Monday, June 2, 2014
ਗੁਰਸਿੱਖੀ ਕਦਰਾਂ ਕੀਮਤਾਂ ਵਾਲਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ਼
ਗੁਰਸਿੱਖੀ ਕਦਰਾਂ ਕੀਮਤਾਂ ਵਾਲਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ਼
ਪਿਛਲੇ ਦਿਨੀ ਦਿਲ ਨੂੰ ਬਹੁਤ ਹੀ ਦੁੱਖ ਪਹੁੰਚਾਉਣ ਵਾਲੀ ਖ਼ਬਰ ਇੰਟਰਨੈੱਟ 'ਤੇ ਪੜ੍ਹਨ ਨੂੰ ਮਿਲੀ ਕਿ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਮਿਸੀਸਾਗਾ ਦੇ ਗੁਰਦੁਆਰੇ ਵਿੱਚ ਪ੍ਰਚਾਰ ਲਈ ਪਹੁੰਚੇ ਨਾਮਵਰ ਕਥਾਵਾਚਕ ਗਿਆਨੀ ਸ਼ਿਵਤੇਗ ਸਿੰਘ, ਬੀਬੀਆਂ ਦੇ ਇੱਕ ਢਾਢੀ ਜਥੇ ਦੀ ਮੁਖੀ ਬੀਬੀ ਨਾਲ ਇਤਰਾਜਯੋਗ ਹਾਲਤ ਵਿੱਚ ਫੜਿਆ ਗਿਆ। ਇਸ ਖ਼ਬਰ ਨੂੰ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਵਾਲੇ ਅਤੇ ਦਸਮ ਗ੍ਰੰਥ ਦੇ ਹੱਕ ਵਿੱਚ ਜ਼ਬਰਦਸਤ ਪ੍ਰਚਾਰ ਕਰਨ ਵਾਲੇ ਨਿਹੰਗ ਧਰਮ ਸਿੰਘ ਦੇ ਚੇਲੇ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਤੇ ਦਸਮ ਗ੍ਰੰਥ ਦੀ ਧੁਰ ਅੰਦਰੋਂ ਸਮਰਥਕ ਵੈੱਬਸਾਈਟ ਪੰਥਿਕ ਡਾਟ ਔਰਗ ਨੇ ਸਰਕੂਲੇਟ ਕੀਤਾ ਤੇ ਹਵਾ ਦਿੱਤੀ; ਗਿਆਨੀ ਸ਼ਿਵਤੇਗ ਸਿੰਘ ਨੂੰ ਗੁਰਬਖ਼ਸ਼ ਸਿੰਘ ਕਾਲ਼ੇ ਅਫਗਾਨੇ ਵਾਂਗ ਦਸਮ ਬਾਣੀ ਦਾ ਵਿਰੋਧੀ ਦੱਸ ਕੇ ਕਾਲੇ ਅਫਗਾਨੇ 'ਤੇ ਵੀ ਵਿਭਚਾਰ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਲੱਗੇ ਦੋਸ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਮਿਸ਼ਨਰੀ ਪ੍ਰਭਾਵ ਵਾਲੇ ਲੇਖਕ ਇਸ ਖ਼ਬਰ ਨੂੰ ਸਰਾ ਸਰ ਝੂਠ ਦਾ ਪੁਲੰਦਾ ਦੱਸ ਰਹੇ ਹਨ; ਇਸ ਤੋਂ ਇਹ ਸਮਝ ਵਿੱਚ ਆਇਆ ਕਿ ਇਹ ਖ਼ਬਰ ਸੱਚਾਈ ਤੋਂ ਦੂਰ ਹੈ।
