ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ:-
ਸੀ.ਐਮ.ਓ. ਰੇਵਾੜੀ ਅਤੇ ਸੀ.ਐਮ.ਓ ਨਾਰਨੌਲ ਦੀ ਜੱਜ ਸਾਹਿਬ ਵਲੋਂ ਕੀਤੀ ਗਈ ਪੁੱਛਗਿੱਛ । ਅਗਲੀ ਪੇਸੀ ੩੦ ਮਈ ਨੂੰ
ਹਿਸਾਰ ( ੯ ਮਈ ) ੨ ਨਵੰਬਰ ੧੯੮੪ ਨੂੰ ਸਾਜਿਸ਼ ਅਧੀਨ ਕਤਲ ਕੀਤੇ ੩੨ ਸਿੱਖਾਂ ਦੇ ਕੇਸਾਂ ਦੀਆਂ ਅੰਦਰੂਨੀ ਪਰਤਾਂ ਖੁਲਣੀਆਂ ਸ਼ੁਰੂ ਹੋ ਗਈਆਂ ਹਨ । ਇਸੇ ਸਬੰਧੀ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨੂੰ ਨਾਲ਼ ਲੈ ਕੇ ਪੇਸ ਹੋਏ । ਅੱਜ ਦੀ ਸੁਣਵਾਈ ਦੌਰਾਨ ਸੀ.ਐਮ.ਓ. ਰੇਵਾੜੀ ਡ.ਵਰਿੰਦਰ ਕੁਮਾਰ ਪੇਸ਼ ਹੋਏ, ਉਹਨਾਂ ਨੂੰ ਜਸਟਿਸ ਟੀ.ਪੀ.ਗਰਗ ਵਲੋੰ ਕਤਲ ਕੀਤੇ ੩੨ ਸਿੱਖਾਂ ਦੇ ਪੋਸਟ ਮਾਰਟਮ ਸਬੰਧੀ ਸਖਤੀ ਨਾਲ਼ ਪੁੱਛਗਿੱਛ ਕੀਤੀ । ਸੀ.ਐਮ.ਓ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਹੁਣੇ ਹੀ ਜੁਆਇੰਨ ਕੀਤਾ ਹੈ ਅਤੇ ਰਿਕਾਰਡ ਪੁਰਾਣਾ ਹੋਣ ਕਰਕੇ ਉਹ ਪੂਰੀ ਤਫਦੀਸ਼ ਨਹੀਂ ਕਰ ਪਾਏ । ਉਸ ਵਲੋਂ ਨਵੰਬਰ ੧੯੮੪ ਦਾ ਹਾਜਰੀ ਰਜਿਸਟਰ ਵੀ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਉਸ ਟਾਈਮ ਰੇਵਾੜੀ ਜਿਲਾ ਨਹੀਂ ਸੀ ਇਸ ਕਰਕੇ ਉਸ ਸਮੇਂ ਐਸ.ਐਮ.ਓ. ਡਾ.ਪੀ.ਪੀ. ਲੇਖਾ ਡਿਉਟੀ ਤੇ ਤੈਨਾਤ ਸਨ । ਇਹਨਾਂ ਤੋਂ ਇਲਾਵਾ ਡਾ. ਰਤਨ ਕੁਮਾਰ, ਐਸ.ਕੇ.ਅਰੋੜਾ, ਆਰ.ਐਸ.ਯਾਦਵ, ਅਨਿਲ ਮਲਹੋਤਰਾ, ਸਰੋਜ ਰਾਵ, ਹਿਮਾਂਸੂ ਭਟੇਜਾ,ਓ.ਪੀ.ਪਾਬਲਾ ਆਦਿ ਵੀ ਡਿਊਟੀ ਤੇ ਸਨ ।ਜਿੰਨਾ ਦਾ ਰਿਕਾਰਡ ਹਾਜਰੀ ਰਜਿਸਟਰ ਵਿੱਚ ਦਰਜ ਹੈ । ਉਹਨਾਂ ੨ਨਵੰਬਰ ਤੋਂ ੦੬ ਨਵੰਬਰ ੧੯੮੪ ਤੱਕ ਦਾ ਓ.ਪੀ.ਡੀ. ਰਿਕਾਰਡ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਉਹਨਾਂ ਤੋਂ ਬਾਅਦ ਸੀ.ਐਮ.ਓ.ਨਾਰਨੌਲ ਡਾ.ਭੂਸਣ ਹਾਜਿਰ ਹੋਏ । ਉਹਨਾਂ ਅਦਾਲਤ ਨੂੰ ਦੱਸਿਆ ਕਿ ਭਾਵੇਂ ਜਾਤੂਪੁਰ ਥਾਣਾ ਨਾਰਨੌਲ ਦਾ ਹੀ ਹਿੱਸਾ ਹੀ ਸੀ ਪਰ ਦੂਰ ਹੋਣ ਕਾਰਨ ਕੋਈ ਵੀ ਮਰੀਜ ਨਾਰਨੌਲ ਨਹੀਂ ਜਾਂਦਾ ਸੀ । ਸਾਰੇ ਮਰੀਜ ਜਾਂ ਦਫਤਰੀ ਕੰਮ ਤਹਿਸੀਲ ਰੇਵਾੜੀ ਵਿੱਚ ਹੀ ਹੁੰਦੇ ਸਨ । ਇਸ ਲਈ ਇਸ ਕੇਸ ਸਬੰਧੀ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ । ੩੨ ਸਿੱਖਾਂ ਦੇ ਕਤਲ ਕੇਸ ਨਾਲ਼ ਸਬੰਧਿਤ ਆਈ.ਓ.