Wednesday, January 15, 2014

ਸਤਿਕਾਰਯੋਗ ਡਾ: ਅਮਰਜੀਤ ਸਿੰਘ ਜੀ

ਸਤਿਕਾਰਯੋਗ ਡਾ: ਅਮਰਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿ॥




     ਆਪ ਜੀ ਦਾ ਯੂਨਿਊਜ਼ ਟੂਡੇ 'ਤੇ ੭ ਜਨਵਰੀ ਨੂੰ ਪਿਆ ਲੇਖ "ਸਿੱਖੀ ਵਿਸ਼ਵਾਸ਼ਾਂ ਵਾਲਾ ਕੋਈ ਵੀ ਸਿੱਖ, 'ਆਮ ਆਦਮੀ ਪਾਰਟੀਦੇ ਏਜੰਡੇ ਵਿਚ ਕਿਹੜਾ ਸਿੱਖ ਪੱਖੀ ਨੁਕਤਾ ਦੇਖ ਕੇ ਇਸ ਵਿਚ ਸ਼ਾਮਲ ਹੋ ਰਿਹਾ ਹੈ?" ਪੜ੍ਹਿਆ। ਇਸ ਲੇਖ ਵਿੱਚ ਆਪ ਜੀ ਵੱਲੋਂ ਦਿੱਤੀ ਦਲੀਲ ਵਜ਼ਨਦਾਰ ਹੈ। ਪਰ ਇਸ ਦਾ ਦੂਸਰਾ ਪੱਖ ਵੀ ਵੀਚਾਰਨਯੋਗ ਹੈ ਕਿ ਪਹਿਲਾਂ ਤਾਂ ਆਪ ਜੀ ਦੇ ਸੁਝਾਉ ਅਨੁਸਾਰ ਖ਼ਾਲਸਤਾਨ ਪੱਖੀ ਸਾਰੀਆਂ ਧਿਰਾਂ ਇੱਕ ਮੰਚ 'ਤੇ ਇੱਕ ਮਨ ਹੋ ਕੇ ਇਕੱਠੀਆਂ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਹੈਕਿਉਂਕਿ ਹੁਣ ਤੱਕ ਦਾ ਇਤਿਹਾਸ ਇਹੀ ਦੱਸਦਾ ਹੈ ਕਿ ਇਹ ਸਾਰੇ ਇੱਕ ਦੂਜੇ 'ਤੇ ਕਈ ਵਾਰ ਗੰਭੀਰ ਦੋਸ਼ ਲਾ ਚੁੱਕੇ ਹਨ। ਇਨ੍ਹਾਂ ਦੋਸ਼ਾਂ ਪ੍ਰਤੀਦੋਸ਼ਾਂਜਿਹੜੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਹਾਲੀ ਵੀ ਨਿਰੰਤਰ ਜਾਰੀ ਹਨਕਾਰਣਇਨ੍ਹਾਂ ਨੇ ਸਿਰਫ ਆਪਸੀ ਦੂਰੀਆਂ ਹੀ ਨਹੀਂ ਵਧਾਈਆਂ ਬਲਕਿ ਪੰਥਕ ਸਫਾਂ ਵਿੱਚ ਆਪਣਾ ਵਿਸ਼ਵਾਸ਼ ਵੀ ਗੁਆ ਚੁੱਕੇ ਹਨ। ਇਹੋ ਕਾਰਣ ਹੈ ਕਿ ਵਿਧਾਨ ਸਭਾ ਦੀ ਤਾਂ ਗੱਲ ਹੀ ਛੱਡੋ ਸ਼੍ਰੋਮਣੀ ਕਮੇਟੀ ਜਿਸ ਦੇ ਕਾਨੂੰਨ ਅਨੁਸਾਰ ਸਿਰਫ ਸਿੱਖ ਵੋਟਰ ਹੀ ਵੋਟ ਪਾਉਣ ਦੇ ਅਧਿਕਾਰੀ ਹਨਦੀਆਂ ਚੋਣਾਂ ਵਿੱਚ ਵੀ ਇਹ ੫ ਮੈਂਬਰਾਂ ਤੋਂ ਵੱਧ ਨਹੀਂ ਜਿੱਤ ਸਕੇ। ਉਨ੍ਹਾਂ ਵਿੱਚੋਂ ਵੀ ਜਿੱਤ ਉਪ੍ਰੰਤ ਦੋ ਬਾਦਲ ਦਲ ਵਿੱਚ ਸ਼ਾਮਲ ਹੋ ਗਏ। ਜੇ ਸ਼੍ਰੋਮਣੀ ਅਕਾਲੀ ਦਲ (ਅ)ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਮਨੋਂ ਇਕੱਠੀਆਂ ਹੋ ਵੀ ਜਾਣ ਤਾਂ ਵੀ ਮੇਰੇ ਅੰਦਾਜ਼ੇ ਮੁਤਾਬਕ ਇਹ ਸ਼੍ਰੋਮਣੀ ਕਮੇਟੀ ਦੇ ੧੭੦ ਵਾਲੇ ਹਾਊਸ ਵਿੱਚ ੧੦-੧੫ ਤੋਂ ਵੱਧ ਸੀਟਾਂ ਕਿਸੇ ਵੀ ਹਾਲਤ ਵਿੱਚ ਜਿੱਤ ਨਹੀਂ ਸਕਦੇ। ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਖ਼ਾਲਸਤਾਨ ਪੱਖੀ ਪਾਰਟੀਆਂ ਕੋਈ ਮਾਰਕਾ ਨਹੀਂ ਮਾਰ ਸਕੀਆਂ ਤਾਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਖ਼ਾਲਸਤਾਨ ਦੀ ਪ੍ਰਾਪਤੀ ਦਾ ਵੀਚਾਰ ਖ਼ਿਆਲੀ ਪਲਾਓ ਤੋਂ ਵੱਧ ਕੁਝ ਵੀ ਨਹੀਂ ਹੋ ਸਕਦਾ।
ਸੋ ਜੇ ਕਰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਬਜਾਏ ਕੌਮੀ ਸੋਚ ਰੱਖਣ ਵਾਲੇ ਸਿੱਖ ਖ਼ਾਲਸਤਾਨੀ ਪੱਖੀ ਧਿਰਾਂ ਦਾ ਸਾਂਝਾ ਮੁਹਾਜ ਬਣਾ ਕੇ ਚੋਣਾਂ ਲੜਨਗੇ ਤਾਂ ਸਿੱਖਾਂ ਦੇ ਹੱਥ ਪੱਲੇ ਤਾਂ ਕੁਝ ਨਹੀਂ ਆਉਣਾ ਪਰ ਪੰਜਾਬ ਵਿੱਚ ਇਸ ਦਾ ਸਿੱਧਾ ਫਾਇਦਾ ਅਕਾਲੀ-ਭਾਜਪਾ ਗਠਜੋੜ ਨੂੰ ਹੋਵੇਗਾ। ਸ਼ਾਇਦ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਇਹ ਗੱਠਜੋੜ ਸਿੱਖਾਂ ਲਈ ਕਾਂਗਰਸ ਨਾਲੋਂ ਵੀ ਵੱਧ ਘਾਤਕ ਹੈ। 
