Sunday, October 4, 2015

"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਨੂੰ ਲਾਗੂ ਕਰਨ ਦਾ ਆਰੰਭ ਕਰੀਏ

"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਨੂੰ ਲਾਗੂ ਕਰਨ ਦਾ ਆਰੰਭ ਕਰੀਏ
"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਦਾ ਗੁਰਪੁਰਬ ਮਨਾਈਏ

"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਨੂੰ ਲਾਗੂ ਕਰਨ ਦਾ ਆਰੰਭ ਕਰੀਏ
"ਗੁਰੂ ਗ੍ਰੰਥ-ਗੁਰੂ ਪੰਥ ਦੀ ਸਾਂਝੀ ਗੁਰਿਆਈ” ਦਾ ਗੁਰਪੁਰਬ ਮਨਾਈਏ

ਸਿੱਖ ਕੌਮ ਦੀ ਵਰਤਮਾਨ ਨਿਘਾਰੂ ਹਾਲਾਤ ਦੇ ਮੂਲ ਕਾਰਨ ਸਿੱਖਾਂ ਵੱਲੋਂ ਅਤੀਤ ਵਿਚ ਕੀਤੀਆਂ ਕੁੱਝ ਉਹ ਗ਼ਲਤੀਆਂ ਹਨ ਜਿਨ੍ਹਾਂ ਕਰ ਕੇ ਸਿੱਖ ਗੁਰੂ ਪਾਤਸ਼ਾਹੀਆਂ ਦੇ ਫ਼ੈਸਲਿਆਂ ਤੋਂ ਮੂੰਹ ਮੋੜ ਕੇ ‘ਮਨਮਤ’ ਦੇ ਲੜ ਲੱਗਦੇ ਰਹੇ ਹਨ। ਇਨ੍ਹਾਂ ਵਿਚੋਂ ਤਿੰਨ ਫ਼ੈਸਲੇ ਅਜਿਹੇ ਹਨ ਜਿਨ੍ਹਾਂ ਸਦਕਾ ਖ਼ਾਲਸਾ ਪੰਥ ਦਾ ਸਮੁੱਚਾ ਗੁਰੂ ਵਰੋਸਾਏ ਵਜੂਦ ਦਾ ਹੀ ਉਹ ਨਸਲ ਘਾਤ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਤਿੰਨ "ਗੁਰੂ ਹੁਕਮਾਂ” ਤੋਂ ਆਕੀ ਹੋਣ ਤੋਂ ਬਾਅਦ ਸਿੱਖ ਕੌਮ ਦਾ ਗਰਾਫ਼ ਲਗਾਤਾਰ ਨਿਵਾਣ ਵਿਚ ਆਉਂਦਾ ਆਉਂਦਾ ਵਰਤਮਾਨ ਨਿਘਾਰ ਤੇ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ ਸ਼੍ਰੋਮਣੀ ਕਾਰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਵਾਸ ਤਿਆਗਣ ਤੋਂ ਪਹਿਲਾਂ ਖ਼ਾਲਸਾ ਪੰਥ ਨੂੰ ਬਖ਼ਸ਼ੀ ਸਰੀਰਕ ਗੁਰਿਆਈ ਤੋਂ ਖ਼ਾਲਸੇ ਨੂੰ ਵਿਰਵਾ ਕਰਨ ਦੀ ਸਾਜ਼ਿਸ਼ ਦਾ ਸ਼ਿਕਾਰ ਬਣਾਉਣਾ। ਗੁਰਿਆਈ "ਗੁਰੂ ਗ੍ਰੰਥ-ਗੁਰੂ ਪੰਥ” ਨੂੰ ਸਾਂਝੀ ਦੇਣ ਦਾ ਬੜਾ ਸਪਸ਼ਟ ਫ਼ੈਸਲਾ ਸਤਿਗੁਰੂ ਨੂੰ ਨੰਦੇੜ ਦੀ ਧਰਤੀ ਉੱਪਰ ਕੀਤਾ ਤੇ ਇਸ ਨੂੰ ਮੰਨਣ ਦਾ ਹੁਕਮ ਕੀਤਾ।
ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 239 ਸਾਲਾਂ ਵਿਚ ਆਪਣੇ ਜੀਵਨ ਕਾਲ ਦੌਰਾਨ ਵਰੋਸਾਏ "ਗੁਰਮਤਿ ਸੰਕਲਪ ਦੇ ਗੁਰਮਤਿ ਸਿਧਾਂਤ” ਮੁਤਾਬਿਕ, ਨਾਨਕਸ਼ਾਹੀ ਕਲੈਂਡਰ ਅਨੁਸਾਰ 20 ਅਕਤੂਬਰ 1708 ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਦੀ ਧਰਤੀ ਤੇ, ਆਪਣੇ ਸਰੀਰਕ ਸਵਾਸ ਤਿਆਗਣ ਤੋਂ ਪਹਿਲਾਂ; ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਥਾਪਿਤ "ਗੁਰ ਸ਼ਬਦ” ਹੁਕਮ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ”(ਅੰਕ-966) ਦੇ ਸੰਕਲਪ ਅਨੁਸਾਰ; ਗੁਰਗੱਦੀ ਦੀ ਰੀਤ ਮੁਤਾਬਿਕ ਸਤਿਗੁਰਾਂ ਨੇ ਜੋਤਿ ‘ਗ੍ਰੰਥ’ ਵਿਚ ਤੇ ਉਸ ਦੀ ਜੁਗਤਿ ‘ਪੰਥ’ ਵਿਚ ਸਮੋਹਿਤ ਕਰ ਦਿੱਤੀ "ਗੁਰ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸ ਜੀਵਦੈ” (ਅੰਕ-966) ਦੇ ਸੰਕਲਪ ਨੂੰ ਹੀ ਦ੍ਰਿਸ਼ਟਮਾਨ ਕਰ ਹਕੀਕੀ ਤੋਰ ਤੇ ਲਾਗੂ ਕਰ ਦਿੱਤਾ।
ਇੰਜ ਗੁਰੂ ਨਿਰਣੈ ਅਨੁਸਾਰ 20 ਅਕਤੂਬਰ 1708  ਤੋਂ "ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਿੱਖ ਕੌਮ ਦੀ "ਜੋਤਿ ਅਰਥਾਤ ਆਤਮਾਂ” ਹਨ ਅਤੇ ਇਸ ਆਤਮਾ ਦਾ ਸਰੂਪ ‘ਸਰੀਰ ਜਾਂ ਜੁਗਤਿ’ "ਗੁਰੂ ਪੰਥ ਖ਼ਾਲਸਾ” ਹੈ। ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦਾ ਅਤੇ ਉਸ ਨੂੰ ਲਾਗੂ ਕਰਨ ਅਤੇ ਕਰਵਾਉਣ ਦੀ ਸ਼ਕਤੀ ਗੁਰੂ ਪੰਥ ਖ਼ਾਲਸਾ ਜੀ ਦੇ ਹਵਾਲੇ ਕਰ, ਸਰੀਰ ਰੂਪ ਵਿਚ ਗੁਰਿਆਈ ਨਿਭਾਉਣ ਦੀ ਜ਼ਿੰਮੇਵਾਰੀ "ਪੰਥ ਖ਼ਾਲਸਾ” ਨੂੰ ਹਸਤਾਂਤਰਣ ‘ਟਰਾਂਸਫ਼ਰ ਜਾਂ ਇੰਤਕਾਲ’ ਕਰ ਦਿੱਤੀ । ਇੰਜ ਗੁਰੂ ਪੰਥ ਖ਼ਾਲਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਂਝੇ ਤੌਰ ਤੇ ਗੁਰਿਆਈ ਦਾ "ਜੁਗਤਿ”  ਧਾਰੀ "ਸਰੀਰ ਰੂਪ ਵਿਚ ਗੁਰੂ” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਹੈ। ਇਸੇ ਲਈ ਹੀ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰਮੁਖ ਪੰਥ ਨਿਰੋਲ ਨ ਰਲੈ ਰਲਾਈਐ;… ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ;… ਇਉਂ ਤੀਸਰ ਪੰਥ ਰਚਾਇਨੁ ਵਡ ਸੂਰ ਗਹੇਲਾ… ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ… ਅਤੇ ਗੁਰਮੁਖਿ ਪੰਥ ਇਕਈਸ ਕੋ ਬਰਤਮਾਨ”…
"ਵਾਲਹੁੰ ਨਿਕਾ ਆਖੀਐ ਗੁਰ ਪੰਥ ਨਿਰਾਲਾ” ਦੀ ਇਹ ਉਹੀ ਖ਼ਾਲਸਤਾਈ ਗੁਣਵਾਦੀ ਲੋਕਤੰਤਰੀ ਹਸਤੀ ਨਿਰਧਾਰਿਤ ਕੀਤੀ ਗਈ ਜਿਵੇਂ ਅੱਜ ਦੇ ਕਿਸੇ ਵੀ ਲੋਕਤੰਤਰੀ ਪ੍ਰਣਾਲੀ ਦੇ ਦੇਸ਼ ਅੰਦਰ ਲਿਖਤ ਬੱਧ ਸੰਵਿਧਾਨ ਨੂੰ ਲਾਗੂ ਕਰਨ ਦੀ ਸ਼ਕਤੀ ਅਤੇ ਹੁਕਮ ‘ਸੰਸਦੀ ਪ੍ਰਣਾਲੀ ਵਿਚਲੀ ਸਮੂਹਿਕ ਸਰਕਾਰ ਦੀ ਕੈਬਨਿਟ’ ਨੂੰ ਦਿੱਤਾ ਜਾਂਦਾ ਹੈ।ਸ਼ਬਦ ਗੁਰੂ ਦੇ ਹੁਕਮ ਦੇ ਹਕੀਕੀ ਪਸਾਰੇ ਹਿਤ ਹੀ, ਖ਼ਾਲਸਾ ਪੰਥ ਦੀ ਇਸ ਗੁਰ ਹਸਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਅਗਵਾਈ ਦਾ ਬੀਜਕ ਸਵੀਕਾਰਦੇ ਹੋਏ ਹੀ, ਦਰਿਆ ਜਮਨਾ ਤੋਂ ਗੁਰਦਾਸ ਨੰਗਲ ਤਕ, ਨਾਨਕਸ਼ਾਹੀ ਖ਼ਾਲਸਤਾਈ ਰਾਜ ਦਾ ਲੋਕਤੰਤਰ ਪ੍ਰਗਟ ਕਰਦੇ ਹੋਏ "ਨਾਨਕਸ਼ਾਹੀ ਸਿੱਕਾ ਅਤੇ ਰਾਜ ਸੰਵਿਧਾਨ ਪ੍ਰਗਟ ਕਰ” "ਸਰਕਾਰ ਏ ਖ਼ਾਲਸਾ” ਦਾ ਹੁਕਮ ਸੰਨ 1710  ਤੋਂ 1715 ਵਿਚ ਲਾਗੂ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਸਵਾਸ ਤਿਆਗਣ ਤੋਂ ਇੱਕ ਦਿਨ ਪਹਿਲਾਂ ਇਸੇ ਹੁਕਮ ਦੀ ਪਾਲਨਾ ਨਿਮਿਤ ਹੀ ਪੰਜਾਬ ਦੀ ਧਰਤੀ ਨੂੰ "ਨਾਨਕਸ਼ਾਹੀ ਖ਼ਲਸਤਾਈਤਾ ਦੀ ਸਭਿਅਤਾ ਦੀ ਵਿਵਸਥਾ ਅਤੇ ਬਣਤਰ” ਵਿਚ ਲਿਆਉਣ ਅਤੇ ਪ੍ਰਬੰਧਕੀ ਨਿਜ਼ਾਮ ਦੇਣ ਹਿਤ "ਹੁਕਮ” ਕਰ ਕੇ ਤੋਰਿਆ ਸੀ। ਕੁੱਝ ਸਪਸ਼ਟ ਅਤੇ ਕੁੱਝ ਇਤਿਹਾਸ ਦੇ ਗਰਭ ਵਿਚ ਛੁਪੇ ਕਾਰਨਾਂ ਕਰ ਕੇ "ਗੁਰੂ ਪੰਥ ਖ਼ਾਲਸਾ” ਨੂੰ ਆਪਣੀ ਗੁਰਿਆਈ ਨੂੰ ਨਾ ਸਥਾਪਿਤ ਕਰਨ ਦੇਣ ਦੇ ਇਰਾਦੇ ਨਾਲ ਹੀ ਵਕਤ ਦੀ ਹਕੂਮਤ ਨੇ "ਮਾਤਾ ਸੁੰਦਰੀ ਜੀ ਉਨ੍ਹਾਂ ਦੇ ਗੁਰੂ ਹੁਕਮਾਂ ਤੋਂ ਆਕੀ ਹੋ ਕੇ ਗੋਦ ਲਏ ਪੁੱਤਰ ਅਜੀਤ ਸਿੰਘ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ” ਦੀ ਵਰਤੋਂ ਕਰ ਕੇ ਇਨ੍ਹਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੌਂਪੀ ਗਈ "ਗੁਰੂ ਗ੍ਰੰਥ-ਗੁਰੂ ਪੰਥ ਦੀ (ਜੋਤ ਅਤੇ ਜੁਗਤ ਅਰਥਾਤ ਆਤਮਾ ਗੁਰ ਸ਼ਬਦ-ਸਰੀਰ ਗੁਰੂ ਪੰਥ ਦੀ) ਗੁਰਿਆਈ” ਦੇ ਹੁਕਮਾਂ ਤੋਂ ਸਿੱਖ ਕੌਮ ਨੂੰ ‘ਆਕੀ’ ਬਣਾਇਆ। ਜਿਸ ਨਾਲ ਸਿੱਖੀ ਵਿਚ ਵੰਡੀਆਂ ਦਾ ‘ਹਕੂਮਤ ਪੱਖੀ ਸਿੱਖੀ’ ਦਾ ਬੀਜ ਬੀਜਿਆ ਗਿਆ। ਇੰਜ ਸਿੱਖ ਨੂੰ ਗੁਰੂ ਹੁਕਮਾਂ ਤੋਂ ਬਾਗ਼ੀ ਕਰਨ ਦਾ ਮੁੱਢ ਬੱਝਾ। ਇਹੋ ਕਾਰਨ ਹੈ ਕਿ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘਿਰੇ "ਗੁਰੂ ਪੰਥ ਖ਼ਾਲਸਾ” ਨੂੰ ਭਾਈ ਮਨੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੋਂ ਕੋਈ ਰਾਸ਼ਨ ਦੀ ਰਸਦ, ਫ਼ੌਜ ਮਦਦ ਅਤੇ ਹੋਰ ਕੋਈ ਵੀ  ਲੋੜੀਂਦਾ ਸਾਧਨ ਉੱਕਾ ਹੀ ਨਹੀਂ ਭੇਜਿਆ ਸਗੋਂ ਇਨ੍ਹਾਂ ਨੂੰ ਹਕੂਮਤ ਨੂੰ ਫੜਵਾ ਕੇ ਮਾਰ ਮੁਕਾਉਣ ਵਿਚ ਹੀ ਆਪਣੇ "ਮਾਤਾ ਸੁੰਦਰੀ, ਦੱਤਕ ਪੁੱਤਰ, ਭਾਈ ਮਨੀ ਸਿੰਘ ਅਤੇ ਇਨ੍ਹਾਂ ਨਾਲ ਜੁੜੀ ਸਿੱਖ ਕੌਮ ਦੇ ਧੜੇ ਦੇ”  ਨਿੱਜ ਦਾ ਭਲਾ ਹੀ ਮੰਨਿਆ ਗਿਆ। ਇਹੋ ਕਾਰਨ ਹੈ ਕਿ ਇਨ੍ਹਾਂ ਦੀ ਅਗਵਾਈ ਵਿਚ ਵਿਚਰਦਾ ਧੜਾ "ਖ਼ਾਲਸਾ ਪੰਥ ਦੀ ਗੁਰਿਆਈ ਨੂੰ ਮੰਨਣ ਅਤੇ ਲਾਗੂ ਕਰਵਾ ਚੁੱਕੇ "ਗੁਰੂ ਪੰਥ” ਨੂੰ ਹਕੂਮਤ ਰਾਹੀਂ ਮਰਵਾ ਕੇ ਖ਼ੁਸ਼ ਹੋਇਆ। ਜਿਸ ਕਰ ਕੇ ਹੀ ਇਨ੍ਹਾਂ ਵਿਚੋਂ ਕਿਸੇ ਵੱਲੋਂ ਵੀ ਹਕੂਮਤੀ ਕਹਿਰ ਦੇ ਖ਼ਿਲਾਫ਼ ਓਦੋਂ ਤਕ ਕੋਈ ਹਾਂ ਦਾ ਨਾਅਰਾ ਅਤੇ ਕੰਮ ਸਾਹਮਣੇ ਨਹੀਂ ਆਉਂਦਾ ਜਦੋਂ ਤਕ ਅਜਿਹੇ ਸਭਨਾਂ "ਗੁਰੂ ਪੰਥ ਦੀ ਅਗਵਾਈ ਨੂੰ ਕਬੂਲਣ ਤੇ ਸਥਾਪਿਤ ਕਰਨ ਵਾਲੇ ਖ਼ਾਲਸੇ ਨੂੰ ਤਸੀਹੇ ਦੇ ਦੇ ਕੇ ਸ਼ਹੀਦ” ਨਹੀਂ ਕਰ ਦਿੱਤਾ ਗਿਆ। ਗੁਰੂ ਹੁਕਮਾਂ ਤੋਂ ਆਕੀ ਹੋ ਕੇ ਸਿੱਖਾਂ ਵੱਲੋਂ ਧੜੇਬਾਜੀਆਂ ਦੀ ਸਿੱਖੀ ਸੇਵਕੀ ਦੇ ਸੌੜੇ, ਨਿਗੂਣੇ ਅਤੇ ਨਿਘਾਰੂ ਅਮਲ ਦਾ ਆਗਾਜ਼ ਕਰਨ ਦਾ ਇਹ ਨਾਨਕਸ਼ਾਹੀ ਸਿੱਖੀ ਦੇ ਗੁਰੂ ਪਾਤਸ਼ਾਹੀਆਂ ਵੱਲੋਂ ਵਰੋਸਾਏ 239 ਸਾਲਾਂ ਦੇ ਸਭਿਆਚਾਰ ਵਿਚ, ਗੁਰੂ ਹੁਕਮਾਂ ਤੋਂ ਬਾਗ਼ੀ ਹੋ ਕੇ "ਗੁਰਮਤਿ” ਦੀ ਥਾਂ ਧੜੇਬੰਦੀ ਦੀ ਜੁਗਾੜੂ ਜੁਗਤ ਨੂੰ ਹੀ ਗੁਰੂ ਸਿਧਾਂਤ ਦੱਸਣ ਦੀ "ਮਨਮਤ” ਕਰਨ ਵਾਲਾ ਇਹ ਅਸਲ ਵਿਨਾਸ਼ਕਾਰੀ "ਟਰਨਿੰਗ ਪਵਾਇੰਟ” (ਸੰਕ੍ਰਾਂਤੀ-ਕਾਲ ਵਿਚਲਾ ਉਹ ਫ਼ੈਸਲਾਕੁਨ ਖਿਣ ਜਿਸ ਨੇ ਸਮੁੱਚੀ ਕੌਮ ਦੇ ਭਵਿੱਖ ਨੂੰ ਹੀ ਵਿਨਾਸ਼ਕਾਰੀ ਗ਼ਲਤ ਮੋੜਾ ਦੇ ਦਿੱਤਾ) ਹੈ।
ਇਸ ਤੋਂ ਬਾਅਦ ਵੀ "ਖ਼ਾਲਸਾ” ਆਪਣੀ "ਜੁਗਤ ਦੀ ਗੁਰਿਆਈ” ਮਿਸਲ ਕਾਲ ਤਕ ਨਿਭਾਉਂਦਾ ਆਇਆ ਹੈ। ਇਸ ਤੋਂ ਬਾਅਦ ਵਕਤ ਦੇ ਆਗੂਆਂ ਨੇ ਖ਼ਾਲਸਾ ਪੰਥ ਤੋਂ ਉਸ ਨੂੰ "ਗੁਰੂ ਬਖ਼ਸ਼ੀ ‘ਸਰੀਰ ਰੂਪ ਵਿਚ ਸਮੂਹਿਕ ਪੰਥ ਗੁਰੂ ਵੱਲੋਂ ਸਿੱਖ ਕੌਮ ਦੀ ਕੀਤੀ ਜਾਂਦੀ ਅਗਵਾਈ’ ਦੀ ਸ਼ਕਤੀ” ਹੋਲੇ ਹੋਲੇ ਖੋਹ ਲਈ ’ਤੇ ‘ਧੜੇਬਾਜ਼ਾਂ’ ਨੇ ਆਪਣੇ ਆਪ ਨੂੰ ਹੀ ਪੰਥ ਘੋਸ਼ਿਤ ਕਰ ਕੇ, ਗੁਰੂ ਸੰਕਲਪ ਅਤੇ ਸਿਧਾਂਤ ਨਾਲ ਵਿਸਾਹ ਘਾਤ ਕਰ ਦਿੱਤਾ। ਜਿਸ ਕਰ ਕੇ ਹੀ ਵਰਤਮਾਨ ‘ਅੱਜ’ ਵਿਚ ਖ਼ਾਲਸਾ ਪੰਥ ਅਤੇ ਸਿੱਖ ਕੌਮ ਸਮੂਹਿਕ ਰੂਪ ਵਿਚ ਅਣਗਿਣਤ ਮੁਸੀਬਤਾਂ, ਨਿੱਤ ਨਵੇਂ ਹਮਲਿਆਂ ਅਤੇ ਦਰਪੇਸ਼ ਹੁੰਦੀਆਂ ਵੰਗਾਰਾਂ ਵਿਚ ਹੀ ਗ਼ਲਤਾਨ ਰਹਿੰਦਾ ਹੈ।
ਜੇ ਕਰ ਸਿੱਖ ਮਨੋਬਿਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ "ਗੁਰੂ ਗ੍ਰੰਥ-ਗੁਰੂ ਪੰਥ ਵਿਚ ਜੋਤੀ ਜੋਤਿ ਸਮਾ ਜਾਣ” ਤੋਂ ਬਾਅਦ ਦੇ ਖਿਣ ਤੋਂ ਵਰਤਮਾਨ ਤਕ ਇਤਿਹਾਸ ਅਤੇ ਇਸ ਦੇ ਸਮੁੱਚੇ ਘਟਨਾਕ੍ਰਮ ਦਾ ਮਿਕਨਾਤੀਸੀ ਨਿਰਪੱਖ ਅਤੇ ਨਿਰਵੈਰ ਵਿਸ਼ਲੇਸ਼ਣ ਰਾਹੀਂ ਅਧਿਐਨ ਕਰੇ ਤਾਂ ਉਸ ਦੀ ਪੜਤਾਲਿਆ ਖੋਜ ਨਿਰਭੈਤਾ ਨਾਲ ਇਸੇ ਸਿੱਟੇ ਤੇ ਹੀ ਅਪੜੇਗੀ । 1708 ਤੋਂ ਲੈ ਕੇ ਵਰਤਮਾਨ ਤਕ ਸਿੱਖ ਕੌਮ ਦੇ ਇਤਿਹਾਸ ਵਿਚ ਇਹੋ ਬਾਰ ਬਾਰ, ਮੁੜ ਮੁੜ ਅੱਡੋ ਅੱਡ ਰੂਪਾਂ ਵਿਚ ਵਰਤਦਾ ਆ ਰਿਹਾ ਹੈ। ਰੱਬ ਜਾਂ ਅਕਾਲ ਪੁਰਖ ਕੁਦਰਤ ਰਾਹੀਂ ਆਪਣੀ ਨਸਲ ਨੂੰ ਸੁਧਾਰ ਦੇ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ।"ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥” ਮੌਕਿਆਂ ਦੀ ਸੰਭਾਲ ਕਰਨਾ ਉਸ ਦੀ ਮਨੁੱਖੀ ਨਸਲ ਦੇ ਜ਼ਿੰਮੇ ਆਉਂਦਾ ਹੈ "ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥ ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥”। ਹੁਣ ਫਿਰ ਸਿੱਖ ਕੌਮ ਦੇ ਸੂਝਵਾਨਾਂ ਅਤੇ ਆਗੂਆਂ ਪਾਸ ਅਜਿਹੇ ਵਿਨਾਸ਼ਕਾਰੀ "ਟਰਨਿੰਗ ਪਵਾਇੰਟ” ਨੂੰ ਗੁਰੂ ਹੁਕਮਾਂ ਨਾਲ ਮੁੜ ਜੁੜ ਜਾਣ ਲਈ ਅਤੇ ਨਿਰਮਾਣ ਕਾਰੀ ਸੁਨਹਿਰੇ ਭਵਿੱਖ ਨੂੰ ਘੜਨ ਹਿਤ "ਗੁਰੂ ਗ੍ਰੰਥ ਗੁਰੂ ਪੰਥ ਦੀ ਗੁਰਿਆਈ ਨੂੰ ਸਥਾਪਿਤ ਕਰਨ ਵਾਲਾ ਵਰਤਮਾਨ ਮੁਖੀ "ਟਰਨਿੰਗ ਪਵਾਇੰਟ” ਫਿਰ ਸਾਹਮਣੇ ਆਨ ਖੜ੍ਹਾ ਹੈ। ਜੇ ਸਿੱਖ ਚਾਹੁਣ ਤਾਂ ਉਹ ਹੁਣ "ਗੁਰੂ ਨਾਲੋਂ ਟੁੱਟੀ ਗੰਢ” ਸਕਦੇ ਹਨ।
ਸਿੱਖ ਕੌਮ ਨੂੰ ਵਰਤਮਾਨ "ਨਿਘਾਰੂ ਅੱਜ” ਤੋਂ ਨਿਜਾਤ ਦਲ਼ਵਾਉਣ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਹਰ ਇੱਕ ਨਾਨਕ ਨਾਮ ਲੇਵਾ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੁਕਮ ਕਰ ਇੰਤਕਾਲ ਕੀਤੀ "ਗੁਰੂ ਪੰਥ ਖ਼ਾਲਸਾ” ਦੀ ਸਰੀਰਕ ਗੁਰਿਆਈ ਦੀ ਜੁਗਤ ਦੀ ਅਗਵਾਈ ਨੂੰ ਮੁੜ ਜੀਵਤ ਕਰ, ਇਸ ਦੇ ਫ਼ਰਾਇਜ਼ ਨੂੰ ਆਪਣੇ ਸਮੂਹਿਕ ਜ਼ਿੰਮੇਵਾਰੀ ਦੇ ਮੋਢਿਆਂ ਤੇ ਚੁੱਕੇ। ਖ਼ਾਲਸਾ ਆਪਣੀ ਸਮੂਹਿਕ ਨਿਰਣੈ ਦੀ ਪਕਿਆਈ ਰਾਏ ਦੇ ਹੁਕਮ ਦਾ ਆਪ ਮੁਹਰੀ ਬਣ, ਆਪਣੇ ਬਣਾਏ ਕੈਬਨਿਟ ਮੰਤਰੀਆਂ ਰਾਹੀਂ ਲਾਗੂ ਕਰਵਾਏ, ਨਾ ਕਿ ਧੜੇਬਾਜ਼ ਲੀਡਰਾਂ ਦਾ ਪਿਛਲੱਗ ਬਣੇ।
ਜਾਂ ਮੁੜ ਮੁੜ ‘ਜੱਥੇਦਾਰਾਂ’ ਦੇ "ਗੁਰੂ ਪੰਥ ਖ਼ਾਲਸਾ ਦੀ ਗੁਰਿਆਈ” ਦੇ ਦੁਸ਼ਮਣ ਅਤੇ ਸਮਾਨਾਂਤਰ ਅਮਲ ਨੂੰ ਦੁਹਰਾਏ। ਇੰਜ ਮੁਮਕਿਨ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਨਾਨਕ ਨਾਮ ਲੇਵਾ ਸਿੱਖ ਸੰਸਾਰ ਭਰ ਵਿਚ 20 ਅਕਤੂਬਰ ਦੇ ਦਿਹਾੜੇ ਨੂੰ; ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ਪੰਨਾ 5904 ਜਿਲਦ ਚੌਦ੍ਹਵੀਂ ਅਨੁਸਾਰ ‘ਗੁਰੂ ਖ਼ਾਲਸਾ ਖਾਲਸਾ ਗੁਰੂ ॥ ਅਬਿ ਤੇ ਹੋਇ ਐਸੀ ਬਿਧਿ ਸ਼ੁਰੂ ॥ ਅਪਨੀ ਜੋਤਿ ਖਾਲਸੇ ਬਿਖੈ ॥ ਹਮ ਨੇ ਧਰੀ ਸਕਲ ਜਗ ਪਿਖੈ ॥20॥’ "ਗੁਰੂ ਗ੍ਰੰਥ ਗੁਰੂ ਪੰਥ” ਰੂਪੀ ਆਪਣਾ ਗੁਰਿਆਈ ਦਿਹਾੜਾ ਖ਼ੁਦ, ਹਰ ਨਗਰ ਵਿਚ ਹਰ ਗੁਰਦੁਆਰੇ ਵਿਚ ਮਨਾਵੇ। ਨਾਲ ਹੀ ਨਾਲ ਇਸ ਦੇ ਬਹੁ ਕੋਣੀ ਅਤੇ ਬਹੁਪੱਖੀ ਰਾਜਨੀਤਕ, ਸਿਆਸੀ ਸੱਤਾਧਾਰੀ ਬਣਨ, ਗੁਰਮਤਿ ਆਰਥਿਕਤਾ, ਸਮਾਜਦਾਰੀ, ਘਰਦਾਰੀ, ਵਿੱਦਿਅਕ ਅਤੇ ਬੌਧਿਕ ਹਰ ਪ੍ਰਕਾਰ ਦੀਆਂ ਲੋੜਾਂ ਦੀ ਪੂਰਤੀ ਕਾਰੀ ਹਕੀਕੀ ਵਿਵਸਥਾ ਨੂੰ ਅਪਣਾਉਣ ਦੇ ਅਮਲ ਵਿਚ ਪਵੇ। ਇਸ ਨਿਮਿਤ ਇਨ੍ਹਾਂ ਪੁਰਬਾਂ ਉੱਪਰ "ਗੁਰਮਤਿ ਅਤੇ ਗੁਰੂ ਕਾਲੀਨ 239 ਸਾਲਾਂ ਤੋਂ ਬਾਅਦ ਦੇ 7 ਸਾਲਾਂ ਵਿਚਲੇ ਵਿਰਸੇ” ਆਧਾਰਿਤ ਵਿਵੇਚਨਾਤਮਿਕ ਅਧਿਐਨ ਸੰਵਾਦ ਅਤੇ ਹੱਲ ਸਾਹਮਣੇ ਲਿਆਵੇ।  ਤਾਂ ਜੋ ਸੰਸਾਰ ਪੱਧਰੀ ਸਿੱਖ ਕੌਮ ਨੂੰ ਧੜਿਆਂ ਦੇ ਜੂਲ਼ੇ ਤੋਂ ਮੁਕਤ ਕਰਵਾ ਕੇ ਸੰਸਾਰ ਭਰ ਦੇ ਹਰ ਨਗਰ, ਹਰ ਗੁਰਦੁਆਰੇ ਦੇ ਪ੍ਰਤੀਨਿਧ ਇਕੱਠ ਦੇ "ਸਰਬੱਤ ਖ਼ਾਲਸਾ ਜੀ ਦੀ ਸਾਂਝੀ ਅਗਵਾਈ ਦੇ ਸਮੂਹਿਕ ਨਿਰਣੈ” ਵਿਚ ਲਿਆਂਦਾ ਜਾ ਸਕੇ।
ਦਾਸ ਸਮੁੱਚੀ ਕੌਮ ਨੂੰ ਸਨਮਾਨ ਸਹਿਤ ਸਨਿਮਰ ਬੇਨਤੀ ਕਰਦਾ ਹੈ ਕਿ ਫ਼ਾਲਤੂ ਦੇ ਜਜ਼ਬਾਤੀ ਪ੍ਰੋਗਰਾਮਾਂ ਅਤੇ ਅਖਾੜੇ ਬਾਜ਼ੀਆਂ ਵਿਚ ਕੌਮੀ ਸ਼ਕਤੀ, ਮਨੁੱਖੀ ਧੰਨ, ਦੌਲਤ, ਸਮਾਂ, ਮੌਕਾ ਅਤੇ ਸਾਧਨ ਜਾਇਆ ਕਰਨ ਦੀ ਥਾਂ ਆਓ ਕੌਮੀ ਭਵਿੱਖ ਮੁਖੀ ਨਿਰਮਾਣ ਕਾਰੀ ਸ਼ਾਹ ਰਾਹ ਤੇ ਤੁਰਨਾ ਆਰੰਭ ਕਰੀਏ। ਇਸ ਹਿਤ "ਗੁਰੂ ਗ੍ਰੰਥ ਗੁਰੂ ਪੰਥ” ਗੁਰੂ ਦੀ ਸਾਂਝੀ ਗੁਰਿਆਈ ਦੇ ਉਪਰੋਕਤ ਗੁਰੂ ਵਰੋਸਾਏ ਸੰਕਲਪ ਅਤੇ ਸਿਧਾਂਤ ਨੂੰ ਮੁੜ ਜਿਉਂਦਾ ਕਰ ਸਿੱਖ ਕੌਮ ਨੂੰ ਅਪਣਾਉਣ ਲਈ ਪ੍ਰੇਰਨ ਵਾਸਤੇ, ਇਹ ਗੁਰਪੁਰਬ ਮਨਾਉਣ ਦੀ ਸੰਗਤਾਂ ਦੇ ਸਹਿਯੋਗ ਨਾਲ ਪਹਿਲ ਕਰੀਏ। "ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਗੁਰੂ ਪੰਥ ਖ਼ਾਲਸਾ ਜੀ ਦੀ ਜੁਗਤ ਦੀ ਗੁਰਿਆਈ ਦਾ ਗੁਰਪੁਰਬ”  ਗੁਰੂ ਗ੍ਰੰਥ ਗੁਰੂ ਪੰਥ ਦੀ ਸਾਂਝੀ ਅਗਵਾਈ ਦੇ ਦਿਹਾੜੇ 20 ਅਕਤੂਬਰ 2015 ਤੋਂ ਮਨਾਉਣ ਆਰੰਭ ਕਰੀਏ। ਵਰਤਮਾਨ ਦਰਪੇਸ਼ ਚੁਨੌਤੀ ਨੂੰ ਵੀ ਇੰਜ ਹੀ ਸਹੀ ਢੰਗ ਅਤੇ ਤਰੀਕਾ ਕਾਰ ਨਾਲ ਬੋਚਦੇ ਹੋਏ ਜਥੇਦਾਰਾਂ, ਸਿੰਘ ਸਾਹਿਬਾਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਤਾਧਾਰੀ ਧਿਰ ਅਤੇ ਬਾਕੀ ਦੇ ਹੋਰ ‘ਪੰਥਕ ਅਖਵਾਉਂਦੇ’ ਧੜਿਆਂ ਦੀ ‘ਮਨਮਤ’ ਅਤੇ "ਗੁਰੂ ਪੰਥ ਖ਼ਾਲਸਾ ਦੀ ਗੁਰਿਆਈ ਨੂੰ ਦਿੱਤੀ ਜਾ ਰਹੀ ਅਸਲ ਚੁਨੌਤੀ” ਨੂੰ ਖ਼ਤਮ ਕਰਦੇ ਹੋਏ, "ਗੁਰੂ ਪੰਥ ਖ਼ਾਲਸਾ ਦੀ ਸੰਸਦ ‘ਸਮੂਹਿਕ ਖ਼ਾਲਸਾ ਨਿਰਣੈ’ ਦੀ ਅਗਵਾਈ” ਦਾ ਮੁੱਢ ਬੰਨ੍ਹਣ ਦਾ ਆਰੰਭ ਕਰੀਏ। ਇਹ ਗੁਣ ਆਧਾਰਤ ਮੁਹਾਰਤੀ ਸੱਤਾ ਸ੍ਰੋਤ ਦੀ ਲੋਕਤੰਤਰੀ ਸੰਸਦੀ ਪ੍ਰਣਾਲੀ "ਸੰਸਾਰ ਭਰ ਦੇ ਖ਼ਾਲਸੇ ਦਾ ਪ੍ਰਤੀਨਿਧ ਇਕੱਠ” ਵੱਲੋਂ ਗੁਰਮਤਿ ਆਧਾਰਤ ਲਏ ਜਾਂਦੇ ਫ਼ੈਸਲਿਆਂ ਦੇ ਵਿਚਾਰ ਧਾਰਕ ਵਿਸ਼ਲੇਸ਼ਣਾਤਮਿਕ ਹਾਂਦਰੂ "ਗੁਰਮਤਿਆਂ” ਰਾਹੀਂ ਹਰ ਫ਼ੀਲਡ ਦੀ ਮੁਹਾਰਤੀ ਨਾਨਕਸ਼ਾਹੀ ਖ਼ਾਲਸਤਾਈ "ਗੁਰੂ ਪੰਥ ਖ਼ਾਲਸਾ” ਦੀ ਅਗਵਾਈ ਦਾ ਮੁੱਢ ਬੰਨ੍ਹੀਏ।
ਜਿਸ ਸੰਦਰਭ ਵਿਚ ਸਰਬੱਤ ਖ਼ਾਲਸਿਆ ਦੀ ਗੱਲ ਕੀਤੀ ਅਤੇ ਤੋਰੀ ਜਾ ਰਹੀ ਹੈ ਉਹ ਮੁੜ ਮੁੜ ਗ਼ਲਤ ਨਿਜ਼ਾਮ ਅਧੀਨ ਹੀ ਗ਼ਲਤ ਫ਼ੈਸਲੇ ਕਰਨ ਦੀ "ਗੁਰੂ ਪੰਥ ਖ਼ਾਲਸਾ ਦੀ ਗੁਰਿਆਈ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਅਧਿਕਾਰ ਖੇਤਰ ਅਤੇ ਪ੍ਰਭੂ ਸਤਾ” ਵਿਚ ਡਾਕਾ ਮਾਰਨ ਦੀ ਹੀ ਪਿਰਤ ਨੂੰ ਜਜ਼ਬਾਤਾਂ ਦੀ ਸੁਨਾਮੀ ਵਿਚ ਮੁਕਾ ਦੇਣ ਦੀ ਹੀ ਕਾਰਵਾਈ ਹੈ; ਇਸ ਤੋਂ ਬਚਣ ਦੀ ਅਪੀਲ ਕਰਦਾ ਹਾਂ।
ਸਤਿਕਾਰ ਨਾਲ
ਅਤਿੰਦਰ ਪਾਲ ਸਿੰਘ ਸਾਬਕਾ ਐੱਮ.ਪੀ.
ਇਸ ਨਾਲ ਜੇ ਸਹਿਮਤੀ ਹੈ ਤਾਂ ਵੱਧ ਤੋਂ ਵੱਧ ਸਿੱਖ ਸਮਾਜ ਤਕ ਪਹੁੰਚਾਣ ਲਈ ਸ਼ੇਅਰ ਕਰਨ ਦੀ ਕਿਰਪਾ ਕਰੋ।

No comments:

Post a Comment