ਰਾਮ ਕੁਮਾਰ ਵੀ ਅਦਾਲਤ ਵਿੱਚ ਪੇਸ਼ ਹੋਏ । ਉਸ ਨੇ ਦੱਸਿਆ ਕਿ ਹੋਦ ਕੇਸ ਨਾਲ਼ ਸਬੰਧਿਤ ਐਫ.ਆਈ.ਆਰ ਉਸ ਵਲੋਂ ੩.੧੧.੮੪ ਨੂੰ ਸਵੇਰੇ ੯.੩੦ ਤੇ ਲਿਖੀ ਗਈ ਸੀ ਜੋ ਉਸ ਸਮੇਂ ਦੇ ਸਰਪੰਚ ਧਨਪਤ ਵਲੋਂ ਲਿਖਵਾਈ ਗਈ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਐਸ.ਐਚ ਓ. ਰਾਮ ਕਿਸੋਰ ਅਤੇ ਡੀ.ਐਸ.ਪੀ. ਰਾਮ ਵੰਸ਼ ਨੂੰ ਸੂਚਿਤ ਕੀਤਾ ਗਿਆ ਸੀ । ਉਹ ਮੋਕੇ ਤੇ ਤਕਰੀਬਨ ੧੧ ਵਜੇ ਪੁੱਜ ਗਏ ਸਨ । ਉਸ ਵਲੋਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਐਸ.ਪੀ. ਮਹਿੰਦਰ ਕੁਮਾਰ ਬਿਸਨੋਈ ਵੀ ਮੌਕੇ ਤੇ ਪੁੱਜ ਗਏ ਸਨ । ਉਹਨਾਂ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਡਾਕਟਰਾਂ ਦੀ ਟੀਮ ਨੂੰ ਮੰਗਵਾਇਆ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਡਾਕਟਰਾਂ ਵਲੋਂ ਮੌਕੇ ਤੇ ਹੀ ਪੋਸਟਮਾਰਟਮ ਵੀ ਕੀਤਾ ਗਿਆ ਸੀ । ਪੋਸਟਮਾਰਟਮ ਰਿਪੋਰਟਾਂ ਨੂੰ ਤਫਦੀਸ਼ੀ ਫਾਈਲ ਵਿੱਚ ਨੱਥੀ ਵੀ ਕੀਤਾ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਮੌਕੇ ਦਾ ਸੀਨ ਬੜਾ ਭਿਆਨਕ ਸੀ । ਛੋਟੇ-ਛੋਟੇ ਬੱਚਿਆਂ ਦੀਆਂ ਲਾਸ਼ਾਂ ਜਗਹ-ਜਗਹ ਖਿਲਰੀਆਂ ਪਈਆਂ ਸਨ । ਉਸ ਨੇ ਅਦਾਲਤ ਨੂੰ ਦੱਸਿਆ ਕਿ ੩੦੦-੪੦੦ ਮੀਟਰ ਦੂਰ ਵਰਦੀ ਪਾਏ ਫੌਜੀ ਜਵਾਨ ਦੀ ਲਾਸ਼ ਵੀ ਉਸ ਨੇ ਦੇਖੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਮੌਕੇ ਤੇ ਹੀ ਲਾਸ਼ਾ ਨੂੰ ਇਕੱਠੇ ਕਰਕੇ ਸਸਕਾਰ ਕੀਤਾ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਪ੍ਰਮੋਸਨ ਹੋਣ ਕਾਰਨ ਇਸ ਤੋਂ ਜਿਆਦਾ ਕੇਸ ਬਾਰੇ ਉਸ ਨੂੰ ਪਤਾ ਨਹੀਂ ਹੈ । ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਨਾਲ਼ ਸੁਣਨ ਉਪਰੰਤ ਅਗਲੀ ਪੇਸ਼ੀ ਤੇ ਹਦਾਇਤ ਕੀਤੀ ਗਈ ਕਿ ਪੋਸਟ ਮਾਰਟਮ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਅਗਲੀ ਸੁਣਵਾਈ ੩੦ ਮਈ ਤੇ ਪਾ ਦਿੱਤੀ ਗਈ । ਇਸ ਮੌਕੇ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਵਰਿਆਮ ਸਿੰਘ ਹੇਮਰਾਜਪੁਰ, ਹਰਜਿੰਦਰ ਸਿੰਘ ਆਦਿ ਹਾਜਿਰ ਸਨ ।
Er.Manwinder Singh Giaspura 9872099100
No comments:
Post a Comment