Wednesday, April 16, 2014

ਰਾਧਾ ਸੁਆਮੀ ਮੱਤ


ਰਾਧਾ ਸੁਆਮੀ ਮੱਤ

     ਇਸ ਦੇ ਬਾਨੀ ਅਤੇ ਸੰਚਾਲਕ ਸ੍ਰੀ ਸ਼ਿਵ ਦਿਆਲ ਸਿਹੁੰ ਦਾ ਜਨਮ 4 ਅਗਸਤ 1818 ਵਿਚ, ਆਗਰਾ ਸ਼ਹਿਰ ਦੀ ਪੰਨੀ ਗਲੀ ਵਿਚ ਲਾਲਾ ਦਿਲਵਾਲੀ ਸਿਹੁੰ ਖਤਰੀ ਦੇ ਘਰ ਹੋਇਆ | ਇੰਨਾਂ ਦਾ ਪਿਛਾ ਲਾਹੋਰ ਦਾ ਸੀ ਅਤੇ ਗੁਰੂ ਘਰ ਦੇ ਸ਼ਰਧਾਲੂ ਨਾਨਕ ਪੰਥੀਆਂ ਵਿਚੋਂ ਸਨ |
     ਸ਼ਿਵ੍ਦਿਆਲ ਸਿਹੁੰ ਦੇ ਦੋ ਭਰਾ, ਲਾਲਾ ਪ੍ਰਤਾਪ ਸਿਹੁੰ ਅਤੇ ਰਾਇ ਬ੍ਰਿੰਦਾ ਬਨ, ਗੁਰੂ ਘਰ ਦੇ ਸ਼ਰਧਾਲੂ ਗੁਰਬਾਣੀ ਪੜਨ ਵਾਲੇ, ਨਿਰਮਲੇ ਅਤੇ ਉਦਾਸੀ ਸੰਤਾਂ ਦੇ ਸਤਸੰਗੀ ਸਨ |  ਸ੍ਰੀ ਸ਼ਿਵਦਿਆਲ ਸਿਹੁੰ, ਆਗਰੇ (ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ) ਮਾਈਥਾਨ ਵਿਚ ਸੰਤ ਦੀਦਾਰ ਸਿੰਘ ਜੀ ਦੀ ਸੰਗਤ ਨਾਲ ਗੁਰਬਾਣੀ ਦੇ ਗਿਆਤਾ ਅਤੇ ਇਕ ਸੂਝਵਾਨ ਵਕਤਾ ਬਣੇ | ਇਹ ਉਰਦੂ ਅਤੇ ਫ਼ਾਰਸੀ ਵਿਚ ਭੀ ਕਾਫੀ ਪ੍ਰਬੀਨ ਸਨ | 
     ਸੰਤ ਦੀਦਾਰ ਸਿੰਘ ਜੀ ਤੋਂ ਆਤਮਿਕ ਗਿਆਨ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰ ਕੇ ਮਾਈਥਾਨ ਦੇ ਗੁਰਦੁਆਰੇ ਵਿਚ ਹੀ ਕਥਾ ਕਰਨ ਲੱਗ ਪਏ | ਕਥਾ ਪ੍ਰਭਾਵਸ਼ਾਲੀ ਹੋਣ ਕਾਰਨ ਕਈ ਲੋਗ ਇੰਨਾਂ ਦੇ ਸ਼ਰਧਾਲੂ ਬਣ ਗਏ | ਯੂ. ਪੀ. ਵਿਚ ਰਹਿਣ ਕਾਰਨ ਇੰਨਾਂ ਨੂੰ ਪਾਨ ਖਾਣ ਅਤੇ ਬੀੜੀ ਪੀਣ ਦੀ ਆਦਤ ਪੈ ਗਈ, ਜਿਸ ਕਾਰਨ ਇੰਨਾਂ ਨੂੰ ਗੁਰਦੁਆਰਾ ਮਾਈਥਾਨ ਵਿਚ ਪ੍ਰਵੇਸ਼ ਕਰਨ ਤੋਂ ਮਨਾਂ ਕਰ ਦਿੱਤਾ ਗਿਆ ਅਤੇ ਇਹ ਆਪਣੇ ਘਰ ਹੀ ਸਤਸੰਗ ਕਰਨ ਲੱਗ ਪਏ |
ਗਿਆਨ ਅੰਮ੍ਰਿਤ ਰਸਾਲੇ 1969 ਦੇ ਅਪ੍ਰੈਲ ਅੰਕ ਅਨੁਸਾਰ ਜਦ ਸ਼ਿਵਦਿਆਲ ਸਿਹੁੰ ਦੇ ਪਿਤਾ ਲਾਲਾ ਦਿਲਵਾਲੀ ਸਿਹੁੰ ਦਾ ਅੰਤ ਸਮਾਂ ਨੇੜੇ  ਆਇਆ ਤਾਂ ਸ਼ਿਵਦਿਆਲ ਸਿਹੁੰ ਨੇ ਪਿਤਾ ਜੀ ਕੋਲ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ | ਕੋਲ ਬੈਠੇ ਸੱਜਣਾਂ ਦੇ ਪੁਛਣ ਤੇ ਉਨਾਂ ਦਸਿਆ ਕਿ ਪਿਤਾ ਜੀ ਦੀ ਸੁਰਤਿ ਇਸ਼੍ਵਰ ਨਾਲ ਜੁੜੀ ਰਹੇ ਇਸ ਲਈ ਅਸੀਂ ਗੁਰਬਾਣੀ ਦਾ ਪਾਠ ਕੀਤਾ ਹੈ | ਸ੍ਰੀ ਸ਼ਿਵਦਿਆਲ ਸਿਹੁੰ ਜੀ ਨੂੰ ਲੋਕ ਸਾਧੂ ਜਾਣ ਕੇ ਸੁਆਮੀ ਜੀ ਆਖਦੇ ਸਨ ਅਤੇ ਇੰਨਾਂ ਦੀ ਪਤਨੀ ਦਾ ਨਾਮ ਰਾਧਾ ਸੀ ਜੋ ਕਿ ਫਰੀਦਾਬਾਦ ਦੇ ਰਹਿਣ ਵਾਲੇ ਲਾਲਾ ਇਜ਼ਤ ਰਾਇ ਦੀ ਲੜਕੀ ਸੀ |   ਸ੍ਰੀ ਸ਼ਿਵਦਿਆਲ ਸਿਹੁੰ ਦਾ ਇਕ ਚੇਲਾ, ਕਾਇਸਥ ਜਾਤ ਦਾ ਰਾਇ ਸਾਲਗ ਰਾਮ ਜੋ ਆਗਰੇ ਦਾ ਹੀ ਸੀ ਅਤੇ ਮਹਿਕਮਾ ਡਾਕ ਤਾਰ ਵਿਚ ਮੁਲਾਜਮ ਸੀ, ਪਿਛੋਂ ਜਾਕੇ ਪੋਸਟ ਮਾਸਟਰ ਜਨਰਲ ਬਣ ਗਿਆ | 
      1857 ਦੇ ਗਦਰ ਨੂੰ ਦਬਾਉਣ ਲਈ ਅੰਗ੍ਰੇਜ਼ਾਂ ਨੇ ਕਈ ਸਿਖ ਪਲਟਨਾਂ ਯੂ, ਪੀ ਵਿਚ ਭੇਜੀਆਂ | ਆਗਰੇ ਵੱਡੀ ਛਾਉਣੀ ਹੋਣ ਕਰਕੇ ਇੱਕ ਸਿਖ ਭਾਈ ਜੈਮਲ ਸਿੰਘ ਜੋ ਪਿਛੋਂ, ਪਿੰਡ ਘੁਮਾਣ ਜ਼ਿਲਾ ਗੁਰਦਾਸਪੁਰ ਦੇ ਸਨ, ਸ਼ਿਵਦਿਆਲ ਸਿਹੁੰ ਦੇ ਸ਼ਰਧਾਲੂ ਬਣ ਗਏ |
     ਸ੍ਰੀ ਸ਼ਿਵਦਿਆਲ ਸਿਹੁੰ ਦਾ ਦਿਹਾਂਤ ਸੰਨ 1878 ਆਗਰੇ ਹੀ ਹੋਇਆ | ਇਥੇ ਹੀ ਇੰਨਾਂ ਦੀ ਸਮਾਧੀ ਹੈ | ਇਨਾਂ ਦੇ ਮਰਨ ਉਪਰੰਤ ਸਾਲਿਗ ਰਾਮ ਜੀ ਇਸ ਮੱਤ ਦੇ ਮੁਖੀ ਬਣੇ | ਸੁਆਮੀ ਧਾਮ ਇਨਾਂ ਦਾ ਮੁਖ ਕੇਂਦਰ ਹੈ | ਇੰਨਾਂ ਦਾ ਚਮੜੇ ਦੇ ਸਾਮਾਨ ਦਾ ਅਤੇ ਹੋਰ ਬਹੁਤ ਤਰਾਂ ਦਾ ਕਾਰੋਬਾਰ ਫੈਲਿਆ ਹੋਇਆ ਸੀ | ਕਿਉਂਕਿ ਸ਼ਿਵਦਿਆਲ ਸਿਹੁੰ ਖੁਦ ਪਾਨ ਬੀੜੀ ਵਰਤਦੇ ਸੀ, ਜੋ ਯੂ. ਪੀ ਵਿਚ ਆਮ ਪ੍ਰਚਲਿਤ ਹੈ ਇਸ ਲਈ ਦਿਆਲਬਾਗ ਰਾਧਾ ਸੁਆਮੀ ਪਾਨ ਬੀੜੀ ਦਾ ਕੋਈ ਪਰਹੇਜ਼ ਨਹੀਂ ਕਰਦੇ | ਬਲਕਿ ਉਨਾਂ ਦੀ ਪੁਸਤਕ ਸਾਰ ਬਚਨ ਵਿਚ ਲਿਖਿਆ ਹੈ : 
ਹੁੱਕਾ ਭਰ ਕੇ ਦਾਸੀ ਲਿਆਈ | ਰਾਧਾ ਸੁਆਮੀ ਢਿਗ ਬੈਠ ਪਿਲਾਈ | ਹੁੱਕਾ ਹੱਕ ਹੱਕ ਬੋਲੀ ਬੋਲਾ |
ਅੱਗੇ ਇਸੇ ਪੁਸਤਕ ਦੇ ਪੰਨਾ 779 ਤੇ ਇੰਜ ਵਰਣਨ ਹੈ : 
