ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਕਾਲੀ ਦਲ ਤੇ ਅਕਾਲ ਤਖ਼ਤ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਕਾਲੀ ਦਲ ਤੇ ਅਕਾਲ ਤਖ਼ਤ
ਧਰਮ ਦੇ ਨਾਂ ਤੇ ਅਧਰਮ ਕਮਾਉਣ ਦੀ ਹਠਧਰਮੀ ਨਾਲ ਹੋ ਰਹੀ ਧੋਖੇਬਾਜ਼ੀ
ਸਿੱਖ ਬੌਧਿਕਤਾ ਇੰਨੀ ਬੌਣੀ ਕਿਉਂ ਹੋ ਗਈ ਹੈ ?
"ਪਡੀਆ, ਕਵਨ ਕੁਮਤਿ ਤੁਮ ਲਾਗੇ ॥…… ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥2॥ ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥…… ਖਰ ਚੰਦਨ ਜਸ ਭਾਰਾ ॥”(ਅੰਕ 1102)
ਦਰਅਸਲ ਮੁੱਦਾ ਹਰਿਆਣਾ ਵਿਧਾਨ ਸਭਾ ਵੱਲੋਂ 11 ਜੁਲਾਈ 2014 ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਲ ਪਾਸ ਕਰਨਾ ਅਤੇ 14 ਜੁਲਾਈ ਨੂੰ ਇਸ ਨੂੰ ਸ੍ਰੀਮਾਨ ਗਵਰਨਰ ਵੱਲੋਂ ਪਰਵਾਨ ਕਰਕੇ ਕਾਨੂੰਨ ਬਣਾ ਦੇਣਾ ਨਹੀਂ ਹੈ। ਜਿਵੇਂ ਕਿ ਬਾਦਲ ਕੇ ਅਤੇ ਤਖ਼ਤ ਕੇ ਵਾਲੇ ਸਿੱਖੀ ਵਿਹੀਣ ਗੱਲਾਂ, ਰਵੱਈਆ ਅਤੇ ਆਚਰਣ ਸਾਹਮਣੇ ਲਿਆ ਰਹੇ ਹਨ। ਜੋ ਕੁਝ ਵੀ ਹੋ ਚੁਕਾ ਹੈ ਉਹ ਸਭ ਹੀ ਪੰਥਕ ਤੌਰ ਤੇ ਦੁਸ਼ਮਣਾਂ, ਸ੍ਰੀ ਗੁਰ ਗ੍ਰੰਥਕ ਤੌਰ ਤੇ ਮੁਜਰਮਾਨਾ, ਖ਼ਾਲਸਤਾਈ ਸਭਿਅਤਾ ਲਈ ਜ਼ਾਲਮਾਨਾ ਹੰਢਾਇਆ ਜਾ ਚੁਕਾ ਹੈ। ਪਿਛਲੇ 165 ਸਾਲਾਂ ਵਾਂਗ ਹੀ ਇੱਕ ਵਾਰ ਫਿਰ ਗਰਜ਼ਾਂ ਨਾਲ ਘਿਓ-ਖਿਚੜੀ ਧੜੇ ਬੰਦਕ ਪਹੁੰਚ ਨੇ ਸਿੱਖ ਵਿਚਲੀ ਸਿੱਖੀ ਨੂੰ ਹਰਾ ਦਿੱਤਾ ਹੈ।
ਘਟਨਾ ਕ੍ਰਮ ਨੇ ਇਹ ਸਾਹਮਣੇ ਲਿਆ ਕੇ ਹਰ ਇੱਖ ਸਿੱਖ ਦੀ ਕੰਧ ਤੇ ਲਿਖ ਦਿੱਤਾ ਹੈ "ਸਲੋਕ ਮਃ 1 ॥ ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ …… ਮਃ 1 ॥ ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ (ਅੰਕ 1242) ਪ੍ਰੋ. ਸਾਹਿਬ ਸਿੰਘ ਜੀ ਇਸ ਦੇ ਅਰਥ ਇੰਝ ਦੱਸਦੇ ਹਨ:- "ਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ; (ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ। (ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।” ਇਸ ਦੀ ਕਿਸੇ ਵੀ ਸਿੱਖ ਨੂੰ ਫ਼ਿਕਰ ਨਹੀਂ ਹੈ।
ਜੋ ਗੱਲਾਂ ਸਭ ਦੇ ਵਿਚਾਰਨ ਯੋਗ ਹਨ ਉਹ ਇਹ ਹਨ ਕਿ ਜਦੋਂ 1971 ਵਿੱਚ ਦਿੱਲੀ ਗੁਰਦੁਆਰਾ ਐਕਟ ਬਣਾਇਆ ਗਿਆ ਤਾਂ ਵੀ ਕਾਂਗਰਸ ਨੂੰ ਹੀ ਕੋਸਿਆ ਗਿਆ ਸੀ। ਇਸ ਦੇ ਮੁੱਖ ਮੰਗ ਕਰਤਾ ਜਥੇਦਾਰ ਸੰਤੋਖ ਸਿੰਘ ਸਨ । ਜਿੰਨਾ ਨੂੰ ਪੰਥ ਦੋਖੀ ਅਤੇ ਕਾਂਗਰਸ ਦਾ ਏਜੈਂਟ ਕਰਾਰ ਦਿੱਤਾ ਗਿਆ ਸੀ। ਉਸੇ ਦਿੱਲੀ ਕਮੇਟੀ ਦੇ ਵਰਤਮਾਨ ਪ੍ਰਧਾਨ ਸ. ਜੀ ਕੇ ਵੀ ਜੱਥੇਦਾਰ ਸੰਤੋਖ ਸਿੰਘ ਦੇ ਹੀ ਰਹਿਨੁਮਾ ਹਨ। ਹੁਣ ਉਹ ਬਾਦਲਕਿਆਂ ਨਾਲ ਹਨ ਤਾਂ ਸਭ ਕੁਝ ਠੀਕ ਹੈ। ਸ਼੍ਰੋਮਣੀ ਕਮੇਟੀ ਅਤੇ ਪੰਜਾਬ ਵਿਚਲੇ ਅਕਾਲੀਆਂ ਵੱਲੋਂ ਓਦੋਂ ਵੀ ਇਹੋ ਕਿਹਾ ਜਾਂਦਾ ਸੀ ਕਿ ਸਿੱਖਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕੀ ਸ਼੍ਰੋਮਣੀ ਕਮੇਟੀ, ਸਿੱਖ ਅਤੇ ਧਰਮ ਇੰਝ ਵੰਡਿਆਂ ਗਿਆ ? ਜਦੋਂ ਬਿਹਾਰ ਦੀ ਕਮੇਟੀ, ਮਹਾਰਾਸ਼ਟਰ ਦੀ ਕਮੇਟੀ, ਆਂਧਰਾ ਪ੍ਰਦੇਸ਼ ਦੀ ਕਮੇਟੀ, ਜੰਮੂ ਕਸ਼ਮੀਰ ਦੀ ਕਮੇਟੀ ਅੱਡ ਬਣੀ ਹੋਈ ਹੈ ਤਾਂ ਕਿ ਉਸ ਨਾਲ ਪੰਥ, ਸਿੱਖੀ ਜਾਂ ਧਰਮ ਵੰਡਿਆਂ ਗਿਆ ਹੈ ? ਅਗਰ ਇਨ੍ਹਾਂ ਵਿੱਚੋਂ ਬਿਹਾਰ ਅਤੇ ਮਹਾਰਾਸ਼ਟਰ ਦੀ ਕਮੇਟੀ ਵਿਚਲੇ ਦੋ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਜਾਂਦੀ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਵੀ ਹਿੱਸਾ ਲੈਂਦੇ ਹਨ ਤਾਂ ਫਿਰ ਸਿੰਘ ਸਾਹਿਬਾਨਾਂ ਵੱਲੋਂ, ਅਕਾਲੀ ਦਲ ਬਾਦਲ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਕੀ ਪੰਥ ਵਿੱਚ ਦੁਫੇੜ ਪਾਉਣ ਵਾਲੀਆਂ ਨਹੀਂ ਹਨ ? ਇਨ੍ਹਾਂ ਖ਼ਿਲਾਫ਼ ਫਿਰ ਪੰਥ ਖੁਦ ਕੋਈ ਕਾਰਵਾਈ ਕਰਨ ਦੇ ਕੀ ਸਮਰਥ ਹੈ ? ਸਿੱਖ ਧਰਮ ਦੀ ਅਸਲ ਇਹੋ ਤ੍ਰਾਸਦੀ ਹੈ। ਹਰ ਪਾਸੇ ਆਪੋ ਆਪਣੇ ਮਤਲਬ ਲਈ ਝੂਠ ਦਾ ਸਹਾਰਾ ਲੈ ਕੇ ਆਮ ਤੌਰ ਤੇ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਬਾਦਲ ਸਾਹਿਬ ਜਿਹੜੀ ਕੁਰਸੀ ਛੱਡਣ ਦੀ ਜਾਂ ਅਸਤੀਫ਼ਾ ਦੇਣ ਦੀ, ਸ਼ਹੀਦੀ ਦੇਣ ਦੀ ਜਾਂ ਜੇਲ੍ਹ ਜਾਣ ਦੀਆਂ ਉਕਸਾਉ ਅਤੇ ਭਰਮਾਉ ਗੱਲਾਂ ਆਪਣੀ ਨਾਲਾਇਕੀ ਨੂੰ ਛੁਪਾਉਣ ਲਈ ਹੁਣ ਕਰ ਰਹੇ ਹਨ, ਇਹ ਉਨ੍ਹਾਂ ਨੂੰ "ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਅਤੇ ਕਰਵਾਉਣ” ਲਈ ਕਰਨੀਆਂ ਚਾਹੀਦੀਆਂ ਸਨ। ਜਿਹੜੇ ਲੀਡਰ ਜੂਨ 84 ਵਿੱਚ ਭਗੌੜੇ ਹੋ ਗਏ ਉਹ ਹੁਣ ਗੋਲਕਾਂ ਲਈ ਸ਼ਹੀਦ ਹੋਣ ਦੀਆਂ ਗੱਲਾਂ ਕਰਦੇ ਕੌਮ ਨੂੰ ਗੁਮਰਾਹ ਕਰ ਰਹੇ ਹਨ। ਇਨ੍ਹਾਂ ਨੂੰ ਓਦੋਂ ਸ਼ਹੀਦੀ ਦੇਣ ਦਾ ਯਾਦ ਕਿਉਂ ਨਾ ਆਇਆ ਜਦੋਂ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਪੰਜਾਬ ਵਿੱਚ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਅਤੇ ਕਰਵਾਇਆ ਜਾ ਰਿਹਾ ਸੀ ।
ਜਿਸ ਧਰਮ ਯੁੱਧ ਮੋਰਚੇ ਰਾਹੀਂ ਇਨ੍ਹਾਂ ਹੀ ਲੀਡਰਾਂ ਨੇ ਸਿੱਖ ਕੌਮ ਨੂੰ ਤੀਜੇ ਘੱਲੂਘਾਰੇ ਵਿੱਚ ਪਾ ਕੇ ਬਰਬਾਦ ਕਰਵਾਇਆ ਅਤੇ ਉਸੇ "ਧਰਮ ਯੁੱਧ ਮੋਰਚੇ” ਦੇ ਮੁੱਦਿਆਂ ਨੂੰ ਤੀਜੀ ਵਾਰ ਪੰਜਾਬ ਦੀ ਸੱਤਾ ਵਿੱਚ ਆ ਕੇ ਵੀ ਭੁਲਾ ਦਿੱਤਾ; ਕਾਸ਼ ਬਾਦਲ ਸਾਹਿਬ ਉਨ੍ਹਾਂ ਮੁੱਦਿਆਂ ਲਈ ਜੇਲ੍ਹ ਜਾਣ ਦੀ, ਸੱਤਾ ਤਿਆਗਣ ਦੀ, ਅਸਤੀਫ਼ੇ ਦੇਣ ਦੀ ਜਾਂ ਜੇਲ੍ਹਾਂ ਭਰਨ ਦੀ ਗੱਲ ਕਰਦੇ ਤਾਂ ਉਚਿਤ ਨਹੀਂ ਸੀ ? ਇਨ੍ਹਾਂ ਸਭਨਾਂ ਪੰਥਕ ਏਜੰਡਿਆਂ ਨੂੰ ਠੁੱਡ ਮਾਰ ਕੇ, ਆਪਣੇ ਪੈਰਾਂ ਥੱਲੇ ਅਤੇ ਸੱਤਾ ਦੀ ਕੁਰਸੀ ਥੱਲੇ ਮਧੋਲ਼ ਕੇ ਜਦੋਂ ਇਹ ਕੌਮ ਦਾ ਘਾਣ ਕਰਵਾ ਕੇ ਸੱਤਾ ਹੰਢਾਉਂਦੇ; ਸ੍ਰੀ ਅਕਾਲ ਤਖ਼ਤ ਸਿਰਫ਼ ਵੇਖਦਾ ਹੀ ਨਹੀਂ ਸਗੋਂ ਇਨ੍ਹਾਂ ਨਾਲ ਗੁਨਾਹ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਫਿਰ ਪੰਥ ਕੀ ਕਰੇ ? ਇਹ ਅਸਲ ਮੁੱਦੇ ਹੁਣ ਇਨ੍ਹਾਂ ਨੇ ਖੁਦ ਆਪਣੇ ‘ਗੋਲਕ’ ਪਿਆਰ ਕਰਕੇ ਆਪ ਹੀ ਉਭਾਰ ਦਿੱਤੇ ਹਨ। ਪਰ ਸਿੱਖ ਕੌਮ ਵਿੱਚੋਂ ਇਹ ਆਸ ਮੁੱਕ ਚੁਕੀ ਹੈ ਕਿ ਉਹ ਆਪਣੇ ਅਸਲ ਮੁੱਦਿਆਂ ਵੱਲ ਤੁਰਨ ਦਾ ਬਿਬੇਕ ਧਾਰਨ ਕਰ ਸਕੇ। ਸੰਸਾਰ ਪੱਧਰੀ ਸਿੱਖਾਂ ਦੀ ਹਾਲਤ ਇੱਕੋ ਜਿਹੀ ਹੀ ਸਾਹਮਣੇ ਆ ਰਹੀ ਹੈ।
1958 ਅਤੇ 1964 ਵਿੱਚ ਦੋ ਵਾਰ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਭਾਰਤ ਦੀ ਸੰਸਦ ਵਿੱਚ ‘ਪ੍ਰਾਈਵੇਟ ਮੈਂਬਰ ਬਿਲ’ ਵਜੋਂ ਪੇਸ਼ ਕੀਤਾ ਗਿਆ। ਜੋ ਖੁਦ ਅਕਾਲੀਆਂ ਨੇ ਹੀ ਪਾਸ ਨਹੀਂ ਕਰਵਾਇਆ। ਜਿਵੇਂ ਅਕਾਲੀਆਂ ਨੇ ਐਨ ਗੁਰਮਤਿ ਅਨੁਸਾਰ ਅਤੇ ਸਿੱਖ ਕੌਮ ਨੂੰ "ਸਾਵਰਨ” ਕੌਮ ਦਾ ਦਰਜਾ ਦਿੰਦੇ, ਬਣੇ "ਅਨੰਦ ਮੈਰਿਜ ਐਕਟ 1909” ਦਾ ਕਾਨੂੰਨ ਬਣ ਜਾਣ ਤੋਂ ਬਾਅਦ ਵੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ। ਇਸ ਦੀ ਥਾਂ ਤੇ ਸਿੱਖ ਕੌਮ ਨੂੰ ਸ੍ਰੀ ਤਰਲੋਚਨ ਸਿੰਘ ਰਾਹੀਂ 2011 ਵਿੱਚ ਮੁੜ ਹਿੰਦੂ ਮੈਰਿਜ ਐਕਟ ਅਧੀਨ ਹੀ ਅਨੰਦ ਮੈਰਿਜ ਰਜਿਸਟਰਡ ਕਰਵਾਉਣ ਵਿੱਚ ਤਬਦੀਲ ਕਰਵਾ ਦਿੱਤਾ। ਤੇ ਇਸੇ ਨੂੰ ਆਪਣੀ ਮਹਾਨ ਪ੍ਰਾਪਤੀ ਬਣਾ ਲਿਆ। ਠੀਕ ਐਵੇਂ ਹੀ ਸਿੱਖਾਂ ਨੂੰ ਗੁਮਰਾਹ ਕਰਨ ਲਈ ਫਿਰ 1977 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਦੀ ਮੰਗ ਕੀਤੀ ਗਈ। 1978 ਵਿੱਚ ਇਸ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਬਣਾਉਣ ਹਿਤ ਆਪਣੀ ਮੁੱਖ ਧਾਰਮਿਕ ਮੰਗ ਵੱਲੋਂ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸ਼ਾਮਲ ਕੀਤਾ ਗਿਆ। 1979 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਆਲ ਇੰਡੀਆ ਗੁਰਦੁਆਰਾ ਐਕਟ ਦਾ ਇੱਕ ਡਰਾਫਟ ਭਾਰਤ ਸਰਕਾਰ ਨੂੰ ਖੁਦ ਭੇਜਿਆ ਗਿਆ। 1982 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਧਰਮ ਯੁੱਧ ਮੋਰਚੇ ਦੀ ਇਹ ਇੱਕ ਅਹਿਮ ਅਤੇ ਪ੍ਰਮੁੱਖ ਮੰਗ ਬਣਾ ਕੇ ਜੱਥੇਦਾਰ ਅਕਾਲ ਤਖ਼ਤ ਵੱਲੋਂ ਖੁਦ ਅਰਦਾਸ ਕੀਤੀ ਗਈ। 1985 ਵਿੱਚ ‘ਰਾਜੀਵ-ਲੋਂਗੋਵਾਲ’ ਸਮਝੌਤੇ ਵਿੱਚ ਇਸ ਨੂੰ ਪੁਰਾ ਕਰਨ ਦਾ ਜ਼ਿਕਰ ਕੀਤਾ ਗਿਆ ਹੈ।
1978 ਤੋਂ ਲੈ ਕੇ 1985 ਤਕ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਆਪਣੀਆਂ ਚੋਣਾਂ ਲਈ ਘੋਸ਼ਿਤ ਕੀਤੇ ਜਾਂਦੇ "ਮੈਨੀਫੈਸਟੋ” ਦਾ ਇੱਕ ਹਿੱਸਾ ਬਣਾਈ ਰੱਖਿਆ ਹੈ।
ਇਨ੍ਹਾਂ ਸਾਰੀਆਂ ਹੀ ਸੱਚਾਈਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਦਲਕੇ ਅਕਾਲੀ ਤਾਂ ਮੰਨਿਆਂ ਕਿ ਆਪਣੇ ਸੌੜੇ ਗੋਲਕ ਦੀ ਲੁੱਟ ਕਰਨ ਦੇ ਸਵਾਰਥਾਂ ਕਰਕੇ ਮੁਨਕਰ ਹੋ ਜਾਂਦੇ ਪ੍ਰਤੱਖ ਕੌਮ ਵੇਖ ਰਹੀ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀ ਹੋ ਗਿਆ ਹੈ ? ਉਸ ਤੇ ਬਿਰਾਜਮਾਨ ਵਿਅਕਤੀਆਂ ਨੇ ਆਪਣੇ ਉਪਰ ਕਾਲਖ ਖੁਦ ਕਿਉਂ ਲਵਾ ਲਈ ਹੈ ? ਉਨ੍ਹਾਂ ਨੂੰ ਤਾਂ ਪੰਥ ਨਾਲ ਖੜਨਾ ਚਾਹੀਦਾ ਸੀ ! ਮੇਰੀ ਸੋਚ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਸਬੰਧੀ ਫਾਈਨਲ ਡਰਾਫਟ ਤਜਵੀਜ਼ ਕਰਨ ਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਰਤ ਸਰਕਾਰ ਵੱਲੋਂ ਸਾਂਝੀ ਰਾਏ ਨਾਲ ਬਣਾਈ ਗਈ ਸੰਨ 2002 ਵਿੱਚ ਜਸਟਿਸ ਕੇ.ਐਸ. ਟਿਵਾਣਾ ਕਮੇਟੀ ਨੂੰ ਮੇਰੇ ਵੱਲੋਂ ਦਿੱਤੇ ਡਰਾਫ਼ਟ ਅਨੁਸਾਰ ਭਾਰਤ ਅੰਦਰਲੇ ਸਾਰੇ ਹੀ ਗੁਰਦੁਆਰੇ ਭਾਰਤ ਸਰਕਾਰ ਦੇ ਕਾਨੂੰਨਾਂ, ਅਤੇ ਸੰਵਿਧਾਨਿਕ ਦਾਇਰੇ ਤੋਂ ਬਾਹਰ ਕੱਢੇ ਜਾਣੇ ਚਾਹੀਦੇ ਹਨ ਦੀ ਹੈ ਅਤੇ ਰਹੇਗੀ। ਇਸ ਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਨਿਯਮ, ਧਾਰਮਿਕ ਕਾਨੂੰਨ, ਅਤੇ ਪ੍ਰਬੰਧਕੀ ਮਰਿਆਦਾ ਦੇ ਨਾਲੋਂ ਨਾਲ ਵਿਵਸਥਾ ਲਈ ਕਾਰਜ-ਵਿਧੀ ਦਾ ਨਿਰਮਾਣ ਹੋਣਾ ਚਾਹੀਦਾ ਹੈ। ਜਿਸ ਨੂੰ ਭਾਰਤ ਸਰਕਾਰ ਮਾਣਤਾ ਦੇਵੇ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਪਾਸੇ ਮੁੜਨਾ ਅਤੇ ਕੌਮ ਨੂੰ ਇਸ ਪਾਸੇ ਲਿਆਉਣਾ ਚਾਹੀਦਾ ਸੀ। ਬਾਦਲਕਿਆਂ ਨਾਲ ਧੜਾ ਬਣਾ ਕੇ ਪੰਥ ਅਤੇ ਧਰਮ ਦੀ ਹਿੱਕ ਵਿੱਚ ਖੰਜਰ ਨਹੀਂ ਸੀ ਮਾਰਨਾ ਚਾਹੀਦਾ । 165 ਸਾਲਾਂ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਵਿਅਕਤੀਆਂ ਨੂੰ ਇਹ ਸੂਝ ਹੀ ਨਹੀਂ ਆ ਪਾ ਰਹੀ ਕਿ ਉਨ੍ਹਾਂ ਦਾ ਕਾਰਜ ਖੇਤਰ ਕੀ ਹੈ ਅਤੇ ਉਨ੍ਹਾਂ ਨੇ ਕਿਸ ਲਈ ਕੰਮ ਕਰਨਾ ਹੈ। ਤਨਖਾਹ, ਔਹਦਿਆਂ ਅਤੇ ਸਹੂਲਤਾਂ ਦੇ ਨਾਲੋਂ ਨਾਲ ਸੱਤਾ ਦੀਆਂ ਚੰਮ ਦੀਆਂ ਚਲਾਉਣ ਲਈ ਜਾਂ ਕਿ ਪੰਥ ਲਈ । ਵਰਤਮਾਨ ਖ਼ਾਲਸਾ ਪੰਥ ਸਾਹਮਣੇ 165 ਸਾਲਾਂ ਤੋਂ ਇਹ ਸਭ ਤੋਂ ਗੰਭੀਰ ਮੁੱਦਾ ਬਣਿਆ ਚਲਿਆ ਆ ਰਿਹਾ ਹੈ। ਇਸ ਸਮੇਂ ਫਿਰ ਅਨੰਦ ਮੈਰਿਜ ਐਕਟ ਵਾਂਗ ਹੀ ਸਿੱਖਾਂ ਨੂੰ ਫਾਲਤੂ ਗੱਲਾਂ ਵਿੱਚ ਉਲਝਾਇਆ ਅਤੇ ਉਨ੍ਹਾਂ ਦੀ ਤਾਕਤ, ਸਮਰਥਾ, ਧੰਨ, ਸ਼ਰਧਾ, ਵਿਸ਼ਵਾਸ, ਭਰੋਸਾ, ਸਿੱਖੀ ਅਤੇ ਸੇਵਾ ਨੂੰ, ਉਨ੍ਹਾਂ ਨੂੰ ਹੀ ਬਰਬਾਦ ਕਰ ਦੇਣ ਲਈ, ਸਿੱਖ ਅੱਡਰੀ ਹਸਤੀ, ਵਿਲੱਖਣਤਾ, ਸੁਤੰਤਰਤਾ ਅਤੇ ਸੰਪ੍ਰਭੁਤਾ ਨੂੰ ਮੁਕਾ ਦੇਣ ਲਈ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਹੜੀ ਕੌਮ ਦੇ ਵਿਦਵਾਨ ਅਤੇ ਨਾਗਰਿਕ ਇਤਨੀ ਕੁ ਗੱਲ 165 ਸਾਲਾਂ ਵਿਚ ਨਾ ਸਮਝ ਸਕੇ ਉਨ੍ਹਾਂ ਤੋਂ ਵਰਤਮਾਨ ਚਕ੍ਰਵਿਊ ਵਿੱਚ ਸਹੀ ਰਾਹ ਤੇ ਤੁਰਨ ਦੀ ਆਸ ਕਰਨਾ ਜਾਂ ਰੱਖਣਾ ਮੈਨੂੰ ਹੁਣ ਬੇਆਸ ਲੱਗਦੀ ਹੈ।
ਜਿੱਥੋਂ ਤਕ ਬਾਦਲਕਿਆਂ ਦੀ ਧਮਕੀਆਂ ਦਾ ਸਵਾਲ ਹੈ ਤਾਂ ਇਹ ਆਪਣੀ ਨੂੰਹ ਨੂੰ ਮੰਤਰੀ ਬਣਾਉਣ ਲਈ ਤਾਂ ਪੰਜਾਬ ਨੂੰ ਲਾਵਾਰਸ ਛੱਡ ਕੇ ਲਗਾਤਾਰ 10 ਦਿਨ ਦਿੱਲੀ ਦਰਬਾਰ ਦੇ ਪੈਰਾਂ ਵਿੱਚ ਪੱਗ ਰੱਖ ਸਕਦੇ ਹਨ; ਗੋਲਕਾਂ ਦੀ ਲੁੱਟ ਲਈ, ਤਾਂ ਕੁਝ ਵੀ ਕਰ ਸਕਦੇ ਹਨ ਪਰ ਪੰਥਕ ਹਿਤ ਵਿੱਚ ਨਾ ਕੁਰਸੀ ਛੱਡ ਸਕਦੇ ਹਨ ਤੇ ਨਾ ਹੀ ਸ਼ਹੀਦ ਹੋ ਸਕਦੇ ਹਨ। ਹਾਂ ਆਪਣੇ ਇਨ੍ਹਾਂ ਮਨੋਰਥਾਂ ਲਈ ਕੌਮ ਨੂੰ ਗੁਮਰਾਹ ਕਰਕੇ ਸ਼ਹੀਦ ਕਰਵਾ ਸਕਦੇ ਹਨ, ਮਰਵਾ ਸਕਦੇ ਹਨ, ਵੇਚ ਸਕਦੇ ਹਨ ਅਤੇ ਕੌਮ ਨਾਲ ਗੱਦਾਰੀ ਹੰਢਾ ਸਕਦੇ ਹਨ……ਕੀ ਸੱਜਰਾ ਇਤਿਹਾਸ ਇਸ ਦੀ ਗਵਾਹੀ ਨਹੀਂ ਭਰ ਰਿਹਾ ? ਇਸ ਲਈ ਹੁਣ ਕਿਸੇ ਵੀ ਅੰਦੋਲਨ ਲਈ ਸਿੱਖ ਕੌਮ ਇਨ੍ਹਾਂ ਦਾ ਸਾਥ ਦੇਵੇਗੀ, ਮੈਨੂੰ ਇਸ ਵਿੱਚ ਸ਼ਕ ਹੈ। ਹੁਣ ਭ੍ਰਿਸ਼ਟ ਤੋਂ ਭ੍ਰਿਸ਼ਟ ਵਿਅਕਤੀ ਦੀ ਵੀ ਜ਼ਮੀਰ ਉਸ ਨੂੰ ਅਕਾਲੀਆਂ ਵੱਲੋਂ ਗੁਮਰਾਹ ਕਰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਸ਼ਾਇਦ ਇਜਾਜ਼ਤ ਨਹੀਂ ਦੇਵੇਗੀ। ਇਹ ਪੰਜਾਬ ਦੀ ਕੰਧ ਤੇ ਲਿਖਿਆ ਜਾ ਚੁਕਾ ਹੈ। ਪੰਜਾਬ ਦਾ ਆਮ ਲੀਡਰ ਅਤੇ ਸੱਤਾ ਵਿੱਚ ਹਿੱਸੇਦਾਰੀ ਚਾਹੁੰਦਾ ਸਿਆਸੀ ਬੰਦਾ ਸੱਤਾ ਦਾ ਭ੍ਰਿਸ਼ਟਤਾ ਦੀ ਹਰ ਹੱਦ ਤਕ ਖੂਨ ਤਾਂ ਚੂਸਣਾ ਚਾਹੁੰਦਾ ਹੈ ਪਰ ਉਸ ਲਈ ਹੁਣ ਆਪਣਾ ਖੂਨ ਵਗਾਉਣਾ ਅਤੇ ਅੰਦੋਲਨ ਕਰਨਾ ਨਹੀਂ ਚਾਹੁੰਦਾ। ਉਹ ਕੌਮ ਨੂੰ ਆਪਣੇ ਹਿਤਾਂ ਅਤੇ ਗਰਜ਼ਾਂ ਦੀ ਪੂਰਤੀ ਲਈ ਵੇਚਣਾ ਤਾਂ ਚਾਹੁੰਦਾ ਹੈ ਪਰ ਕੌਮ ਲਈ ਕੁਰਬਾਨੀ ਕਰਨ ਲਈ ਉੱਕਾ ਹੀ ਤਿਆਰ ਨਹੀਂ ਹੈ।
ਇਹ ਵੀ ਸੱਚ ਹੈ ਕਿ ਜਿਸ ਕਾਂਗਰਸ ਸਰਕਾਰ ਨੂੰ ਇਹ ਅਕਾਲੀ ਨਿੰਦਦੇ ਨਹੀਂ ਥੱਕਦੇ ਉਸ ਨੇ ਤਾਂ ਇਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਤੇ ਬਾਦਲ ਦੀਆਂ ਬਹੁਤ ਸਾਰੀਆਂ ਮੰਗਾਂ ਅਤੇ ਹਿਤ ‘ਅੰਡਰ ਹੈਂਡ’ ਜਾਂ ਗੁਪਤ ਤੌਰ ਤੇ ਪੂਰੇ ਕੀਤੇ ਹਨ। ਇਨ੍ਹਾਂ ਅਕਾਲੀਆਂ ਦੀ ਇਹੋ ਤ੍ਰਾਸਦੀ ਹੈ ਕਿ ਅਕਾਲੀ ਕਾਂਗਰਸ ਨੂੰ ਤਾਂ ਗਾਲ੍ਹਾਂ ਕੱਢ ਕੇ ਵੀ ਉਸ ਤੋਂ ਆਪਣੇ ਹਿਤ ਸਾਧਦੇ ਰਹੇ ਹਨ । ਦੂਜੇ ਪਾਸੇ, ਜਿਨ੍ਹਾਂ ਨਾਲ ਇਹ ‘ਨਹੂੰ ਮਾਸ’ ਤੋਂ ਹੁਣ ‘ਘਿਓ-ਖਿਚੜੀ’ ਵਾਲੇ ਸਾਥ ਦੀਆਂ ਕਸਮਾਂ ਖਾਂਦੇ ਅਤੇ ਪੰਜਾਬ ਨੂੰ ਤੇ ਸਿੱਖਾਂ ਨੂੰ ਬਾਗੋਂ ਬਾਗ ਕਰਵਾ ਦੇਣ ਦੀਆਂ ਸੁਪਨਈ ਗੱਲਾਂ ਕਰਦੇ ਨਹੀਂ ਥੱਕਦੇ ਉਨ੍ਹਾਂ ਨੇ ਕਦੇ ਵੀ ਇਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਤੇ ਨਾ ਹੀ ‘ਹੁਣ ਹੱਛੇ ਦਿਨ ਆਉਣਗੇ’। ਮੋਰਾਰਜੀ ਦੇਸਾਈ ਤੋਂ ਲੈ ਕੇ ਮੋਦੀ ਤਕ ਇਹੋ ਕੰਧ ਤੇ ਲਿਖਿਆ ਚਲਿਆ ਆ ਰਿਹਾ ਹੈ ਤੇ ਲਿਖਿਆ ਜਾਵੇਗਾ…
