Monday, June 2, 2014

ਕਸ਼ਿਸ਼ਦੀਪ ਸਿੰਘ ਨੇ ਬੜੇ ਹੀ ਭੋਲ਼ੇ ਸੁਭਾਉ ’ਚ ਕਿਹਾ ‘ਮੈਂ ਤਾਂ ਬੰਦਾ ਬਣੂਗਾ’।


ਕਸ਼ਿਸ਼ਦੀਪ ਸਿੰਘ ਨੇ ਬੜੇ ਹੀ ਭੋਲ਼ੇ ਸੁਭਾਉ ’ਚ ਕਿਹਾ ‘ਮੈਂ ਤਾਂ ਬੰਦਾ ਬਣੂਗਾ’।

    6 ਨਵੰਬਰ 2011 ਨੂੰ ਮੈਂ ਆਪਣੀ ਪਤਨੀ ਸਮੇਤ, ਆਪਣੀ ਬੇਟੀ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਘਰ ਜੈਤੋ ਵਿਖੇ ਗਿਆ। ਮੇਰਾ ਛੋਟਾ ਦੋਹਤਰਾ ਜਸਦੀਪ ਸਿੰਘ ਅਠਵੀਂ ਕਲਾਸ ਵਿੱਚ ਪੜ੍ਹਦਾ ਹੈ। ਅਕਾਲ ਪੁਰਖ਼ ਦੀ ਬਖ਼ਸ਼ਿਸ਼ ਸਦਕਾ ਉਹ ਕਾਫੀ ਤੇਜ ਦਿਮਾਗ਼ ਹੈ ਅਤੇ ਪੜ੍ਹਾਈ ਵਿੱਚ ਸਭ ਤੋਂ ਉਪਰਲੇ ਵਿਦਿਆਰਥੀਆਂ ਵਿੱਚ ਆਉਂਦਾ ਹੈ। ਅਕਸਰ ਉਹ ਆਪਣੀ ਜਿੰਦਗੀ ਦਾ ਟੀਚਾ ਡਾਕਟਰ ਬਣਨਾ ਦਸਦਾ ਹੈ। ਵੱਡਾ ਦੋਹਤਰਾ ਕਸ਼ਿਸ਼ਦੀਪ ਸਿੰਘ ਔਸਤਨ ਵਿਦਿਆਰਥੀ ਹੈ ਤੇ ਉਹ +2 ਵਿੱਚ ਪੜ੍ਹਦਾ ਹੈ। ਉਹ ਬੇਪ੍ਰਵਾਹ ਹੋਣ ਕਾਰਣ ਆਪਣੇ ਭਵਿੱਖ ਸਬੰਧੀ ਬਹੁਤੀ ਚਿੰਤਾ ਨਹੀਂ ਕਰਦਾ। ਜਿਸ ਤਰ੍ਹਾਂ ਆਮ ਘਰਾਂ ਵਿੱਚ ਹੁੰਦਾ ਹੈ, ਪੜ੍ਹਾਈ ਵਿੱਚ ਹੁਸ਼ਿਆਰ ਬੱਚੇ ਦੀ ਕਾਫ਼ੀ ਹੌਸਲਾ ਅਫ਼ਜਾਈ ਹੁੰਦੀ ਹੈ ਤੇ ਕਮਜੋਰ ਬੱਚੇ ਨੂੰ ਉਸ ਤੋਂ ਪ੍ਰੇਰਣਾ ਲੈਣ ਲਈ ਵਾਰ ਵਾਰ ਪ੍ਰੇਰਿਆ ਜਾਂਦਾ ਹੈ।
    ਠੀਕ ਇਸੇ ਤਰ੍ਹਾਂ ਮੇਰੀ ਬੇਟੀ ਨੇ ਆਪਣੇ ਛੋਟੇ ਪੁੱਤਰ ਦੀ ਸਿਫਤ ਕਰਦਿਆਂ ਕਿਹਾ ਕਿ ਜਸਦੀਪ ਤਾਂ ਡਾਕਟਰ ਬਣੇਗਾ। ਕਸ਼ਿਸ਼ ਨੂੰ ਪੁੱਛੋ ਇਹ ਕੀ ਬਣੇਗਾ? ਕਸ਼ਿਸ਼ਦੀਪ ਸਿੰਘ ਨੇ ਬੜੇ ਹੀ ਭੋਲ਼ੇ ਸੁਭਾਉ ’ਚ ਕਿਹਾ ‘ਮੈਂ ਤਾਂ ਬੰਦਾ ਬਣੂਗਾ’। ਉਸ ਦਾ ਇਹ ਜਵਾਬ ਸੁਣ ਕੇ ਮੇਰੀ ਬੇਟੀ ਉਸ ਦੇ ਸਿੱਧੇਪਣ ’ਤੇ ਹੱਸ ਪਈ ਪਰ ਮੈਂ ਉਸ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਅਸਲ ਵਿੱਚ ਇਸ ਮਨੁਖਾ ਦੇਹੀ ਦਾ ਸਭ ਤੋਂ ਵੱਡਾ ਉਦੇਸ਼ ਹੀ ‘ਬੰਦਾ’ ਬਣਨਾ ਹੈ। ਸਾਰੀ ਦੁਨੀਆਂ ਦੇ ਧਰਮ ਗ੍ਰੰਥ ਮਨੁੱਖ ਨੂੰ ‘ਬੰਦਾ’ ਬਣਨ ਦੀ ਹੀ ਪ੍ਰੇਰਣਾ ਦਿੰਦੇ ਹਨ। ਪਰ ਅਫ਼ਸੋਸ ਇਹ ਹੈ ਕਿ ਮਨੁਖਾ ਦੇਹੀ ਵਿੱਚ ਹੋਣ ਦੇ ਬਾਵਯੂਦ ਇਹ ਸਹੀ ਮਾਅਨਿਆਂ ਵਿੱਚ ‘ਬੰਦਾ’ ਨਹੀਂ ਬਣਦਾ। ਬੇਸ਼ੱਕ ਮਨੁੱਖਾ ਜਿੰਦਗੀ ਦੀ ਸਾਰੀ ਦੌੜ ਜੀਵਨ ਵਿੱਚ ਅਨੰਦ ਮਾਣਨ ਦੀ ਹੈ ਇਸੇ ਲਈ ਵੱਧ ਤੋਂ ਵੱਧ ਸੁੱਖ ਪ੍ਰਾਪਤ ਕਰਨ ਲਈ ਜਾਇਜ਼ ਨਜ਼ਾਇਜ਼ ਢੰਗਾਂ ਨਾਲ ਧਨ ਪਦਾਰਥ ਇਕੱਤਰ ਕਰਨ ਦੀ ਦੌੜ ਲੱਗੀ ਹੋਈ ਹੈ। ਪਰ ਬੇਅੰਤ ਧਨ ਪਦਾਰਥ ਇਕੱਤਰ ਕਰਨ ਦੇ ਬਾਵਯੂਦ, ਉਸ ਦੇ ਮਨ ਵਿਚ ਤ੍ਰਿਸ਼ਨਾ ਦੀ ਅੱਗ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਦੇ ਪੱਥਰ ਹੋਣ ਕਾਰਣ ਉਹ ਸਾਰੀ ਉਮਰ ਦੁੱਖ ਹੀ ਸਹਿੰਦਾ ਹੈ। ਅਜੇਹੇ ਮਨੁਖਾਂ ਦੀ ਅਸਲੀ ਤਸ਼ਵੀਰ ਪੇਸ਼ ਕਰਕੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਪਸ਼ੂਆਂ ਦੀ ਹੀ ਉਪਾਧੀ ਦਿੱਤੀ ਹੈ। ਗੁਰਬਾਣੀ ਅਨੁਸਾਰ ਉਸ ਦੀ ਹਾਲਤ ਹੈ:-
    ‘ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥’
ਅਰਥ:- ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ, (ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ।
    ‘ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥’
ਅਰਥ:- ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ, (ਬਾਹਰਲੇ ਭੇਖ ਨਾਲ) ਛੁਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ।
    ‘ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥’
ਅਰਥ:- ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ, ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ।
    ‘ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ ॥’
ਅਰਥ:- ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ); (ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ?
    ‘ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਨਾਨਕ ਤੇ ਜਨ ਸਹਜਿ ਸਮਾਤਿ ॥5॥’ (ਪੰਨਾ 267, ਗਉੜੀ ਸੁਖਮਨੀ, ਮਃ 5)
ਅਰਥ:-ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ।5।
    ਜੇ ਮਨੁਖਾ ਦੇਹੀ ਵਿੱਚ ਹੋਣ ਦੇ ਬਾਵਯੂਦ ਵੀ ਬੰਦਾ ਪਸ਼ੂ ਸਮਾਨ ਹੈ ਤਾਂ ਆਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਕਿ ਤੁਹਾਡੇ ਮੁਤਾਬਕ ਅਸਲੀ ਬੰਦਾ ਕੌਣ ਹੈ? ਗੁਰਬਾਣੀ ਵਿੱਚ ‘ਬੰਦੇ’ ਦੀ ਪ੍ਰੀਭਾਸ਼ਾ ਇਸ ਤਰ੍ਹਾਂ ਦੱਸੀ ਗਈ ਹੈ: ‘ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ; ਬੰਦਾ ਕਹੀਐ ਸੋਈ ॥3॥’ (ਪੰਨਾ 1350, ਪ੍ਰਭਾਤੀ, ਭਗਤ ਕਬੀਰ ਜੀ)
    ਅਰਥ:- ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਉਹੀ ਮਨੁੱਖ ਰੱਬ ਦਾ (ਪਿਆਰਾ) ‘ਬੰਦਾ’ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥3॥
    ਅਜੇਹੇ ‘ਬੰਦੇ ਨੂੰ ਉਪਦੇਸ਼ ਹੈ: ‘ਸਬਰੁ ਏਹੁ ਸੁਆਉ; ਜੇ ਤੂੰ ਬੰਦਾ ਦਿੜੁ ਕਰਹਿ ॥ ਵਧਿ ਥੀਵਹਿ ਦਰੀਆਉ; ਟੁਟਿ ਨ ਥੀਵਹਿ ਵਾਹੜਾ ॥117॥’ (ਪੰਨਾ 1384, ਸਲੋਕ, ਸੇਖ ਫਰੀਦ ਜੀ)
    ਅਰਥ:- ਹੇ ਬੰਦੇ! ਇਹ ‘ਸਬਰ’ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ, ਤਾਂ ਤੂੰ ਵਧ ਕੇ ਦਰਿਆ ਹੋ ਜਾਏਂਗਾ (ਕਦੀ ਵੀ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ ਦਿਲੀ ਨਹੀਂ ਰਹਿ ਜਾਇਗੀ) ॥117॥
    ‘ਨਾ ਕੋ ਪੜਿਆ ਪੰਡਿਤੁ ਬੀਨਾ; ਨਾ ਕੋ ਮੂਰਖੁ ਮੰਦਾ ॥ ਬੰਦੀ ਅੰਦਰਿ ਸਿਫਤਿ ਕਰਾਏ; ਤਾ ਕਉ ਕਹੀਐ ਬੰਦਾ ॥4॥2॥36॥’ - (ਪੰਨਾ 359, ਆਸਾ, ਮਃ 1)
    ਅਰਥ:- ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਕਰਦੇ ਹਨ ਕਿ ਨਾ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾ ਨਿਰੀ ਵਿਦਵਤਾ ਸਫਲਤਾ ਦਾ ਵਸੀਲਾ ਹੈ, ਨਾ ਅਨਪੜ੍ਹਤਾ ਵਾਸਤੇ ਅਸਫਲਤਾ ਜਰੂਰੀ ਹੈ)। ਉਹੀ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫਤਿ ਸਾਲਾਹ ਕਰਾਂਦਾ ਹੈ ॥4॥2॥36॥
    ਜੋ ਮਨੁਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਤ੍ਰਿਸ਼ਨਾ ਆਦਿ ਨੂੰ ਕਾਬੂ ਹੇਠ ਰੱਖ ਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਦੇ ਅੰਦਰੋਂ ਹਮੇਸ਼ਾਂ ਇਹ ਆਵਾਜ਼ ਨਿਕਲਦੀ ਹੈ:
    ‘ਮੈ ਬੰਦਾ ਬੈ ਖਰੀਦੁ; ਸਚੁ ਸਾਹਿਬੁ ਮੇਰਾ ॥ ਜੀਉ ਪਿੰਡੁ ਸਭੁ ਤਿਸ ਦਾ; ਸਭੁ ਕਿਛੁ ਹੈ ਤੇਰਾ ॥1॥’ (ਪੰਨਾ 396, ਆਸਾ ਕਾਫੀ, ਮਃ 5)
    ਅਰਥ:- ਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ ਖ਼ਰੀਦ (ਬੰਦਾ) ਗ਼ੁਲਾਮ ਹਾਂ, ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੇਰੇ ਪਾਸ ਜੋ ਕੁਝ ਭੀ ਹੈ, ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ ॥1॥
ਇਸ ਸੋਚ ਵਾਲੀ ਸਥਿਤੀ ਹਾਸਲ ਕਰਨ ਉਪ੍ਰੰਤ ਉਹ ਆਪ ਮੁਹਾਰੇ ਕਹਿ ਉਠਦਾ ਹੈ:
    ‘ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥7॥’ (1096, ਮਾਰੂ ਵਾਰ, ਮਃ 5)
    ਅਰਥ:- ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ’ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ, ਮੈਂ (ਤੇਰਾ ਇਹ ਨਾਮ ਧਨ) ਵਰਤਦਾ ਹਾਂ, ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ। ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ, ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ ॥7॥
ਇਸ ਪਦ ’ਤੇ ਪਹੁੰਚੇ ‘ਬੰਦੇ’ ਦੇ ਗੁਣ ਗੁਰਬਾਣੀ ਵਿੱਚ ਇੰਝ ਬਿਆਨ ਕੀਤੇ ਗਏ ਹਨ:
    ‘ਧਰਤਿ ਆਕਾਸੁ ਪਾਤਾਲੁ ਹੈ; ਚੰਦੁ ਸੂਰੁ ਬਿਨਾਸੀ ॥ ਬਾਦਿਸਾਹ ਸਾਹ ਉਮਰਾਵ ਖਾਨ; ਢਾਹਿ ਡੇਰੇ ਜਾਸੀ ॥ ਰੰਗ ਤੁੰਗ ਗਰੀਬ ਮਸਤ; ਸਭੁ ਲੋਕੁ ਸਿਧਾਸੀ ॥’
    ਅਰਥ:- ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ; ਇਹ ਸਭ ਨਾਸਵੰਤ ਹਨ। ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ। ਕੰਗਾਲ, ਅਮੀਰ, ਗ਼ਰੀਬ, ਮਾਇਆ ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ।
    ‘ਰੋਜਾ ਬਾਗ ਨਿਵਾਜ ਕਤੇਬ; ਵਿਣੁ ਬੁਝੇ ਸਭ ਜਾਸੀ ॥ਕਾਜੀ ਸੇਖ ਮਸਾਇਕਾ; ਸਭੇ ਉਠਿ ਜਾਸੀ ॥ ਪੀਰ ਪੈਕਾਬਰ ਅਉਲੀਏ; ਕੋ ਥਿਰੁ ਨ ਰਹਾਸੀ ॥’
    ਅਰਥ:- ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ। ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ; ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ। ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ।
    ਲਖ ਚਉਰਾਸੀਹ ਮੇਦਨੀ; ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ; ਖੁਦਾਇ ਬੰਦਾ ਅਬਿਨਾਸੀ ॥17॥ (ਪੰਨਾ 1100, ਮਾਰੂ ਵਾਰ-2, ਮਃ 5)
    ਅਰਥ:- ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ। ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥17॥
    ਸੋ ਆਓ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ‘ਬੰਦੇ’ ਬਣਨ ਦੀ ਕੋਸ਼ਿਸ਼ ਕਰੀਏ। ਇੱਥੇ ਇੱਕ ਹੋਰ ਮੁਸ਼ਕਲ ਆ ਖੜ੍ਹਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਪ੍ਰਚਾਰਨ ਦੇ ਆਪੂੰ ਬਣੇ ਠੇਕੇਦਾਰ ਵੀ ਗੁਰਬਾਣੀ ਦਾ ਅਸਲ ਮਾਰਗ ਦਰਸ਼ਨ ਸਮਝਾਉਣ ਦੀ ਥਾਂ ਇਸ ਦੇ ਗਿਣਤੀ ਦੇ ਪਾਠ ਅਤੇ ਅੱਖਾਂ ਮੀਚ ਕੇ ਸਮਾਧੀ ਲਾ ਕੇ ਨਾਮ ਜਪਣ ਆਦਿ ਦੇ ਉਨ੍ਹਾਂ ਹੀ ਕ੍ਰਮਕਾਂਡਾਂ ਵਿੱਚ ਉਲਝਾ ਰਹੇ ਹਨ, ਜਿਨ੍ਹਾਂ ਤੋਂ ਗੁਰੂ ਸਾਹਿਬ ਜੀ ਨੇ ਬੜੇ ਤਰਕਪੂਰਨ ਢੰਗ ਨਾਲ ਲੋਕਾਈ ਨੂੰ ਵਰਜਿਆ ਸੀ। ਜਦ ਅੱਜ ਦਾ ਨੌਜਵਾਨ ਵੇਖਦਾ ਹੈ ਕਿ ਬੇਅੰਤ ਬਾਣੀ ਪੜ੍ਹਨ ਅਤੇ ਸਮਾਧੀਆਂ ਲਾਉਣ ਵਾਲੇ ਵਿਖਾਵੇ ਦੇ ਤੌਰ ’ਤੇ ਭੇਖ ਧਾਰ ਕੇ ਕਰਮਕਾਂਡੀ ਧਰਮੀਆਂ ਦੇ ਜੀਵਨ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਈ ਤਾਂ ਇਸ ਨੂੰ ਫਜ਼ੂਲ ਦਾ ਕੰਮ ਸਮਝ ਕੇ ਉਹ ਧਰਮ ਤੋਂ ਦੂਰ ਹੋ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਅਖੌਤੀ ਧਰਮੀਆਂ ਦੇ ਜੀਵਨ ਨੂੰ ਵੇਖ ਕੇ ਧਰਮ ਤੋਂ ਬੇਮੁੱਖ ਹੋਣ ਦੀ ਥਾਂ ਗੁਰਬਾਣੀ ਨੂੰ ਅਰਥਾਂ ਸਹਿਤ ਪੜ੍ਹ, ਸਮਝ ਕੇ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤੇ ਇਹ ਮਨੁਖਾ ਜੀਵਨ ਸਫਲ ਕਰੀਏ।
    ਹੋ ਸਕਦਾ ਹੈ ਕਿ ਕਸ਼ਿਸ਼ਦੀਪ ਸਿੰਘ ਨੇ ‘ਬੰਦਾ ਬਣਨ ਦੀ ਗੱਲ’ ਸਹਿਜ ਸੁਭਾਅ ਹੀ ਕਹੀ ਹੋਵੇ ਅਤੇ ਬੰਦਾ ਬਣਨ ਦਾ ਤਰੀਕਾ ਖ਼ੁਦ ਉਸ ਨੂੰ ਵੀ ਨਾ ਆਉਂਦਾ ਹੋਵੇ ਪਰ ਉਸ ਦੇ ਕਹੇ ਹੋਏ ਸ਼ਬਦ ਸਾਡੇ ਸਭ ਲਈ ਸਿਖਿਆਦਾਇਕ ਹਨ। ਗੁਰਬਾਣੀ ਵਿੱਚ ਉਪਦੇਸ਼ ਹੈ: ‘ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥1॥ (ਪੰਨਾ 1147 ਭੈਰਉ, ਮਃ 5)
    ਅਰਥ:- ਹੇ ਭਾਈ! ਬਹੁਤਾ ਧਨ ਖੱਟਣ ਨਾਲ (ਆਤਮਕ) ਆਨੰਦ ਨਹੀਂ ਮਿਲਦਾ, ਨਾਟਕਾਂ ਦੇ ਨਾਚ ਵੇਖਿਆਂ ਭੀ ਆਤਮਕ ਆਨੰਦ ਨਹੀਂ ਪ੍ਰਾਪਤ ਹੁੰਦਾ। ਹੇ ਭਾਈ! ਬਹੁਤੇ ਦੇਸ ਜਿੱਤ ਲੈਣ ਨਾਲ ਭੀ ਸੁਖ ਨਹੀਂ ਮਿਲਦਾ। ਪਰ, ਹੇ ਭਾਈ! ਪਰਮਾਤਮਾ ਦੀ ਸਿਫ਼ਤਿ ਸਾਲਾਹ ਕੀਤਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥1॥