ਫਿਰ ਭੋਜਨ ਕਰ ਬੀੜੀ ਖਾਈ | ਬਾਂਟੀ ਬੀੜੀ ਕਨਹੀਆ ਭਾਈ | 
ਸੀਟ ਪ੍ਰਸਾਦ ਸਭੀ ਮਿਲ ਲੀਨਾ | ਜਨਮ ਜਨਮ ਕੇ ਪਾਤਕ ਛੀਨਾ |
ਕੁਰਲੀ ਕਰ ਦਈ ਸੁਆਮੀ ਕੁਲ ਮੇਰਾ ਉਧਾਰਾ | 
ਜਨਮ ਸਫਲ ਔਰ ਤਨ ਮਨ ਧਾਰਾ | 
     ਭਾਵ :- ਰਾਧਾ ਸੁਆਮੀ ਜੀ ਨੇ ਭੋਜਨ ਕਰਨ ਪਿਛੋਂ ਬੀੜੀ ਪੀਤੀ, ਜੋ ਇੱਕ ਕਨਹੀਆ ਭਾਈ ਨੇ ਵੰਡੀ | ਸਾਰਿਆਂ ਨੇ ਸੁਆਮੀ ਜੀ ਦਾ ਸੀਤ ਪ੍ਰਸਾਦ (ਜੂਠਾ) ਲਿਆ | ਸੁਆਮੀ ਜੀ ਨੇ ਕੁਰਲੀ ਕਰਕੇ ਉਸ ਦਾ ਜਲ ਦਿੱਤਾ ਜਿਸ ਨਾਲ ਮੇਰੀ ਕੁਲ ਤਰ ਗਈ | ਤਨ, ਮਨ ਅਤੇ ਜਨਮ ਸਫਲਾ ਹੋ ਗਏ | ਦਿਆਲਬਾਗ ਆਗਰੇ ਦੀ ਬਰਾਂਚ ਵਿਚ ਕੋਈ ਲੰਗਰ ਨਹੀਂ ਚਲਦਾ | 
     ਇੱਕਲੇ ਆਗਰੇ ਸ਼ਹਿਰ ਵਿਚ ਹੀ ਰਾਧਾ ਸੁਆਮੀਆਂ ਦੀਆਂ ਤਿੰਨ ਗੱਦੀਆਂ ਚਲ ਰਹੀਆਂ ਹਨ | (1) ਦਿਆਲ ਬਾਗ, (2) ਸੁਆਮੀ ਬਾਗ, (3) ਪਿੱਪਲ ਮੰਡੀ | ਸਾਰੇ ਆਪਣੇ ਆਪ ਨੂੰ ਸਵਾ ਸੇਰ ਕਹਾਉਂਦੇ ਹਨ ਅਤੇ ਦੂਸਰੇ ਨੂੰ ਰੱਤੀ ਭਰ | ਇੰਨਾਂ ਦੀ ਆਪਸੀ ਮੁੱਕਦਮੇ ਬਾਜ਼ੀ ਭੀ ਕਾਫੀ ਰਹੀ ਹੈ | ਇਸੇ ਤਰਾਂ ਇੱਕ ਗੱਦੀ ਬਨਾਰਸ ਅਤੇ ਇੱਕ ਅਲਾਹਾਬਾਦ ਚੱਲ ਰਹੀ ਹੈ | ਤਕਰੀਬਨ ਸਾਰੇ ਹੀ ਅੰਗ੍ਰੇਜੀ ਸਰਕਾਰ ਦੇ ਮੁਲਾਜਮ ਰਹੇ ਹਨ ਅਤੇ ਸਰਕਾਰ ਵੱਲੋਂ ”ਰਾਇ ਬਹਾਦੁਰ” ਅਤੇ ”ਸਰ” ਦੇ ਖਿਤਾਬ ਨਾਲ ਨਿਵਾਜੇ ਜਾ ਚੁੱਕੇ ਹਨ | 
      ਬਿਆਸ ਦੀ ਗੱਦੀ ਦੇ ਸੰਚਾਲਕ ਬਾਬਾ ਜੈਮਲ ਸਿੰਘ 1857 ਦੇ ਗਦਰ ਵੇਲੇ ਅੰਗਰੇਜਾਂ ਵਲੋਂ ਬਣਾਈ ਗਈ ਸਿਖ ਪਲਟਣ ਵਿਚ ਆਗਰੇ ਸਨ | ਇਥੇ ਇੰਨਾਂ ਦਾ ਮਿਲਾਪ ਸੁਆਮੀ ਸ਼ਿਵਦਿਆਲ ਸਿਹੁੰ ਨਾਲ ਹੋਇਆ | 1891 ਈਸਵੀ ਵਿਚ ਫੌਜ ਦੀ ਨੋਕਰੀ ਤੋਂ ਰਿਟਾਇਰ ਹੋਕੇ ਦਰਿਆ ਬਿਆਸ ਦੇ ਕੰਢੇ ਪਿੰਡ ਵੜੈਚ ਅਤੇ ਬਲ ਸਰਾਂ ਦੇ ਲਾਗੇ ਭਜਨ ਬੰਦਗੀ ਕਰਨ ਲੱਗ ਪਏ |  ਕਿਨਕੀ ਬਾਬਾ ਜੈਮਲ ਸਿੰਘ ਸਿਖੀ ਸਰੂਪ ਵਾਲੇ ਸਨ, ਇਸ ਲਈ ਪਿੰਡ ਵਾਲਿਆਂ ਨੇ ਸਾਂਝੀ ਜਮੀਨ ਵਿਚੋਂ ਗਿਆਰਾਂ ਕਨਾਲ ਸੋਲਾਂ ਮਰਲੇ ਜਮੀਨ ਧਰਮਸ਼ਾਲਾ ਬਣਾਉਣ ਲਈ ਦੇ ਦਿੱਤੀ | 14 ਜੂਨ 1897 ਈਸਵੀ ਨੂੰ ਇਸ ਜਮੀਨ ਦੀ ਰਜਿਸਟਰੀ, ਰਜਿਸਟਰੀ ਨੰ : 254 ਗੁਰੂ ਗਰੰਥ ਸਾਹਿਬ ਦੇ ਨਾਮ ਹੋਈ | ਉਸ ਵਿਚ ਲਿਖਿਆ ਹੈ ”ਗੁਰੂ ਗਰੰਥ ਸਾਹਿਬ ਵਾਕਿਆ ਧਰਮਸ਼ਾਲਾ ਮੁਤਜ਼ਿਮ ਬਾ-ਇਹਤਆਮ ਜੈਮਲ ਸਿੰਘ ਸਾਧ ਜੱਟ ” | ਇਸ ਦੇ ਇੰਤਕਾਲ ਵਿਚ ਦਰਜ ਹੈ ”ਭਾਈ ਜੈਮਲ ਸਿੰਘ ਨੂੰ ਇਹ ਜਮੀਨ ਰਹਿਣ ਜਾਂ ਬੈ ਕਰਨ ਦਾ ਹੱਕ ਹਾਸਿਲ ਨਹੀਂ ਹੈ | ਤਾਂਕਿ ਧਰਮਸ਼ਾਲਾ ਮੁਤਲਕਾ ਧਰਮਸ਼ਾਲਾ ਰਹੇਗੀ | ਬਲ ਸਰਾਂ ਪਿੰਡ ਦੇ ਜਿੰਨਾਂ ਮੁਖੀਆਂ ਨੇ ਰਜਿਸਟਰੀ ਕਰਾਈ, ਉਨਾਂ ਦੇ ਨਾਮ ਹਨ ਲਾਲੂ ਨੰਬਰਦਾਰ, ਮਤਾਬ ਸਿੰਘ, ਭਾਨ ਸਿੰਘ, ਬੂੜ ਸਿੰਘ,
ਸ਼ੇਰ ਸਿੰਘ ਅਤੇ ਗੁਰਦਿਤ ਸਿੰਘ | ਬਾਬਾ ਜੈਮਲ ਸਿੰਘ ਵੇਲੇ ਪਹਿਲਾਂ ਇਥੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ | 
     ਨਾ ਕਿਸੇ ਨੇ ਬਾਬਾ ਜੈਮਲ ਸਿੰਘ ਨੂੰ ਗੁਰਗੱਦੀ ਦਿਤੀ ਨਾ ਹੀ ਉਨਾਂ ਨੇ ਜਿਉਂਦੇ ਜੀ ਕਿਸੇ ਨੂੰ ਆਪਣੇ ਮੱਤ ”ਰਾਧਾ ਸੁਆਮੀ” ਬਾਰੇ ਦਸਿਆ | ਬਲਕਿ ਆਪਣੀਆਂ ਲਿਖਤਾਂ ਦਾ ਆਰੰਭ ੴ ਸਤਿਗੁਰ ਪ੍ਰਸਾਦ ਨਾਲ ਕਰਦੇ ਰਹੇ | 1903 ਈਸਵੀ ਵਿਚ ਬਾਬਾ ਜੈਮਲ ਸਿੰਘ ਦੇ ਦਿਹਾਂਤ ਪਿਛੋਂ ਬਾਬੂ ਸਾਵਨ ਸਿੰਘ, ਪਿੰਡ ਮਹਿਮਾਂ ਸਿੰਘ ਵਾਲਾ, ਜ਼ਿਲਾ ਲੁਧਿਆਣਾ ਦੇ, ਜੋ ਐਮ,ਈ.ਐਸ (Millitary Engineering Service) ਵਿਚ ਓਵਰ ਸੀਅਰ ਸਨ ਰਾਧਾ ਸੁਆਮੀ ਮੱਤ ਦੇ ਦੂਸਰੇ ਗੁਰੂ ਬਣੇ |  
     ਬਾਬੂ ਸਾਵਨ ਸਿੰਘ ਆਪਣੇ ਪਿਛੋਂ ਕਿਰਪਾਲ ਸਿੰਘ ਨੂੰ ਉਤਰ ਅਧਿਕਾਰੀ ਬਣਾਉਣਾ ਚਾਹੁੰਦੇ ਸਨ ਪਰ ਬਾਬੂ ਜੀ ਦੇ ਪੋਤੇ ਸ.ਚਰਨ ਸਿੰਘ ਨੇ ਰਾਧਾ ਸੁਆਮੀਆਂ ਵਿਚ ਜੱਟ ਗੈਰ ਜੱਟ ਦਾ ਮਾਮਲਾ ਖੜਾ ਕਰਕੇ ਰਿਟਾਇਰ ਪ੍ਰੋਫੈਸਰ ਜਗਤ ਸਿੰਘ ਨੂੰ ਗੁਰੂ ਐਲਾਨ ਦਿੱਤਾ | ਇਸ ਲਈ ਸ.