ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਦੇ ਪ੍ਰਚਾਰ ਕਾਰਨ ਖੁਫੀਆ ਏਜੰਸੀਆਂ ਦੀ ਨੀਂਦ ਉਡ ਗਈ ਹੈ।
ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਦੇ ਪ੍ਰਚਾਰ ਕਾਰਨ ਖੁਫੀਆ ਏਜੰਸੀਆਂ ਦੀ ਨੀਂਦ ਉਡ ਗਈ ਹੈ।
ਆਪ੍ਰੇਸ਼ਨ ਬਲਿਊ ਸਟਾਰ ਦੀ 30ਵੀਂ ਬਰਸੀ 'ਤੇ ਖਾਲਿਸਤਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋਇਆ ਹੈ, ਉਸ ਕਾਰਨ ਖੁਫੀਆ ਏਜੰਸੀਆਂ ਦੀ ਨੀਂਦ ਉਡ ਗਈ ਹੈ। ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਵੱਖ-ਵੱਖ ਲੋਕਾਂ ਵਲੋਂ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਲਗਾ ਕੇ ਗਰਮ ਨਾਅਰੇ ਲਿਖੇ ਗਏ।
ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਵਲੋਂ ਖਾਲਿਸਤਾਨ ਅਤੇ ਭਿੰਡਰਾਂਵਾਲੇ ਨੂੰ ਲੈ ਕੇ ਇੰਟਰਨੈੱਟ 'ਤੇ ਪ੍ਰਚਾਰ ਕੀਤਾ ਜਾਂਦਾ ਸੀ ਪਰ ਹੁਣ ਤਾਂ ਦੇਸ਼ ਅਤੇ ਪੰਜਾਬ 'ਚ ਬੈਠੇ ਕਈ ਲੋਕਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ 'ਤੇ ਸੋਸ਼ਲ ਮੀਡੀਆ 'ਤੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਲਗਾ ਦਿੱਤੀਆਂ, ਜੋ ਕਿ ਇਕ ਅਤਿਅੰਤ ਗੰਭੀਰ ਮਾਮਲਾ ਹੈ। ਖੁਫੀਆ ਏਜੰਸੀਆਂ ਵਲੋਂ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਅਣਦੇਖੀ ਨਹੀਂ ਕੀਤੀ ਜਾ ਰਹੀ। ਕੇਂਦਰੀ ਖੁਫੀਆ ਬਿਊਰੋ ਵਲੋਂ ਵੀ ਇਸ ਸੰਬੰਧ 'ਚ ਪੰਜਾਬ ਦੇ ਸੰਦਰਭ 'ਚ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਜਾ ਸਕਦੀ ਹੈ।
ਸਭ ਤੋਂ ਖਤਰਨਾਕ ਪਹਿਲੂ ਇਹ ਰਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ 'ਤੇ ਪਾਕਿਸਤਾਨ 'ਚ ਟੈਲੀਵਿਜ਼ਨ ਚੈਨਲਾਂ 'ਤੇ ਆਪ੍ਰੇਸ਼ਨ ਬਲਿਊ ਸਟਾਰ ਨਾਲ ਸੰਬੰਧਤ ਤਸਵੀਰਾਂ ਅਤੇ ਫ਼ਿਲਮਾਂ ਦਿਖਾਈਆਂ ਗਈਆਂ।
ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਵਲੋਂ ਪਿਛਲੇ ਸਮੇਂ 'ਚ ਆਪਣੀ ਬੈਠਕ ਕਰ ਕੇ ਪੰਜਾਬ 'ਚ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ ਸੀ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਇਨ੍ਹਾਂ ਅੱਤਵਾਦੀਆਂ ਨੂੰ ਚੁੱਪ ਬੈਠਣ 'ਤੇ ਝਾੜ ਵੀ ਪਾਈ ਗਈ ਸੀ।
ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦੀਆਂ ਨਜ਼ਰਾਂ ਪਹਿਲਾਂ ਹੀ ਪਾਕਿਸਤਾਨ ਦੇ ਘਟਨਾਚੱਕਰ 'ਤੇ ਲੱਗੀਆਂ ਹੋਈਆਂ ਹਨ। 2 ਅੱਤਵਾਦੀਆਂ ਦਰਮਿਆਨ ਹੋਈਆਂ ਝੜਪਾਂ ਦਾ ਮਾਮਲਾ ਵੀ ਸੀਨੀਅਰ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਹੈ। ਪਤਾ ਲੱਗਾ ਹੈ ਕਿ ਪੰਜਾਬ ਦੇ ਆਲ੍ਹਾ ਪੁਲਸ ਅਤੇ ਖੁਫੀਆ ਵਿੰਗ ਦੇ ਅਧਿਕਾਰੀ ਵੀ ਸਾਰੇ ਘਟਨਾਚੱਕਰ 'ਤੇ ਨਜ਼ਰ ਟਿਕਾਈ ਬੈਠੇ ਹਨ। ਉਹ ਵੀ ਇਸ ਗੱਲ ਤੋਂ ਚਿੰਤਤ ਹਨ ਕਿ ਇੰਟਰਨੈੱਟ 'ਤੇ ਹੋ ਰਹੇ ਪ੍ਰਚਾਰ 'ਚ ਨੌਜਵਾਨ ਸ਼ਾਮਲ ਹਨ। ਇਸ ਉਮਰ ਵਰਗ 'ਚ ਉਹ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦਾ ਜਨਮ ਵੀ 1984 'ਚ ਨਹੀਂ ਹੋਇਆ ਸੀ। ਉਨ੍ਹਾਂ ਨੂੰ ਪੰਜਾਬ ਦੇ ਬੀਤੇ ਹਾਲਾਤਾਂ ਦੀ ਜਾਣਕਾਰੀ ਨਹੀਂ ਹੈ। ਉਹ ਸਿਰਫ ਇਹ ਜਾਣਦੇ ਹਨ ਕਿ ਆਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ, ਜਿਸ 'ਚ ਭਿੰਡਰਾਂਵਾਲਾ ਅਤੇ ਹੋਰ ਅੱਤਵਾਦੀਆਂ ਦੀ ਮੌਤ ਹੋ ਗਈ ਸੀ। ਇਸ ਉਮਰ ਵਰਗ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕਾਂ ਨੇ ਅੱਤਵਾਦ ਦੇ ਦੌਰ 'ਚ ਕਿੰਨਾ ਸੰਤਾਪ ਝੱਲਿਆ ਅਤੇ ਕਿੰਨੇ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਗਈਆਂ। ਉਹ ਸਿਰਫ ਵਿਦੇਸ਼ਾਂ ਤੋਂ ਇੰਟਰਨੈੱਟ 'ਤੇ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਰਹੇ ਹਨ।
No comments:
Post a Comment