    ਗੁਰਮਤਿ ਰੋਜ਼ੀ ਕਮਾਉਣ ਦੇ ਸਾਧਨ ਜਟਾਉਣ ਲਈ ਉਦਮ ਕਰਨ ਤੋਂ ਨਹੀਂ ਰੋਕਦੀ ਸਗੋਂ ਇਸ ਵਿੱਚ ਤਾਂ ਉਦਮ ਕਰਕੇ ਕਮਾਉਣ ਅਤੇ ਖਾਣ ਵਿੱਚ ਅਨੰਦ ਪ੍ਰਾਪਤ ਕਰਨ ਦਾ ਸਾਧਨ ਦੱਸਿਆ ਗਿਆ ਹੈ, ਪਰ ਇਸ ਦੇ ਨਾਲ ਨਾਮ ਸਿਮਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਗੁਰੂ ਦੀ ਤਾਂ ਸਿਖਿਆ ਹੈ: ‘ਸਲੋਕੁ ਮਃ 5 ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥ (ਪੰਨਾ 522, ਗੂਜਰੀ ਵਾਰ)
    ਅਰਥ:- ਹੇ ਨਾਨਕ! (ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ; ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥1॥
    ਜਿਸ ਤਰ੍ਹਾਂ ਸਮਾਧੀਆਂ ਲਾ ਕੇ ਸਾਨੂੰ ਨਾਮ ਜਪਣ ਦੇ ਢੰਗ ਦੱਸੇ ਜਾ ਰਹੇ ਹਨ ਗੁਰੂ ਸਾਹਿਬਾਨ ਨੇ ਉਹ ਪ੍ਰਵਾਨ ਨਹੀਂ ਕੀਤੇ। ਨਾਮ ਸਿਮਰਣ ਅਤੇ ਬਾਣੀ ਗਾਉਣ ਦਾ ਢੰਗ ਸਮਝਾਉਂਦਿਆਂ ਗੁਰੂ ਸਾਹਿਬ ਨੇ ਸੇਧ ਦਿਤੀ ਹੈ ਕਿ ਇਸ ਤਰ੍ਹਾਂ ਨਾਮ ਸਿਮਰੋ ਜਿਵੇਂ ਹਵਾ, ਪਾਣੀ, ਅੱਗ, ਧਰਤੀ ਅਕਾਸ਼, ਚੰਦ ਸੂਰਜ ਆਦਿ ਬੇਜ਼ੁਬਾਨ ਚੀਜਾਂ ਗਾ ਰਹੀਆਂ ਹਨ: ‘ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥’ (ਸੋਦਰੁ, ਆਸਾ ਮਃ 1)
    ਅਰਥ:- (ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤਿ ਸਾਲਾਹ ਦੇ ਗੀਤ) ਗਾ ਰਿਹਾ ਹੈ। ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤਿ ਸਾਲਾਹ ਦੇ ਗੀਤ ਗਾ ਰਹੇ ਹਨ।
    ਮਾਰੂ ਸੋਲਹੇ ਮਹਲਾ 5, ੴ ਸਤਿਗੁਰ ਪ੍ਰਸਾਦਿ ॥ ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥1॥ (ਪੰਨਾ 1078)
    ਅਰਥ:- ਹੇ ਭਾਈ! ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ। ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ। ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥1॥
    ਭਾਵ ਹੈ ਕਿ ਜਿਵੇਂ ਪ੍ਰਭੂ ਦੀ ਕ੍ਰਿਤ ਹਵਾ, ਪਾਣੀ, ਅੱਗ, ਧਰਤੀ ਅਕਾਸ਼, ਚੰਦ ਸੂਰਜ ਆਦਿ ਦਾ, ਉਸ ਦੀ ਰਜ਼ਾ ਵਿੱਚ ਬਝਵੇਂ ਨਿਯਮਾਂ ਵਿੱਚ ਚਲਣਾਂ ਹੀ ਅਸਲੀ ਗਾਉਣਾ ਤੇ ਸਿਮਰਨ ਕਰਨਾ ਹੈ ਉਸੇ ਤਰ੍ਹਾਂ ਪ੍ਰਭੂ ਦੀ ਰਜ਼ਾ ਮੰਨਣਾ ਅਤੇ ਉਸ ਦੇ ਨਿਯਮ ਰੂਪੀ ਹੁਕਮਾਂ ਵਿੱਚ ਚਲਣਾ ਹੀ ਸਾਡੇ ਲਈ ਪ੍ਰਭੂ ਦਾ ਅਸਲੀ ਸਿਮਰਣ ਕਰਨਾ ਤੇ ਉਸ ਦੇ ਗਾਉਣੇ ਹਨ। ਪਰ ਅਸੀਂ ਵੇਖਦੇ ਹਾਂ ਕਿ ਮਨੁਖਾਂ ਦੀ ਬਹੁਤਾਤ ਗਿਣਤੀ ਆਪਣੀ ਅਕਲ ਤੇ ਹੰਕਾਰ ਦੇ ਸਿਰ ’ਤੇ ਪ੍ਰਭੂ ਦੀ ਰਜ਼ਾ ਅਤੇ ਹੁਕਮਾਂ ਦੇ ਉਲਟ ਚਲਣ ਦੀ ਹੋੜ ਵਿੱਚ ਹਨ ਤੇ ਇਹੀ ਸਾਡੇ ਦੁਖਾਂ ਦਾ ਵੱਡਾ ਕਾਰਣ ਹੈ।

ਕਿਰਪਾਲ ਸਿੰਘ ਬਠਿੰਡਾ
(ਮੋਬ:) 98554 80797

No comments:

Post a Comment