ਕਿਰਪਾਲ ਸਿੰਘ ਨੇ ”ਰੂਹਾਨੀ ਸਤਸੰਗ” ਨਾਉ ਦੀ ਗੱਦੀ ਦਿੱਲੀ ਵਿਚ ਚਲਾ ਲਈ | ਡੇਰੇ ਦਾ ਨੂੰ ਕਿਰਪਾਲ ਆਸ਼੍ਰਮ ਹੈ | 1951 ਈਸਵੀ ਵਿਚ ਜਗਤ ਸਿੰਘ ਦੇ ਦਿਹਾਂਤ ਪਿਛੋਂ ਸ.ਚਰਨ ਸਿੰਘ ਇਸ ਮੱਤ ਦੇ ਮੁਖੀ ਬਣੇ | ਉਧਰ ਪਿੰਡ ਵਾਲੇ ਕਈ ਸੱਜਣਾਂ ਨੇ ਪਾਰਟੀ ਬਣਾ ਕੇ ਦਾਵਾ ਕਰ ਦਿੱਤਾ, ਕਿਉਂਕਿ ਇਸ ਜਗ੍ਹਾ ਦੀ ਰਜਿਸਟਰੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਨਾਉਂ ਹੈ ਇਸ ਲਈ ਪੁਰਾਤਨ ਮਰਿਯਾਦਾ ਕਿਮ ਰਖੀ ਜਾਵੇ | ਚਰਨ ਸਿੰਘ ਨੇ ਅਦਾਲਤ ਵਿਚ ਲਿਖ ਕੇ ਦਿੱਤਾ ਕਿ ਅਸੀਂ ਗੁਰੂ ਗਰੰਥ ਸਾਹਿਬ ਨੂੰ ਨਹੀਂ ਮੰਨਦੇ ਇਸ ਲਈ ਬੀੜ ਚੁਕਵਾ ਦਿੱਤੀ ਹੈ | 
     ਬਾਬਾ ਜੈਮਲ ਸਿੰਘ ਦੇ ਇੱਕ ਹੋਰ ਚੇਲੇ ਬੱਗਾ ਸਿੰਘ ਨੇ ਆਪਣਾ ਵਖਰਾ ਡੇਰਾ ਤਰਨ ਤਾਰਨ ਸਾਹਿਬ ਬਣਾ ਲਿਆ | ਜੈਸਾ ਸੁਣਨ ਵਿਚ ਆਇਆ ਹੈ ਸਰਸੇ ਵਾਲੀ ”ਸੱਚਾ ਸੋਦਾ” ਦੀ ਸ਼ਾਖ ਭੀ ਇਥੋਂ ਹੀ ਨਿਕਲੀ ਹੈ | 
     ਸ਼ਿਵਦਿਆਲ ਸਿਹੁੰ ਨੂੰ ਲੋਕ ਸੁਆਮੀ ਜੀ ਕਹਿੰਦੇ ਸਨ ਜੋ ਕਿ ਹਿੰਦੂਆਂ ਵਿਚ ਆਮ ਪ੍ਰਚਲਿਤ ਹੈ, ਜੇਹਾ ਕਿ ਸੁਆਮੀ ਵਿਵੇਕਾ ਨੰਦ, ਸੁਆਮੀ ਰਾਮ ਤੀਰਥ, ਸੁਆਮੀ ਦਯਾ ਨੰਦ ਆਦਿ | ਰਾਧਾ ਇੰਨਾਂ ਦੀ ਪਤਨੀ ਦਾ ਨਾਮ ਸੀ | ਸੋ ਦੋਨਾਂ ਨੂੰ ਮਿਲਾ ਕੇ ਬਣ ਗਿਆ ‘ਰਾਧਾ ਸੁਆਮੀ’ | ਇਹ ਪਰਪਾਟੀ ਹਿੰਦੂਆਂ ਵਿਚ ਪਹਿਲਾਂ ਹੀ ਪ੍ਰਚਲਤ ਹੈ, ਜਿਹਾ ਸੀਤਾ ਰਾਮ, ਰਾਧੇ ਕ੍ਰਿਸ਼ਨ ਆਦਿ | 
     ਰਾਧਾ ਸੁਆਮੀਆਂ ਦਾ ਨਾਮ ਜਿਸ ਨੂੰ ਇਹ ਗੁਪਤ ਰਖਣ ਦਾ ਹੁਕਮ ਦਿੰਦੇ ਹਨ ਜਿਸ ਤਰਾਂ ਕੋਈ ਚੋਰੀ ਦਾ ਮਾਲ ਹੋਵੇ, ਓਹ ਇਹ ਪੰਜ ਅਖਰੀ ਨਾਮ ਹੈ :
(1) ਜੋਤਿ ਨਿਰੰਜਨ (2) ਓਅੰਕਾਰ (3) ਰਰੰਕਾਰ (4) ਸੋਹੰ (5) ਸਤਿਨਾਮ
     ਜੇ ਕੋਈ ਸਿਖ ਹੈ ਉਸ ਨੂੰ ਕਹਿਣਗੇ ਕਿ ਗੁਰਬਾਣੀ ਵਿਚੋਂ ਹੀ ਹੈ, ਹਿੰਦੂ ਨੂੰ ਕਹਿਣਗੇ ਹਿੰਦੂ ਗ੍ਰੰਥਾਂ ਵਿਚੋਂ ਹੈ, ਜੋਗੀ ਨੂੰ ਕਹਿਣਗੇ ਤੁਹਾਡਾ ਹੀ ਹੈ ਇਤਿਆਦ | ਭਾਵ ਐਸਾ ਚੋਗਾ ਪਾਓ ਕਿ ਸਾਰੇ ਪੰਛੀ ਫਸ ਜਾਣ | ਜੋਗੀਆਂ ਦੇ ਬੋਲ ਅਲਖ ਨਿਰੰਜਨ ਤੋਂ ਜੋਤ ਨਿਰੰਜਨ, ਵੇਦਾਂ ਵਿਚੋਂ ਓਅੰਕਾਰ, ਵੇਦਾਂਤ ਵਿਚੋਂ ਲੈਕੇ ਸੋਹੰ, ਆਪਣਾ ਮਨ ਘੜਨੰਤ ਰਰੰਕਾਰ ਅਤੇ ਸਿਖਾਂ ਨੂੰ ਭਰਮਾਉਣ ਲਈ ਸਤਿਨਾਮ ਹੈ | 