ਇਸ ਸਬੰਧੀ ਮੈਂ ਕੁਝ ਲਿਖਣਾ ਚਾਹੁੰਦਾ ਸੀ ਪਰ ਪੂਰੇ ਤੱਥ ਪ੍ਰਾਪਤ ਹੋਣ ਤੱਕ ਲਿਖਣ ਤੋਂ ਅਸਮਰਥ ਰਿਹਾ। ਜਦ ਪਤਾ ਲੱਗਾ ਕਿ ਸੰਬੰਧਤ ਢਾਢੀ ਬੀਬੀ ਅਮਨਦੀਪ ਕੌਰ ਵਾਪਸ ਭਾਰਤ ਪਰਤ ਆਈ ਹੈ ਤਾਂ ਕਿਸੇ ਤਰ੍ਹਾਂ ਉਨ੍ਹਾਂ ਦਾ ਫੋਨ ਨੰਬਰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਦੋਸ਼ 'ਚ ਜਰਾ ਜਿੰਨੀ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲਿਆਂ ਕੋਲ ਕਥਿਤ ਇਤਰਾਜਯੋਗ ਹਾਲਤ ਦੇ ਕੋਈ ਵੀ ਸਬੂਤ ਨਹੀਂ ਹਨ (ਸਬੂਤ ਤਾਂ ਹੋਣ ਜੇ ਦੋਸ਼ਾਂ ਵਿੱਚ ਕੋਈ ਸਚਾਈ ਹੋਵੇ), ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਉਹ ਖ਼ੁਦ ਆਪਣਾ ਮੈਡੀਕਲ ਕਰਵਾਉਣ ਲਈ ਵੀ ਤਿਆਰ ਹੈ। ਪਰ ਬਿਨਾਂ ਹੀ ਕਿਸੇ ਸਬੂਤਾਂ ਦੇ ਇਸ ਤਰ੍ਹਾਂ ਦੇ ਆਚਰਣ 'ਤੇ ਧੱਬਾ ਲਾਉਣ ਵਾਲੇ ਦੋਸ਼ਾਂ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਹੀ ਦੁੱਖ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਪੜਤਾਲ ਕਰਕੇ ਸਾਡੇ ਦੋ ਜਥਿਆਂ ਦਾ ਆਪਸੀ ਝਗੜਾ ਦੱਸ ਕੇ ਮੈਨੂੰ ਅਤੇ ਭਾਈ ਸ਼ਿਵਤੇਗ ਸਿੰਘ ਨੂੰ ਨਿਰਦੋਸ਼ ਮੰਨ ਕੇ ਕਲੀਨ ਚਿੱਟ ਦਿੱਤੀ ਹੋਈ ਹੈ, ਪਰ ਫਿਰ ਵੀ ਜੇ ਕਿਸੇ ਨੂੰ ਸਾਡੇ 'ਤੇ ਸ਼ੱਕ ਹੋਵੇ ਤਾਂ ਦੇਸ਼ ਵਿਦੇਸ਼ ਦੇ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਡਿਕਸੀ ਰੋਡ ਮਿਸੀਗਾਸਾ ਗੁਰਦੁਆਰੇ 'ਚ ਵਾਪਰੀ ਇਸ ਘਿਨਾਉਣੀ ਕਾਰਵਾਈ ਦੀ ਆਪਣੇ ਪੱਧਰ 'ਤੇ ਪੜਤਾਲ ਕਰਕੇ ਝੂਠੀਆਂ ਤੂਹਮਤਾਂ ਲਾਉਣ ਵਾਲਿਆਂ ਦਾ ਪਰਦਾਫਾਸ਼ ਕਰਨ ਅਤੇ ਸੱਚ ਦੇ ਨਾਲ ਖੜ੍ਹਨ।
