾਜਨੀਤਕ ਢਾਂਚਿਆਂ ਅਤੇ ਪ੍ਰਣਾਲੀਆਂ ਦਾ ਮੁਥਾਜ਼ ਨਹੀਂ ਹੈ ਪਰ ਸਮੁੱਚੇ ਸਮਾਜ ਵਿਚ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਇਨ੍ਹਾਂ ਢਾਚਿਆਂ ਅਤੇ ਪ੍ਰਣਾਲੀਆਂ ਦੀ ਲੋੜ ਹੈ।

ਸ) ਰਾਜ ਦਾ ਸਿੱਖ ਸੰਕਲਪ:

ਦੇਹ, ਮਨ ਅਤੇ ਆਤਮਾ ਇਕ ਇਕਾਈ ਹਨ। ਇਹ ਤਿੰਨੇ ਆਪਣਾ ਪ੍ਰਗਟਾਅ ਇਕ ਦੂਜੇ ਨਾਲ ਮਿਲ ਕੇ ਹੀ ਕਰਦੇ ਹਨ ਤੇ ਇਨ੍ਹਾਂ ਦੀ ਹੋਂਦ ਨੂੰ ਇਕ ਦੂਜੇ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਸਮਾਜਕ, ਧਾਰਮਕ, ਸਿਆਸੀ, ਆਰਥਕ ਅਤੇ ਗਿਆਨ ਪ੍ਰਬੰਧਾਂ ਦਾ ਸਰੋਕਾਰ ਵੀ ਦੇਹ, ਮਨ ਅਤੇ ਆਤਮਾ ਨਾਲ ਹੀ ਹੈ ਇਸ ਲਈ ਅਸੀਂ ਇਨ੍ਹਾਂ ਨੂੰ ਵੀ ਇਕੋ ਇਕਾਈ ਦੇ ਰੂਪ ਵਿਚ ਹੀ ਵੇਖਦੇ ਹਾਂ। ਇਨ੍ਹਾਂ ਪ੍ਰਬੰਧਾਂ ਦਾ ਮਨੋਰਥ ਦੇਹ ਦੀ ਅਜਾਦੀ ਤੋਂ ਲੈ ਕੇ ਆਤਮਾ ਦੇ ਬੰਧਨ ਮੁਕਤ ਹੋਣ ਤੱਕ ਦੇ ਸਫਰ ਵਿਚ ਸਹਾਈ ਹੋਣਾ, ਚਾਹੀਦਾ ਹੈ। ਸਮੁੱਚੇ ਰੂਪ ਵਿਚ ਇਹ ਰਾਜ ਪ੍ਰਬੰਧ ਗੁਣ-ਅਧਾਰਤ, ਮਾਨਵਵਾਦੀ, ਨਿਆਂਕਾਰੀ, ਸਹਿਣਸ਼ੀਲਤਾ ਅਤੇ ਸਹਿ-ਹੋਂਦ ਵਾਲਾ, ਸੱਚ ਅਤੇ ਕੁਦਰਤ ਕੇਂਦਰਤ ਹੋਵੇਗਾ। ਸਮਝਣ-ਸਮਝਾਉਣ ਦੀ ਸੌਖ ਲਈ ਇਸ ਸੰਕਲਪ ਦਾ ਕੁਝ ਵਿਸਤਾਰ ਹੇਠਾਂ ਦਿੱਤੇ ਚਾਰ ਸਿਰਲੇਖਾਂ ਵਿਚ ਪੇਸ਼ ਹੈ:

੧. ਸਮਾਜਕ ਪ੍ਰਬੰਧ: ਐਸਾ ਸਮਾਜਕ ਪ੍ਰਬੰਧ ਜਿੱਥੇ ਹਰ ਮਨੁੱਖ ਨੂੰ ਆਤਮਕ ਖੇੜੇ, ਮਾਨਸਕ ਚੜ੍ਹਦੀਕਲਾ, ਸਰੀਰਕ ਤੰਦਰੁਸਤੀ, ਸੁੱਚੀ ਕਿਰਤ ਅਤੇ ਸਵੈ-ਮਾਣ ਵਾਲਾ ਬੇ-ਖੌਫ਼ ਜੀਵਨ ਬਸਰ ਕਰਨ ਦਾ ਮਾਹੌਲ ਹੋਵੇ। ਭਾਵ ਤਿੰਨਾਂ ਤਾਪਾਂ ਤੋਂ ਮੁਕਤ, ਸਰਬੱਤ ਦੇ ਭਲੇ ਵਾਲੀ ਤਰਜ਼-ਏ-ਜਿੰਦਗੀ ਦਾ ਮਾਹੌਲ ਹੋਵੇ। ਨਸਲ, ਰੰਗ, ਲਿੰਗ, ਜਾਤ-ਪਾਤ, ਧਰਮ, ਅਮੀਰ-ਗਰੀਬ ਆਦਿ ਦੇ ਭਿੰਨ-ਭੇਦ ਤੋਂ ਰਹਿਤ ਸਾਂਝੀਵਾਲਤਾ ਤੇ ਬਰਾਬਰੀ ਵਾਲਾ ਸਮਾਜਕ ਪ੍ਰਬੰਧ।

੨. ਸਿਆਸੀ ਪ੍ਰਬੰਧ: ਐਸਾ ਰਾਜ-ਪ੍ਰਬੰਧ ਜਿਹੜਾ ਬ੍ਰਹਿਮੰਡੀ ਰਾਜਨੀਤਕ ਦ੍ਰਿਸ਼ਟੀਕੋਣ ਨੂੰ ਸਾਕਾਰ ਕਰ ਸਕਣ ਦੇ ਸਮੱਰਥ ਹੋਵੇਗਾ। ਇਸ ਪ੍ਰਬੰਧ ਵਿਚ ਲੋਕ-ਰਾਜੀ ਪ੍ਰਵਿਰਤੀਆਂ ਤੇ ਸਾਂਝੀ ਲੋਕ ਅਗਵਾਈ ਭਾਵ ਪੰਚ ਪ੍ਰਧਾਨੀ ਪ੍ਰਣਾਲੀ ਹੋਵੇਗੀ ਅਤੇ ਖੁਦਮੁਖਤਿਆਰੀ ਦਾ ਸੰਚਾਰ ਸਭ ਤੋਂ ਹੇਠਲੇ ਪੱਧਰ ਤੱਕ ਹੋਵੇਗਾ। ਇਹ ਰਾਜ ਪ੍ਰਬੰਧ ਇਕ ਦੇਸ਼ ਜਾਂ ਦੇਸ਼ਾਂ ਦੇ ਸਮੂਹ ਦੀ ਧੌਂਸ ਤੋਂ ਮੁਕਤ ਰਾਜਨੀਤਕ ਵਿਸ਼ਵ ਪ੍ਰਬੰਧ ਦਾ ਹਾਮੀ ਹੋਵੇਗਾ ਜਿਸ ਵਿਚ ਦੇਸ਼ਾਂ ਦੀ ਆਪਸੀ ਸਾਂਝ ਗੁਣ ਅਧਾਰਤ ਹੋਵੇਗੀ।

੩. ਆਰਥਕ ਪ੍ਰਬੰਧ: ਸੁੱਚੀ ਕਿਰਤ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲਾ ਇਕ ਐਸਾ ਪ੍ਰਬੰਧ ਜਿਸ ਵਿਚ ਹਰ ਕਿਰਤ ਦਾ ਸਨਮਾਨ ਹੋਵੇਗਾ ਅਤੇ ਹਰ ਕਿਰਤੀ ਨੂੰ ਉਸਦੀ ਕਿਰਤ ਦਾ ਵਾਜਬ ਮੁੱਲ ਮਿਲੇਗਾ। ਲੁੱਟ ਰਹਿਤ ਇਕ ਐਸਾ ਪ੍ਰਬੰਧ ਜਿਸ ਵਿਚ ਪੈਸੇ ਵੀ ਵੰਡ ਕਿਰਤ ਦੇ ਅਧਾਰ ਉੱਤੇ ਹੋਵੇਗੀ ਅਤੇ ਜੋ ਪੈਸੇ ਦੀ ਜਮਾਂਖੋਰੀ ਤੋਂ ਮੁਕਤ ਹੋਵੇਗਾ। ਇਸ ਪ੍ਰਬੰਧ ਤਹਿਤ ਆਰਥਕ ਹਿੱਤਾਂ ਜਾਂ ਲਾਲਸਾਵਾਂ ਦੀ ਪੂਰਤੀ ਲਈ ਕੁਦਰਤ ਜਾਂ ਵਾਤਾਵਰਣ ਦਾ ਘਾਣ ਨਹੀਂ ਕੀਤਾ ਜਾਵੇਗਾ।

੪. ਗਿਆਨ ਪ੍ਰਬੰਧ: ਐਸਾ ਗਿਆਨ ਪ੍ਰਬੰਧ ਜੋ ਮਨੁੱਖ ਵਿਚ ਸਤ, ਸੰਤੋਖ ਅਤੇ ਵਿਚਾਰ ਜਿਹੇ ਸਦਗੁਣਾਂ ਦਾ ਵਿਗਾਸ ਕਰਕੇ ਮਨੁੱਖ ਨੂੰ ਆਤਮਕ ਖੇੜੇ ਵਾਲੀ ਜਿੰਦਗੀ ਜਿਓਣ ਦੇ ਸਮਰੱਥ ਬਣਾਉਣ ਵੱਲ ਸੇਧਤ ਹੋਵੇਗਾ। ਇਹ ਪ੍ਰਬੰਧ ਮਨੁੱਖ ਦੇ ਬੌਧਿਕ ਵਿਕਾਸ ਤੇ ਪਦਾਰਥਕ ਲੋੜਾਂ ਦੀ ਪੂਰਤੀ ਦੇ ਸਾਧਨ ਜੁਟਾਉਣ ਦੀ ਜੁਗਤ ਪ੍ਰਦਾਨ ਕਰਦਿਆਂ ਮਨੁੱਖ ਨੂੰ ਆਪਣੇ ਬੌਧਿਕ ਤੇ ਸਰੀਰਕ ਜੀਵਨ ਦਾ ਪੱਧਰ ਉੱਚਾ ਚੁੱਕਣ ਦੇ ਯੋਗ ਬਣਾਏਗਾ।

ਹ) ਅਜਾਦੀ ਦਾ ਅਰਥ:

ਅਜਾਦ ਦੇਸ਼ ਤੋਂ ਸਾਡਾ ਭਾਵ ਨਿਰਾ ਨਵੀਂ ਰਾਜਨੀਤਕ ਹੱਦਬੰਦੀ ਕਾਇਮ ਕਰਕੇ ਸੱਤਾ ਦੇ ਤਬਾਦਲੇ ਤੋਂ ਨਹੀਂ ਹੈ, ਜਿਸ ਤਰ੍ਹਾਂ ਭਾਰਤੀ ਉਪ-ਮਹਾਂਦੀਪ ਵਿਚੋਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ੧੯੪੭ ਵਿਚ ਕਾਂਗਰਸ ਨੇ ਕੀਤਾ ਸੀ। ਉਸ ਵਕਤ ਨਵੀਂ ਰਾਜਨੀਤਕ ਹੱਦਬੰਦੀ ਅਤੇ ਸੱਤਾ ਦਾ ਤਬਾਦਲਾ ਤਾਂ ਹੋ ਗਿਆ ਸੀ ਪਰ ਅਹਿਮ ਗੱਲ ਇਹ ਹੈ ਕਿ ਗਿਆਨ ਪ੍ਰਬੰਧ ਤਰਕ ਅਦਾਰਤ; ਰਾਜਨੀਤਕ ਪ੍ਰਣਾਲੀ ਕੇਂਦਰੀਵਾਦੀ; ਆਰਥਕ ਤੇ ਸਮਾਜਕ ਪ੍ਰਬੰਧ ਵੀ ਪਹਿਲਾਂ ਵਾਂਗ ਹੀ ਸੀਮਤ ਵਰਗ ਦੇ ਏਕਾ-ਅਧਿਕਾਰ ਵਾਲੇ ਹੀ ਰਹੇ।ਅਜਾਦੀ ਤੋਂ ਸਾਡਾ ਭਾਵ ਅਜਾਦ (ਪ੍ਰਭੂਸੱਤਾ-ਸੰਪੱਨ) ਰਾਜਨੀਤਕ ਢਾਂਚਾ ਕਾਇਮ ਕਰਨਾ ਹੈ ਜਿਥੇ ਖਾਲਸਾ ਪੰਥ ਦੀ ਵਿਲੱਖਣ ਹੋਂਦ ਹਸਤੀ ਬੁਲੰਦ ਹੋ ਸਕੇ ਅਤੇ ਜਿਸ ਵਿਚ ਸਰਬੱਤ ਦੇ ਭਲੇ ਵਾਲੇ ਆਰਥਕ ਅਤੇ ਸਮਾਜਕ ਪ੍ਰਬੰਧ, ਮਾਨਸਕ ਅਤੇ ਆਤਮਕ ਤੌਰ ਤੇ ਅਜਾਦ ਮਨੁੱਖ ਦੀ ਘਾੜ੍ਹਤ ਘੜ੍ਹਨ ਦੇ ਸਮਰੱਥ ਗਿਆਨ ਪ੍ਰਬੰਧ ਵਿਕਸਤ ਹੋ ਸਕਣ।

ਕ) ਆਦਰਸ਼ ਹਾਲਤਾਂ ਵਿਚ ਪੰਥ ਦੀ ਭੂਮਿਕਾ:

ਮੌਜੂਦਾ ਸਮੇਂ ਵਿਚ ਪ੍ਰਚੱਲਤ ਆਤਮ ਰੰਗ ਤੋਂ ਸੱਖਣੇ, ਨਿਰੇ ਬੌਧਿਕ ਸਮਰੱਥਾ ਉੱਤੇ ਅਧਾਰਤ ਮਨਮਤੀ ਪ੍ਰਬੰਧਾਂ ਨੂੰ ਖਤਮ ਕਰਕੇ ਆਦਰਸ਼ਕ ਸਿੱਖ ਰਾਜ ਲਾਗੂ ਕਰਨ ਦਾ ਮੂਲਭੂਤ ਅਧਾਰ ਆਤਮਕ ਤੌਰ 'ਤੇ ਜਾਗ੍ਰਤ ਅਤੇ ਸ਼ੁਭ ਮਾਨਵੀ ਗੁਣਾਂ ਨਾਲ ਲਬਰੇਜ਼ ਮਨੁੱਖਾਂ ਦੀ ਸੰਗਤ (ਜਥੇਬੰਦੀ) ਹੀ ਹੋ ਸਕਦਾ ਹੈ।ਅੱਜ ਜਦੋਂ ਦੁਨੀਆ ਵਿਚ ਪ੍ਰਚੱਲਤ ਰਾਜਸੀ, ਆਰਥਕ, ਸਮਾਜਕ ਅਤੇ ਗਿਆਨ ਪ੍ਰਬੰਧ ਦੇ ਮਾਡਲ ਪੂਰਨ ਜਾਂ ਅੰਸ਼ਕ ਰੂਪ ਵਿਚ ਅਸਫ਼ਲ ਹੋ ਚੁੱਕੇ ਹਨ ਅਤੇ ਮੁਕਾਮੀ ਤੇ ਸੰਸਾਰ ਪੱਧਰ ਉੱਤੇ ਅਸਥਿਰਤਾ ਵਾਲੇ ਹਾਲਾਤ ਬਣਦੇ ਜਾ ਰਹੇ ਹਨ ਤਾਂ ਆਦਰਸ਼ਕ ਰੂਪ ਵਿਚ ਗੁਰੂ ਖਾਲਸਾ ਪੰਥ ਦਾ ਇਹ ਫਰਜ਼ ਬਣਦਾ ਹੈ ਕਿ ਗੁਰਮਤਿ ਗਾਡੀ ਰਾਹ ਉੱਤੇ ਚੜ੍ਹਦੀਕਲਾ ਵਿਚ ਵਿਚਰਦਿਆਂ ਵਿਸ਼ਵ ਭਾਈਚਾਰੇ ਦੇ ਸਰਵਪੱਖੀ ਵਿਕਾਸ ਲਈ ਆਪਣੇ ਅਮਲ ਰਾਹੀਂ ਚਾਨਣ ਮੁਨਾਰਾ ਬਣੇ ਅਤੇ ਦੁਨੀਆ ਸਾਹਮਣੇ ਐਸੇ ਪ੍ਰਬੰਧ/ਮਾਡਲ ਪੇਸ਼ ਕਰੇ ਜਿਸ ਨਾਲ ਸਰਬੱਤ ਦਾ ਭਲਾ ਹੋ ਸਕੇ। ਗੁਰਮਤਿ ਅਨੁਸਾਰ ਕਿਉਂਕਿ ਮਨੁੱਖ ਦੁਆਰਾ ਬਣਾਏ ਗਏ ਢਾਂਚੇ ਜਾਂ ਪ੍ਰਣਾਲੀ ਵਿਚ ਊਣਤਾਈਆਂ ਦੀ ਗੁੰਜਾਇਸ਼ ਹਮੇਸ਼ਾਂ ਹੀ ਰਹੇਗੀ ਇਸ ਲਈ ਆਦਰਸ਼ਕ ਕਹਾਏ ਜਾਣ ਵਾਲੇ ਢਾਂਚਿਆਂ ਅਤੇ ਪ੍ਰਣਾਲੀਆਂ ਨੂੰ ਚਲਾਉਣ ਲਈ ਵੀ ਆਤਮਕ ਰੰਗ ਵਿਚ ਸਰਸ਼ਾਰ ਪੂਰਨ ਮਨੁੱਖ ਦੀ ਘਾੜ੍ਹਤ ਬੁਨਿਆਦੀ ਲੋੜ ਹੈ। ਇਸ ਲਈ ਪੰਥ ਦੇ ਅਮਲ ਦੀ ਜੜ੍ਹ ਰਾਜਨੀਤਕ ਢਾਂਚਿਆਂ ਦੀ ਬਜਾਏ ਸਰਬੱਤ ਦੇ ਭਲੇ ਵਾਲੇ ਸਤ, ਸੰਤੋਖ ਅਤੇ ਵਿਚਾਰ ਵਾਲੇ ਸੱਭਿਆਚਾਰ ਵਿਚ ਹੈ।

ਖ) ਸਿੱਖ ਪੰਥ ਦੀ ਆਦਰਸ਼ਕ ਮਾਰਗ-ਸੇਧ ਉੱਤੇ ਚੱਲਣ ਲਈ ਲੋੜੀਂਦੇ ਤੱਤਾਂ ਦੇ ਆਦਰਸ਼ਕ ਤੇ ਅਮਲੀ ਪਾੜੇ ਦੀ ਪੜਚੋਲ:

ਸਿੱਖ ਪੰਥ ਦੀ ਆਦਰਸ਼ਕ ਮਾਰਗ-ਸੇਧ ਨੂੰ ਅਮਲੀ ਰੂਪ ਦੇਣ ਲਈ ਦਾਨਿਸ਼ਵਰ/ਵਿਦਵਾਨ, ਰੂਹਾਨੀ ਸਖ਼ਸ਼ੀਅਤਾਂ, ਰਾਜਨੇਤਾ, ਸੰਸਥਾਵਾਂ, ਜਥੇਬੰਦੀਆਂ ਦੀ ਬੁਨਿਆਦੀ ਭੂਮਿਕਾ ਬਣਦੀ ਹੈ।

੧. ਦਾਨਿਸ਼ਵਰ: ਸਿੱਖ ਪੰਥ ਦੀ ਆਦਰਸ਼ਕ ਮਾਰਗ-ਸੇਧ ਦੇ ਮਸਲੇ ਵਿਚ ਬੌਧਿਕ ਤੌਰ ਉੱਤੇ ਪ੍ਰਪੱਕ ਦਾਨਿਸ਼ਵਰਾਂ ਦੀ ਬਹੁਤ ਅਹਿਮ ਭੂਮਿਕਾ ਹੈ ਜਿਨ੍ਹਾਂ ਨੇ ਸਰਬੱਤ ਦੇ ਭਲੇ ਵਾਲੀਆਂ ਪ੍ਰਣਾਲੀਆਂ ਤੇ ਢਾਂਚਿਆਂ ਦੇ ਅਧਾਰ ਅਤੇ ਵਾਜ਼ਬੀਅਤ ਨੂੰ ਸੰਸਾਰ ਸਾਹਮਣੇ ਸਿੱਧ ਕਰਦਿਆਂ ਇਨ੍ਹਾਂ ਦੇ ਅਮਲ ਲਈ ਲੋੜੀਂਦੀ ਰੂਪ-ਰੇਖਾ ਪੇਸ਼ ਕਰਨੀ ਹੈ। ਅਮਲੀ ਹਾਲਾਤ ਇਹ ਹੈ ਕਿ ਅੱਜ ਸਿੱਖ ਪੰਥ ਅੰਦਰ ਅਜਿਹੇ ਦਾਨਿਸ਼ਵਰਾਂ ਦੀ ਘਾਟ ਰੜਕਦੀ ਹੈ।
੨. ਰੂਹਾਨੀ ਸਖ਼ਸ਼ੀਅਤਾਂ: ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰੀ ਪ੍ਰਣਾਲੀਆਂ ਜਾਂ ਢਾਂਚਿਆਂ ਦੀ ਉਸਾਰੀ ਕਰਨ ਤੇ ਇਸ ਸਿਧਾਂਤ ਦੇ ਵਿਰੋਧੀਆਂ/ਦੁਸ਼ਮਣਾਂ ਖਿਲਾਫ ਸੰਘਰਸ਼ ਕਰਨ ਦਾ ਅਹਿਮ ਕਾਰਜ ਤੇ ਜਿੰਮੇਵਾਰੀ ਰੂਹਾਨੀ ਸਖਸੀਅਤਾਂ ਦੇ ਹਿੱਸੇ ਆਉਂਦੀ ਹੈ ਪ੍ਰੰਤੂ ਗੁਰੂ ਦੀ ਰਜ਼ਾ ਅਜਿਹੀ ਹੈ ਕਿ ਅਜਿਹੀਆਂ ਰੂਹਾਨੀ ਸਖ਼ਸ਼ੀਅਤਾਂ ਅਜੇ ਸੰਗਤਾਂ ਸਾਹਮਣੇ ਪਰਗਟ ਨਹੀਂ ਹੋ ਰਹੀਆਂ।
੩. ਰਾਜਨੇਤਾ: ਰਾਜਨੇਤਾ ਤੋਂ ਭਾਵ ਮੌਜੂਦਾ ਭਾਰਤੀ ਵੋਟ ਰਾਜਨੀਤੀ ਵਿਚ ਸਰਗਰਮ ਜਥੇਬੰਦੀਆਂ ਦੇ ਨੇਤਾਵਾਂ ਤੋਂ ਹੈ। ਇਨ੍ਹਾਂ ਰਾਜਨੇਤਾਵਾਂ ਦੀ ਭੂਮਿਕਾ ਇਹ ਬਣਦੀ ਹੈ ਕਿ ਸਿੱਖ ਪ੍ਰਣਾਲੀਆਂ ਅਤੇ ਢਾਂਚਿਆਂ ਨੂੰ ਵਿਕਸਤ ਕਰਨ ਵਿਚ ਲੱਗੇ ਹੋਏ ਦਾਨਿਸ਼ਵਰਾਂ ਅਤੇ ਉਨ੍ਹਾਂ ਨੂੰ ਕਾਇਮ ਕਰਨ ਵਿਚ ਲੱਗੀਆਂ ਹੋਈਆਂ ਪੰਥਕ ਸਖ਼ਸ਼ੀਅਤਾਂ ਦੇ ਮਦਦਗਾਰ ਸਾਬਤ ਹੋਣ। ਪਰ ਅਮਲ ਇਸ ਦੇ ਬਿਲਕੁਲ ਉਲਟ ਹੈ। ਅਜੋਕੇ ਰਾਜਨੇਤਾ ਭਾਰਤੀ ਪ੍ਰਬੰਧ ਵਲੋਂ ਮੌਜੂਦਾ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਹਿੰਦੂਕਰਨ ਦੀ ਵਿੱਢੀ ਮੁਹਿੰਮ ਵਿਚ ਸਹਾਈ ਹੋ ਰਹੇ ਹਨ। ਉਨ੍ਹਾਂ ਦਾ ਵਿਹਾਰ ਦਰਖਤ ਨੂੰ ਕੱਟਣ ਵਾਲੀ ਕੁਹਾੜੀ ਦੇ ਦਸਤੇ ਦੇ ਤੁਲ ਹੋ ਚੁੱਕਾ ਹੈ।
੪. ਸੰਸਥਾਵਾਂ: ਸਿੱਖ ਸੰਸਥਾਵਾਂ ਦੀ ਗੱਲ ਕਰੀਏ ਤਾਂ ਰੂਹਾਨੀ ਰੰਗਤ ਦੀ ਘਾਟ ਤੇ ਬੌਧਿਕ ਪੇਤਲੇਪਣ ਕਾਰਨ ਅਸੀਂ ੧੯੪੭ ਤੋਂ ਬਾਅਦ ਅਜਾਦੀ ਮਿਲਣ ਦੇ ਝੂਠੇ ਪ੍ਰਭਾਵ ਹੇਠ ਆ ਕੇ ਆਪਣੇ ਅਤੇ ਸਰਬੱਤ ਦੇ ਭਲੇ ਦੀ ਟੇਕ ਆਪਣੀਆਂ ਰਵਾਇਤੀ ਸਿੱਖ ਸੰਸਥਾਵਾਂ (ਜਿਵੇਂ ਕਿ ਗੁਰਦੁਆਰਾ, ਸੰਗਤ ਤੇ ਪੰਗਤ, ਅਕਾਲ ਤਖਤ  ਸਾਹਿਬ, ਸਰਬੱਤ ਖਾਲਸਾ, ਗੁਰਮਤਾ ਆਦਿ) ਦੀ ਬਜਾਏ ਭਾਰਤ ਦੀਆਂ ਕੇਂਦਰਵਾਦੀ ਸੰਸਥਾਵਾਂ ਉੱਤੇ ਰੱਖ ਲਈ। ਇਨ੍ਹਾਂ ਸੰਸਥਾਵਾਂ ਤੋਂ ਤਾਕਤ ਦਾ ਪ੍ਰਵਾਹ ਹਾਸਲ ਕਰਨ ਲਈ ਅਸੀਂ ਲਗਾਤਾਰ ਆਪਣੇ ਸਿਧਾਂਤ ਨਾਲ ਸਮਝੌਤੇ ਕਰਦੇ ਆ ਰਹੇ ਹਾਂ ਅਤੇ ਸਾਡੀਆਂ ਆਪਣੀਆਂ ਸਮਰੱਥ ਸੰਸਥਾਵਾਂ ਲਗਭਗ ਪ੍ਰਭਾਵਹੀਣ ਹੁੰਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਹਿੰਦੂਕਰਨ ਹੋ ਰਿਹਾ ਹੈ।
੫. ਜਥੇਬੰਦੀਆਂ: ਮੌਜੂਦਾ ਸਮੇਂ ਵਿਚ ਸਿੱਖ ਰਾਜਸੀ ਜਥੇਬੰਦੀਆਂ ਤਿੰਨ ਵੰਨਗੀਆਂ ਦੀਆਂ ਹਨ।ਪਹਿਲੀ ਵੰਨਗੀ ਵਿਚ ਉਹ ਜਥੇਬੰਦੀਆਂ ਹਨ ਜਿਹੜੀਆਂ ਭਾਰਤੀ ਕੇਂਦਰੀਵਾਦੀ ਨਿਜ਼ਾਮ ਅਧੀਨ ਵਿਚਰ ਰਹੀਆਂ ਹਨ ਅਤੇ ਭਾਰਤੀ ਰਾਜਸੀ ਪ੍ਰਣਾਲੀ ਦੀਆਂ ਸੰਸਥਾਵਾਂ ਤੋਂ ਤਾਕਤ ਪ੍ਰਾਪਤ ਕਰਕੇ ਲੋਕਾਂ ਦੀ ਭਲਾਈ ਕਰਨੀ ਚਾਹੁੰਦੀਆਂ ਹਨ। ਪ੍ਰੰਤੂ ਹਿੰਦੂ ਕੇਂਦਰਵਾਦੀ ਰਾਜਸੀ ਪ੍ਰਣਾਲੀ ਨੇ ਇਹਨਾਂ ਜਥੇਬੰਦੀਆਂ ਦਾ ਚਰਿੱਤਰ ਬਿਲਕੁਲ ਭ੍ਰਿਸ਼ਟ ਕਰ ਦਿੱਤਾ ਹੈ। ਇਸ ਵੰਨਗੀ ਦੀਆਂ ਜਥੇਬੰਦੀਆਂ ਦੀ ਕਾਰਗੁਜ਼ਾਰੀ ਦਾ ਮੁਤਾਲਿਆ ਕੀਤਾ ਜਾਵੇ ਤਾਂ ਅਸੀਂ ਇਸ ਨਤੀਜੇ ਉੱਤੇ ਪਹੁੰਚਦੇ ਹਾਂ ਕਿ ਇਸ ਧਿਰ ਨੇ ਸਿੱਖਾਂ ਦੀ ਵਿਲੱਖਣ ਦਿੱਖ ਦ੍ਰਿੜ ਕਰਨ ਅਤੇ ਲੋਕਾਈ ਦੀ ਭਲਾਈ ਦੀ ਬਜਾਏ ਭਾਰਤੀ ਸਟੇਟ ਦੇ ਇਕਹਿਰੀ ਹਿੰਦੋਸਤਾਨੀ ਕੌਮ ਬਣਾਉਣ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਅਤੇ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਹੀ ਸੱਤਾ ਨੂੰ ਵਰਤਿਆ ਹੈ। ਇਹ ਧਿਰ ਲੋਕਾਈ ਦੀ ਲੁੱਟ ਅਤੇ ਕੁੱਟ ਦਾ ਜਰੀਆ ਬਣ ਗਈਆਂ ਹਨ ਅਤੇ ਕੁਝ ਇਕ ਪਰਿਵਾਰਾਂ ਲਈ ਪੈਸੇ ਦੀ ਲੁੱਟ ਅਤੇ ਚੌਧਰ ਮਾਨਣ ਦਾ ਸਾਧਨ ਬਣ ਗਈਆਂ ਹਨ। ਇਸ ਵੰਨਗੀ ਵਿਚ ਮੁੱਖ ਰੂਪ ਵਿਚ ਬਾਦਲ ਦਲ ਸ਼ਾਮਲ ਹੈ ਤੇ ਇਹ ਜਥੇਬੰਦੀ ਜਨਤਕ ਤੌਰ ਉੱਤੇ ਅਜ਼ਾਦ ਸਿੱਖ ਰਾਜਸੀ ਪ੍ਰਣਾਲੀ ਦੀ ਮੁੱਦਈ ਨਹੀਂ ਹੈ।ਦੂਜੀ ਵੰਨਗੀ ਵਿਚ ਉਹ ਜਥੇਬੰਦੀਆਂ ਹਨ ਜੋ ਭਾਰਤੀ ਵੋਟ ਰਾਜਨੀਤੀ ਵਿਚ ਸਰਗਰਮ ਹਨ ਅਤੇ ਭਾਰਤੀ ਰਾਜਸੀ ਪ੍ਰਣਾਲੀ ਦੀਆਂ ਸੰਸਥਾਵਾਂ ਤੋਂ ਤਾਕਤ ਹਾਸਲ ਕਰਨ ਦੀਆਂ ਇਛੁਕ ਹਨ, ਭਾਵ ਇਨ੍ਹਾਂ ਦੇ ਆਗੂ ਅਹੁਦੇ ਅਤੇ ਪਦਵੀਆਂ ਮਾਨਣ ਦੇ ਇਛੁਕ ਹਨ ਅਤੇ ਨਾਲ ਹੀ ਅਜ਼ਾਦ ਸਿੱਖ ਰਾਜ ਦੇ ਵੀ ਮੁਦਈ ਹਨ। ੧੯੯੩-੯੪ ਵਿਚ ਖਾਲਿਸਤਾਨੀ ਖਾੜਕੂ ਲਹਿਰ ਦੇ ਉਤਰਾਅ 'ਤੇ ਇਸ ਧਿਰ ਦੀ ਲੀਡਰਸ਼ਿਪ ਦੀਆਂ ਗਲਤੀਆਂ ਅਤੇ ਢਿੱਲੀਆਂ ਚੂਲਾਂ ਵਾਲੇ ਢਾਂਚੇ ਕਾਰਨ ਇਸ ਦੀ ਜਥੇਬੰਦਕ ਸਮਰੱਥਾ ਖੁਰਨੀ ਸ਼ੁਰੂ ਹੋ ਗਈ ਜੋ ਵਰਤਮਾਨ ਸਮੇਂ ਵਿਚ ਹੇਠਲੇ ਤਲ ਤੱਕ ਪਹੁੰਚ ਗਈ ਹੈ। ਜਿਥੇ ਇਕ ਸਮੇਂ ਇਸ ਧਿਰ ਨੂੰ ਭਾਰਤੀ ਕੇਂਦਰਵਾਦੀ ਨਿਜ਼ਾਮ ਵਲੋਂ, ਅਤੇ ਸੰਸਾਰ ਪੱਧਰ ਉੱਤੇ, ਸਿੱਖਾਂ ਦੇ ਤਰਜ਼ਮਾਨ ਹੋਣ ਦੀ ਮਾਨਤਾ ਸੀ ਉਥੇ ਅੱਜ ਇਹ ਸਿੱਖ ਸਮਾਜ ਵਿਚ ਵੀ ਆਪਣੀ ਪਕੜ ਗਵਾ ਚੁੱਕੀ ਹੈ ਤੇ ਖਾਲਿਸਤਾਨ ਲਹਿਰ ਦੀ ਸਿੱਖ ਸਮਾਜ ਵਿਚਲੀ ਹਰਮਨਪਿਆਰਤਾ ਵੀ ਪਹਿਲਾਂ ਵਾਲੀ ਨਹੀਂ ਰਹੀ। ਇਸ ਬਦਲੇ ਹੋਏ ਸੰਦਰਭ ਨੂੰ ਸਮਝਣ ਵਿਚ ਇਹ ਧਿਰ ਨਾਕਾਮ ਰਹੀ ਹੈ ਤੇ ਖਾਲਿਸਤਾਨੀ ਲਹਿਰ ਦੀ ਚੜ੍ਹੱਤਲ ਸਮੇਂ ਅਪਣਾਏ 'ਖਾਲਿਸਤਾਨ ਜਿੰਦਾਬਾਦ' ਦੇ ਨਾਅਰੇ ਨੂੰ ਭਾਵਨਾਤਮਕ ਪੱਧਰ ਉੱਤੇ ਜਿਸ ਗੈਰ-ਸੰਜ਼ੀਦਗੀ ਨਾਲ ਲਗਾਈ ਜਾ ਰਹੀ ਹੈ ਉਸ ਨਾਲ ਇਸ ਨਾਅਰੇ ਦੀ ਵੁੱਕਤ ਤੇ ਸ਼ਾਨ ਘਟ ਰਹੀ ਹੈ।ਤੀਜੀ ਵੰਨਗੀ ਵਿਚ ਉਹ ਜਥੇਬੰਦੀਆਂ ਹਨ ਜੋ ਅਜਾਦ ਸਿੱਖ ਰਾਜਸੀ ਪ੍ਰਣਾਲੀ ਦੀਆਂ ਮੁਦਈ ਹਨ ਅਤੇ ਸਿੱਖ ਸੰਸਥਾਵਾਂ ਨੂੰ ਸਮੇਂ ਦੇ ਹਾਣ ਦੀਆਂ ਬਣਾ ਕੇ ਉਹਨਾਂ ਰਾਹੀਂ ਆਮ ਲੋਕਾਈ ਦੀ ਸਰਵਪੱਖੀ ਭਲਾਈ ਦੀਆਂ ਹਾਮੀ ਹਨ। ਇਹ ਭਾਰਤੀ ਨਿਜ਼ਾਮ ਅਧੀਨ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਦੀ ਆਸ ਨਹੀਂ ਰੱਖਦੀਆਂ। ਪੰਥ ਵਿਚ ਰੂਹਾਨੀ ਸਖਸੀਅਤਾਂ ਤੇ ਸਿਧਾਂਤਕ ਸਮਝ ਦੀ ਘਾਟ, ਦੀਰਘ-ਕਾਲੀ ਪ੍ਰੋਗਰਾਮ ਦੀ ਅਣਹੋਂਦ ਕਾਰਨ ਸਰਗਰਮੀ ਦਾ ਅਧਾਰ ਡੰਗ-ਟਪਾਊ ਤੇ ਪ੍ਰਤੀਕਿਰਿਆਵਾਦੀ ਰਾਜਨੀਤੀ ਹੀ ਰਹੀ ਹੈ ਇਸ ਲਈ ਇਨ੍ਹਾਂ ਵਲੋਂ ਲਾਮਬੰਦੀ ਲਈ ਲਗਾਤਾਰ ਤੇ ਸਹੀ ਸੇਧ ਵਾਲੀ ਸਰਗਰਮੀ ਨਹੀਂ ਹੋ ਸਕੀ।ਭਾਰਤੀ ਸਟੇਟ ਦੀ ਜਬਰ ਨੀਤੀ ਤੇ ਆਲਮੀ ਹਾਲਾਤਾਂ ਵਿਚ ਆਈ ਵੱਡੀ ਤਬਦੀਲੀ ਨੇ ਵੀ ਇਨ੍ਹਾ ਸੰਘਰਸ਼ਸ਼ੀਲ ਅਜਾਦੀ ਪਸੰਦ ਧਿਰਾਂ ਦੇ ਲਈ ਔਖਾ ਮਾਹੌਲ ਉਸਾਰਿਆ ਹੈ।

ਗ) ਮਾਰਗ-ਸੇਧ ਤਹਿ ਕਰਨ ਦੀ ਦੁਬਿਧਾ:

ਜੇਕਰ ਪੰਥ ਦੇ ਦਾਨਿਸ਼ਵਰ, ਰਾਜਨੇਤਾ, ਸਖ਼ਸ਼ੀਅਤਾਂ, ਸੰਸਥਾਵਾਂ ਤੇ ਜਥੇਬੰਦੀਆਂ ਦੀ ਬੌਧਿਕ, ਮਾਨਸਿਕ, ਰੂਹਾਨੀ ਦਸ਼ਾ ਦੇ ਅਧਾਰ ਉੱਤੇ ਫੈਸਲਾ ਕਰਨਾ ਹੋਵੇ ਤਾਂ ਮਾਰਗ-ਸੇਧ ਇਹ ਬਣਦੀ ਹੈ ਕਿ ਕਾਰਜ ਨੀਂਹ-ਉਸਾਰੀ ਦੇ ਪੱਧਰ ਤੋਂ ਸ਼ੁਰੂ ਕੀਤਾ ਜਾਵੇ। ਇਹ ਬਹੁਤ ਧੀਮਾ ਅਮਲ ਹੁੰਦਾ ਹੈ।ਦੂਜੇ ਪਾਸੇ ਜੇਕਰ ਭਾਰਤੀ ਉਪਮਹਾਂਦੀਪ ਵਿਚ ਹਿੰਦੂ ਕੇਂਦਰਵਾਦੀ ਨਿਜ਼ਾਮ ਦੀਆਂ ਸੰਸਥਾਵਾਂ ਦਾ ਜਰਜ਼ਰਾਪਣ, ਦੱਖਣੀ ਏਸ਼ੀਆ ਤੇ ਵਿਸ਼ਵ ਦੀ ਰਾਜਨੀਤਕ ਤੇ ਆਰਥਕ ਸਥਿਤੀ ਵੱਲ ਵੇਖੀਏ ਤਾਂ ਕੋਈ ਵੀ ਅਚਾਨਕ, ਅਣਕਿਆਸੀ ਤੇ ਵੱਡੀ ਉਥਲ-ਪੁਥਲ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਹਨ ਜਿਸ ਵਿਚੋਂ ਨਵੇਂ ਰਾਜਨੀਤਕ ਮੌਕੇ ਪੈਦਾ ਹੋ ਸਕਦੇ ਹਨ ਜਿਸ ਲਈ ਜਥੇਬੰਦਕ ਪੱਧਰ ਉਪਰ ਫੌਰੀ ਕਦਮ ਚੁੱਕਣੇ ਲਾਜਮੀ ਬਣਦੇ ਹਨ।

ਘ) ਮਾਰਗ-ਸੇਧ ਤਹਿ ਕਰਨ ਦੀਆਂ ਔਖਿਆਈਆਂ:

ਸਭ ਤੋਂ ਅਹਿਮ ਗੱਲ ਕਿ ਖਾਲਸਾ ਪੰਥ ਵਰਤਮਾਨ ਰਾਜਨੀਤਕ ਗੁਲਾਮੀ ਅਤੇ ਬਿਪਰਵਾਦੀ ਸਮਾਜਕ ਪ੍ਰਬੰਧ ਦੇ ਸੂਖਮ ਪੱਧਰ ਉੱਤੇ ਪੈ ਰਹੇ ਮਾਨਸਕ ਅਸਰ ਅਧੀਨ ਦੇਹ ਦੀਆਂ ਪਦਾਰਥਕ ਲੋੜਾਂ ਅਤੇ ਮਨ ਦੀਆਂ ਵਿਕਾਰੀ ਰੁਚੀਆਂ ਦੇ ਅਸਰ ਹੇਠ ਆ ਗਿਆ ਜਾਪਦਾ ਹੈ, ਜਿਸ ਕਾਰਨ ਆਤਮ ਰੰਗ ਵਿਚ ਰੰਗੀ ਸਤ, ਸੰਤੋਖ ਅਤੇ ਵਿਚਾਰ ਵਾਲੀ ਤਰਜ਼-ਏ-ਜਿੰਦਗੀ ਤੋਂ ਵਿਰਵਾ ਹੁੰਦਾ ਜਾ ਰਿਹਾ ਹੈ।ਦੂਜਾ, ਭਾਰਤੀ ਸਟੇਟ ਨੇ ਸੰਘਰਸ਼ਸ਼ੀਲ ਲਹਿਰਾਂ ਨਾਲ ਨਜਿੱਠਣ ਦਾ ਖਾਸਾ ਤਜ਼ਰਬਾ ਹਾਸਲ ਕਰ ਲਿਆ ਹੈ। ਤੀਜਾ, ਪਹਿਲਾਂ ਲਹਿਰ ਦੀ ਨਵੀਂ ਸ਼ੁਰੂਆਤ ਸੀ ਪਰ ਹੁਣ ਪਿਛਲੀ ਲਹਿਰ ਦੀ ਵੇਲਾ-ਵਿਹਾ ਚੁੱਕੀ ਲੀਡਰਸ਼ਿਪ ਹੀ ਕਿਸੇ ਉਸਾਰੂ ਕਾਰਜ ਖਿਲਾਫ ਇਕ ਚੁਣੌਤੀ ਬਣ ਚੁੱਕੀ ਹੈ। ਚੌਥਾ, ਭਾਰਤੀ ਸਟੇਟ ਦੇ ਮਨੋਵਿਗਿਆਨਕ ਹਮਲੇ ਦਾ ਵੀ ਸਿੱਖ ਸਮਾਜ ਉੱਤੇ ਖਾਸਾ ਅਸਰ ਵੇਖਿਆ ਜਾ ਸਕਦਾ ਹੈ।ਪੰਜਵਾਂ, ਖਾਲਸਾ ਰਾਜ ਦੇ ਸੰਕਲਪ ਅਤੇ ਖਾੜਕੂ ਲਹਿਰ ਦੀ ਵਾਜਬੀਅਤ (Justification)  ਦੀ ਇਕ ਬਹੁ-ਪਰਤੀ ਵਿਆਖਿਆ ਦੀ ਅਣਹੋਂਦ।

ਙ) ਸੰਭਾਵਤ ਮਾਰਗ-ਸੇਧ ਬਾਰੇ:

ਅਸੀਂ ਲਹਿਰ ਦਾ ਸਿਖਰ ਭਾਵ ਹਥਿਆਰਬੰਦ ਸੰਘਰਸ਼ ਦਾ ਪੜਾਅ ਲੰਘ ਚੁੱਕੇ ਹਾਂ। ਹੁਣ ਮਸਲਾ ਅਤੀਤ ਦੀ (ਹਥਿਆਰਬੰਦ) ਲਹਿਰ ਨੂੰ ਪੁਰਾਣੀਆਂ ਲੀਹਾਂ ਉਤੇ ਸੁਰਜੀਤ ਕਰਨ ਜਾਂ ਪੁਰਾਣੀਆਂ ਹੀ ਲੀਹਾਂ ਉਤੇ ਕਿਸੇ ਨਵੀਂ ਲਹਿਰ ਦੀ ਸ਼ੁਰੂਆਤ ਦਾ ਨਹੀਂ, ਸਗੋਂ ਚੱਲ ਰਹੀ ਲਹਿਰ ਦਾ ਪਹਿਲਾ ਹੱਲਾ ਪੂਰਾ ਕਾਮਯਾਬ ਨਾ ਹੋਣ ਤੋਂ ਬਾਅਦ, ਉੱਕਾ ਹੀ ਨਵੀਆਂ ਸਥਿਤੀਆਂ ਅੰਦਰ ਨਵੇਂ ਹੱਲੇ ਦੀ ਸ਼ੁਰੂਆਤ ਕਰਨ ਦਾ ਹੈ।ਕਿਸੇ ਵੀ ਲਹਿਰ ਦੀ ਮਾਰਗ-ਸੇਧ ਦੇ ਤਿੰਨ ਪੜਾਅ ਬਣਦੇ ਹਨ – ਸਿੱਖਿਆ, ਲਾਮਬੰਦੀ ਅਤੇ ਸੰਘਰਸ਼। ਕਿਸੇ ਸਮੇਂ ਇਹ ਤਿੰਨੋ ਪੱਖ ਇਕੋ ਜਥੇਬੰਦੀ ਦੇ ਵੱਖ-ਵੱਖ ਹਿੱਸੇ ਹੀ ਪੂਰ ਸਕਦੇ ਹਨ ਅਤੇ ਕਿਸੇ ਸਮੇਂ ਇਸ ਕਾਰਜ ਲਈ ਵੱਖ-ਵੱਖ ਜਥੇਬੰਦੀਆਂ ਕੰਮ ਕਰਦੀਆਂ ਹਨ। ਸਮੇਂ ਦੀ ਨਜ਼ਾਕਤ ਜਾਂ ਮੰਗ ਮੁਤਾਬਕ ਹੀ ਕਿਸੇ ਸਮੇਂ ਤਿੰਨਾਂ ਵਿਚੋਂ ਕਿਸੇ ਇਕ ਪੱਖ ਉੱਤੇ ਵਧਵਾਂ ਜ਼ੋਰ ਦੇਣਾ ਹੁੰਦਾ ਹੈ। ਅਜੋਕੇ ਹਾਲਾਤ ਵਿਚ ਤਿੰਨਾ ਪੱਖਾਂ ਭਾਵ ਲਾਮਬੰਦੀ, ਸਿੱਖਿਆ ਅਤੇ ਸੰਘਰਸ਼ ਨੂੰ ਵੱਖ-ਵੱਖ ਜਥੇਬੰਦੀਆਂ ਰਾਹੀਂ ਅੱਗੇ ਵਧਾਉਣ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਪਿਛਲੇ ਪੜਾਅ ਵਿਚ ਬਚੀਆਂ ਸਾਬਤ ਸਿਦਕ ਸਖ਼ਸ਼ੀਅਤਾਂ ਨੂੰ ਆਪੋ ਆਪਣੀ ਮੁਹਾਰਤ ਮੁਤਾਬਕ ਵੱਖ-ਵੱਖ ਜਥੇਬੰਦੀਆਂ/ਖੇਤਰਾਂ ਵਿਚ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।

ਚ) ਮਾਰਗ-ਸੇਧ ਲਈ ਬੁਨਿਆਦੀ ਨੁਕਤੇ:

੧. ਸੰਘਰਸ਼ ਦੀ ਸ਼ੁਰੂਆਤ ਵਿਚਾਰਧਾਰਕ ਪੱਧਰ ਉੱਤੇ ਉਸਾਰਣ ਤੋਂ ਬਾਅਦ ਹੀ ਜਥੇਬੰਦਕ ਬਣਤਰਾਂ ਹੋਂਦ ਵਿਚ ਲਿਆਂਦੀਆਂ ਜਾਣੀਆਂ ਚਾਹੀਦੀਆਂ ਹਨ।
੨. ਰਾਜਨੀਤਕ ਜਥੇਬੰਦੀਆਂ ਤੇ ਅਕਾਦਮਿਕ ਸੰਸਥਾਵਾਂ ਲਈ ਦੀਰਘ-ਕਾਲੀ ਪ੍ਰੋਗਰਾਮ ਨਿਸਚਤ ਹੋਣੇ ਚਾਹੀਦੇ ਹਨ ਅਤੇ ਵਕਤੀ ਪ੍ਰਤਕਿਰਿਆਤਮਕ ਸਰਗਰਮੀਆਂ ਨੂੰ ਇਹਨਾਂ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।
੩. ਵੱਖ-ਵੱਖ ਪਿੜਾਂ (ਸਮਾਜਕ, ਆਰਥਿਕ, ਰਾਜਨੀਤਕ ਵਗੈਰਾ) ਵਿਚ ਚੱਲ ਰਹੇ ਸੰਘਰਸ਼ਾਂ ਦੀ ਫਿਤਰਤ ਨੂੰ ਸਮਝਣਾ ਤੇ ਉਹਨਾਂ ਨੂੰ ਆਪਸ ਵਿਚ ਸੂਤਰਬੱਧ ਕਰਨਾ।
੪. ਹਿੰਦੂਤਵੀ ਸਮਾਜ ਦੇ ਵਿਤਕਰੇ/ਜਬਰ ਦੇ ਬੁਨਿਆਦੀ ਸਰੋਤ (ਜਾਤ-ਪਾਤ ਅਧਾਰਤ ਮੰਨੂਵਾਦੀ ਸੋਚ) ਨੂੰ ਸੰਬੋਧਤ ਹੋਣ ਦੀ ਲੋੜ ਹੈ।
੫. ਅਗਵਾਈ ਕਰਨ ਵਾਲਿਆਂ ਲਈ ਮੀਰੀ-ਪੀਰੀ ਦਾ ਤਵਾਜ਼ਨ ਰੱਖਣਾ ਜਰੂਰੀ ਹੈ ਜਿਸ ਤਹਿਤ ਉਨ੍ਹਾਂ ਦੀ ਸਿਆਸੀ ਸੂਝ ਉੱਚ ਪੱਧਰੀ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਰੂਹਾਨੀ ਜੀਵਨ ਤੇ ਚਰਿੱਤਰ ਵੀ ਉੱਚ ਪਾਏ ਦਾ ਹੋਵੇ ਤਾਂ ਕਿ ਅਜੋਕੇ ਹਾਲਾਤਾਂ ਵਿਚ ਪਾਏ ਜਾ ਰਹੇ ਕਹਿਣੀ ਅਤੇ ਕਥਨੀ ਦੇ ਪਾੜੇ ਨੂੰ ਦੂਰ ਕਰਕੇ ਮਜੂਬਤ ਅਗਵਾਈ ਦਿੱਤੀ ਜਾ ਸਕੇ।
੬. ਇਸ ਗੱਲ ਦਾ ਅਹਿਸਾਸ ਕਰਨਾ ਜਰੂਰੀ ਹੈ ਕਿ ਨਿਸ਼ਾਨੇ ਦੀ ਪਵਿੱਤਰਤਾ ਦੇ ਨਾਲ-ਨਾਲ ਉਸ ਦੀ ਪ੍ਰਾਪਤੀ ਲਈ ਅਪਣਾਏ ਜਾਣ ਵਾਲੇ ਸਾਧਨ ਅਤੇ ਢੰਗ-ਤਰੀਕੇ ਵੀ ਬਰਾਬਰ ਦਾ ਮਹੱਤਵ ਰੱਖਦੇ ਹਨ।
੭. ਸਿਆਸੀ ਨਿਸ਼ਾਨੇ ਸਰ ਕਰਨ ਲਈ ਗੁਰਮਤਿ ਨੂੰ ਤਿਲਾਂਜਲੀ ਦੇਣ ਵਾਲਿਆਂ ਜਾਂ ਮਨਮੁੱਖਾਂ ਨੂੰ ਇਸ ਪਵਿੱਤਰ ਕਾਰਜ ਦੇ ਪਾਂਧੀਆਂ ਵਜੋਂ ਪ੍ਰਵਾਣ ਕਰਨ ਵਰਗੀਆਂ ਪ੍ਰਵਿਰਤੀਆਂ ਨੂੰ ਠੱਲ੍ਹ ਪਾਉਣੀ ਵੀ ਅਤਿ ਜਰੂਰੀ ਹੈ।

ਛ) ਸੰਭਾਵਤ ਜਥੇਬੰਦਕ ਢਾਂਚੇ:

ਵਰਤਮਾਨ ਹਾਲਾਤਾਂ ਦੀ ਤਰਲਤਾ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਦੀਆਂ ਜਥੇਬੰਦੀਆਂ ਦੇ ਬਾਨਣੂੰ ਬੰਨਣ ਖਾਤਰ ਬਹੁਤ ਲਚਕੀਲੇ ਢਾਂਚੇ ਕਾਇਮ ਕਰਨ ਦੇ ਹਾਲਾਤ ਹੀ ਪਰਤੀਤ ਹੋ ਰਹੇ ਹਨ। ਸਤਿਗੁਰੂ ਦੀ ਮਿਹਰ ਹੋਵੇ ਤਾਂ ਇਹ ਢਾਂਚੇ ਭਵਿੱਖ ਵਿਚ ਪੰਥ ਦੀਆਂ ਭਾਵਨਾਵਾਂ ਅਤੇ ਅਮਲਾਂ ਦੇ ਤਰਜ਼ਮਾਨ ਬਣ ਸਕਦੇ ਹਨ।ਮੌਜੂਦਾ ਹਾਲਤ ਵਿਚ ਹੇਠ ਲਿਖੇ ਖੇਤਰਾਂ ਵਿਚ ਪਹਿਲਕਦਮੀ ਕੀਤੀ ਜਾ ਸਕਦੀ ਹੈ:

੧. ਖਾਲਿਸਤਾਨ ਲਈ ਇਕ ਮੰਚ: ਇਸ ਪਲੇਟਫਾਰਮ ਉੱਤੇ ਇਕ ਪੰਥਕ ਪੱਧਰ ਦੀ ਜਥੇਬੰਦੀ ਹੋ ਸਕਦੀ ਹੈ ਹੋਰ ਮੁਕਾਮੀ ਇਕਾਈਆਂ (ਦੇਸ਼, ਰਾਜ, ਜਿਲ੍ਹਾ ਜਾਂ ਤਹਿਸੀਲ ਪੱਧਰ) ਦੀ ਲੋੜ ਨਹੀਂ ਹੈ। ਇਸ ਮੰਚ ਦੀ ਉਸਾਰੀ ਲਈ ਜਥੇਬੰਦ ਹੋਣ ਦੇ ਰਵਾਇਤੀ ਸਿੱਖ ਤਰੀਕਾਕਾਰ ਦਾ ਨਵੀਨੀਕਰਨ ਕਰਕੇ ਕੀਤੀ ਜਾ ਸਕਦੀ ਹੈ। ਇਸ ਦੇ ਸੰਭਾਵਤ ਢਾਂਚੇ ਵਿਚ ਕੁਝ ਸਖ਼ਸ਼ੀਅਤਾਂ 'ਤੇ ਅਧਾਰਤ ਸਾਂਝੀ ਅਗਵਾਈ ਹੋਵੇਗੀ ਅਤੇ ਲੋੜ ਮੁਤਾਬਕ ਕੌਮੀ ਪੱਧਰ ਦੇ ਸੀਮਤ ਅਹੁਦੇਦਾਰ ਹੋਣਗੇ ਤੇ ਬਾਕੀ ਇਸ ਜਥੇਬੰਦੀ ਦੇ ਮੈਂਬਰ ਹੋਣਗੇ, ਭਾਵ ਸਥਾਨਕ ਪੱਧਰ ਦੀਆਂ ਅਹੁਦੇਦਾਰੀਆਂ ਨਹੀਂ ਹੋਣਗੀਆਂ।ਇਸ ਮੰਚ ਵਲੋਂ ਕੀਤੇ ਜਾਣ ਵਾਲੇ ਕਾਰਜ: ਖਾਲਿਸਤਾਨ ਦੀ ਵਿਚਾਰਧਾਰਾ ਤੇ ਇਸ ਉੱਤੇ ਅਧਾਰਤ ਢਾਂਚੇ, ਪ੍ਰਣਾਲੀਆਂ ਅਤੇ ਪ੍ਰਬੰਧ ਬਾਰੇ ਸਿਧਾਂਤਕਾਰੀ/ਗਿਆਨਕਾਰੀ ਪੇਸ਼ ਕਰਨ ਦੀ ਕਵਾਇਦ ਨੂੰ ਉਤਸ਼ਾਹਤ ਕਰਨਾ।ਖਾਲਿਸਤਾਨ ਦੀ ਵਿਚਾਰਾਧਾਰਾ ਦੀ ਸਿਧਾਂਤਕ ਪੇਸ਼ਕਾਰੀ ਦੇ ਪ੍ਰਚਾਰ-ਪ੍ਰਸਾਰ ਨਾਲ ਪੰਥ ਅੰਦਰ ਇਸ ਵਿਚਾਰਧਾਰਾ ਦਾ ਅਧਾਰ ਤਿਆਰ ਕਰਨਾ ਅਤੇ ਦੁਨੀਆ ਵਿਚ ਇਸ ਦੀ ਵਾਜ਼ਬੀਅਤ ਸਿੱਧ ਕਰਨੀ।ਸੱਭਿਆਚਰਕ ਵੰਨ-ਸੁਵੰਨਤਾਂ ਨੂੰ ਕਾਇਮ ਰੱਖਣ ਤੇ ਪ੍ਰਫੁੱਲਤ ਕਰਨ ਵਾਲੀਆਂ ਹੋਰਨਾਂ ਧਿਰਾਂ ਨਾਲ ਸੰਵਾਦ ਰਚਾਉਂਣਾ ਅਤੇ ਉਨ੍ਹਾਂ ਨਾਲ ਜਥੇਬੰਦਕ ਪੱਧਰ ਉੱਤੇ ਤਾਲਮੇਲ ਤੇ ਸਾਂਝ (ਜਿਥੇ ਸੰਭਵ ਹੋਵੇ) ਕਾਇਮ ਕਰਨਾ।ਖਾਲਿਸਤਾਨ ਲਹਿਰ ਦੇ ਨਾਇਕਾਂ ਅਤੇ ਇਤਿਹਾਸਕ ਸਾਕੇ/ਘਟਨਾਵਾਂ ਦੀਆਂ ਯਾਦਾਂ ਨੂੰ ਮਨਾਉਣਾ ਅਤੇ ਸੰਘਰਸ਼ ਦੀਆਂ ਪ੍ਰਾਪਤੀਆਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਪੰਥ ਤੱਕ ਲੈ ਕੇ ਜਾਣਾ।

੨) ਧਰਮ ਪ੍ਰਚਾਰ ਲਈ ਜਥੇਬੰਦੀ: ਸਿੱਖਾਂ ਦੇ ਅਧਿਆਤਮਕ ਅਤੇ ਸਮਾਜਕ ਵਿਕਾਸ ਲਈ ਇਕ ਜਥੇਬੰਦੀ ਹੋ ਸਕਦੀ ਹੈ ਜਿਹੜੀ ਆਪਣੇ ਕਾਰਜਖੇਤਰ ਨੂੰ ਸਿੱਖਿਅਤ ਕਰਨ ਅਤੇ ਲਾਮਬੰਦੀ ਕਰਨ ਤੱਕ ਮਹਿਦੂਦ ਰੱਖੇ।

੩) ਅਕਾਦਮਿਕ ਸੰਸਥਾਵਾਂ: ਜਾਣਕਾਰੀ/ਗਿਆਨ ਦੀ ਇਕੱਤਰਤਾ, ਵਿਆਖਿਆ ਅਤੇ ਜਨਤਕ ਖੇਤਰ ਵਿਚ ਪੇਸ਼ਕਾਰੀ ਲਈ ਅਕਾਦਮਕ ਪੱਧਰ ਦੀਆਂ ਸੰਸਥਾਵਾਂ ਦੀ ਸਥਾਪਨਾ ਅਤੇ ਪਹਿਲਾਂ ਤੋਂ ਮੌਜੂਦਾ ਵੱਖ-ਵੱਖ ਸੰਸਥਾਵਾਂ ਵਿਚ ਤਾਲਮੇਲ ਬਠਾਉਣਾ।

੪) ਮਨੁੱਖੀ ਅਧਿਕਾਰ ਜਥੇਬੰਦੀ: ਮਨੁੱਖੀ ਹੱਕਾਂ ਦੇ ਘਾਣ ਬਾਰੇ ਤੱਥ ਇਕੱਤਰ ਕਰਕੇ ਰਿਪੋਰਟਾਂ ਤਿਆਰ ਕਰਨਾ, ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਰੋਕਣ ਲਈ ਯਤਨ ਕਰਨੇ ਤੇ ਉਲੰਘਣਾ/ਘਾਣ ਦੇ ਦੋਸ਼ੀਆਂ ਵਿਰੁਧ ਕਾਨੂੰਨੀ ਚਾਰਾਜੋਈ ਕਰਨਾ। ਮਨੁੱਖੀ ਹੱਕਾਂ ਦੇ ਖੇਤਰ ਵਿਚ ਪਹਿਲਾਂ ਤੋਂ ਵਿਚਰ ਰਹੀਆਂ ਜਥੇਬੰਦੀਆਂ ਨਾਲ ਸਹਿਯੋਗ ਦਾ ਅਦਾਨ-ਪ੍ਰਦਾਨ ਕਰਨਾ ਅਤੇ ਹੱਕਾਂ ਬਾਰੇ ਜਾਗਰੂਕਤਾ ਪੈਦਾ ਕਰਨਾ।

੫) ਭਾਰਤੀ ਨਿਜਾਮ ਅਧੀਨ ਸਿੱਖ ਰਾਜਸੀ ਜਥੇਬੰਦੀ: ਸਿੱਖ ਪੰਥ ਲਈ ਬਿਲਕੁਲ ਪਵਿੱਤਰ ਭਾਵਨਾਵਾਂ ਰੱਖਣ ਵਾਲੀਆਂ ਸਿੱਖ ਸਖ਼ਸ਼ੀਅਤਾਂ ਬਹੁਤ ਵਾਰ ਮੌਜੂਦਾ ਭਾਰਤੀ ਕੇਂਦਰਵਾਦੀ ਪ੍ਰਬੰਧ ਤੋਂ ਤਾਕਤ ਹਾਸਲ ਕਰਨ ਵੱਲ ਰੁਚਿਤ ਹੋ ਜਾਂਦੀਆਂ ਹਨ ਅਤੇ ਆਪਣੇ ਆਪ ਵਿਚ ਇਹ ਕੋਈ ਮਾੜੀ ਗੱਲ ਵੀ ਨਹੀਂ ਹੈ। ਪਰ ਭਾਰਤੀ ਸੰਸਥਾਵਾਂ ਦੇ ਅਥਾਹ ਤਾਕਤਵਰ ਹੋਣ ਅਤੇ ਸਿੱਖ ਸਮਾਜ ਦੀ ਬੌਧਿਕ ਕੰਗਾਲੀ ਅਤੇ ਰੂਹਾਨੀ ਜਜ਼ਬੇ ਦੀ ਘਾਟ ਦੇ ਚੱਲਦੇ ਇਹ ਸੌਦਾ ਬੀਤੇ ਵਿਚ ਬਹੁਤਾ ਲਾਹੇਵੰਦ ਸਾਬਤ ਨਹੀਂ ਹੋਇਆ। ਜੇਕਰ ਸਹੀ ਜ਼ਬਤ ਬਣਾਉਣ ਵਾਲੀਆਂ ਸਖ਼ਸ਼ੀਅਤਾਂ ਇਸ ਪਿੜ ਵਿਚ ਹੋਣ ਤਾਂ ਇਸ ਪਾਸੇ ਵੀ ਪਹਿਲਕਦਮੀ ਹੋ ਸਕਦੀ ਹੈ।

੬) ਪਰਵਾਸੀ ਸਿੱਖਾਂ ਦੀ ਭੂਮਿਕਾ: ਪਰਵਾਸੀ ਸਿੱਖਾਂ ਦੀ ਤਾਕਤ ਦੀ ਕੂਟਨੀਤਕ ਵਰਤੋਂ ਕਰਨ ਦੀ ਰਾਜਸੀ ਤਕਨੀਕ ਉੱਤੇ ਭਰਵਾਂ ਵਿਚਾਰ ਹੋਣਾ ਚਾਹੀਦਾ ਹੈ ਅਤੇ ਇਸ ਤਾਕਤ ਨੂੰ ਸਿੱਖ ਸੰਘਰਸ਼ ਵਿਚ ਯੋਗਦਾਨ ਹਿਤ ਸੰਗਠਤ ਕਰਨ ਲਈ ਯਤਨ ਹੋਣੇ ਚਾਹੀਦੇ ਹਨ।

ਅੰਤਿਕਾ:

