Wednesday, March 13, 2013

RAJOANA SANDESH FOR SIKH NATION REGARDING NEWS PAPER PEHREDAR

ਪਹਿਰੇਦਾਰ ਅਖ਼ਬਾਰ ਵੱਲੋਂ ਸ਼ੁਰੂ ਕੀਤੀ  ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ- ਕੀਮਤਾਂ ਨੂੰ ਢਾਹ ਲਾਉਂਦੀ ਮੁਹਿੰਮ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ।

ਸਤਿਕਾਰਯੋਗ ਖਾਲਸਾ ਜੀ ,
              ਵਾਹਿਗੁਰੂ ਜੀ ਕਾ ਖਾਲਸਾ ॥
               ਵਾਹਿਗੁਰੂ ਜੀ ਕੀ ਫ਼ਤਹਿ॥
       ਸੱਭ ਤੋਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਜੋ ਪ੍ਰੋ: ਭੁੱਲਰ ਅਤੇ ਮੇਰੀ ਫ਼ਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਲਈ ਇੱਕ ਕਰੋੜ ਸਿੱਖਾਂ ਤੋਂ ਦਸਤਖ਼ਤ ਕਰਵਾ ਕੇ ਦੇਸ਼ ਦੇ ਉਨਾਂ ਹੁਕਮਰਾਨਾਂ ਅੱਗੇ ਜਿਹੜੇ ਸਿੱਖ ਧਰਮ ਤੇ ਹਮਲਾ ਕਰਣ ਲਈ ਜਿੰਮੇਵਾਰ ਹਨ ,ਜਿਹੜੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਹਨ , ਅੱਗੇ ਕੀਤੀ ਜਾਣ ਰਹਿਮ ਦੀ ਅਪੀਲ ਦੀ ਮੁਹਿੰਮ ਬਾਰੇ ਮੈਂ ਆਪਣੇ ਵਿਚਾਰ ਸਪੱਸਟ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਵੱਲੋਂ ਸਿੱਖ ਸ਼ੰਘਰਸ ਵਿਚ ਪਾਏ ਯੋਗਦਾਨ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਉੱਪਰ ਦੁੱਖ ਪ੍ਰਗਟ ਕਰਦਾ ਹਾਂ , ਉਨ੍ਹਾਂ ਦੇ ਸਤਿਕਾਰਯੋਗ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਪ੍ਰਗਟ ਕਰਦਾ ਹਾਂ ।ਖਾਲਸਾ ਜੀ , ਜਿਥੋਂ ਤੱਕ ਪ੍ਰੋ: ਭੁੱਲਰ ਅਤੇ ਮੇਰੀ ਸੋਚ ਦਾ ਸਬੰਧ ਹੈ , ਪ੍ਰੋ: ਭੁੱਲਰ ਹੁਣਾਂ ਨੇ ਸ਼ੁਰੂ ਤੋਂ ਹੀ ਭਾਰਤੀ ਅਦਾਲਤਾਂ ਵਿਚ ਆਪਣਾ ਕੇਸ ਲੜ੍ਹਿਆ , ਆਪਣੇ ਆਪ ਨੂੰ ਨਿਰਦੋਸ਼ ਕਿਹਾ , ਅਦਾਲਤ ਵੱਲੋਂ ਮਿਲੀ ਆਪਣੀ ਸਜ਼ਾ ਦੇ ਖਿਲਾਫ਼ ਅਦਾਲਤਾਂ ਵਿਚ ਅਤੇ ਰਾਸਟਰਪਤੀ ਅੱਗੇ ਅਪੀਲ ਕੀਤੀ ਇਸ ਲਈ ਪ੍ਰੋ: ਭੁੱਲਰ ਹੁਣਾਂ ਦੀ ਸਜ਼ਾ ਮਾਫ਼ ਕਰਾਉਣ ਲਈ ਕਿਸੇ ਵੀ ਅਦਾਰੇ ਵੱਲੋਂ , ਕਿਸੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਉਪਰਾਲੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ।ਇਸ ਸਬੰਧੀ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ  ਕਿ ਹੌਲੇ ‐ ਮੁਹੱਲੇ ਵਾਲੇ ਦਿਨ ਸ੍ਰੀ ਆਨੰਦਪਰ ਜਾਣ ਵਾਲੇ ਸਾਰੇ ਸਰਧਾਲੂ ਪ੍ਰੋ: ਭੁੱਲਰ ਅਤੇ ਮੇਰੀ ਫੋਟੋ ਵਾਲੇ ਬੈਨਟ ਲਾਉਣ , ਆਪਣੇ ਆਵਾਜਾਈ ਦੇ ਸਾਧਨਾਂ ਤੇ ਕੇਸਰੀ ਝੰਡੇ ਲਗਾਉਣ ਅਤੇ ਆਨੰਦਪੁਰ ਸਾਹਿਬ ਪਹੁੰਚਣ , ਉਥੇ ਇਨ੍ਹਾਂ ਪ੍ਰਬੰਧਕਾਂ ਵੱਲੋਂ ਦੇਸ਼ ਦੇ ਹੁਕਮਰਾਨਾਂ ਨੂੰ ਰਹਿਮ ਦੀ ਅਪੀਲ ਕਰਨ ਵਾਲੀ ਮੁਹਿੰਮ ਸਬੰਂਧੀ ਦਸਤਖ਼ਤ ਕਰਨ ਵਾਸਤੇ ਦਸ ਕਾਊਂਟਰ ਖੋਲੇ ਜਾਣਗੇ ।
          ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਇਸ ਮੁਹਿੰਮ ਵਿਚ ਬਹੁਤ ਹੀ ਗੁਮਰਾਹਕੁੰਨ ਤਰੀਕੇ ਨਾਲ ਮੇਰਾ ਨਾਮ ਲਿਆ ਜਾ ਰਿਹਾ ਹੈ ।ਮੈਂ ਫਿਰ ਵੀ ਇਨ੍ਹਾਂ ਪ੍ਰਬੰਧਕਾਂ ਨੂੰ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਹ ਸਪੱਸਟ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਨੂੰ ਵੀ ਆਪਣੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਨਾ ਕਦੇ ਕਿਹਾ ਹੈ ਅਤੇ ਨਾ ਹੀ ਕਦੇ ਕਹਾਂਗਾ ,ਮੇਰਾ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਕੋਈ ਬੇਨਤੀ ਜਾ ਕਿਸੇ ਕਿਸਮ ਦੀ ਅਪੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ ।ਖਾਲਸਾ ਜੀ , ਮੈਂ ਪਹਿਰੇਦਾਰ ਦੇ ਪ੍ਰਬੰਧਕਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜਿਹੜੇ ਅਕਸਰ ਆਪਣੇ ਬੈਂਡ-ਰੂਮੀ ਲੇਖਾਂ ਵਿਚ ਕੌਮੀ ਸਵੈਮਾਨ, ਕੌਮੀ ਫ਼ਰਜਾਂ , ਕੌਮੀ ਅਣਖ਼ ਅਤੇ ਗੈਰਤ ਦੇ ਉਪਦੇਸ਼ ਦਿੰਦੇ ਰਹਿੰਦੇ ਹਨ , ਕੀ ਕਿਸੇ ਸਿੱਖ ਦੇ ਹੱਥ ਵਿਚ ਕੇਸਰੀ ਝੰਡਾ ਵੀ  ਹੋਵੇ , ਉਹ ਧਰਮ ਤੇ ਹਮਲਾ ਕਰਨ ਵਾਲੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਰਹਿਮ ਦੀ ਅਪੀਲ ਵੀ ਕਰ ਰਿਹਾ ਹੋਵੇ ,ਇਸ ਤੋਂ ਹਾਸੋਹੀਣੀ ਗੱਲ ਹੋਰ ਕੀ ਹੋ ਸਕਦੀ ਹੈ ,ਇਹ ਦ੍ਰਿਸ਼ ਤਾਂ ਕਿਸੇ ਕਾਮੇਡੀ ਸੀਨ ਵਾਂਗ ਹੈ ਕਿ ਇਸ ਤਰ੍ਹਾਂ ਕਰਨਾ ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਅਪਮਾਨ ਕਰਨਾ ਮਜ਼ਾਕ ਉਡਾਉਣਾ ਨਹੀਂ ਹੈ ? ਕੀ ਇਸ ਤਰ੍ਹਾਂ ਦੀ ਮੁਹਿੰਮ ਦਾ ਮਨੋਰਥ ਪਿਛਲੇ ਸਾਲ ਮਾਰਚ ਮਹੀਨੇ ਵਿਚ ਸਮੁੱਚੇ ਖਾਲਸਾ ਪੰਥ ਵੱਲੋਂ ਕੌਮੀ ਸਵੈਮਾਨ ਲਈ ਲਹਿਰਾਏ ਗਏ ਕੇਸਰੀ ਝੰਡਿਆਂ ਦੇ ਸਨਮਾਨ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣਾ ਨਹੀਂ ਹੈ ? 
    ਖਾਲਸਾ ਜੀ , ਸ੍ਰੀ ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਬੰਸਦਾਨੀ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਕ ਅਲੌਕਿਕ ਵਰਤਾਰਾ ਕਰਕੇ ਜ਼ੁਲਮ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖ ਸਮਾਜ ਨੂੰ ਸ਼ਸਤਰਧਾਰੀ ਬਣਾ ਕੇ ,ਅੰਮ੍ਰਿਤ ਦੀ ਦਾਤ ਬਖ਼ਸ਼ਿਸ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ।ਇਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਖਾਲਸੇ ਨੇ ਰਣਤੱਤੇ ਵਿਚ ਜੰਗ ਦੇ ਉਹ ਜੌਹਰ ਦਿਖਾਏ ਜਿਸ ਨੂੰ ਪੜ੍ਹ ਸੁਣ ਕੇ ਅੱਜ ਵੀ ਦੁਸ਼ਮਣ ਭੈਅ-ਭੀਤ ਹੋ ਜਾਂਦੇ ਹਨ ।ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਵਾ ਸਵਾ ਲੱਖ ਫ਼ੌਜਾਂ ਨਾਲ ਇੱਕ ਇੱਕ ਸਿੰਘ ਲੜ੍ਹਦਾ ਰਿਹਾ ,ਚਿੜੀਆਂ ਅੰਮ੍ਰਿਤ ਦੀ ਦਾਤ ਪੀ ਕੇ ਬਾਜ਼ਾਂ ਨਾਲ ਟਕਰਾਉਂਦੀਆਂ ਰਹੀਆਂ , ਮਾਵਾਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾ ਵਿਚ ਪਵਾਉਂਦੀਆਂ ਰਹੀਆਂ ।ਖਾਲਸੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਦੇ ਕਾਤਲਾਂ ਅਤੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਇਆ , ਸਗੋਂ ਅਡੋਲ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ।ਜ਼ਾਲਮ ਹੁਕਮਰਾਨਾਂ ਵੱਲੌਂ ਦਿੱਤੀ ਹਰ ਸਜ਼ਾ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ।ਪਰ ਖਾਲਸਾ ਜੀ , ਅੱਜ 314 ਸਾਲਾਂ ਬਾਅਦ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ ,ਉਸੇ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਸਾਡੇ ਹੱਥਾਂ ਵਿਚ ਕੇਸਰੀ ਝੰਡਾ ਵੀ ਹੋਵੇਗਾ , ਸਾਡਾ ਅੰਮ੍ਰਿਤ ਵੀ ਛਕਿਆ ਹੋਵੇਗਾ ,ਸਾਡਾ ਬਾਣਾ ਵੀ ਖਾਲਸਾਈ ਪਾਇਆ ਹੋਵੇਗਾ ਪਰ ਇੱਥੇ ਉਹ ਦ੍ਰਿਸ਼ ਕਿੰਨਾ ਸ਼ਰਮਨਾਕ ਹੋਵੇਗਾ ਆਪਣੇ ਆਪ ਨੂੰ ਸਿੱਖ ਬੁੱਧੀਜੀਵੀ ਅਖਵਾਉਣ ਵਾਲੇ ਲੋਕਾਂ ਵੱਲੋਂ ਇਸੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੱਸ ਕਾਊਂਟਰ ਖੋਲੇ ਜਾਣਗੇ ਜਿੱਥੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਦੀ ਅਪੀਲ ਕਰਦੇ ਕਾਗਜ਼ਾਂ ਤੇ ਇੱਕ ਕਰੋੜ ਸਿੱਖ ਦਸਤਖ਼ਤ ਕਰਨਗੇ  ਕੌਮ ਦੇ ਸਵੈਮਾਨ ਨੂੰ ,ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰਨਗੇ ।ਇਸ ਬਦਲੇ ਦਿੱਲੀ ਦੇ ਹੁਕਮਰਾਨਾਂ ਦੀਆਂ ਖ਼ੁਸੀਆਂ ਪ੍ਰਾਪਤ ਕਰਨਗੇ ।ਖਾਲਸਾ ਜੀ ,ਮੇਰਾ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਂਦੀ ਕਿਸੇ ਤਰ੍ਹਾਂ ਦੀ ਮੁਹਿੰਮ ਨਾਲ ਦੂਰ ਦਾ ਸਬੰਧ ਨਹੀਂ ਹੈ ।ਕਿਸੇ ਦੇ ਸਿਵਿਆਂ ਤੇ ਰੋਟੀ ਸੇਕਣ ਵਾਲੇ ਲੋਕਾਂ ਦੀ ਹਮਦਰਦੀ ਦੀ ਮੈਨੂੰ ਕੋਈ ਲੋੜ ਨਹੀਂ ਹੈ ।
       ਖਾਲਸਾ ਜੀ , ਮੇਰੇ ਵੱਲੋਂ ਅਦਾਲਤਾਂ ਵਿਚ ਕੇਸ ਲੜ੍ਹਨ ਅਤੇ ਆਪਣੀ ਫ਼ਾਂਸੀ ਦੀ ਸਜ਼ਾ ਦੇ ਮਾਮਲੇ ਵਿਚ ਮੇਰੇ ਵੱਲੋਂ ਸ਼ੁਰੂ ਤੋਂ ਅਪਣਾਈ ਗਈ ਸਪੱਸਟ ਸੋਚ ਦੇ ਵਾਰੇ ਜਾਣਦੇ ਹੋਏ ਵੀ ਮੇਰੀ ਸੋਚ ਤੋਂ ਉਲਟ ਜਾ ਕੇ ਮੇਰੀ ਫਾਂਸੀ ਨੂੰ ਰੱਦ ਕਰਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕੀ ਢਾਂਚੇ ਦੇ ਕਾਫ਼ੀ ਲੋਕ ਆਪਣੀਆ ਫੇਸ ਬੁੱਕਾਂ ਤੇ ਮੇਰੇ ਖਿਲਾਫ਼ ਪਿਛਲੇ ਕਾਫੀ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੇ ਹਨ ਅਤੇ ਉਪਰੋਂ ਮੇਰੇ ਹਮਦਰਦ ਹੋਣ ਦਾ ਢੋਂਗ ਵੀ ਕਰ ਰਹੇ ਹਨ ।ਖਾਲਸਾ ਜੀ , ਮੇਰਾ ਕਦੇ ਵੀ ਕਿਸੇ ਦਾ ਅਪਮਾਨ ਕਰਨ ਦਾ ਜਾਂ ਕਿਸੇ ਵੀ ਕਿਸਮ ਦਾ ਨੁਕਸਾਨ ਕਰਨ ਦਾ ਕਦੇ ਕੋਈ ਇਰਾਦਾ ਨਹੀਂ ਹੁੰਦਾ ਪਰ ਜਦੋਂ ਜਦੋਂ ਵੀ ਕੋਈ ਆਪਣੇ ਨਿੱਜੀ ਹਿੱਤਾ ਲਈ ਮੇਰਾ ਨਾਮ ਵਰਤ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ ਕਰੇਗਾ ਤਾਂ ਮੈਂ ਹਰ ਵਾਰ ਖਾਲਸਾ ਪੰਥ ਅੱਗੇ ਆਪਣਾ ਪੱਖ ਸਪੱਸਟ ਕਰਦਾ ਰਹਾਂਗਾ ।
       ਖਾਲਸਾ ਜੀ , ਅੱਜ ਜਦੋਂ ਕੌਮ ਦੇ ਰਹਿਬਰ ਅਤੇ ਬੁੱਧੀਜੀਵੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਰਹਿਮ ਦੀ ਅਪੀਲ ਕਰਦੀ ਮੁਹਿੰਮ ਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਦਸਤਖ਼ਤ ਕਰਕੇ ਸ਼ੁਰੂ ਕਰਨਗੇ , ਗੁਰਦੁਆਰਾ ਸਾਹਿਬਾਨ ਵਿਚ ਅਪੀਲ਼ ਕਰਦੀ ਮੁਹਿੰਮ ਦੇ ਕਾਊਂਟਰ ਖੋਲਣਗੇ ,ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਸ ਮੁਹਿੰਮ ਲਈ ਵਰਤਣਗੇ ਤਾਂ ਇਸ ਵਰਤਾਰੇ ਤੇ ਮੈਂ ਬਹੁਤ ਹੀ ਦੁਖੀ ਮਨ ਨਾਲ ਇਹੀ ਕਹਾਂਗਾ ਕਿ ਅੱਜ ਸੱਚਮੁਚ ਹੀ ਸਿੱਖੀ ਦਾ ਭਵਿੱਖ ਖ਼ਤਰੇ ਵਿਚ ਹੈ ।ਦੁਸ਼ਮਣਾਂ ਨੇ ਸਾਡੀਆਂ ਧਾਰਮਿਕ ਅਤੇ ਵਿਦਿਅਕ ਸ਼ੰਸਥਾਵਾਂ  ਦੇ ਧੁਰ ਅੰਦਰ ਤੱਕ ਘੁਸਪੈਠ ਕਰ ਲਈ ਹੈ ।ਮੇਰੀ ਕੌਮ ਦੇ ਸਮੁੱਚੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ , ਬੁੱਧੀਜੀਵੀਆਂ ਨੂੰ ਦੋਨੋਂ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਅਗਰ ਤੁਸੀਂ ਧਰਮ ਤੇ ਹਮਲਾ ਕਰਨ ਵਾਲੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਅਪੀਲ ਕਰਦੀ ਕਿਸੇ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਇਨ੍ਹਾਂ ਅਪੀਲ ਕਰਦੇ ਕਾਗਜ਼ਾਂ ਤੇ ਦਸਤਖ਼ਤ ਕਰਵਾਉਣ ਲਈ ਕਾਊਂਟਰ ਗੁਰੂ ਘਰਾਂ ਵਿਚ ਨਹੀਂ ਸਗੋਂ ਕਾਊਟਰ ਸਿਨੇਮੇ ਘਰਾਂ ਵਿਚ ,ਸਾਪਿੱਗ ਮਾਲਾਂ ਵਿਚ , ਸ਼ਰਾਬ ਦੇ ਠੇਕਿਆਂ ਤੇ , ਸ਼ਰਾਬ ਪੀਣ ਵਾਲੇ ਹਾਤਿਆਂ ਵਿਚ  ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘੱਟੋ ਤੋਂ ਘੱਟ ਸਿੱਖੀ ਕਦਰਾਂ ‐ ਕੀਮਤਾਂ ਦਾ ਮਜ਼ਾਕ ਤਾਂ ਨਹੀਂ ਉਡੇਗਾ ।ਅਗਰ ਤੁਸੀਂ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਤੁਹਾਡੇ ਹੱਥਾਂ ਵਿਚ ਕੇਸਰੀ ਝੰਡੇ ਨਹੀਂ ਸਗੋਂ ਤੁਹਾਡੇ ਸਿਰ ਨੀਵੇਂ ਹੋਣੇ ਚਾਹੀਦੇ ਹਨ ।ਇਸ ਤਰ੍ਹਾਂ ਕਰਨ ਨਾਲ ਘੱਟੋ ਘੱਟ ਕੇਸਰੀ ਝੰਡੇ ਦੇ ਸਨਮਾਨ ਨੂੰ ਤਾਂ ਬਚਾਇਆ ਜਾ ਸਕੇਗਾ ।
         ਖਾਲਸਾ ਜੀ , ਮੌਜੂਦਾ ਸਮੇਂ ਵਿਚ ਜਦੋਂ ਸਾਡੇ ਧਰਮ ਪ੍ਰਚਾਰਕਾਂ , ਲੇਖਕਾਂ ਦੇ ਉਪਦੇਸ਼ਾਂ , ਰਾਜਸੀ ਆਗੂਆਂ ਦੇ ਵੱਡੇ-ਵੱਡੇ ਭਾਸਣਾਂ ਅਤੇ ਉਹਨਾਂ ਦੇ ਜੀਵਨ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ ।ਅੱਜ ਜਦੋਂ ਸਿੱਖੀ ਦੀ ਆਜ਼ਾਦ ਸੋਚ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੇ ਅਧੀਨ ਹੋ ਗਈ ਹੈ ਤਾਂ ਅਜਿਹੇ ਸਮੇਂ ਸਿੱਖੀ ਦੇ ਹਰਿਆਵਲ ਬੂਟੇ ਨੂੰ ਬਚਾਉਣ ਲਈ ਸਿਰਫ ਧਰਮ ਪ੍ਰਚਾਰ ਦੀ ਹੀ ਨਹੀਂ ਸਗੋਂ ਸਿੱਖੀ ਸਿਧਾਤਾਂ ਨੂੰ ਅਪਣਾ ਕੇ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜੀਵਨ ਰੂਪੀ ਪ੍ਰਚਾਰ ਨਾਲ ਹੀ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ ।ਖਾਲਸਾ ਜੀ , ਮੈਂ ਸਿੱਖੀ ਜੀਵਨ ਜਾਚ ਦਾ ਦੁਸ਼ਮਣਾਂ ਅਤੇ ਦੋਸਤਾਂ ਨੂੰ ਅਹਿਸਾਸ ਕਰਵਾਉਂਦਾ ਹੋਇਆ ਆਪਣੇ ਰਾਹਾਂ ਤੇ ਬਿਨਾਂ ਕਿਸੇ ਲੋਭ ਲਾਲਚ ਦੇ , ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸਿਰਫ ਉਸ ਅਕਾਲ ‐ਪੁਰਖ ਵਾਹਿਗੁਰੂ ਨੂੰ ਸਰਮਪਿਤ ਹੋ ਕੇ ਆਖ਼ਰੀ ਸਾਹਾਂ ਤੱਕ ਚਲਦਾ ਰਹਾਂਗਾ ।ਖਾਲਸਾ ਪੰਥ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ ਇਸ ਲਈ ਮੈਂ ਹਮੇਸ਼ਾਂ ਖਾਲਸਾ ਪੰਥ ਦਾ ਰਿਣੀ ਰਹਾਂਗਾ ।
          ਖਾਲਸਾ ਜੀ , ਮੈਨੂੰ ਫ਼ਾਂਸੀ ਕੱਲ ਹੋਵੇ ਜਾਂ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਜਦੋਂ ਵੀ ਵਕਤ ਆਇਆ ਮੈਂ ਹੱਸ ਕੇ ਫਾਂਸੀ ਦੇ ਤਖ਼ਤੇ ਤੇ ਚੜ੍ਹ ਜਾਵਾਂਗਾ ਇਸ ਲਈ ਨਹੀਂ ਕਿ ਮੈਂ ਫਾਂਸੀ ਨਾਲ ਹੀ ਮਰਨਾ ਚਾਹੁੰਦਾ ਹਾਂ ਸਗੋਂ ਇਸ ਲਈ ਕਿ ਮੇਰੀ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਜਵਾਨ ਹੋ ਰਹੀਆਂ ਪੀੜ੍ਹੀਆਂ ਅਣਖ਼ ਅਤੇ ਗੈਰਤ ਨਾਲ ਸਿਰ ਉਚਾ ਚੁੱਕ ਕੇ ਜੀਅ ਸਕਣ । ਛਲ, ਕਪਟ , ਕੂੜ ਰੂਪੀ ਹਨੇਰੇ ਅਤੇ ਤੂਫਾਨਾਂ ਵਿਚ ਸਿੱਖੀ ਦੀ ਜੋਤ ਜਗਦੀ ਰਹਿ ਸਕੇ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ   

ਤੁਹਾਡਾ ਆਪਣਾ         
ਬਲਵੰਤ ਸਿੰਘ ਰਾਜੋਆਣਾ 
ਮਿਤੀ                                                          ਕੋਠੀ ਨੰ: 16
9-3-2013                                                  ਕੇਂਦਰੀ ਜੇਲ੍ਹ ਪਟਿਆਲਾ 




WITH REGARDS

S. BALWANT SINGH RAJOANA
Kamaldeep Kaur(sister)
www.sangharshdasach.com
091-94643-54923

No comments:

Post a Comment