ਆਮ ਤੌਰ ਤੇ ਸਿੱਖ ਸਮਾਜ ‘ਸੰਘੀਏ (ਭਾਜਪਾ)’ ਅਤੇ ‘ਕਾਂਗਰਸੀ’ ਇੱਕੋ ਸਰੀਰ ਵਾਲੇ ਦੁਮੂੰਹੇ ਸੱਪ ਦਾ ਸ਼ਿਕਾਰ ਬਣ ਚੁਕਾ ਹੈ।ਸਿੱਖ ਸਮਾਜ ਵਿੱਚੋਂ ਕੋਈ ਵੀ ‘ਪੰਥਕੀ’ ਪਹੁੰਚ ਵਾਲੀ ਸੱਤਾ ਧੁਰੇ ਦਾ ਸੰਗਠਨ, ‘ਗੋਲਕ’ ਅਤੇ ‘ਸਰਕਾਰ’ ਦੇ ਮੋਹ ਤੋਂ ਅਜ਼ਾਦ ਨਹੀਂ ਹੋ ਪਾਇਆ ਹੈ। ਜਿਸ ਦੀ ਖ਼ਾਸ ਵਜ੍ਹਾ ਸੰਸਾਰ ਪੱਧਰੀ ਸਿੱਖ ਅਵਾਮ ਦੀਆਂ ਨੁਮਾਇੰਦਾ ਜਮਾਤਾਂ ਅਤੇ ਰਜਿਸਟਰਡ ਗੁਰਦੁਆਰੇ ਅਤੇ ਕਮੇਟੀਆਂ, ਸਿੱਖ ਧਰਮ ਦੇ "ਪੰਥਕ” ਨਿਸ਼ਾਨੇ ਅਤੇ ਮੰਜ਼ਿਲ, ਏਜੰਡੇ ਅਤੇ ਮਿਸ਼ਨ ਨੂੰ ਮੂਲੋਂ ਹੀ ਵਿਸਾਰ ਕੇ ਕੇਵਲ ਤੇ ਕੇਵਲ ਪਬਲਿਕ ਸਰਮਾਏ ਅਤੇ ਗੁਰੂ ਕੀ ਗੋਲਕ ਰਾਹੀਂ ਆਪੋ ਆਪਣੀ ਚੌਧਰ, ਚੌਧਰ ਦੀਆਂ ਨਿਜੀ ਗਰਜ਼ਾਂ ਅਤੇ ਆਲੀਸ਼ਾਨ ਗੁਰਦੁਆਰਿਆਂ ਨੂੰ ‘ਮੰਦਰ’ ਬਣਾ ਕੇ ਉਨ੍ਹਾਂ ਦੀਆਂ ਬਿਲਡਿੰਗਾਂ ਦੇ ਨਿਰਮਾਣ ਨੂੰ ਹੀ ਪ੍ਰਾਪਤੀ ਅਤੇ ਆਪੋ ਆਪਣੀ ਹਉਮੈਂ ਦੀ ਸੰਤੁਸ਼ਟੀ ਦਾ ਸਾਧਨ ਮਾਤਰ ਬਣਾ ਚੁੱਕੀਆਂ ਹਨ। ਇਸੇ ਹੀ ਮਾਰੂ ਸੋਚ ਦਾ ਸ਼ਿਕਾਰ ਸਿੱਖਾਂ ਦੀਆਂ ਸ਼੍ਰੋਮਣੀ ਨੁਮਾਇੰਦਾ ਜਮਾਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਅਤੇ ਅਕਾਲੀ ਬਣ ਚੁਕੇ ਹਨ। ਆਪੋ ਆਪਣੀ ‘ਸਲੇਟ’ ਜਾਂ ਧੜੇ ਲਈ ਮੁੱਦੇ ਘੜ ਕੇ ਪੰਥ ਅਤੇ ਧਰਮ ਦਾ ਸ਼ੋਸ਼ਣ ਕਰਨ ਵਿੱਚ ਹੀ ਰੁੱਝੇ ਹਨ। ਨਿਰੋਲ ‘ਧਰਮ’ ਅਤੇ ‘ਪੰਥ’ ਦੀ ਮੰਜ਼ਿਲ ਅਤੇ ਨਿਸ਼ਾਨੇ ਨਿਮਿਤ ਹੁਣ ਤਾਂ ‘ਸਿੰਘ ਸਭੀਏ’ ਵੀ ਨਹੀਂ ਹਨ ।ਚੰਦ ਕੁ ਜਾਗਦੀਆਂ ਰੂਹਾਂ ਨੂੰ ਛੱਡ ਕੇ, 99.9% ਗੁਮਰਾਹ ਹੋ ਚੁਕੀ ਸਿੱਖ ਕੌਮ ਧੋਖਾ ਖਾ ਕੇ ਆਪਣੇ 550 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀ ਹਾਰ ਮੰਨ ਕੇ ਆਪਣਾ ਭਰੋਸਾ ਗਵਾ ਚੁਕੀ ਹੈ। ਸਿੱਖਾਂ ਵਿਚਲਾ ਆਪਣੇ ਹੱਕਾਂ ਲਈ, ਧਰਮ ਲਈ, ਰਾਜ ਲਈ ਕੁਝ ਕਰ ਗੁਜ਼ਰਨ ਦਾ ਕਣ ਫਿਲਹਾਲ ਮਰ ਚੁਕਾ ਹੈ।ਇਸ ਲਈ ਸਭ ਤੋਂ ਪਹਿਲੀ ਲੋੜ ਸਿੱਖ ਕੌਮ ਦੀ ਇਹ ਬਣ ਚੁਕੀ ਹੈ ਕਿ ਇਨ੍ਹਾਂ ਸਭਨਾਂ ਲੋਕਾਂ ਦੀਆਂ ਇਨ੍ਹਾਂ ਧੜੇਬਾਜ਼ੀ ਵਾਲੀਆਂ ਗੋਲਕ ਲੁੱਟਣ ਵਾਲੇ ਕੰਮਾਂ ਤੋਂ ਆਪਣੇ ਆਪ ਨੂੰ ਨਿਰਲੇਪ ਕਰ ਕੇ ਪਾਸੇ ਹਟਾ ਲੈਣ । ਇਨ੍ਹਾਂ ਨੂੰ ਇਨ੍ਹਾਂ ਦੇ ਹਾਲ ਤੇ ਛੱਡ ਦਿੱਤਾ ਜਾਵੇ ਤੇ ਸਿੰਘ ਸਭਾ ਵਾਂਗ ਹੁਣ "ਪੰਥਕ ਸਭਾ” ਦੇ ਨਿਰਮਾਣ ਵੱਲ ਤੁਰ ਪਿਆ ਜਾਵੇ।
