Sunday, October 25, 2015

ਬਰਗਾੜ੍ਹੀ ਦਾ ਪੰਥਕ ਇਕੱਠ, ਮੱਤੇ, ਅਤੇ ਮਾਯੂਸੀ, ਗਜਿੰਦਰ ਸਿੰਘ । ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ

ਬਰਗਾੜ੍ਹੀ ਦਾ ਪੰਥਕ ਇਕੱਠ, ਮੱਤੇ, ਅਤੇ ਮਾਯੂਸੀ, ਗਜਿੰਦਰ ਸਿੰਘ । 
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ
ਬਰਗਾੜ੍ਹੀ ਦਾ ਪੰਥਕ ਇਕੱਠ, ਮੱਤੇ, ਅਤੇ ਮਾਯੂਸੀ, ਗਜਿੰਦਰ ਸਿੰਘ । 
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ
ਬਰਗਾੜ੍ਹੀ ਦਾ ਪੰਥਕ ਇਕੱਠ, ਮੱਤੇ, ਅਤੇ ਮਾਯੂਸੀ, ਗਜਿੰਦਰ ਸਿੰਘ । 
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ

ਬਰਗਾੜ੍ਹੀ ਦਾ ਪੰਥਕ ਇਕੱਠ, ਮੱਤੇ, ਅਤੇ ਮਾਯੂਸੀ । ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ
ਅੱਜ ਬਰਗਾੜ੍ਹੀ ਪਿੰਡ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਹੋਏ ਪੰਥਕ ਇਕੱਠ ਦੀਆਂ ਤਸਵੀਰਾਂ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਸੀ । ਇਕੱਠ ਦੀ ਹਾਜ਼ਰੀ ਤਬਦੀਲੀ ਦਾ ਸੁਨੇਹਾ ਦੇ ਰਹੀ ਸੀ । ਉਡੀਕ ਸੀ ਕਿ ਇਕੱਤਰ ਹੋਈ ਲੀਡਰਸ਼ਿੱਪ ਕੀ ਫੈਸਲੇ ਕਰਦੀ ਹੈ, ਅਤੇ ਆਣ ਵਾਲੇ ਵਕਤ ਲਈ ਕੌਮ ਨੂੰ ਕੀ ਪ੍ਰੋਗਰਾਮ ਦਿੰਦੀ ਹੈ । ਸ਼ਾਮ ਪਏ ਉਡੀਕ ਖਤਮ ਹੋਈ, ਪਾਸ ਕੀਤੇ ਗਏ ਮੱਤੇ ਪੜ੍ਹਨ ਨੂੰ ਮਿਲੇ, ਖਾਲਸਾ ਜੀ ਸੱਚ ਕਹਾਂ, ਪੜ੍ਹ ਕੇ ਮਾਯੂਸੀ ਹੋਈ ਹੈ । ਇਹੋ ਜਿਹੇ ਇੱਤਹਾਸਕ ਇਕੱਠ, ਇਹੋ ਜਿਹੇ ਸਾਧਾਰਣ ਮਤਿਆਂ ਲਈ ਨਹੀਂ ਹੁੰਦੇ । ਅੱਜ ਦੇ ਮੱਤੇ ਪੰਥ ਦੇ ਸੁਨਹਿਰੀ ਭਵਿੱਖ ਨੂੰ ਸਿਰਜਣ ਵਾਲੇ ਹੋਣੇ ਚਾਹੀਦੇ ਸਨ ।

ਪਹਿਲਾ ਮੱਤਾ ਕਿ ੩੦ ਅਕਤੂਬਰ ਨੂੰ ਸਾਰੀ ਲੀਡਰਸ਼ਿੱਪ ਪੰਜਾਬ ਦੇ ਮੁੱਖ ਮੰਤਰੀ ਨੂੰ "ਆਪਣਾ ਖੁਨ ਪੇਸ਼ ਕਰਨ ਜਾਵੇਗੀ", ਕਿਓਂ ਕਿ ਇਕੱਠ ਨੇ ਮੁੱਖ ਮੰਤਰੀ 'ਖੁਨ ਪੀਣਾ' ਐਲਾਨਿਆਂ ਹੈ । ਇਸ ਮੱਤੇ ਦਾ ਕੋਈ ਸਿਆਸੀ ਅਰਥ ਨਹੀਂ ਹੈ । ਤੁਸੀਂ ੩੦ ਅਕਤੂਬਰ ਦੇ ਮੁਜ਼ਾਹਰੇ ਦਾ ਐਲਾਨ ਕਰੋ, ਉਸ ਦੇ ਘਰ ਦੇ ਘੇਰਾਓ ਕਰਨ ਦੀ ਗੱਲ ਕਰੋ, ਕੁੱਝ ਸਮਝ ਵੀ ਪਵੇ । ਖੁਨ ਦੇਣਾ ਹੈ, ਤਾਂ ਕਿਸੇ ਗਰੀਬ ਤੇ ਜ਼ਰੂਰਤ ਮੰਦ ਮਰੀਜ਼ ਨੂੰ ਦਿਓ । ਇਹ ਕਦਮ, ਇੱਕ ਸੁਲਝਿਆ ਹੋਇਆ ਸਿਆਸੀ ਕਦਮ ਨਾ ਹੋ ਕੇ ਇੱਕ 'ਜਜ਼ਬਾਤੀ ਡਰਾਮਾ' ਲੱਗੇ ਗਾ ।

ਦੂਜਾ ਮੱਤਾ, ੨੭ ਅਕਤੂਬਰ ਨੂੰ ਦੁਨੀਆਂ ਭਰ ਵਿੱਚ ਸਿੱਖ ਸੰਗਤਾਂ ਆਖੰਡ ਪਾਠ ਰੱਖਣ, ਅਤੇ ੨੯ ਨੂੰ ਭੋਗ ਪਾਉਣ । ਇਸ ਮੱਤੇ ਵਿੱਚ ਵੀ ਕੁੱਝ ਖਾਸ ਨਹੀਂ ਹੈ, ਪਰ ਚਲੋ ਇਸੇ ਬਹਾਨੇ ਸ਼ਹੀਦ ਸਿੰਘਾਂ ਨੂੰ ਯਾਦ ਕਰ ਲਿਆ ਜਾਵੇਗਾ, ਤੇ ਗੱਲ ਤੁਰੀ ਰਹੇਗੀ ।

ਮੱਤਾ ਤੀਜਾ, ੧੫ ਨਵੰਬਰ ਨੂੰ ਹਰ ਪਿੰਡ, ਸ਼ਹਿਰ ਦੀ ਸੜ੍ਹਕ ਤੇ ਕਾਲੀਆਂ ਝੰਡੀਆਂ ਫੜ੍ਹ ਕੇ ਬੈਠਿਆ ਜਾਵੇ । ਜੋ ਹੋ ਰਿਹਾ ਹੈ, ਉਸ ਤੋਂ ਕੁੱਝ ਅੱਗੇ ਦੀ ਗੱਲ ਕਰਨੀ ਬਣਦੀ ਸੀ, ਇਹ ਤਾਂ ਪਿੱਛੇ ਹੱਟਣ ਵਾਂਗ ਲੱਗਦਾ ਹੈ ।

ਚੋਥਾ ਮੱਤਾ, ਇਸ ਵਾਰ ਸੰਗਤਾਂ 'ਦਿਵਾਲੀ' ਨੂੰ ਕਾਲੀ ਦਿਵਾਲੀ ਵਜੋਂ ਮਨਾਉਣ । ਠੀਕ ਹੈ, ਪਰ ………। ਬੰਦੀ ਛੋੜ੍ਹ ਦਿਵਸ ਹੈ, ਇਸ ਨੂੰ ਸੋਗ਼ਮਈ ਕਾਲਾ ਰੱਖਣ ਦੀ ਬਜਾਏ, ਖਾਲਸਈ ਰੰਗ ਦਿੰਦੇ ਤਾਂ ਕਿਤੇ ਚੰਗਾ ਹੁੰਦਾ ।