     ਇਸ ਸਮੇਂ ਭਾਜਪਾ ਨੂੰ ਓਨ੍ਹਾਂ ਕਾਂਗਰਸ ਦਾ ਡਰ ਨਹੀਂ ਜਿਨ੍ਹਾਂ ਡਰ ਉਸ ਨੂੰ ਕੇਜ਼ਰੀਵਾਲ ਦੀ "ਆਮ ਆਦਮੀ ਪਾਰਟੀ" ਤੋਂ ਜਾਪਦਾ ਹੈ। ਇਹੋ ਕਾਰਣ ਹੈ ਕਿ ਉਹ;ਲੋਕਾਂ ਖਾਸ ਕਰ ਹਿੰਦੂਤਵੀ ਵੋਟਰਾਂ ਦੇ ਜ਼ਜ਼ਬਾਤ ਉਭਾਰ ਕੇ ਕੇਜ਼ਰੀਵਾਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕੇਜ਼ਰੀਵਾਲ ਦੇ ਵਿਰੁੱਧ ਹੋਰ ਕੋਈ ਮੁੱਦਾ ਨਹੀਂ ਲੱਭਾ ਤਾਂ ਉਹ ਹਰ ਪਲੇਟਫਾਰਮ 'ਤੇ ਪ੍ਰਸ਼ਾਂਤ ਭੂਸ਼ਣ ਵੱਲੋਂ ਕਸ਼ਮੀਰ ਵਿੱਚ ਰਾਇਸ਼ੁਮਾਰੀ ਸਬੰਧੀ ਦਿੱਤੇ ਬਿਆਨ ਨੂੰ ਵਾਰ ਵਾਰ ਉਛਾਲ ਕੇ ਲੋਕਾਂਖਾਸ ਕਰਕੇ ਹਿੰਦੂਤਵੀਆਂ ਨੂੰ ਭਾਵੁਕ ਕਰਕੇ ਆਪਣੇ ਪੱਖ ਵਿੱਚ ਭੁਗਤਾਉਣਾ ਚਾਹੁੰਦੇ ਹਨ। ਹਿੰਦੂ ਬਹੁਗਿਣਤੀ ਵਾਲੇ ਭਾਰਤ ਵਿੱਚ ਤੁਸੀਂ ਕਦੀ ਵੀ ਖ਼ਾਲਸਤਾਨ ਜਾਂ ਕਸ਼ਮੀਰ ਸਬੰਧੀ ਰਾਇਸ਼ੁਮਾਰੀ ਨੂੰ ਚੋਣ ਮੁੱਦਾ ਬਣਾ ਕੇ ਕਿਸੇ ਪਾਰਟੀ ਨੂੰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਜਿਤਾ ਨਹੀਂ ਸਕਦੇ। ਚੋਣ ਨੀਤੀ ਇਹੋ ਹੀ ਹੁੰਦੀ ਹੈ ਕਿ ਜਿਹੜਾ ਸਟੈਂਡ ਸਮੁੱਚੇ ਭਾਰਤ ਵਿੱਚ ਨੁਕਸਾਨਦੇਹ ਸਾਬਤ ਹੁੰਦਾ ਹੋਵੇ ਉਸ 'ਤੇ ਬਹੁਤਾ ਜੋਰ ਨਹੀਂ ਦੇਣਾ ਚਾਹੀਦਾ ਅਤੇ ਆਪਣਾ ਲਾਭ ਹਾਣ ਵੀਚਾਰ ਕੇ ਆਪਣੇ ਲਈ ਸਭ ਤੋਂ ਘੱਟ ਨੁਕਸਾਨਦੇਹ ਪਾਰਟੀ ਦਾ ਸਮਰਥਨ ਕਰਕੇ ਸਭ ਤੋਂ ਮਾਰੂ ਪਾਰਟੀ ਦੇ ਵਾਰ ਤੋਂ ਬਚਿਆ ਜਾਵੇ। ਇਸ ਪੱਖ ਨੂੰ ਵੀਚਾਰ ਕੇ ਹੀ ਪ੍ਰਸ਼ਾਂਤ ਭੂਸ਼ਨ ਦੇ ਬਿਆਨ ਨੂੰ ਉਨ੍ਹਾਂ ਦੇ ਨਿੱਜੀ ਵੀਚਾਰ ਕਹਿ ਕੇ ਕੇਜ਼ਰੀਵਾਲ ਉਸ ਤੋਂ ਕਿਨਾਰਾ ਕਰਨ ਲਈ ਮਜ਼ਬੂਰ ਹੋਇਆ ਹੈ। ਤੁਸੀਂ ਵੇਖੋ ਕਿ "ਆਪ" ਨੂੰ ਛੱਡ ਕੇ ਭਾਰਤ ਦੀ ਇੱਕ ਵੀ ਸਿਆਸੀ ਪਾਰਟੀ ਅਜੇਹੀ ਨਹੀਂ ਹੈ ਜਿਸ ਵਿੱਚ ਕੋਈ ਵੀ ਨੇਤਾ ਪ੍ਰਸ਼ਾਂਤ ਭੂਸ਼ਣ ਵਾਂਗ ਰਾਇਸ਼ੁਮਾਰੀ ਸਬੰਧੀ ਆਪਣੇ ਨਿੱਜੀ ਵੀਚਾਰ ਪ੍ਰਗਟ ਕਰਨ 'ਤੇ ਹਿੰਦੂਤਵੀਆਂ ਦੀ ਕੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਕਾਇਮ ਰਿਹਾ ਹੋਵੇ। ਇਸ ਲਈ ਸਿਰਫ ਕੇਜ਼ਰੀਵਾਲ ਵੱਲੋਂ ਇਸ ਤੋਂ ਕਿਨਾਰਾਕਸ਼ੀ ਕਰਨ ਨੂੰ ਅਧਾਰ ਬਣਾ ਕੇ ਇਸ ਦੀ ਜਿੱਤ ਵਿੱਚ ਰੋੜਾ ਬਣਨਾਂ ਘੱਟ ਗਿਣਤੀਆਂ ਦੇ ਹਿੱਤ ਵਿੱਚ ਨਹੀਂ ਹੋਵੇਗਾ।
ਤੀਸਰਾ ਨੁਕਤਾ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅ)ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਸਭ ਕੁਝ ਜਾਣਦੇ ਸਮਝਦੇ ਹੋਏ ਵੀ ਬਾਦਲ ਦੇ ਗੁਲਾਮਾਂ ਦੇ ਗੁਲਾਮ ਜਥੇਦਾਰਾਂ ਤੋਂ ਵੀ ਅਜਾਦ ਹੋਣ ਲਈ ਮਨੋਵਿਗਿਆਨਕ ਤੌਰ 'ਤੇ ਤਿਆਰ ਨਹੀਂ ਹਨ ਤਾਂ ਇਨ੍ਹਾਂ ਤੋਂ ਕਿਸ ਤਰ੍ਹਾਂ ਉਮੀਦ ਰੱਖੀ ਜਾ ਸਕਦੀ ਹੈ ਕਿ ਇਹ ਅਜਾਦ ਖ਼ਾਲਸਤਾਨ ਲਈ ਕੋਈ ਫੈਸਲਾਕੁਨ ਲੜਾਈ ਲੜ ਸਕਦੇ ਹਨ?
