ਪੰਜਾਬ ਚ ਰਵਿਦਾਸੀਆਂ ਦੇ ਡੇਰਿਆਂ ਦੀ ਅਸਲੀਅਤ
ਪੰਜਾਬ ਚ ਰਵਿਦਾਸੀਆਂ ਦੇ ਡੇਰਿਆਂ ਦੀ ਅਸਲੀਅਤ
”ਸ਼ੂਦਰ ਦਾ ਕਰਮ ਬਿਨਾਂ ਕਿਸੇ ਨਿੰਦਿਆ ਚੁਗਲੀ ਦੇ ਤਿੰਨਾਂ ਵਰਣਾਂ ਦੇ ਲੋਕਾਂ ਦੀ ਸੇਵਾ ਕਰਨਾ ਹੈ” (ਮਨੂੰਸਮ੍ਰਿਤੀ, 91)। ”ਸ਼ੂਦਰ ਦਾ ਅਰਥ ‘ਦੂਜਿਆਂ ਦਾ ਨੌਕਰ’ ਅਤੇ ਉਹ ਮਨੁੱਖ ਜਿਸ ਨੂੰ ਜਦੋਂ ਮਰਜੀ ਕਤਲ ਕਰ ਦੇਵੋ ਜਾਂ ਜਦੋਂ ਚਾਹੋ ਬਰਾਦਰੀ ‘ਚੋਂ ਬਾਹਰ ਕੱਢ ਦੇਵੋ” (ਮਨੂੰਸਮ੍ਰਿਤੀ)। ਇਨ੍ਹਾਂ ਰੱਬੀ ਫ਼ਰਮਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਰਿਗਵੇਦ ਕਾਲ ਦੌਰਾਨ ਆਸੁਰ, ਰਾਖ਼ਸ਼ਸ਼ ਸਮਝੇ ਜਾਣ ਵਾਲੇ, ਮਨੂੰਸਮ੍ਰਿਤੀ ਅਨੁਸਾਰ ਸ਼ੂਦਰ ਅਛੂਤ ਸਮਝੇ ਜਾਣ ਵਾਲੇ ਇਕ ਦਲਿਤ ਚਮਾਰ ਦਾ ਦਿਲ ਅੱਜ ਬ੍ਰਾਹਮਣਵਾਦੀ ਸੋਚ ਦੀ ਨਿੰਦਿਆ ਚੁਗਲੀ ਕਰਨ ਨੂੰ ਕਰਦਾ ਹੈ, ਕਿਉਂਕਿ ਰਿਗਵੇਦ ਤੋਂ ਹੀ ਸ਼ੂਦਰ ਡਰਦਾ/ਮਰਦਾ/ਤਡ਼ਫ਼ਦਾ ਰਿਹਾ, ਬਰਾਦਰੀ ਚੋਂ ਛੇਕਿਆ ਗਿਆ, ਜਦੋਂ ਜੀਅ ਚਾਹਿਆ ਕਤਲ ਕਰ ਦਿੱਤਾ ਜਾਂਦਾ ਰਿਹਾ ਹੈ। ਸਿੰਧੂ ਘਾਟੀ ਦੀ ਸੱਭਿਅਤਾ ਜਿਸਨੂੰ ਚਮਾਰਾਂ ਦੀ ਸੱਭਿਅਤਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਰਿਗਵੇਦ ਵਿਚ ਵੀ ‘ਚਮਾਰਾਂ’ ਦਾ ਵਰਣਨ ਆਉਂਦਾ ਹੈ ਜਿਹਨਾਂ ਨੂੰ ਸ਼ੂਦਰ ਲਿਖਿਆ ਹੈ। ਇਹ ਸਭ ਕੁਝ ਮੂਲ ਨਿਵਾਸੀ ਲੋਕਾਂ ਤੇ ਪਾਬੰਧੀਆਂ ਲਗਾ ਕੇ ਗੁਲਾਮ ਬਣਾਉਣ ਲਈ ਸਾਜਿਸ਼ ਸੀ ਤਾਂ ਜੋ ਬਹੁਗਿਣਤੀ ਲੋਕ ਆਰੀਆ ਲੋਕਾਂ ਦੀ ਗੁਲਾਮੀ ਤਨੋਂ-ਮਨੋਂ ਸਵਿਕਾਰ ਕਰ ਲੈਣ।
ਇਕ ਜੰਗ ਜੋ ਸਿੰਧੂ ਘਾਟੀ ਦੇ ਮੂਲ ਨਿਵਾਸੀ ਲੋਕਾਂ ਦੀ ਵਿਦੇਸ਼ੀ ਆਰੀਆ ਵਿਚ ਚੱਲੀ। ਇਸ ਵਿਰੋਧਾਭਾਸ ਵਿਚੋਂ ਉਪਜੇ ਵੇਦ, ਸ਼ਾਸ਼ਤਰ, ਗੀਤਾ, ਰਮਾਇਣ, ਪੁਰਾਣਾਂ ਅਤੇ ਮਨੂੰਸਿਮ੍ਰਤੀ। ਜਿਨ੍ਹਾਂ ਦੁਆਰਾ ਮੂਲ ਨਿਵਾਸੀਆਂ ਨੂੰ ਸ਼ੂਦਰ ਅਤੇ ਅਤਿਨੀਚ ਦਾ ਦਰਜਾ ਦਿੱਤਾ ਗਿਆ ਸੀ। ਆਰੀਆ ਜਾਂ ਬ੍ਰਾਹਮਣ ਲਾੱਬੀ ਦੀ ਦਾਦ਼ ਦੇਣੀ ਬਣਦੀ ਹੈ ਜਿਨ੍ਹਾਂ ਨੇ ਕੁਕਰਮ ਵੀ ਕੀਤੇ, ਜ਼ੁਲਮ ਵੀ ਕੀਤੇ, ਕਤਲੇਆਮ ਵੀ ਕੀਤੇ, ਮਨੁੱਖਤਾ ਨੂੰ ਲਤਾਡ਼ਿਆ ਤੇ ਫਿਰ ਵੀ ਰਹੇ ਪਵਿੱਤਰ ਦੇ ਪਵਿੱਤਰ। ਇਹ ਸਭ ਕਿਸ ਲਈ? ਸਿਰਫ਼ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਅਤੇ ਮੁਫ਼ਤ ਦੀਆਂ ਰੋਟੀਆਂ ਸੇਕਣ ਲਈ। ਠੰਡੇ ਮੁਲਕ ਵਿਚੋਂ ਆਏ ਚੰਦ ਵਿਦੇਸ਼ੀ ਆਰੀਆਂ ਬਹੁ-ਗਿਣਤੀ ਮੂਲ ਨਿਵਾਸੀਆਂ ਦੀ ਸੱਭਿਅਤਾ ਨੂੰ ਖ਼ਤਮ ਕਰਨ ਵਿਚ ਕਾਮਯਾਬ ਹੋ ਗਏ, ਇਹ ਸਭ ਕੁਝ ਕਿਸ ਕਾਰਨ ਸੰਭਵ ਹੋ ਸਕਿਆ? ਸਿਰਫ਼ ‘ਧਰਮ’ ਦੇ ਕਾਰਨ। ਊਟ-ਪਟਾਂਗ ਕਰਮਕਾਂਡ ਨੂੰ ‘ਧਰਮ’ ਦਾ ਨਾਮ ਦੇ ਕੇ ਲੋਕਾਂ ਨੂੰ ਮਾਨਸਿਕ ਰੂਪ ਵਿਚ ਗੁਲਾਮ ਬਣਾ ਲਿਆ ਗਿਆ ਅਤੇ ਸਰੀਰਕ ਰੂਪ ਵਿਚ ਉਹ ਆਪ ਹੀ ਗੁਲਾਮ ਬਣ ਗਏ। ਭਾਰਤ ਦੇ ਲੋਕ ਅੱਜ ਵੀ ਧਾਰਮਿਕ ਤੌਰ ‘ਤੇ ਬ੍ਰਾਹਮਣਵਾਦ ਦੇ ਇੰਨੇ ਮਾਨਸਿਕ ਗੁਲਾਮ ਬਣ ਗਏ ਹਨ ਕਿ ਉਹ ਇਸਦੀ ਜਕਡ਼ਨ ਵਿਚੋਂ ਨਿਕਲਣ ਦਾ ਨਾਮ ਹੀ ਨਹੀਂ ਲੈ ਰਹੇ। ਅੱਜ ਇਸੇ ਬ੍ਰਾਹਮਣਵਾਦੀ ਮਾਨਸਿਕਤਾ ਨੇ ਧਰਮ ਨੂੰ ਬਿਜਨੈੱਸ ਬਣਾ ਕੇ ਭਾਰਤ ਨੂੰ ਦਵਾਲੀਆ ਕਰ ਦਿੱਤਾ ਹੈ। ਭਾਰਤ ਵਿਚ ਧਰਮ ਹੀ ਸਭ ਤੋਂ ਵੱਡਾ ਬਿਜਨੈੱਸ ਉੱਭਰ ਕੇ ਸਾਮ੍ਹਣੇ ਆਇਆ ਹੈ ਕਿਉਂਕਿ ਇੱਥੇ ਲੋਕਾਂ ਦੀ ਮਾਨਸਿਕਤਾ ਹੀ ਐਸੀ ਹੋ ਗਈ ਹੈ ਕਿ ਧਰਮ ਦੇ ਨਾਮ ਤੇ ਜਿਸਨੂੰ ਮਰਜੀ ਮੂਰਖ ਬਣਾਇਆ ਜਾ ਸਕਦਾ ਹੈ। ਇਸ ਲਈ ਅੱਜ ਭਾਰਤ ਦੀ ਤਰਸਯੋਗ ਹਾਲਤ ਸਾਡੇ ਸਾਮ੍ਹਣੇ ਹੈ, ਧਰਮ ਦੇ ਨਾਮ ਤੇ ਲੁੱਟਣ ਵਾਲੇ ਅਤੇ ”ਬ੍ਰਾਹਮਣਵਾਦੀ ਰੱਬ” ਨਾਲ ਜੋਡ਼ਨ ਵਾਲੇ ਅਸਥਾਨ ਭਾਰਤ ਦੇ ਚੱਪੇ-ਚੱਪੇ ਤੇ ਮੌਜੂਦ ਹਨ, ਇਹਨਾਂ ਨੂੰ ਅਸੀਂ ਬਡ਼ੇ ਪਿਆਰ ਨਾਲ ‘ਡੇਰੇ’ ਕਹਿੰਦੇ ਹਾਂ। ਹਰੇਕ ਕਿਲੋਮੀਟਰ ਤੇ ਬਣੇ ਵੱਖਰੇ ਵੱਖਰੇ ਡੇਰੇ ਦਾ ਰੱਬ ਤੱਕ ਪਹੁੰਚਣ ਦਾ, ਮਨੁੱਖੀ ਮੁਕਤੀ ਦਾ, ਜ਼ਾਤ-ਬਰਾਦਰੀ ਦੀ ਮੁਕਤੀ ਦਾ, ਰਾਹ ਵੱਖਰਾ ਹੀ ਹੈ। ਪਰ ਬ੍ਰਾਹਮਣਵਾਦੀ ਮਾਨਸਿਕਤਾ ਸਭ ਦੀ ਇਕੋ ਜਿਹੀ ਹੈ।
ਜਿਹਡ਼ੇ ਡੇਰੇ ਜਾਂ ਧਾਰਮਿਕ ਸੰਸਥਾਵਾਂ ਚਲਾ ਹੀ ਉੱਚ ਵਰਗ ਰਿਹਾ ਹੈ ਉਹ ਤਾਂ ਬੇਝਿੱਜਕ ਬ੍ਰਾਹਮਣਵਾਦ ਦਾ ਪ੍ਰਚਾਰ ਕਰਦੇ ਹਨ। ਜਿਹਡ਼ੇ ਡੇਰੇ ਮੂਲ ਨਿਵਾਸੀਆਂ ਨਾਲ ਜੁਡ਼ੇ ਹੋਏ ਹੁੰਦੇ ਹਨ ਉਹ ਅਸਿੱਧੇ ਤੌਰ ਬ੍ਰਾਹਮਣਵਾਦ ਦਾ ਪ੍ਰਚਾਰ ਕਰਦੇ ਹਨ ਅਤੇ ਸਿੱਧੇ ਤੌਰ ਤੇ ਇਸ ਲਈ ਝਿਜਕਦੇ ਹਨ ਕਿਉਂਕਿ ਸਾਡੇ ਦਲਿਤ ਰਹਿਬਰਾਂ ਦੀ ਵਿਚਾਰਧਾਰਾ ਉਹਨਾਂ ਦੇ ਰਸਤੇ ਦਾ ਰੋਡ਼ਾ ਬਣ ਜਾਂਦੀ ਹੈ ਪਰ ਕਰਨਾ ਇਹਨਾਂ ਨੇ ਵੀ ਬ੍ਰਾਹਮਣਵਾਦ ਦਾ ਪ੍ਰਚਾਰ ਹੁੰਦਾ ਹੈ, ਥੋਡ਼੍ਹਾ ਯੂ-ਟਰਨ ਲੈ ਕੇ। ਇਹ ਬ੍ਰਾਹਮਣਵਾਦੀ ਮਾਨਸਿਕਤਾ ਬ੍ਰਾਹਮਣਾਂ ਵਿਚੋਂ ਨਿਕਲ ਕੇ ਸਾਡੇ ਸਮਾਜ ਵਿਚ ਕਦੋਂ ਅਤੇ ਕਿਸ ਤਰ੍ਹਾਂ ਪੈਦਾ ਹੋਈ ਪਹਿਲਾਂ ਇਸਦਾ ਵਰਣਨ ਕਰਦੇ ਹਾਂ ਫਿਰ ਹੀ ਅਸੀਂ ਇਹ ਸਮਝਾਂਗੇ ਕਿ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਵਾਲੀ ਸੋਚ ਤੋਂ ਇਹ ਡੇਰੇ ਅਤੇ ਡੇਰਿਆਂ ਦੇ ਸੰਚਾਲਕ ਕਿਵੇਂ ਭਿੰਨ ਹਨ ਅਤੇ ਇਹ ਬੇਗ਼ਮਪੁਰੇ ਵਾਲੀ ਸੋਚ ਦੇ ਐਨ ਉਲਟ ਕਿਵੇਂ ਭੁਗਤ ਰਹੇ ਹਨ। ਜਿਸ ਕਾਰਨ ਭਾਰਤ ਦਿਨੋਂ-ਦਿਨ ਤਰਸਯੋਗ ਹਾਲਤ ਵਿਚ ਗਲਤਾਨ ਹੋ ਰਿਹਾ ਹੈ ਅਤੇ ਹਿੰਦੂਵਾਦੀ/ਬ੍ਰਹਾਣਵਾਦੀ ਮਾਨਸਿਕਤਾ ਵਿਚੋਂ ਨਿਕਲਣ ਦਾ ਨਾਮ ਹੀ ਨਹੀਂ ਲੈ ਰਿਹਾ। ਬ੍ਰਾਹਮਣ ਅਤੇ ਬ੍ਰਾਹਮਣਵਾਦ ਵਿਚ ਫ਼ਰਕ ਸਿਰਫ਼ ਇੰਨਾ ਹੈ ਕਿ ਬ੍ਰਾਹਮਣ ਉਹ ਮਨੁੱਖ ਹੈ ਜੋ ਸਿਰਫ਼ ਬ੍ਰਾਹਮਣ ਦੇ ਘਰ ਜਨਮ ਲੈਂਦਾ ਹੈ ਅਤੇ ਬ੍ਰਾਹਮਣਵਾਦੀ ਮਾਨਸਿਕਤਾ ਅਜਿਹੀ ਮਾਨਸਿਕਤਾ ਹੈ ਜਿਸਨੂੰ ਅਸੀਂ ਸਭ ਨੇ ਧਾਰਨ ਕਰ ਰੱਖਿਆ ਹੈ।
ਬ੍ਰਾਹਮਣ ਤਾਂ ਸਿਰਫ਼ ਬ੍ਰਾਹਮਣ ਹੀ ਪੈਦਾ ਹੋ ਸਕਦਾ ਸੀ ਜਾਂ ਬਣ ਸਕਦਾ ਸੀ, ਇਸ ਵਿਚ ਕੋਈ ਸ਼ੱਕ ਨਹੀਂ ਹੈ। ਕੋਈ ਹੋਰ ਜ਼ਾਤ ਵਾਲਾ ਜਾਂ ਵਰਣ ਵਾਲਾ ਬੰਦਾ ਬ੍ਰਾਹਮਣ ਨਹੀਂ ਬਣ ਸਕਦਾ ਸੀ। ਹਾਂ, ਇਕ ਹਾਸੇ ਵਾਲਾ ਵਾਕਿਆ ਯਾਦ ਆ ਗਿਆ ਜੋ ਇਸ ਗੱਲ ਨੂੰ ਸਮਝਣ ਵਿਚ ਮਦਦ ਕਰੇਗਾ ਕਿ ਕਿਸੇ ਗੈਰ-ਬ੍ਰਾਹਮਣ ਬੰਦੇ ਦਾ ਬ੍ਰਾਹਮਣ ਬਣਨਾ ਕਿੰਨਾ ਮੁਸ਼ਕਲ ਹੈ। ਇਕ ਵਾਰੀ ਇਕ ਅੰਗਰੇਜ਼ ਕਾਂਸ਼ੀ ਪਹੁੰਚਿਆ ਹੋਇਆ ਸੀ ਉਸਨੇ ਹਿੰਦੂ ਧਰਮ ਦੇ ਰੀਤੀ-ਰਿਵਾਜਾਂ ਨੂੰ ਦੇਖਦੇ ਹੋਏ ਓਥੋਂ ਦੇ ਇਕ ਬ੍ਰਾਹਮਣ ਨੂੰ ਬੇਨਤੀ ਕੀਤੀ ਕਿ ਉਹ ਬ੍ਰਾਹਮਣ ਬਣਨਾ ਚਾਹੁੰਦਾ ਹੈ ਇਸ ਲਈ ਉਸਨੂੰ ਕੀ ਕਰਨਾ ਹੋਵੇਗਾ? ਕਿਉਂਕਿ ਉਹ ‘ਬ੍ਰਾਹਮਣ’ ਦੀ ਉੱਚਿਤਾ ਨੂੰ ਸਮਝ ਗਿਆ ਸੀ ਤੇ ਉਹ ਹਿੰਦੂ ਧਰਮ ਵਿਚ ਸ਼ਰਧਾ ਵੀ ਰੱਖਦਾ ਸੀ ਪਰ ਉਹ ਬਣਨਾ ਬ੍ਰਾਹਮਣ ਹੀ ਚਾਹੁੰਦਾ ਸੀ। ਤਾਂ ਅੱਗੋਂ ਬ੍ਰਾਹਮਣ ਨੇ ਕਿਹਾ ਕਿ ਕੀ ਤੂੰ 100 ਯੱਗ ਕਰਵਾ ਸਕਦਾ ਹੈ? ”ਹਾਂ ਜੀ ਕਰਵਾ ਸਕਦਾ ਹਾਂ”, ਉਹ ਬੋਲਿਆ। ਬ੍ਰਾਹਮਣ ਨੇ ਫਿਰ ਕਿਹਾ, ”ਇਸਦੇ ਨਾਲ ਨਾਲ ਇਕ ਕਿੱਲੋ ਸੋਨਾ ਕਿਸੇ ਬ੍ਰਾਹਮਣ ਨੂੰ ਦਾਨ ਦੇ ਦੇਵੀਂ।” ”ਹਾਂ ਜੀ ਦੇ ਦਊਂਗਾ”, ਉਹ ਫਿਰ ਬੋਲਿਆ। ਤੈਨੂੰ ਆਪਣਾ ਸਭ ਕੁਝ ਘਰ-ਬਾਰ, ਜ਼ਮੀਨ ਜਾਇਦਾਦ ਬ੍ਰਾਹਮਣ ਨੂੰ ਦਾਨ ਕਰਨਾ ਪਵੇਗਾ ਇਹ ਸੁਣ ਕੇ ਉਹ ਅੰਗਰੇਜ਼ ਕਹਿਣ ਲੱਗਾ ”ਜੀਅ ਮੈਂ ਕਰ ਦੇਵਾਂਗਾ ਕੀ ਫਿਰ ਮੈਂ ਬ੍ਰਾਹਮਣ ਬਣ ਜਾਵਾਂਗਾ?” ਉਸ ਬ੍ਰਾਹਮਣ ਨੇ ਕਿਹਾ, ”ਇਹ ਸਭ ਕੁਝ ਕਰਨ ਦੇ ਬਾਅਦ ਤੂੰ ਬ੍ਰਾਹਮਣ ਤਾਂ ਜਰੂਰ ਬਣ ਜਾਵੇਂਗਾ ਪਰ ਇਸ ਜਨਮ ਵਿਚ ਨਹੀਂ ਅਗਲੇ ਜਨਮ ਵਿਚ। ਤੂੰ ਇਹ ਸਭ ਕੁਝ ਕਰਨ ਤੋਂ ਬਾਅਦ ਗੰਗਾ ਦੇ ਕਿਨਾਰੇ ਆਪਣੇ ਮਨ ਵਿਚ ਇਹ ਇੱਛਾ ਧਾਰ ਕੇ ਪਾਣੀ ਵਿਚ ਛਾਲ ਮਾਰ ਕੇ ਮਰ ਜਾ ਕਿ ਮੇਰਾ ਅਗਲਾ ਜਨਮ ਬ੍ਰਾਹਮਣ ਦੇ ਘਰ ‘ਚ ਹੋਵੇ, ਫਿਰ ਤੂੰ ਅਗਲੇ ਜਨਮ ਵਿਚ ਜਰੂਰ ਬ੍ਰਾਹਮਣ ਬਣ ਕੇ ਜਨਮ ਲਵੇਂਗਾ।” ਇਹ ਸੁਣ ਕੇ ਗੋਰਾ ਬਹੁਤ ਹੈਰਾਨ ਹੋਇਆ ਅਤੇ ਆਪਣਾ ਬੋਰੀ-ਬਿਸਤਰਾ ਚੁੱਕ ਕੇ ਓਥੋਂ ਰਫੂ-ਚੱਕਰ ਹੋ ਗਿਆ। ਇਸ ਤਰ੍ਹਾਂ ਤੁਸੀਂ ਦੇਖ ਲਓ ਇਕ ਗੈਰ-ਬ੍ਰਾਹਮਣ ਦਾ ਬ੍ਰਾਹਮਣ ਬਣਨਾ ਕਿੰਨਾ ਮੁਸ਼ਕਲ ਹੈ।
ਮਨੂੰਸਮ੍ਰਿਤੀ (1,99,100) ਦੀ ਗਵਾਹੀ ਹੈ ਕਿ ਬ੍ਰਾਹਮਣ ਜਨਮ ਤੋਂ ਹੀ ਸਭ ਸ੍ਰਿਸ਼ਟੀ ਦੇ ਜੀਵਾਂ ਵਿਚੋਂ ਸ੍ਰੇਸ਼ਟ ਹੈ। ਉਹ ਸਾਰੇ ਪ੍ਰਾਣੀਆਂ ਦਾ ਈਸ਼ਵਰ ਹੈ ਅਤੇ ਖ਼ਜ਼ਾਨੇ ਦਾ ਰੱਖਿਅਕ ਵੀ। ਇਸ ਸੰਸਾਰ ਵਿਚ ਜੋ ਵੀ ਸੰਪਤੀ ਹੈ, ਉਹ ਬ੍ਰਾਹਮਣ ਦੀ ਨਿੱਜੀ ਹੈ। ਬ੍ਰਾਹਮਣ ਚਾਹੇ ਪਰਾਇਆ ਅੰਨ ਖਾਵੇ, ਪਰਾਏ ਵਸਤਰ ਪਹਨੇ, ਪਰਾਏ ਧਨ ਨੂੰ ਲੈ ਲਵੇ ਤਾਂ ਵੀ ਇਹ ਸਭ ਉਸਦੇ ਰਿਣੀ ਹਨ ਕਿਉਂਕਿ ਸਾਰੇ ਜੀਵ ਬ੍ਰਾਹਮਣ ਦੀ ਦਇਆ ਤੇ ਜਿਊਂਦੇ ਹਨ। ਭਾਗਵਤ ਗੀਤਾ (4-13) ਨੇ ਵੀ ਹੱਦ ਲਾਹ ਦਿੱਤੀ ਹੈ, ਲਿਖਿਆ ਹੈ ਕਿ ਸਿਰਜਣਹਾਰ ਨੇ ਮਨੁੱਖ ਦੀਆਂ ਜਮਾਂਦਰੂ ਯੋਗਤਾਵਾਂ ਅਤੇ ਸਮਰਥਾਵਾਂ ਦੇ ਆਧਾਰ ‘ਤੇ ਚਾਰਾਂ ਵਰਣਾਂ ਦੇ ਕਰਤੱਵ ਤੇ ਕੰਮ ਵੰਡ ਦਿੱਤੇ ਹਨ। ਦੇਖਿਆ ਜਾਵੇ ਤਾਂ ਦਲਿਤ ਸਮਾਜ ਦੀ ਗੁਲਾਮੀਂ ਦੇ ਅਸਲੀ ਬੀਜ ਹਿੰਦੂ ਧਰਮ ਦੀਆਂ ਇਹਨਾਂ ਧਾਰਮਿਕ ਪੁਸਤਕਾਂ ਵਿਚ ਹੀ ਬੋਹ ਦਿੱਤੇ ਗਏ ਹਨ ਜੋ ਕਿ ਬਹੁਤ ਵੱਡਾ ਬੋਡ਼੍ਹ ਦਾ ਦਰਖ਼ਤ ਬਣਕੇ ਦਲਿਤਾਂ ਦੀ ਛਾਤੀ ਤੇ ਅਜੇ ਵੀ ਜਿਊਂ ਦਾ ਤਿਉਂ ਉੱਗਿਆ ਖਡ਼੍ਹਾ ਹੈ। ਇਸੇ ਲਈ ਮਨੂੰਸਮ੍ਰਿਤੀ ਵਿਚ ਦਰਜ ਹੈ, ”ਵਾਧੂ ਦੀ ਦਲੀਲਬਾਜੀ ਛੱਡ ਕੇ ਵੇਦਾਂ ਤੇ ਸਿਮਰਤੀਆਂ ਦੇ ਪਿੱਛੇ ਹੀ ਲੱਗਣਾ ਚਾਹੀਦਾ ਹੈ।”
ਰਿਗਵੇਦ ਵਿਚ ਸਿਰਫ਼ ਚਾਰ ਵਰਣਾਂ ਦਾ ਹੀ ਜ਼ਿਕਰ ਹੈ ਅਤੇ ਚਮਾਰਾਂ ਨੂੰ ਸ਼ੂਦਰ ਵਰਣ ਵਿਚ ਹੀ ਗਿਣਿਆ ਗਿਆ ਹੈ ਪੰਜਵਾਂ ਵਰਣ ਭਾਵ ਅਤਿ-ਸ਼ੂਦਰ (ਅਤਿ-ਨੀਚ) ਬਾਅਦ ਵਿਚ ਪਨਪਿਆ ਅਤੇ ਸ੍ਰੋਤਾਂ ਅਨੁਸਾਰ ਛੂਆ-ਛੂਤ ਦਾ ਜਨਮ 300-400 ਈ. ਦੇ ਵਿਚਕਾਰ ਹੋ ਚੁੱਕਾ ਸੀ। ਇਹ ਛੂਆ-ਛੂਤ ਸਤਿਗੁਰੂ ਨਾਮਦੇਵ, ਸਤਿਗੁਰੂ ਕਬੀਰ, ਸਤਿਗੁਰੂ ਰਵਿਦਾਸ ਜੀ ਦੇ ਵੇਲੇ ਆਪਣੀ ਚਰਮ-ਸੀਮਾਂ ‘ਤੇ ਪਹੁੰਚ ਚੁੱਕੀ ਸੀ। ਓਦੋਂ ਸ਼ੂਦਰ/ਨੀਚ/ਅਤਿ-ਨੀਚ ਸਮਝੀ ਜਾਂਦੀ ਚਮਾਰ ਜਾਤੀ ਵਿਚ ਪੈਦਾ ਹੋ ਕੇ ਗੁਰੂ ਰਵਿਦਾਸ ਜੀ ਨੇ ਬ੍ਰਾਹਮਣਵਾਦ ਦੇ ਖਿਲਾਫ਼ ਉੱਚ-ਕੋਟੀ ਦਾ ਬੇਗ਼ਮਪੁਰੇ ਦਾ ਸੰਦੇਸ਼ ਦਿੱਤਾ-
ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।
ਨਾਂ ਤਸਵੀਸ ਖਿਰਾਜੁ ਨ ਮਾਲੁ।। ਖਉਫੁ ਨ ਖਤਾ ਨ ਤਰਸੁ ਜਵਾਲੁ।। 1 ।। ਰਹਾਉ।।
ਕਾਇਮੁ ਦਾਇਮੁ ਸਦਾ ਪਾਤਿਸਾਹੀ।। ਦੋਮ ਨ ਸੇਮ ਏਕ ਸੋ ਆਹੀ।।
ਆਬਾਦਾਨੁ ਸਦਾ ਮਸਹੂਰ।। ਊਹਾਂ ਗਨੀ ਬਸਹਿ ਮਾਮੂਰ।। 2।।
ਤਿਉ ਤਿਉ ਸੈਲ ਕਰਹਿ ਜਿਉ ਭਾਵੈ।। ਮਹਰਮ ਮਹਲ ਨ ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।। ਜੋ ਹਮ ਸਹਰੀ ਸੁ ਮੀਤੁ ਹਮਾਰਾ।। 3 ।। 2 ।।
ਦੇਖ ਲਓ ਕਿੰਨੀ ਵੱਡੀ ਗੱਲ ਹੈ ਇਸ ਸ਼ਬਦ ਦੀ ਵਿਚਾਰਧਾਰਾ ਯੂ. ਐਨ. ਓ. ਦੀਆਂ ਮੁੱਖ ਧਰਾਵਾਂ ਨਾਲ ਬਿਲਕੁਲ ਮੇਲ ਖਾਂਦੀਆਂ ਹਨ, ਉਹ ਧਾਰਾਵਾਂ ਹਨ-
– ਸਭ ਇਨਸਾਨ ਜਨਮ ਤੋਂ ਆਜ਼ਾਦ ਅਤੇ ਗ਼ੈਰਤ ਤੇ ਅਧਿਕਾਰਾਂ ਵਿਚ ਬਰਾਬਰ ਹਨ। ਉਹਨਾਂ ਕੋਲ ਜ਼ਮੀਨ ਅਤੇ ਦਲੀਲ ਦੀ ਲਿਆਕਤ ਹੈ ਅਤੇ ਉਹਨਾਂ ਨੂੰ ਇਕ ਦੂਸਰੇ ਵੱਲ ਭਰਾਤਰੀ ਭਾਵ ਨਾਲ ਪੇਸ਼ ਆਉਣਾ ਚਾਹੀਦਾ ਹੈ।
– ਹਰ ਕੋਈ ਸਭ ਪ੍ਰਕਾਰ ਦੇ ਅਧਿਕਾਰਾਂ ਦਾ ਬਿਨਾਂ ਕਿਸੇ ਨਸਲ, ਰੰਗ, ਲਿੰਗ, ਭਾਸ਼ਾ ਧਰਮ, ਸਿਆਸੀ ਜਾਂ ਹੋਰ ਵਿਚਾਰਾਂ, ਕੌਮੀ ਜਾਂ ਸਮਾਜਕ ਪਿਛੌਕਡ਼, ਜਾਇਦਾਦ, ਜਨਮ ਜਾਂ ਕਿਸੇ ਵੀ ਹੋਰ ਹੈਸੀਅਤ ਵਿਚ ਕਿਸੇ ਵੀ ਫ਼ਰਕ ਤੋਂ ਬਗੈਰ ਹੱਕਦਾਰ ਹੈ।
– ਹਰੇਕ ਨੂੰ ਆਜ਼ਾਦੀ, ਜ਼ਿੰਦਗੀ ਅਤੇ ਵਿਅਕਤੀਗਤ ਸੁਰੱਖਿਆ ਦਾ ਅਧਿਕਾਰ ਹੈ।
– ਕਿਸੇ ਤੋਂ ਵੀ ਗੁਲਾਮੀ ਜਾਂ ਚਾਕਰੀ ਨਹੀਂ ਕਰਵਾਈ ਜਾ ਸਕਦੀ।
– ਹਰ ਕਿਸੇ ਨੂੰ ਆਪਣੇ ਦੇਸ਼ ਦੀਆਂ ਹੱਦਾਂ ਅੰਦਰ ਘੁੰਮਣ ਫਿਰਨ ਦੀ ਆਜ਼ਾਦੀ ਹੈ, ਰਹਾਇਸ਼ ਦਾ ਹੱਕਦਾਰ ਹੈ।
– ਹਰੇਕ ਨੂੰ ਕਿਸੇ ਦੇ ਦਖ਼ਲ ਤੋਂ ਬਿਨਾਂ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।
– ਹਰ ਕਿਸੇ ਨੂੰ ਬਰਾਬਰ ਦੀ ਤਨਖ਼ਾਹ ਦਾ, ਮਨਮਰਜੀ ਦਾ ਰੁਜ਼ਗਾਰ ਚੁਨਣ, ਕੰਮ ਦੌਰਾਨ ਵਿਹਲ ਅਤੇ ਆਰਾਮ ਦਾ ਬਰਾਬਰ ਅਧਿਕਾਰ ਹੈ।
– ਹਰ ਕੋਈ ਇਕ ਸਮਾਨ ਨਾਗਰਿਕਤਾ ਦਾ ਹੱਕਦਾਰ ਹੈ।
ਇਸੇ ਬੇਗ਼ਮਪੁਰੇ ਦੇ ਸੰਕਲਪ ਨੂੰ ਬਾਕੀ ਸੰਤ-ਗੁਰੂਆਂ ਨੇ ਵੀ ਅਪਣਾਇਆ। ਮੁਸਲਮਾਨਾਂ ਦੇ ਆਉਣ ਨਾਲ ਵੀ ਬ੍ਰਾਹਮਣਵਾਦ ਦੀ ਜਕਡ਼ ਢਿੱਲੀ ਹੋਈ ਅਤੇ ਸੰਤ-ਗੁਰੂਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਬ੍ਰਾਹਮਣ ਦੀ ਉੱਚਿਤਾ ਨੂੰ ਨਕਾਰਿਆ ਅਤੇ ਬ੍ਰਾਹਮਣ ਦੇ ਮੁਕਾਬਲੇ ਇਕ ਐਸੇ ਕਿਰਦਾਰ ਦੀ ਸਿਰਜਣਾ ਕੀਤੀ ਜੋ ਬ੍ਰਾਹਮਣ ਤੋਂ ਵੀ ਉੱਚਾ ਸੀ, ਸੰਤ ਸੀ, ਭਗਤ ਸੀ, ਗੁਰੂ ਸੀ। ਇਕ ਪਾਸੇ ਤੁਲਸੀਦਾਸ ਅਤੇ ਉਸ ਤੋਂ ਬਾਅਦ ਹੋਏ ਬ੍ਰਾਹਮਣਵਾਦੀ ਸੰਤ ਜਿਵੇਂ ਕਿ ਸੰਤ ਨਾਭਾ ਦਾਸ, ਆਨੰਤ ਦਾਸ ਆਦਿ ਨੇ ਸ਼ੂਦਰ ਸੰਤ-ਗੁਰੂਆਂ ਨੂੰ ਨੀਚਾ ਦਿਖਾਉਣ ਲਈ ਉਹਨਾਂ ਦੀ ਨਿਖੇਧੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜੇ ਪਾਸੇ ਪੰਜਾਬ ਵਿਚ ਗੁਰੂਆਂ ਨੇ ਇਹਨਾਂ ਸੰਤਾਂ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਸੰਤ ਦੀ ਮਹਿਮਾ ਦਾ ਗਾਇਨ ਕੀਤਾ ਜਿਸਦੀ ਉਦਾਹਰਣ ਹੈ-
ਉਆ ਅਉਸਰ ਕੈ ਹਉ ਬਲਿ ਜਾਈ।। ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ।। 1 ।।ਰਹਾਉ।। ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ।। ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ।। 1 ।। ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ।। ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ।। 2 ।। 4 ।। 15 ।। (ਗੁਰੂ ਅਰਜਨ ਦੇਵ, ਪੰਨਾ 1208)
ਇਸਦੇ ਉਲਟ ਕਰਮਕਾਂਢ, ਜ਼ਾਤ-ਪਾਤ, ਭੇਦ-ਭਾਵ, ਊਚ-ਨੀਚ ਵਿਚ ਫਸੇ ਹੋਏ ਬ੍ਰਾਹਮਣਾਂ/ਪੰਡਤਾਂ ਦੀ ਸੰਤ-ਗੁਰੂਆਂ ਨੇ ਰੱਜ ਕੇ ਨਿਖੇਧੀ ਕੀਤੀ, ਜਿਸ ਨਾਲ ਉਸਦੀ ਉੱਚਤਾ ਦਾ ਲੇਬਲ ਗਿਰ ਗਿਆ। ਉਦਾਹਰਣ ਦੇ ਤੌਰ ਤੇ ਦੇਖੋ-
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ।।
-
ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ ਆਇਆ।।
-
ਤੂੰ ਬ੍ਰਾਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ।।
ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ।। (ਸੰਤ ਕਬੀਰ ਸਾਹਿਬ)
-
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ।। (ਗੁਰੂ ਰਵਿਦਾਸ ਜੀ)
-
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ।।
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ।। (ਗੁਰੂ ਨਾਨਕ ਦੇਵ ਜੀ)