ਪੰਜਵਾਂ ਮੱਤਾ, ਮੁੱਖ ਮੰਤਰੀ ਤੋਂ ਸਪਸ਼ਟੀ ਕਰਨ ਮੰਗਿਆ ਗਿਆ ਹੈ ਕਿ ਬਾਹਰਲੇ ਸੂਬਿਆਂ ਵਿੱਚ ਬੈਠੇ ਰਾਜਸੀ ਕੈਦੀਆਂ ਦੀ ਰਿਹਾਈ ਹੋ ਗਈ ਹੈ, ਤਾਂ ਪੰਜਾਬ ਵਿਚਲੇ ਕੈਦੀਆਂ ਦੀ ਕਿਓਂ ਨਹੀਂ? ਇਸ ਵਿਸ਼ੇ ਉਤੇ ਬੜ੍ਹੇ ਸਵਾਲ ਤੇ ਜਵਾਬ ਪਹਿਲਾਂ ਹੋ ਚੁੱਕੇ ਹਨ, ਇਹ ਵੀ ਇੱਕ ਰੋਟੀਨ ਦਾ ਸਵਾਲ ਹੀ ਹੈ ।

ਛੇਵਾਂ ਮੱਤਾ, ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਫੜ੍ਹੇ ਗਏ ਬੇਗੁਨਾਹ ਸਿੰਘਾਂ, ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਨੂੰ ਰਿਹਾ ਕੀਤਾ ਜਾਵੇ । ਇਸ ਦੇ ਨਾਲ ਹੀ ਬਾਪੂ ਸੂਰਤ ਸਿੰਘ ਦੇ ਮਸਲੇ ਤੇ ਸਰਕਾਰ ਨੂੰ ਤਾੜ੍ਹਨਾ । ਇਹ ਮੱਤਾ ਬਿਲਕੁੱਲ ਸਹੀ ਹੈ, ਪਰ ਬਾਪੂ ਸੂਰਤ ਸਿੰਘ ਦਾ ਮਸਲਾ ਇੱਕ ਵੱਖਰੇ ਮੱਤੇ ਵਿੱਚ ਛੋਹਿਆ ਜਾਣਾ ਚਾਹੀਦਾ ਸੀ । ਸਹੀ ਹੈ, ਪਰ ਸਾਧਾਰਨ ਇਕੱਠਾਂ ਦਾ ਮੱਤਾ ਹੈ, ਇਹੋ ਜਿਹੇ ਇੱਤਹਾਸਕ ਇਕੱਠ ਤੋਂ ਲੋਕ ਕੁੱਝ ਹੋਰ, ਕੁੱਝ ਇਨਕਲਾਬੀ ਉਮੀਦ ਕਰਦੇ ਹੁੰਦੇ ਹਨ ।

ਸੱਤਵਾਂ ਮੱਤਾ, ਮੌਜੂਦਾ ਸ਼੍ਰੋਮਣੀ ਕਮੇਟੀ ਤੋਂ ਸਿੱਖਾਂ ਦਾ ਵਿਸਵਾਸ਼ ਉੱਠ ਗਿਆ ਹੈ, ਨਵੀਆਂ ਚੋਣਾਂ ਕਰਵਾਈਆਂ ਜਾਣ । ਮੱਤਾ ਠੀਕ ਹੈ, ਪਰ ਅਗਲੀ ਗੱਲ ਵੀ ਕਰਨੀ ਬਣਦੀ ਸੀ, ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬਾਦਲ ਦਾ ਸਾਥ ਛੱਡ ਕੇ ਪੰਥ ਅਤੇ ਪੰਜਾਬ ਦੇ ਹਿੱਤ ਵਿੱਚ ਖੜ੍ਹੋ ਜਾਣ ਦਾ ਸੱਦਾ ਵੀ ਦੇਣਾ ਚਾਹੀਦਾ ਸੀ ।