ਇਹ ਪੁੱਛੇ ਜਾਣ 'ਤੇ ਕਿ ਆਖ਼ਰ ਇਹ ਝੂਠੇ ਦੋਸ਼ ਲਾਉਣ ਵਾਲਿਆਂ ਦਾ ਮਨੋਰਥ ਕੀ ਹੈ ਤੇ ਤੁਹਾਡੇ ਸੱਚੇ ਹੋਣ ਦੇ ਸਬੂਤ ਕੀ ਹਨ; ਦੇ ਜਵਾਬ ਵਿੱਚ ਬੀਬੀ ਅਮਨਦੀਪ ਕੌਰ ਨੇ ਕਿਹਾ ਬੇਸ਼ੱਕ ਸਿੱਧੇ ਰੂਪ ਵਿੱਚ ਦੋਸ਼ੀ ਤਾਂ ਉਸੇ ਗੁਰਦੁਆਰਾ ਸਾਹਿਬ ਵਿੱਚ ਪੰਜਾਬ ਤੋਂ ਪਹੁੰਚੇ ਰਾਗੀ ਜਥੇ ਦਾ ਤਬਲਾ ਵਾਦਕ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਹੀ ਜਾਪਦੇ ਹਨ, ਪਰ ਇਨ੍ਹਾਂ ਦੇ ਪਿੱਛੇ ਹੋਰ ਬਹੁਤ ਵੱਡੇ ਗਰੁੱਪ ਦਾ ਹੱਥ ਹੋ ਸਕਦਾ ਹੈ। ਇਸ ਗਰੁੱਪ ਦੀ ਜਾਣਕਾਰੀ ਦੇਣ ਸਬੰਧੀ ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਅਸਲੀ ਸੱਚਾਈ ਤਾਂ ਪੂਰੀ ਪੜਤਾਲ ਕਰਨ 'ਤੇ ਹੀ ਸਾਹਮਣੇ ਆ ਸਕਦੀ ਹੈ, ਪਰ ਹੋ ਸਕਦਾ ਹੈ ਕਿ ਇਸ ਪਿੱਛੇ ਡੇਰਾਵਾਦੀ ਸੋਚ ਵਾਲੇ ਪ੍ਰਚਾਰਕਾਂ ਤੇ ਮਿਸ਼ਨਰੀ ਪ੍ਰਚਾਰਕਾਂ ਦਾ ਵੀਚਾਰਧਾਰਕ ਵਿਰੋਧ ਅਤੇ ਗੁਰਦੁਆਰੇ ਦੀ ਪ੍ਰਧਾਨਗੀ ਹਥਿਆਉਣ ਲਈ ਪ੍ਰਬੰਧਕਾਂ ਵਿੱਚ ਚੱਲ ਰਹੀ ਕਸ਼ਮਕਸ਼ ਇਸ ਲਈ ਜਿੰਮੇਵਾਰ ਹੋਵੇ। ਉਨ੍ਹਾਂ ਦੱਸਿਆ ਕਿ ਡੇਰਾਵਾਦੀ ਲੋਕ ਗਿਆਨੀ ਸ਼ਿਵਤੇਗ ਸਿੰਘ ਦੇ ਨਿਰੋਲ ਗੁਰਬਾਣੀ ਅਧਾਰਤ ਪ੍ਰਚਾਰ ਤੋਂ ਕਾਫੀ ਔਖੇ ਚੱਲ ਰਹੇ ਸਨ ਅਤੇ ਦੂਸਰੇ ਪਾਸੇ ਗੁਰਦੁਆਰੇ ਦੇ ਕੁਝ ਪ੍ਰਬੰਧਕੀ ਮੈਂਬਰ ਗੁਰਦੁਆਰੇ ਦੇ ਪ੍ਰਧਾਨ ਅਵਤਾਰ ਸਿੰਘ ਪੂਨੀਆ ਤੋਂ ਇਸ ਗੱਲੋਂ ਨਰਾਜ਼ ਸਨ ਕਿ ਉਹ ਕਾਫੀ ਸਮੇਂ ਤੋਂ ਕੇਵਲ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਨੂੰ ਹੀ ਸਪੋਨਸਰ Sponsor ਕਰ ਰਿਹਾ ਹੈ। ਇਸ ਲਈ ਹੋ ਸਕਦਾ ਹੈ ਕਿ ਮਿਸ਼ਨਰੀ ਪ੍ਰਚਾਰਕਾਂ ਦਾ ਰਾਹ ਰੋਕਣ ਲਈ ਕਿਸੇ ਗਰੁੱਪ ਨੇ ਇਹ ਛੜਜੰਤਰ ਰਚਿਆ ਹੋਵੇ ਤੇ ਉਸ (ਅਮਨਦੀਪ ਕੌਰ) ਨੂੰ ਬਿਨਾਂ ਕਿਸੇ ਕਸੂਰ ਦੇ ਖਾਹ ਮਖਾਹ ਹੀ ਵਿੱਚ ਲਪੇਟ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਆਪਣੇ ਬਾਰੇ ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਦਮਦਮੀ ਟਕਸਾਲ ਨਾਲ ਜੁੜੇ ਪ੍ਰਵਾਰ ਵਿੱਚ ਹੋਣ ਕਰਕੇ ਗੁਰਸਿੱਖੀ ਕਦਰਾਂ ਕੀਮਤਾਂ ਵਾਲਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ਼ ਰਖਦੀ ਹੈ ਤੇ ਪਰ-ਪੁਰਸ਼ ਨਾਲ ਕਿਸੇ ਵੀ ਤਰ੍ਹਾਂ ਦੇ ਨਜ਼ਾਇਜ਼ ਸਬੰਧ ਰੱਖਣ ਸਬੰਧੀ ਸੋਚ ਵੀ ਨਹੀਂ ਸਕਦੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ ਪ੍ਰਚਾਰ ਲਈ ਪਹੁੰਚਿਆ ਸਾਡਾ ਬੀਬੀਆਂ ਦਾ ਢਾਢੀ ਜਥਾ, ਇੱਕ ਕੀਰਤਨੀ ਜਥਾ ਜਿਸ ਦੇ ਨਾਲ ਰਣਜੀਤ ਸਿੰਘ ਤਬਲਾ ਬਜਾਉਂਦੇ ਹਨ, ਕਥਾਵਾਚਕ ਗਿਆਨੀ ਸ਼ਿਵਤੇਗ ਸਿੰਘ ਅਤੇ ਇੱਕ ਸੇਵਾਦਾਰ ਗੁਰਦੁਆਰੇ ਨਾਲ ਲਗਦੇ ਇਕ ਘਰ ਵਿੱਚ ਸਾਰੇ ਇਕੱਠ ਰਹਿੰਦੇ ਸੀ ਜਿਨ੍ਹਾਂ ਦਾ ਪ੍ਰਸ਼ਾਦਾ ਪਾਣੀ ਬਣਾਉਣ ਦੀ ਜਿੰਮੇਵਾਰੀ ਬੀਬੀਆਂ ਹੋਣ ਕਰਕੇ ਸਾਡੇ ਹੀ ਜਥੇ ਦੀ ਸੀ।
ਅਮਨਦੀਪ ਕੌਰ ਨੇ ਹੋਰ ਦੱਸਿਆ ਕਿ ਘਰ ਵਿੱਚ ਗੁਰਸਿੱਖੀ ਮਹੌਲ ਹੋਣ ਕਰਕੇ ਮਾਤਾ ਪਿਤਾ ਤੋਂ ਉਸ ਨੂੰ ਇਹੀ ਸਿੱਖਿਆ ਮਿਲੀ ਹੈ ਕਿ ਗੁਰੂ ਘਰ ਦੇ ਕੀਰਤਨੀਆਂ ਤੇ ਕਥਾਵਾਚਕਾਂ ਦਾ ਸਤਿਕਾਰ ਤੇ ਸੇਵਾ ਕਰਨੀ ਹੈ। ਇਸ ਸਿਖਿਆ ਅਧੀਨ ਹੀ ਉਹ ਸਿਰਫ ਗਿਆਨੀ ਸ਼ਿਵਤੇਗ ਸਿੰਘ ਹੀ ਨਹੀਂ ਬਲਕਿ ਇਨ੍ਹਾਂ ਤੋਂ ਪਹਿਲਾਂ ਉਥੇ ਪਹੁੰਚੇ ਮਿਸ਼ਨਰੀ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਅਤੇ ਕੀਰਤਨੀ ਜਥੇ ਦੇ ਬਾਕੀ ਮੈਂਬਰਾਂ ਲਈ ਪ੍ਰਸ਼ਾਦਾ ਬਨਾਉਣ ਅਤੇ ਵਰਤਾਉਣ ਦੀ ਸੇਵਾ ਕਰਦੀ ਰਹੀ ਹੈ। ਲੋੜ ਪੈਣ 'ਤੇ ਭਾਈ ਅਮਰੀਕ ਸਿੰਘ ਅਤੇ ਗਿਆਨੀ ਸ਼ਿਵਤੇਗ ਸਿੰਘ ਪਾਸ ਬੈਠ ਕੇ ਇਤਿਹਾਸ ਸਬੰਧੀ ਵੀ ਕੁਝ ਜਾਣਕਾਰੀ ਸਾਂਝੀ ਕਰ ਲੈਂਦੀ ਸੀ। ਉਨ੍ਹਾਂ ਪੁੱਛਿਆ ਕਿ ਅੰਮ੍ਰਿਧਾਰੀ ਗੁਰਸਿੱਖਾਂ ਦਾ ਆਪਸੀ ਭੈਣ ਭਰਾਵਾਂ ਦਾ ਰਿਸ਼ਤਾ ਹੁੰਦਾ ਹੈ, ਪਰ ਗਿਆਨੀ ਸ਼ਿਵਤੇਗ ਸਿੰਘ ਤਾਂ ਰਿਸ਼ਤੇਦਾਰੀ ਵਿੱਚੋਂ ਉਸ ਦਾ ਭਰਾ ਹੀ ਲਗਦਾ ਹੈ ਤਾਂ ਕੀ ਆਪਣੇ ਭਰਾ ਕੋਲ ਬੈਠ ਕੇ ਇਤਿਹਾਸ ਜਾਂ ਗੁਰਮਤਿ ਸਬੰਧੀ ਵੀਚਾਰਾਂ ਸਾਂਝੀਆਂ ਕਰਨ ਵਾਲੀ ਭੈਣ 'ਤੇ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾਉਣੇ ਜ਼ਾਇਜ਼ ਹਨ?
ਗਿਆਨੀ ਸ਼ਿਵਤੇਗ ਸਿੰਘ ਨਾਲ ਰਿਸ਼ਤੇਦਾਰੀ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਕੀ ਭੈਣ ਉਸ (ਅਮਨਦੀਪ ਕੌਰ ਦੇ) ਮਾਮੇ ਦੇ ਪੁੱਤਰ ਨਾਲ ਵਿਆਹੀ ਹੋਣ ਕਰਕੇ ਰਿਸ਼ਤੇਦਾਰੀ ਵਿੱਚੋਂ ਉਸ ਦੇ ਭਰਾ ਲਗਦੇ ਹਨ। ਬੀਬੀ ਅਮਨਦੀਪ ਕੌਰ ਨੇ ਹੋਰ ਹੈਰਾਨੀਜਨਕ ਗੱਲ ਦੱਸੀ ਕਿ ਜਿਸ ਸਮੇਂ ਲੱਠਮਾਰਾਂ ਦੀਆਂ ੮-੧੦ ਗੱਡੀਆਂ ਭਰ ਕੇ ਭਾਈ ਸ਼ਿਵਤੇਗ ਸਿੰਘ ਦੀ ਭਾਲ ਵਿੱਚ ਗੁਰਦੁਆਰਾ ਸਾਹਿਬ ਪਹੁੰਚੀਆਂ ਤਾਂ ਉਸ ਭੀੜ ਵਿੱਚੋਂ ਕਿਸੇ ਨੇ ਬੀਬੀ ਜੀ ਨੂੰ ਇਹ ਲਾਲਚ ਦਿੱਤਾ ਕਿ ਤੁਸੀਂ ਸ਼ਿਵਤੇਗ ਸਿੰਘ 'ਤੇ ਲਾਏ ਗਏ ਦੋਸ਼ਾਂ 'ਤੇ ਡਟੇ ਰਹਿਣਾਂ। ਟਕਸਾਲ ਵੱਲੋਂ ਤੁਹਾਨੂੰ ਪੀ.ਆਰ. ਲਵਾ ਦਿੱਤੀ ਜਾਵੇਗੀ ਤੇ ਭਾਰਤ ਤੋਂ ਕੈਨੇਡਾ ਤੱਕ ਦੀ ਟਿਕਟ ਦਾ ਖਰਚਾ ਦੇ ਦਿੱਤਾ ਜਾਵੇਗਾ ਜਾਂ ਜਿੰਨੇ ਪੈਸੇ ਤੁਸੀਂ ਕਹੋ ਤੁਹਾਨੂੰ ਨਕਦ ਦੇ ਦਿੱਤੇ ਜਾਣਗੇ। ਟਕਸਾਲੀਆਂ ਵੱਲੋਂ ਬੀਬੀ ਜੀ ਨੂੰ ਦਿੱਤੇ ਗਏ ਇਸ ਲਾਲਚ ਤੋਂ ਸਾਬਤ ਹੁੰਦਾ ਹੈ ਕਿ ਭਾਈ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਨ ਲਈ ਵੱਡੇ ਪੱਧਰ 'ਤੇ ਸਾਜਿਸ਼ ਰਚੀ ਗਈ ਹੈ।
ਤਬਲਾ ਵਾਦਕ ਰਣਜੀਤ ਸਿੰਘ ਬਾਰੇ ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਅਖੰਡਪਾਠ ਦੀ ਰੌਲ਼ 'ਤੇ ਮੈਨੂੰ ਬੈਠੀ ਨੂੰ ਗਲਤ ਸ਼ਬਦ ਬੋਲੇ ਤੇ ਦੂਸਰੀ ਵਾਰ ਰਸੋਈ ਵਿੱਚ ਲੰਗਰ ਤਿਆਰ ਕਰਦੀ ਸਮੇਂ ਗਲਤ ਹਰਕਤ ਕੀਤੀ। ਪਹਿਲੀ ਘਟਨਾ ਸਮੇਂ ਤਾਂ ਉਹ ਰੌਲ਼ 'ਤੇ ਬੈਠੀ ਹੋਣ ਕਰਕੇ ਕੁਝ ਬੋਲ ਨਾ ਸਕੀ ਪਰ ਦੂਸਰੀ ਵਾਰ ਸਖਤ ਤਾੜਨਾ ਕੀਤੀ ਤਾਂ ਉਸ ਨੇ ਮੁਆਫੀ ਮੰਗ ਲਈ। ਉਸ ਦੇ ਮੁਆਫੀ ਮੰਗਣ 'ਤੇ ਉਸ (ਅਮਨਦੀਪ ਕੌਰ) ਨੇ ਵੀ ਗੱਲ ਦਿਲੋਂ ਭੁਲਾ ਦਿੱਤੀ। ਪਰ ਰਣਜੀਤ ਸਿੰਘ ਇੱਕ ਤਾਂ ਡੇਰੇ ਨਾਲ ਜੁੜਿਆ ਹੋਣ ਕਰਕੇ ਗਿਆਨੀ ਸ਼ਿਵਤੇਗ ਸਿੰਘ ਦਾ ਵੀਚਾਰਧਾਰਕ ਵਿਰੋਧੀ ਅਤੇ ਦੂਸਰਾ ਮੇਰੇ ਵੱਲੋਂ ਪਾਈ ਝਾੜ ਦਾ ਬਦਲਾ ਲੈਣ ਦੀ ਗਲਤ ਸੋਚ ਕਾਰਨ ਕਿਸੇ ਗਰੁੱਪ ਵੱਲੋਂ ਰਚੀ ਸਾਜਿਸ ਦਾ ਹਿੱਸਾ ਬਣਨ ਲਈ ਤਿਆਰ ਹੋ ਗਿਆ ਤੇ ਉਸ ਨੇ ਮੇਰੇ ਅਤੇ ਗਿਆਨੀ ਸ਼ਿਵਤੇਗ ਸਿੰਘ 'ਤੇ ਸਰਾਸਰ ਝੂਠਾ ਇਲਜ਼ਾਮ ਲਾ ਦਿੱਤਾ।
ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਸਮੁੱਚੇ ਘਟਨਾਕ੍ਰਮ ਦਾ ਵਿਸਥਾਰ ਸਹਿਤ ਪੱਤਰ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪ ਦਿੱਤਾ ਸੀ (ਕਾਪੀ ਨੱਥੀ ਹੈ) ਜਿਸ ਤੋਂ ਸੰਤੁਸ਼ਟ ਹੋ ਕੇ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿਤੀ, ਪਰ ਫਿਰ ਵੀ ਜੇ ਕਿਸੇ ਵੀ ਗੁਰੂ ਕੇ ਸਿੱਖ ਨੂੰ ਕਿਸੇ ਕਿਸਮ ਦਾ ਸ਼ੱਕ ਹੋਵੇ ਤਾਂ ਪੂਰੇ ਮਾਮਲੇ ਦੀ ਡੂੰਘਾਈ ਸਹਿਤ ਪੜਤਾਲ ਕਰਵਾ ਕੇ ਸੱਚ ਦੀ ਤਹਿ ਤੱਕ ਪਹੁੰਚਣ ਦਾ ਯਤਨ ਜਰੂਰ ਕਰੇ।
