ਨਵੰਬਰ ਮਹੀਨੇ ਨੂੰ ‘ਸਿੱਖ ਪਛਾਣ ਵਜੋਂ ਮਨਾਏ ਜਾਣ ਲਈ ਅਸੈਂਬਲੀ ਮੈਂਬਰ ਰੋਜਰ ਡਿਕੀਨਸਨ ਨੇ ਮਤਾ ਪੇਸ਼ ਕੀਤਾ ਹੈ।
ਭਾਈਚਾਰੇ ਨੂੰ ਬੇਗਾਨੇ ਮੁਲਕਾਂ ਵਿੱਚ ਜਾ ਕੇ ਆਪਣੀ ਵੱਖਰੀ ਪਛਾਣ ਅਤੇ ਹੋਂਦ ਨੂੰ ਮਨਵਾ ਲੈਣਾ ਜਾਂ ਉਸ ਨੂੰ ਮਾਨਤਾ ਦਿਵਾਉਣਾ ਇਕ ਵੱਡੀ ਇਤਿਹਾਸਿਕ ਗੱਲ ਹੁੰਦੀ ਹੈ। ਇਹ ਗੱਲ ਸਿੱਖਾਂ ਦੇ ਹਿੱਸੇ ਆਈ ਹੈ ਕਿ ਉਨ੍ਹਾਂ ਨੇ ਹਜ਼ਾਰਾਂ ਮੀਲ ਦੂਰ ਪੰਜਾਬ ਤੋਂ ਆ ਕੇ ਇਕ ਸਦੀ ਵਿੱਚ ਕੈਲੀਫੋਰਨੀਆ ਦੀ ਧਰਤੀ ਉਪਰ ਅਜਿਹੇ ਕਰਿਸ਼ਮੇ ਕਰ ਦਿਖਾਏ ਹਨ ਕਿ ਇਥੋਂ ਦੀ ਸਰਕਾਰ ਨੇ ਸਿੱਖਾਂ ਦੀ ਵੱਖਰੀ ਪਛਾਣ, ਵਿਰਸੇ ਅਤੇ ਅਮਰੀਕੀ ਧਰਤੀ ਉਪਰ ਉਨ੍ਹਾਂ ਦੀ ਹੋਂਦ ਨੂੰ ਪਛਾਣਿਆ ਅਤੇ ਮਾਨਤਾ ਦਿੱਤੀ ਹੈ। ਕਿਸੇ ਵੀ ਕੌਮ ਜਾਂ ਧਾਰਮਿਕ ਭਾਈਚਾਰੇ ਨੂੰ ਕਿਸੇ ਹੋਰ ਜਗ੍ਹਾ ਮਾਨਤਾ ਜਾਂ ਪਛਾਣ ਸਿਰਫ ਇਤਿਹਾਸ ਦੇ ਸਿਰ ‘ਤੇ ਹੀ ਨਹੀਂ ਮਿਲ ਜਾਂਦੀ ਅਤੇ ਨਾਂ ਹੀ ਗੱਲਾਂ ਕੀਤਿਆਂ ਹਾਸਲ ਹੁੰਦੀ ਹੈ। ਸਗੋਂ ਆਪਣੇ ਵਿਰਸੇ ਉਪਰ ਕਾਇਮ ਰਹਿੰਦਿਆਂ ਉਸ ਜਗ੍ਹਾ ਉਨ੍ਹਾਂ ਵਲੋਂ ਕੀਤੀਆਂ ਘਾਲਣਾਵਾਂ ਹੀ ਅਹਿਮ ਰੋਲ ਅਦਾ ਕਰਦੀਆਂ ਹਨ। ਕੈਲੀਫੋਰਨੀਆ ਦੀ ਧਰਤੀ ਉਪਰ ਸਿੱਖ 100 ਕੁ ਵਰ੍ਹਾ ਪਹਿਲਾਂ ਹੀ ਆਏ ਸਨ। ਪਰ ਇਕ ਸਦੀ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਹੀ ਇਥੇ ਵੱਡਾ ਵਾਧਾ ਨਹੀਂ ਹੋਇਆ, ਸਗੋਂ ਉਨ੍ਹਾਂ ਨੇ ਕੈਲੀਫੋਰਨੀਆ ਧਰਨੀ ਉਪਰ ਅਜਿਹੀ ਸ਼ਖਤ ਮਿਹਨਤ ਕੀਤੀ ਅਤੇ ਉਦਮ ਨਾਲ ਕੰਮ ਕੀਤੇ ਤੇ ਅੱਜ ਸਮਾਜਿਕ, ਆਰਥਿਕ, ਰਾਜਨੀਤਿਕ, ਵਿਦਿਅਕ ਅਤੇ ਹੋਰ ਅਨੇਕ ਤਰ੍ਹਾਂ ਦੇ ਵਪਾਰ ਕਮਾਂ ਵਿੱਚ ਸਿੱਖਾਂ ਦਾ ਸਿਰ ਕੱਢ ਨਾਂ ਹੈ। ਕੈਲੀਫੋਰਨੀਆ ਵਿੱਚ ਰਹਿੰਦਾ ਸਿੱਖ ਸਮਾਜ ਜਿਥੇ ਆਪਣੇ ਧਰਮ ਤੇ ਵਿਰਸੇ ਨਾਲ ਜੁੜਿਆ ਹੈ, ਉਥੇ ਉਹ ਆਪਣੀ ਜਨਮ ਭੂਮੀ ਪੰਜਾਬ ਨਾਲ ਵੀ ਬੇਹੱਦ ਗੂੜਾ ਮੋਹ ਰੱਖਦਾ ਹੈ। ਪਰ ਸਿੱਖ ਸਮਾਜ ਦੀ ਇਹ ਇਕ ਖਾਸ ਫਿਤਰਤ ਹੈ ਕਿ ਉਸ ਨੇ ਪੰਜਾਬ ਨਾਲ ਆਪਣਾ ਮੋਹ ਪਾਲਦਿਆਂ ਕੈਲੀਫੋਰਨੀਆ ਦੀ ਧਰਤੀ ਨੂੰ ਵੀ ਅਪਣੱਤ ਨਾਲ ਵੇਖਿਆ ਹੈ। ਆਪਣਾ ਸਮਝਿਆ ਹੈ। ਇਥੋਂ ਦੀ ਮਿੱਟੀ ਦੀ ਖੁਸ਼ਬੋ ਨਾਲ ਆਪਣੇ ਨਾਲ ਜੋੜਿਆ ਹੈ। ਅੱਜ ਅਮਰੀਕੀ ਸਿੱਖ ਅਮਰੀਕਾ ਦੇ ਵਾਸੀ ਹੋਣ ਉਪਰ ਵੀ ਉਨਾ ਹੀ ਮਾਣ ਕਰਦੇ ਹਨ, ਜਿੰਨਾ ਉਹ ਪੰਜਾਬ ‘ਚ ਜੜ੍ਹਾਂ ਉਪਰ ਕਰਦੇ ਹਨ। ਸਾਰੇ ਸਮਾਜ ਨੂੰ ਇਸ ਗੱਲ ਲਈ ਅਮਰੀਕੀ ਸਰਕਾਰ ਦਾ ਖਾਸ ਕਰ ਕੈਲੀਫੋਰਨੀਆ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਸ ਧਰਤੀ ਉਪਰ ਸਿੱਖਾਂ ਵਲੋਂ ਪਾਏ ਯੋਗਦਾਨ ਤੇ ਕੀਤੀਆਂ ਘਾਲਣਾਵਾਂ ਦਾ ਸਨਮਾਨ ਕੀਤਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਨਵੰਬਰ ਮਹੀਨੇ ਨੂੰ ਸਿੱਖ ਪਹਿਚਾਣ ਦੇ ਸਨਮਾਨ ਵਜੋਂ ਮਨਾਏ ਜਾਣ ਦਾ ਫੈਸਲਾ ਕੀਤਾ ਜਾਂਦਾ ਰਿਹਾ ਹੈ। ਇਸ ਵਾਰ ਵੀ ਕੈਲੀਫੋਰਨੀਆ ‘ਚ ਨਵੰਬਰ ਮਹੀਨੇ ਨੂੰ ‘ਸਿੱਖ ਅਮਰੀਕਨ ਜਾਗਰੂਕਤਾ ਅਤੇ ਮੁੱਲਾਂਕਣ ਮਹੀਨੇ’ ਵਜੋਂ ਮਨਾਏ ਜਾਣ ਲਈ ਅਸੈਂਬਲੀ ਮੈਂਬਰ ਰੋਜਰ ਡਿਕੀਨਸਨ ਨੇ ਮਤਾ ਪੇਸ਼ ਕੀਤਾ ਹੈ। ਮਤੇ ਵਿੱਚ ਸਿੱਖਾਂ ਵਲੋਂ ਕੈਲੀਫੋਰਨੀਆ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ। ਕੈਲੀਫੋਰਨੀਆ ਸਰਕਾਰ ਦੀ ਇਹ ਇਕ ਬੜੀ ਹੀ ਸਵਾਗਤਯੋਗ ਗੱਲ ਹੈ ਕਿ ਉਸ ਨੇ ਸਿੱਖਾਂ ਦੀ ਮਹੱਤਤਾ ਅਤੇ ਯੋਗਦਾਨ ਨੂੰ ਪਛਾਣਿਆ ਹੈ ਅਤੇ ਸਿੱਖ ਸਿਧਾਤਾਂ ਤੇ ਅਮੀਰ ਵਿਰਸੇ ਦੇ ਨਾਲ-ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਲੋਕਾਂ ਨੂੰ ਜਾਗ੍ਰਿਤੀ ਕਰਨ ਲਈ ਨਵੰਬਰ ਮਹੀਨਾ ਸਿੱਖ ਪਹਿਚਾਣ ਜਾਗਰੂਕਤਾ ਮਹੀਨੇ ਵਜੋਂ ਮਨਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ।
ਸਮੂਹ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਇਸ ਫੈਸਲੇ ਦਾ ਪੁਰਜੋਰ ਸਵਾਗਤ ਕਰੇ। ਆਮ ਤੌਰ ‘ਤੇ ਸਿੱਖਾਂ ਨੂੰ ਵੱਖ-ਵੱਖ ਮੁਲਕਾਂ ਵਿੱਚ ਨਸਲੀ ਵਿਤਕਰੇ ਅਤੇ ਅਨੇਕ ਤਰ੍ਹਾਂ ਦੀਆਂ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦੀ ਧਰਤੀ ਉਪਰ ਵੀ ਸਿੱਖਾਂ ਨੇ ਅਜਿਹੀਆਂ ਮੁਸ਼ਕਲਾਂ ਝੱਲੀਆਂ ਹਨ। ਪਰ ਸਾਡੇ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਕੈਲੀਫੋਰਨੀਆ ਦੀ ਸਰਕਾਰ ਨੇ ਸਿੱਖਾਂ ਦੇ ਯੋਗਦਾਨ ਅਤੇ ਧਾਰਮਿਕ ਵਿਰਸੇ ਨੂੰ ਪਛਾਣਿਆ ਹੈ ਅਤੇ ਉਸ ਨੂੰ ਕੈਲੀਫੋਰਨੀਆ ਦਾ ਇਕ ਅੰਗ ਬਣਾ ਕੇ ਲੋਕਾਂ ਵਿੱਚ ਪ੍ਰਚਾਰਨ ਦਾ ਫੈਸਲਾ ਕੀਤਾ ਹੈ। ਸਰਕਾਰ ਆਪਣਾ ਫਰਜ਼ ਦਾ ਨਿਭਾਵੇਗੀ ਹੀ, ਪਰ ਸਿੱਖ ਸਮਾਜ ਤੇ ਇਸ ਦੀਆਂ ਸੰਸਥਾਵਾਂ ਸਿਰ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਮੇਂ ਦੌਰਾਨ ਸਮੁੱਚੇ ਮੀਡੀਆ ਖਾਸ ਕਰ ਅੰਗਰੇਜ਼ੀ ਮੀਡੀਆ ਵਿੱਚ ਜਿਥੇ ਸਰਕਾਰੀ ਕਦਮ ਦੀ ਸ਼ਲਾਘਾ ਕਰੇ ਉਥੇ ਸਿੱਖ ਧਰਮ, ਵਿਰਸੇ ਅਤੇ ਸਿੱਖਾਂ ਵਲੋਂ ਕੈਲੀਫੋਰਨੀਆ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਤੱਥ ਪੇਸ਼ ਕੀਤੇ ਜਾਣ, ਕਿਉਂਕਿ ਅੰਗਰੇਜ਼ੀ ਮੀਡੀਆ ਰਾਹੀਂ ਹੀ ਸਿੱਖ ਸਮਾਜ ਆਪਣੀ ਗੱਲ ਕੈਲੀਫੋਰਨੀਆ ਦੇ ਸਮੂਹ ਵਾਸੀਆਂ ਨੂੰ ਦੱਸ ਸਕਦਾ ਹੈ। ਦੂਜਾ ਇਸ ਸਬੰਧੀ ਵੱਖ-ਵੱਖ ਥਾਵਾਂ ‘ਤੇ ਵੱਡੇ ਹੋਰਡਿੰਗ ਲੱਗਣੇ ਚਾਹੀਦੇ ਹਨ। ਗੁਰੂ ਘਰਾਂ ਅਤੇ ਹੋਰ ਅਹਿਮ ਸਥਾਨਾਂ ਉਪਰ ਸੈਮੀਨਾਰ ਤੇ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਸੈਮੀਨਾਰਾਂ ਤੇ ਮੀਟਿੰਗਾਂ ਵਿੱਚ ਸਿਰਫ ਪੰਜਾਬੀ ਜਾਂ ਕੁਝ ਗੋਰੇ ਆਗੂ ਹੀ ਨਾ ਸੱਦੇ ਜਾਣ, ਸਗੋਂ ਗੈਰ-ਸਿੱਖ ਵਸੋਂ ਦੇ ਆਮ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕੈਲੀਫੋਰਨੀਆ ਸਮਾਜ ਦੇ ਵੱਡੇ ਹਿੱਸਿਆਂ ਤੱਕ ਜੇਕਰ ਸਿੱਖ ਧਰਮ, ਵਿਰਸੇ ਅਤੇ ਸਿੱਖਾਂ ਦੇ ਅਮਰੀਕੀ ਸਮਾਜ ਵਿੱਚ ਯੋਗਦਾਨ ਬਾਰੇ ਅਸੀਂ ਆਪਣੀ ਗੱਲ ਦੱਸ ਸਕਾਂਗੇ ਤਾਂ ਹੀ ਇਹ ਮਹੀਨਾ ਮਨਾਉਣ ਦੀ ਸਾਰਥਕਤਾ ਵੱਧ ਸਕੇਗੀ। ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਚੰਗੇ ਭਾਗਾਂ ਨੂੰ ਸਾਨੂੰ ਇਹ ਮੌਕਾ ਮਿਲਿਆ ਹੈ। ਇਹ ਨਾ ਹੋਵੇ ਕਿ ਮੇਲਾ ਮਨਾਉਣ ਵਾਂਗ ਇਹ ਮਹੀਨਾ ਵੀ ਅਸੀਂ ਮੌਜ-ਮੇਲੇ ‘ਚ ਹੀ ਲਘਾ ਦਈਏ। ਸਭਨਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ। ਵੱਖ-ਵੱਖ ਥਾਵਾਂ ‘ਤੇ ਕਮੇਟੀਆਂ ਬਣਾ ਕੇ ਜਾਂ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਦੀ ਵਿਉਂਤਬੰਧੀ ਕਰਨੀ ਚਾਹੀਦੀ ਹੈ। ਅਜੇ ਕਾਫੀ ਸਮਾਂ ਹੈ ਅਸੀਂ ਜੇਕਰ ਵਿਉਂਤਬੰਧ ਢੰਗ ਨਾਲ ਇਸ ਮਹੀਨੇ ਨੂੰ ਮਨਾ ਸਕੀਏ ਤਾਂ 9/11 ਦੀ ਘਟਨਾ ਨਾਲ ਸਿੱਖ ਸਮਾਜ ਦੀ ਵੱਖਰੀ ਪਹਿਚਾਣ ਬਾਰੇ ਖੜ੍ਹੇ ਹੋਏ ਭੁਲੇਖੇ ਨੂੰ ਵੀ ਵੱਡੇ ਪੱਧਰ ‘ਤੇ ਦੂਰ ਕੀਤਾ ਜਾ ਸਕਦਾ ਹੈ। ਕੈਲੀਫੋਰਨੀਆ ਦੀ ਸਰਕਾਰ ਵਲੋਂ ਸਿੱਖ ਪਹਿਚਾਣ ਨੂੰ ਮਾਨਤਾ ਦੇਣ ਅਤੇ ਜਾਗਰੂਕਤਾ ਮਹੀਨਾ ਮਨਾਉਣ ਦਾ ਫੈਸਲਾ ਬੜਾ ਇਤਿਹਾਸਿਕ ਹੈ। ਸੱਚੇ ਅਰਥਾਂ ਵਿੱਚ ਇਹ ਇਤਿਹਾਸਿਕ ਤਾਂ ਬਣ ਸਕੇਗਾ, ਜੇਕਰ ਖੁਦ ਸਿੱਖ ਸਮਾਜ ਇਸ ਮਹੀਨੇ ਨੂੰ ਪੂਰੀ ਤਨਦੇਹੀ, ਸਮਰਪਨ ਅਤੇ ਉਤਸ਼ਾਹ ਨਾਲ ਮਨਾਵੇ।
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ
No comments:
Post a Comment