     ਸਾਰੇ ਸੰਸਾਰ ਦਾ ਪ੍ਰਵਾਣਿਤ ਇਕ ਅਖਰੀ ਜਾਪੁ ਹੈ, ਅਲਾਹ, ਰਾਮ, ਓਂ, ਗੋਡ, ਵਾਹਿਗੁਰੂ ਆਦਿ ਪਰ ਇਥੇ ਸਭ ਨੂੰ ਭਰਮਾਉਣ ਵਾਲਾ ਪੰਜ ਅਖਰੀ ਨਾਮ ਹੈ | ਜੋ ਵਿਧੀ ਜਪਣ ਦੀ ਦੱਸਦੇ ਹਨ : ਅਖਾਂ ਬੰਦ ਕਰ ਲਵੋ, ਕੰਨਾਂ ਵਿਚ ਉਂਗਲੀਆਂ ਦੇ ਲਵੋ, ਨੱਕ ਦੀ ਸੇਧ ਵਿਚ  ਤ੍ਰਿਕੁਟੀ ਦਾ ਧਿਆਨ ਧਰੋ, ਇਹ ਸਬ ਜੋਗ ਕਿਰਯਾ ਹੈ | ਅਜ ਕਲ ਟੀ.ਵੀ. ਤੇ ਸਾਰੇ ਦੇਸ਼ ਨੂੰ ਸੁਆਮੀ ਰਾਮ ਦੇਵ ਜੀ ਇਹੀ ਸਭ ਤਰੀਕਾ ਦੱਸ ਰਹੇ ਹਨ ਜੋ ਪਾਤੰਜਲ ਤਿਸਹਿ ਦਾ ਜੋਗ ਮਾਰਗ ਹੈ | ਲੱਤ ਕਿਸੇ ਦੀ, ਬਾਂਹ ਕਿਸੇ ਦੀ, ਪੈਰ ਕਿਸੇ ਕੋਲੋਂ, ਸਿਰ ਕਿਤੋਂ ਹੋਰ, ਤੇ ਬਣ ਗਿਆ ਰਾਧਾ ਸੁਆਮੀ | 
     ਸਿਖਾਂ ਨੂੰ ਭਰਮਾਉਣ ਲਈ ਸਾਰੇ ਬਿਆਸਾ ਵਾਲੇ ਗੁਰੂਆਂ ਨੇ ਦਾੜੀ ਕੇਸ ਰਖੇ ਹੋਏ ਹਨ | ਹੁਣ ਵਾਲਾ ਗੁਰੂ ਪਹਿਲਾਂ ਦਾੜੀ ਕਟਦਾ ਸੀ ਫਿਰ ਚੇਲਿਆਂ ਨੇ ਸਮਝਾਇਆ ਕਿ ਕੋਈ ਸਿਖ ਨੇੜੇ ਨਹੀਂ ਆਵੇਗਾ ਤਾਂ ਦਾੜੀ ਵਧਾ ਲਈ | ਬਾਨੀ ਪੜਦੇ ਹਨ ਪਰ ਮਨ ਮਰਜ਼ੀ ਦੇ ਅਰਥ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਲਈ | ਗੁਰਬਾਣੀ ਵਿਆਕਰਣ ਦਾ ਕੋਈ ਬੋਧ ਨਹੀਂ, ਗੁਰਬਾਣੀ ਦਾ ਉਚਾਰਨ ਲਗਾਂ ਮਾਤਰਾਂ ਅਨੁਸਾਰ ਸ਼ੁਧ ਨਹੀਂ | ਉਪਦੇਸ਼ ਵੇਲੇ ਕਹਿਣਗੇ ਗੁਰੂ ਨਾਨਕ ਸਚਾ ਪਾਤਿਸ਼ਾਹ ਦੀ ਬਾਣੀ ਆਹ ਦਸਦੀ ਹੈ, ਗੁਰੂ ਆਪ ਬਣਦੇ ਹਨ | ਉਂਜ ਕਹਿਣਗੇ ਬਾਣੀ ਤਾਂ ਦੁਆਈ ਦੇ ਇਕ ਨੁਸਖੇ ਵਾਂਗ ਹੈ ਦੁਆਈ ਵੈਦ ਕੋਲ ਹੁੰਦੀ ਹੈ ਇਸ ਲਈ ਨੁਸਖੇ (ਗੁਰਬਾਣੀ) ਨੂੰ ਵਾਰ ਵਾਰ ਪੜਨ ਦਾ ਕੀ ਫਾਇਦਾ ਹੈ ? ਜੇ ਬਾਣੀ ਪੜੇ ਨਾਲ ਕੁਝ ਨਹੀਂ ਬਣਦਾ ਫਿਰ ਬਾਣੀ ਪੜਦੇ ਹੀ ਕਿਉਂ ਹਨ ?