-
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ।।
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ।। (ਗੁਰੂ ਨਾਨਕ ਦੇਵ ਜੀ)
ਇਸ ਤਰ੍ਹਾਂ ਦੀਆਂ ਬਾਣੀ ਵਿਚ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਸ ਨਾਲ ਬ੍ਰਾਹਮਣ ਦਾ ਅਸਲੀ ਤੇ ਘਿਨੌਣਾ ਚਹਿਰਾ ਸਭ ਦੇ ਸਾਹਮਣੇ ਆ ਚੁੱਕਾ ਸੀ। ਬ੍ਰਾਹਮਣ ਦੀ ਉਚੱਤਾ ਨੂੰ ਨਕਾਰ ਕੇ ਸੰਤ-ਗੁਰੂਆਂ ਨੇ ਕਿਸਦੀ ਉੱਚਤਾ ਨੂੰ ਪ੍ਰਮਾਣਿਕਤਾ ਦਿੱਤੀ। ਸੋ, ਬ੍ਰਾਹਮਣ ਦੇ ਮੁਕਾਬਲੇ ਪਾਕ ਪਵਿਤੱਤਰ ਸੀ ਸੰਤ-ਸਾਧ-ਭਗਤ-ਬ੍ਰਹਮਗਿਆਨੀ-ਗੁਰੂ-ਸਤਿਗੁਰੂ।
ਹੁਣ ਜੇਕਰ ਗੱਲ ਕਰੀਏ ਅਜੋਕੇ ਸੰਤ-ਬਾਬਿਆਂ ਦੀ ਇਹਨਾਂ ਨੇ ਗੁਰੂਆਂ ਦੀ ਵਿਚਾਰਧਾਰਾ (ਭਾਵ ਬ੍ਰਹਾਮਣਵਾਦ ਦੇ ਉਲਟ ਬੇਗ਼ਮਪੁਰੇ ਵਾਲੀ ਵਿਚਾਰਧਾਰਾ) ਤਾਂ ਅਪਣਾਈ ਨਹੀਂ, ਉਲਟਾ ਆਪਣੇ ਆਪ ਨੂੰ ਉੱਚਾ-ਸੁੱਚਾ ਸਾਬਿਤ ਕਰਨ ਲਈ ਖ਼ੁਦ ਨੂੰ ਸੰਤ-ਸਾਧ-ਭਗਤ-ਬ੍ਰਹਮਗਿਆਨੀ-ਸਤਿਗੁਰੂ ਬਣਨ ਵੱਲ ਧਿਆਨ ਕੇਂਦਰਿਤ ਕਰ ਲਿਆ ਕਿਉਂਕਿ ਭਾਰਤ ਵਿਚ ਜੇਕਰ ਬ੍ਰਾਹਮਣ ਤੋਂ ਹੁਣ ਕੋਈ ਉੱਚੀ ਉਪਾਧੀ ਹੈ ਤਾਂ ਉਹ ਹੈ- ਸੰਤ-ਗੁਰੂ-ਸਤਿਗੁਰੂ ਦੀ। ਇਸੇ ਲਈ ਸੰਤ-ਸਤਿਗੁਰੂ ਦਾ ਬਹੁਤ ਉੱਚਾ ਦਰਜਾ ਹੈ। ਜਿਸ ਵਿਚਾਰਧਾਰਾ ਦੇ ਖਿਲਾਫ਼ ਇਹ ਉਪਾਧੀ ਖਡ਼੍ਹੀ ਕੀਤੀ ਸੀ ਉਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਬਸ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ ਇਹ ਉਪਾਧੀ ਮਿਲ ਜਾਵੇ, ਬਸ ਇਸ ਗੱਲ ਵੱਲ ਹੀ ਧਿਆਨ ਕੇਂਦਰਿਤ ਕੀਤਾ ਜਾਣ ਲੱਗ ਪਿਆ। ਕਿਉਂਕਿ, ਵਿਚਾਰਧਾਰਾ ਕਿਸੇ ਨੇ ਸਮਝੀ ਨਹੀਂ ਇਸ ਲਈ ਬ੍ਰਾਹਮਣਵਾਦ ਜਿਉਂ ਦਾ ਤਿਉਂ ਹੀ ਰਿਹਾ। ਬੇਗ਼ਮਪੁਰੇ ਦੀ ਵਿਚਾਰਧਾਰਾ ਨੇ ਜਿਸ ਸੌਡ਼ੀ ਵਿਚਾਰਧਾਰਾ ਨੂੰ ਚੋਟ ਪਹੁੰਚਾਉਣੀ ਸੀ ਸਗੋਂ ਉਹ ਇਹਨਾਂ ਸੰਤਾਂ ਸਾਧਾਂ ਕਰਕੇ ਜਿਉਂ ਦੀ ਤਿਉਂ ਹੀ ਖਡ਼੍ਹੀ ਰਹੀ, ਉਲਟਾ ਇਹਨਾਂ ਨੇ ਬ੍ਰਾਹਮਣਵਾਦ ਦਾ ਸਾਥ ਹੀ ਦਿੱਤਾ ਜਿਸ ਕਾਰਨ ਸਾਡੇ ਸਮਾਜ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦੇਸ਼ ਦਾ ਬੇਡ਼ਾ ਗਰਕ ਚੁੱਕਾ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਸ਼ਾਇਦ ਹੀ ਭਾਰਤ ਵਿਚ ਬੇਗ਼ਮਪੁਰੇ ਵਾਲੀ ਸੋਚ ਨੂੰ ਇਹ ਅਜੋਕੇ ਸੰਤ ਸਾਧ ਪਨਪਣ ਦੇਣ। ਹੁਣ ਬ੍ਰਾਹਮਣਵਾਦ ਵਿਚ ਇੰਨੀ ਤਾਕਤ ਆ ਚੁੱਕੀ ਹੈ ਕਿ ਹੋ ਸਕਦਾ ਹੈ ਕਿ ਦਲਿਤਾਂ ਦੇ ਸਾਰੇ ਚੀਂਗ-ਪੂੰਗ ਡੇਰਿਆਂ ਨੂੰ ਇਕੱਠਿਆਂ ਕਰਕੇ ਬ੍ਰਾਹਮਣਵਾਦ ਫੈਲਾਉਣ ਲਈ ਇਕੋ ਲਡ਼ੀ ਵਿਚ ਪਰੋ ਕੇ ਇਸਤੇਮਾਲ ਕਰ ਲਿਆ ਜਾਵੇ। ਇੱਥੇ ਕੋਈ ਵੀ ਵੱਡੇ ਤੋਂ ਵੱਡਾ ਡੇਰਾ ਜਾਂ ਧਰਮ ਬ੍ਰਾਹਮਣਵਾਦੀ ਸਕੈਨਿੰਗ ਵਿਚੋਂ ਦੀ ਨਿੱਕਲ ਕੇ ਹੀ ਲੋਕਾਂ ਦੇ ਰੂਬਰੂ ਹੋਇਆ ਹੈ, ਜਿੰਨੇ ਵੀ ਧਾਰਮਿਕ ਅਸਥਾਨ ਹਨ ਸਭ ਨੂੰ ਬ੍ਰਾਹਮਣਵਾਦ ਘੁਣ ਵਾਂਗੂ ਖੋਖਲਾ ਕਰ ਚੁੱਕਾ ਹੈ।
ਬ੍ਰਾਹਮਣ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਕਰਤਾ-ਧਰਤਾ ਮੰਨਦਾ ਰਿਹਾ ਹੈ ਅਤੇ ਮੁਫ਼ਤ ਦੀਆਂ ਖਾ ਕੇ ਵੀ ਉਸਨੇ ਆਪਣਾ ਇਤਿਹਾਸ ਪਾਕ-ਪਵਿੱਤਰ ਰੱਖਿਆ। ਦੂਜੇ ਪਾਸੇ ਆਪਣਾ ਸਭ ਕੁਝ ਗੁਆ ਚੁੱਕੇ ਸਿੰਧੂ ਘਾਟੀ ਦੇ ਮੂਲ ਨਿਵਾਸੀ ਲੋਕਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੀ ਪਹਿਚਾਣ ਕੀ ਹੈ? ਭਾਵੇਂ ਹਿੰਦੂ ਧਾਰਮਿਕ ਪੁਸਤਕਾਂ ਵਿਚ ਸਾਡੇ ਨਾਂ ਕੁ ਨਾਂ ਰੱਖੇ ਗਏ ਹਨ, ਸਾਨੂੰ ਆਸੁਰ, ਰਾਖ਼ਸ਼ਸ਼, ਸ਼ੂਦਰ, ਅਛੂਤ, ਢੇਡ, ਨੀਚ, ਭੰਗੀ, ਚੂਹਡ਼ੇ, ਚਮਾਰ ਆਦਿ ਨਾਵਾਂ ਨਾਲ ਪੁਕਾਰਿਆ ਗਿਆ ਹੈ ਅਤੇ ਗਾਂਧੀ ਦੁਆਰਾ ਵੀ ਦਲਿਤਾਂ ਨੂੰ ਹਰੀਜਨ ਕਹਿ ਕੇ ਗਾਲ਼ ਕੱਢੀ ਗਈ। ਇਹ ਸੀ ਬ੍ਰਾਹਣਵਾਦੀ ਮਾਨਸਿਕਤਾ ਦੀ ਦਲਿਤਾਂ ਪ੍ਰਤੀ ਘ੍ਰਿਣਾ ਦੀ ਅੰਤਹਾ। ਇਸ ਲਈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਜਿੱਥੋਂ ਤੱਕ ਦਲਿਤ ਸਮਾਜ ਦਾ ਖੁਰਾ-ਖੋਜ ਲੱਭ ਸਕਿਆ, ਲੱਭਿਆ ਅਤੇ ਆਪਣੀ ਪੁਸਤਕ WHO WAS THE SHUDRA? ਵਿਚ ਦੱਸਿਆ ਕਿ ਦਲਿਤ ਪਿੱਛੋਂ ਬੋਧੀ ਹਨ। ਬੁੱਧ ਤੋਂ ਪਹਿਲਾ ਦਲਿਤਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ, ਖੋਜਾਂ ਜਾਰੀ ਹਨ, ਪਰ ਹੁਣ ਤੱਕ ਤਾਂ ਇਹਨਾਂ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੇ ਅਸਲੀ ਵਾਰਿਸ ਮੂਲ ਨਿਵਾਸੀ ਕਹਿ ਕੇ ਹੀ ਜਾਣਿਆ ਜਾਂਦਾ ਹੈ।
ਮੈਨੂੰ ਲੱਗਦਾ ਹੈ ਇਹ ਧਰਮ ਦਾ ਚੱਕਰਵਿਊ ਵੀ ਵਿਦੇਸ਼ੀ ਆਰੀਆ ਨੇ ਜ਼ਾਤ-ਪਾਤ ਵਾਂਗ ਫੈਲਾਇਆ ਹੈ। ਸਾਰੇ ਕਰਮਕਾਂਡ ਬ੍ਰਾਹਮਣਾਂ ਵਾਲੇ ਬਸ ਨਾਮ ਵੱਖਰੇ ਵੱਖਰੇ। ਜਿਸ ਤਰ੍ਹਾਂ ਵਰਣਵੰਡ ਕਰਕੇ ਅਤੇ ਜ਼ਾਤ-ਪਾਤ ਫੈਲਾ ਕੇ ਬ੍ਰਾਹਮਣ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਠੀਕ ਇਸੇ ਤਰ੍ਹਾਂ ਹੀ ਧਰਮ ਦਾ ਰੌਲਾ ਪਾ ਕੇ ਬ੍ਰਾਹਮਣ ਆਪਣੀਆਂ ਰੋਟੀਆਂ ਸੇਕਦਾ ਰਿਹਾ। ਸ਼ੂਦਰਾਂ ਲਈ ਜਾਂ ਦਲਿਤਾਂ ਲਈ ਉੱਠੀ ਹਰੇਕ ਆਵਾਜ਼ ਨੂੰ ਧਰਮ ਦੇ ਨਾਮ ਤੇ ਬੰਦ ਕਰਵਾ ਦਿੱਤਾ ਗਿਆ। ਜਿੱਥੋਂ ਤੱਕ ਹੋ ਸਕਿਆ ਮੂਲ ਨਿਵਾਸੀਆਂ ਦਾ ਏਕੀਕਰਣ ਨਹੀਂ ਹੋਣ ਦਿੱਤਾ ਗਿਆ ਵਿਕੇਂਦਰੀਕਰਣ ਹੀ ਹੁੰਦਾ ਰਿਹਾ ਹੈ।
ਬ੍ਰਾਹਮਣਾਂ ਦੇ ਡੇਰੇ ਤਾਂ ਬ੍ਰਾਹਮਣਵਾਦੀ ਹੈ ਹੀ, ਸੰਤਮੱਤ ਦਾ ਰੌਲਾ ਪਾਉਣ ਵਾਲੇ ਅਤੇ ਆਪਣੇ ਆਪ ਨੂੰ ਰਵਿਦਾਸੀਆ ਅਖਵਾਉਣ ਵਾਲੇ ਵੀ ਬ੍ਰਾਹਮਣਵਾਦ ਦੀ ਪੰਡ ਸਿਰ ਤੇ ਚੁੱਕੀ ਬੈਠੇ ਹਨ, ਜੋ ਦਲਿਤਾਂ ਨੂੰ ਇਕ ਨਹੀਂ ਹੋਣ ਦੇ ਰਹੇ। ਹੁਣ ਗੱਲ ਕਰਦੇ ਹਾਂ ਸਾਡੇ ਚਮਾਰ ਜਾਂ ਰਵਿਦਾਸੀਆ ਡੇਰਿਆਂ ਦੀ, ਜੋ ਕਿ ਪੰਜਾਬ ਵਿਚ ਤਾਂ ਬਹੁਤ ਜ਼ਿਆਦਾ ਗਿਣਤੀ ਵਿਚ ਹਨ ਪਰ ਹੋਰ ਸਟੇਟਾਂ ਵਿਚ ਗਿਣੇ-ਚੁਣੇ ਹੀ ਹਨ। ਜਦੋਂ ਸਭ ਤੋਂ ਪਹਿਲਾਂ ਪਿੰਡਾਂ ਵਿਚ ਜਾਤ-ਪਾਤ ਵਾਲੀ ਮਾਨਸਿਕਤਾ ਅਧੀਨ ਦੋ ਦੋ ਗੁਰਦਵਾਰੇ ਬਣੇ, ਇਕ ਸਿੱਖਾਂ ਦਾ ਗੁਰਦੁਆਰਾ ਅਤੇ ਇਕ ਰਵਿਦਾਸੀਆ ਦਾ ਕਿਹਾ ਜਾਣ ਲੱਗਾ। ਜਿਹਨਾਂ ਲੋਕਾਂ ਨੂੰ ਤ੍ਰਿਸਕਾਰਿਆ ਗਿਆ ਅਤੇ ਦਬਕਾਇਆ-ਧਮਕਾਇਆ ਗਿਆ, ਭੇਦ-ਭਾਵ ਰੱਖਿਆ ਗਿਆ ਉਹਨਾਂ ਨੇ ਆਪਣੇ ਗੁਰੂਘਰ ਅਲੱਗ ਬਣਾ ਲਏ। ਜਿਵੇਂ ਹੁਣ ਰਵਿਦਾਸੀਆ ਦੇ ਅੰਮ੍ਰਿਤਬਾਣੀ ਗ੍ਰੰਥ ਅਲੱਗ ਕਰਨ ਨਾਲ ਸਿੱਖਾਂ ਨੂੰ ਕੋਈ ਫ਼ਰਕ ਨਹੀਂ ਹੈ ਇਸੇ ਤਰ੍ਹਾਂ ਓਦੋਂ ਪਿੰਡਾਂ ਵਿਚ ਦੋ ਦੋ ਗੁਰੂ ਘਰ ਬਣਨ ਨਾਲ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੋਇਆ। ਕੁਝ ਕੁ ਸਿੱਖ ਜੱਥੇਬੰਦੀਆਂ ਨੇ ਦੋ ਦੋ ਗੁਰਦੁਆਰਿਆਂ ਦਾ ਇਤਰਾਜ਼ ਕੀਤਾ ਪਰ ਜਦੋਂ ਪਿੰਡਾ ਦੇ ਸਿਵੇ ਇਕ ਕਰਨ ਦੀ ਗੱਲ ਆਈ ਤਾਂ ਉਹ ਵੀ ਚੁੱਪ ਕਰ ਗਏ। ਮਹਾਨ ਰਹਿਬਰ ਗੁਰੂ ਰਵਿਦਾਸ ਜੀ ਨੇ ਆਪਣੇ ਆਪ ਨੂੰ ਬਾਣੀ ਵਿਚ ਠੋਕ-ਵਜਾ ਕੇ ‘ਚਮਾਰ’ ਲਿਖਿਆ ਹੈ ਇਸ ਲਈ ਸਿੱਧੇ ਤੌਰ ਤੇ ਸਾਰੀ ਚਮਾਰ ਜਾਤੀ ਗੁਰੂ ਰਵਿਦਾਸ ਜੀ ਨਾਲ ਜੁਡ਼ ਗਈ ਜਿਹਡ਼ੇ ਕਿ ਹੁਣ ਕਾਫ਼ੀ ਪਡ਼੍ਹ-ਲਿਖ ਵੀ ਗਈ ਸਨ। ਪਹਿਲੀ ਵਾਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੀ ਪਿਰਤ ਵੀ ਚਮਾਰਾਂ ਨੇ ਹੀ ਸ਼ੁਰੂ ਕੀਤੀ। ਡਾ. ਅੰਬੇਡਕਰ ਨੇ ਜਦੋਂ ਅੰਗਰੇਜ਼ਾਂ ਕੋਲੋਂ ਅਧਿਕਾਰ ਲੈ ਕੇ ਦਿੱਤੇ ਅਤੇ ਪਹਿਲੀ ਵਾਰ ਇਹ ਨਿਰਣਾ ਲਿਆ ਗਿਆ ਕਿ ਕੋਈ ਵੀ ਬੰਦਾ ਸੀਰੀ ਨਹੀਂ ਹੋਵੇਗਾ ਮੁਫ਼ਤ ਵਿਚ ਜਾਂ ਸਿਰਫ਼ ਰੋਟੀ ਖਾਣ ਦੀ ਖ਼ਾਤਰ ਕੰਮ ਨਹੀਂ ਕਰੇਗਾ ਤਾਂ ਚਮਾਰਾਂ ਦੀ ਹਾਲਤ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਚਮਾਰਾਂ ਨੇ ਆਪਣੇ ਘਰਾਂ ਨੂੰ ਅਤੇ ਢਾਰਿਆਂ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ। ਕਈਆਂ ਦੇ ਹਿੱਸ਼ੇ ਮੰਡ ਇਲਾਕਿਆਂ ਦੀਆਂ ਜ਼ਮੀਨਾਂ ਆ ਗਈਆਂ। ਕਈ ਨੌਕਰੀਆਂ ਤੇ ਲੱਗ ਗਏ ਬਹੁਤਿਆਂ ਦਾ ਰੁਝਾਨ ਬਾਹਰ ਵੱਲ ਹੋ ਗਿਆ। ਚਮਾਰਾਂ ਦੀ ਹਾਲਤ ਵਿਚ ਸੁਧਾਰ ਆਉਣ ਦੀ ਹੀ ਦੇਰ ਸੀ ਕਿ ਜਿੰਨੇ ਉਦਾਸੀ/ਸ੍ਰੀਚੰਦੀਏ ਜਾਂ ਹੋਰ ਹੋਰ ਸੰਪ੍ਰਦਾਵਾਂ ਵੱਲ ਝੁਕੇ ਹੋਏ ਸਨ ਉਹ ਸਾਰੇ ਦੇ ਸਾਰੇ ਗੁਰੂ ਰਵਿਦਾਸ ਵੱਲ ਨੂੰ ਝੁਕਣਾ ਸ਼ੁਰੂ ਹੋ ਗਏ, ਇਸ ਤਰ੍ਹਾਂ ਉਦਾਸੀਆਂ ਤੋਂ ਰਵਿਦਾਸੀਆਂ ਦੇ ਡੇਰੇ ਕਹਾਉਣ ਲੱਗ ਪਏ, ਇਹ ਸਭ ਜੋ ਉਦਾਸੀ ਡੇਰੇ ਹਨ ਇਹਨਾਂ ਸਭ ਦੀਆਂ ਜਡ਼੍ਹਾਂ ਜਾਂ ਤਾਂ ਬਾਬਾ ਸ੍ਰੀਚੰਦ ਨਾਲ ਜੁਡ਼ਦੀਆਂ ਜਾਂ ਫਿਰ ਬਾਬਾ ਬਾਲਕ ਨਾਥ ਜਾਂ ਕਿਸੇ ਹੋਰ ਧੂਣਿਆਂ ਵਾਲੇ ਜਟਾਂਜੂ ਨਾਲ।
ਇਸ ਤੋਂ ਇਲਾਵਾ ਪੰਜਾਬ ਦੇ ਦਲਿਤਾਂ ਦਾ ਰੁਝਾਨ ਜਿਸ ਡੇਰੇ ਵੱਲ ਸਭ ਤੋਂ ਜ਼ਿਆਦਾ ਵਧਿਆ ਉਹ ਹੈ ਰਾਧਾ ਸੁਆਮੀ ਸਤਿਸੰਗ ਬਿਆਸ। ਹਿੰਦੂਵਾਦੀ ਬਹੁਤਿਆਂ ਡੇਰਿਆਂ ਵਾਂਗ ਹੀ ਇਸ ਡੇਰੇ ਦਾ ਹਾਲ ਵੀ ਇਹੀ ਹੈ ਕਿ ਦਿਖਾਵਾ ਸੰਤਮੱਤ ਦਾ ਤੇ ਪ੍ਰਚਾਰ ਬ੍ਰਾਹਮਣਵਾਦ ਦਾ। ਇਹ ਡੇਰਾ ਬ੍ਰਾਹਮਣਵਾਦ ਅਤੇ ਸੰਤਮੱਤ ਦੋਨਾਂ ਦੀ ਖਿਚਡ਼ੀ ਬਣਾ ਕੇ ਲੋਕਾਂ ਦਾ ਮਾਇਂਡ ਵਾਸ਼ ਕਰਨ ਲਈ ਪਿੰਡ ਪਿੰਡ ਸਤਿਸੰਗ ਘਰ ਬਣਾਈ ਜਾ ਰਿਹਾ ਹੈ। ਬ੍ਰਾਹਮਣਵਾਦ ਅਤੇ ਸੰਤਮੱਤ ਨੂੰ ਮਿਕਸਅੱਪ ਕਰਨ ਦੇ ਕੰਮ ਵਿਚ ਡੇਰਾ ਰਾਧਾਸੁਆਮੀ ਸਤਿਸੰਗ ਬਿਆਸ ਪ੍ਰਮੁੱਖ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਡੇਰੇ ਦੀ ਕਾਮਯਾਬੀ ਅਤੇ ਦੌਲਤ-ਸ਼ੌਹਰਤ ਵਾਸਤੇ ਇਸਦੇ ਹੋਰ ਵੀ ਬਹੁਤ ਸਾਰੇ ਕੰਮ ਹਨ ਜਿਵੇਂ ਕਿ ਪੌਲੀਟੀਕਲ ਲਿੰਕਸ ਨਹੀਂ ਵਿਗਾਡ਼ਨੇ, ਇੱਟਾਂ-ਪੱਥਰਾਂ ਨਾਲ ਡੇਰਾ ਨਿਖਾਰਨ, ਬਿਆਸ ਦਿਰਿਆ ਦਾ ਰੁੱਖ ਮੌਡ਼ਨਾ, ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਹਡ਼ੱਪਣ, ਕਬਜ਼ੇ ਕਰਨ ਆਦਿ। ਬਿਆਸ ਦਰਿਆ ਦੇ ਕੰਢੇ ਤੇ ਲਗਭਗ ਇਕ ਹਜ਼ਾਰ ਏਕਡ਼ ਜ਼ਮੀਨ ਡੇਰਾ ਪ੍ਰਤੱਖ ਰੂਪ ਵਿਚ ਹਡ਼ੱਪ ਕਰ ਚੁੱਕਾ ਹੈ, ਬਿਆਸ ਕੰਢੇ ਦਾ ਸਾਰਾ ਜੰਗਲਾਤ ਮੰਡ ਇਲਾਕਾ ਹੁਣ ਮੰਡ ਸਤਿਸੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੋਂ ਤੱਕ ਕਿ ਡੇਰੇ ਦਾ ਜ਼ਮੀਨ ਦੇ ਮਾਮਲੇ ਵਿਚ ਇੰਨਾ ਲਾਲਚ ਵੱਧ ਚੁੱਕਾ ਹੈ ਕਿ ਇਹਨਾਂ ਨੇ ਜਨਤਾ ਦੀ ਸੁਰੱਖਿਆ ਕਰਨ ਵਾਲੇ ਫੌਜੀਆਂ ਨੂੰ ਵੀ ਨਹੀਂ ਬਖ਼ਸ਼ਿਆ, ਫੌਜ ਹਿੱਸੇ ਆਉਂਦੀ ਜ਼ਮੀਨ ਤੇ ਡੇਰੇ ਨੇ ਗਲਤ ਢੰਗ ਨਾਲ ਕੰਧ ਕੱਢ ਕੇ ਆਪਣੇ ਪਾਸੇ ਕਰ ਲਈ ਗਈ। ਭਾਰਤ ਵਿਚ ਜਿਹਦੀ ਕਮਿਸ਼ਨਰ ਤੱਕ ਪਹੁੰਚ ਹੋਵੇ ਉਹ ਲੋਕਾਂ ਨਾਲ ਸ਼ਰੇਆਮ ਧੱਕਾ ਕਰ ਲਵੇ ਉਸਦਾ ਕੋਈ ਕੁਝ ਨਹੀਂ ਵਿਗਾਡ਼ ਸਕਦਾ ਫਿਰ ਇਸ ਡੇਰੇ ਵਿਚ ਪੀ. ਐਮ. , ਸੀ. ਐਮ. ,ਆਰ ਐੱਸ. ਐੱਸ. ਮੁਖੀਆਂ, ਭਾਜਪਾਈਆਂ, ਕਾਂਗਰਸੀਆਂ ਅਤੇ ਅਕਾਲੀਆਂ ਦੇ ਮੰਤਰੀਆਂ ਦਾ ਆਮ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਹ ਡੇਰਾ ਵੀ ਹਿੰਦੂਮੱਤ ਵਾਂਗ ਕਿਸੇ ਇਕ ਮੱਤ ਤੇ ਨਹੀਂ ਟਿਕਿਆ। ਹਿੰਦੂਤਵ ਨੂੰ ਖੁਸ਼ ਕਰਨ ਲਈ ਤੁਲਸੀਦਾਸ ਵਰਗੇ ਕਵੀ (ਜਿਨ੍ਹਾਂ ਨੇ ਸ਼ੂਦਰਾਂ, ਔਰਤਾਂ ਤੇ ਪਸ਼ੂਆਂ ਦੀ ਗਿਣਤੀ ਇਕ ਬਰਾਬਰ ਕੀਤੀ ਹੈ) ਦੀ ਬਾਣੀ ਅਤੇ ਗੁਰੂ ਨਾਨਕ ਸਾਹਿਬ ਵਰਗੇ ਮਹਾਂਨ ਕ੍ਰਾਂਤੀਕਾਰੀ ਰਹਿਬਰਾਂ ਦੀ ਬਾਣੀ ਇਕੋ ਸਟੇਜ ਤੋਂ ਪਡ਼੍ਹੀਆਂ ਜਾਂਦੀਆਂ ਹਨ। ਤੁਸੀਂ ਆਮ ਹੀ ਇਹਨਾਂ ਨੂੰ ਸੰਤਮੱਤ-ਸੰਤਮੱਤ ਕਰਦੇ ਸੁਣਿਆ ਹੋਵੇਗਾ ਪਰ ਸੰਤਮੱਤ ਕੀ ਹੈ, ਇਸ ਡੇਰੇ ਨੂੰ ਅਜੇ ਤੱਕ ਖ਼ੁਦ ਨਹੀਂ ਪਤਾ। ਜਿਹਨਾਂ ਸੰਤਾਂ ਨੇ ਪੂਰਾ ਪੂਰਾ ਜੀਵਨ, ਸਵਾਸ ਸਵਾਸ ਜਿਸ ਮੱਤ ਦਾ ਪ੍ਰਚਾਰ ਕੀਤਾ, ਉਸ ਸੰਤਮੱਤ ਦਾ ਰਾਧਾਸੁਆਮੀ ਖੱਟਿਆ ਤਾਂ ਖਾ ਰਹੇ ਹਨ ਪਰ ਉਸ ਮੱਤ ਨੂੰ ਬਚਾਉਣ ਦੇ ਉਪਰਾਲੇ ਨਹੀਂ ਕਰ ਰਹੇ। ਬਸ ਅੱਖਾਂ ਮੀਚ ਕੇ ਪੁਸਤਕਾਂ ਛਾਪਣ ਅਤੇ ਮੁਫ਼ਤ ਦੇ ਭਾਅ ਪੁਸਤਕਾਂ ਵੰਡਣ ਤੇ ਜ਼ੋਰ ਦਿੱਤਾ ਜਾਂਦਾ ਹੈ, ਵਿਚ ਕੀ ਲਿਖਿਆ ਹੈ ਡੇਰੇਦਾਰਾਂ ਨੂੰ ਹੀ ਨਹੀਂ ਪਤਾ। ਸੰਤ ਮੱਤ ਦੀਆਂ ਚਾਰ ਗੱਲਾਂ ਫਡ਼ ਲੈਣ ਨਾਲ ਜਿਵੇਂ ਨਾਮਦਾਨ, ਵਕਤ ਦਾ ਗੁਰੂ, ਸ਼ਬਦ, ਸਤਿਸੰਗ ਆਦਿ ਸਿਰਫ਼ ਲਫਜ਼ਾਂ ਨਾਲ ਸੰਤਮੱਤ ਸੰਪੂਰਣ ਨਹੀਂ ਹੋ ਜਾਂਦੀ। ਇਹਨਾਂ ਨੇ ਇਹ ਦਲਿਤ ਰਹਿਬਰਾਂ ਦੁਆਰਾ ਪੈਦਾ ਕੀਤੀ ਵਿਚਾਰਧਾਰਾ ਨੂੰ ਸਿਰਫ਼ ਲਫਜ਼ ਸਮਝ ਲਿਆ ਹੈ ਪਰ ਉਸ ਅਨੁਸਾਰ ਆਪਣੇ ਆਪ ਨੂੰ ਢਾਲਿਆ ਨਹੀਂ ਹੈ। ਜਿਸ ਵਿਚਾਰਧਾਰਾ ਨਾਲ ਸੰਤਮੱਤ ਦਾ ਪਾਠ ਸੰਪੂਰਣ ਹੁੰਦਾ ਹੈ, ਰੱਬ ਦੇ ਦਰਸ਼ਨ ਹੁੰਦੇ ਹਨ ਅਤੇ ਬ੍ਰਾਹਮਣਵਾਦ ਦਾ ਖ਼ਾਤਮਾ ਹੁੰਦਾ ਹੈ ਉਸ ਨਾਲ ਰਾਧਾ ਸੁਆਮੀਆਂ ਦਾ ਕੋਈ ਵਾਸਤਾ ਨਹੀਂ ਹੈ।
ਦਰਾਅਸਲ ਸੰਤਮੱਤ ਅਤੇ ਬ੍ਰਾਹਮਣਵਾਦ ਦੀ ਖਿਚਡ਼ੀ ਦਾ ਕੰਮ ਬਾਬਾ ਸਾਵਣ ਸਿੰਘ ਤੋਂ ਹੀ ਸ਼ੁਰੂ ਹੋ ਗਿਆ ਸੀ, ਉਸ ਨੇ ਆਪਣੀਆਂ ਲਿਖਤਾਂ ਵਿਚ ਹਿੰਦੂਆਂ ਨੂੰ ਖੁਸ਼ ਕਰਨ ਲਈ ਗੀਤਾ ਦੇ ਹਵਾਲੇ ਇਸ ਤਰ੍ਹਾਂ ਦਿੱਤੇ ਹਨ ਜਿਵੇਂ ਗੀਤਾ ਸਭ ਦੁੱਖਾਂ ਦੀ ਦਾਰੂ ਹੋਵੇ। ਜਦਕਿ ਦਲਿਤ ਗੁਲਾਮੀ ਦੇ ਬੀਜ ਗੀਤਾ ਵਿਚ ਸਪੱਸ਼ਟ ਦਿਖਾਈ ਦਿੰਦੇ ਹਨ। ਇਸ ਵਿਚ ਰੱਤੀ ਜਿੰਨੀ ਸ਼ੱਕ ਨਹੀਂ ਕਿ ਰਾਧਾ ਸੁਆਮੀ ਡੇਰਾ ਉੱਚੀਆਂ ਜਾਤਾਂ ਨੂੰ ਖੁਸ਼ ਕਰਨ ਦੇ ਚੱਕਰ ਵਿਚ ਦਲਿਤਾਂ ਨਾਲ ਅਨਿਆ ਕਰਦਾ ਆਇਆ ਹੈ ਇਸੇ ਲਈ ਬਾਬਾ ਸਾਵਣ ਸਿੰਘ ਦੇ ਵੇਲੇ ਹੀ ਲੰਗਰ ਦੋ ਥਾਂ ਵਰਤਾਇਆ ਜਾਂਦਾ ਸੀ ਜਿਸ ਵਿਚ ਦਲਿਤਾਂ ਨੂੰ ਅਲੱਗ ਕਰਕੇ ਬਿਠਾਇਆ ਜਾਂਦਾ ਸੀ ਜਦਕਿ ਇਸ ਪ੍ਰਥਾ ਦਾ ਅੰਤ ਸਾਡੇ ਮਹਾਨ ਗੁਰੂਆਂ ਨੇ ਪਿਹਲਾਂ ਹੀ ਕਰ ਦਿੱਤਾ ਅਤੇ ਇਕੋ-ਸੰਗਤ ਇਕੋ-ਪੰਗਤ ਦਾ ਸੰਦੇਸ਼ ਦਿੱਤਾ ਸੀ। ਜੇਕਰ ਡੇਰੇ ਤੋਂ ਅੱਜ ਦੇ ਵਿਗਿਆਨਕ ਯੁੱਗ ਵਿਚ ਇਹ ਉਮੀਦਾਂ ਰੱਖੀਆਂ ਜਾ ਸਕਦੀਆਂ ਹਨ ਤਾਂ ਜੇਕਰ ਅਜਿਹੇ ਡੇਰੇ ਅੱਜ ਤੋਂ 500-600 ਸਾਲ ਪਹਿਲਾਂ ਹੁੰਦੇ ਤਾਂ ਉਹਨਾਂ ਤੋਂ ਦਲਿਤ ਕੀ ਉਮੀਦ ਰੱਖ ਸਕਦੇ ਸਨ। ਇਹ ਤਾਂ ਸਾਡੇ ਮਹਾਨ ਗੁਰੂਆਂ ਦੀ ਘਾਲਣਾ ਦਾ ਨਤੀਜਾ ਹੈ ਜੋ ਸਾਨੂੰ ਉੱਚ ਕੋਟੀ ਦੀ ਵਿਚਾਰਧਾਰਾ ਦੇ ਗਏ ਜਿਸਤੋਂ ਉੱਪਰ ਕੋਈ ਹੋਰ ਵਿਚਾਰਧਾਰਾ ਨਹੀਂ ਹੈ, ਜੇਕਰ ਉਸ ਵਿਚ ਰੱਤੀ ਜਿੰਨੀ ਵੀ ਕਾਣ ਹੁੰਦੀ ਤਾਂ ਇਹਨਾਂ ਨੇ ਦਲਿਤ ਰਹਿਬਰਾਂ ਦੀ ਬਾਣੀ ਨੂੰ ਮੂੰਹ ਤੱਕ ਨਹੀਂ ਸੀ ਲਾਉਣਾ। ਮਹਾਰਾਜ ਚਰਨ ਸਿੰਘ ਦੇ ਸਤਿਸੰਗ ਤੁਹਾਨੂੰ ਆਮ ਹੀ ਕੇਬਲਾਂ ਅਤੇ ਸ਼ਹਿਰ ਦੇ ਗਲੀਆਂ ਮੁਹੱਲਿਆਂ ਵਿਚ ਲੱਗੇ ਸੁਣ ਜਾਣਗੇ ਅਤੇ ਦੁਕਾਨਦਾਰ ਤਾਂ ਸਾਰਾ-ਸਾਰਾ ਦਿਨ ਨਾਲੇ ਹੇਰਾ-ਫੇਰੀ ਕਰਦੇ ਹਨ ਅਤੇ ਨਾਲ ਦੀ ਨਾਲ ਸਤਿਸੰਗ ਸੁਣਦੇ ਹਨ, ਹਰੇਕ ਸਤਿਸੰਗ ਵਿਚ ਮਹਾਰਾਜ ਚਰਨ ਸਿੰਘ ਵਲੋਂ ਰਾਮਚੰਦਰ ਨੂੰ ਭਗਵਾਨ ਦਾ ਦਰਜਾ ਦੇ ਕੇ ”ਭਗਵਾਨ ਰਾਮਚੰਦਰ ਜੀ” ਕਿਹਾ ਜਾਂਦਾ ਹੈ ਅਤੇ ਮਹਾਤਮਾ ਬੁੱਧ, ਈਸਾ ਦੇ ਬਰਾਬਰ ਦਾ ਦਰਜਾ ਦੇ ਦਿੱਤਾ ਜਾਂਦਾ ਹੈ। ਇਹ ਉਹੀ ਰਾਮਚੰਦਰ ਸੀ ਜਿਸਨੇ ਸ਼ੰਭੂਕ ਰਿਸ਼ੀ ਦਾ ਕਤਲ ਕੀਤਾ ਸੀ ਸਿਰਫ਼ ਇਸ ਲਈ ਕਿ ਸ਼ੂਦਰ ਹੋ ਕੇ ਉਹ ਬਹੁਤ ਵਿਚਾਰ ਵਾਲੀਆਂ ਗੱਲਾਂ ਕਰਦਾ ਸੀ। ਇਹ ਉਹੀ ਭਗਵਾਨ ਹੈ ਜਿਸਦੀ ਨਿਖੇਧੀ ਕਰਦੇ ਹੋਏ ਸੰਤ ਨਾਮਦੇਵ ਆਪਣੀ ਬਾਣੀ ਵਿਚ ਫ਼ਰਮਾਉਂਦੇ ਹਨ-
