Saturday, December 5, 2015

ਨਿਹੰਗ ਸਿੰਘ, ਗਊ ਅਤੇ ਬਾਦਲ ਰੱਖਿਆ ?

ਨਿਹੰਗ ਸਿੰਘ, ਗਊ ਅਤੇ ਬਾਦਲ ਰੱਖਿਆ ?


ਨਿਹੰਗ ਸਿੰਘ, ਗਊ ਅਤੇ ਬਾਦਲ ਰੱਖਿਆ ?

     ਚੇਤੇ ਰਹੇ ਕਿ ਤਦ ਤੱਕ ਨਿਹੰਗ ਸਿੰਘ ਸਿੱਖ ਕੌਮ ਨਾਲ ਸਬੰਧਤ ਗੁਰੂ ਕੀਆਂ ਲਾਡਲੀਆਂ ਫੌਜਾਂ ਹਨ ਜਦ ਤੱਕ ਉਹ ਗੁਰ ਸਿਧਾਂਤਾਂ ਤੇ ਪਹਿਰਾ ਦੇਂਦੀਆਂ ਹਨ ਪਰ ਜੇ ਬਾਣਾਂ ਖਾਲਸੇ ਦਾ ਤੇ ਕਰਮ ਕਰਤੂਤਾਂ ਬਿਪਰਾਂ ਵਾਲੀਆਂ ਧਾਰਨ ਕਰਦੀਆਂ , ਧੜੇਬੰਦੀ ਦਾ ਸ਼ਿਕਾਰ ਹੋ, ਬੇਇਨਸਾਫ ਸਰਕਾਰ ਦੀਆਂ ਕਠਪੁਤਲੀਆਂ ਬਣ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਨਹੀਂ ਕਿਹਾ ਜਾ ਸਕਦਾ। ਕੀ ਕੇਵਲ ਗਊ ਦੀ ਰੱਖਿਆ, ਬਾਕੀ ਜਾਨਵਰਾਂ ਦੀ ਹੱਤਿਆ ਅਤੇ ਭੱਖਿਆ ਹੀ ਭਲਾ ਕਰਮ ਹੈ? ਕੀ ਨਕਲੀ ਨਿਹੰਗ ਹੁਣ ਗਊ ਰੱਖਿਆ ਜੋਗੇ ਹੀ ਰਹਿ ਗਏ ਹਨ? ਜੋ ਨੌਜਵਾਨਾਂ ਦੀ ਨਸ਼ਿਆਂ ਦੇ ਜਹਿਰ ਤੋਂ ਰੱਖਿਆ ਨਹੀਂ ਕਰਦੇ ਸਗੋਂ ਖੁਦ ਆਪ ਨਸ਼ੇ ਦੇ ਆਦੀ ਹੋ ਗਏ ਹਨ। ਦੇਖੋ! ਆਏ ਦਿਨ ਔਰਤਾਂ ਦੇ ਬਲਾਤਕਾਰ ਹੋ ਰਹੇ ਹਨ, ਉਨ੍ਹਾਂ ਮਾਵਾਂ, ਭੈਣਾ ਅਤੇ ਧੀਆਂ ਦੀ ਰੱਖਿਆ ਨਾਲੋਂ ਗਾਵਾਂ ਦੀ ਰੱਖਿਆ ਹੀ ਕਿਉਂ ਪਹਿਲਾਂ ਹੈ? ਕੀ ਇਹ ਗਊ ਦੇ ਸਿੱਖ ਹਨ ਜਾਂ ਗੁਰੂ ਦੇ? ਕਿਤੇ ਗਿਦੜ ਸ਼ੇਰਾਂ ਦਾ ਬਾਣਾ ਤਾਂ ਨਹੀਂ ਪਾਈ ਫਿਰਦੇ?
     ਕਦੇ ਸਮਾਂ ਸੀ ਨਿਹੰਗਾਂ ਦੀ ਬਹਾਦਰੀ ਦੇ ਲੋਕ ਸੋਹਿਲੇ ਗਾਇਆ ਕਰਦੇ ਸਨ ਕਿ-ਆ ਗਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸੰਗ॥ ਓਦੋਂ ਨਿਹੰਗ ਸਿੰਘ ਇਜ਼ਤ ਆਬਰੂ ਦੇ ਰਾਖੇ ਹੁੰਦੇ ਸਨ ਪਰ ਹੁਣ ਬਹੁਤੇ ਨਸ਼ਈ, ਵਿਸ਼ਈ ਅਤੇ ਲੁਟੇਰੇ ਹੋ ਚੁੱਕੇ ਹਨ। ਜੋ ਬੇਦਰਦੀ ਨਾਲ ਗਰੀਬ ਕਿਸਾਨਾਂ ਦੀਆਂ ਫਸਲਾਂ ਵੀ ਉਜਾੜਦੇ ਹਨ। ਹੁਣ ਤਾਂ ਆਂਮ ਲੋਕ ਇਹ ਕਹਿੰਦੇ ਲਗਦੇ ਹਨ ਕਿ-ਆ ਗਏ ਨੀ ਨਿਹੰਗ ਬੂਹਾ ਕਰ ਦਿਓ ਬੰਦ॥ ਐਸ ਵੇਲੇ ਡੇਰੇਦਾਰ, ਸਰਕਾਰੀ ਚਮਚੇ ਲੀਡਰ ਅਤੇ ਪੁਜਾਰੀ ਸਿੱਖ ਕੌਮ ਨੂੰ ਲੁੱਟੀ ਜਾ ਰਹੇ ਹਨ। ਕੀ ਨਿਹੰਗਾਂ ਨੂੰ ਆਪਣੀ ਸਿੱਖ ਕੌਮ ਦੀ ਰੱਖਿਆ ਨਹੀਂ ਕਰਨੀ ਚਾਹੀਦੀ ਜਿਸ ਵਿੱਚ ਉਹ ਜੰਮੇ ਪਲੇ, ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਬਣੇ ਅਤੇ ਵਿਚਰਦੇ ਹੋਏ ਮੌਜਾਂ ਮਾਣ ਰਹੇ ਹਨ? ਕੀ ਗਊ ਤੋਂ ਬਿਨਾ ਹੋਰ ਜਾਨਵਰ ਰੱਖਿਆ ਦੇ ਪਾਤਰ ਨਹੀਂ ਹਨ?
     ਸਿੱਖ ਨੇ ਹਰੇਕ ਧਰਮ ਜਾਂ ਸਮਾਜ ਦਾ ਸਤਿਕਾਰ ਕਰਨਾ ਹੈ ਨਾਂ ਕਿ ਇਕੱਲਾ ਕਿਸੇ ਇੱਕ ਧਰਮ ਦਾ। ਗਊ ਇੱਕ ਪਾਲਤੂ ਪਸ਼ੂ ਹੈ ਨਾਂ ਕਿ ਮਨੁੱਖਤਾ ਦੀ ਮਾਤਾ, ਹਾਂ ਗਾਂ ਆਪਣੇ ਵੱਛੇ ਵੱਛੀਆਂ ਦੀ ਜਰੂਰ ਮਾਂ ਹੈ ਜਿੰਨ੍ਹਾਂ ਨੂੰ ਕਸਾਈ ਮਨੁੱਖ ਰੱਜ ਕੇ ਆਪਣੀ ਮਾਂ ਦਾ ਦੁੱਧ ਵੀ ਨਹੀਂ ਪੀਣ ਦਿੰਦੇ। ਮੰਨ ਲਓ ਜੇ ਗਾਂ ਹਿੰਦੂਆਂ ਦੀ ਮਾਂ ਹੈ ਤਾਂ ਬਲਦ ਆਪਣੇ ਆਪ ਬਾਪ ਬਣ ਜਾਂਦਾ ਹੈ ਪਰ ਹਿੰਦੂ ਬਲਦ ਨੂੰ ਬਾਪ ਨਹੀਂ ਕਹਿੰਦੇ ਸਗੋਂ ਦੁਰਕਾਰਦੇ ਹਨ। ਜਿਸ ਵੱਡੀ ਗਿਣਤੀ ਵਾਲੀ ਕੌਮ ਦੀ ਗਾਂ ਮਾਂ ਹੈ ਉਹ ਜੀ ਸਦਕੇ ਪੂਜਾ, ਰੱਖਿਆ ਕਰੇ ਪਰ ਨਿਹੰਗ ਸਿੰਘਾਂ ਜਾਂ ਸਿੱਖਾਂ ਨੂੰ ਪਸ਼ੂ ਪੂਜਾ ਕਰਨੀ ਅਤੇ ਖਾਹ-ਮਖਾਹ ਹਰੇਕ ਥਾਂ ਟੰਗਾਂ ਨਹੀਂ ਅੜਾਉਣੀਆਂ ਚਾਹੀਦੀਆਂ। ਨਿਹੰਗ ਸਿੰਘੋ! ਆਓ ਆਪਣੇ ਵਿਰਸੇ ਦੀ ਪਹਿਚਾਨ ਕਰਦੇ ਹੋਏ ਡੇਰੇਦਾਰ ਲੁਟੇਰਿਆਂ, ਝੋਲੀ ਚੁੱਕ ਸਰਕਾਰੀ ਲੀਡਰਾਂ ਅਤੇ ਧਰਮ ਪੁਜਾਰੀਆਂ ਤੋਂ ਕੌਮ ਦੀ ਰੱਖਿਆ ਕਰੀਏ ਜੋ ਖਾਲਸਾ ਮੁੱਢ ਕਦੀਮਾਂ ਤੋਂ ਕਰਦਾ ਆਇਆ ਹੈ। ਜਰਾ ਸੋਚੋ! ਜੇ ਦੁੱਧ ਦੇਣ ਕਰਕੇ ਹੀ ਗਾਂ ਮਾਂ ਹੈ ਤਾਂ ਮੱਝ ਵੀ ਵਧੀਆ ਦੁੱਧ ਦੇਂਦੀ ਹੈ ਫਿਰ ਤਾਂ ਮੱਝ ਵੀ ਮਾਂ ਹੈ ਤੇ ਉਸ ਦੀ ਵੀ ਪੂਜਾ-ਰੱਖਿਆ ਕਰਨੀ ਚਾਹੀਦੀ ਹੈ ਨਾਂ ਕਿ ਇਕੱਲੀ ਗਊ ਦੀ। ਗੁਰੂ ਕੀਓ ਲਾਡਲੀਓ ਫੌਜੋ! ਬਾਣੇ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਿੱਖ ਕੌਮ ਦਾ ਸ਼ਬਦ ਗੁਰੂ ਹੈ-ਬਾਣੀ ਗੁਰੂ ਗੁਰੂ ਹੈ ਬਾਣੀ॥ (ਗੁਰੂ ਗ੍ਰੰਥ) ਅਤੇ ਸਭ ਸਿੱਖ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਿਰਾ) ਦੀ ਵੀ ਹਰ ਰੋਜ ਵਿਚਾਰ ਕਰਿਆ ਕਰੋ ਤਾਂ ਕਿ ਗੁਰਮਤਿ ਸਿਧਾਂਤ ਸਦਾ ਯਾਦ ਰਹਿਣ। ਦੂਜਾ ਬਾਦਲ ਪ੍ਰਬੰਧ ਹੇਠਲੇ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਰੱਖਿਆ ਦੀ ਥਾਂ ਉਨ੍ਹਾਂ ਗੁਰਦੁਆਰਿਆਂ ਦੀ ਰੱਖਿਆ ਕਰੋ ਜਿੱਥੇ ਜਿੱਥੇ ਗੁਰਮਤਿ ਵਿਰੋਧੀ ਸੰਪ੍ਰਦਾਈ, ਡੇਰੇਦਾਰ ਦੋਹੀਂ ਹੱਥੀਂ ਗੋਲਕਾਂ, ਕਿਰਤੀ ਸਿੱਖਾਂ ਨੂੰ ਲੁਟਦੇ ਹੋਏ ਸਿੱਖਾਂ ਵਿੱਚ ਬ੍ਰਾਹਮਣੀ ਕਰਮਕਾਂਡ ਅਤੇ ਮਾਰੂ ਨਸ਼ੇ ਵਰਤਾ ਕੇ, ਸਿੱਖ ਕੌਮ ਦੀ ਹੋਣਹਾਰ ਪਨੀਰੀ (ਜਵਾਨੀ) ਨੂੰ ਬਰਬਾਦ ਕਰੀ ਜਾ ਰਹੇ ਹਨ। ਆਸ ਕਰਦਾ ਹਾਂ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਸੰਤ ਸਿਪਾਹੀ ਰੂਪ ਵਿੱਚ ਵਿਚਰਦੀਆਂ ਹੋਈਆਂ ਗੁਰਮਤਿ ਸਿਧਾਤਾਂ ਤੇ ਡਟ ਕੇ ਪਹਿਰਾ ਦੇਣਗੀਆਂ ਨਾਂ ਕਿ ਸੌੜੀ ਰਾਜਨੀਤੀ ਖੇਡਣ ਵਾਲੇ ਲੀਡਰਾਂ ਦੇ ਚੱਕੇ ਜਾਂ ਕਿਸੇ ਲਾਲਚ ਵੱਸ ਆਪਣੇ ਹੀ ਭਾਰਵਾਂ ਅਤੇ ਸੰਗਤਾਂ ਨੂੰ ਨਹੀਂ ਡਰਾਉਣਗੀਆਂ ਅਤੇ ਅਵਾਰਾ ਗਊਆਂ ਦੀ ਥਾਂ ਦੁਧਾਰੂ ਪਛੂਆਂ ਅਤੇ ਹਰ ਲੋੜਵੰਦ ਦੀ ਡਟ ਕੇ ਰੱਖਿਆ ਕਰਨਗੀਆਂ।
Avtar Singh Missionary

No comments:

Post a Comment