     ਆਪ ਉਚੀ ਜਗ੍ਹਾ ਬੈਠ ਕੇ ਨੀਵੀਂ ਜਗ੍ਹਾ ਤੇ ਬੈਠਾ ਸੇਵਕ ਬਾਣੀ ਪੜਦਾ ਹੈ ਉਸ ਨੂੰ ਗੁਰੂ ਨਾਨਕ ਸਚੇ ਪਾਤਿਸ਼ਾਹ ਦੀ ਬਾਣੀ ਕਹਿੰਦੇ ਹਨ ਜਦ ਕਿ ਬਾਣੀ ਅਤੇ ਗੁਰੂ ਗਰੰਥ ਸਾਹਿਬ ਜੀ ਰਚਨ ਵਾਲੇ ਗੁਰੂ ਅਰਜੁਨ ਦੇਵ ਸਾਹਿਬ ਜੀ ਗੁਰਬਾਣੀ ਤੋਂ ਨੀਵਾਂ ਬੈਠਦੇ ਰਹੇ | ਸੇਵਕ ਐਲਾਨ ਕਰਦਾ ਹੈ ”ਬਾਣੀ ਭਾਈ ਨੰਦ ਲਾਲ ਜੀ ਦੀ” ਪਰ ਸਭ ਨੂੰ ਪਤਾ ਹੈ ਭਾਈ ਨੰਦ ਲਾਲ ਜੀ ਨੇ ਸਿਵਾਇ ਤਨਖਾਹ ਨਾਮਾ (ਸਿਖੀ ਰਹਿਤ) ਤੋਂ ਇਲਾਵਾ ਕੁਝ ਵੀ ਪੰਜਾਬੀ ਵਿਚ ਨਹੀਂ ਲਿਖਿਆ, ਸਭ ਫ਼ਾਰਸੀ ਵਿਚ ਹੈ | 
     ਦੋ ਸੋ ਸਾਲ ਵਿਚ ਆਪਣੀ ਪਹਿਚਾਨ ਨਹੀਂ ਬਣਾ ਸਕੇ | ਕੋਈ ਨਿਤਨੇਮ ਨਹੀਂ, ਕੋਈ ਰਹਿਤ ਨਹੀਂ | ਰਾਧਾ ਸੁਆਮੀ ਮੱਤ ਦੇ ਬਾਨੀ ਸਿਗਰਟ, ਬੀੜੀ, ਪਾਨ ਖਾਂਦੇ ਰਹੇ | ਆਗਰੇ, ਅਲਾਹਾਬਾਦ ਅਤੇ ਬਨਾਰਸ ਵਿਖੇ ਕੋਈ ਮਨਾ ਨਹੀਂ ਕਰਦਾ | ਪੰਜਾਬ ਕਿਉਂਕਿ ਸਿਖੀ ਦਾ ਘਰ ਹੈ ਅਤੇ ਬਿਆਸਾ ਵਾਲੇ ਸਿਖੀ ਘਰਾਣਿਆਂ ਵਿਚੋਂ ਹਨ ਇਸ ਲਈ ਸਿਖਾਂ ਨੂੰ ਭਰਮਾਉਣ ਲਈ ਤਮਾਕੂ ਮਨਾਂ ਹੈ |  
     ਕਿਸੇ ਦੇ ਘਰ ਮਿਲਣ ਜਾਓ ਬਾਹਰ ਨੇਮ ਪਲੇਟ ਸਿਖੀ ਨਾਓਂ ਦੀ ਹੈ, ਦੇਖੋ ਤਾਂ ਸ਼ਕਲ ਸਿਖ ਵਾਲੀ ਹੈ | ਬਾਣੀ ਗੁਰੂ ਦੀ ਪੜਦੇ ਹਨ | ਜੇ ਪੁਛੋ ਤਾਂ ਰਾਧਾ ਸੁਆਮੀ ਹਾਂ | ਮੈਂ ਅਜ ਤੱਕ ਕੋਈ ਸਿਖੀ ਸਰੂਪ ਵਾਲਾ ਰਾਧਾ ਸੁਆਮੀ ‘ਸਾਰ ਬਚਨ’ ਸ਼ਿਵਦਿਆਲ ਸਿਹੁੰ ਦੀ ਲਿਖੀ ਪੁਸਤਕ ਪੜਦਾ ਨਹੀਂ ਦੇਖਿਆ | 
     ਜੇ ਕੋਈ ਰਾਧਾ ਸੁਆਮੀ ਗਲਤ ਕੰਮ ਕਰੇ, ਸਿਖੀ ਸਰੂਪ ਹੋਣ ਦੇ ਨਾਤੇ ਸਿਖ ਨੇ ਕੀਤਾ ਹੈ | ਜੇ ਚੰਗਾ ਕੰਮ ਕਰੇ ਰਾਧਾ ਸੁਆਮੀ ਨੇ ਕੀਤਾ ਹੈ | ਮਰਨੇ ਪਰਨੇ ਤੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਕਰਨਾ ਹੈ | ਮਕਾਨ ਦੀ ਚਠ ਕਰਨੀ ਹੈ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਕਰੋ, ਸਮਾਜਕ ਕੰਮ ਲਈ ਭਾਂਡੇ ਬਿਸਤਰੇ ਗੁਰਦੁਆਰੇ ਤੋਂ, ਵੈਸੇ ਅਸੀਂ ਰਾਧਾ ਸੁਆਮੀ ਹਾਂ | ਹੁਣ ਤੱਕ ਦੇਸ਼ ਕੋਮ ਲਈ ਕਿ ਕੀਤਾ ਹੈ ਰਾਧਾ ਸੁਆਮੀਆਂ ਨੇ ? ਬਲਕਿ ਰਾਇ ਬਹਾਦਰੀਆਂ ਅਤੇ ਸਰ ਦੇ ਖਿਤਾਬ ਅੰਗਰੇਜਾਂ ਤੋਂ ਲਿਤੇ ਹਨ ਜਾਂ ਭਾਰਤ ਸਰਕਾਰ ਦੀ ਚਾਪਲੂਸੀ ਕਰਦੇ ਆ ਰਹੇ ਹਨ | 
      ਨਾਮ ਜਪਣ, ਧਰਮ ਦੀ ਕਿਰਤ ਅਤੇ ਵੰਡ ਛਕਣ ਦਾ ਸੰਕਲਪ ਗੁਰੂ ਘਰ ਦਾ ਹੈ | ਜੋ ਸਮਾਜਿਕ ਹਸਪਤਾਲ ਆਦਿ ਬਣਾ ਰਹੇ ਹਨ, ਅੱਜ ਦੇ ਯੁਗ ਵਿਚ ਇੰਨਾਂ ਦੀ ਮਜਬੂਰੀ ਹੈ | ਗੁਰੂ ਸਾਹਿਬ ਨੇ ਜਦੋਂ ਜਾਤ ਪਾਤ, ਇਸਤਰੀ ਦੇ ਬਰਾਬਰ ਹੱਕਾਂ ਦੀ ਅਤੇ ਨਾਮ ਜਪਣ ਦੀ ਗੱਲ ਕੀਤੀ ਓਦੋਂ ਇਸ ਦੇਸ਼ ਲਈ ਇੱਕ ਚਮਤਕਾਰ ਸੀ | ਸਾਰਾ ਦੇਸ਼ ਦੇਵੀ ਦੇਵਤੇ, ਕਈ ਭਗਵਾਨਾਂ ਦੀ ਪੂਜਾ, ਮੂਰਤੀ ਪੂਜਾ, ਤੀਰਥਾਂ ਦੇ ਇਸ਼ਨਾਨ, ਦਰਖਤਾਂ, ਸੱਪਾਂ, ਦੀ ਪੂਜਾ ਵਿਚ ਫਸਿਆ ਹੋਇਆ ਸੀ | ਸੰਸਾਰ ਨੂੰ ਕਿ ਨਵੀਂ ਚੀਜ਼ ਦਿਤੀ ਹੈ ?  