ਭਾਰਤੀ ਚੋਣ ਅਮਲ ਅਤੇ ਸਿੱਖ ਪੰਥਬਿਪਰਵਾਦੀ ਰਾਜਪ੍ਰਬੰਧ ਨੇ ਭਾਰਤੀ ਚੋਣ ਅਮਲ ਵਿਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਅਤੇ ਇਨ੍ਹਾਂ ਹੇਠ ਚੱਲ ਰਹੀਆਂ ਸਿੱਖ ਸੰਸਥਾਵਾਂ ਨੂੰ ਇਸ ਹੱਦ ਤੱਕ ਆਪਣੇ ਅਨੁਕੂਲ ਢਾਲ ਲਿਆ ਹੈ ਕਿ ਇਨ੍ਹਾਂ ਰਾਹੀਂ ਬਿਪਰਵਾਦੀ ਧਿਰ ਨੂੰ ਪ੍ਰਵਾਣ ਲੋਕ ਹੀ ਸਿਆਸੀ ਅਤੇ ਧਾਰਮਕ ਲੀਡਰਸ਼ਿਪ ਦੇ ਤੌਰ ਉੱਤੇ ਸਾਹਮਣੇ ਆ ਰਹੇ ਹਨ।ਹਿੰਦੋਸਤਾਨ ਦਾ ਚੋਣ ਅਮਲ ਲੋਕਤੰਤਰ ਦੇ ਨਾਂ ਉੱਤੇ ਲੋਕਾਈ ਨਾਲ ਕੀਤਾ ਜਾ ਰਿਹਾ ਮਹਾਂ-ਛੱਲ ਹੈ। ਇਹ ਚੋਣ ਅਮਲ ਬਿਪਰਵਾਦੀ ਤਾਨਾਸ਼ਾਹ ਰਾਜ-ਪ੍ਰਬੰਧ ਉੱਤੇ ਲੋਕਤੰਤਰ ਦਾ ਨਕਾਬ ਚੜ੍ਹਾਉਣ ਦੀ ਕਵਾਇਦ ਹੈ। ਇਹ ਚੋਣ ਅਮਲ ਭਾਰਤੀ ਉਪ-ਮਹਾਂਦੀਪ ਵਿਚ ਵਸਦੀਆਂ ਵੱਖ-ਵੱਖ ਕੌਮਾਂ ਅਤੇ ਸੱਭਿਆਚਾਰਾਂ ਨੂੰ ਪ੍ਰਫੁੱਲਤ ਕਰਨ, ਉਹਨਾਂ ਦੇ ਹਿਤਾਂ ਦੀ ਪੂਰਤੀ ਕਰਨ ਅਤੇ ਉਨ੍ਹਾਂ ਦੀ ਨੁਮਾਦਿੰਗੀ ਕਰਨ ਦੀ ਬਜਾਏ ਹਿੰਦੂ ਧਾਰਮਕ ਉਚ ਵਰਗ, ਰਾਜਸੀ ਕੁਲੀਨ ਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਪੂਰਤੀ ਅਤੇ ਨੁਮਾਇੰਦਗੀ ਕਰਨ ਵੱਲ ਸੇਧਤ ਇਕ ਕਾਬੂ ਕੀਤਾ ਹੋਇਆ ਅਮਲ ਹੈ। ਪੂੰਜੀਵਾਦੀ ਘਰਾਣਿਆਂ ਦੇ ਕਠਪੁਤਲੇ ਦੋ ਮੁਖ ਬਿਪਰਵਾਦੀ ਰਾਜਸੀ ਕੁਲੀਨ ਧੜਿਆਂ ਅਤੇ ਬਿਪਰਵਾਦੀ ਸਟੇਟ ਦੀ ਅਧੀਨਗੀ ਮੰਨਣ ਵਾਲੇ ਘੱਟਗਿਣਤੀਆਂ, ਦਲਿਤਾਂ ਅਤੇ ਪਿਛੜੇ ਵਰਗਾਂ ਦੇ ਨਿੱਜਵਾਦੀ ਭ੍ਰਿਸ਼ਟ, ਗੱਦਾਰ ਰਾਜਸੀ ਨੇਤਾਵਾਂ ਦੇ ਧੜਿਆਂ ਵੱਲੋਂ ਮੀਡੀਆ, ਸੀਨਾਜ਼ੋਰੀ, ਪੈਸਾ, ਨਸ਼ੇ ਅਤੇ ਹੋਰ ਲਾਲਚਾਂ ਦੀ ਵਰਤੋਂ ਨੇ ਆਮ ਰਈਅਤ ਦੇ ਅਸਲ ਪ੍ਰਤੀਨਿਧ ਚੁਨਣ ਦੀ ਸੰਭਾਵਨਾ ਨੂੰ ਬਿਲਕੁਲ ਹਾਸ਼ੀਏ ਉੱਤੇ ਧੱਕ ਦਿੱਤਾ ਹੈ। ਆਮ ਰਈਅਤ ਨੂੰ ਗੁਲਾਮ ਬਣਾ ਕੇ ਰੱਖਣ ਲਈ ਇਕ ਪੂਰੀ ਤਰ੍ਹਾਂ ਕਾਬੂ ਕੀਤੇ ਹੋਏ ਚੋਣ ਅਮਲ, ਜਿਸ ਵਿਚ ਸਿਰਫ ਬਿਪਰਵਾਦੀ ਸਟੇਟ ਦਾ ਥਾਪੜਾ ਪ੍ਰਾਪਤ ਧੜੇ ਹੀ ਪ੍ਰਵਾਨ ਹਨ, ਵਿਚ ਹਿਸਾ ਲੈਣਾ ਬਿਲਕੁਲ ਬੇ-ਮਾਇਨੇ ਹੋ ਗਿਆ ਹੈ।ਇਸ ਸਮੱਸਿਆ ਦੀ ਜੜ੍ਹ ਬਿਪਰਵਾਦੀ ਭਾਰਤੀ ਸਟੇਟ ਦੇ ਰਾਜਪ੍ਰਬੰਧ, ਰਾਜਪ੍ਰਣਾਲੀ ਅਤੇ ਸੰਸਥਾਵਾਂ ਨਾਲ ਜੁੜੀ ਹੋਈ ਹੈ ਅਤੇ ਇਸ ਦਾ ਹੱਲ ਰਾਜਪ੍ਰਬੰਧ, ਰਾਜਪ੍ਰਣਾਲੀ ਅਤੇ ਸੰਸਥਾਵਾਂ ਨੂੰ ਬਦਲ ਕੇ ਹੀ ਹੋ ਸਕਦਾ ਹੈ ਨਾ ਕਿ ਸਿਰਫ ਨੁਮਾਇੰਦੇ ਜਾਂ ਧੜੇ ਬਦਲ ਕੇ।ਸਿੱਖਾਂ ਦੇ ਕੌਮੀ ਮਸਲੇ ਮੌਜੂਦਾ ਬਿਪਰਵਾਦੀ ਸਟੇਟ ਦੇ ਤਾਣੇ-ਬਾਣੇ ਵਿਚ ਹੱਲ ਹੋਣੇ ਸੰਭਵ ਨਹੀਂ ਹਨ ਕਿਉਂਕਿ ਇਹ ਸਮੁੱਚਾ ਢਾਂਚਾ ਇਸ ਖਿੱਤੇ ਵਿਚ ਵਿਲੱਖਣ ਕੌਮਾਂ ਦੀ ਹੋਂਦ ਤੋਂ ਹੀ ਮੁਨਕਰ ਹੈ।ਸਿੱਖ ਇਸ ਚੋਣ ਅਮਲ ਨੂੰ ਸਾਜ਼ਗਾਰ ਕੌਮੀ ਹਾਲਤਾਂ ਵਿਚ ਸਿੱਖਾਂ ਦੇ ਕੌਮੀ ਮਸਲੇ ਸੰਸਾਰ ਪੱਧਰ ਉੱਤੇ ਉਭਾਰਨ ਲਈ ਤਾਂ ਵਰਤਿਆ ਜਾ ਸਕਦਾ ਹੈ। ਸਾਜ਼ਗਾਰ ਕੌਮੀ ਹਾਲਤਾਂ ਤੋਂ ਸਾਡਾ ਭਾਵ ਉਨ੍ਹਾਂ ਹਾਲਤਾਂ ਤੋਂ ਹੈ ਜਦੋਂਕਿ ਸਿੱਖ ਰਾਜਨੀਤੀ ਅਜ਼ਾਦ ਤੌਰ ਉੱਤੇ ਵਿਚਰ ਰਹੇ ਅਕਾਲ ਤਖਤ ਸਾਹਿਬ ਤੋਂ ਸੇਧਤ ਹੋ ਰਹੀ ਹੋਵ ਅਤੇ ਸਿੱਖਾਂ ਵਿਚ ਕੌਮੀ ਮਸਲਿਆਂ ਬਾਰੇ ਚੇਤਨਤਾ ਤੇ ਭਾਰਤੀ ਸਟੇਟ ਦੇ ਖਾਸੇ ਬਾਰੇ ਸਪਸ਼ਟਤਾ ਹੋਵੇ। ਪਰ ਅਜਿਹੇ ਸਾਜ਼ਗਾਰ ਹਾਲਤਾਂ ਵਿਚ ਵੀ ਸਿੱਖਾਂ ਦੇ ਕੌਮੀ ਮਸਲਿਆ ਦਾ ਪੂਰਨ ਹੱਲ ਇਸ ਅਮਲ ਰਾਹੀਂ ਹਾਸਲ ਨਹੀਂ ਕੀਤਾ ਜਾ ਸਕਦਾ

ਕੈਦੀਆਂ ਦੀ ਰਿਹਾਈ ਦਾ ਅਮਲ: ਪੰਜਾਬ ਸਰਕਾਰ ਵਲੋਂ ਹਾਂ-ਪੱਖੀ ਹੁੰਗਾਰੇ ਦੀ ਰੋਸ਼ਨੀ ਵਿਚ


ਕੈਦੀਆਂ ਦੀ ਰਿਹਾਈ ਦਾ ਅਮਲ: ਪੰਜਾਬ ਸਰਕਾਰ ਵਲੋਂ ਹਾਂ-ਪੱਖੀ ਹੁੰਗਾਰੇ ਦੀ ਰੋਸ਼ਨੀ ਵਿਚ

ਪੰਜਾਬ ਵਿਚ ਉਮਰ ਕੈਦੀਆਂ ਤੇ ਖਾਸ ਕਰਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਮਸਲਾ ਪਿਛਲੇ ਸਮੇਂ ਤੋਂ ਸੁਰਖੀਆਂ ਵਿਚ ਹੈ ਅਤੇ ਇਸ ਸਬੰਧੀ ਸਰਕਾਰਾਂ ਜਾ ਸੰਘਰਸ਼ ਕਰਨ ਵਾਲੀਆਂ ਧਿਰਾਂ ਕੋਲ ਸਪੱਸ਼ਟ ਨੀਤੀ ਕੋਈ ਨਹੀਂ ਹੈ ਅਤੇ ਕਈ ਵਾਰ ਉਮਰ ਕੈਦੀਆਂ, 10 ਸਾਲਾ ਕੈਦੀਆਂ ਤੇ ਹਵਾਲਾਤੀਆਂ (ਜਿੰਨਾਂ ਦੇ ਕੇਸ ਅਜੇ ਅਦਾਲਤਾਂ ਵਿਚ ਵਿਚਾਰਧੀਨ ਹਨ) ਨੂੰ ਇਕੋ ਕਾਲਮ ਵਿਚ ਰੱਖ ਕੇ ਗੱਲ ਕਰ ਲਈ ਜਾਂਦੀ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਉਮਰ ਕੈਦ ਤੋਂ ਇਲਾਵਾ ਕੋਈ ਵੀ ਘੱਟ ਸਜ਼ਾ ਦੇ ਕੈਦੀ ਨੂੰ ਜੇਲ੍ਹ ਸੁਪਰਡੈਂਟ ਹੀ ਸਜ਼ਾ ਪੂਰੀ ਹੋਣ 'ਤੇ ਛੱਡ ਦਿੰਦਾ ਹੈ, ਹਾਂ ਉਸ ਤੋਂ ਪਹਿਲਾਂ ਵੀ ਸਰਕਾਰ ਵਲੋਂ ਸਜ਼ਾ ਵਿਚ ਛੋਟ, ਮੁਆਫੀ ਜਾਂ ਸਜ਼ਾ ਬਦਲ ਕੇ (ਘਟਾ ਕੇ) ਕੇ ਛੱਡਿਆ ਜਾ ਸਕਦਾ ਹੈ।ਇਸੇ ਤਰ੍ਹਾਂ ਉਮਰ ਕੈਦੀ ਨੂੰ ਵੀ ਸਰਕਾਰ ਸਜ਼ਾ ਵਿਚ ਛੋਟ, ਮੁਆਫੀ ਜਾਂ ਸਜ਼ਾ ਬਦਲ ਕੇ (ਘਟਾ ਕੇ) ਛੱਡ ਸਕਦੀ ਹੈ। ਰਾਜ ਸਰਕਾਰਾਂ ਨੂੰ ਆਪਣੇ ਰਾਜਾਂ ਦੇ ਕੈਦੀਆਂ ਦੀ ਰਿਹਾਈ ਲਈ ਇਹ ਹੱਕ ਭਾਰਤੀ ਸੰਵਿਧਾਨ ਦੀ ਧਾਰਾ 161 ਤਹਿਤ ਅਤੇ ਕੇਂਦਰ ਸਰਕਾਰ ਨੂੰ ਭਾਰਤ ਭਰ ਦੇ ਕੈਦੀਆਂ ਦੀ ਰਿਹਾਈ ਲਈ ਧਾਰਾ 72 ਤਹਿਤ ਹਾਸਲ ਹਨ।
ਕਾਨੂੰਨ ਮੁਤਾਬਕ ਉਮਰ ਕੈਦ ਦੀ ਸੀਮਾ
ਬਹੁਤਾ ਭਾਰਤੀ ਕਾਨੂੰਨ ਅੰਗਰੇਜ਼ੀ ਸਾਸ਼ਨ ਕਾਲ ਸਮੇਂ ਦਾ ਹੀ ਹੋਂਦ ਵਿਚ ਆਇਆ ਸੀ ਤੇ ਲਗਭਗ ਉਸ ਤਰ੍ਹਾਂ ਦੀ ਚੱਲ ਰਿਹਾ ਹੈ। ਅੰਗਰੇਜ਼ਾਂ ਨੇ ਆਪਣੇ ਗੁਲਾਮ ਲੋਕਾਂ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਏ ਸਨ ਪਰ ਚਾਹੀਦਾ ਤਾਂ ਇਹ ਸੀ ਕਿ 1947 ਤੋਂ ਬਾਅਦ ਕਾਨੂੰਨ ਆਪਣੇ ਸ਼ਹਿਰੀਆਂ ਲਈ ਬਣਾਏ ਜਾਂਦੇ ਤੇ ਇਹਨਾਂ ਦਾ ਜਿਆਦਾ ਰੁਝਾਨ ਸੁਧਾਰਵਾਦੀ ਹੁੰਦਾ ਪਰ ਜੇ 1860 ਵਿਚ ਅੰਗਰੇਜ਼ੀ ਸਾਸ਼ਕਾਂ ਵਲੋਂ ਬਣਾਈ ਇੰਡੀਅਨ ਪੀਨਲ ਕੋਡ ਜੋ ਕਿ ਅੱਜ ਵੀ ਲਾਗੂ ਹੈ, ਵਿਚ ਵੀ ਉਮਰ ਕੈਦ ਦੀ ਪਰਿਭਾਸ਼ਾ ਨੂੰ ਦੇਖੀਏ ਤਾਂ ਧਾਰਾ 57 ਮੁਤਾਬਕ ਉਮਰ ਕੈਦ ਦਾ ਮਤਲਬ 20 ਸਾਲ ਦੀ ਸਜ਼ਾ ਹੈ।ਹਾਂ, 20 ਸਾਲ ਤੋਂ ਪਹਿਲਾਂ ਵੀ ਸਰਕਾਰਾਂ ਕੈਦ ਵਿਚ ਛੋਟ, ਮੁਆਫੀ ਜਾਂ ਸਜ਼ਾ ਬਦਲ ਕੇ ਰਿਹਾ ਕਰ ਸਕਦੀਆਂ ਹਨ।ਇਸੇ ਲਈ ਕਈ ਵਾਰ ਕੋਈ ਉਮਰ ਕੈਦੀ 5,7 ਜਾਂ 10 ਸਾਲ ਵਿਚ ਹੀ ਰਿਹਾਅ ਹੋ ਜਾਂਦਾ ਹੈ।
ਸੁਪਰੀਮ ਕੋਰਟ ਦਾ ਸਟੇਅ
ਭਾਰਤੀ ਸੁਪਰੀਮ ਕੋਰਟ ਵਲੋਂ ਰਾਜੀਵ ਗਾਂਧੀ ਕਤਲ ਕੇਸ ਦੇ ਮੁਲਜ਼ਮਾਂ ਨੂੰ ਤਾਮਿਲਨਾਡੂ ਦੀ ਸਰਕਾਰ ਵਲੋਂ ਦਿੱਤੀ ਰਿਹਾਈ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਲੋਂ ਪਾਈ ਪਟੀਸ਼ਨ ਅਧੀਨ 9 ਜੁਲਾਈ 2014 ਨੂੰ ਫੈਸਲਾ ਕੀਤਾ ਗਿਆ ਕਿ ਸਾਰੀਆਂ ਰਾਜ ਸਰਕਾਰਾਂ ਇਸ ਸਬੰਧੀ  18 ਜੁਲਾਈ 2014  ਤੱਕ ਜਵਾਬ ਦਾਖਲ ਕਰਨ ਅਤੇ ਇਹ ਮਸਲਾ  22 ਜੁਲਾਈ 2014  ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਵਲੋਂ ਸੁਣਿਆ ਜਾਵੇ ਅਤੇ ਉਦੋਂ ਤੱਕ ਸਾਰੀਆਂ ਰਾਜ ਸਰਕਾਰਾਂ ਵਲੋਂ ਉਮਰ ਕੈਦੀਆਂ ਨੂੰ ਸਜ਼ਾ ਵਿਚ ਦਿੱਤੀ ਜਾਂਦੀ ਛੋਟ ਦੀ ਸ਼ਕਤੀ ਨੂੰ ਸਟੇਅ ਕੀਤਾ ਜਾਂਦਾ ਹੈ।ਇਕ ਤਾਂ ਸੁਪਰੀਮ ਦੇ ਇਸ ਫੈਸਲੇ ਵਿਚ ਸਪੱਸ਼ਟ ਹੈ ਕਿ ਇਹ ਸਟੇਅ 22 ਜੁਲਾਈ 2014 ਤੱਕ ਹੀ ਸੀ ਕਿਉਂਕਿ 9 ਜੁਲਾਈ 2014ਤੋਂ ਬਾਅਦ ਅੱਜ ਤੱਕ ਇਸ ਸਬੰਧੀ ਕਦੀ ਸੰਵਿਧਾਨਕ ਬੈਂਚ ਬੈਠਾ ਹੀ ਨਹੀਂ ਅਤੇ ਅਜੇ ਵੀ ਆਸ ਹੀ ਹੈ ਕਿ ਕਰੀਬ ਇਕ ਸਾਲ ਬਾਅਦ 15 ਜੁਲਾਈ 2015 ਨੂੰ ਸੰਵਿਧਾਨਕ ਬੈਂਚ ਇਸ ਦੀ ਸੁਣਵਾਈ ਕਰੇਗਾ ਪਰ ਜੇ ਮੰਨ ਵੀ ਲਿਆ ਜਾਵੇ ਕਿ ਇਹ ਸਟੇਅ ਅੱਜ ਵੀ ਜਾਰੀ ਹੈ ਤਾਂ ਵੀ ਇਕ ਤਾਂ ਇਹ ਸਟੇਅ ਕੇਵਲ ਰਾਜ ਸਰਕਾਰਾਂ ਉਪਰ ਹੀ ਹੈ, ਕੇਂਦਰ ਸਰਕਾਰ ਉਪਰ ਨਹੀਂ ਤੇ ਕੇਂਦਰ ਸਰਕਾਰ ਅੱਜ ਵੀ ਕਿਸੇ ਵੀ ਕੈਦੀ ਜਾਂ ਉਮਰ ਕੈਦੀ ਨੂੰ ਸਜ਼ਾ ਵਿਚ ਛੋਟ ਦੇ ਸਕਦੀ ਹੈ, ਦੂਜਾ ਇਹ ਕਿ ਸਟੇਅ ਕੇਵਲ ਸਜ਼ਾ ਵਿਚ ਛੋਟ ਦੇਣ ਉਪਰ ਹੈ ਨਾ ਕਿ ਸਜ਼ਾ ਵਿਚ ਮੁਆਫੀ ਜਾਂ ਸਜ਼ਾ ਘਟਾਉਂਣ ਉੱਪਰ। ਸੋ ਪੰਜਾਬ ਸਰਕਾਰ ਨੂੰ ਇਸ ਸਟੇਅ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਉਮਰ ਕੈਦੀਆਂ ਨੂੰ ਸਜ਼ਾ ਵਿਚ ਛੋਟ ਦੇਣ ਦੀ ਬਜਾਇ ਉਹਨਾਂ ਦੀ ਸਜ਼ਾ ਮੁਆਫ ਜਾਂ ਉਮਰ ਕੈਦੀਆਂ ਦੀ ਸਜ਼ਾ ਉਮਰ ਕੈਦ ਤੋਂ ਘਟਾ ਕੇ 10, 12 ਜਾਂ 14 ਸਾਲ ਦੀ ਸਜ਼ਾ ਵਿਚ ਬਦਲ ਕੇ ਵੀ ਰਿਹਾਈ ਕੀਤੀ ਜਾ ਸਕਦੀ ਹੈ। ਇਸ ਨਾਲ ਕੇਵਲ ਸਿਆਸੀ ਸਿੱਖ ਕੈਦੀਆਂ ਹੀ ਨਹੀਂ ਸਗੋਂ ਹਰ ਉਮਰ ਕੈਦੀ ਨੂੰ ਫਾਇਦਾ ਹੋ ਸਕਦਾ ਹੈ।ਇਸ ਤੋਂ ਇਲਾਵਾ ੭੦ ਸਾਲ ਜਾਂ ਉਸ ਤੋਂ ਉਪਰ ਦੀ ਉਮਰ ਵਾਲੇ ਸੀਨੀਅਰ ਸਿਟੀਜ਼ਨ ਕੈਦੀਆਂ ਨੂੰ ਵੀ ਉਮਰ ਕੈਦ ਜਾਂ ਹੋਰ ਕੈਦਾਂ ਵਿਚ ਮੁਆਫੀ ਜਾਂ ਸਜ਼ਾ ਘਟਾ ਕੇ ਰਿਹਾਅ ਕੀਤਾ ਜਾ ਸਕਦਾ ਹੈ।
ਸੋ ਜੇ ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਦੇ ਸਮੂਹ ਆਮ ਤੇ ਉਮਰ ਕੈਦੀਆਂ ਦਾ ਭਲਾ ਹੋ ਸਕਦਾ ਹੈ ਅਤੇ ਬੇ-ਇੰਨਸਾਫੀਆਂ ਵਿਚੋਂ ਉਪਜੇ ਰੋਸ ਨੂੰ ਸ਼ਾਂਤ ਕਰਕੇ ਅਮਨ-ਕਾਨੂੰਨ ਬਹਾਲ ਰੱਖਿਆ ਜਾ ਸਕਦਾ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਦੁੱਖ ਅਜਰ ਨੂੰ ਜਰਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ


ਦੁੱਖ ਅਜਰ ਨੂੰ ਜਰਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ

ਪੰਜਾਬ ਸਰਕਾਰ ਨੇ ਆਖਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ੨੧ ਸਾਲ ਤੋਂ ਵੱਧ ਸਮਾਂ ਗੁਰੂ-ਵਰੋਸਾਈ ਧਰਤ ਪੰਜਾਬ ਤੋਂ ਦੂਰ ਤਿਹਾੜ ਜੇਲ੍ਹ ਦਿੱਲੀ ਵਿਚ ਨਜ਼ਰਬੰਦ ਰਹਿਣ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਲਿਆਉਂਣਾ ਕੀਤਾ ਹੈ। ੨੧ ਸਾਲ ਦਾ ਸਮਾਂ ਬੜਾ ਲੰਮਾ ਹੁੰਦਾ ਹੈ ਅਤੇ ਇਕ ਪੀੜੀ ਦਾ ਫਾਸਲਾ ਪੈ ਜਾਂਦਾ ਹੈ।ਭਾਵੇਂ ਕਿ ਇਹ ਫੈਸਲਾ ਟਰਾਂਸਫਰ ਆਫ ਪਰਿਜ਼ਨਰ ਅੇਕਟ ੧੯੫੦ ਦੀ ਧਾਰਾ ੩ ਤਹਿਤ ਕੀਤਾ ਗਿਆ ਹੈ ਪਰ ਇਸ ਵਿਚ ਸਿਆਸਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਪ੍ਰੋ. ਭੁੱਲਰ ਜੀ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਨੇ ਅਕਤੂਬਰ ੨੦੧੪ ਵਿਚ ਪ੍ਰੋ. ਭੁੱਲਰ ਨੂੰ ਪੰਜਾਬ ਅਤੇ ਵਿਸੇਸ਼ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਲਈ ਪੱਤਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ ਅਤੇ ਆਖਰ ਸਾਰੀਆਂ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਅੱਜ ਪ੍ਰੋ. ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ।
     ਜਿਕਰਯੋਗ ਹੈ ਕਿ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ  ਜਨਵਰੀ ੧੯੯੫ ਵਿਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰਬਰ ਲ਼੍ਹ-੭੬੦ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਸੀ ਅਤੇ ੧੯ ਜਨਵਰੀ ੧੯੯੫ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐੱਫ. ਆਈ. ਆਰ ਨੰਬਰ ੨੨ ਅਧੀਨ ਧਾਰਾ ੪੧੯, ੪੨੦, ੪੬੮,ਤੇ ੪੭੧ ਆਈ.ਪੀ.ਸੀ ਤੇ ੧੨ ਪਾਸਪੋਰਟ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿਚ ਆਪਣੀ ਮੌਜੂਦਗੀ ਦੱਸੀ ਜਿਸ ਵਿਚ  ੧੧ ਸਤੰਬਰ ੧੯੯੩ ਨੂੰ ਮਨਿੰਦਰਜੀਤ ਬਿੱਟੇ 'ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇਕ ਏ.ਸੀ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਤੇ ਕੇਸ ਵਿਚ ਫਸਾ ਦਿੱਤਾ ਗਿਆ ਜਿਸਦੇ ਫੈਸਲੇ ਵਜੋਂ ੨੫ ਅਗਸਤ ੨੦੦੧ ਨੂੰ ਦਿੱਲੀ ਦੀ ਟਾਡਾ ਕੋਰਟ ਵਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸਨੂੰ ਸੁਪਰੀਮ ਕੋਰਟ ਨੇ ੨:੧ ਦੇ ਬਹੁਮਤ ਨਾਲ ੨੨ ਮਾਰਚ ੨੦੦੨ ਨੂੰ ਸਹੀ ਕਰਾਰ ਦਿੱਤਾ ਅਤੇ ੧੯ ਦਸੰਬਰ ੨੦੦੨ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਜੀ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਗਈ ਅਤੇ ਅੰਤ ੨੬ ਮਈ ੨੦੧੧ ਨੂੰ ਭਾਰਤ ਦੀ ਰਾਸ਼ਰਟਪਤੀ ਪ੍ਰਤਿਭਾ ਪਾਟਲ ਨੇ ਇਹ ਅਪੀਲ ਖਾਰਜ਼ ਕਰਨ ਦਾ ਫੈਸਲਾ ਦਿੱਤਾ ਸੀ ਭਾਵੇਂ ਕਿ ਪ੍ਰੋ. ਸਾਹਿਬ ਦਸੰਬਰ ੨੦੧੦ ਤੋਂ ਦਿੱੱਲੀ ਦੀ ਮਨੁੱਖੀ ਵਿਵਹਾਰ ਤੇ ਸਇੰਸਜ਼ ਸੰਸਥਾ ਵਿਚ ਇਲਾਜ ਲਈ ਨਜ਼ਰਬੰਦ ਸਨ।ਅਤੇ ਅੰਤ ੩੧ ਮਾਰਚ ੨੦੧੪ ਨੂੰ ਸੁਪਰੀਮ ਕੋਰਟ ਵਲੋਂ ਪ੍ਰੋ. ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਵਲੋਂ ਪਾਈ ਰਿੱਟ ਉਪਰ ਫੈਸਲਾ ਦਿੰਦਿਆਂ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ।
     ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ ਪ੍ਰੋ. ਭੁੱਲਰ ਦੀ ਸੇਵਾ ਵਿਚ ਰਿਹਾ ਹੋਵੇ ਮਿਲਦਾ ਹੈ ਤਾਂ ਉਹ ਉਹਨਾਂ ਦੇ ਗੁਣ-ਗਾਣ ਗਾਉਂਦਾ ਥੱਕਦਾ ਨਹੀਂ ਕਿ ਵੋਹ ਤੋਂ ਬਹੁਤ ਭਲੇ ਹੈ, ਸਹੀ ਰੂਪ ਮੇਂ ਸੰਤ ਹੈ ਵੋਹ, ਕਭੀ ਕਿਸੀ ਕੋ ਬੁਰਾ ਨਹੀਂ ਬੋਲਤੇ ਔਰ ਹਮੇਸ਼ਾ ਗੁਰਬਾਣੀ ਪੜ੍ਹਤੇ ਰਹਿਤੇ ਹੈ।... ਕਈਆਂ ਦਾ ਤਾਂ ਕਹਿਣਾ ਹੈ ਕਿ ਉਹ ਲਗਾਤਾਰ ੨੦-੨੦ ਘੰਟੇ ਸਿਮਰਨ ਕਰਦੇ ਰਹੇ ਹਨ।
     ਪ੍ਰੋ. ਭੁੱਲਰ ਜੀ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਹੁਰਾਂ ਨਾਲ ਕਈ ਵਾਰ ਮੁਲਾਕਾਤ ਹੋਈ ਤਾਂ ਉਹਨਾਂ ਦੱਸਿਆ ਕਿ ਭੁੱਲਰ ਸਾਹਿਬ ਦਾ ਸੁਭਾਅ ਜਿਆਦਾ ਬੋਲਣ ਦਾ ਕਦੇ ਰਿਹਾ ਹੀ ਨਹੀਂ ਤੇ ਉਹ ਜਿੱਥੇ ਪੜਾਈ ਵਿਚ ਹੁਸ਼ਿਆਰ ਸੀ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਸੀ।ਮਾਤਾ ਜੀ ਜਿਆਦਾ ਕਰਕੇ ਪ੍ਰੋ. ਭੁੱਲਰ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਤ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮਾਂ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਕਿੰਨਾ ਸਨਮਾਨ ਕਰਦੇ ਹਨ।
     ਪ੍ਰੋ. ਭੁੱਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਦਾ ਤਪ ਵੀ ਮਿਸਾਲੀ ਹੈ ਕਿਉਂਕਿ ਉਹਨਾਂ ਦੇ ਵਿਆਹ ਸਤੰਬਰ ੧੯੯੪ ਤੋਂ ਤਕਰੀਬਨ ੧੦-੧੫ ਦਿਨਾਂ ਬਾਅਦ ਹੀ ਪੁਲਿਸ ਦੀਆਂ ਡਾਰਾਂ ਪ੍ਰੋ. ਭੁੱਲਰ ਨੂੰ ਭਾਲਦੀਆਂ ਫਿਰ ਰਹੀਆਂ ਸਨ ਅਤੇ ਦਸੰਬਰ ੧੯੯੪ ਵਿਚ ਪ੍ਰੋ. ਭੁੱਲਰ ਜਰਮਨੀ ਚਲੇ ਗਏ ਜਿੱਥੋਂ ਉਹਨਾਂ ਨੂੰ ਜਨਵਰੀ ੧੯੯੫ ਵਿਚ ਡਿਪੋਟਰਟ ਕਰ ਦਿੱਤਾ ਗਿਆ ਅਤੇ ਬੀਬੀ ਜੀ ਨੇ ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ ਇਕ ਸਿਰੜ ਭਰਿਆ ਸਮਾਂ ਬਤੀਤ ਕੀਤਾ।ਜਦੋਂ ਮੈਂ ਪ੍ਰੋ. ਭੁੱਲਰ ਨੂੰ ਮਿਲਣ ਤਿਹਾੜ ਜੇਲ੍ਹ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਅਜਬ ਚਮਕ ਦੇਖੀ ਤੇ ਉਹਨਾਂ ਬੜੀ ਆਸ ਪ੍ਰਗਟਾਈ ਕਿ ਨੌਜਵਾਨ ਸਿੱਖ ਹਿੱਤਾਂ ਲਈ ਵਿੱਦਿਆ ਨਾਲ ਲੈੱਸ ਹੋ ਕੇ  ਸੰਘਰਸ਼ ਨੂੰ ਨਵੀਆਂ ਲੀਹਾਂ ਤੇ ਤੋਰਨਗੇ।
     ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਉਪਰ ਜਦੋਂ ਸੁਪਰੀਮ ਕੋਰਟ ਨੇ ਸਹੀ ਪਾਈ ਤਾਂ ਪ੍ਰੋ. ਭੁੱਲਰ ਰਾਸ਼ਟਰਪਤੀ ਕੋਲ ਅਪੀਲ ਲਈ ਸਹਿਮਤ ਨਹੀ ਸਨ ਹੋ ਰਹੇ।ਉਹ ਰਾਸ਼ਟਰਪਤੀ ਕੋਲ ਅਪੀਲ ਨਾ ਪਾਉਂਣ ਲਈ ਬਜ਼ਿੱਦ ਸਨ ਤੇ ਇਸ ਸਬੰਧੀ ਨਾ ਤਾਂ ਆਪਣੇ ਮਾਤਾ ਤੇ ਨਾ ਹੀ ਆਪਣੀ ਪਤਨੀ ਦੀ ਗੱਲ ਸੁਣ ਰਹੇ ਸਨ ਤਾਂ ਪੰਥਕ ਦਰਦੀਆਂ ਤੇ ਜਥੇਬੰਦੀਆਂ ਵਲੋਂ ਸਮੇਂ ਨੂੰ ਵਿਚਾਰਦਿਆਂ ਉਹਨਾਂ ਨੂੰ ਰਾਸ਼ਟਰਪਤੀ ਕੋਲ ਅਪੀਲ ਪਾਉਂਣ ਲਈ ਰਾਜ਼ੀ ਕੀਤਾ ਤੇ ਐਨ ਆਖਰੀ ਮੌਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਰਾਸ਼ਟਰਪਤੀ ਕੋਲ ਪਾਈ ਗਈ। ਰਾਸ਼ਟਰਪਤੀ ਕੋਲ ਅਪੀਲ ਪਾ ਕੇ ਵੀ ਉਹਨਾਂ ਨੇ ਕਦੇ ਰਹਿਮ ਦੀ ਆਸ ਨਹੀਂ ਰੱਖੀ ਤੇ ਨਾ ਹੀ ਇਹ ਉਹਨਾਂ ਦਾ ਨਿੱਜੀ ਜਾਂ ਪਰਿਵਾਰਕ ਫੈਸਲਾ ਸੀ ਪਰ ਜਥੇਬੰਦੀਆਂ ਤੇ ਪਿਆਰੇ ਮਿੱਤਰਾਂ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ।ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਕਾਨੂੰਨ ਮੁਤਾਬਕ ਵੀ ਪ੍ਰੋ. ਭੁੱਲਰ ਨੂੰ ਫਾਂਸੀ ਸਹੀ ਨਹੀਂ ਕਹੀ ਜਾ ਸਕਦੀ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਗੱਲ ਮੰਨੀ ਜਾ ਚੁੱਕੀ ਹੈ।
     ਪ੍ਰੋ. ਭੁੱਲਰ ਨੇ ਕਦੇ ਕਿਸੇ ਕਿਸਮ ਦੀ ਅਖਬਾਰੀ ਬਿਆਨਬਾਜ਼ੀ ਨਹੀਂ ਕੀਤੀ ਨਾ ਹੀ ਉਹਨਾਂ ਕਦੇ ਆਪਣਾ ਆਪ ਜਤਾਇਆ ਕਿ ਮੈਂ ਕੋਈ ਪੰਥ ਦਾ ਬਹੁਤ ਵੱਡਾ ਸੇਵਾਦਾਰ ਹਾਂ। ਉਹ ਤਾਂ ਕਹਿੰਦੇ ਹਨ ਕਿ ਅਸੀਂ ਤਾਂ ਅਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ ਹੈ ਅਤੇ ਇਹ ਕਿਸੇ ਉਪਰ ਕੋਈ ਅਹਿਸਾਨ ਨਹੀਂ ਕੀਤਾ, ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੇ ਕਦੇ ਪੰਥ ਜਾਂ ਸੰਘਰਸ਼ ਦੇ ਨਾਮ ਉਪਰ ਕਦੇ ਕਿਸੇ ਕੋਲੋਂ ਕੋਈ ਮੰਗ ਨਹੀਂ ਕੀਤੀ ਸਗੋਂ ਉਹਨਾਂ ਨਾਲ ਜੇਲ਼੍ਹ ਵਿਚ ਰਹਿਣ ਵਾਲੇ ਬਾ-ਖੂਬੀ ਜਾਣਦੇ ਹਨ ਕਿ ਉਹਨਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਬਹੁਤ ਸੀਮਤ ਰਹੀਆਂ ਤੇ ਉਹ ਹਮੇਸ਼ਾਂ ਜਿੱਥੇ ਸਿੱਖ ਬੰਦੀਆਂ ਦੀਆਂ ਨਿੱਜੀ, ਪਰਿਵਾਰਕ ਤੇ ਕਾਨੂੰਨੀ ਲੋੜਾਂ ਲਈ ਫਿਕਰਮੰਦ ਰਹਿੰਦੇ  ਉੱਥੇ ਜੇਲ੍ਹ ਵਿਚ ਬੰਦ ਗਰੀਬ ਲੋਕਾਂ ਤੇ ਇੱਥੋਂ ਤੱਕ ਕਿ ਆਰਥਿਕ ਤੌਰ ਤੇ ਕਮਜ਼ੋਰ ਜੇਲ੍ਹ ਕਰਮਚਾਰੀਆਂ ਦੀਆਂ ਲੋੜਾਂ ਦਾ ਵੀ ਪ੍ਰਬੰਧ ਕਰ ਦਿੰਦੇ।ਪਰਉਪਕਾਰੀ ਸੰਤ ਵਾਲੇ ਸਾਰੇ ਗੁਣ ਉਹਨਾਂ ਵਿਚ ਮੌਜੂਦ ਹਨ।ਆਸ ਹੈ ਕਿ ਉਹ ਜਲਦੀ ਜੇਲ੍ਹ ਤੋਂ ਰਿਹਾ ਹੋ ਕੇ ਹਮੇਸ਼ਾ ਵਾਂਗ ਗੁਰੂ ਭਾਣੇ ਵਿਚ ਆਪਣੀ ਅਗਲੀ ਜਿੰਦਗੀ ਬਤੀਤ ਕਰਨਗੇ। ਅਕਾਲ ਪੁਰਖ ਪਰਮਾਤਮਾ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ। ਇਸ ਮੌਕੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਕਵਿਤਾ ਦਾ ਇਹ ਬੰਦ ਮੱਲੋ-ਮੱਲੀ ਅੱਖਾਂ ਸਾਹਮਣੇ ਆ ਜਾਂਦਾ ਹੈ:

ਦੂਰ ਚੰਨ ਚਾਨਣੀ ਅੰਦਰ,
ਕੌਣ ਅਜਨਬੀ ਜਾਂਦੇ।
ਲੱਖਾਂ ਭੇਦ ਛੁਪੇ ਜੋ ਸੀਨੇ,
ਚੁੱਪ ਨਾਲ ਗਰਮਾਂਦੇ।
ਕਿਉਂ ਨ ਸੁਣੋਂ ਸਨੇਹੜੇ ਯਾਰੋ,
ਭੇਜ ਰਹੇ ਜੋ ਚਿਰ ਤੋਂ,
ਅੱਗ ਦੇ ਛੰਭ ਚ ਘਿਰੇ ਅਸਾਡੇ,
ਹੰਸ ਪਏ ਦਰਮਾਂਦੇ।
-ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ


ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ
ਭਾਈ ਸਾਹਿਬ ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ ਅਤੇ ਸਰਦਾਰ ਭਗਤ ਸਿੰਘ ਜੀ ਆਪਸ ਵਿੱਚ ਜੁੜੀਆਂ ਹੋਈਆਂ ਪਵਿੱਤਰ ਆਤਮਾਵਾਂ ਸਨ । ਆਧੁਨਿਕ ਸਾਇੰਸ ਅਨੁਸਾਰ ਕਹਿ ਸਕਦੇ ਹਾਂ ਕਿ ਇਹ ਟੈਲੀਪੈਥੀ ਰਾਂਹੀ ਜੁੜੇ ਹੋਏ ਸਨ ।ਭਾਈ ਸਾਹਿਬ ਭਾਈ ਰਣਧੀਰ ਸਿੰਘ , ਗੁਰੁ ਗੋਬਿੰਦ ਸਿੰਘ ਜੀ ਨਾਲ਼ ਮਿਲ਼ੇ ਹੋਏ, ਭਾਈ ਵੀਰ ਸਿੰਘ ਸਿੱਖ ਸਾਹਿਤਕਾਰ, ਪ੍ਰੋ ਪੂਰਨ ਸਿੰਘ ਵਗਿਆਨਿਕ ਸਿੱਖ ਅਤੇ ਸਰਦਾਰ ਭਗਤ ਸਿੰਘ ਜੀ ਇੰਨਕਲਾਬੀ ਨੌਜੁਆਨ ਦੇਸ਼ ਭਗਤ ਸਿੱਖ ਸਨ ।ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਜੇਹਲ ਚਿੱਠੀਆਂ ਦੀ ਭੂਮਿਕਾ ਵਿੱਚ ਭਾਈ ਵੀਰ ਸਿੰਘ ਜੀ ਨੇ ਭਾਈ ਰਣਧੀਰ ਸਿੰਘ ਨੂੰ ਗੁਰੂ ਨਾਲ਼ ਮਿਲ਼ਿਆ ਸਤਿਵਾਦੀ ਸਿੱਖ ਲਿਖਿਆ ਹੈ । ਪ੍ਰੋਫੈਸਰ ਪੂਰਨ ਸਿੰਘ ਪਤਿਤ ਤੋਂ, ਜਪਾਨ ਜਾ ਕੇ ਬੋਧੀ ਵਗਿਆਨਿਕ । ਟੋਕੀਓ ਯੁਨੀਵਰਸਿਟੀ ਦੇ ਖੋਜ ਪ੍ਰੋਫੈਸਰ । ਭਾਰਤ ਆ ਕੇ ਸੰਨਿਆਸੀ । ੧੯੧੩ ਸਿਆਲਕੋਟ ਸਿੱਖ ਵਿਦਿਅਕ ਕਾਨਫਰੰਸ ਵਿੱਚ ਕਮੰਡਲ ਫੜੀ ਰੋਂਡ-ਭੋਂਡ ਹਾਲਤ ਵਿੱਚ ਜਦੋਂ ੬ ਘੰਟੇ ਭਾਈ ਵੀਰ ਸਿੰਘ ਜੀ ਨਾਲ਼ ਬੰਦ ਕਮਰੇ ਮੀਟਿੰਗ ਹੋਈ ਤਾਂ ਆਪ ਸਿਆਲਕੋਟੋਂ ਅੰਮ੍ਰਿਤਧਾਰੀ ਸਿੰਘ ਸਜ ਕੇ ਗਏ। ਆਪ ਨੇ ਅੰਗਰੇਜੀ ਪੰਜਾਬੀ ਵਿੱਚ ਬਹੁਤ ਪ੍ਰਚਾਰ ਕੀਤਾ । ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਪ ਜੀ ਦੀ ਇਹ ਸਤਰ ਦਾ ਹਵਾਲਾ ਸਾਰੇ ਵਿਦਵਾਨ ਮਾਣ ਨਾਲ਼ ਦੇਂਦੇ ਹਨ ।
ਡਾਕਟਰ ਗੁਰਮੁਖ ਸਿੰਘ ਜੀ ਆਪਣੀ ਸੰਪਾਦਿਤ ਪੁਸਤਕ ਖ਼ਾਲਸੇ ਦਾ ਆਦਰਸ਼ ਕ੍ਰਿਤ ਪ੍ਰੋ:ਪੂਰਨ ਸਿੰਘ ਦੇ ਸੰਪਾਦਕੀ ਨੋਟ ਵਿੱਚ ਲਿਖਦੇ ਹਨ : ਜਦੋਂ ਪ੍ਰੋ ਪੂਰਨ ਸਿੰਘ ਜੀ ਗੁਜਰੇ ਤਾਂ ਪੰਥ ਰਤਨ ਭਾਈ ਰਣਧੀਰ ਸਿੰਘ ਜੀ ਰਕਾਬਗੰਜ ਗੁਰਦੁਆਰੇ ਕੀਰਤਨ ਕਰ ਰਹੇ ਸਨ । ਅਚਾਨਕ ਆਪ ਨੇ ਵਾਜਾ ਛੱਡਿਆ ਤੇ ਖੜੇ ਹੋ ਕੇ ਅਰਦਾਸ ਕਰੀ ਗਏ । ਆਖੰਡ ਕੀਰਤਨ ਭੀ ਚਲਦਾ ਰਿਹਾ । ਫਿਰ ਆਪ ਬੈਠ ਗਏ । ਕੀਰਤਨ ਵਿੱਚ ਸ਼ਾਮਿਲ ਹੋ ਗਏ । ਭੋਗ ਉਪਰੰਤ ਆਪ ਨੂੰ ਇਸ ਸਬੰਧੀ ਪੁੱਛਣ ਤੇ ਆਪ ਨੇ ਦੱਸਿਆ । ਗੁਰੁ ਸਵਾਰੇ ਪ੍ਰੋ:ਪੂਰਨ ਸਿੰਘ ਦੀ ਰੂਹ ਦਰਗਾਹ ਨੂੰ ਜਾ ਰਹੀ ਸੀ, ਉਹਨਾਂ ਲਈ ਅਰਦਾਸ ਕੀਤੀ ਹੈ । ਆਪ ਨੇ ਦੱਸਿਆ ਕਿ ਅਸੀਂ ਸਰੀਰਕ ਰੂਪ ਵਿੱਚ ਕਦੀ ਨਹੀਂ ਮਿਲ਼ੇ ਪਰ ਰੂਹਾਂ ਦੇ ਮੇਲੇ ਨਿੱਤ ਹੁੰਦੇ ਸਨ । ਇਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਆਤਮਿਕ ਵਡਿਆਈ ਦਾ ਪ੍ਰਮਾਣ ਹੈ । ਪ੍ਰੋ: ਪੂਰਨ ਸਿੰਘ ਜੀ ੩੧-੦੩-੧੯੩੧ ਨੂੰ ਅਕਾਲ ਚਲਾਣਾ ਕਰ ਗਏ ਸਨ ।
ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ੧੬-੦੫-੧੯੩੬ ਨੂੰ ਲਹੌਰ ਜੇਹਲ਼ ਪਹੁੰਚੇ ਇਥੇ ਹੀ ਸਰਦਾਰ ਭਗਤ ਸਿੰਘ ਬੰਦ ਸਨ ਜੋ ਕਿ ਫਾਂਸੀ ਦੀ ਉਡੀਕ ਵਿੱਚ ਸਨ । ਸਰਦਾਰ ਭਗਤ ਸਿੰਘ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਿਲਣ ਦੀ ਅਰਜੀ ਦਿੱਤੀ । ਸਰਕਾਰ ਨੇ ਅਰਜੀ ਨਾ ਮੰਨਜੂਰ ਕਰ ਦਿੱਤੀ । ਬਾਬਾ ਚੂਹੜ ਸਿੰਘ ਰਾਂਹੀ ਇੱਕ ਦੂਸਰੇ ਨੂੰ ਸੁਨੇਹੇ ਪਹੁੰਚਣ ਲੱਗੇ । ਭਾਈ ਸਾਹਿਬ ਨੇ ਸੁਨੇਹਾ ਭੇਜਿਆ । ਅਸੀਂ ਕੇਸਾਂ ਵਾਲ਼ੇ ਭਗਤ ਸਿੰਘ ਦੇ ਦਰਸਣ ਕੀਤੇ ਹਨ । ਹੁਣ ਕੇਸ ਰਹਿਤ ਭਗਤ ਸਿੰਘ ਨੂੰ ਮਿਲਣ ਦਾ ਜੀਅ ਨਹੀਂ ਕਰਦਾ । ਭਗਤ ਸਿੰਘ ਨੇ ਸੁਨੇਹਾ ਭੇਜਿਆ । ਭਾਈ ਸਾਹਿਬ ਮਿਲਣ ਜਰੂਰ ਜੋ ਉਹ ਕਹਿਣਗੇ ਮੰਨਾਗਾ । ਸਰਕਾਰ ਨੇ ਇਹਨਾਂ ਦੋਹਾਂ ਦੇ ਮੇਲ ਤੇ ਪਬੰਦੀ ਲਗਾਈ ਸੀ । ਅਖੀਰ ੩੦.੧੦.੧੯੩੦ ਭਾਈ ਸਾਹਿਬ ਦੀ ਰਿਹਾਈ ਦਾ ਦਿਨ ਆ ਗਿਆ । ਜੇਹਲ਼ ਦੇ ਬਾਹਰ ਸਿੱਖ ਸੰਗਤਾਂ ਦਾ ਬੇਸ਼ੁਮਾਰ ਇਕੱਠ ਹੋ ਗਿਆ । ਸਰਕਾਰ ਘਬਰਾਈ ਅਤੇ ਅਫਵਾਹ ਫੈਲਾਈ , ਅੱਜ ਭਾਈ ਸਾਹਿਬ ਰਿਹਾਅ ਨਹੀਂ ਹੋਣਗੇ । ਸੰਗਤ ਖਿੰਡਦੀ-ਖਿੰਡਦੀ ਖਿੰਡ ਗਈ । ਜੇਹਲ਼ ਵਾਲ਼ਿਆਂ ਫੈਸਲਾ ਕੀਤਾ ਕਿ ਭਾਈ ਸਾਹਿਬ ਦੀ ਤੇ ਸਰਦਾਰ ਭਗਤ ਸਿੰਘ ਦੀ ਮੁਲਾਕਾਤ ਕਰਵਾਈ ਜਾਵੇ । ਹਨੇਰਾ ਹੋਣ ਤੇ ਭਾਈ ਸਾਹਿਬ ਨੂੰ ਚੁੱਪ ਚਪੀਤੇ ਜੇਹਲ਼ ਤੋਂ ਬਾਹਰ ਕਰ ਦਿਤਾ ਜਾਵੇ । ਏਵੇਂ ਹੀ ਕੀਤਾ ਗਿਆ । ਭਾਈ ਸਾਹਿਬ ਅਤੇ ਸਰਦਾਰ ਭਗਤ ਸਿੰਘ ਦੀ ਬੰਦ ਕਮਰੇ ਵਿੱਚ ਮੁਲਾਕਾਤ ਕਰਵਾਈ ਗਈ । ਭਾਈ ਸਾਹਿਬ ਨੇ ਭਗਤ ਸਿੰਘ ਨੂੰ ਗੁਰਬਾਣੀ ਸਰਝਾਈ । ਸਿੱਖ ਇਤਿਹਾਸ ਵਿੱਚੋਂ ਭਾਈ ਮਨੀ ਸਿੰਘ ਜੀ ਦੀ ਬੰਦ-ਬੰਦ ਕਟਵਾਉਣ ਵਾਲ਼ੀ ਸਾਖੀ ਸਮਝਾਈ । ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾਉਣ ਵਾਲ਼ੀ ਸਾਖੀ ਸੁਣਾਈ । ਸਰਦਾਰ ਭਗਤ ਸਿੰਘ ਨੇ ਨਾਸਤਕ ਤੋਂ ਆਸਤਕ ਹੋਣ ਦਾ ਪ੍ਰਣ ਕੀਤਾ । ਕੇਸ ਨਾ ਕਟਵਾਉਣ ਦਾ ਪ੍ਰਣ ਕੀਤਾ । ਇਹ ਸਾਰਾ ਪ੍ਰਸੰਗ ਭਾਈ ਸਾਹਿਬ ਦੀ ਪੁਸਤਕ ਜੇਹਲ਼ ਚਿੱਠੀਆਂ ਦੇ ਪੰਨਾ ੪੪੭ ਤੋਂ ੪੫੭ ਤੱਕ ਵਿਸਥਾਰ ਪੂਰਵਕ ਦਿੱਤਾ ਹੋਇਆ ਹੈ । ਸਰਦਾਰ ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਆਪਣੀ ਅੰਤਿਮ ਇੱਛਾ ਪ੍ਰਗਟਾਈ ਸੀ । ਅੰਤਿਮ ਇੱਛਾ ਇਹ ਸੀ । ਫਾਸੀ ਚੜਨ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਜਾਵੇ ਜਾਂ ਫਿਰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ । ਸਰਕਾਰ ਅੰਗਰੇਜ ਨੇ ਭਗਤ ਸਿੰਘ ਦੀਆਂ ਇਹਨਾਂ ਇਛਾਵਾਂ ਬਾਰੇ ਮੋਹਨ ਦਾਸ ਕਰਮਚੰਦ ਗਾਂਧੀ ਨਾਲ਼ ਸਲਾਹ ਕੀਤੀ । ਗਾਂਧੀ ਦੀ ਰਜਾਮੰਦੀ ਨਾਲ਼ ਅੰਮ੍ਰਿਤ ਨਾ ਛਕਾਇਆ ਗਿਆ । ੨੩-੦੩-੧੯੩੧ ਨੂੰ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ । ਫਾਂਸੀ ਲਹੌਰ ਦਿੱਤੀ ਗਈ ਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਫਾਂਸੀ ਘਰ ਦੇ ਪਿਛਲੇ ਪਾਸਿਓਂ ਕੰਧ ਪਾੜ ਕੇ ਗੱਡੀ ਵਿੱਚ ਲੱਦ ਕੇ ਫਿਰੋਜਪੁਰ ਲਾਗੇ ਹੁਸੈਨੀਵਾਲ਼ੇ ਲੈ ਗਏ । ਏਥੇ ਭਗਤ ਸਿੰਘ ਦੀ ਦੂਸਰੀ ਇੱਛਾ ਦੀ ਪੂਰਤੀ ਕੀਤੀ ਗਈ । ਦੇਹ ਨੂੰ ਤੇਜ ਧਾਰ ਦਾਹ ਨਾਲ਼ ਕੱਟਿਆ ਗਿਆ । ਲੋਕਾਂ ਦੇ ਇਕੱਠ ਤੋਂ ਡਰਦੇ ਮਾਰੇ ਸਰਕਾਰੀ ਕਰਮਚਾਰੀ ਸੱਭ ਕੁੱਝ ਉਵੇਂ ਹੀ ਛੱਡ ਕੇ ਭੱਜ ਗਏ । ਤੇਜਧਾਰ ਦਾਹ ਨਾਲ਼ ਕੱਟੀ ਇੱਕ ਹੱਡੀ ਤੇ ਦਾਹ ਸੰਗਤਾਂ ਨੇ ਆਪਣੇ ਕਬਜੇ ਵਿੱਚ ਲੈ ਲਏ । ਬਾਕੀ ਦੇਹ ਦਾ ਉਥੇ ਹੀ ਸੰਸਕਾਰ ਕਾਰ ਦਿਤਾ । ਹੱਡੀ ਅਤੇ ਦਾਹ ਖਟਕੜ ਕਲਾਂ ਮਿਉਜਿਮ ਵਿੱਚ ਰੱਖੀ ਗਈ । ਫਾਂਸੀ ਹੋਣ ਤੋਂ ਕੁੱਝ ਮਿੰਟ ਪਹਿਲਾਂ ਬੰਬਈ ਦੇ ਬਲਟਿਜ਼ ਅਖਬਾਰ ਵਾਸਤੇ ਸ੍ਰੀ ਸ਼ਾਮ ਲਾਲ ਨੇ ਸਰਦਾਰ ਭਗਤ ਸਿੰਘ ਦੀ ਫੋਟੋ ਖਿੱਚੀ ਸੀ । ਇਹ ਫੋਟੋ ਬਲਟਿਜ਼ ਅਖਬਾਰ ੨੩-੦੩-੧੯੪੯ ਦੇ ਪਰਚੇ ਵਿੱਚ ਛਪੀ ਹੈ । ਪੁਸਤਕ ਜੇਹਲ਼ ਚਿੱਠੀਆਂ ਦੇ ਪੰਨਾ ੪੫੭ ਤੇ ਇਸ ਫੋਟੋ ਦਾ ਬਲਾਕ ਦਿੱਤਾ ਹੋਇਆ ਹੈ । ਇਸ ਫੋਟੋ ਵਿੱਚ ਸਰਦਾਰ ਭਗਤ ਸਿੰਘ ਸਾਬਤ ਸੂਰਤ ਹੈ । ਕੇਸ ਹਨ ਅਤੇ ਛੋਟਾ ਜੂੜਾ ਕੀਤਾ ਹੋਇਆ ਹੈ । ਇਹ ਭਾਈ ਸਾਹਿਬ ਦੇ ਪ੍ਰਚਾਰ ਦਾ ਅਸਰ ਹੈ । ਗਾਂਧੀ ਇਹਨਾਂ ਗੱਲਾਂ ਨੁੰ ਚੰਗੀ ਤਰਾਂ ਸਮਝਦਾ ਸੀ । ਇਸ ਦਾ ਅਸਰ ਨੌਜੁਵਾਨਾਂ ਤੇ ਵੀ ਹੋਣਾ ਸੀ । ਗਾਂਧੀ ਇਰਵਿਨ ਦੀ ਗੱਲਬਾਤ ਵਿੱਚ ਅੰਗਰੇਜ ਚਾਹੁੰਦੇ ਸਨ ਕਿ ਭਗਤ ਸਿੰਘ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ । ਅੰਗਰੇਜਾਂ ਨੇ ਕਿਹਾ । ਦੇਸ਼ ਤੁਹਾਡਾ ਅਜਾਦ ਹੋ ਜਾਣਾ ਹੈ ਤੁਸੀਂ ਬਾਅਦ ਵਿੱਚ ਜੋ ਮਰਜੀ ਕਰਿਓ । ਗਾਂਧੀ ਨੂੰ ਇਹ ਮੰਨਜੂਰ ਨਹੀਂ ਸੀ, ਕਿਉਂਕਿ ਉਹ ਚਾਹੁੰਦਾ ਸੀ ਅਜਾਦੀ ਤੋਂ ਪਹਿਲਾਂ ਪਹਿਲਾਂ ਇਹਨਾਂ ਗਦਰੀਆਂ ਆਦਿ ਦਾ ਸਫਾਇਆ ਉਹ ਆਪ ਕਰ ਕੇ ਜਾਣ ਤਾਂ ਕਿ ਅਜਾਦ ਭਾਰਤ ਵਿੱਚ ਉਹਨਾਂ ਦਾ ਵਿਰੋਧ ਕਰਨ ਵਾਲ਼ਾ ਕੋਈ ਨਾ ਹੋਵੇ । ਉਹ ਅਰਾਮ ਨਾਲ਼ ਦਲਿਤਾਂ ਦੀ ਮਿਹਨਤ ਲੁੱਟ ਸਕਣ । ਕਿਉਂਕਿ ਸਿੱਖਾਂ ਤੋਂ ਬਗੈਰ ਇਹਨਾਂ ਵਿਰੁੱਧ ਕੋਈ ਬੋਲਣ ਵਾਲ਼ਾ ਨਹੀਂ ਹੈ । ਹੰਸ ਰਾਜ ਰਹਿਬਰ ਦੀ ਪੁਸਤਕ ਗਾਂਧੀ ਬੇਨਕਾਬ ਦੇ ਪੰਨਾ ੧੬੮ ਤੇ ਲਿਖਿਆ ਹੈ, 'ਇਰਵਨ ਆਪਣੇ ਰੋਜਨਾਮਚਾ ਵਿੱਚ ਲਿਖਦਾ ਹੈ । ਦਿੱਲ਼ੀ ਵਿੱਚ ਜੋ ਸਮਝੌਤਾ ਹੋਇਆ ਉਸ ਤੋਂ ਅਲੱਗ ਅਤੇ ਅੰਤ ਵਿੱਚ ਮਿਸਟਰ ਗਾਧੀ ਨੇ ਭਗਤ ਸਿੰਘ ਦਾ ਵਰਣਨ ਕੀਤਾ । ਉਸ ਨੇ ਫਾਂਸੀ ਦੀ ਸਜਾ ਰੱਦ ਕਰਵਾਉਣ ਦੀ ਕੋਈ ਪੈਰਵਾਈ ਨਹੀਂ ਕੀਤੀ । ਪਰ ਨਾਲ਼ ਹੀ ਉਸ ਨੇ ਵਰਤਮਾਨ ਪ੍ਰਸਥਿਤੀਆਂ ਵਿੱਚ ਫਾਂਸੀ ਨੂੰ ਅੱਗੇ ਪਾਉਣ ਵਿੱਚ ਕੁੱਝ ਨਾ ਕਿਹਾ'(ਫਾਈਲ ਨੰ ੫-੪੫/੧੯੩੧ ਖਾਂ-੨ ਗ੍ਰਹਿ ਵਿਭਾਗ ਰਾਜਨੀਤੀ ਸਾਖਾ )
ਹੰਸ ਰਾਜ ਰਹਿਬਰ ਨੇ ੨੬੪ ਪੰਨਿਆ ਦੀ ਪੁਸਤਕ ਵਿੱਚ ਬਾਕੀ ਕਾਮਰੇਡ ਲਿਖਾਰੀਆਂ ਦੀ ਤਰਾਂ ਇਹਨਾਂ ਨੇ ਵੀ ਕਿਤੇ ਸਿੱਖ ਸ਼ਬਦ ਨਹੀਂ ਲਿਖਿਆ ਜਦਕਿ ਉਸ ਸਮੇਂ ਭਾਰਤ ਦੀ ਸਾਰੀ ਰਾਜਨੀਤੀ ਸਿੱਖਾਂ ਦੁਆਲ਼ੇ ਹੀ ਘੁੰਮਦੀ ਸੀ । ਸਿੱਖ ਦੇਸ਼ ਦੀ ਅਜਾਦੀ ਲਈ ਸਿਰਧੜ ਦੀ ਬਾਜੀ ਲਗਾ ਰਹੇ ਸਨ । ਇਹ ਨਹਿਰੂ ਗਾਂਧੀ ਹੁਣੀ ਸਿੱਖਾਂ ਨੂੰ ਕਾਲ਼ੇ ਪਾਣੀਆਂ ਅਤੇ ਫਾਂਸੀਆਂ ਦੀਆਂ ਸਜਾਵਾਂ ਦਿਲਵਾ ਰਹੇ ਸਨ । ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸਮੇਂ ਸਾਰਾ ਪੰਜਾਬ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਸੀ । ਦੇਸ਼ਾਂ ਵਿਦੇਸ਼ਾਂ ਵਿੱਚ ਅਖੰਡ ਕੀਰਤਨ ਦੀ ਧੁੰਮ ਪਈ ਹੋਈ ਸੀ । ਜੇਹਲਾਂ ਵਿੱਚ ਸਿੱਖ ਕੈਦੀਆਂ ਵਾਸਤੇ ਕਕਾਰਾਂ ਦਸਤਾਰਾਂ ਦੀ ਮੰਨਜੂਰੀ ਹੋ ਰਹੀ ਸੀ । ਫੌਜ ਵਿੱਚ ਸਿੱਖਾਂ ਨੂੰ ਸਰਕਾਰੀ ਤੌਰ ਤੇ ਅੰਮ੍ਰਿਤ ਛਕਾਇਆ ਜਾਂਦਾ ਸੀ । ਅੱਤ ਦੇ ਦਿਤੇ ਜਾ ਰਹੇ ਤਸੀਹਿਆਂ ਵਿੱਚ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਹੈ ਇਹ ਸੱਭ ਭਾਈ ਸਾਹਿਬ ਨੇ ਸਿਖਾ ਦਿਤਾ ਸੀ । ਇਹ ਵੀ ਵਿਸ਼ਵਾਸ਼ ਦਿਲਵਾ ਦਿਤਾ ਸੀ ਕਿ ਜੇ ਕੋਈ ਗੁਰੁ ਦਾ ਸਿੱਖ, ਗੁਰੁ ਦੀ ਮੱਤ ਅਨੁਸਾਰ ਕੋਈ ਵੀ ਕੰਮ ਕਰਦਾ ਹੈ ਤਾਂ ਗੁਰੁ ਵੀ ਉਸ ਸਿੱਖ ਦੇ ਅੰਗ ਸੰਗ ਰਹਿਦਾ ਹੈ ਅਤੇ ਉਹ ਸਿੱਖ ਕਿਸੇ ਵੀ ਤਸੀਹੇ ਤੋਂ ਡਰਦਾ ਨਹੀਂ ਸੀ । ਸਿੱਖਾਂ ਦੇ ਹੱਸ ਹੱਸ ਫਾਂਸੀ ਚੜਨ ਦਾ ਰਾਜ਼ ਭੀ ਏਹੋ ਹੈ ।
੨੦੧੫ ਵਿੱਚ ਚਾਹੀਦਾ ਤਾਂ ਇਹ ਸੀ ਕਿ ਇਹ ਵਰਾ ਗਦਰੀ ਬਾਬਿਆਂ ਦੀ ਯਾਦ ਵਿੱਚ ਗਦਰੀ ਸ਼ਤਾਬਦੀ ਵਰਾ ਮਨਾਇਆ ਜਾਂਦਾ । ਨੌਜੁਆਨਾਂ ਨੂੰ ਅੰਮ੍ਰਿਤ ਛਕਾਉਣ ਦੀ ਪ੍ਰੇਰਣਾ ਦਿੱਤੀ ਜਾਂਦੀ । ਪਰ ਇਹਨਾਂ ਅੰਮ੍ਰਿਤ ਛਕਾਉਣ ਨੂੰ ਇੱਕ ਮਜ਼ਾਕ ਵਜੋਂ ਲੈ ਕੇ '੨੦੧੫ ਗਦਰ ਸ਼ਰਾਬ' ਦੀ ਮੰਨਜੂਰੀ ਦਿੱਤੀ ਹੈ । ੧੯੯੯ ਤੋਂ ਪਹਿਲਾਂ ਸਿੱਖ ਲੀਡਰਾਂ ਤੇ ਪ੍ਰਚਾਰਕਾਂ ਨੇ ਨਾਹਰੇ ਲਗਵਾਏ ਸਨ ਕਿ ੧੯੯੯ ਤੱਕ ਪੂਰੀ ਕੌਮ ਅੰਮ੍ਰਿਤਧਾਰੀ ਹੋਵੇਗੀ । ਪੰਥ ਦੋਖੀਆਂ ਨੇ ੧੯੯੯ ਤੱਕ ਪੂਰੀ ਕੌਮ ਨੂੰ ਨਸ਼ਈ ਬਣਿਆ ਪ੍ਰਚਾਰ ਦਿਤਾ । ਹੁਣ ਇਹਨਾਂ ਸਿੱਖ ਧੂਤੂਆਂ ਨੇ ਸਿੱਖ ਸੰਗਤ ਦੇ ਅੱਖੀਂ ਘੱਟਾ ਪਾਉਣ ਲਈ ੦੯-੦੫-੨੦੧੫ ਰੋਜਾਨਾ ਪਹਿਰੇਦਾਰ ਅਖਬਾਰ ਦੇ ਪੰਨਾ ੫ ਤੇ ਇੱਕ ਖਬਰ ਦਿਤੀ ਹੈ, 'ਦੇਸਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸੱਦਾ ਦਿਤਾ ਜਾਂਦਾ ਹੈ ਕਿ ਉਹ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਅਦੁਤੀ ਗ੍ਰਿਫਤਾਰੀ ਦਾ ਸਤਾਬਦੀ ਸਮਾਗਮ ੦੯-੦੫-੨੦੧੫ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ਼ ਪ੍ਰੇਰਣਾ ਦਿਵਸ ਦੇ ਰੂਪ ਵਿੱਚ ਮਨਾਉਣ' ਅਗਰ ਇਹ ਸੁਹਿਰਦ ਹੁੰਦੇ ਤਾਂ ਆਪਣੇ ਮਾਸਕ ਪੱਤਰ ਗੁਰਮਤਿ ਪ੍ਰਕਾਸ ਵਿੱਚ ਪਹਿਲਾਂ ਤੋਂ ਲਗਾਤਾਰ ਲੇਖ ਦਿੰਦੇ । ਅਖਬਾਰਾਂ ਵਿੱਚ ਇਸਤਿਹਾਰ ਦਿੰਦੇ । ਪਰ ਅਫਸੋਸ! ਇਹ ਚਹੁੰਦੇ ਹੀ ਨਹੀਂ ਕਿ ਨਿਰੋਲ ਗੁਰਮਤਿ ਦਾ ਪ੍ਰਚਾਰ ਹੋਵੇ । ਭਾਈ ਰਣਧੀਰ ਸਿੰਘ ਜੀ ਸੱਚਮੁੱਚ ਪੰਥ ਰਤਨ ਹਨ । ਆਪ ਦਾ ਜਨਮ ੦੭-੦੭-੧੮੭੮ ਨੂੰ ਮਾਤਾ ਪੰਜਾਬ ਕੌਰ ਦੀ ਪਵਿੱਤਰ ਕੁੱਖੋਂ ਸਰਦਾਰ ਨੱਥਾ ਸਿੰਘ ਦੇ ਗ੍ਰਹਿ ਨਾਰੰਗਵਾਲ਼ (ਲੁਧਿਆਣਾ) ਵਿਖੇ ਹੋਇਆ । ਆਪ ਜੀ ਦਾ ਜਨਮ ਇੱਕ ਰੱਜੇ ਪੁੱਜੇ ਕਿਸਾਨ ਦੇ ਘਰ ਹੋਇਆ । ਆਪ ਦੇ ਪਿਤਾ ਨਾਭਾ ਹਾਈਕੋਰਟ ਦੇ ਜੱਜ ਸਨ । ਸਰਦਾਰ ਨੱਥਾਂ ਸਿੰਘ ਕੋਲ਼ ਕਾਫੀ ਜਮੀਨ ਤੇ ਤਕੜੀ ਹਵੇਲੀ ਸੀ । ਅੱਜ ਕੱਲ ਇਸ ਹਵੇਲ਼ੀ ਨੂੰ ਗੁਰਦੁਆਰਾ ਬਣਾ ਦਿਤਾ ਗਿਆ । ਆਪ ਦਾ ਬਚਪਨ ਬਹੁਤ ਲਾਡਾਂ ਭਰਿਆ ਸੀ । ਆਪ ਨੂੰ ਚੰਗੀ ਵਿੱਦਿਆ ਦਿਲਵਾਈ ਗਈ । ਪਹਿਲਾਂ ਗੌਰਮੈਂਟ ਕਾਲਿਜ਼ ਲਹੌਰ ਤੋਂ ਵਿਦਿਆ ਪ੍ਰਾਪਤ ਕੀਤੀ । ਫਿਰ ਆਪ ਨੇ ਮਿਸ਼ਨ ਕਾਲਜ਼ ਲਹੌਰ ਤੋਂ ਵਕਾਲਤ ਕੀਤੀ । ਆਪ ਦੇ ਪਿਤਾ ਸਰਦਾਰ ਨੱਥਾ ਸਿੰਘ ਵਲੋਂ ਆਪ ਨੂੰ ਹੁਕਮ ਸੀ ਕਿ ਸਵੇਰੇ ਜਪੁਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾਸ ਸਹਿਬ ਦਾ ਪਾਠ ਜਰੂਰ ਕਰਨ । ਇਸੇ ਨਾਲ਼ ਆਪ ਨੂੰ ਗਰਬਾਣੀ ਪੜਨ ਦਾ ਸੌਂਕ ਪੈਦਾ ਹੋਇਆ । ੧੯੦੦ ਵਿੱਚ ਆਪ ਨੇ ਬੀ.ਏ. ਪਾਸ ਕਰ ਲਈ ਅਤੇ ਕੀਰਤਨ, ਅਖੰਡ ਪਾਠਾਂ ਦੇ ਅਭਿਆਸ ਵਿੱਚ ਜੁੱਟ ਗਏ । ੧੯੦੨ ਵਿੱਚ ਆਪ ਨਾਇਬ ਤਹਿਸੀਲਦਾਰ ਲੱਗ ਗਏ । ਆਪ ਦਾ ਮਨ ਸਤਿਵਾਦੀ ਸੇਵਾ ਕਰਨ ਦਾ ਸੀ ਪਰ ਇਸ ਨੌਕਰੀ ਵਿੱਚ ਝੂਠ ਤੇ ਭਰਿਸਟਾਚਾਰ ਪ੍ਰਧਾਨ ਸੀ । ਇਸ ਲਈ ਆਪ ਨੇ ਛੇਤੀ ਨੌਕਰੀ ਛੱਡ ਦਿੱਤੀ ।