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। (ਸੰਤ ਨਾਮਦੇਵ ਜੀ)
ਅਤੇ ਇਕ ਹੋਰ ਥਾਂ ਇਸਦੇ ਭਗਵਾਨ ਨਾ ਹੋਣ ਦਾ ਸਬੂਤ ਮਿਲਦਾ ਹੈ-
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ।।
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ।। (ਪੰਨਾ 1412)
ਰਾਧਾਸੁਆਮੀ ਜੋ ਨਾਮਦਾਨ ਦਿੰਦੇ ਹਨ- ਜੋਤਨਿਰੰਜਨ, ਓਂਕਾਰ, ਰਾਰੰਕਾਰ, ਸੋੰਹ, ਸਤਿਨਾਮ, ਇਹ ਵੀ ਮੂਲ ਨਿਵਾਸੀ ਦਲਿਤ ਗੁਰੂਆਂ ਦੀ ਦੇਣ ਹੈ ਇਨ੍ਹਾਂ ਸ਼ਬਦਾਂ ਦਾ ਪਹਿਲੀ ਵਾਰ ਉਚਾਰਣ ਦਲਿਤ ਰਹਿਬਰਾਂ ਨੇ ਕੀਤਾ ਸੀ ਪਰ ਇਹ ਇਸਨੂੰ ਬਿਜਨੈੱਸ ਬਣਾ ਕੇ ਯੁੱਗਾਂ-ਯੁੱਗਾਂ ਤੋਂ ਚੱਲਿਆ ਆ ਰਿਹਾ ਦੱਸ ਰਹੇ ਹਨ। ਇਹ ਬ੍ਰਾਹਮਣਵਾਦੀ ਕਵੀਆਂ ਅਤੇ ਦਲਿਤ ਰਹਿਬਰਾਂ ਦੀ ਆਪਾਵਿਰੋਧੀ ਵਿਚਾਰਧਾਰਾ ਨੂੰ ਮਿਲਾਉਂਦੇ ਹੀ ਨਹੀਂ ਸਗੋਂ ਦਲਿਤ ਰਹਿਬਰਾਂ ਨੂੰ ਨੀਵਾਂ ਵੀ ਦਿਖਾਉਂਦੇ ਹਨ ਜਿਸਦਾ ਸਬੂਤ ਮੇਰੇ ਬਲੌਗ http://www.vijayhazara.blogspot.com ਤੇ ਹੀ ਦੇਖਿਆ ਜਾ ਸਕਦਾ ਹੈ, ”Radha Soami” ਨਾਮ ਦੀ post ਪਾਠਕ ਪਡ਼੍ਹ ਸਕਦੇ ਹਨ। ਜੇਕਰ ਇਸ ਬਾਰੇ ਰਾਧਾਸੁਆਮੀਆਂ ਨਾਲ ਗੱਲ ਕਰੋ ਤਾਂ ਉਹ ਕਹਿ ਦਿੰਦੇ ਹਨ ਕਿ ਸਾਡੇ ਬਾਬਾ ਜੀ ਬਾਹਰਮੁੱਖੀ ਨਹੀਂ ਅੰਤਰਮੁਖੀ ਹਨ।
ਆਪਣੇ ਆਪ ਨੂੰ ਰਹਿਬਰ ਕਹਾਉਣ ਵਾਲਿਆਂ ਨੇ ਆਪਣੇ ਹੀ ਵੱਖਰੇ-ਵੱਖਰੇ ਪੰਥ ਬਣਾਏ ਹੋਏ ਸਨ। ਸਾਡੇ ਰਵਿਦਾਸੀਆ ਦਾ ਰੁਝਾਨ ਨੂਰਮਹਿਲ ਵਾਲੇ ਦਵਿਯ ਜੋਤੀ ਜਾਗ੍ਰਿਤ ਸੰਸਥਾ ਵਾਲਿਆਂ ਵੱਲ ਵੀ ਬਹੁਤ ਹੋ ਚੁੱਕਾ ਹੈ, ਉਹ ਤਾਂ ਸਿੱਧੇ ਤੌਰ ਤੇ ਹੀ ਬ੍ਰਾਹਮਣਵਾਦ ਦਾ ਪੱਖ ਪੂਰਦੇ ਹਨ, ਜੋ ਥੋਡ਼੍ਹੀ ਜਿਹੀ ਵੀ ਬ੍ਰਾਹਮਣਵਾਦ ਦੀ ਸਮਝ ਰੱਖਣ ਵਾਲਾ ਸਮਝ ਸਕਦਾ ਹੈ। ਜੇਕਰ ਇਹ ਡੇਰੇਦਾਰ ਨਹੀਂ ਸਮਝਣਾ ਚਾਹੁੰਦੇ ਤਾਂ ਇਹਨਾਂ ਦੀ ਆਪਣੀ ਮਜ਼ਬੂਰੀ ਹੈ ਪਰ ਲੋਕਾਂ ਦੀ ਤਾਂ ਕੋਈ ਮਜ਼ਬੂਰੀ ਨਹੀਂ ਜੇਕਰ ਅਸੀਂ ਖ਼ੁਦ ਹੀ ਸਮਝ ਜਾਈਏ ਤਾਂ ਜੋ ਡੇਰਿਆਂ ਕਰਕੇ ਨਿੱਤ ਪ੍ਰਤੀਦਿਨ ਲਡ਼ਾਈ-ਝਗਡ਼ੇ ਹੁੰਦੇ, ਲੋਕ ਮਰਦੇ ਹਨ, ਇਹ ਖ਼ੂਨ ਖਰਾਬਾ ਨਾ ਹੋਵੇ। ਪ੍ਰਸਾਸ਼ਨ ਵੀ ਦੋਚਿੱਤੀ ਵਿਚ ਪੈ ਜਾਂਦਾ ਹੈ, ਉਸਨੂੰ ਇਹ ਤੈਅ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਡੇਰੇਦਾਰ ਗ਼ਲਤ ਹਨ ਜਾਂ ਇਹਨਾਂ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਗਲਤ ਹਨ।
ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਤੱਕ ਕੋਈ ਨਹੀਂ ਪਹੁੰਚ ਸਕਿਆ ਸਭ ਪਿੱਛੇ ਹੀ ਰਹਿ ਗਏ। ਆਪਣੇ ਆਪ ਨੂੰ ਰਵਿਦਾਸੀਆਂ ਜਾਂ ਆਦਿ-ਧਰਮੀਆਂ ਦੇ ਡੇਰੇ ਕਹਾਉਣ ਵਾਲਿਆਂ ਦਾ ਹਾਲ ਵੀ ਦੇਖ ਲਓ। ਰਾਮਚੰਦਰ ਦੀ ਫੋਟੋ ਥੱਲੇ ਸੰਤ ਗੁਰਦੀਪ ਗਿਰੀ ਦੀ ਫੋਟੋ ਲੱਗੀ ਵਾਲੇ ਰਾਮਨੌਂਵੀ ਦੇ ਪੋਸਟਰ ਮੈਂ ਆਪ ਦੇਖੇ ਹਨ। ਇਹੀ ਸੰਤ ਜਦੋਂ ਕੁਝ ਹਿੰਦੂਵਾਦੀ ਲੋਕ ਗੁਰੂ ਰਵਿਦਾਸ ਜਨਮ ਅਸਥਾਨ ਵਿਖੇ ਕ੍ਰਿਸ਼ਨ ਦੀਆਂ ਮੂਰਤੀ ਲੈ ਕੇ ਚੱਲੇ ਸਨ ਤਾਂ ਇਹ ਬਾਬਾ ਉਹਨਾਂ ਬ੍ਰਾਹਮਣਵਾਦੀ ਲੋਕਾਂ ਨਾਲ ਸਟੇਜ ਤੇ ਬੈਠਾ ਸੀ। ਓਦੋਂ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਵਿਚ ਕ੍ਰਿਸ਼ਨ ਦੀਆਂ ਮੂਰਤੀਆਂ ਰੱਖਣੀਆਂ ਸਨ ਪਰ ਰੱਬ ਦਾ ਸ਼ੁਕਰ ਹੈ ਉਹ ਅਸਫ਼ਲ ਰਹੇ ਵਰਨਾ ਇਹ ਬਾਬਾ ਵੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਵਿਚ ਕ੍ਰਿਸ਼ਨ ਦੀਆਂ ਮੂਰਤੀਆਂ ਟਕਾਉਣ ਵਿਚ ਮੋਹਰੀ ਭੂਮਿਕਾ ਨਿਭਾਉਂਦਾ। ਇਹ ਬਾਬਾ ਜੀ ਵੀ ਬੇਗ਼ਮਪੁਰਾ ਸ਼ਬਦ ਦੀ ਬਹੁਤ ਵਧੀਆ ਵਿਆਖਿਆ ਕਰ ਲੈਂਦੇ ਹਨ ਪਰ ਖ਼ੁਦ ਇਸ ਤੋਂ ਨਿਰਲੇਪ ਹੀ ਜਾਪਦੇ ਹਨ।
ਇੱਥੇ ਹੀ ਬਸ ਨਹੀਂ ਇਹਨਾਂ ਰਵਿਦਾਸੀਆਂ ਦੇ ਡੇਰੇ ਕਹਾਉਣ ਵਾਲਿਆਂ ਦੇ ਦਿਲ ਵਿਚ ਖੁੰਦਕ ਦੇਖ ਲਓ ਜੋ ਬੇਗ਼ਮਪੁਰੇ ਦਾ ਪ੍ਰਤੀਦਿਨ ਰੌਲਾ ਤਾਂ ਪਾਉਂਦੇ ਹਨ ਪਰ ਆਪ ਹੀ ਬੇਗ਼ਮਪੁਰਾ ਵੱਸਣ ਨਹੀਂ ਦੇ ਰਹੇ ਜਿਸਦਾ ਸਬੂਤ ਹੈ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌਡ਼ੇ ਰਾਏਪੁਰ ਰਸੂਲਪੁਰ ਵਿਖੇ ਮਿਤੀ 06-07-2008 ਨੂੰ ਕਰਵਾਇਆ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਪਹਿਲਾ ਸੈਮੀਨਾਰ। ਇਸ ਵਿਚ ਰਵਿਦਾਸੀਆ ਕੌਮ ਦੇ ਸਾਰੇ ਸ਼ੇਰ ਬਾਬੇ ਇਕ ਚਾਲ ਅਧੀਨ ਸ਼ਾਮਿਲ ਹੋ ਕੇ ਰਵਿਦਾਸੀਆ ਕੌਮ ਨੂੰ ਇਕ ਬਹੁਤ ਵੱਡਾ ਗਿਫ਼ਟ ਦੇਣ ਲੱਗੇ ਸਨ, ਉਹ ਗਿਫ਼ਟ ਸੀ ਇਕ ਹੋਰ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ। ਜੋ ਇਹਨਾਂ ਨੇ ਸਾਰੇ ਸੈਮੀਨਾਰ ਵਿਚ ਮੁੱਦਾ ਚੁੱਕਿਆ, ਉਹ ਇਹ ਸੀ ਕਿ ਇਕ ਹੋਰ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਬਣਾਇਆ ਜਾਵੇ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਜਿਹਡ਼ਾ ਡੇਰਾ ਬੱਲਾਂ ਦੇ ਅਧੀਨ ਜਨਮ ਅਸਥਾਨ ਮੰਦਿਰ ਹੈ ਉਹ ਸਹੀ ਨਹੀਂ ਹੈ। ਇਸ ਸੈਮੀਨਾਰ ਵਿਚ ਸਟੇਜ ਸੈਕਟਰੀ ਦੀ ਸੇਵਾ ਉਸ ਸਮੇਂ ਦੇ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਜਨਰਲ ਸਕੱਤਰ ਸੰਤ ਬਾਬਾ ਨਿਰਮਲ ਸਿੰਘ ਵਲੋਂ ਨਿਭਾਈ ਗਈ ਸੀ। ਜੋ ਸੈਮੀਨਾਰ ਸੰਪੰਨ ਹੋਣ ਤੱਕ ਇਹੋ ਹੀ ਸੋਸ਼ੇਬਾਜੀ ਕਰਦਾ ਰਿਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਮੰਡੂਆ ਡੀਹ ਹੈ, ਇਸ ਲਈ ਓਥੇ ਜਨਮ ਅਸਥਾਨ ਉਸਾਰਿਆ ਜਾਵੇ।
ਇਸ ਸੈਮੀਨਾਰ ਵਿਚ ਸੰਤ ਚਰਨ ਦਾਸ, ਸੰਤ ਹਰੀ ਦਾਸ, ਸੰਤ ਜਸਵਿੰਦਰ ਸਿੰਘ, ਸੰਤ ਸਰਵਣ ਦਾਸ, ਸੰਤ ਹਰਚਰਨ ਦਾਸ, ਸੰਤ ਕੁਲਵੰਤ ਦਾਸ, ਸੰਤ ਚੰਦਰ ਹੰਸ, ਸੰਤ ਸਰਬਜੀਤ ਸਿੰਘ, ਸੰਤ ਪ੍ਰੇਮ ਦਾਸ, ਸੰਤ ਸਰਵਣ ਦਾਸ ਬੋਹਣ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਸੰਤ ਮੰਗਲ ਦਾਸ, ਸੰਤ ਕਰਤਾਰ ਦਾਸ, ਸੰਤ ਸਰਵਣ ਦਾਸ ਤਾਜਪੁਰ, ਸੰਤ ਕਪੂਰ ਦਾਸ, ਸੰਤ ਟਹਿਲ ਦਾਸ, ਸੰਤ ਹਰਪ੍ਰੀਤ, ਸੰਤ ਭਗੀਰਥ ਦਾਸ, ਸੰਤ ਗੁਰਮੇਲ ਦਾਸ, ਸੰਤ ਬਿੰਦਰ ਦਾਸ, ਸੰਤ ਸਰਵਜੀਤ ਸਿੰਘ, ਸੰਤ ਹਾਕਮ ਦਾਸ, ਸੰਤ ਭਗਤ ਰਾਮ, ਸੰਤ ਨਾਜਰ ਸਿੰਘ, ਸੰਤ ਸਤਨਾਮ ਦਾਸ, ਸੰਤ ਸੋਢੀ ਸ਼ਾਹ, ਸੰਤ ਗੁਰਦੀਪ ਗਿਰੀ, ਸੰਤ ਹਰੀ ਓਮ, ਸੰਤ ਸਤਨਾਮ, ਸੰਤ ਜਗਦੀਸ਼ਵਰ ਨੰਦ ਲਾਲ ਅਤੇ ਸੰਤ ਸ਼ਿੰਗਾਰਾ ਦਾਸ ਨੇ ਵਿਸ਼ੇਸ਼ ਤੌਰ ਤੇ ਸ਼ਿਕਰਤ ਕੀਤੀ। ਇਸ ਸਾਰੇ ਸੰਤ ਸਟੇਜ ਸੈਕਟਰੀ ਬਾਬਾ ਨਿਰਮਲ ਸਿੰਘ ਦੁਆਰਾ ਇਕ ਹੋਰ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਦੀ ਮੰਗ ਨਾਲ ਸਹਿਮਤ ਸਨ ਕਿਉਂਕਿ ਸਭ ਨੇ ਅਜਿਹੇ ਹੋਰ ਸੰਮੇਲਨ ਕਰਵਾਉਣ ਦੀ ਮੰਗ ਕੀਤੀ। ਭਾਵੇਂ ਕਿ ਦਿਖਾਵੇ ਦੇ ਤੌਰ ਤੇ ਇਸ ਸੰਮੇਲਨ ਵਿਚ ਹੋਰ ਵੀ ਮੁੱਦੇ ਰੱਖੇ ਗਏ ਸਨ ਜਿਵੇਂ ਕਿ ਗੁਰੂ ਰਵਿਦਾਸ ਬਾਣੀ ਤੇ ਵਿਚਾਰਧਾਰਾ ਦਾ ਨਿਰਣੇ, ਗੁਰੂ ਰਵਿਦਾਸ ਜਨਮ ਮਿਤੀ, ਮਾਤਾ ਪਿਤਾ ਤੇ ਜੋਤੀ-ਜੋਤ ਸਮਾਉਣ ਬਾਰੇ, ਗੁਰੂ ਰਵਿਦਾਸ ਜੀ ਭਗਤ ਜਾਂ ਗੁਰੂ, ਆਦਿ ਨਿਵਾਸੀਆਂ ਦਾ ਧਰਮ ਕਿਹਡ਼ਾ ਤੇ ਕੀ ਸੰਗਿਆ ਦਿੱਤੀ ਜਾਵੇ, ਅਰਦਾਸ ਕਿਹਡ਼ੀ, ਜੈ ਗੁਰਦੇਵ ਦਾ ਇਤਿਹਾਸਕ ਪਿਛੋਕਡ਼, ਧਾਰਮਕ ਪਹਿਚਾਣ ਚਿੰਨ੍ਹ ਆਦਿ। ਹਰਿ ਦਾ ਨਿਸ਼ਾਨ ਜਿਸਨੂੰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਹੀ ਸਰਬਸਮਤੀ ਨਾਲ ਪਾਸ ਕੀਤਾ (ਮੇਰੇ ਵਰਗੇ ਲੇਖਕ ਨੂੰ ਇਸਦਾ ਰਜਿ. ਨੰ. A48-807-87-CO dated 6-3-87 ਦਿਖਾਇਆ ਜਾਂਦਾ ਹੈ) ਇਸਦਾ ਰਜਿ. ਖ਼ੁਦ ਨਹੀਂ ਦੇਖਦੇ। ਸੰਤ ਸਰਵਣ ਦਾਸ ਸਲੇਮ ਟਾਬਰੀ ਜਿਸਨੇ ਹਰਿ ਦੇ ਨਿਸ਼ਾਨ ਤੇ ਬਹੁਤ ਵਧੀਆ ਆਰਟੀਕਲ ਲਿਖੇ ਹਨ ਉਹ ਵੀ ਹਰਿ ਦੇ ਨਿਸ਼ਾਨ ਦੀ ਬਹਿਸ ਵਿਚ ਮੋਨ ਧਾਰੀ ਬੈਠਾ ਹੈ। ਹੁਣ ਉਹੀ ਸਲੇਮ ਟਾਬਰੀ ਆਦਿ ਧਰਮੀਆਂ ਦਾ ਕੌਮੀ ਪ੍ਰਧਾਨ ਬਣਿਆ ਹੋਇਆ ਹੈ ਜਦਕਿ ਆਦਿ ਧਰਮੀ ਹਰਿ ਦੇ ਨਿਸ਼ਾਨ ਦੇ ਵਿਰੁੱਧ ਹਨ ਅਤੇ ਆਦਿ ਧਰਮੀਆਂ ਦਾ ਨਿਸ਼ਾਨ ਵੱਖਰਾ ਹੈ। ਹੋਰ ਤਾਂ ਹੋਰ ਜਿੱਥੇ ਇਹ ਸੈਮੀਨਾਰ ਕਰਵਾਇਆ ਗਿਆ ਉਸ ਡੇਰੇ ਵਿਚ ਵੀ ਹਰਿ ਦਾ ਨਿਸ਼ਾਨ ਲੱਗਾ ਹੋਇਆ ਮੈਂ ਦੇਖਿਆ। ਫਿਰ ਵੀ ਨਿਸ਼ਾਨ ਤੇ ਬਹਿੰਸ ਕੀਤੀ ਜਾ ਰਹੀ ਹੈ। ਪਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦਾ ਜ਼ਿਆਦਾ ਜ਼ੋਰ ਇਸ ਗੱਲ ਤੇ ਹੀ ਲੱਗਾ ਰਿਹਾ ਕਿ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਇਕ ਹੋਰ ਬਣਾਇਆ ਜਾਵੇ ਜਿਸਦਾ ਸਾਰਾ ਦਾਰੋ-ਮਦਾਰ ਉਹਨਾਂ ਦੇ ਹੱਥ ਹੋਵੇਗਾ। ਇਹ ਹੈ ਸਾਡੇ ਸਮਾਜ ਦੇ ਸੰਤਾਂ-ਸਾਧਾਂ-ਭੇਖਧਾਰੀਆਂ ਦੀ ਸੌਡ਼ੀ ਸੋਚ ਦਾ ਇਕ ਛੋਟਾ ਜਿਹਾ ਨਮੂਨਾ। ਇਹ ਕਿਹੋ ਜਿਹੀ ਮਾਨਸਿਕਤਾ ਹੈ? ਜਿਹਨਾਂ ਨੇ ਸਮਾਜ ਨੂੰ ਜੋਡ਼ਨਾ ਹੈ ਉਹੀ ਸਮਾਜ ਨੂੰ ਤੌਡ਼ਨ ਅਤੇ ਭਰਮ-ਭੂਲੇਖਿਆਂ ਦੇ ਜੰਜਾਲ ਵਿਚ ਫਸਾਉਣ ਦੀਆਂ ਤਰਤੀਬਾਂ ਭਾਲਦੇ ਹਨ। ਫਿਰ ਇਹ ਜਿਹਡ਼ਾ ਲੋਕਾਂ ਨੂੰ ਬੇਗ਼ਮਪੁਰੇ ਦਾ ਪਾਠ ਪਡ਼੍ਹਾ ਰਹੇ ਹਨ ਇਹ ਸਭ ਤਾਂ ਲੋਕ ਦਿਖਾਵਾ ਹੀ ਹੋਇਆ।
ਨਵਾਂ ਗੁਰੂ ਰਵਿਦਾਸ ਜਨਮ ਅਸਥਾਨ ਮੰਦਿਰ ਉਸਾਰਨ ਬਾਰੇ ਸੰਤ ਨਿਰਮਲ ਸਿੰਘ ਦੀ ਸ਼ੋਸ਼ੇਬਾਜੀ ਇੰਨੀ ਵੱਧ ਗਈ ਸੀ ਕਿ ਆਖ਼ਰਕਾਰ ਡਾ. ਐੱਸ. ਐੱਲ. ਵਿਰਦੀ ਨੂੰ ਆਪਣੇ ਭਾਸ਼ਣ ਵਿਚ ਇਹ ਰਾਏ ਪੇਸ਼ ਕਰਨੀ ਪਈ ਸੀ ਕਿ ਕੋਈ ਵਿਚਕਾਰਲਾ ਰਸਤਾ ਲੱਭਿਆ ਜਾਵੇ ਇਕ ਨੂੰ ਕਰਮਭੂਮੀ ਮੰਨ ਲਿਆ ਜਾਵੇ ਅਤੇ ਇਕ ਨੂੰ ਜਨਮਭੂਮੀ ਮੰਨਿਆ ਜਾ ਸਕਦਾ ਹੈ ਕਿਉਂਕਿ ਅਕਸਰ ਐਸੇ ਮਹਾਨ ਮਹਾਂਪੁਰਸ਼ਾਂ ਦੀਆਂ ਦੋ ਭੂਮੀਆਂ ਹੁੰਦੀਆਂ ਹਨ ਇਕ ਜਨਮ ਭੂਮੀ ਅਤੇ ਇਕ ਕਰਮ ਭੂਮੀ। ਇਸ ਤੋਂ ਬਾਅਦ ਸੰਤ ਗੁਰਦੀਪ ਗਿਰੀ ਨੇ ਆਪਣੇ ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਤੋਲਦੇ ਹੋਏ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਡਾ. ਐੱਸ. ਐੱਲ. ਵਿਰਦੀ ਦੀ ਗੱਲ ਠੀਕ ਹੈ ਅਕਸਰ ਮਹਾਂਪੁਰਸ਼ਾਂ ਦੀਆਂ ਦੋ ਭੂਮੀਆਂ ਹੁੰਦੀਆਂ ਹਨ ਇਕ ਕਰਮ ਭੂਮੀ ਤੇ ਦੂਜੀ ਜਨਮ ਭੂਮੀ, ਮੇਰਾ ਵੀ ਜਨਮ ਕਿਸੇ ਹੋਰ ਸਥਾਨ ਦਾ ਹੈ ਪ੍ਰੰਤੂ ਅੱਜ ਮੈਨੂੰ ਪਠਾਨਕੋਟ ਵਾਲੇ ਕਰਕੇ ਜਾਣਿਆ ਜਾਂਦਾ ਹੈ। ਇਹ ਹਾਲ ਹੈ ਸਾਡੇ ਸਮਾਜ ਵਿਚ ਪੈਦਾ ਹੋਏ ਡੇਰੇਦਾਰਾਂ ਦਾ ਜੋ ਆਪਣੀ ਤੁਲਨਾਂ ਤਾਂ ਬੇਗ਼ਮਪੁਰੇ ਦੇ ਸੁਪਨਸਾਜ਼ ਨਾਲ ਕਰਦੇ ਹਨ ਪਰ ਖ਼ੁਦ ਰਾਮਚੰਦਰ ਦੀਆਂ ਫੋਟੋਆਂ ਲਾਉਣ ਅਤੇ ਕ੍ਰਿਸ਼ਨ ਦੀਆਂ ਮੂਰਤੀਆਂ ਰੱਖਣ ਵਾਲਿਆਂ ਦਾ ਸਾਥ ਦਿੰਦੇ ਹਨ। ਇਸ ਸੈਮੀਨਾਰ ਵਿਚ ਚੌਧਰੀ ਜਗਜੀਤ ਸਿੰਘ (ਸਾਬਕਾ ਮੰਤਰੀ) ਨੇ ਵੀ ਅੰਤ ਵਿਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਸਿੱਧ ਹੁੰਦਾ ਹੈ ਕਿ ਇਹ ਡੇਰੇ ਬ੍ਰਾਹਮਣਵਾਦੀ ਸੋਚ ਪਾਡ਼ੋ ਤੇ ਰਾਜ ਕਰੋ, ਮੁਫ਼ਤ ਦੀਆਂ ਰੋਟੀਆਂ ਸੇਕੋ ਅਤੇ ਆਪਣਾ ਨਾਮ ਵੀ ਪਵਿੱਤਰ ਕਰਕੇ ਦੁਨੀਆਂ ਤੋਂ ਰੁਸਖ਼ਰ ਹੋਵੋ, ਦੇ ਧਾਰਨੀ ਹਨ।
ਹੋਰ ਤਾਂ ਹੋਰ ਸਿੱਖ ਲੀਡਰ ਜੋ ‘ਅਖੌਤੀ ਸੰਤ’ ‘ਅਖੌਤੀ ਸੰਤ’ ਜਾਂ ‘ਡੇਰਾਵਾਦ’ ‘ਡੇਰਾਵਾਦ’ ਕਰਦੇ ਨਹੀਂ ਥੱਖਦੇ ਅਤੇ ਜਿਹਡ਼ੇ ਲੋਕ ਪਾਣੀ ਪੀ ਪੀ ਕੇ ਡੇਰੇਵਾਦ ਨੂੰ ਕੌਸਦੇ ਹਨ ਉਹ ਵੀ ਸੰਤ ਰਾਮਾਨੰਦ ਦੇ ਕਤਲ ਤੋਂ ਬਾਅਦ ਇਹਨਾਂ ਡੇਰੇਦਾਰਾਂ ਅਤੇ ਡੇਰਿਆਂ ਦਾ ਸਹਾਰਾ ਲੈਂਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਾਂ ਨੂੰ ਦਲਿਤ ਗੁਰਦੁਆਰਿਆਂ ਵਿਚੋਂ ਨਾ ਚੁਕਵਾਉਣ ਲਈ ਚੱਕਰ ਕੱਟਦੇ ਅਤੇ ਮਿੰਨਤਾ-ਤਰਲੇ ਕਰਦੇ ਨਜ਼ਰ ਆਏ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਜੋ ਇਹਨਾਂ ਡੇਰੇਦਾਰਾਂ ਨੇ ਫ਼ਰਮਾਨ ਜਾਰੀ ਕਰ ਦਿੱਤਾ ਉਹੀ ਸਾਡੇ ਸਮਾਜ ਨੇ ਮੰਨ ਲੈਣਾ ਹੈ। ਦਲਿਤ ਸਮਾਜ ਨਾਲ ਉਹਨਾਂ ਨੂੰ ਵੀ ਕੋਈ ਲੈਣ-ਦੇਣ ਨਹੀਂ, ਬਸ ਡੇਰਿਆਂ ਤੱਕ ਹੀ ਸਮਾਜਕ ਭਲਾਈ ਸੀਮਤ ਰਹਿ ਗਈ ਹੈ।
ਹੁਣ ਗੱਲ ਕਰਦੇ ਹਾਂ ਸਾਧੂ ਸੰਪ੍ਰਦਾਇ ਸੁਸਾਇਟੀ ਤੋਂ ਅਲੱਗ ਹੋਏ ਬੈਠੇ ਚਹੇਡ਼ੂ ਵਾਲੇ ਸੰਤਾਂ ਦੀ। ਸੰਤ ਜੀ ਨੇ ਵੀ ਇਕ ਬਿਆਨ ਵਿਚ ਇਹ ਕਹਿ ਦਿੱਤਾ ਸੀ ਕਿ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਹਰਿ ਦਾ ਨਿਸ਼ਾਨ ਲੱਗਾ ਹੋਇਆ ਹੈ ਸਿੱਖ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਉੱਥੇ ਖੰਡਾ ਲਗਾ ਕੇ ਆਪਣਾ ਕਬਜਾ ਕਰਨ। ਕਿੰਨੀ ਘਿਨੌਣੀ ਮਾਨਸਿਕਤਾ ਝਲਕ ਰਹੀ ਹੈ ਇਸ ਬਿਆਨਬਾਜ਼ੀ ਵਿਚ। ਕੀ ਇਹ ਕੌਮ ਨੂੰ ਜੋਡ਼ ਰਹੇ ਹਨ ਜਾਂ ਤੋਡ਼ ਰਹੇ ਹਨ। ਚਹੇਡ਼ੂ ਵਾਲੇ ਸੰਤ ਨੇ ਹੀ ਡੇਰਾ ਬੱਲਾਂ ਤੋਂ ਬਾਅਦ ਮਿਲਾਵਟ ਵਾਲੀ ਝੂਠੀ ਅੰਮ੍ਰਿਤਬਾਣੀ ਦਾ ਪ੍ਰਚਾਰ ਸਭ ਤੋਂ ਜ਼ਿਆਦਾ ਕੀਤਾ ਇਸ ਲਈ ਇਸਨੂੰ ਇਹ ਯਾਦ ਨਹੀਂ ਰਿਹਾ ਕਿ ਪਹਿਲਾਂ ਉਸਦੇ ਆਪਣੇ ਹੀ ਡੇਰੇ ਵਿਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਹ ਸਭ ਤੋਂ ਪਹਿਲਾਂ ਆਪਣਾ ਡੇਰਾ ਕਿਸੇ ਨੂੰ ਦੇ ਕੇ ਦਿਖਾਵੇ, ਫਿਰ ਬਾਕੀਆਂ ਨੂੰ ਅਜਿਹੀ ਸਲਾਹ ਦੇਣੀ ਚਾਹੀਦੀ ਹੈ। ਥਾਂ, ਜਗ੍ਹਾ ਜਾਂ ਘਰ ਦੀ ਕੀਮਤ ਦਾ ਉਸਨੂੰ ਹੀ ਪਤਾ ਹੁੰਦਾ ਹੈ ਜਿਸਨੇ ਆਪਣੀ ਮਹਿਨਤ ਨਾਲ ਬਣਾਏ ਹੁੰਦੇ ਹਨ, ਮਸਾਂ-ਮਸਾਂ ਦਲਿਤਾਂ ਜਾਂ ਰਵਿਦਾਸੀਆ ਚਮਾਰ ਆਪਣੇ ਜੋਗੇ ਹੋਏ ਹਨ ਅਤੇ ਆਪਣੀ ਦਸਾਂ ਨਹੂੰਆਂ ਦੀ ਕਮਾਈ ਨਾਲ ਗੁਰੂਘਰਾਂ ਦੀਆਂ ਜ਼ਮੀਨਾਂ ਲਈਆਂ ਹਨ ਪਰ ਇਸ ਬਾਬੇ ਵਰਗੇ ਆਪਣਾ ਨਾਮ ਚਮਕਾਉਣ ਦੇ ਚੱਕਰ ਵਿਚ ਅਜਿਹੇ ਬਿਆਨ ਦੇਣੋਂ ਵੀ ਗੁਰੇਜ਼ ਨਹੀਂ ਕਰਦੇ। ਬਸ, ਇਹੋ ਨਿਸ਼ਾਨੀ ਹੈ ਬ੍ਰਾਹਮਣਵਾਦੀ ਬਾਣੀ ਪਡ਼੍ਹਨ ਤੇ ਲੋਕਾਂ ਨੂੰ ਰੱਟੇ ਲਗਵਾਉਣ ਵਾਲਿਆਂ ਦੀ ਅਤੇ ਮਾਨਸਿਕਤਾ ਓਹੀ ਬ੍ਰਾਹਮਣ ਵਾਂਗੂ ਆਪਣੇ ਆਪ ਨੂੰ ਉੱਚਾ ਸਮਝਣ ਦੀ। ਸੰਤ ਭਗਵਾਨ ਦਾਸ ਨਗਰ ਵਾਲੇ ਕੋਲ ਜਾ ਕੇ ਜੇਕਰ ਕੋਈ ਹੋਰ ਕਿਸੇ ਸੰਤ ਜਿਵੇਂ ਬੱਲਾਂ ਵਾਲੇ ਆਦਿ ਦਾ ਜੇਕਰ ਕੋਈ ਨਾਂ ਵੀ ਲੈ ਦੇਵੇ ਤਾਂ ਓਥੇ ਹੀ ਉਙ ਸੰਗਤ ਸਾਹਮਣੇ ਗਾਲਾਂ ਕੱਢਣ ਲੱਗ ਪੈਂਦਾ ਹੈ। ਇਹ ਅਜੋਕੇ ਸੰਤਾਂ ਅੰਦਰ ਬ੍ਰਾਹਮਣਵਾਦੀ ਮਾਨਸਿਕਤਾ ਕਿ ਆਪਣੇ ਆਪ ਨੂੰ ਉੱਚੇ ਬਾਕੀ ਸੰਤ ਸਭ ਨੀਵੇਂ। ਪਰ ਬ੍ਰਾਹਮਣ ਤਾਂ ਸ਼ਾਇਦ ਇਸ ਗੱਲੋਂ ਚੰਗਾ ਹੀ ਸੀ ਕਿਉਂਕਿ ਬ੍ਰਾਹਮਣ ਘੱਟੋ ਘੱਟ ਦੂਸਰੇ ਬ੍ਰਾਹਮਣ ਨੂੰ ਤਾਂ ਆਪਣੇ ਬਰਾਬਰ ਸਮਝਦਾ ਸੀ, ਅਜੋਕੇ ਸੰਤ ਤਾਂ ਇਕ ਦੂਜੇ ਨੂੰ ਨੀਂਵਾ ਦਿਖਾਉਣ ਤੇ ਤੁਲੇ ਹੋਏ ਹਨ। ਬੇਗ਼ਮਪੁਰੇ ਵਾਲੀ ਸੰਤਮੱਤ ਇਹਨਾਂ ਵਿਚ ਉੱਪਜ ਨਹੀਂ ਸਕੀ ਇਹ ਸਭ ਇਸੇ ਦਾ ਨਤੀਜਾ ਹੈ।