ਅੱਠਵੇਂ ਮੱਤੇ, ਵਿੱਚ 'ਪੰਥਕ' ਸਰਕਾਰ ਵੱਲੋਂ ਸਿੱਖਾਂ ਨਾਲ ਜ਼ਿਆਦਤੀਆਂ, ਥਾਣਿਆਂ ਵਿੱਚ ਬੀਬੀਆਂ ਦੀ ਪੱਤ ਰੋਲਣੀ, ਆਰਥਿੱਕ ਵਧੀਕੀਆਂ, ਕਿਸਾਨਾ ਦੇ ਮਸਲੇ ਤੇ ਗੱਲ ਕੀਤੀ ਗਈ ਹੈ । ਕੀ ਕਹਾਂ……….।

ਨੋਵਾਂ ਮੱਤਾ, ਬੁਰਜ ਜਵਾਹਰ ਸਿੰਘ ਵਾਲਾ ਵਿੱਚ ਹੋਈ ਗੁਰੁ ਮਹਾਰਾਜ ਦੀ ਬੇਅਦਬੀ ਦੇ ਅਸਲ ਮੁਜਿਰਮ ਫੜ੍ਹੇ ਜਾਣ, ਸਿੰਘਾਂ ਦੇ ਕਾਤਿਲ ਫੜ੍ਹੇ ਜਾਣ, ਅਤੇ ਜੇ ਪੰਦਰਾਂ ਨਵੰਬਰ ਤੱਕ ਵੀ ਇਹ ਨਾ ਫੜ੍ਹੇ ਗਏ, ਤਾਂ ੧੫ ਨਵੰਬਰ ਤੋਂ ਬਾਦ ਅਕਾਲੀ ਵਿਧਾਇਕਾਂ, ਤੇ ਲੀਡਰਾਂ ਦੇ ਘੇਰਾਓ ਕੀਤੇ ਜਾਣ ।

ਆਖਰੀ ਮੱਤਾ, ਸਾਰੇ ਮਤਿਆਂ ਦੇ ਸਿਰੇ ਦੀ ਗੱਲ ਹੈ, ਜਿਸ ਦਾ ਸੰਘਰਸ਼ ਲਈ ਕੋਈ ਅਰਥ ਨਿਕਲਦਾ ਹੈ । ਪਰ ਇਹ ਮੱਤਾ ਵੀ, ਸਿੰਘਾਂ ਨੂੰ ਜੋ ਕਰਨ ਲਈ ਕਹਿ ਰਿਹਾ ਹੈ, ਉਹ ਤਾਂ ਸਿੰਘ ਪਹਿਲਾਂ ਹੀ ਕਰ ਰਹੇ ਹਨ, ਨਵੀਂ ਗੱਲ ਕੀ ਹੈ? ਇਸ ਇਕੱਠ ਵਿੱਚ ਇਕੱਤਰ ਹੋਏ ਲੀਡਰਾਂ ਨੇ ਕੌਮ ਨੂੰ ਨਵਾਂ ਕੀ ਦਿੱਤਾ ਹੈ?