੧੬-੦੬-੧੯੦੩ ਨੂੰ ਆਪ ਨੇ ਫਿਲੌਰ ਲਾਗੇ ਪਿੰਡ ਬਾਕਾ ਪੁਰ ਵਿਖੇ ਪੰਥਕ ਦੀਵਾਨ ਵਿੱਚ ਅੰਮ੍ਰਿਤ ਛਕਿਆ । ਇਕ ਪੁਸਤਕ ਵਿੱਚ ਲਿਖਿਆ ਹੈ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਬਸੰਤ ਸਿੰਘ ਸੀ । ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਦਾ ਨਾਮ ਭਾਈ ਰਣਧੀਰ ਸਿੰਘ ਹੋ ਗਿਆ । ਆਪ ਅੱਠੇ ਪਹਿਰ ਬਾਣੀ ਵਿੱਚ ਜੁਟੇ ਰਹਿੰਦੇ ਸਨ । ੧੯੦੫ ਵਿੱਚ ਆਪ ਨੂੰ ਖਾਲਸਾ ਕਾਲਿਜ ਅੰਮ੍ਰਿਤਸਰ ਵਿਖੇ ਆਪ ਨੂੰ ਹੋਸਟਲ ਸੁਪਰਟੈਂਡੈਂਟ ਲਗਾਇਆ ਗਿਆ । ਏਥੇ ਵੀ ਆਪ ਦਾ ਚਿੱਤ ਨਾ ਲੱਗਿਆ । ਆਮ ਜੀ ਦਾ ਅਨੰਦਕਾਰਜ ਮਾਤਾ ਕਰਤਾਰ ਕੌਰ ਨਾਲ਼ ਹੋਇਆ । ਆਪ ਦੇ ਤਿੰਨ ਬੱਚੇ ਵੀ ਹੋਏ । ਗੁਰਮਤਿ ਨਾਮ ਦੀ ਖੋਜ ਬਾਰੇ ਆਪ ਨੇ ਕਿਹਾ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰਮਤਿ ਨਾਮ ਦਾ ਪ੍ਰਕਾਸ਼ ਹੈ । ੧੯੦੬ ਵਿੱਚ ਆਪ ਨੇ ਖਾਲਸਾ ਕਾਲਿਜ ਦੀ ਨੌਕਰੀ ਛੱਡ ਦਿਤੀ । ੧੯੦੮-੦੯ ਵਿੱਚ ਆਪ ਨੇ ਬਾਬੂ ਤੇਜਾ ਸਿੰਘ ਭਸੌੜ ਨਾਲ਼ੋਂ ਮਿਲ਼ ਕੇ ਪੰਚ ਖਾਲਸਾ ਦੀਵਾਨ ਕਾਇਮ ਕੀਤਾ । ਮਾਮੂਲੀ ਮੱਤ ਭੇਦ ਕਾਰਨ ੧੯੧੦ ਵਿੱਚ ਬਾਬੂ ਤੇਜਾ ਸਿੰਘ ਨਾਲ਼ ਤੋੜ ਵਿਛੋੜਾ ਕਰ ਲਿਆ ਅਤੇ ਨਾਰੰਗਵਾਲ਼ ਗੁਜਰਵਾਲ਼ ਦੀ ਢਾਬ ਤੇ ਡੇਰਾ ਬਣਾ ਲਿਆ । ਏਥੇ ਆਪ ਨੇ ਅਖੰਡ ਪਾਠਾਂ ਦੇ ਲਾਹੇ ਪ੍ਰਾਪਤ ਕੀਤੇ । ਪੰਜ ਸਾਲ ਅਖੰਡ ਪਾਠ ਅਤੇ ਅਖੰਡ ਕੀਰਤਨ ਦਾ ਅਭਿਆਸ ਕੀਤਾ । ੧੯੦੪ ਵਿੱਚ ਅੰਗਰੇਜ ਸਰਕਾਰ ਨੇ ਵਾਇਸਰਾਏ ਦੇ ਭਵਨ ਨਿਰਮਾਣ ਕਰਨ ਕਰਕੇ ਵਿੱਚ ਆਉਂਦੀ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ । ੩੦-੦੫-੧੯੧੪ ਨੂੰ ਆਪ ਨੇ ਪੰਥਕ ਦੀਵਾਨ ਵਿੱਚ ਵਿਰੋਧ ਦਾ ਮਤਾ ਪਾਸ ਕਰਵਾਇਆ । ਅੰਗਰੇਜਾਂ ਨੇ ਪੰਥ ਦਾ ਵਿਰੋਧ ਦੇਖ ਕੇ ਗੁਰਦੁਆਰੇ ਦੀ ਕੰਧ ਆਪੇ ਬਣਵਾ ਦਿੱਤੀ । ਇਸ ਸਮੇਂ ਕਾਮਾਗਾਟਾਮਾਰੂ ਜਹਾਜ਼ ਤੇ ਬਜਬਜ ਘਾਟ ਤੇ ਅੰਗਰੇਜ ਸਰਕਾਰ ਨੇ ਸਿੱਖਾਂ ਤੇ ਗੋਲ਼ੀਆਂ ਚਲਾਈਆਂ । ਅੰਗਰੇਜਾਂ ਪ੍ਰਤੀ ਵਿਰੋਧ ਵੱਧਦਾ ਗਿਆ । ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੇ ਅੰਗਰੇਜਾਂ ਨੂੰ ਬਾਹਰ ਕੱਢਣ ਦਾ ਮਨ ਬਣਾ ਲਿਆ । ਗਦਰ ਦੀ ਰਣਨੀਤੀ ਬਣਾਈ ਗਈ । ਭਾਈ ਸਾਹਿਬ ਦੇ ਜੱਥੇ ਨੇ ੧੯-੦੨-੨੦੧੫ ਨੂੰ ਫਿਰੋਜਪੁਰ ਪਲਟਨ ਨੰਬਰ ੨੬ ਨਾਲ਼ ਮਿਲ਼ ਕੇ ਅਸਲੇ ਤੇ ਕਬਜਾ ਕਰਨਾ ਸੀ ਅਤੇ ਫੌਜੀਆਂ ਵਿੱਚ ਬਗਾਵਤ ਕਰਵਾਉਣੀ ਸੀ । ਭਾਈ ਸਾਹਿਬ ਦਾ ਜੱਥਾ ਸੱਭ ਤੋਂ ਪਹਿਲਾਂ ਫਿਰੋਜਪੁਰ ਪਹੁੰਚਿਆ । ਇਸ ਦਾ ਭੇਤ ਸਰਕਾਰ ਨੂੰ ਲੱਗ ਗਿਆ । ਫੜੋ ਫੜਾਈ ਸ਼ੁਰੂ ਹੋ ਗਈ । ੦੯-੦੫-੧੫ ਨੂੰ ਭਾਈ ਸਾਹਿਬ ਨੂੰ ਨਾਭੇ ਤੋਂ ਗਰਿਫਤਾਰ ਕਰ ਲਿਆ । ੨੭-੧੦-੧੯੧੫ ਤੱਕ ਲੁਧਿਆਣੇ ਸੈਟਰਲ ਜੇਹਲ਼ ਵਿੱਚ ਭਾਈ ਸਾਹਿਬ ਤਕਰੀਬਨ ਭੁੱਖ ਹੜਤਾਲ਼ ਤੇ ਹੀ ਰਹੇ । ਫਿਰ ਆਪ ਨੂੰ ਸੈਟਰਲ ਜੇਹਲ਼ ਲਹੌਰ ਭੇਜ ਦਿਤਾ ਗਿਆ । ੩੦-੦੩-੧੯੧੬ ਨੂੰ ਹੋਰ ਸਾਜ਼ਿਸ਼ ਕੇਸ ਵਿੱਚ ਆਪ ਨੂੰ ਉਮਰ ਕੈਦ ਹੋ ਗਈ । ਜੇਲ਼ ਵਰਦੀ ਦਸਤਾਰ ਦੀ ਬਦਲੇ ਟੋਪੀ ਮਿਲੀ । ਕਕਾਰ ਲੁਹਾ ਲਏ ਗਏ । ਆਪ ਨੇ ਇਸ ਦੇ ਵਿਰੋਧ ਵਿੱਚ ਭੁੱਖ ਹੜਤਾਲ਼ ਕਰ ਦਿਤੀ । ੧੩ ਅਪਰੈਲ ੧੯੧੬ ਨੂੰ ਆਪ ਨੂੰ ਮੁਲਤਾਨ ਭੇਜ ਦਿਤਾ ਗਿਆ । ਆਪ ਦਾ ਵਜ਼ਨ ੧੩੪ ਪੌਂਡ ਤੋਂ ੯੬ ਪੋਂਡ ਰਹਿ ਗਿਆ । ਏਥੇ ਦਰੋਗਾ ਸਦਾ ਨੰਦ ਸੀ । ਇਸ ਨੇ ਬਹੁਤ ਤਸੀਹੇ ਦਿੱਤੇ । ੪੦ ਦਿਨ ਦੀ ਭੁੱਖ ਹੜਤਾਲ਼ ਤੋਂ ਬਾਅਦ ਪੰਜਾਬ ਸਰਕਾਰ ਨੇ ਸਿੱਖ ਕੈਦੀਆਂ ਵਾਸਤੇ ਦਸਤਾਰੇ ਕੱਛਹਿਰੇ ਕੁਰਤੇ ਆਦਿ ਦੀ ਵਰਦੀ ਮੰਨਜੂਰ ਕਰ ਦਿੱਤੀ ਜੋ ਕਿ ਅੱਜ ਤੱਕ ਬਰਕਰਾਰ ਹੈ । ਮੁਲਤਾਨ ਆਪ ਨੂੰ ੧੫ ਮਹੀਨੇ ਰੱਖਿਆ ਗਿਆ ।
੧੫-੦੭-੧੯੧੭ ਨੂੰ ਆਪ ਨੂੰ ਹਜ਼ਾਰੀ ਬਾਗ ਦੀਆਂ ਕਾਲ਼ ਕੋਠੜੀਆਂ ਵਿੱਚ ਭੇਜ ਦਿਤਾ । ਹਜ਼ਾਰੀ ਬਾਗ ਆਪ ੫ ਸਾਲ ਰਹੇ । ਅਕਤੂਬਰ ੧੯੨੧ ਤੋਂ ਆਪ ਨੂੰ ਰਾਜਮੰਦਰੀ ਜੇਹਲ਼ ਭੇਜ ਦਿਤਾ ਗਿਆ । ਡੇਢ ਸਾਲ ਰਾਜਮੰਦਰੀ ਰਹਿਣ ਉਪਰੰਤ ੦੧-੧੨-੧੯੨੨ ਰਾਜਮੰਦਰੀ ਤੋਂ ਨਾਗਪੁਰ ਜੇਹਲ਼ ਭੇਜ ਦਿਤਾ । ਏਥੇ ਆਪ ੮ ਸਾਲ ਰਹੇ । ਸੱਭ ਤੋਂ ਵੱਧ ਤਸੀਹੇ ਨਾਗਪੁਰ ਹੀ ਦਿੱਤੇ ਗਏ । ਗੋਰੇ ਅਫਸਰ ਤਾਂ ਆਪ ਨਾਲ ਨਰਮਾਈ ਨਾਲ਼ ਪੇਸ਼ ਆਉਂਦੇ ਰਹੇ ਪਰ ਹਿੰਦੂ ਜਿਨਹਾਂ ਦੀ ਅਜਾਦੀ ਖਾਤਰ ਆਪ ਸਜਾ ਭੁਗਤ ਰਹੇ ਸਨ ਉਹ ਆਪ ਦਾ ਧਰਮ ਭਰਿਸਟ ਕਰਨ ਦਾ ਹੱਠ ਕਰਦੇ ਸਨ । ਇਹ ਅਫਸਰ ਸਨ :- ਮੁਲਤਾਨ ਦਾ ਸਦਾਨੰਦ, ਹਜਾਰੀ ਬਾਗ ਦਾ ਪੰਡਤ ਵਧਾਵਾ ਰਾਮ, ਅਤੇ ਨਾਗਪੁਰ ਦਾ ਦਰੋਗਾ ਨੀਲ ਕੰਠ ਸੂਰੀਆ ਨਰਾਇਣ । ਨਾਗਪੁਰ ਦੇ ਸਾਰੇ ਕੈਦੀ ਆਪ ਦੀ ਬਹੁਤ ਇੱਜ਼ਤ ਕਰਦੇ ਸਨ  ਆਪ ਨੂੰ ਗੁਰੁ ਸਮਾਨ ਮੰਨਦੇ ਸਨ । ਇਸੇ ਗੱਲ ਤੋਂ ਨੀਲ ਕੰਠ ਸੂਰੀਆ ਨਰਾਇਣ ਜਟਾਰ ਖਿਝਿਆ ਹੋਇਆ ਸੀ । ਜਟਾਰ ਡਾਕਟਰ ਭੀ ਸੀ ਇਸੇ ਲਈ ਧੱਕੇ ਨਾਲ਼ ਅਨੀਮਾ ਦੇ ਰਿਹਾ ਸੀ । ਕਈ ਸਿਪਾਹੀਆਂ ਨੇ ਆਪ ਨੂੰ ਢਾਅ ਲਿਆ, ਨਗਨ ਕਰ ਦਿਤਾ ਅਤੇ ਬੇਇਜਤ ਕਰਨ ਲਈ ਅਨੀਮਾ ਦਿਤਾ ਗਿਆ । ਧੱਕੇ ਨਾਲ਼ ਨਲਕੀ ਰਾਹੀ ਮੂੰਹ ਵਿੱਚ ਤਰਲ ਖਾਣਾ ਦਿਤਾ ਜਾਣ ਲੱਗਾ । ਆਪ ਨੂੰ ਦੰਦਲ਼ ਪੈ ਗਈ । ਜਟਾਰ ਨੇ ਦੰਦ ਤੁੜਵਾ ਦਿੱਤੇ ਅਤੇ ਤਰਲ ਦੁੱਧ ਆਦਿ ਅੰਦਰ ਧੱਕਿਆ । ਨਲਕੀ ਕੱਢਦੇ ਸਾਰ ਹੀ ਸੱਭ ਕੁੱਝ ਜੋ ਅੰਦਰ ਗਿਆ ਸੀ ਆਪ ਨੇ ਬਾਹਰ ਕੱਢ ਦਿਤਾ । ਆਲ਼ੇ ਦੁਆਲ਼ੇ ਖਬਰ ਫੈਲ ਗਈ ਕਿ ਜਟਾਰ ਨੇ ਭਾਈ ਸਾਹਿਬ ਨੂੰ ਮਾਰ ਦਿਤਾ । ਆਪ ਨੇ ਚਿੱਠੀ ਭੇਜੀ । ਲਿਖਿਆ। ਨਾਗਪੁਰ ਸੱਚਮੁੱਚ ਨਾਗਾਂ ਦੀ ਪੁਰੀ ਹੈ । ਏਥੇ ਇਹਨਾਂ ਬਹੁਤ ਡੰਗ ਮਾਰੇ । ਅੱਜ ਵੀ ਸਿੱਖ ਵਿਰੋਧੀ ਸਾਜਿਸ਼ਾਂ ਨਾਗਪੁਰ ਤੋਂ ਹੀ ਰਚੀਆਂ ਜਾਂਦੀਆਂ ਹਨ । ਪੰਥ ਨੇ ਆਪ ਦੀ ਚੜ੍ਹਦੀ ਕਲਾ ਲਈ ੦੧-੦੨-੧੯੨੩ ਅਰਦਾਸ ਦਿਨ ਐਲਾਨਿਆ । ਅੰਗਰੇਜਾਂ ਨੇ ਭਾਈ ਸਾਹਿਬ ਬਾਰੇ ਇਗਲੈਂਡ ਦੇ ਵੱਡੇ ਪਾਦਰੀ ਮਿਸਟਰ ਐਲਵਨ ਨੂੰ ਦੱਸਿਆ ਕਿ ਉਹਨਾ ਕੋਲ਼ ਇੱਕ ਰੱਬੀ ਸ਼ਕਤੀ ਵਾਲ਼ਾ ਕੈਦੀ ਹੈ । ਮਿਸਟਰ ਐਲਵਨ ਨੇ ਭਾਈ ਸਾਹਿਬ ਨੁੰ ਮਿਲਣ ਦੀ ਇੱਛਾ ਜਤਾਈ । ੧੯੩੦ ਵਿੱਚ ਮਿਸਟਰ ਐਲਵਨ ਭਾਰਤ ਆਇਆ । ਭਾਈ ਸਾਹਿਬ ਨੂੰ ਮਿਲਿਆ । ਜਿਸ ਕੋਠੜੀ ਵਿੱਚ ਭਾਈ ਸਾਹਿਬ ਨੂੰ ਤਾੜਿਆ ਗਿਆ ਸੀ । ਮਿਸਟਰ ਐਲਵਨ ਨੇ ਉਸ ਕੋਠੜੀ ਦਾ ਮੁਆਇਨਾ ਕੀਤਾ । ਪਾਦਰੀ ਨੇ ਭਾਈ ਸਾਹਿਬ ਦੀ ਹਿਸਟਰੀ ਸੀਟ ਦੇਖੀ ਉਹ ਦੇਖਦਾ ਹੀ ਰਹਿ ਗਿਆ ਕਿ ਇਸ ਕੋਠੜੀ ਵਿੱਚ ਭਾਈ ਸਾਹਿਬ ੮ ਸਾਲ ਰਹੇ ।ਬਹੁਤ ਸਮਾਂ ਅੰਨ ਪਾਣੀ ਤੋਂ ਬਗੈਰ ਰਹੇ । ਹਰ ਜੇਹਲ਼ ਵਿੱਚ ਕਈ ਮਹੀਨੇ ਭੁੱਖੇ ਰਹੇ । ਹੁਣ ਜਿਸ ਕੋਠੜੀ ਵਿੱਚ ਭਾਈ ਸਾਹਿਬ ਨੂੰ ਰੱਖਿਆ ਹੈ ਉਸ ਵਿੱਚ ਸਧਾਰਨ ਮਨੁੱਖ ਇੱਕ ਘੰਟਾ ਨਹੀਂ ਰਹਿ ਸਕਦਾ । ਪਾਦਰੀ ਨੇ ਭਾਈ ਸਾਹਿਬ ਨੂੰ ਪੁੱਛਿਆ ।ਤੁਸੀ ਇਸ ਕੋਠੜੀ ਵਿੱਚ ਕਿਹੜੀ ਸ਼ਕਤੀ ਨਾਲ਼ ਰਹਿ ਰਹੇ ਹੋ । ਭਾਈ ਸਾਹਿਬ ਨੇ ਕਿਹਾ ਮੈਂ ਇਕੱਲਾ ਨਹੀਂ ਮੇਰੇ ਨਾਲ਼ ਮੇਰਾ ਗੁਰੁ ਭੀ ਹੈ । ਉਹਨਾਂ ਦੀ ਸ਼ਕਤੀ ਨਾਲ਼ ਮੈਂ ਏਥੇ ਚੜ੍ਹਦੀ ਕਲਾ ਵਿੱਚ ਹਾਂ । ਪਾਦਰੀ ਮੁਸਕੁਰਾਇਆ ਅਤੇ ਇੱਛਾ ਜਤਾਈ ਉਹ ਵੀ ਇੱਕ ਰਾਤ ਇਸ ਨਾਲ਼ ਕੋਠੜੀ ਵਿੱਚ ਗੁਜਾਰਨਾ ਚਹੁੰਦੇ ਹਨ । ਮੰਨਜੂਰੀ ਤੋਂ ਬਾਅਦ ਪਾਦਰੀ ਨੁੰ ਬੰਦ ਕਰ ਦਿਤਾ ਗਿਆ । ਦੋ ਘੰਟੇ ਤੋਂ ਬਾਅਦ ਪਾਦਰੀ ਕੱਢੋ ਕੱਢੋ ਦੀਆਂ ਅਵਾਜਾਂ ਮਾਰਨ ਲੱਗਾ । ਪਾਦਰੀ ਨੂੰ ਬਾਹਰ ਕੱਢਿਆ । ਉਸ ਨੇ ਮੰਨਿਆ ਕਿ ਸੱਚ ਮੁੱਚ ਇਹਨਾਂ ਦੇ ਨਾਲ਼ ਇਹਨਾਂ ਦਾ ਗੁਰੁ ਗੋਬਿੰਦ ਸਿੰਘ ਇਹਨਾਂ ਦੇ ਨਾਲ਼ ਰਹਿ ਰਿਹਾ ਹੈ । ਪਾਦਰੀ ਨੇ ਭਾਈ ਸਾਹਿਬ ਦੀ ਹਿਸਟਰੀ ਸੀਟ ਤੇ ਸੱਤਵਾਦੀ ਮਨੁੱਖ ਲਿਖਿਆ ਅਤੇ ਕਈ ਹੋਰ ਸਿਫਾਰਿਸ਼ਾਂ ਲਿਖੀਆਂ । ਪਾਦਰੀ ਦੀ ਸਿਫਾਰਿਸ਼ ਤੇ ਅੰਗਰੇਜ ਸਰਕਾਰ ਨੇ ਆਪ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ । ਭਾਈ ਸਾਹਿਬ ਦੀ ਭੁੱਖ ਹੜਤਾਲ਼ ਤੇ ਤਸੀਹੇ ਝੱਲਣ ਦਾ ਇੱਕੋ ਇੱਕ ਕਾਰਨ ਸੀ ਕਿ ਭਾਈ ਸਾਹਿਬ ਆਪਣੇ ਧਰਮ ਅਨੁਸਾਰ ਰਹਿਣਾ ਚਾਹੁੰਦੇ ਸਨ । ੧੬-੦੫-੧੯੩੦ ਨੂੰ ਸਰਕਾਰ ਨੇ ਆਪ ਨੂੰ ਸੈਟਰਲ ਜੇਹਲ਼ ਲਹੌਰ ਭੇਜ ਦਿਤਾ । ਏਥੇ ਹੀ ੩੦-੧੦-੧੯੩੦ ਨੂੰ ਆਪ ਦੀ ਮੁਲਾਕਾਤ ਸਰਦਾਰ ਭਗਤ ਸਿੰਘ ਨਾਲ਼ ਹੋਈ । ਇਸੇ ਦਿਨ ਰਿਹਾਅ ਹੋ ਕੇ ਇਕੱਲੇ ਹੀ ਆਪ ਘਰ ਨਾਰੰਗਵਾਲ਼ ਪਹੁੰਚੇ । ਜੇਹਲ਼ ਦੀ ਰਿਹਾਈ ਤੋਂ ਬਾਅਦ ਆਪ ਨੇ ਆਖੰਡ ਪਾਠ ਅਤੇ ਆਖੰਡ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ । ਅੰਮ੍ਰਿਤ ਛਕਣ ਦੀ ਲਹਿਰ ਚੱਲ ਪਈ ਸੀ । ਸਰਕਾਰ ਨੇ ਘਬਰਾ ਕੇ ਭਾਈ ਸਾਹਿਬ ਨੂੰ ਬਦਨਾਮ ਕਰਨਾ ਚਾਹਿਆ । ਆਖੰਡ ਕੀਰਤਨ ਦੇ ਲਾਹੇ ਪ੍ਰਾਪਤ ਕਰਦ ਕਰਦੇ ਆਪ ੧੬-੦੪-੧੯੬੧ ਨੂੰ ਅਕਾਲ ਚਲਾਣਾ ਕਰ ਗਏ । ਅੱਜ ਜੋ ਸਿੱਖੀ ਦੀ ਮਾੜੀ ਮੋਟੀ ਹਵਾ ਰੁਮਕ ਰਹੀ ਹੈ ਇਹ ਸੱਭ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਹੈ । ਨੌਜੁਆਨਾ ਨੂੰ ਚਾਹੀਦਾ ਹੈ ਕਿ ਉਹ ਭਾਈ ਸਾਹਿਬ ਤੋਂ ਪ੍ਰੇਰਨਾ ਲੈਣ । ਘੱਟੋ ਘੱਟ ਉਹਨਾਂ ਦੁਆਰਾ ਲਿਖੀ ਪੁਸਤਕ ਜੇਹਲ਼ ਚਿੱਠੀਆਂ ਜਰੂਰ ਪੜਨ । ਇਹ ਪੁਸਤਕ ਗੁਰਮੁਖੀ ਲਿੱਪੀ ਅਤੇ ਗੁਰਮੁਖੀ ਬੋਲੀ ਵਿੱਚ ਲਿਖੀ ਗਈ ਹੈ । ਗੁਰਮੁਖੀ ਬੋਲੀ ਦੀ ਸਮਝ ਇਹ ਕਿਤਾਬ ਪੜਨ ਨਾਲ਼ ਆਪਣੇ ਆਪ ਆ ਜਾਏਗੀ । ਖਾਲਸੇ ਦੇ ਬੋਲ ਬਾਲੇ ਜਰੂਰ ਹੋਣੇ ਹਨ । ਕਾਲ਼ੇ ਪਾਣੀਆਂ ਦੇ ਟਾਪੂ ਵਿੱਚ ਪੰਜਾਬੀ ਸੂਬਾ ਬਣ ਗਿਆ ਹੈ । ਕੈਨੇਡਾ ਇੰਗਲੈਂਡ ਅਮੈਰਕਾ ਵਿੱਚ ਸਿੱਖਾਂ ਦੀ ਚੜਦੀ ਕਲਾ ਦੀ ਧਾਂਕ ਪੰਜਾਬ ਵਿੱਚ ਸੁਣਾਈ ਦਿੰਦੀ ਹੈ । ਮਾਰਕਸਵਾਦ, ਸਮਾਜਕ ਵਾਦ ਤੋਂ ਉੱਪਰ ਨਾਨਕਵਾਦ ਹੈ।ਨਾਨਕਵਾਦ ਲਾਗੂ ਹੋਣਾ ਹੀ ਹੋਣਾ ਹੈ।ਪ੍ਰਸਿੱਧ ਧਾਰਮਕ ਵਿਦਵਾਨ ਬਰਟਰੈਂਡ ਰਸਲ ਲਿਖਦਾ ਹੈ: ਜਿਹੜੇ ਕੁੱਝ ਖੁਸ਼ ਕਿਸਮਤ ਲੋਕ, ਤੀਜੇ ਵਿਸ਼ਵ ਯੁੱਧ ਵਿੱਚੋਂ ਬਚ ਨਿਕਲਣਗੇ, ਸਿੱਖ ਧਰਮ ਹੀ ਉਹਨਾ ਨੂੰ ਰਾਹ ਦਿਖਾਵੇਗਾ'। ਹੁਣ ਵੀ ਕੁਦਰਤੀ ਆਫਤਾਂ ਵੇਲ਼ੇ ਚਾਹੇ ਗੁਜਰਾਤ ਦਾ ਭੁਚਾਲ਼ ਹੋਵੇ, ਸਮੁੰਦਰੀ ਸੁਨਾਮੀ ਹੋਵੇ, ਕਸ਼ਮੀਰ ਦਾ ਹੜ ਹੋਵੇ ਜਾਂ ਹੁਣੇ ਹੁਣੇ ਦਾ ਨਿਪਾਲ ਦਾ ਭੁਚਾਲ ਹੋਵੇ ਹਰ ਥਾ ਸਿੱਖ ਸੇਵਕ ਉਹਨਾਂ ਦੁਖੀਆਂ ਲਈ ਲੰਗਰ, ਕੱਪੜੇ ਅਤੇ ਦਵਾਈ ਬੂਟੀ ਲਈ ਖੜੇ ਮਿਲ਼ਦੇ ਹਨ । ਸਿੱਖੀ ਨੂੰ ਜਾਂ ਗਦਰੀ ਬਾਬਿਆਂ ਨੂੰ ਅਗਰ ਸਮਝਣਾ ਚਹੁੰਦੇ ਹੋ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਸਮਝਣਾ ਜਰੂਰੀ ਹੈ । ਇਹਨਾਂ ਦੀ ਬਦੌਲਤ ਹੀ ਸਿੱਖ ਕੌਮ ਨਾਲ਼ ਇਤਨਾ ਧੱਕਾ ਹੋਣ ਉਪਰੰਤ ਭੀ ਸਿੱਖ ਆਪਣੇ ਬੋਲ ਬਾਲਿਆਂ ਦੀ ਪੂਰਤੀ ਲਈ ਤਾਂਘ ਰਹੇ ਹਨ ।
ਗੁਰਮੇਲ ਸਿੰਘ ਖਾਲਸਾ, ੯੯੧੪੭੦੧੪੬੯
ਪਿੰਡ ਗਿਆਸਪੁਰਾ, ਡਾਕ: ਢੰਡਾਰੀ ਕਲਾਂ
ਲੁਧਿਆਣਾ (ਪੰਜਾਬ)