ਡੇਰਾ ਸੱਚਖੰਡ ਬੱਲਾਂ ਟ੍ਰੱਸਟ ਅਤੇ ਸੰਤਾਂ ਨੇ ਰਵਿਦਾਸੀਆ ਕੌਮ ਨੂੰ ਧਰਮ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਕਤਲ ਤੋਂ ਬਾਅਦ ਬੇਸ਼ੱਕ ਬੱਲਾਂ ਡੇਰੇ ਨੇ ਆਪਣੇ ਵੱਖਰੇ ਗ੍ਰੰਥ ਤੇ ਪੰਥ ਦਾ ਐਲਾਨ ਕਰ ਦਿੱਤਾ ਪਰ ਉਹ ਇਸ ਕੰਮ ਵਿਚ ਲਗਭਗ ਅਸਫ਼ਲ ਰਹੇ। ਡਾ. ਅੰਬੇਡਕਰ ਨੇ ਕਿਹਾ ਸੀ, ”ਧਰਮ ਕੋਈ ਬੱਚਿਆਂ ਦਾ ਖੇਡ ਨਹੀਂ ਨਾ ਹੀ ਕੋਈ ਮੌਜ ਮਸਤੀ ਜਾਂ ਮਨੋਰੰਜਨ ਦਾ ਵਿਸ਼ਾ ਹੈ। ਇਹ ਤਾਂ ਸਾਰੇ ਦਲਿਤ ਸਮਾਜ ਦੀ ਜ਼ਿੰਦਗੀ ਜਾਂ ਮੌਤ ਦਾ ਸਵਾਲ ਹੈ। ਜਿਵੇਂ ਇਕ ਕੈਪਟਨ ਨੂੰ ਆਪਣਾ ਜਹਾਜ਼ ਇਕ ਬੰਦਰਗਾਹ ਤੋਂ ਦੂਜੀ ਬੰਦਰਗਾਹ ਤੇ ਲਿਜਾਣ ਲਈ ਪੂਰੀ ਪੂਰੀ ਤਿਆਰੀ ਕਰਨੀ ਪੈਂਦੀ ਹੈ ਉਸ ਤਰ੍ਹਾਂ ਦੀ ਤਿਆਰੀ ਧਰਮ ਲਈ ਕਰਨੀ ਪੈਂਦੀ ਹੈ।” ਪਰ ਦਲਿਤ ਪੱਛਡ਼ਿਆਂ ਨੂੰ ਸੁੱਤੇ ਉਠਦਿਆਂ ਪਤਾ ਲੱਗਦਾ ਹੈ ਕਿ ਅੱਜ ਤੁਹਾਡਾ ਧਰਮ ਇਹ ਹੈ ਅਤੇ ਅੱਜ ਇਹ ਹੈ ਕੋਈ ਤਿਆਰੀ ਨਹੀਂ ਉਹੀ ਨਰਕ-ਸੁਰਗ, ਉਹੀ ਕਰਮ-ਕਾਂਢ, ਓਹੀ ਅਗਲੇ-ਪਿਛਲੇ ਜਨਮਾਂ ਦਾ ਚੱਕਰਵਿਊ, ਓਹੀ ਬ੍ਰਾਹਮਣਵਾਦ ਤੇ ਬ੍ਰਾਹਮਣਵਾਦੀ ਉਪਦੇਸ਼, ਕੋਈ ਸੁਚੱਜੀ ਸੋਚ ਨਹੀਂ। ਗੁਰੂ ਰਵਿਦਾਸ ਮਿਸ਼ਨ ਦੇ ਪ੍ਰਚਾਰ ਲਈ ਜਾਣਿਆ ਜਾਂਦਾ ਡੇਰਾ ਬੱਲਾਂ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਨੂੰ ਹੀ ਆਪਣੇ ਨਾਲ ਰਲਾ ਨਹੀਂ ਸਕਿਆ। ਹੋਰ ਤਾਂ ਹੋਰ ਡੇਰਾ ਬੱਲਾਂ ਦੇ ਹੀ ਦੋ ਸੰਤ ਸੰਤ ਸੁਰਿੰਦਰ ਦਾਸ ਕਠਾਰ ਵਾਲੇ ਅਤੇ ਸੰਤ ਗੁਰਬਚਨ ਦਾਸ ਡੇਰੇ ਨਾਲੋਂ ਪੂਰੀ ਤਰ੍ਹਾਂ ਟੁੱਟ ਗਏ। ਇਸ ਲਈ ਜੋ ਲੋਕ ਇਹਨਾਂ ਨਾਲ ਜੁਡ਼ੇ ਹੋਏ ਸਨ ਉਹਨਾਂ ਦਾ ਆਪਸ ਵਿਚ ਪਾਟਣਾ ਜਾਂ ਦੋ-ਤਿੰਨ-ਚਾਰ ਧਿਰਾਂ ਵਿਚ ਵੰਡੇ ਜਾਣਾ ਸੁਭਾਵਿਕ ਸੀ।
ਲੋਕਾਂ ਦਾ ਧਿਆਨ ਆਪਣੇ ਵੱਲ ਅਕ੍ਰਸ਼ਿਤ ਕਰਨ ਲਈ ਗੁਰੂ ਰਵਿਦਾਸ ਜੀ ਦਾ ਨਾਮ ਜਰੂਰ ਵਰਤ ਲਿਆ ਜਾਂਦਾ ਹੈ ਪਰ ਉਹਨਾਂ ਦੀ ਸਖ਼ਸ਼ੀਅਤ ਦੇ ਮੁਕਾਬਲੇ ਕੋਈ ਵੀ ਖ਼ਰਾ ਨਹੀਂ ਉਤਰਦਾ। ਹਰੇਕ ਸੰਤ ਜਾਂ ਡੇਰੇ ਦੇ ਆਪਣੀ ਆਪਣੀ ਨਿੱਜੀ ਵਿਚਾਰਧਾਰਾ ਅਤੇ ਨਿੱਜੀ ਪੱਖ ਵੀ ਹਨ। ਜੋ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਨਾਲ ਸੁਮੇਲ ਖਾਂਦੇ ਹੋਣ ਇਹ ਜਰੂਰ ਨਹੀਂ ਹੈ। ਇਸ ਲਈ ਜੇਕਰ ਦਲਿਤ ਸਮਾਜ ਨੇ ਇਕ ਹੋਣਾ ਹੈ ਤਾਂ ਸਿਰਫ਼ ਤੇ ਸਿਰਫ਼ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਸਿਰ ਤੇ ਹੋਰ ਕਿਸੇ ਸੰਤ, ਸਾਧ ਜਾਂ ਡੇਰੇ ਦੀ ਵਿਚਾਰਧਾਰਾ ਨੇ ਕਦੇ ਵੀ ਦਲਿਤ ਸਮਾਜ ਨੂੰ ਇਕੱਠਾ ਨਹੀਂ ਕਰਨਾ ਕਿਉਂਕਿ ਸਭ ਡੇਰਿਆਂ ਅਤੇ ਡੇਰਿਆਂ ਦੇ ਸਾਧਾਂ ਦੀਆਂ ਵਿਚਾਰਧਾਰਾਵਾਂ ਅਲੱਗ ਅਲੱਗ ਹਨ। ਬੱਲਾਂ ਡੇਰੇ ਦੇ ਅੰਦਰ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਰਮਾਇਣ ਦਾ ਪਾਠ ਕਰਦਿਆਂ ਸਭ ਨੇ ਸੁਣਿਆ ਹੋਵੇਗਾ, ਬ੍ਰਾਹਮਣਵਾਦੀ ਢੰਗ ਨਾਲ ਕਰਵਾਏ ਜਾਂਦੇ ਸੰਪਟ ਪਾਠਾਂ ਬਾਰੇ ਵੀ ਸਭ ਨੂੰ ਪਤਾ ਹੀ ਹੋਵੇਗਾ (ਜਿਵੇਂ ਹੁਣ ਅੰਮ੍ਰਿਤਬਾਣੀ ਦੇ ਸੰਪਟ ਪਾਠ ਕਰਵਾਏ ਜਾਂਦੇ ਹਨ) ਇੱਥੋਂ ਤੱਕ ਕਿ ਸਾਡੇ ਇਕ ਰਿਸ਼ਤੇਦਾਰਾਂ ਨੂੰ ਸੰਤ ਰਾਮਾਨੰਦ ਜੀ ਨੇ ਸੁੱਖ ਸ਼ਾਂਤੀ ਲਈ ਘਰ ਵਿਚ ਗੀਤਾ ਦਾ ਪਾਠ ਕਰਨ ਦੀ ਸਲਾਹ ਦਿੱਤੀ ਸੀ। ਸੰਤ ਰਾਮਾਨੰਦ ਜੀ ਦੀ ਸ਼ਹੀਦੀ ਭਾਵੇਂ ਅਦੁੱਤੀ ਹੈ ਪਰ ਉਹਨਾਂ ਦੇ ਆਪਣੇ ਅਤੇ ਜਿਸ ਡੇਰੇ ਵਿਚ ਉਹ ਰਹਿੰਦੇ ਸਨ ਉਸ ਡੇਰੇ ਦੀ ਵੀ ਕੁਝ ਨਿੱਜੀ ਵਿਚਾਰਧਾਰਾ ਅਤੇ ਨਿੱਜੀ ਪੱਖ ਹਨ। ਜਦੋਂ ਆਦਿਧਰਮੀਆਂ ਨੇ ਆਪਣਾ ਵੱਖਰਾ ਗ੍ਰੰਥ ਬਣਾਇਆ ਸੀ ਤਾਂ ਸੰਤ ਸਰਵਣ ਦਾਸ ਜੀ ਨੇ ਇਸ ਗ੍ਰੰਥ ਨੂੰ ਮਾਨਤਾ ਨਹੀਂ ਦਿੱਤੀ ਸੀ (ਕਾਰਨ ਚਾਹੇ ਕੋਈ ਵੀ ਹੋਵੇ) ਪਰ ਜਦੋਂ ਇਹਨਾਂ ਦੁਆਰਾ ਬਣਾਏ ਗਏ ਵੱਖਰੇ ਗ੍ਰੰਥ ਨੂੰ ਕੋਈ ਮਾਨਤਾ ਨਹੀਂ ਦਿੰਦਾ (ਚਾਹੇ ਕੋਈ ਵੀ ਕਾਰਨ ਹੋਵੇ) ਤਾਂ ਡੇਰੇ ਦੇ ਸ਼ਰਧਾਲੂ ਖਾਸ ਕਰਕੇ ਕਾਂਸ਼ੀ ਟੀ. ਵੀ. ਵਾਲੇ ਉਸਨੂੰ ਗ਼ਦਾਰ ਕਹਿੰਦੇ ਹਨ।
ਨਵਾਂ ਧਰਮ ਦਾ ਬਹੁਤਾ ਰੌਲਾ ਪਾਉਣ ਵਾਲਿਆਂ ਵਿਚੋਂ ਸੰਤ ਸੁਰਿੰਦਰ ਦਾਸ ਬਾਵਾ ਨੇ ਮਾਇਆ ਇਕੱਠੀ ਕਰਨ ਅਤੇ ਗੁਰੂ ਰਵਿਦਾਸ ਜੀ ਨਾਲ ਜੁਡ਼ੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਅੰਦਰੋ-ਅੰਦਰੀਂ ਮਨ ਬਣਾਇਆ ਹੋਇਆ ਸੀ। ਇਹਨਾਂ ਨੇ ਧਰਮ ਨੂੰ ਗੁੱਡੇ-ਗੁਡੀਆਂ ਦਾ ਖੇਡ ਅਤੇ ਮੌਜ ਮਸਤੀ ਦਾ ਵਿਸ਼ਾ ਸਮਝਿਆ ਅਤੇ ਇਹ ਤੇ ਇਹਨਾਂ ਦੇ ਚਮਚਿਆਂ ਨੇ ਖੂਬ ਮੌਜ-ਮਸਤੀ ਕੀਤੀ, ਖੂਬ ਪੈਸਾ ਲੁੱਟਿਆ ਇਹਨਾਂ ਨੇ ਸੋਚਿਆ ਕਿ ਧਰਮ ਦੇ ਨਾਮ ਤੇ ਲੋਕ ਅੰਨੇ-ਬੋਲੇ ਹੋ ਚੁੱਕੇ ਹਨ ਸਾਨੂੰ ਕਿਹਡ਼ਾ ਕਿਸੇ ਨੇ ਪੁੱਛਣਾ ਹੈ। ਭੋਲੇ-ਭਾਲੇ ਲੋਕ ਵੀ ਇਹਨਾਂ ਦੀ ਫੂਕ ਵਿਚ ਆ ਗਏ। ਉਹ ਇਹ ਵੀ ਨਹੀਂ ਸਮਝ ਸਕੇ ਕਿ ਰਵਿਦਾਸੀਆ ਤਾਂ ਸਾਡਾ ਜਮਾਂਦਰੂ ਨਾਮ ਹੈ ਠੀਕ ਉਸੇ ਤਰ੍ਹਾਂ ਜਿਵੇਂ ਸਾਨੂੰ ਚਮਾਰ ਕਹਿ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਨੂੰ ਰਵਿਦਾਸੀਏ ਵੀ ਕਹਿ ਦਿੱਤਾ ਜਾਂਦਾ ਹੈ। ਲੋਕਾਂ ਨੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਨੂੰ ਇਹਨਾਂ ਨੇ ਧਰਮ ਕਿਹਡ਼ਾ ਦਿੱਤਾ? ਪਰ ਸੰਤ ਸੁਰਿੰਦਰ ਦਾਸ ਬਾਵਾ ਨੇ ਆਪਣਾ ਪੈਸੇ ਲੁੱਟਣ ਅਤੇ ਪੈਸਾ ਇੱਧਰ-ਉਧਰ ਗਾਇਬ ਕਰਨ ਅਤੇ ਘਰ ਭੇਜਣ ਦਾ ਵੱਖਰਾ ਧਰਮ ਬਣਾ ਲਿਆ ਸੀ। ਬਸ ਇਕੋ ਇਕ ਧਰਮ ਕਿ ਲੋਕਾਂ ਤੋਂ ਪੈਸਾ ਲੁੱਟੀ ਜਾਵੋ ਅਤੇ ਮੌਜ-ਮਸਤੀ ਕਰੋ। ਨਿਰਮਲ ਕਰਮਾਂ ਤੋਂ ਵਾਂਝੇ ਧਰਮ ਦੇ ਇਹਨਾਂ ਠੇਕੇਦਾਰਾਂ ਨੇ ਆਪਣੀ ਹੀ ਸੰਗਤ ਨਾਲ ਧੌਖਾ ਕੀਤਾ ਹੈ ਫਿਰ ਪੂਰੇ ਦਾ ਪੂਰਾ ਦਲਿਤ ਸਮਾਜ ਇਹਨਾਂ ਤੋਂ ਕਿਹਡ਼ੀ ਮੁਕਤੀ ਦੀ ਆਸ ਲਾਈ ਬੈਠਾ ਹੈ? ਧਰਮ ਦਾ ਸਭ ਤੋਂ ਪਹਿਲਾ ਪੌਡਾ ਹੈ-
ਜੋ ਤੁਧੁ ਭਾਵੈ ਸੋ ਨਿਰਮਲ ਕਰਮਾ।। ਜੋ ਤੁਧੁ ਭਾਵੈ ਸੋ ਸਚੁ ਧਰਮਾ।। (ਪੰਨਾ 180)
ਸਭ ਤੋਂ ਪਹਿਲਾਂ ਤਾਂ ਆਪਣੇ ਖ਼ੁਦ ਦੇ ਕਰਮ ਨਿਰਮਲ ਜਾਂ ਦਿਖਾਵਾ ਰਹਿਤ ਹੋਣੇ ਚਾਹੀਦੇ ਹਨ, ਜਿਸਨੇ ਸਭ ਤੋਂ ਜ਼ਿਆਦਾ ਧਰਮ ਦਾ ਰੌਲਾ ਪਾਉਣਾ ਹੁੰਦਾ ਹੈ। ਅੰਤ ਨਿਬੇਡ਼ਾ ਖ਼ੁਦ ਦੇ ਕੀਤੇ ਕਰਮਾਂ ਤੇ ਹੋਣਾ ਹੈ ਨਿੱਜੀ ਹਿੱਤਾਂ ਨੂੰ ਧਰਮ ਲਈ ਕੁਰਬਾਨ ਕਰਨਾ ਪੈਂਦਾ ਹੈ, ਮਨ ਵਿਚ ਨਿੱਜੀ ਹਿੱਤ ਰੱਖ ਕੇ ਜਾਂ ਦਿਖਾਵਾ ਕਰਕੇ ਕਿਸੇ ਬੰਨੇ-ਕੰਢੇ ਨਹੀਂ ਲੱਗ ਹੁੰਦਾ। ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਤੁਹਾਨੂੰ ਕਿਸ ਨਿਗ੍ਹਾ ਨਾਲ ਦੇਖਦੇ ਹਨ ਕਿਉਂਕਿ ਆਪਣੇ ਆਪ ਨੂੰ ਫ਼ਰਕ ਤਾਂ ਆਪਣੇ ਹੀ ਕੀਤੇ ਹੋਏ ਕਰਮਾਂ ਨਾਲ ਪੈਂਦਾ ਹੈ। ਇਸੇ ਲਈ ਧਰਮ ਕਮਾਉਣ ਲਈ ਖ਼ੁਦ ਦੇ ਨਿਰਮਲ ਕਰਮਾਂ ਤੇ ਹੀ ਜੋਰ ਦਿੱਤਾ ਹੈ-
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