ਪਤਾ ਨਹੀਂ ਇਹ ਮੱਤੇ ਕਿਸ ਨੇ ਤਿਆਰ ਕੀਤੇ ਹੋਣ ਗੇ, ਪਰ ਨਾ ਤਾਂ ਇਹਨਾਂ ਵਿੱਚ ਕੋਈ ਡੂੰਘੇ ਵਿਚਾਰ ਵਾਲੀ ਗੱਲ ਹੈ, ਤੇ ਨਾ ਹੀ ਸੁਲਝੀ ਹੋਈ ਸ਼ਬਦਾਵਲੀ ਹੈ । ਇੱਕ ਐਸਾ ਕੌਮੀ ਸੰਘਰਸ਼, ਜਿਸ ਨੇ ਹਕੂਮੱਤ ਦੀਆਂ ਜੜ੍ਹਾਂ ਹਿਲਾ ਕੇ ਰੱਖੀਆਂ ਹੋਈਆਂ ਹਨ, ਉਸ ਦੇ ਸਿੱਖਰਲੇ ਇਕੱਠ ਦੇ ਮੱਤੇ ਕੌਮ ਦੇ ਸੁਲਝੇ ਹੋਏ ਵਿਦਵਾਨਾਂ ਦੀ ਕਿਸੇ ਟੀਮ ਵੱਲੋਂ ਵਧੀਆ ਤਰੀਕੇ ਨਾਲ ਤਿਆਰ ਤੇ ਡਰਾਫਟ ਕੀਤੇ ਹੋਏ ਹੋਣੇ ਚਾਹੀਦੇ ਸਨ । ਇਹਨਾਂ ਮਤਿਆਂ ਵਿੱਚੋਂ ਕੌਮ ਦੇ ਗਰਮ ਹੋਏ ਖੁਨ ਨੂੰ ਮੰਜ਼ਿਲ ਵੱਲ ਵੱਧਣ ਦਾ ਸਪਸ਼ਟ ਰਸਤਾ ਦਿੱਖਣਾ ਚਾਹੀਦਾ ਸੀ । ਪਰ ਇੰਝ ਨਹੀਂ ਹੋਇਆ । ਲੱਗਦਾ ਹੈ ਕਿਸੇ ਲੀਡਰ ਨੇ ਇਕੱਠ ਵਿੱਚ ਜਾਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ, ਭਵਿੱਖ ਲਈ ਕੁੱਝ ਸੋਚਿਆ ਵਿਚਾਰਿਆ ਹੋਇਆ ਨਹੀਂ ਸੀ । ਗਰਮ ਗਰਮ ਤਕਰੀਰਾਂ ਬਾਰੇ ਸੋਚਿਆ ਹੋਵੇਗਾ, ਤਕਰੀਰਾਂ ਹੋਈਆਂ ਹੋਣ ਗੀਆਂ, ਤੇ ਬਸ ………।

ਮੈਂ ਕਿਸੇ ਲੀਡਰ ਦੀ ਨੁਕਤਾਚੀਨੀ ਲਈ ਇਹ ਲਫਜ਼ ਨਹੀਂ ਲਿੱਖ ਰਿਹਾ, ਖਿਮਾਂ ਜਾਚਕ ਹੋਵਾਂਗਾ ਜੇ ਕਿਸੇ ਨੂੰ ਮੇਰੇ ਲਫਜ਼ ਤਕਲੀਫ ਪਹੁੰਚਾਣ ਦਾ ਕਾਰਨ ਬਣਨ, ਪਰ ਮੈਂ ਇਹ ਮੱਤੇ ਪੜ੍ਹ ਕੇ ਖੁੱਦ ਮਾਯੂਸ ਤੇ ਦੁੱਖੀ ਹੋਇਆ ਹਾਂ, ਤੇ ਆਪਣਾ ਦੁੱਖ ਸੱਭ ਨਾਲ ਸਾਂਝਾ ਕਰ ਰਿਹਾ ਹਾਂ ।
ਭੁੱਲ ਚੁੱਕ ਲਈ ਇੱਕ ਵਾਰ ਫਿਰ ਖਿਮਾਂ ਦਾ ਜਾਚਕ ਹਾਂ ਜੀ ।

ਗਜਿੰਦਰ ਸਿੰਘ, ਦਲ ਖਾਲਸਾ ।
25.10.2015

No comments:

Post a Comment