ਮਹਿਫਲ ਸੱਚੇ ਵਿਚਾਰਾਂ ਦੀ, ਪਰਮਜੀਤ ਸਿੰਘ ਸੇਖੋਂ ਦਾਖਾ


Monday, June 22, 2015

ਕੋਣ ਸਿਖ ਹੁੰਦੇ ਹੋ ਭਾਈ, ਤੇਰੀ ਸਿੰਘਾਂ ਕੀ ਹੈ ਜਾਤ ? ਦਲ ਖਾਲਸਾ ਅਲਾਇੰਸ

ਕੋਣ ਸਿਖ ਹੁੰਦੇ ਹੋ ਭਾਈ, ਤੇਰੀ ਸਿੰਘਾਂ ਕੀ ਹੈ ਜਾਤ ? ਕਿਰਪਾ ਕਰਕੇ ਪੂਰੀ ਵਾਰਤਾ ਜਰੂਰ ਪੜੋ ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਕੋਣ ਸਿਖ ਹੁੰਦੇ ਹੋ ਭਾਈ, ਤੇਰੀ ਸਿੰਘਾਂ ਕੀ ਹੈ ਜਾਤ ? ਕਿਰਪਾ ਕਰਕੇ ਪੂਰੀ ਵਾਰਤਾ ਜਰੂਰ ਪੜੋ ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਕੋਣ ਸਿਖ ਹੁੰਦੇ ਹੋ ਭਾਈ, ਮੈਂ ਅਰੋੜਾ ਇਹ ਹੈ ਨਾਈ, 
ਤੇਰੀ ਸਿੰਘਾਂ ਕੀ ਹੈ ਜਾਤ? ਨਾਮਾ ਬੰਸੀ ਛੀਂਬਾ ਭਾਟ, 
ਤੇਰਾ ਦੁਧ ਕੋਣ ਹੈ ਪਿਆਰੇ, ਅਸੀਂ ਸਿੰਘ ਹਾਂ ਜੱਟ ਕਰਾਰੇ, 
ਤੇਰਾ ਜਨਮ ਕੀਨਾ ਦੇ ਘਰ ਦਾ, ਮੈਂ ਹਾਂ ਮਹਿਰਾ ਪਾਣੀ ਭਰਦਾ, 
ਤੇੰ ਨਾ ਦਸਿਆ ਆਪਣਾ ਹਾਲ, ਆਹਲੂਵਾਲੀਏ ਅਸੀਂ ਕਲਾਲ, 
ਤੂੰ ਵੀ ਆਪਣਾ ਗੋਤ ਵਖਾਨ,ਕਾਰੀਗਰ ਹਾਂ ਅਸੀਂ ਤਖਾਨ, 
ਤੁਸਾਂ ਕੀਨਾ ਘਰ ਵਾਸ ਲਿਆ,ਬਾਮਨ ਜਨਮ ਰੱਬ ਨੇ ਦਿਆ, 
ਕੀ ਕੁਝ ਕਰਦੇ ਤੇਰੇ ਘਰ ਦੇ, ਹੇਨ ਖਤਰੀ ਹੱਟੀ ਕਰਦੇ, 
ਤੇੰ ਕਹੁ ਚੁਪ ਭਲੀ ਕਿਉਂ ਕੀਤੀ, ਜਾਤ ਸੇਣੀ ਆਪਾਂ ਲੀਤੀ, 
ਤੂੰ ਵੀ ਕਹਿ ਆਪਣਾ ਅਲਸੇਟਾ, ਮੈਂ ਰੰਗਰੇਟਾ ਗੁਰੂ ਕਾ ਬੇਟਾ, 
ਤੇੰ ਕਿਉਂ ਜੁੜੀ ਲਗਾਈ ਤਾੜੀ,ਰਵਿਦਾਸ ਭਗਤ ਦੀ ਹਾਂ ਬਾੜੀ , 
ਤੇੰ ਨਾ ਦਸਿਆ ਗੋਤ ਪਿਆਰੇ, ਮਾਈ ਪੋਤਰੇ ਹਾਂ ਸੁਨਿਆਰੇ, 
ਕਹਿਦੇ ਝਬਦੇ ਤੂੰ ਵੀ ਕੁਝ, ਨਾਉ ਰਹਿਤੀਏ ਸਾਡਾ ਬੁਝ, 
ਤੇਰੀ ਕੀ ਹੈ ਜਾਤ ਸਿਆਣੇ?ਬਚਿਤਰ ਸਿੰਘੀਏ ਸਿੰਘ ਲੁਬਾਣੇ, 
ਹਮ ਸਿਖ ਹਾਂ ਭਾਵੇ ਭੱਲੇ, ਕਹੋ ਆਪਣੀ ਕੋਈ ਬਾਤੀ, 
ਹਮ ਵੀ ਭਾਵੇ ਤ੍ਰੇਹਣ ਜਾਤੀ,ਤੂੰ ਕਿਆ ਬੈਠਾ ਪਾਏ ਝ੍ਬੇਲਾ, 
ਬੇਦੀ ਬਾਵਾ ਸਮਝ ਸੁਹੇਲਾ, ਕੋਣ ਪਿੰਡ ਦੇ ਰਹਿਣ ਹਾਰਾ 
ਭੋਗਪੁਰ ਹੈ ਨਗਰ ਹਮਾਰਾ,ਮਾਈ ਤੇਰੀ ਕਿਆ ਹੈ ਨਾਉ, 
ਭਾਗੋ ਸਦਦੇ ਸਭ ਗਿਰਾਉ, ਨਾਉ ਬਾਪ ਦਾ ਦੇਹੁ ਬਤਾਉ, 
ਸੇਢੁ ਤੇਨੂੰ ਕਹਿਆ ਸੁਨਾਏ | 

     ਇਹ ਕਵਿਤਾ ਗਿਆਨੀ ਦਿਤ ਸਿੰਘ ਜੀ ਦੀ ਲਿਖੀ ਕੀਤਾਂਬ ''ਨਕਲੀ ਸਿਖ ਪ੍ਰਬੋਧ'' ਦੇ ਪੰਨੇ ੮੫ ਤੇ ਅੰਕਿਤ ਹੈ ਦਾਸ ਦਾ ਇਥੇ ਇਹ ਕਵਿਤਾ ਰੂਪੀ ਪੋਸਟ ਪਾਉਣ ਦਾ ਮਕਸਦ ਸਿਰਫ ਏਨਾ ਹੈ ਕੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿਖ ਸਾਜਿਆ ਸੀ ਅਤੇ ਦਸਵੇਂ ਜਾਮੇ ਆਕੇ ਫੇਰ ਓਸ ਸਿਖ ਦੀ ਇਕ ਚੱਟਾਨ ਵਾਂਗ ਫੇਰ ਸਿਰਜਨਾ ਕੀਤੀ ਇਕ ਖਾਲਿਸ ਬਣਾਇਆ ਸੀ ਓਹੀ ਸਿਖ ਅੱਜ ਕਿਥੇ ਹੈ ?
ਰਾਜਾ ਸਾਂਸੀ ਦੇ ਰਾਜ ਮਗਰੋਂ ਜੋ ਖਾਲਿਸ ਸਿਖਾਂ ਦੀ ਗਿਣਤੀ ੮੦ ਲਖ ਹੁੰਦੀ ਤੇ ਮਗਰੋਂ ੧੮ ਲਖ ਤੇ ਆ ਗਈ |ਦਲੀਪ ਸਿੰਘ ਘੋਨ ਮੋਨ ਹੋ ਗਇਆ ਤੇ ਇਸਾਈ ਬਣ ਗਇਆ ਰਾਜ ਪਾਠ ਬਾਮਨ ਦੇ ਹਥਾਂ ਚ ਆਉਣ ਕਰਕੇ ਸਿਖ ਸਿਧਾਂਤ ਕਿਧਰੇ ਗਵਾਚ ਗਇਆ ਸਿਖ ਬਾਮਨ ਦੀਆਂ ਰੀਤਾਂ ਚ ਗਵਾਚ ਗਇਆ ਮੂਰਤੀਆਂ ਦੀ ਪੂਜਾ ਹੋਣ ਲਗੀ ਸਿਖ ਸਿਖ ਨਾ ਰਹਿ ਕੇ ਵਰਨ ਵਿਚ ਵੰਡ ਦਿਤਾ ਜਿਹਨਾਂ ਕੁਰੀਤੀਆਂ ਦੇ ਖਿਲਾਫ਼ ਗੁਰੂ ਸਾਹਿਬ ਸੰਘਰਸ਼ ਕਰਦੇ ਆਏ ਸਨ ਓਹੀ ਕੁਰੀਤੀਆਂ ਸਿਖਾਂ ਅੰਦਰ ਕੁੱਟ ਕੁੱਟ ਕੇ ਭਰ ਗਈਆਂ ਜੋ ਅੱਜ ਵੀ ਹਨ |
     ਪਰ ਹੁਣ ਓਸ ਸਮੇ ਅਤੇ ਅੱਜ ਦੇ ਸਮੇ ਚ ''ਮਾਡਰਨ'' ਰੂਪ ਧਾਰ ਲਿਆ ਹੈ ਹੁਣ ਸਿਖ ਅਖਵਾਉਣ ਵਾਲੇ ਨੂੰ ਓਸਦੇ ਗੋਤ ਕੁਲ ਬਾਰੇ ਨੀ ਪੂਛਨਾ ਪੈਂਦਾ ਓਹਨੇ ਆਪ ਹੀ ਆਪਣੇ ਗਲ ਵਿਚ ''ਤਖਤੀ'' ਲਟਕਾ ਰਖੀ ਹੈ |
     ਹੁਣ ਮਹੰਤਾ ਦਾ ਨਵਾਂ ਰੁਪ ਹੈ ਹੁਣ ਉਚ੍ਹਿਆਂ ਜਾਤਾਂ ਵਾਲੇ ਸ਼ਹਰੀ ਅਤੇ ਪੇਂਡੂ ਗੁਰੂਦਵਾਰਿਆਂ ਤੇ ਕਾਬਿਜ ਹਨ ਹੁਣ ਲੰਗਰ ਚ ਬੇਸ਼ਕ ਵਿਖਰੇਵਾ ਨਹੀ ਕੀਤਾ ਜਾਂਦਾ ਅਖਬਾਰਾਂ ਦੀ ਬਦਨਾਮੀ ਵਾਜੋਂ ਪਰ ਪਿੰਡ ਦੇ ਵਿਚ ਚਾਰ ਚਾਰ ਗੁਰੂ ਦਵਾਰੇ ਬਣਾ ਦਿਤੇ ਹਨ ਇਹ ਜੱਟਾਂ ਦਾ, ਇਹ ਖਤਰਿਆਂ ਦਾ, ਇਹ ਤ੍ਖਾਨਾਂ ਦਾ, ਤੇ ਬਾਹਰ ਦੇ ਇਕ ਕੋਨੇ ਵਿਚ ਜੋ ਕਦੀ ''ਰੰਗਰੇਟੇ ਗੁਰੂ ਕੇ ਬੇਟੇ'' ਕਹਾਉਂਦੇ ਸੀ ਓਹਨਾਂ ਮਜਹਵਿਆਂ ਦਾ ਕਰਕੇ |
     ਮੈਂ ਬਹੁਤੇ ਗਰੁਪਾਂ ਨਾਲ ਜੁੜਿਆ ਹੋਇਆ ਹਾਂ ਮੈਨੂ ਹਰ ਗਰੁਪ ਚ ਬਾਮਨ ਬਾਦ ਦੀ ਹਿਮਾਯਤ ਕਰਨ ਵਾਲੇ ਕਿਸੇ ਨਾ ਕਿਸੇ ਰੂਪ ਚ ਮਿਲਦੇ ਹਨ ਪਰ ਜੋ ਸੰਘਰਸ਼ ਦਸ ਗੁਰੂ ਸਾਹਿਬਾਨਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਦਰ ਸ਼ੋਭਾਮਾਨ ਭਗਤਾਂ ਸੰਤਾ ਨੇ ਕੀਤਾ ਓਸ ਸੰਘਰਸ਼ ਦੇ ਹਿਮਾਯਤੀ ਘਟ ਹੀ ਮਿਲੇ |
     ਮੈਂ ਸਮਝਦਾ ੮੦ ਲਖ ਤੋਂ ਇਕ ਦਮ ੧੮ ਲਖ ਤੇ ਗਿਰਾਵਟ ਆਉਣੀ ਇਹ ਸਿਖਾਂ ਅੰਦਰ ਵੜ ਚੁਕੇ ਓਸ ਵਾਇਰਸ ਕਰਕੇ ਜੋ ਬਾਮਨ ਰੂਪੀ ਹੈ ਤੇ ਹੁਣ ਵੀ ਹੈ ਜੋ ਕੋਮ ਦੁਨੀਆਂ ਵਿਚ ਵੜੀ ਤੇਜੀ ਨਾਲ ਵਧ ਸਕਦੀ ਸੀ ਓਸਨੂੰ ਮਲੀਆਮੇਟ ਕਰਨ ਵਾਲੇ ਸਾਡੇ ਆਪਣੇ ਸਿਖ ਹੀ ਹਨ |


Posted by                       
Parmjit Singh Sekhon (Dakha)                       
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Co-Oridinator, American Shiromani Gurdwara Parbandhak Committee