ਨਿਮਾਣਿਆਂ ਦੇ ਮਾਣ
ਕੁੱਝ ਕਦਮ ਅੱਗੇ ਚੱਲਦਿਆਂ ਪੰਜਵੇਂ ਗੁਰੂ ਨਾਨਕ ਨੇ ਆਦਿ ਗ੍ਰੰਥ ਨੂੰ ਸੰਪਾਦਿਤ ਕੀਤਾ । ਉਨਾਂ ਵਲੋਂ ਉਸ ਗ੍ਰੰਥ ਵਿੱਚ ਰਚਨਾਵਾਂ ਨੂੰ ਦਰਜ ਕਰਨ ਲਈ (ਜੋ ਦਰਜ ਕਰਨ ਤੋਂ ਬਾਅਦ ਰਚਨਾਂ ਤੋਂ ਗੁਰਬਾਣੀ ਬਣਨੀ ਸੀ) ਗੁਰਮਤਿ ਦੀ ਕਸਵੱਟੀ ਰੱਖੀ ਗਈ । ਜੋ ਰਚਨਾ ਗੁਰਮਤਿ ਦੀ ਕਸਵੱਟੀ ਤੇ ਖਰੀ ਉੱਤਰਦੀ ਸੀ ਉਸ ਨੂੰ ਗੁਰੂ ਗ੍ਰੰਥ ਵਿੱਚ ਸ਼ਾਮਿਲ ਕਰ ਗੁਰਬਾਣੀ ਬਣਾ ਦਿਤਾ ਗਿਆ । ਜਿਹੜੀ ਰਚਨਾ ਗੁਰਮਤਿ ਦੀ ਕਸਵੱਟੀ ਤੇ ਖਰੀ ਨਹੀਂ ਉੱਤਰਦੀ ਸੀ ਉਸ ਨੂੰ ਸ਼ਾਮਿਲ ਨਹੀ ਕੀਤਾ । ਉਹਨਾਂ ਸੰਪਾਦਿਤ ਕਰਦੇ ਸਮੇਂ ਕਿਸੇ ਵੀ ਭਗਤ ਦਾ ਪਿਛੋਕੜ ਨਹੀਂ ਦੇਖਿਆ , ਕੋਈ ਊਚ ਨੀਚ ਨਹੀਂ ਦੇਖੀ ਜੋ ਰਚਨਾ ਗੁਰਮਤਿ ਦੀ ਕਸਵੱਟੀ ਤੇ ਖਰੀ ਉੱਤਰੀ ਉਹ ਚਾਹੇ ਕਿਸੇ ਵੀ ਜਾਤੀ ਦੇ ਭਗਤ ਨੇ ਲਿਖੀ ਉਸ ਨੂੰ ਸਾਮਿਲ ਕਰ ਗੁਰਬਾਣੀ ਬਣਾ ਦਿਤਾ ਜਿਸ ਨੂੰ ਅੱੱਜ ਅਸੀਂ ਸਾਰੇ ਮੱਥਾ ਵੀ ਟੇਕਦੇ ਹਾਂ ਅਤੇ ਜੋ ਕਸਵੱਟੀ ਤੇ ਖਰੀ ਨਹੀਂ ਉੱਤਰਦੀ ਸੀ ਉਹ ਚਾਹੇ ਕਿੱਡੇ ਵੀ ਉੱਚ ਜਾਤੀ ਦੇ ਬੰਦੇ ਦੀ ਲਿਖੀ ਹੋਈ ਸੀ ਉਸ ਨੂੰ ਸ਼ਾਮਿਲ ਨਾ ਕੀਤਾ ।
ਗੁਰੂ ਸਾਹਿਬ ਦੇ ਸਮੇਂ ਦੇ ਅਖੌਤੀ ਉੱਚ ਜਾਤੀ ਦੇ ਲੇਖਕ ਝੱਜੂ, ਕਾਹਨਾ,ਹੁਸੈਨ ਆਦਿ ਆਪਣੀ ਰਚਨਾ ਦਰਜ ਕਰਵਾਉਣੀ ਚਾਹੁੰਦੇ ਸਨ । ਉਹਨਾਂ ਨੇ ਗੁਰੂ ਜੀ ਤੱਕ ਪਹੁੰਚ ਵੀ ਕੀਤੀ ਸੀ ਪਰ ਉਹਨਾਂ ਦੀ ਰਚਨਾ ਗੁਰਮਤਿ ਦੀ ਕਸਵੱਟੀ ਤੇ ਖਰੀ ਨਾਂ ਉੱਤਰਦੀ ਹੋਣ ਕਾਰਨ ਗੁਰੂ ਜੀ ਨੇ ਉਹਨਾਂ ਦੀ ਰਚਨਾ ਨੂੰ ਸ਼ਾਮਿਲ ਕਰਨ ਤੋਂ ਇੰਨਕਾਰ ਕਰ ਦਿਤਾ । ਇਸ ਅਖੋਤੀ ਉੱਚ ਜਾਤੀਏ ਇਸ ਗੱਲ ਨੂੰ ਹਜਮ ਕਿਵੇਂ ਕਰ ਸਕਦੇ ਸਨ ਕਿ ਇੱਕ ਪਾਸੇ ਤਾਂ ਗੁਰੂ ਜੀ ਨੇ ਇਹਨਾਂ ਵਲੋਂ ਦੁਰਕਾਰੀਆਂ ਨੀਵੀਆਂ ਜਾਤੀਆਂ ਦੇ ਭਗਤਾਂ , ਕਬੀਰ, ਰਵਿਦਾਸ,ਨਾਮਦੇਵ,ਸੈਣ, ਸਦਨਾ ਆਦਿ ਦੀਆਂ ਰਚਨਾਵਾਂ ਗੁਰੂ ਗ੍ਰੰਥ ਵਿੱਚ ਸ਼ਾਮਿਲ ਕਰ ਲਈਆਂ ਪਰ ਉਹਨਾ ਦੀ ਰਚਨਾ ਨੂੰ ਸ਼ਾਮਿਲ ਨਹੀਂ ਕੀਤਾ ਉਹ ਇਸ ਗੱਲੋਂ ਡਾਹਡੇ ਔਖੇ ਸਨ ਅਤੇ ਅੱਗ ਤੇ ਲਿਟਦੇ ਸਨ । ਇਹਨਾਂ ਅਖੌਤੀ ਉੱਚ ਜਾਤੀਆਂ ਦਾ ਮਾਨਸਿਕ ਪੱਧਰ ਦੇਖਣ ਲਈ ਇਹਨਾਂ ਦੇ ਹੀ ਧਾਰਮਿਕ ਗੰਥਾਂ ਹੀ ਵਿਸ਼ਲੇਸ਼ਣ ਕਰਦੇ ਹਾਂ ।
ਭਾਸ਼ਾ ਵਿਭਾਗ ਵਲੋਂ ਛਾਪੀ ਭਗਵਾਨ ਸ਼੍ਰੀ ਬਾਲਮੀਕ ਦੀ ਰਮਾਇਣ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਕਾਲ ਦਾ ਚਿਤਰਣ ਇਸ ਤਰਾਂ ਕੀਤਾ ਹੈ ' ਭਗਵਾਨ ਰਾਮ ਜੀ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਇੱਕ ਮਰੇ ਹੋਏ ਬੱਚੇ ਨੂੰ ਰੋਂਦਾ ਕੁਰਲਾਉਂਦਾ ਲੈ ਕੇ ਆਇਆ । ਭਗਵਾਨ ਰਾਮ ਜੀ ਨੇ ਉਸ ਬ੍ਰਾਹਮਣ ਨੂੰ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾ ਉਸ ਨੇ ਕਿਹਾ ਕਿ ਆਪ ਜੀ ਦੇ ਰਾਜ ਵਿੱਚ ਬ੍ਰਾਹਮਣਾ ਦੇ ਬੱਚੇ ਅਤੇ ਨੌਜੁਆਨ ਇਸ ਤਰਾਂ ਬੇਵਕਤੀ ਮੌਤ ਮਰਨ ਇਹ ਠੀਕ ਨਹੀਂ । ਆਪ ਜੀ ਦੇ ਰਾਜ ਵਿੱਚ ਹੋ ਰਹੇ ਕੁਦਰਤੀ ਅਨਰਥਾਂ ਨੂੰ ਆਪ ਜੀ ਰੋਕੋ । ਭਗਵਾਨ ਰਾਮ ਨੇ ਮੁਸਕੁਰਾਅ ਕੇ ਕਾਰਨ ਪੁੱਛਿਆ ਕਿ ਇਹ ਕੁਦਰਤੀ ਅਨਰਥ ਕਿਉਂ ਹੋ ਰਹੇ ਹਨ ? ਅਤੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਤਾਂ ਅੱਗੋ ਬ੍ਰਾਹਮਣ ਨੇ ਕਿਹਾ ਕਿ ਆਪ ਦੇ ਰਾਜ ਵਿੱਚ ਇੱਕ ਸੰਭੂਕ ਨਾਮ ਦਾ ਸੂਦਰ ਭਗਤੀ ਕਰ ਰਿਹਾ ਹੈ ਉਸ ਸੂਦਰ ਵਲੋਂ ਕੀਤੀ ਜਾ ਰਹੀ ਭਗਤੀ ਦੇ ਕਾਰਨ ਹੀ ਇਹ ਅਨਰਥ ਹੋ ਰਹੇ ਹਨ ਆਪ ਉਸ ਸੂਦਰ ਨੂੰ ਭਗਤੀ ਕਰਨ ਤੋਂ ਰੋਕੋ ।
ਭਗਵਾਨ ਰਾਮ ਜੀ ਇਹ ਸੁਣਦੇ ਹੀ ਰੋਹ ਵਿੱਚ ਆ ਗਏ । ਉਹਨਾਂ ਤੁਰੰਤ ਆਪਣੀਆਂ ਫੌਜਾਂ ਨੂੰ ਇਕੱਠੀਆਂ ਕਰਨ ਦਾ ਹੁਕਮ ਚਾੜ ਦਿਤਾ । ਭਗਵਾਨ ਰਾਮ ਜੀ ਦੀ ਅਗਵਾਈ ਵਿੱਚ ਫੌਜਾਂ ਉਸ ਸੰਭੂਕ ਨਾਮ ਦੇ ਸੂਦਰ ਨੂੰ ਲੱਭਣ ਵਾਹੋ ਦਾਹੀ ਦੌੜੀਆਂ । ਮਿੱਟੀ ਘੱਟੇ ਵਿੱਚ ਘੋੜੇ ਦੌੜਾਂਦੇ ਥੱਕ ਗਏ । ਧੂੜ ਘੱਟੇ ਨਾਲ਼ ਸਾਰਿਆਂ ਦੇ ਮੂੰਹ ਸਿਰ ਭਰ ਗਏ । ਸਵੇਰ ਦੇ ਚੱਲੇ ਦੁਪਹਿਰ ਹੋਣ ਤੇ ਆਈ ਪਾਣੀ ਵੀ ਨਸੀਬ ਨਾਂ ਹੋਇਆ ਨਾਂ ਹੀ ਸੰਭੂਕ ਲੱਭਿਆ । ਥੱਕ ਹਾਰ ਗਏ, ਪਾਣੀ ਬਾਝੋ ਜੀਭ ਤਾਲੂਏ ਨੂੰ ਲੱਗ ਗਈ ਪਰ ਸੰਬੂਕ ਦਾ ਕੋਈ ਅਤਾ ਪਤਾ ਨਾਂ ਲੱਗਾ । ਜੰਗਲਾਂ ਵੱਲ ਨੂੰ ਹੋ ਤੁਰੇ । ਤੁਰਦੇ ਤੁਰਦੇ ਇੱਕ ਬਹੁਤ ਹੀ ਰਮਣੀਕ ਘਾਟੀ ਦਿਖਾਈ ਦਿੱਤੀ । ਉਹਨਾਂ ਆਪਣੀਆਂ ਫੌਜਾਂ ਦਾ ਰੁੱਖ ਉਸ ਰਮਣੀਕ ਘਾਟੀ ਵੱਲ ਨੂੰ ਕਰ ਦਿਤਾ । ਉਸ ਰਮਣੀਕ ਘਾਟੀ ਤੇ ਜਾ ਕੇ ਦੇਖਿਆ ਕਿ ਉਥੇ ਫੁੱਲਾਂ ਫਲਾਂ ਦੇ ਦਰਖਤ ਭਰੇ ਪਏ ਸਨ । ਪਾਣੀ ਦੇ ਚਸ਼ਮੇ ਚੱਲ ਰਹੇ ਸਨ । ਹਰੀ ਭਰੀ ਘਾਟੀ ਨੂੰ ਦੇਖ ਸਾਰਿਆਂ ਦੇ ਚਿਹਰੇ ਖਿਲ ਗਏ । ਭਗਵਾਨ ਸ੍ਰੀ ਰਾਮ ਨੇ ਉਸ ਹਰੀ ਭਰੀ ਘਾਟੀ ਵਿੱਚ ਕੁੱਝ ਦੇਰ ਆਰਾਮ ਕਰਨ ਦਾ ਫੁਰਮਾਨ ਜਾਰੀ ਕੀਤਾ । ਫੌਜਾਂ ਨੇ ਆਪਣੇ ਘੋੜੇ ਹਰੇ ਭਰੇ ਮੈਦਾਨਾਂ ਵਿੱਚ ਚਰਨ ਲਈ ਛੱਡ ਦਿਤੇ । ਭਗਵਾਨ ਸ੍ਰੀ ਰਾਮ ਨੇ ਰੱਜ ਰੱਜ ਪਾਣੀ ਪੀਤਾ ਅਤੇ ਬਾਗ ਵਿੱਚੋਂ ਫਲ਼ ਤੋੜ ਕੇ ਖਾਧੇ । ਭਗਵਾਨ ਸ੍ਰੀ ਰਾਮ ਉਸ ਬਾਗ ਵਿੱਚੋਂ ਪਾਣੀ ਪੀ, ਫਲ਼ ਫਰੂਟ ਖਾ ਅਨੰਦਿਤ ਹੋ ਗਏ । ਉਹਨਾਂ ਕਿਹਾ ਕਿ ਇਸ ਬਾਗ ਦੇ ਮਾਲਕ ਨੂੰ ਬੁਲਾਇਆ ਜਾਵੇ । ਬਾਗ ਦੇ ਮਾਲਕ ਨੂੰ ਭਗਵਾਨ ਰਾਮ ਦੇ ਸਿਪਾਹੀਆਂ ਤੋਂ ਜਦ ਪਤਾ ਲੱਗਾ ਕਿ ਭਗਵਾਨ ਸ੍ਰੀ ਰਾਮ ਉਹਨਾਂ ਦੇ ਬਾਗ ਵਿੱਚ ਆਏ ਹਨ ਤਾਂ ਉਹ ਭਗਤੀ ਵਿੱਚੇ ਛੱਡ ਸਿਰ ਝੁਕਾ ਹੱਥ ਬੰਨ ਸ੍ਰੀ ਰਾਮ ਨੂੰ ਮਿਲਣ ਪਹੁੰਚ ਗਿਆ । ਉਸ ਮਹਾਪੁਰਖ ਦੇ ਹੱਥ ਜੁੜੇ ਹੋਏ ਸਨ ਅਤੇ ਸਿਰ ਸਤਿਕਾਰ ਨਾਲ਼ ਝੁਕਿਆ ਹੋਇਆ ਸੀ । ਭਗਵਾਨ ਸ੍ਰੀ ਰਾਮ ਨੇ ਉਸ ਨੂੰ ਮਿਲਦਿਆਂ ਬਹੁਤ ਸ਼ਾਬਾਸ਼ ਦਿਤੀ ਕਿ ਉਸ ਨੇ ਜੰਗਲ਼ ਵਿੱਚ ਮੰਗਲ਼ ਕਰ ਰੱਖਿਆ ਹੈ । ਭਗਵਾਨ ਸ੍ਰੀ ਰਾਮ ਉਸ ਤੋਂ ਬਹੁਤ ਖੁਸ਼ ਹੋਏ । ਉਸ ਮਹਾਪੁਰਖ ਨੇ ਭਗਵਾਨ ਸ਼੍ਰੀ ਰਾਮ ਤੋਂ ਪੁੱਛਿਆ ਕਿ ਉਹ ਉਹਨਾਂ ਦੀ ਹੋਰ ਕਿਹੜੀ ਸੇਵਾ ਕਰ ਸਕਦਾ ਹੈ ? ਇਸ ਤੇ ਸ੍ਰੀ ਰਾਮ ਨੇ ਦੱਸਿਆ ਕਿ ਉਹ ਸਵੇਰ ਤੋਂ ਸੰਭੂਕ ਨਾਮ ਦੇ ਸੂਦਰ ਨੂੰ ਲੱਭ ਰਿਹਾ ਹੈ , ਕੀ ਉਹ ਸੰਭੂਕ ਦਾ ਪਤਾ ਦੱਸ ਸਕਦਾ ਹੈ ? ਉਸ ਮਹਾਪੁਰਖ ਨੇ ਕਿਹਾ ਕਿ ਹਜੂਰ ਮੈਂ ਹੀ ਸੰਭੂਕ ਹੈ ਸੇਵਾ ਦੱਸੋ । ਭਗਵਾਨ ਰਾਮ ਤੁਰੰਤ ਗੁੱਸੇ ਵਿੱਚ ਆਏ ਉਹਨਾਂ ਆਪਣੀ ਤਲਵਾਰ ਕੱਢੀ ਅਤੇ ਉਸ ਸੰਭੂਕ ਨਾਮ ਦੇ ਮਹਾਪੁਰਖ ਦਾ ਸਿਰ ਧੜ ਤੋਂ ਵੱਖ ਕਰ ਦਿਤਾ । ਦੇਵਤਿਆਂ ਨੇ ਫੁੱਲ ਵਰਸਾਏ । ਭਗਵਾਨ ਸ੍ਰੀ ਰਾਮ ਦੀ ਜੈ ਜੈਕਾਰ ਕੀਤੀ ।
ਇਹ ਇਹਨਾਂ ਦੀ ਮਾਨਸਿਕਤਾ ਹੈ । ਏਦਾਂ ਦੀ ਮਾਨਸਿਕਤਾਂ ਵਾਲੇ ਅਖੌਤੀ ਉੱਚ ਜਾਤੀ ਦੇ ਬੰਦੇ ਪੰਜਵੇ ਗੁਰੂ ਤੋਂ ਖਫਾ ਸਨ ਕਿ ਉਹਨਾ ਨੀਵੀਂ ਜਾਤ ਵਾਲ਼ੇ ਭਗਤਾਂ ਦੀ ਬਾਣੀ ਨੂੰ ਸਾਮਿਲ ਕਿਉਂ ਕੀਤਾ? ਉਹਨਾਂ ਝੱਜੂ, ਕਾਹਨਾ,ਹੁਸੇਨ ਆਦਿ ਨੇ ਬ੍ਰਾਹਮਣ ਹਿੰਦੂ ਚੰਦੂ ਦੀ ਸ਼ਰਨ ਲਈ ਜੋ ਜਹਾਗੀਰ ਦਾ ਮੰਤਰੀ ਸੀ । ਉਹਨਾਂ ਮਿਲ਼ ਕੇ ਬਾਦਸ਼ਾਹ ਕੋਲ਼ ਝੂਠੀਆਂ ਲੂਤੀਆਂ ਲਗਾਈਆਂ ਅਤੇ ਗੁਰੂ ਜੀ ਨੂੰ ਅੱਤਵਾਦੀ ਗਰਦਾਨਿਆ । ਜਹਾਗੀਰ ਜਿਹੜਾ ਗੁਰੂ ਸਾਹਿਬ ਦੀ ਵੱਧਦੀ ਲੋਕ ਪ੍ਰਿਯਤਾ ਤੋ ਘਬਰਾਇਆ ਹੋਇਆ ਸੀ ਅਤੇ ਗੁਰੂ ਜੀ ਨੂੰ ਫੜਨ ਦਾ ਕੋਈ ਬਹਾਨਾ ਹੀ ਭਾਲ਼ਦਾ ਸੀ ਉਪਰੋਕਤ ਬੰਦਿਆਂ ਦੀਆਂ ਝੂਠੀਆਂ ਗਵਾਹੀਆਂ ਨੇ ਜਹਾਗੀਰ ਦਾ ਕੰਮ ਸੁਖਾਲ਼ਾ ਕਰ ਦਿਤਾ ਅਤੇ ਉਸ ਨੇ ਗੁਰੂ ਜੀ ਨੂੰ ਤੱਤੀ ਤਵੀ ਤੇ ਬੈਠਾ ਕੇ, ਸਿਰ ਤੇ ਤੱਤਾ ਰੇਤ ਪਾ ਕੇ ਭੁੰਨ ਕੇ ਖਿੱਲ ਬਣਾ ਕੇ ਰਾਵੀ ਵਿੱਚ ਰੋੜ ਦਿਤਾ । ਉਹਨਾਂ ਦੀ ਸ਼ਹੀਦੀ ਤੇ ਚੰਦੂਆਂ ਗਂੰਗੂਆਂ ਨੇ ਜਹਾਗੀਰ ਦੀ ਜਰੂਰ ਜੈ ਜੈ ਕਾਰ ਕੀਤੀ ਹੋਵੇਗੀ ।
ਮੌਜੂਦਾ ਦੌਰ ਵਿੱਚ ਵੀ ਕਈ ਗੁਰੂ ਗ੍ਰੰਥ ਸਾਹਿਬ ਨੂੰ ਸੁੱਧ ਕਰਨ ਦੇ ਚੱਕਰਾਂ ਵਿੱਚ ਪਏ ਹੋਏ ਹਨ ਅਤੇ ਉਹ ਚਹੁੰਦੇ ਹਨ ਕਿ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਵਿੱਚੋਂ ਬਾਹਰ ਕੀਤਾ ਜਾਵੇ । ਇਹਨਾਂ ਮੁਤੱਸਬੀਆਂ ਅਤੇ ਚਾਲਬਾਜਾਂ ਤੇ ਤਿਰਛੀ ਨਜ਼ਰ ਰੱਖਣ ਦੀ ਜਰੂਰਤ ਹੈ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
No comments:
Post a Comment