     ਉਪ੍ਰੋਕਤ ਸਭਨਾਂ ਪ੍ਰਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਸਮੇਂ ਦੀ ਲੋੜ ਹੈ ਕਿ ਕੌਮੀ ਸੋਚ ਰੱਖਣ ਵਾਲੇ ਸਾਰੇ ਸਿੱਖਾਂ ਨੂੰ ਕੇਜ਼ਰੀਵਾਲ ਦੀ ਖੁੱਲ੍ਹ ਕੇ ਹਮਾਇਤ ਕਰਨੀ ਚਾਹੀਦੀ ਹੈ ਅਤੇ ਅੰਦਰਖਾਤੇ ਉਸ ਨੂੰ ਸਿੱਖ ਵੋਟਰਾਂ ਦਾ ਇੱਕ ਬਝਵਾਂ ਗਰੁੱਪ ਵਿਖਾ ਕੇ ਉਸ 'ਤੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਦਬਾ ਪਾਉਣਾ ਚਾਹੀਦਾ ਹੈ ਅਤੇ ਦਿੱਲੀ ਚੋਣਾਂ ਵਿੱਚ ਕੀਤਾ ਚੋਣ ਵਾਅਦਾ ਪੂਰਾ ਕਰਨ ਦਾ ਚੇਤਾ ਕਰਵਾਉਣਾ ਚਾਹੀਦਾ ਹੈ । ਪਰ ਇਸ ਨੂੰ ਮੁੱਦਾ ਬਣਾ ਕੇ ਉਛਾਲਣਾਂ ਪੰਥ ਅਤੇ ਘੱਟ ਗਿਣਤੀਆਂ ਲਈ ਉਸੇ ਤਰ੍ਹਾਂ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਚਮਕੌਰ ਸਿੰਘ ਨਿਹਾਲ ਸਿੰਘ ਵਾਲਾ (ਮੋਗਾ) ਵੱਲੋਂ ਤੁਹਾਨੂੰ ਭੇਜੀ ਇੱਕ ਈਮੇਲ ਵਿੱਚ ਕੀਤਾ ਹੈ ਕਿ ਜੇ ਕਰ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੀਆਂ ਖ਼ਬਰਾਂ ਨੈਸ਼ਨਲ ਮੀਡੀਏ ਵਿੱਚ ਪ੍ਰਮਮੁੱਖਤਾ ਨਾਲ ਛਪਦੀਆਂ ਤੇ ਪ੍ਰਸਾਰਤ ਹੁੰਦੀਆਂ ਤਾਂ ਇਸ ਦਾ ਸਿੱਖ ਪੰਥ ਨੂੰ ਨੁਕਸਾਨ ਹੀ ਹੋਣਾ ਸੀ ਕਿਉਂਕਿ ਹਿੰਦੂਤਵੀਆਂ ਨੇ ਇਸ ਵਿਰੁੱਧ ਲਾਮਬੰਦੀ ਸ਼ੁਰੂ ਕਰ ਦੇਣੀ ਸੀ ਜਿਸ ਕਾਰਣ ਹੋ ਸਕਦਾ ਹੈ ਕਿ ਜੋ ੪ ਸਿੰਘਾਂ ਦੀਆਂ ਪੈਰੋਲ 'ਤੇ ਰਿਹਾਈਆਂ ਹੋ ਗਈਆਂ ਹਨ ਇਹ ਵੀ ਨਾ ਹੋ ਸਕਦੀਆਂ ।
     ਹੁਣ ਤੱਕ ਦੀ ਸਥਿਤੀ ਮੁਤਾਬਿਕ ਮੈਂ ਸ਼੍ਰੀ ਕੇਜ਼ਰੀਵਾਲ ਦਾ ਖੁਲ੍ਹ ਕੇ ਸਮਰਥਨ ਕਰਨ ਸਬੰਧੀ ਕੁਝ ਲਿਖਣਾ ਚਹੁੰਦਾ ਹਾਂ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੇਰੇ ਵਲੋਂ ਦਿੱਤੇ ਸੁਝਾਉ ਨੂੰ ਗੰਭੀਰਤਾ ਨਾਲ ਸੋਚ ਕੇ ਆਪਣੇ ਵੀਚਾਰ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਕਿ ਆਪਣੇ ਲੇਖ ਨੂੰ ਸਿੱਖ ਭਾਵਨਾਵਾਂ ਅਨੁਸਾਰ ਬੈਲੈਂਸ ਕਰ ਸਕਾ ਜੀ।

ਆਪ ਜੀ ਦਾ ਵੀਰ
ਕਿਰਪਾਲ ਸਿੰਘ ਬਠਿੰਡਾ

No comments:

Post a Comment