ਲੋਕ ਤੁਹਾਨੂੰ ਕਿਸ ਨਿਗ੍ਹਾ ਨਾਲ ਦੇਖਦੇ ਹਨ ਜਾਂ ਮੈਂ ਤੁਹਾਨੂੰ ਕਿਸ ਨਿਗ੍ਹਾ ਨਾਲ ਦੇਖਦਾ ਹਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਗਲਤ ਹੋ ਸਕਦਾ ਹਾਂ ਲੋਕ ਗਲਤ ਹੋ ਸਕਦੇ ਹਨ ਪਰ ਜਦ ਤੱਕ ਤੁਹਾਡੇ ਖ਼ੁਦ ਦੇ ਕਰਮ ਨਿਰਮਲ ਨਹੀਂ ਹੁੰਦੇ ਤਾਂ ਧਰਮ ਨਹੀਂ ਕਮਾ ਸਕਦੇ। ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ। ਅੱਜ ਚਮਾਰ ਕੌਮ ਜੇਕਰ ਆਪਣੇ ਆਪ ਨੂੰ ਮਾਣ ਨਾਲ ਰਵਿਦਾਸੀਆ ਕਹਿ ਰਹੀ ਹੈ ਤਾਂ ਇਸ ਪਿੱਛੇ ਸਿਰਫ਼ ਤੇ ਸਿਰਫ਼ ਗੁਰੂ ਰਵਿਦਾਸ ਜੀ ਵਰਗੀ ਮਹਾਨ ਸਖ਼ਸ਼ੀਅਤ ਅਤੇ ਉਹਨਾਂ ਦੇ ਨਿਰਮਲ ਕਰਮ ਹਨ। ਪਰ ਨਿਰਮਲ ਕਰਮਾਂ ਤੋਂ ਵਗੈਰ ਸਾਡੇ ਮਹਾਨ ਦਲਿਤ ਰਹਿਬਰਾਂ ਦੇ ਨਾਮ ‘ਤੇ ਕੋਈ ਵੀ ਵਿਅਕਤੀ ਜਾਂ ਸਾਧ ਜੇਕਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਨਾਮ ਚਮਕਾਉਣ ਜਾਂ ਪੈਸਾ ਕਮਾਉਣ ਦਾ ਹਿੱਲਾ-ਵਸੀਲਾ ਭਾਲੇਗਾ ਤਾਂ ਉਸਦਾ ਅੰਜਾਮ ਇੰਞ ਹੀ ਹੋਵੇਗਾ ਜੋ ਅੱਜ ਡੇਰਾ ਬੱਲਾਂ ਤੋਂ ਕੱਢੇ ਹੋਏ ਸੰਤ ਸੁਰਿੰਦਰ ਦਾਸ ਬਾਵਾ ਦਾ ਹੋਇਆ ਹੈ ਕਿਉਂਕਿ ਅੰਤਿਮ ਸੱਚ ਇਹੀ ਹੈ-
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ।। (ਪੰਨਾ 302)
ਡੇਰੇਦਾਰਾਂ ਨੇ ਬ੍ਰਾਹਮਣਵਾਦੀ ਕਿਹਡ਼ੀ ਮਾਨਸਿਕਤਾ ਅਪਣਾਈ ਹੈ ਜਿਸਨੂੰ ਅਸੀਂ ਮਾਨਸਿਕ ਗੁਲਾਮੀ ਜਕਡ਼ੇ ਲੋਕਾਂ ਨੇ ਵੀ ਆਪਣਾ ਲਿਆ ਹੈ ਉਹ ਇਹ ਮਨੂੰਸਮ੍ਰਿਤੀ (1,99,100) ਦੀ ਗਵਾਹੀ ਹੈ ਕਿ ਬ੍ਰਾਹਮਣ (ਅਜੋਕਾ ਸੰਤ) ਜਨਮ ਤੋਂ ਹੀ ਸਭ ਸ੍ਰਿਸ਼ਟੀ ਦੇ ਜੀਵਾਂ ਵਿਚੋਂ ਸ੍ਰੇਸ਼ਟ ਹੈ। ਉਹ (ਅਜੋਕਾ ਸੰਤ) ਸਾਰੇ ਪ੍ਰਾਣੀਆਂ ਦਾ ਈਸ਼ਵਰ ਹੈ ਅਤੇ ਖ਼ਜ਼ਾਨੇ ਦਾ ਰੱਖਿਅਕ ਵੀ। ਇਸ ਸੰਸਾਰ ਵਿਚ ਜੋ ਵੀ ਸੰਪਤੀ ਹੈ, ਉਹ ਬ੍ਰਾਹਮਣ (ਅਜੋਕੇ ਸੰਤ) ਦੀ ਨਿੱਜੀ ਹੈ। ਬ੍ਰਾਹਮਣ (ਅਜੋਕਾ ਸੰਤ) ਚਾਹੇ ਪਰਾਇਆ ਅੰਨ ਖਾਵੇ, ਪਰਾਏ ਵਸਤਰ ਪਹਨੇ, ਪਰਾਏ ਧਨ ਨੂੰ ਲੈ ਲਵੇ ਤਾਂ ਵੀ ਇਹ ਸਭ ਉਸਦੇ ਰਿਣੀ ਹਨ ਕਿਉਂਕਿ ਸਾਰੇ ਜੀਵ ਬ੍ਰਾਹਮਣ (ਅਜੋਕੇ ਸੰਤ) ਦੀ ਦਇਆ ਤੇ ਜਿਊਂਦੇ ਹਨ। ਇਹੀ ਬਸ ਬ੍ਰਾਹਮਣਵਾਦ ਨੇ ਆਪਣਾ ਰੂਪ ਵਟਾ ਲਿਆ ਹੈ ਅਤੇ ਮਾਨਸਿਕਤਾ ਓਹੀ ਹੈ।
ਸਾਨੂੰ ਸਭ ਨੂੰ ਪਤਾ ਹੈ ਕਿ ਦਲਿਤਾਂ ਵਿਚ ਹੁਣ ਗੁਰੂ ਰਵਿਦਾਸ ਜੀ ਵਰਗਾ ਰਹਿਬਰ ਬਾਰ ਬਾਰ ਦੁਨੀਆਂ ਤੇ ਨਹੀਂ ਆਉਣਾ। ਇਸ ਲਈ ਸਿੱਧੇ ਤੇ ਸਾਧੇ ਢੰਗ ਨਾਲ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਦੀ ਕੋਸ਼ਿਸ਼ ਸਾਨੂੰ ਖ਼ੁਦ ਨੂੰ ਕਰਨੀ ਚਾਹੀਦੀ ਹੈ। ਸਾਨੂੰ ਡੇਰਿਆਂ ਦੀ ਲੋਡ਼ ਨਹੀਂ ਡੇਰਿਆਂ ਨੂੰ ਸਾਡੀ ਲੋਡ਼ ਹੈ। ਸਾਨੂੰ ਤਾਂ ਬਸ ਇਕ ਹੋਣ, ਆਪਣੀ ਹੋਂਦ ਜਾਨਣ ਅਤੇ ਆਪਣੀ ਸ਼ਕਤੀ ਪਹਿਚਾਣਦੇ ਹੋਏ ਬੇਗ਼ਮਪੁਰੇ ਦਾ ਰਸਤਾ ਖ਼ੁਦ ਅਖ਼ਤਿਆਰ ਕਰਨ ਦੀ ਲੋਡ਼ ਹੈ ਜਿਸਦਾ ਰਾਹ ਗੁਰੂ ਰਵਿਦਾਸ ਜੀ ਦੱਸ ਕੇ ਗਏ ਹਨ ਹੋਰ ਕੋਈ ਦੁੱਕੀ-ਤਿੱਕੀ ਸੰਤ-ਸਾਧ ਨਹੀਂ। ਜਿਹਨਾਂ ਦੇ ਪਿੱਛੇ ਅਸੀਂ ਮੁਕਤੀ ਲਈ ਤਡ਼ਫ਼ਦੇ ਹਾਂ, ਦੌਡ਼ਦੇ ਹਾਂ, ਦਰਸ਼ਨ ਕਰਨੇ ਲੋਚਦੇ ਹਾਂ। ਸੱਚ ਕੌਡ਼ਾ ਹੁੰਦਾ ਹੈ ਪਰ ਮੇਰੀ ਕੌਮ ਦੇ ਆਪਣੇ ਆਪ ਨੂੰ ਰਵਿਦਾਸੀਏ ਸ਼ੇਰ ਕਹਾਉਣ ਵਾਲੇ ਵੀਰੋ ਮੁਡ਼ ਆਓ, ਸੱਚ ਦਾ ਸਾਥ ਦੇਵੋ, ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਵਾਲੀ ਸੋਚ ਵੱਲ ਧਿਆਨ ਦੇਵੋ ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗਡ਼ਿਆ। ਕੌਡ਼ਾ ਘੁੱਟ ਭਰਨ ਵਿਚ ਭਾਵ ਸੱਚ ਨੂੰ ਅਪਨਾਉਣ ਵਿਚ ਜੋ ਮਜ਼ਾ ਹੈ ਉਹ ਸ਼ਾਇਦ ਝੂਠੇ ਧਰਮਾਂ ਵਿਚ ਝੂਠੀ ਵਾਹ-ਵਾਹ ਅਤੇ ਦਿਖਾਵੇ ਵਾਲੀ ਸ਼ਰਧਾ ਵਿਚ ਨਹੀਂ ਹੈ। ਅਸੀਂ ਚਮਾਰ ਜਾਂ ਰਵਿਦਾਸੀਏ ਸਦਾ ਹੀ ਰਹਿਣਾ ਹੈ ਇਹ ਨਾਮ ਕਿਸੇ ਡੇਰੇ ਦੀ ਜਾਂ ਕਿਸੇ ਧਰਮ ਦੇ ਠੇਕੇਦਾਰ ਦੀ ਨਿੱਜੀ ਜਾਇਦਾਦ ਨਹੀਂ ਹੈ, ਨਾ ਹੀ ਇਹ ਸਾਡਾ ਨਾਮ ਕੋਈ ਪਹਿਚਾਣ ਦਾ ਮੋਹਤਾਜ ਹੈ। ਰਵਿਦਾਸੀਆ ਰਵਿਦਾਸੀਆ ਦਾ ਰੌਲਾ ਪਾਉਣ ਵਾਲੇ ਧਰਮ ਦੇ ਠੇਕੇਦਾਰਾਂ ਤੋਂ ਬਚੋ ਜੋ ਸਾਨੂੰ ਬ੍ਰਾਹਮਣਵਾਦੀ ਸੋਚ ਵਾਲੇ ਸਾਧਾਂ ਦੇ ਚੁੰਗਲ ਵਿਚ ਫਸਾ ਰਹੇ ਹਨ। ਬੇਗ਼ਮਪੁਰੇ ਦੇ ਸੁਪਨੇ ਨੂੰ ਸਾਕਾਰ ਰੂਪ ਧਾਰਨ ਕਰਵਾਉਣ ਦੇ ਹਿੱਲੇ-ਵਸੀਲੇ ਲੱਭੋ, ਸਮਾਜ ਨੂੰ ਕੋਈ ਨਿਰਮਲ ਕਰਮਾਂ ਵਾਲੀ ਸੋਚ ਦੇਵੋ ਅਤੇ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਨੂੰ ਬੇਗ਼ਮਪੁਰਾ ਹੀ ਰਹਿਣ ਦਿਓ ਕੁਝ ਹੋਰ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਬੇਗ਼ਮਪੁਰੇ ਦੇ ਦੂਜਿਆਂ ਨੂੰ ਵਾਸੀ ਬਣਾਉਣ ਦੀ ਥਾਂ ਆਓ ਪਹਿਲਾਂ ਖ਼ੁਦ ਇਸਦਾ ਆਨੰਦ ਚੱਖੀਏ ਤਾਂ ਕਿ ਦੂਜਿਆਂ ਨੂੰ ਇਸਦੀ ਖੁਸ਼ਬੂ ਦਾ ਅਹਿਸਾਸ ਹੋਵੇ। ਇਹ ਸਾਧ ਨਾ ਤਾਂ ਆਪ ਬੇਗ਼ਮਪੁਰੇ ਦੇ ਵਾਸੀ ਹਨ ਅਤੇ ਨਾ ਹੀ ਇਹਨਾਂ ਨੇ ਕਿਸੇ ਨੂੰ ਬਣਨ ਦੇਣਾ ਹੈ। ਜੇਕਰ ਇਹਨਾਂ ਸਾਧਾਂ ਤੋਂ ਵਗੈਰ ਨਹੀਂ ਸਰਦਾ ਤਾਂ ਇਹਨਾਂ ਸਾਧਾਂ ਨੂੰ ਕਿਸੇ ਹੱਦ ਤੱਕ ਮੰਨੋ ਪਰ ਗੁਰੂ ਰਵਿਦਾਸ ਜੀ ਦੇ ਨਾਮ ਨਾਲ ਇੰਨਾ ਖਿਲਵਾਡ਼ ਨਾ ਕਰੋ ਕਿ ਆਪਣੇ ਆਪ ਨੂੰ ਰਵਿਦਸਾਈਆ ਜਾਂ ਚਮਾਰ ਕਹਿੰਦੇ ਹੋਏ ਸਾਨੂੰ ਸ਼ਰਮ ਮਹਿਸੂਸ ਹੋਵੇ। ਕਿਧਰੇ ਇਹਨਾਂ ਸਾਧਾਂ ਮਗਰ ਲੱਗ ਕੇ ਆਪਾਂ ਡੇਰਾਮੁੱਖੀ ਲੋਕ ਬੇਗ਼ਮਪੁਰੇ ਵੱਲ ਨੂੰ ਪਿੱਠ ਕਰਕੇ ਨਾ ਬੈਠ ਜਾਈਏ ਅਤੇ ਭਾਰਤ ਵਿਚ ਬੇਗ਼ਮਪੁਰਾ ਇਕ ਸੁਪਨਾ ਬਣ ਕੇ ਹੀ ਨਾ ਰਹਿ ਜਾਵੇ।
ਹੁਣ ਗੱਲ ਗੱਲ ਵਿਚ ਘਰ ਕਰ ਚੁੱਕੀ ਬ੍ਰਾਹਮਣਵਾਦੀ ਮਾਨਸਿਕਤਾ ਨੂੰ ਸਮਝਣ ਦੀ ਲੋਡ਼ ਹੈ। ਬ੍ਰਾਹਮਣਵਾਦ ਦਾ ਕਹਿਣਾ ਹੈ ਕਿ ਸ਼ੂਦਰ ਨੂੰ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਪਰ ਬ੍ਰਾਹਮਣਵਾਦੀ ਸੋਚ ਨੂੰ ਤਿਆਗ ਕੇ ਹਰੇਕ ਗੱਲ ਤੇ ਤਰਕ-ਵਿਤਰਕ ਕਰੋ, ਹਰੇਕ ਗੱਲ ਤੇ ਵਿਚਾਰ ਕਰੋ ਕਿਸੇ ਦੇ ਮਗਰ ਨਾ ਲੱਗੋ। ਲੋਕਤੰਤਰ ਹੈ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਸ਼ਾਇਦ ਇਸ ਪੈਚੀਦਾ ਹੋ ਚੁੱਕੇ ਮਸਲੇ ਵਿਚੋਂ ਤਰਕ-ਵਿਤਰਕ ਨਾਲ ਕੋਈ ਸਿੱਟਾ ਕੱਢਿਆ ਜਾ ਸਕੇ ਜਿਸ ਨਾਲ ਦਲਿਤ ਸਮਾਜ ਦੀ ਭਟਕਣਾ ਮੁੱਕ ਜਾਵੇ। ਪਰ ਕੋਈ ਇਸਨੂੰ ਨਿੰਦਿਆ ਚੁਗਲੀ ਸਮਝਦਾ ਹੈ, ਕੋਈ ਇਸ ਨੂੰ ਪਾਪ ਸਮਝਦਾ ਹੈ, ਕੋਈ ਅਣਖ਼ ਦੇ ਖ਼ਿਲਾਫ ਸਮਝਦਾ ਹੈ, ਕੋਈ ਸ਼ਰਧਾ ਭੰਗ ਹੋਣੋਂ ਡਰਦਾ ਹੈ, ਕੋਈ ਸਾਧਾਂ ਦੇ ਝੂਠੇ ਅਹਿਸਾਨਾਂ ਥੱਲੇ ਦੱਬਿਆ ਪਿਆ ਹੈ, ਕੋਈ ਮਾਨਸਿਕ ਪੀਡ਼ ਸਮਝਦਾ ਹੈ, ਕੋਈ ਮਨਮੁੱਖ ਹੋਣ ਤੋਂ ਡਰਦਾ ਹੈ। ਇਹ ਸਭ ਕਿਸ ਲਈ? ਕਿਉਂਕਿ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਸੰਦਰਭ ਵਿਚ ਨਹੀਂ ਸਮਝ ਸਕੇ ਅਸੀਂ ਸਿਰਫ਼ ਬ੍ਰਾਹਮਣੀਵਾਦੀ ਤਰਜ ਨਾਲ ਹੀ ਆਪਣੇ ਗੁਰੂ ਦੇ ਮਹਾਨ ਫ਼ਲਸਫੇ ਨੂੰ ਜਾਣਿਆ ਤੇ ਸਮਝਿਆ ਹੈ।
ਅੰਤ ਵਿਚ ਮੈਂ ਇਹੋ ਕਹਾਂਗਾ ਕਿ ਮੈਂ ਤਾਂ ਇਹਨਾਂ ਕਾਰਨਾਂ ਕਰਕੇ ਡੇਰਿਆਂ ਦਾ ਰਾਹ ਸਦਾ ਲਈ ਛੱਡ ਦਿੱਤਾ ਹੈ ਨਹੀਂ ਤਾਂ ਮੈਨੂੰ ਵੀ ਬਾਕੀ ਲੋਕਾਂ ਵਾਂਗ ਇਹਨਾਂ ਡੇਰਿਆਂ ਵਿਚ ਜਾ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। ਮੈਂ ਵੀ ਆਪਣੇ ਆਪ ਨੂੰ ਡੇਰਿਆਂ ਨਾਲ ਜੁਡ਼ ਕੇ ਕੌਮ ਦੀ ਭਲਾਈ ਵਾਲਾ ਕੰਮ ਸਮਝਦਾ ਸੀ। ਪਰ ਜਿਸ ਤਰ੍ਹਾਂ ਸੱਚ ਅੱਖਾਂ ਸਾਹਮਣੇ ਆਉਂਦਾ ਗਿਆ ਮੈਂ ਪਿੱਛੇ ਹਟਦਾ ਗਿਆ ਅੰਤ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਮੈਂ ਡੇਰਿਆਂ ਵਾਲੇ ਰਾਹੇ ਪੈਣ ਤੋਂ ਵੀ ਤੌਬਾ ਕੀਤੀ। ਇਹ ਮੇਰਾ ਆਪਣਾ ਨਿੱਜੀ ਤਜੁਰਬਾ ਹੈ, ਜਰੂਰੀ ਨਹੀਂ ਕਿ ਕੋਈ ਇਸਨੂੰ ਮੰਨ ਲਵੇ। ਜਿਸ ਤਰ੍ਹਾਂ ਲੋਕਾਂ ਨੂੰ ਚੰਗਾ ਲੱਗਦਾ ਹੈ ਉਹ ਕਰ ਸਕਦੇ ਹਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪਰ ਮੈਂ ਜੋ ਸਮਝਣਾ ਸੀ ਸਮਝ ਲਿਆ ਹੈ।
ਵਿਜੈ ਕੁਮਾਾਰ ਹਜ਼ਾਰਾ