Sunday, March 15, 2015

ਕੌਮੀ ਉਭਾਰ ਨੂੰ ਸਹੀ ਸੇਧ ਦੇਣਾ ਹੀ ਹਰ ਮਸਲੇ ਦਾ ਹੱਲ, ਗੁਰਤੇਜ ਸਿੰਘ

ਕੌਮੀ ਉਭਾਰ ਨੂੰ ਸਹੀ ਸੇਧ ਦੇਣਾ ਹੀ ਹਰ ਮਸਲੇ ਦਾ ਹੱਲ
ਕੌਮੀ ਉਭਾਰ ਨੂੰ ਸਹੀ ਸੇਧ ਦੇਣਾ ਹੀ ਹਰ ਮਸਲੇ ਦਾ ਹੱਲ


ਕੈਲੰਡਰ ਵਿਵਾਦ ਦੀ ਜੜ੍ਹ ਫੜਨ ਦੀ ਲੋੜ ਹੈ। ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਸੁਤੰਤਰ ਹੋਂਦ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ ਜਿਸ ਕਾਰਣ ਪੱਤਾ-ਪੱਤਾ ਏਸ ਦਾ ਵੈਰੀ ਬਣ ਬੈਠਾ ਹੈ। ਆਰ. ਐਸ. ਐਸ., ਜੋ ਸਿੱਖ ਮੱਤ ਦੀ ਹੋਂਦ ਸਵੀਕਾਰ ਨਹੀਂ ਕਰਦੀ, ਕੈਲੰਡਰ ਦੇ ਖਾਤਮੇ ਦੀ ਸੂਤਰਧਾਰ ਬਣੀ ਹੋਈ ਹੈ। ਓਸ ਦਾ ਹੁਕਮ ਸਿਰੇ ਚਾੜ੍ਹਨ ਲਈ ਪੰਜਾਬ ਸਰਕਾਰ ਜੀ ਹਜ਼ੂਰੀਏ ਦਾ ਕਿਰਦਾਰ ਨਿਭਾਅ ਰਹੀ ਹੈ। ਸੰਤ ਸਮਾਜ, ਕਾਗਜਾਂ (ਅਖਬਾਰਾਂ, ਮੀਡੀਆ) ਦੇ ਘੜ ਕੇ ਬਣਾਏ ਮਹਾਂ ਪੁਜਾਰੀ, 'ਪੰਜ ਸਿੰਘ ਸਾਹਿਬਾਨ' ਦੀ ਸੰਸਥਾ ਦਾ ਰੂਪ ਧਾਰੀ ਬੈਠੇ ਹਨ। ਏਸ ਸੰਸਥਾ ਦਾ ਨਾ ਸਿੱਖ ਇਤਿਹਾਸ ਵਿੱਚ ਕੋਈ ਵਜੂਦ ਹੈ ਨਾ ਸਿੱਖ ਧਰਮ ਅਨੁਸਾਰ ਏਸ ਕਿਸਮ ਦੀ ਸਥਾਈ ਸੰਸਥਾ ਬਣ ਸਕਦੀ ਹੈ। ਪੰਜ ਪਿਆਰੇ ਵਕਤ ਦੀ ਲੋੜ ਅਨੁਸਾਰ ਸੰਸਥਾ ਦਾ ਰੂਪ ਧਾਰਦੇ ਹਨ ਅਤੇ ਹੱਥਲਾ ਕੰਮ ਨਿਭਾ ਕੇ ਮੁੱਢਲੀ ਸੰਸਥਾ (ਸੰਗਤ) ਵਿੱਚ ਵਿਲੀਨ ਹੋ ਜਾਂਦੇ ਹਨ।
ਕਾਹਲ ਦੀ ਜ਼ਿੰਦਗੀ ਵਿੱਚ ਅਸੀਂ ਉਪਰੋਕਤ ਵਿਸ਼ਿਆਂ ਵਾਸਤੇ ਸਮਾਂ ਨਹੀਂ ਕੱਢ ਪਾ ਰਹੇ ਅਤੇ ਫੈਲੇ ਸਿਆਸੀ ਆਤੰਕ ਦੇ ਕਾਰਣ ਅਾਵਾਜ਼ ਬੁਲੰਦ ਨਹੀਂ ਕਰ ਸਕ ਰਹੇ। ਸਾਰੇ ਮਸਲਿਆਂ ਦਾ ਹੱਲ ਲੱਭਣ ਲਈ ਕੌਮ ਦਾ ਦਰਦ ਰੱਖਣ ਵਾਲਿਆਂ ਨੂੰ ਇਕੱਠਾ ਹੋ ਕੇ ਸਿਆਸੀ ਸੱਤਾ ਉੱਤੇ ਕਬਜ਼ਾ ਕਰਨਾ ਪਵੇਗਾ, ਜੋ ਉਹਨਾਂ ਦਾ ਲੋਕਰਾਜੀ ਹੱਕ ਵੀ ਹੈ। ਲੋਕ ਏਸ ਲਈ ਤਿਆਰ ਬਰ ਤਿਆਰ ਹਨ। ਉਹਨਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਕਰਿਸ਼ਮਾ ਕਰ ਵੀ ਵਿਖਾਇਆ ਹੈ। ਪਰ ਸਾਡੇ ਚੰਦ ਆਗੂਆਂ ਦੇ ਆਪਸ ਵਿੱਚ ਸਿੰਗ ਨਹੀਂ ਮਿਉਂਦੇ। ਖਾਸ ਤੌਰ ਉੱਤੇ ਇੱਕ ਮਹਾਨ ਨੇਤਾ ਹਰ ਇੱਕ ਨੂੰ ਖਾਲਿਸਤਾਨ ਦੀ ਢੁੱਡ ਮਾਰ ਕੇ ਸਿਆਸਤ ਵਿੱਚੋਂ ਕੱਢਣ ਲਈ ਹਰ ਮੌਕੇ ਨੂੰ ਵਰਤਣ ਲਈ ਬਜ਼ਿੱਦ ਹੈ। ਏਸ ਪ੍ਰਸਥਿਤੀ ਨੇ ਸਾਰੀ ਸਿੱਖ ਕੌਮ ਨੂੰ ਨਿਹੱਥਲ, ਨਿੱਸਲ ਕਰ ਕੇ ਆਰ. ਐਸ. ਐਸ. ਦੀ ਗੁਲਾਮੀ ਕਬੂਲਣ ਵਾਲਿਆਂ ਨੂੰ ਕਈ ਦਹਾਕਿਆਂ ਤੋਂ ਰਾਜਸੀ ਸੱਤਾ ਉੱਤੇ ਕਾਬਜ ਰੱਖਿਆ ਹੋਇਆ ਹੈ। ਨਾਲੋ ਨਾਲ ਇਹ ਧੜਾ ਵੱਡੇ ਨਾਅਰੇ ਲਗਾ ਕੇ ਸਿੱਖ-ਦਰਦ ਦਾ ਠੇਕੇਦਾਰ ਵੀ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਸੰਤ ਜਰਨੈਲ ਸਿੰਘ ਦੇ ਵਿਚਾਰਾਂ ਨਾਲ ਪੇਤਲੀ ਹਮਦਰਦੀ ਜਤਾ ਕੇ ਓਸ ਦੀ ਕਥਿਤ ਨੇੜਤਾ ਦਾ ਵਪਾਰੀਕਰਨ ਵੀ ਜ਼ੋਰ ਸ਼ੋਰ ਨਾਲ ਕਰ ਰਿਹਾ ਹੈ।
ਜੇ ਇਹਨਾਂ ਸਿਆਸੀ ਗੁੰਝਲਾਂ ਨੂੰ ਸੁਲਝਾ ਕੇ ਕਿਸੇ ਕ੍ਰਿਸ਼ਮੇ ਦੇ ਕਾਰਣ ਜਾਂ ਸਤਰਕ ਆਗੂਆਂ, ਜਿਨ੍ਹਾਂ ਦੀ ਘਾਟ ਨਹੀਂ ਅਤੇ ਜਿਹੜੇ ਕਈ ਹਾਲ ਦੀਆਂ ਲੋਕ ਲਹਿਰਾਂ ਵਿੱਚ ਦਰਸ਼ਨ ਦੇ ਚੁੱਕੇ ਹਨ, ਦੀ ਘਾਲਣਾ ਸਦਕਾ ਕੌਮ ਏਕੇ ਦਾ ਹੰਭਲਾ ਮਾਰਨ ਜੋਗੀ ਹੋ ਗਈ ਤਾਂ ਸਭ ਕੁਝ ਝੱਟ ਬਦਲ ਜਾਵੇਗਾ। ਸਾਡੀ ਐਸ ਵੇਲੇ ਲੋੜ ਸਿਰਫ 10-15 ਸੁਹਿਰਦ ਆਗੂਆਂ ਦੇ ਸਿਰ ਜੋੜ ਕੇ, ਅਹੁਦੇ ਦੀ ਲਾਲਸਾ ਤਿਆਗ ਕੇ ਕੌਮ ਨੂੰ ਲਾਮਬੰਦ ਕਰਨ ਲਈ ਜੂਝਣ ਦੀ ਹੈ। ਵਿਚਾਰਧਾਰਾ, ਸਿਆਸੀ ਰੋਸ, ਗੁਲਾਮੀਕਰਣ ਦੀ ਨੀਤੀ ਵਿਰੁੱਧ ਰੋਹ, ਵਿਚਾਰਵਾਨ ਆਗੂ, ਸੁਹਿਰਦ ਸੰਗਤ - ਸਾਡੇ ਕੋਲ ਸਭ ਕੁਝ ਹੈ। ਜ਼ਲਾਲਤ ਭਰੀ ਸਦੀਵੀ ਗੁਲਾਮੀ ਤੋਂ ਬਚਣ ਦਾ ਇਹ ਆਖਰੀ ਮੌਕਾ ਹੀ ਜਾਪਦਾ ਹੈ।
ਜੇ ਅਸੀਂ ਯੋਜਨਾਬੱਧ ਹੋ ਕੇ ਏਨਾ ਕੁ ਹੰਭਲਾ ਮਾਰੀਏ ਤਾਂ ਨਾ ਸਿਆਸੀ ਕੈਦੀ ਜੇਲ੍ਹਾਂ ਵਿੱਚ ਸੜਨਗੇ, ਨਾ ਭਾਈ ਸੂਰਤ ਸਿੰਘ ਵਰਗੇ ਨੂੰ ਜ਼ਲਾਲਤ ਅਤੇ ਭੁੱਖ ਸਹਾਰਨੀ ਪਵੇਗੀ ਨਾ ਹੀ ਸਾਡੇ ਕੈਲੰਡਰ ਦਾ ਸੂਰਜ ਕਦੇ ਅਸਤ ਹੋਵੇਗਾ। ਅਸੀਂ ਕੀ ਉਡੀਕ ਰਹੇ ਹਾਂ? ਜੇ ਰਲ ਮਿਲ ਕੇ ਯਤਨ ਕਰੀਏ ਤਾਂ ਆਉਣ ਵਾਲਾ ਸਮਾ ਡੂੰਘੀਆਂ ਰਮਜ਼ਾਂ ਦੀਆਂ ਕਿਰਨਾਂ ਰਾਹੀਂ ਰਾਹ ਰੌਸ਼ਨ ਕਰ ਰਿਹਾ ਹੈ।
ਗੁਰਤੇਜ ਸਿੰਘ
14.03.2015

No comments:

Post a Comment