ਖਾਓ ਪੀਓ ਆਪਣਾ ਜਸ ਗਾਓ ਹਮਾਰਾ |
     ਇਨਾਂ ਸੀ ਪੁਸਤਕ ਸਾਰ ਬਚਨ ਵਿਚ ਲਿਖਿਆ ਹੈ : ਪਿਛਲੋਂ ਕਿ ਤਜ ਟੇਕ, ਤੇਰੇ ਭਲੇ ਕਿ ਕਹੂੰ | ਵਕਤ ਗੁਰੂ ਕਿ ਮਾਨ ਤੇਰੇ ਭਲੇ ਕਿ ਕਹੂੰ | ਭਾਵ, ਜੋ ਪਹਿਲੋਂ ਗੁਰੂ ਹੋ ਚੁਕੇ ਹਨ ਉਨਾਂ ਦੀ ਟੇਕ ਛਡ ਦੇ ਅਤੇ ਜਿਹੜਾ ਹੁਣ ਵਕਤ ਦਾ ਗੁਰੂ ਹੈ ਉਸ ਨੂੰ ਮੰਨ ਮੈਂ ਤੇਰੇ ਭਲੇ ਦੀ ਕਹਿੰਦਾ ਹਾਂ | ਜੇ ਪਹਿਲੇਆਂ ਨੂੰ ਨਹੀਂ ਮੰਨਦਾ ਤਾਂ ਸ਼ਿਵਦਿਆਲ ਸਿਹੁੰ ਦੀ ਸਮਾਧੀ ਆਗਰੇ ਕਿਉਂ ਬਣਾ ਰਹੇ ਹਨ ਜਿਸ ਤੇ ਹੁਣ ਤੱਕ ਕਈ ਕਰੋੜ ਰੁਪਿਆ ਲੱਗ ਚੁੱਕਾ ਹੈ | ਫਿਰ ਹੁਣ ਵਕਤ ਵਾਲੇ ਗੁਰੂ ਨੂੰ ਹੀ ਕਿਉਂ ਨਹੀਂ ਮੰਨਦੇ ?  
     ਪਰ ਗੁਰਬਾਣੀ ਕਹਿ ਰਹੀ ਹੈ : ਗੁਰੂ ਓਹ ਕਰੋ ਜਿਸ ਨੂੰ ਕਰਨ ਤੋਂ ਬਾਅਦ ਤੇਨੂੰ ਕਿਸੀ ਹੋਰ ਪਾਸੇ ਦੇਖਣ ਦੀ ਲੋੜ ਨਾ ਰਹੇ |  ਓਹ ਜੀਵ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਜੋ ਇੱਕ ਅਕਾਲ ਪੁਰਖ ਦੇ ਲੜ ਲੱਗ ਜਾਂਦੇ ਹਨ |  ਗੁਰੂ ਨਾਨਕ ਜੀ ਦੀ ਜੋਤ ਜੋ ਗੁਰੂ ਗਰੰਥ ਸਾਹਿਬ ਜੀ ਵਿਚ ਹੈ ਅਜ ਵੀ ਅਰਦਾਸਾਂ ਸੁਣਦੇ ਹਨ ਅਤੇ ਪੂਰੀਆਂ ਵੀ ਕਰਦੇ ਹਨ | 
     ਰਾਧਾ ਸੁਆਮੀਆਂ ਦੇ ਗੁਰੂ ਨੂੰ ਅਸੀਂ ਇਹ ਪੁਛਣਾ ਚਾਹੁੰਦੇ ਹਾਂ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਚਲਾਏ ਨਿਰਮਲ ਪੰਥ ਵਿਚ ਕੀ ਘਾਟ ਹੈ ਜੋ ਤੁਸੀਂ ਨਵਾਂ ਮੱਤ ਤੋਰਿਆ ਹੈ ਅਤੇ ਤੁਸੀਂ ਕਿਹੜੇ ਨਵੀਂ ਚੀਜ਼ ਸੰਸਾਰ ਨੂੰ ਦਿਤੀ ਹੈ ?
ਲੇਖਕ ; ਕੰਵਰ ਅਜੀਤ ਸਿੰਘ, ਪਟਿਆਲਾ ਦੀ ਕਿਤਾਬ ”ਸਤਿਗੁਰ ਬਾਝਹੁ ਗੁਰੁ ਨਹੀ ਕੋਈ” ਵਿਚੋਂ ਧੰਨਵਾਦ ਸਹਿਤ

2 comments:

  1. ਬਿਲਕੁਲ ਸਹੀ ਕਿਹਾ ਹੈ ਜੀ ਇਹ ਰਾਧੇ ਸੁਆਮੀ ਨੂੰ ਮੰਨਣ ਵਾਲੇ ਕਰੈਕਟਰ ਲੈਸ ਦੀ ਹਮਾਇਤ ਕਰਦੇ ਹਨ ਮੈਂ ਦਸ ਸਕਦਾ ਹਾਂ।।

    ReplyDelete