ਸਰਕਾਰੀ ਜਾਂ ਗੁਰਦੁਆਰਿਆਂ ਦੇ ਸਾਧਨਾਂ ਦੀ ਭ੍ਰਿਸ਼ਟਤਾ ਰਾਹੀਂ ਹਿੱਸੇਦਾਰੀ ਵਿੱਚ ਕਿਤਨੀ ਕੁ ਮਾਇਕ ਅਤੇ ਚੌਧਰ ਦੀ ਪ੍ਰਾਪਤੀ ਕਿਸ ਲੀਡਰ ਨੇ ਕੀਤੀ ਹੈ, ਨੂੰ ਹੀ ਲੋਕ ‘ਪ੍ਰਾਪਤੀ’ ਮੰਨਣ ਲੱਗ ਪਏ ਹਨ। ਇਸੇ ਲਈ ਹੀ ਉਹ ਹਰ ਪੱਧਰ ਤੇ ਸੱਤਾ ਵਿੱਚ ‘ਪ੍ਰਬੰਧਕ’ ਜਾਂ "ਹਿੱਸੇਦਾਰ” ਬਣਨਾ ਲੋਚਦੇ ਹਨ। ਇੱਕੋ ਇੱਕ ਇਹੋ ਲੋਕ ਸੇਵਾ ਅਤੇ ਧਰਮ ਸੇਵਾ ਦਾ ਸ਼੍ਰੋਮਣੀ ਮਿਸ਼ਨ ਬਣ ਗਿਆ ਹੈ। ਜਿਹੜਾ ਵਿਅਕਤੀ ਸੱਤਾ ਰਾਹੀਂ ਆਪਣੇ ਅਤੇ ਆਪਣੇ ਧੜੇ ਦੀ ਇਸ ਭੁੱਖ ਨੂੰ ਪੂਰਾ ਕਰ ਸਕਦਾ ਹੈ ਉਸੇ ਨੂੰ ਹੀ ਪ੍ਰਾਪਤੀ ਕਰਨ ਵਾਲਾ ਲੀਡਰ ਮੰਨਿਆਂ ਜਾਂਦਾ ਹੈ। ਸੇਵਾ ਦਾ ਅਤੇ ਲੀਡਰੀ ਦਾ ਆਧੁਨਿਕ ਮਾਪ-ਦੰਡ ਹੀ ਇਹੋ ਬਣ ਚੁਕਾ ਹੈ। ਲੋਕ ਤੰਤਰ ਵਿੱਚ ਭਾਰਤੀ ਅਤੇ ਪੰਜਾਬੀ ਲੋਕ ਪ੍ਰਣਾਲੀ "ਵੋਟ ਬਦਲੇ ਨਿਜੀ ਪ੍ਰਾਪਤੀ” ਦੀ ਭ੍ਰਿਸ਼ਟਤਾ ਵਾਲੀ ਪ੍ਰਣਾਲੀ ਵਿੱਚ ਤਬਦੀਲ ਕੀਤੀ ਜਾ ਚੁਕੀ ਹੈ। ਗੁਰਦੁਆਰਾ ਪ੍ਰਬੰਧ ਵੀ ਕਿਉਂਕਿ ਸਿਆਸਤ ਬਣ ਚੁਕਾ ਹੈ ਜਿਸ ਕਰਕੇ ਇਸੇ ਦਾ ਹੀ ਸ਼ਿਕਾਰ ਹੋ ਚੁਕਾ ਹੈ। ਸ਼੍ਰੋਮਣੀ ਕਮੇਟੀ ਤੋਂ ਲੈ ਕੇ ਹੁਣ ਬਣੀ ਹਰਿਆਣਾ ਕਮੇਟੀ ਤਕ, ਉਪਜਦੀ ਲੋੜ ਵਿਚਲੀ ਅੰਤਰੀਵ ਮਨੋਬਿਰਤੀ ਇਹੋ ਹੈ ਅਤੇ ਅੱਗੇ ਹੋਰ ਕਮੇਟੀਆਂ ਬਣਾਉਣ ਤਕ ਇਹੋ ਰਹੇਗੀ। ਇਸ ਲਈ ਅਹਿਮ ਜਰੂਰਤ ਇਸ ਗੱਲ ਦੀ ਹੈ ਕਿ ਸਿੱਖ ਅਵਾਮ ਆਪਣੀ ਬਣ ਚੁਕੀ ਇਸ ਮਨੋਬਿਰਤੀ ਵਿੱਚੋਂ ਬਾਹਰ ਨਿਕਲ ਕੇ "ਪੰਥਕ” ਨਿਸ਼ਾਨੇ ਅਤੇ "ਧਰਮ” ਦੇ ਮਿਸ਼ਨ ਨਾਲ ਜੁੜੇ।
ਸਿੱਖ ਵਿੱਚ "ਸਿੱਖੀ” ਜੀਵਤ ਅਤੇ ਪ੍ਰਫੁੱਲਤ ਕਰਨ ਦੀ ਕਿਰਦਾਰ ਸਾਜੀ ਦੇ ਨਿਰਮਾਣ ਨੂੰ ਪ੍ਰਾਪਤੀ ਅਤੇ ਕੌਮੀ ਮੰਜ਼ਿਲ ਨੂੰ ਹਾਸਲ ਕਰਨ ਵੱਲ ਵਧਣ ਤੇ ਵਧਾਉਣ ਵਾਲੀ ਪ੍ਰਬੰਧਕੀ ਕਾਰਜਕਾਰਨੀ ਨੂੰ ਹੀ ‘ਲੀਡਰੀ’ ਮੰਨਣ ਦਾ ਚਲਣ ਸਥਾਪਿਤ ਕਰਨਾ ਪੈਣਾ ਹੈ। ਇਸ ਪੱਖੋਂ ਸਿੱਖ ਕੌਮ 1849 ਤੋਂ ਬਾਅਦ 1984 ਤਕ ਸਿਫ਼ਰ ਦੇ ਪੱਧਰ ਤਕ ਰਹੀ ਹੈ। 1984 ਵਿੱਚ ਆਏ ਜਜ਼ਬਾਤੀ ਉਲਾਰ ਦੇ ਇੱਕ ਅਹਿਮ ਹੁਲਾਰੇ ਤੋਂ ਬਾਅਦ ਸਿੱਖ ਕੌਮ ਸਿਫ਼ਰ ਤੋਂ ਵੀ ਹੇਠਾਂ ਮਨਫ਼ੀ ਉਤਰਾ ਵੱਲ ਬੜੀ ਤੇਜੀ ਨਾਲ ਆਪਣੀ ਘੀਸੀ ਕਰਾਉਂਦੀ ਚਲੀ ਆ ਰਹੀ ਹੈ। ਅਜਿਹੀ ‘ਘੀਸੀ’ ਕਰਾਉਣ ਵਾਲਿਆਂ ਨੂੰ ਹੀ ਲੀਡਰ ਅਤੇ ਉਨ੍ਹਾਂ ਵੱਲੋਂ ਬਣਾਏ ਜਾਂਦੇ ਮੁੱਦਿਆਂ ਨੂੰ ਹੀ ਆਪਣੀ ‘ਪ੍ਰਾਪਤੀ’ ਦਾ ਮਿਸ਼ਨ ਮੰਨਦੀ ਤੁਰਦੀ ਪਈ ਹੈ। ਉਸੇ ਦੀ ਹੀ ਇੱਕ ਹੋਰ ਕੜੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਇਸ ਦੇ ਖ਼ਿਲਾਫ਼ ਬੇਲੋੜਾ ਅਤੇ ਗੈਰ ਮਰਿਆਦਕ ਤੌਰ ਤੇ ਕੀਤਾ ਜਾ ਰਿਹਾ ਵਿਰੋਧ ਹੈ। ਜਿਸ ਵਿੱਚ ਪੈ ਕੇ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ੍ਰੀ ਅਕਾਲ ਤਖ਼ਤ ਸਮੇਤ ਬਾਕੀ ਦੇ ਤਖ਼ਤਾਂ ਨੇ ਆਪੋ ਆਪਣੀ ਮਰਿਆਦਾ ਅਤੇ ਸੱਤਾ ਦੀਆਂ ਜ਼ਿੰਮੇਵਾਰੀਆਂ ਦਾ ਕਤਲ ਕਰ ਕੇ ਰੱਖ ਦਿੱਤਾ ਹੈ। ਜੇ ਸਭ ਕੁਝ ਨੂੰ ਇੱਕ ਲਾਈਨ ਵਿੱਚ ਸਮੇਟਣਾ ਹੋਵੇ ਤਾਂ ਇਬਾਰਤ ਇਹੋ ਨਿਕਲਦੀ ਹੈ ਕਿ ਇਨ੍ਹਾਂ ਸਭ ਸੰਸਥਾਵਾਂ ਦੀ ਮਾਣ, ਮਰਿਆਦਾ, ਉੱਚਤਾ, ਪਵਿੱਤਰਤਾ ਅਤੇ ਸੱਤਾ ਨੂੰ ਇਨ੍ਹਾਂ ਤੇ ਕਾਬਜ਼ ਵਿਅਕਤੀਆਂ ਨੇ ਅਵਾਮ ਵਿੱਚ ਬੇਭਰੋਸਗੀ, ਬੇ ਵਿਸ਼ਵਾਸੀ, ਬੇ ਇਤਫ਼ਾਕੀ ਬਣਾ ਕੇ ਸਿਖਰਲੀ ਪੱਧਰ ਤਕ ਖੋਰਾ ਲਾਇਆ ਹੈ, ਜਿਸ ਲਈ ਇਤਿਹਾਸ ਵਿੱਚ ਇਨ੍ਹਾਂ ਨੂੰ ਮੁਆਫ਼ ਨਹੀ ਕੀਤਾ ਜਾ ਸਕਦਾ ।
"ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥1॥ ਇਨ੍ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥1॥ ਰਹਾਉ ॥ ਕਰਮ ਧਰਮ ਤੁਮ੍ ਚਉਪੜਿ ਸਾਜਹੁ ਸਤੁ ਕਰਹੁ ਤੁਮ੍ ਸਾਰੀ ॥ ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥2॥” (ਅੰਕ 1185) ਦੀਆਂ ਗੱਲਾਂ ਕਰਨ, ਸਲਾਹਾਂ ਦੇਣ ਜਾਂ ਕੀਰਤਨ ਕਰੀ ਜਾਣ ਨਾਲ ਕੁਝ ਨਹੀਂ ਹੋਣਾ । ਇਸ ਨੂੰ ਅਮਲ ਵਿੱਚ ਲਿਆਉਣਾ ਅਤੇ ਢਾਲਣਾ ਪੈਣਾ ਹੈ। ਕਾਸ਼ ਸਿੱਖ ਕੌਮ ਆਪਣੀ ਪੜਚੋਲ ਲਈ ਕਦੇ ਕੋਈ ਨਿਰਪੱਖਤਾ ਨਾਲ ਸੱਥ ਕਰ ਸਕੇ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਰਤਮਾਨ ਮੁੱਦਾ ਸਿੱਖਾਂ ਵਿਚਲੀ ਸਿੱਖੀ ਨੂੰ ਮੁੜ ਇਸੇ ਵੱਲ ਸੇਧਤ ਹੋਣ ਦਾ ਸੰਕੇਤਕ ਹੱਲ ਅਤੇ ਮੰਜ਼ਿਲ ਦੇਣ ਦਾ ਇੱਕ ਹੋਰ ਉਪਰਾਲਾ ਕਰ ਰਿਹਾ ਹੈ, ਜੇ ਸਿੱਖ ਸੰਗਤਾਂ ਸਮਝਣ ਤਾਂ ……
ਨਹੀਂ ਤਾਂ ਮੁੱਦਾ ਸੱਤਾ ਦੇ ਹੰਕਾਰ ਰਾਹੀਂ ਗੁਰੂ ਕੀ ਗੋਲਕ ਦੀ ਲੁੱਟ ਦਾ ਹੈ ਤੇ ਕਮੇਟੀਆਂ ਰਾਹੀਂ ਕੌਮ ਨੂੰ ਕੁਰਾਹੇ ਪਾ ਕੇ ਗੋਲਕ ਦੀ ਲੁਟ ਦਾ ਹੀ ਬਣਿਆ ਰਹੇਗਾ। ਪੰਥ ਨੂੰ, ਧਰਮ ਨੂੰ, ਖ਼ਾਲਸੇ ਨੂੰ, ਨਾ ਕੁਝ ਮਿਲਣਾ ਹੈ ਤੇ ਨਾ ਹਾਲੇ ਤਕ ਇਨ੍ਹਾਂ ਤੋਂ ਕੁਝ ਮਿਲਿਆ ਹੀ ਹੈ, ਹਾਂ ਗਵਾਇਆ ਸਭ ਕੁਝ ਹੈ।
ਕੌਮ ਨੂੰ ਫ਼ਿਕਰਮੰਦ ਹੋਣ ਦੀ ਲੋੜ ਨਹੀਂ ਹੈ। ਭਾਰਤੀ ਹਿੰਦੁਤਵਾ ਵਿਵਸਥਾ ਯਥਾ ਸਥਿਤੀ ਨੂੰ ਇਸ ਨੁਕਤਾ ਨਿਗਾਹ ਨਾਲ ਬਣਾਈ ਰੱਖੇਗੀ ਕਿ ਭਵਿੱਖ ਵਿੱਚ ਸਿੱਖ ਕੌਮ ਨੂੰ ਤਬਾਹ ਕਰਨ ਲਈ ਹੋਰ ਕੌਣ ਕੌਣ ਉਸ ਦੀ ਝੋਲੀ ਵਿੱਚ ਕਿਤਨਾ ਸਸਤਾ ਡਿੱਗਦਾ ਹੈ। ਇਸ ਤੋਂ ਘਟ ਅਤੇ ਇਸ ਤੋਂ ਵੱਧ ਕੁਝ ਵੀ ਨਹੀਂ ਕੀਤਾ ਜਾਣਾ। ਵਾਵੇਲਾ ਤਾਂ ਆਪਣੇ ਆਪ ਨੂੰ ਸੱਚਾ ਬਣਾਈ ਰਖਣ ਲਈ ਐਵੇਂ ਹੀ ਗੁਮਰਾਹ ਕਰਨ ਹਿਤ ਮਸਨੂਈ ਪੈਦਾ ਕੀਤਾ ਜਾ ਰਿਹਾ ਹੈ।
"ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥”(ਅੰਕ 663)
"ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ॥”(ਅੰਕ 547)
ਗੁਰੂ ਖ਼ਾਲਸਾ ਪੰਥ ਕਿੱਥੇ ਹੈ ?!
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
No comments:
Post a Comment