ਬੀਬੀ ਅਮਨਦੀਪ ਕੌਰ ਨਾਲ ਜਿਸ ਸਮੇਂ ਫੋਨ 'ਤੇ ਗੱਲਬਾਤ ਹੋ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਪਤੀ ਸ: ਗੁਰਜੀਤ ਸਿੰਘ ਵੀ ਉਨ੍ਹਾਂ ਕੋਲ ਬੈਠੇ ਹੋਣ ਕਰਕੇ ਬੀਬੀ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨਾਲ ਵੀ ਗੱਲ ਕਰਵਾਈ ਜਾਵੇ। ਜਦ ਗੁਰਜੀਤ ਸਿੰਘ ਨੂੰ ਪੁੱਛਿਆ ਕਿ ਕੀ ਤੁਹਾਨੂੰ ਆਪਣੀ ਪਤਨੀ ਵੱਲੋਂ ਦੱਸੀਆਂ ਜਾ ਰਹੀਆਂ ਗੱਲਾਂ ਅਤੇ ਉਸ ਦੇ ਉੱਚੇ ਸੁੱਚੇ ਆਚਰਣ 'ਤੇ ਪੂਰਾ ਵਿਸ਼ਵਾਸ਼ ਹੈ, ਕਿ ਉਹ ਕੋਈ ਵੀ ਗਲਤ ਹਰਕਤ ਨਹੀਂ ਕਰ ਸਕਦੀ ਤਾਂ ਉਨ੍ਹਾਂ ਪੂਰੀ ਦ੍ਰਿੜਤਾ ਨਾਲ ਇਸ ਦਾ ਹਾਂ ਵਿੱਚ ਜਵਾਬ ਦਿੰਦਿਆਂ ਕਿਹਾ ਮੈਂ ਪੂਰੇ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਆਪਣੀ ਪਤਨੀ ਦੇ ਆਚਰਣ 'ਤੇ ਉਨ੍ਹਾਂ ਨੂੰ ਕੋਈ ਵੀ ਸ਼ੰਕਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
* ਦੇਸ਼ ਵਿਦੇਸ਼ ਦੇ ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਜੇ ਕਿਸੇ ਸ਼ੱਕ ਹੈ ਤਾਂ ਉਹ ਡਿਕਸੀ ਰੋਡ ਮਿਸੀਗਾਸਾ ਗੁਰਦੁਆਰੇ 'ਚ ਵਾਪਰੀ ਇਸ ਘਿਨਾਉਣੀ ਕਾਰਵਾਈ ਦੀ ਆਪਣੇ ਪੱਧਰ 'ਤੇ ਪੜਤਾਲ ਕਰਕੇ, ਝੂਠੀਆਂ ਤੂਹਮਤਾਂ ਲਾਉਣ ਵਾਲਿਆਂ ਦਾ ਪਰਦਾਫਾਸ਼ ਕਰਨ ਅਤੇ ਸੱਚ ਦੇ ਨਾਲ ਖੜ੍ਹਨ: ਬੀਬੀ ਅਮਨਦੀਪ ਕੌਰ
: ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭
Subscribe to:
Post Comments (Atom)
No comments:
Post a Comment