ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ
ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ
ਸਾਰੀਆਂ ਸੰਪ੍ਰਦਾਵਾਂ ਵਿੱਚ ਰਹਿਤ ਮਰਿਯਾਦਾ ਵੱਖਰੀ ਵੱਖਰੀ ਸੀ। ਇਸ ਦੇ ਬਾਵਜੂਦ ਇਹ ਸਾਰੇ ਮੁਖੀ ਆਪਣੇ ਆਪ ਨੂੰ ਸਿੱਖ ਪੰਥ ਦਾ ਹਿੱਸਾ ਸਮਝਦੇ ਸਨ, ਪੂਰਾ ਪੰਥ ਨਹੀਂ ਸਮਝਦੇ ਸਨ। ਂਇਸੇ ਕਰਕੇ ਸਾਰੇ ਮੁਖੀਆਂ ਨੇ ਕਿਸੇ ਨੂੰ ਵੱਡਾ ਛੋਟਾ ਨਾ ਸਮਝ ਕੇ , ਸਾਰੇ ਗੁਰੂ ਕਾਲ ਅਤੇ ਪੁਰਾਤਨ ਸਿੱਖਾਂ ਦੇ ਪ੍ਰਾਪਤ ਰਹਿਤਨਾਮਿਆਂ ਨੂੰ ਗੂੜ ਵਿਚਾਰ ਕੇ ਇਕ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਤਿਆਰ ਕੀਤੀ ਅਤੇ ਸ਼੍ਰੌਮਣੀ ਕਮੇਟੀ ਨੇ ਇਸ ਦੇ ਪ੍ਰਬੰਧਾਂ ਹੇਠਲੇ ਇਤਹਾਸਕ ਗੁਰਦੁਆਰਿਆਂ ਵਿੱਚ ਕੇਵਲ ਤੇ ਕੇਵਲ ਲਾਗੂ ਕੀਤਾ, ਨਾ ਕਿ ਖ਼ੁਦ ਤਿਆਰ ਕੀਤਾ। ਇਸ ਲਈ ਸ਼੍ਰੌਮਣੀ ਕਮੇਟੀ ਵੱਲੋਂ ਲਾਗੂ ਰਹਿਤ ਮਰਿਯਾਦਾ ਤੇ ਪੰਥਕ ਸੰਪ੍ਰਦਾਵਾਂ ਵੱਲੋਂ ਪਿਛਲੇ 75-80 ਸਾਲਾਂ ਵਿੱਚ ਕਦੀ ਕਿੰਤੂ ਨਹੀਂ ਕੀਤਾ ਗਿਆ।
ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ , ਨਿਹੰਗ ਜਥੇਬੰਦੀਆਂ ਅਤੇ ਹੋਰ ਪੰਥਕ ਸੰਪ੍ਰਦਾਵਾਂ ਦੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ, ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਆਦਿ ਭਾਵੇਂ ਪੰਥ ਵਿੱਚ ਕਿੰਨੇ ਵੀ ਤਾਕਤਵਰ ਹੋ ਗਏ ਹੋਣ ਪਰ ਉਨ੍ਹਾਂ ਨੇ ਸ਼੍ਰੌਮਣੀ ਕਮੇਟੀ ਦੀ ਰਹਿਤ ਮਰਿਯਾਦਾ ਤੇ ਕਦੀ ਵੀ ਕਿੰਤੂ ਨਹੀਂ ਕੀਤਾ। ਪਰ ਅੱਜ ਅਸੀਂ ਇਨ੍ਹਾਂ ਮਹਾਂਪੁਰਖਾਂ , ਬਜ਼ੁਰਗਾਂ ਤੋਂ ਵੀ ਸਿਆਣੇ ਹੋ ਗਏ ਹਾਂ ਜਾ ਸੰਸਾਰਿਕ ਹਉਮੇਂ ਵਿੱਚ ਆਪਣੇ ਆਪ ਨੂੰ ਹੀ ਪੰਥ ਸਮਝਣ ਲੱਗ ਪਏ ਹਾਂ। ਪੰਥ ਪ੍ਰਵਾਨਤ ਰਹਿਤ ਮਰਿਯਾਦਾ ਨੂੰ ਨਾਸਤਕ ਲੋਕਾਂ ਨੇ ਤਾਂ ਢਾਹ ਲਗਾਉਣੀ ਹੀ ਹੈ ਪਰ ਜੇ ਪੰਥ ਦਰਦੀ ਜਥੇਬੰਦੀਆਂ ਵੀ ਪੰਥਕ ਂਏਕਤਾ ਦੀ ਨਿਸ਼ਾਨੀ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਤੇ ਸਿਰਫ ਇਸ ਲਈ ਕਿੰਤੂ ਕਰਨਗੀਆਂ ਕਿ ਉਨ੍ਹਾਂ ਨੂੰ ਸ਼੍ਰੌਮਣੀ ਕਮੇਟੀ ਦਾ ਪ੍ਰਧਾਨ ਜਾਂ ਬਾਦਲ ਪਸੰਦ ਨਹੀਂ ਹੈ ਤਾਂ ਪੰਥ ਖੇਰੂੰ ਖੇਰੂੰ ਹੋ ਜਾਵੇਗਾ। ਜੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੋਵੇ ਤਾਂ ਗ੍ਰੰਥੀ ਬਦਲਣਾ ਚਾਹੀਦਾ ਹੈ ਨਾ ਕਿ ਗੁਰਦੁਆਰਾ ਹੀ ਢਾਹ ਦੇਣਾ ਚਾਹੀਦਾ ਹੈ।