Thursday, June 13, 2013

ਚੰਦੂ—ਗੰਗੂ—ਕੰਵਰ ਸੰਧੂ (ਲੜੀ ਜੁੜ ਗਈ)


ਚੰਦੂ—ਗੰਗੂ—ਕੰਵਰ ਸੰਧੂ (ਲੜੀ ਜੁੜ ਗਈ)
 
ਪਿਛਲੇ 9 ਦਿਨਾਂ ਤੋਂ 'ਡੇ ਐਂਡ ਨਾਈਟ ਨਿਊਜ਼' ਟੈਲੀਵਿਜ਼ਨ ਦੇ ਮਾਲਕ ਕੰਵਰ ਸੰਧੂ ਨੇ ਸਾਕਾ 'ਨੀਲਾ ਤਾਰਾ' ਦੀ ਹਾਮੀ ਭਰਦਿਆਂ ਗੱਲ ਇਥੇ ਮੁਕਾਈ ਹੈ, ਕਿ ਇਸ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੋਸ਼ੀ ਸਨ। ਕਿਵੇਂ?  ਸੰਧੂ ਕਹਿੰਦੈ, ਕਿ ਕਾਂਗਰਸ ਦੀ ਮੁਖੀ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਸਮੂਹ 'ਤੇ ਫ਼ੌਜੀ ਹਮਲਾ ਇਸ ਲਈ ਕਰਨਾ ਪਿਆ, ਕਿਉਂਕਿ ਸੰਤ ਭਿੰਡਰਾਂਵਾਲਾ ਇਸ ਦੀ ਪਵਿਤਰਤਾ ਭੰਗ ਕਰ ਰਿਹਾ ਸੀ। ਉਸ ਨੇ ਉਥੇ ਗੈਰ-ਕਾਨੂੰਨੀ ਹਥਿਆਰਾਂ ਦਾ ਭੰਡਾਰ ਜਮ੍ਹਾਂ ਕੀਤਾ ਹੋਇਆ ਸੀ। ਵੀਰੋ!  ਆਪਣੀ ਇਸ ਲੜੀ ਦੇ ਸਿਖਰ 'ਤੇ ਉਹ ਸਿਖ ਖੂਨ ਵਿਚ ਨਹਾਤੇ ਜਨਰਲ ਕੁਲਦੀਪ ਸਿੰਘ ਬਰਾੜ ਕੋਲੋਂ ਇਹ ਅਖਵਾਉਂਦੇ ਹਨ, ਕਿ ਉਨ੍ਹਾਂ ਨੇ ਅਣਚਾਹੇ ਸਰਕਾਰੀ ਫਰਜ਼  ਨੂੰ ਨਿਭਾਇਆ। ਆਪਣੀ ਪੁਸਤਕ ਵਿਚ ਤਾਂ ਉਹ ਇਥੋਂ ਤਾਈਂ ਦੱਸਦੇ ਹਨ ਕਿ ਬੱਬਰ ਅਕਾਲੀਆਂ ਨੂੰ ਫੜਵਾਉਣ ਤੇ ਮਰਵਾਉਣ ਦੀ ਡਿਊਟੀ ਨਿਭਾਉਂਦੇ ਹੋਏ ਬੱਬਰਾਂ ਕੋਲੋਂ ਉਨ੍ਹਾਂ ਦੇ ਦਾਦੇ ਨੇ ਆਪਣੇ ਹੱਥ-ਪੈਰ ਵੱਢਵਾ ਲਏ ਸਨ। 
ਸੰਧੂ ਜੋ ਮਰਜ਼ੀ ਕਹੇ, ਪਰ ਉਸ ਦੀ ਸਾਕਾ 'ਨੀਲਾ ਤਾਰਾ' ਦੇ ਹੱਕ ਵਿਚ ਕੀਤੀ ਇਸ ਵਕਾਲਤ ਨੂੰ ਸਿਖ ਇਤਿਹਾਸ ਵਿਚ ਦਿੱਤੀ ਜਾਂਦੀ, ਚੰਦੂ ਤੇ ਗੰਗੂ ਦੀ ਮਿਸਾਲ ਵਜੋਂ ਵੇਖਿਆ ਜਾਵੇਗਾ। ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਗ੍ਰੰਥ ਸਾਹਿਬ ਲਿਖਣ ਲਈ ਮੌਤ ਦੀ ਸਜ਼ਾ ਦਵਾਈ। ਗੰਗੂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਕਾਰ ਦੇ ਹਵਾਲੇ ਕਰਕੇ ਵੱਡਾ ਮਾਇਕ ਇਨਾਮ ਪ੍ਰਾਪਤ ਕੀਤਾ। ਸਾਕਾ 'ਨੀਲਾ ਤਾਰਾ' ਦੇ ਹਮਲੇ ਨੂੰ ਠੀਕ ਦੱਸ ਕੇ ਸੰਧੂ ਨੇ ਕੀ ਪ੍ਰਾਪਤ ਕੀਤਾ?  ਇਹ ਡੂੰਘੀ ਖੋਜ ਦਾ ਵਿਸ਼ਾ ਹੈ। ਪਰ ਇਕ ਗੱਲ ਸਪੱਸ਼ਟ  ਹੈ ਕਿ ਸਾਕਾ 'ਨੀਲਾ ਤਾਰਾ' ਤਿੰਨ ਵੱਡੇ ਸਿਖ ਵਿਰੋਧੀ ਘਲੂਘਾਰਿਆਂ (ਵੱਡਾ ਘਲੂਘਾਰਾ, ਛੋਟਾ ਘਲੂਘਾਰਾ ਤੇ ਨੀਲਾ ਤਾਰਾ) ਦਾ  ਇਕ ਮਾਨਤਾ ਪ੍ਰਾਪਤ ਹਿੱਸਾ ਹੈ। ਜਿਸ ਨੂੰ ਸਮੁੱਚੇ ਸਿਖ ਭਾਈਚਾਰੇ ਨੇ ਮਾਨਤਾ ਦਿੱਤੀ ਹੋਈ ਹੈ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਿਖ ਭਾਈਚਾਰੇ ਤੇ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਵੀਹਵੀਂ ਸਦੀ ਦਾ ਮਹਾਨ ਸਿਖ ਅਤੇ ਸ਼ਹੀਦ ਮੰਨਿਆ ਹੈ। ਸਿਖਾਂ ਉਤੇ ਮੜ੍ਹੀ ਇਸ ਸਾੜਸਤੀ ਅਤੇ ਕੁਲਨਾਸ ਦੇ ਵਰਤਾਰੇ ਪ੍ਰਤੀ ਗੰਭੀਰ ਡੂੰਘੀ ਖੋਜ ਦੀ ਤਾਂ ਅਜੇ ਵੀ ਲੋੜ ਹੈ, ਪਰ 'ਡੇ ਐਂਡ ਨਾਈਟ ਨਿਊਜ਼' ਟੈਲੀਵਿਜ਼ਨ ਦੇ ਮੁਖੀ ਸੰਧੂ ਨੇ ਜਿਸ ਕਿਸਮ ਦੀ ਖੋਜ ਕੀਤੀ ਹੈ, ਉਸ ਨੇ ਕੇਵਲ ਤੇ ਕੇਵਲ ਇੰਦਰਾ ਗਾਂਧੀ ਨੂੰ ਹੀ ਸਿਖ ਧਰਮ, ਸਿਖ ਸੰਸਥਾਵਾਂ ਅਤੇ ਸਿਖ ਭਾਈਚਾਰੇ ਦੀ ਰੱਖਿਅਕ ਸਿਧ ਕਰਨ ਦਾ ਸਿਰੋਪਾ ਦਿੱਤਾ ਹੈ। ਉਹ ਕਿੰਨਾ ਕੁ ਕਾਮਯਾਬ ਹੋਇਆ ਹੈ, ਇਹ ਵੇਖਣਾ ਜ਼ਰੂਰੀ ਹੈ। 
6 ਜੂਨ 1984 ਨੂੰ ਇਸ ਹਮਲੇ ਦੇ ਮੁੱਕਣ ਸਮੇਂ ਪਛਮੀ ਕਮਾਂਡ ਦੇ ਮੁਖੀ ਜਨਰਲ ਕੇ. ਸੁੰਦਰਜੀ ਨੇ ਚੰਡੀਗੜ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਸੀ, ਕਿ ''ਹਮਾਰੀ ਫ਼ੌਜ ਕਾ ਬੀਸ ਫੀਸਦੀ ਮਾਰੇ ਜਾਨਾ ਇੰਤਹਾ ਦੁਖ ਕੀ ਬਾਤ ਹੈ, ਹਮਾਰਾ ਇਤਨਾ ਨੁਕਸਾਨ ਤੋ ਪਾਕਿਸਤਾਨ ਕੇ ਸਾਥ ਲੜੀ ਗਈ ਤੀਨੋਂ ਜੰਗੋਂ ਮੇਂ ਨਹੀਂ ਹੂਆ''। ਇਸ ਪ੍ਰੈਸ ਕਾਨਫਰੰਸ ਵਿਚ ਕੰਵਰ ਸੰਧੂ ਤੇ ਉਸ ਦੇ ਹੋਰ ਸਾਥੀ ਆਪ ਹਾਜ਼ਰ ਸਨ। ਜਨਰਲ ਸੁੰਦਰਜੀ ਨੇ ਲੜਾਕੂ ਤੇ ਖਾੜਕੂ ਸਿਖ ਯੋਧਿਆਂ ਨੂੰ ਵਧੀਆ ਅੱਖਰਾਂ ਵਿਚ ਆਪਣੀ ਸ਼ਰਧਾ ਇਹ ਸ਼ਬਦ ਕਹਿ ਕੇ ਭੇਟ ਕੀਤੀ ਸੀ ਕਿ ਜੇ ਇਹੋ ਜਿਹੀ ਫ਼ੌਜ ਹੋਵੇ ਤਾਂ ਕੋਈ ਵੀ ਵੱਡੀ ਲੜਾਈ ਜਿੱਤੀ ਜਾ ਸਕਦੀ ਹੈ। ਕੰਵਰ ਸੰਧੂ ਕੋਲੋਂ ਅਸੀਂ ਪੁਛਣਾ ਚਾਹੁੰਦੇ ਹਾਂ ਕਿ ਇਹ ਜਾਣਕਾਰੀ ਉਸ ਨੇ ਆਪਣੀ 9 ਦਿਨਾਂ ਦੀ ਵਾਰਤਾਲਾਪ ਵਿਚ ਸਰੋਤਿਆਂ ਨੂੰ ਕਿਉਂ ਨਹੀਂ ਦਿੱਤੀ। 
ਸੰਧੂ ਵਲੋਂ ਪੇਸ਼ ਕੀਤੀ ਗਈ ਇਸ ਲੜੀ ਦਾ ਮੁੱਢ ਉਸ ਨੇ ਸੰਤ ਭਿੰਡਰਾਂਵਾਲਿਆਂ ਪਾਸ ਹਥਿਆਰਾਂ ਦੀ ਇਕ ਵੱਡੀ ਖੇਪ ਜਮ੍ਹਾਂ ਹੋਣ ਨੂੰ ਬਣਾਇਆ ਹੈ। ਤੇਰ੍ਹਾਂ ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਚ ਹੋਏ ਨਿਰੰਕਾਰੀ ਸੰਮੇਲਨ ਮੌਕੇ, ਜਿਸ ਵਿਚ ਉਨ੍ਹਾਂ ਦਾ ਮੁਖੀ ਗੁਰਬਚਨ ਸਿੰਘ ਵੀ ਸ਼ਾਮਲ ਸੀ, ਹਥਿਆਰਬੰਦ ਗੁੰਡੇ ਲਿਆ ਕਿ ਤੇਰਾਂ ਸਿਖ ਮਾਰੇ ਗਏ ਸਨ ਤੇ ਲਗਪਗ 70 ਜ਼ਖ਼ਮੀ ਹੋਏ ਸਨ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਉਸ ਦਿਨ ਅੰਮ੍ਰਿਤਸਰ ਵਿਚ ਸਨ। ਪਰ ਨਿਰੰਕਾਰੀ ਆਂ ਦਾ ਵਾਲ ਵਿੰਗਾ ਨਹੀਂ ਸੀ ਹੋਇਆ। ਮਗਰੋਂ ਉਸ ਨੂੰ ਆਪਣੀ ਜਾਨ ਦੇ ਕੇ ਇਹ ਮੁੱਲ ਤਾਰਨਾ ਪਿਆ। ਦੂਜੇ ਪਾਸੇ ਜਦੋਂ ਸੰਤ ਭਿੰਡਰਾਂਵਾਲਿਆਂ ਨੇ ਆਪਣੇ ਸੰਗੀ ਸਾਥੀਆਂ ਨੂੰ ਪੂਰੀ ਤਰ੍ਹਾਂ ਹਥਿਆਰ ਬੰਦ ਕਰ ਲਿਆ ਤੇ ਇਕ ਝੂਠੇ ਕੇਸ ਵਿਚ ਭਾਈ ਅਮਰੀਕ ਸਿੰਘ ਅਤੇ ਭਾਈ ਠਾਹਰਾ ਸਿੰਘ ਨੂੰ ਫੜਿਆ ਗਿਆ ਤਾਂ ਸੰਤ ਭਿੰਡਰਾਂਵਾਲਿਆਂ ਨੇ ਆਪਣਾ ਪੱਕਾ ਟਿਕਾਣਾ ਹਰਿਮੰਦਰ ਸਾਹਿਬ ਵਿਚ ਬਣਾ ਲਿਆ। ਗੱਲਾਂ ਅਰੰਭ ਹੋ ਗਈਆਂ ਹਰਿਮੰਦਰ ਸਾਹਿਬ ਸਮੂਹ 'ਤੇ ਫੌਜੀ ਚੜ੍ਹਾਈ ਦੀਆਂ। ਉਤਰ ਵਿਚ ਸੰਤਾਂ ਨੇ ਜਿਥੋਂ ਵੀ ਹਥਿਆਰ ਲੱਭੇ ਉਸ ਕਥਿਤ ਫੌਜੀ ਮੁਕਾਬਲੇ ਲਈ ਜਮ੍ਹਾਂ ਕਰਨੇ ਆਰੰਭ ਕਰ ਦਿੱਤੇ। ਇੰਦਰਾ ਗਾਂਧੀ ਦੀ ਨੂੰਹ ਸ੍ਰੀਮਤੀ ਮੇਨਕਾ ਵਲੋਂ ਚਲਾਏ ਗਏ ਮਹੀਨੇਵਾਰ ਮੈਗਜ਼ੀਨ 'ਸੂਰੀਆ' ਦੇ ਸਤੰਬਰ 1984 ਦੇ ਅੰਕ ਵਿਚ ਇਕ ਲੰਮੀ ਕਹਾਣੀ ਦਰਜ ਹੈ। ਜੋ ਇਹ ਦੱਸਦੀ ਹੈ ਕਿ ਇੰਦਰਾ ਗਾਂਧੀ ਨੇ ਸਮੁੱਚਾ ਵਿਧਾਨ ਕਾਨੂੰਨ ਪਾਰਟੀ ਤੇ ਪਾਰਲੀਮੈਂਟ ਆਦਿ ਨੂੰ ਅੱਖੋਂ-ਪਰੋਖਾ ਕਰਕੇ 'ਤੀਜੀ ਏਜੰਸੀ' ਦੇ ਨਾਂ 'ਤੇ ਵੱਡੇ ਖੁਫੀਆ ਅਧਿਕਾਰੀਆਂ ਦੀ ਇਕ ਸੰਸਥਾ ਖੜੀ ਕੀਤੀ, ਜੋ ਕੇਵਲ ਤੇ ਕੇਵਲ ਇੰਦਰਾ ਗਾਂਧੀ ਨੂੰ ਸਮਰਪਿਤ ਅਤੇ ਜਵਾਬਦੇਹ ਸੀ। ਇਸ ਸੰਸਥਾ ਰਾਹੀਂ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਅੰਦਰ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਭੇਜੀਆਂ ਤਾਂ ਜੋ ਫੌਜੀ ਹਮਲੇ ਸਮੇਂ ਸਿਖ ਯੋਧਿਆਂ ਨਾਲ ਹੋਈ ਝੜਪ ਨੂੰ ਮੰਨਣਯੋਗ ਬਣਾਇਆ ਜਾਏ। ਉਸ ਨੂੰ ਇਸ ਗੱਲ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਸੀ, ਉਨ੍ਹਾਂ ਹਥਿਆਰਾਂ ਨਾਲ ਕਿੰਨਾ ਫੌਜੀ ਨੁਕਸਾਨ ਹੋਵੇਗਾ। ਜਿਵੇਂ ਉਪਰ ਦਰਜ ਹੈ, ਇਨ੍ਹਾਂ ਹਥਿਆਰਾਂ ਵਿਚ ਕਿੰਨੇ ਸੰਤਾਂ ਦੇ ਸਨ ਤੇ ਕਿੰਨੇ ਏਜੰਸੀਆਂ ਦੇ? ਜਿਨ੍ਹਾਂ ਨੂੰ ਰਲਾ ਤੇ ਕੰਵਰ ਸੰਧੂ ਪਾਸੋਂ ਉਨ੍ਹਾਂ ਦੀਆਂ ਤਸਵੀਰਾਂ ਖਿਚਵਾ ਕੇ 'ਡੇ ਐਂਡ ਨਾਈਟ' ਚੈਨਲ 'ਤੇ ਪੇਸ਼ ਕੀਤੇ ਗਏ ਹਨ, ਇਹ ਸਭ ਕੁਝ ਇਕ ਵੱਡੀ ਪੜਤਾਲ ਦੀ ਮੰਗ ਕਰਦਾ ਹੈ। ਚੇਤਾ ਰਹੇ ਕਿ ਸਾਕਾ ਨੀਲਾ ਤਾਰਾ ਦੀ ਕੋਈ ਨਿਆਂਇਕ ਪੜਤਾਲ ਨਹੀਂ ਹੋਈ। ਭਾਵੇਂ ਕਿ ਸਿਖ ਕਤਲੇਆਮ ਦੇ ਕਰਤਾ ਕੇ. ਪੀ. ਐਸ. ਗਿੱਲ ਜਿਹੇ ਵਿਅਕਤੀ ਵੀ ਇਹ ਮੰਗ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਲਿਖੀ ਆਪਣੀ ਇਕ ਚਿੱਠੀ ਵਿਚ ਉਸ ਨੇ ਇਹ ਗੱਲ ਕਹੀ ਸੀ, ਕਿ ਉਨ੍ਹਾਂ ਵਲੋਂ ਕੀਤੀਆਂ ਗਈਆਂ ਵਧੀਕੀਆਂ ਦੇ ਮਾਰ-ਮਰਾਈ ਸਰਕਾਰੀ ਹੁਕਮਾਂ ਅਧੀਨ ਹੋਈ ਸੀ ਅਤੇ ਉਨ੍ਹਾਂ ਦੀ ਇਸ ਵਿਚ ਆਪਣੀ ਮਰਜ਼ੀ ਸ਼ਾਮਲ ਨਹੀਂ ਸੀ। ਕੇ.ਪੀ. ਐਸ ਗਿੱਲ ਨੇ ਆਪਣੀ ਚਿੱਠੀ ਦੀਆਂ ਕਾਪੀਆਂ ਪਾਰਲੀਮੈਂਟ ਦੇ ਸਪੀਕਰ ਰਾਜ ਸਭਾ ਦੇ ਚੇਅਰਮੈਨ, ਰਾਸ਼ਟਰਪਤੀ ਤੇ ਸੁਪਰੀਮ ਕੋਰਟ ਦੇ  ਮੁੱਖ ਜੱਜ ਨੂੰ ਵੀ ਭੇਜੀਆਂ ਸਨ। ਸੰਧੂ ਜੇ ਥੋੜ੍ਹਾ  ਅਕਲ ਤੋਂ ਕੰਮ ਲੈਂਦਾ, ਤਾਂ ਉਸ ਨੂੰ ਸੰਤ ਭਿੰਡਰਾਂਵਾਲਿਆਂ ਨੂੰ ਦੋਸ਼ੀ ਗਰਦਾਨਣ ਤੋਂ ਪਹਿਲਾਂ ਫ਼ੌਜ ਵਲੋਂ ਹਰਿਮੰਦਰ ਸਾਹਿਬ ਸਮੂਹ ਅੰਦਰ ਕੀਤੀਆਂ ਵਧੀਕੀਆਂ ਦੀ ਵਿਸਥਾਰ ਪੂਰਵਕ ਚਰਚਾ ਕਰਨੀ ਬਣਦੀ ਸੀ। ਫੌਜੀਆਂ ਹੱਥੋਂ ਮਾਵਾਂ ਭੈਣਾਂ ਦੇ ਹੋਏ ਬਲਾਤਕਾਰ ਦੀ ਚਰਚਾ ਤਾਂ ਉਹ ਤਾਂ ਹੀ ਕਰਦਾ ਜੇ ਉਸ ਦਾ ਸਿਖੀ ਵਿਚ ਵਿਸ਼ਵਾਸ ਹੁੰਦਾ, ਜਾਂ ਉਸ ਦੀ ਅਪਣੀ ਮਾਂ, ਭੈਣ ਜਾਂ ਧੀ  ਉਨ੍ਹਾਂ ਬਦਕਿਸਮਤ ਬੀਬੀਆਂ ਵਿਚ ਹੁੰਦੀ। ਸੰਧੂ ਨੇ ਆਪਣੇ ਟੀ.ਵੀ. ਚੈਨਲ ਸਿਰ ਸਿਹਰਾ ਬੰਨਣ ਲਈ ਅਮਰੀਕਾ ਵਿਚਲੇ  9/11 ਨੂੰ ਵਰਲਡ ਟਰੇਡ ਸੈਂਟਰ ਉਤੇ ਹੋਏ ਹਮਲੇ ਨੂੰ ਵੀ ਨਾਲ ਧੂਹ ਲਿਆ ਹੈ। 
ਸੰਧੂ ਨੇ ਆਪਣੇ ਚੈਨਲ ਵਿਚ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਬਾਰੇ ਪ੍ਰਾਪਤ ਜਾਣਕਾਰੀ ਉਤੇ ਵੀ ਮਿੱਟੀ ਪਾਈ ਹੈ। ਸੰਧੂ ਨਾਲੋਂ ਵਿਦਿਅਕ ਅਤੇ ਇਤਿਹਾਸਕ ਯੋਗਤਾ ਤੋਂ ਬਹੁਤ ਉਚੇ ਡਾਕਟਰ ਸੰਗਤ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਗੱਲ ਸਪੱਸ਼ਟ ਕਹੀ ਹੈ ਕਿ  ਸੰਤ ਭਿੰਡਰਾਂਵਾਲਿਆਂ ਨੂੰ ਫੌਜ ਨੇ ਜ਼ਖਮੀ ਹਾਲਤ ਵਿਚ ਫੜਿਆ ਅਤੇ ਫਿਰ ਤਸੀਹੇ ਦੇ ਕੇ ਛੇ ਘੰਟੇ ਬਾਅਦ ਇੰਦਰਾ ਤੋਂ ਆਗਿਆ ਲੈ ਕੇ ਮਾਰਿਆ।  ਸੰਤਾਂ ਨੂੰ ਜ਼ਖ਼ਮੀ ਹਾਲਤ ਵਿਚ ਫੜ ਕੇ ਤਸੀਹੇ ਦੇਣ ਦੀ ਕਥਾ ਮੈਨੂੰ ਨਿੱਜੀ ਰੂਪ ਵਿਚ ਸਾਕਾ 'ਨੀਲਾ ਤਾਰਾ' ਦੇ ਝੱਟ ਪਿਛੋਂ ਇਕ ਉਘੇ ਡਾਕਟਰ ਸਾਹਿਬ ਨੇ ਸੁਣਾ ਦਿੱਤੀ ਸੀ, ਜੋ ਅੱਜ ਵੀ ਠੀਕ-ਠਾਕ ਹਨ। ਉਨ੍ਹਾਂ ਦੀ ਪੋਸਟ ਮਾਰਟਮ ਰਿਪੋਰਟ ਵਿਚ ਲੱਤ ਦੀ ਹੱਡੀ ਟੁੱਟਣੀ ਅਤੇ ਰੀੜ੍ਹ ਦੀ ਹੱਡੀ ਟੁੱਟਣੀ ਦੋ ਅਜਿਹੀਆਂ ਸੱਟਾਂ ਹਨ, ਜਿਥੇ ਗੋਲੀਆਂ ਦੇ ਜ਼ਖ਼ਮ ਨਹੀਂ ਸਨ। ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਤਸੀਹੇ ਦੇਣ ਦੀ ਕਾਰਵਾਈ ਵਿਚ  ਉਨ੍ਹਾਂ ਦੀ ਕਮਰ ਵੀ ਤੋੜ ਗਈ ਅਤੇ ਲੱਤ ਵੀ ਤੋੜੀ ਗਈ। ਇਸੇ ਤਰ੍ਹਾਂ ਸਿਰ ਵਿਚ ਪੰਜ ਗੋਲੀਆਂ ਅਤੇ ਛਾਤੀ ਆਦਿ ਵਿਚ ਕਈ ਹੋਰ ਗੋਲੀਆਂ ਇਹ ਤਾਂ ਹੀ ਵੱਜ ਸਕਦੀਆਂ ਸਨ, ਜੇ ਵਿਅਕਤੀ ਖੜ੍ਹਾ  ਹੋਵੇ, ਸਿਰ ਜਾਂ ਛਾਤੀ ਵਿਚ ਇਕ ਗੋਲੀ ਲੱਗਣ ਨਾਲ ਵਿਅਕਤੀ ਡਿੱਗ ਜਾਵੇਗਾ, ਸਵਾਲ ਸਾਫ ਹੈ ਕਿ ਬਾਕੀ ਗੋਲੀਆਂ ਕਿੱਦਾਂ ਵੱਜੀਆਂ। ਹਮੇਸ਼ਾ ਵੱਡੀਆਂ ਜੰਗਾਂ ਵਿਚ ਵਿਰੋਧੀ ਆਗੂ ਨੂੰ ਜੀਉਂਦੇ ਫੜਿਆ ਜਾਂਦਾ ਹੈ ਅਤੇ ਜੇ ਰੁਕ ਨਾ ਆਵੇ ਤਾਂ ਮਾਰ ਦਿੱਤਾ ਜਾਂਦਾ ਹੈ। ਮੇਰੀ (ਦਲਬੀਰ ਸਿੰਘ ਪੱਤਰਕਾਰ)  ਜਾਣਕਾਰੀ ਅਨੁਸਾਰ ਤਸੀਹੇ ਦੇਣ ਤੋਂ ਬਾਅਦ ਸੰਤਾਂ ਨੂੰ ਰੱਸੀਆਂ ਦੇ ਸਹਾਰੇ ਬੰਨ ਕੇ ਖੜ੍ਹਾ ਕਰਕੇ ਫਿਰ ਗੋਲੀਆਂ ਦੇ ਬਰਸਟ ਮਾਰੇ ਗਏ। ਸੰਧੂ ਦੀ ਇਸ 'ਅਣਕਹੀ ਕਹਾਣੀ' ਤੋਂ ਇਹ ਗੱਲ ਵੀ ਸਪੱਸ਼ਟ ਹੈ ਕਿ ਅਕਾਲੀ ਆਗੂਆਂ ਨੇ ਫ਼ੌਜ ਭੇਜਣ ਦੀ ਸਹਿਮਤੀ ਦਿੱਤੀ ਸੀ, ਇਸੇ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਸਮੇਤ ਸਾਰੇ ਅਕਾਲੀਆਂ ਆਗੂਆਂ ਨੇ ਫ਼ੌਜੀ ਅਫਸਰਾਂ ਨੂੰ ਜਿਹੜੀ ਸਭ ਤੋਂ ਪਹਿਲਾਂ ਗੱਲ ਪੁੱਛੀ, ਉਹ ਸੀ ''ਕੀ ਉਹ (ਭਾਵ ਭਿੰਡਰਾਂਵਾਲਾ) ਮਰ ਗਿਆ ਹੈ''।
- See more at: http://www.deshpunjabonline.com/index.php?p&a=home&nid=3746#sthash.oQ9DP7ui.dpuf 

No comments:

Post a Comment