Sunday, July 14, 2013

ਡੇਰਾਵਾਦ ਕੀ ਹੈ?

ਡੇਰਾਵਾਦ ਕੀ ਹੈ? 


ਗਜਿੰਦਰ ਸਿੰਘ

ਅੱਜ ਕਲ ਡੇਰਾਵਾਦ ਦਾ ਵਿਸ਼ਾ ਬਹੁਤ ਚਰਚਾ ਵਿੱਚ ਰਹਿੰਦਾ ਹੈ । ਇਹ ਡੇਰਾਵਾਦ ਹੈ ਕੀ, ਅੱਜ ਇਸ ਵਿਸ਼ੇ ਤੇ ਗੱਲ ਕਰਦੇ ਹਾਂ । 
ਹਰ ਡੇਰਾ, ਹਰ ਸੰਪ੍ਰਦਾ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਖਸ਼ੀਅਤ ਦੀ ਜ਼ਾਤ ਨਾਲ ਜੁੜੀ ਹੁੰਦੀ ਹੈ । ਉਹ ਵਿਅਕਤੀ ਵਿਸ਼ੇਸ਼ ਪੰਥ ਦੀ ਮੁੱਖ ਧਾਰਾ ਤੋਂ ਆਪਣੇ ਆਪ ਨੂੰ ਤੇ ਆਪਣੀ ਸੋਚ ਨੂੰ ਵੱਖ ਤੇ ਉਤਮ ਸਮਝਦਾ ਹੁੰਦਾ ਹੈ । ਉਸ ਵਿਅਕਤੀ ਵਿਸ਼ੇਸ਼ ਨਾਲ ਜੁੜਨ ਵਾਲੇ ਲੋਕ ਹੌਲੀ ਹੌਲੀ ਇਕ ਸੰਪ੍ਰਦਾ ਦਾ ਰੂਪ ਅਖਤਿਆਰ ਕਰ ਲੈਂਦੇ ਹਨ । ਸੰਪ੍ਰਦਾ ਦਾ ਹੈਡ ਕੁਆਟਰ ਹੀ ਡੇਰਾ ਅਖਵਾਂਦਾ ਹੈ । 
ਆਪਣੇ ਵੱਖਰੇਪਨ ਨੂੰ ਇਹ ਲੋਕ ਵਕਤ ਨਾਲ ਪਕਿਆਂ ਕਰੀ ਤੁਰੇ ਜਾਂਦੇ ਹਨ, ਤੇ ਇਸੇ ਵਿੱਚ ਆਪਣੀ ਸ਼ਾਨ ਵੀ ਸਮਝਦੇ ਹਨ । ਇਹਨਾਂ ਦਾ ਇਹੀ ਵੱਖਰਾਪਨ ਕਈ ਵਾਰ ਇਹਨਾਂ ਨੂੰ ਡੇਰਾਵਾਦ ਤੋਂ ਅੱਗੇ "ਗੁਰੂਡੰਮ" ਵੱਲ ਵੀ ਲੈ ਜਾਂਦਾ ਹੈ । 
ਆਮ ਤੌਰ ਤੇ ਇਹਨਾਂ ਸੰਪ੍ਰਦਾਵਾਂ ਦਾ ਵੱਖਰਾਪਨ ਗੁਰਬਾਣੀ ਦੀ ਵੱਖਰੀ ਵਿਆਖਿਆ ਤੋਂ ਸ਼ੁਰੂ ਹੁੰਦਾ ਹੈ । ਵਿਆਖਿਆ ਵਿੱਚ ਵੱਖਰਾਪਨ ਹੋਣਾ ਕੋਈ ਮਸਲਾ ਜਾਂ ਬੁਰਾਈ ਨਹੀਂ ਹੈ, ਮਸਲਾ ਉਦੋਂ ਬਣਦਾ ਹੈ, ਜੱਦ ਵਿਅਕਤੀ ਵਿਸ਼ੇਸ਼ ਆਪਣੀ ਵੱਖਰੀ ਵਿਆਖਿਆ ਨੂੰ ਜ਼ਿੱਦ ਬਣਾ ਲੈਂਦਾ ਹੈ । ਇਹੀ ਜ਼ਿੱਦ ਅੱਗੇ ਚੱਲ ਕੇ ਪੰਥਕ ਇਕਸੁਰਤਾ ਨਾਲ ਟਕਰਾਓ ਦਾ ਕਾਰਨ ਬਣਦੀ ਹੈ । 
ਸੰਪ੍ਰਦਾਈ ਵੱਖਰੇਵੇਂ ਪੰਥਕ ਇਕਸੁਰਤਾ ਨੂੰ ਭੰਗ ਕਰਨ ਦਾ ਕੰਮ ਕਰਦੇ ਹਨ । ਸੰਪ੍ਰਦਾ ਜਾਂ ਡੇਰੇ ਨਾਲ ਜੁੜਨਾ ਪੰਥ ਤੋਂ ਟੁੱਟਣ ਦੇ ਤੇ ਪੰਥ ਨੂੰ ਕਮਜ਼ੋਰ ਕਰਨ ਦੇ ਰਾਹ ਪੈਣਾ ਹੈ । ਸ਼ੁਰੂ ਸ਼ੁਰੂ ਵਿੱਚ ਇਹ ਲੋਕ ਸਮਝਦੇ ਹਨ ਕਿ ਉਹ ਜੋ ਕਰ ਰਹੇ ਹਨ, ਉਹੀ ਪੰਥ ਦੀ ਸਹੀ ਸੇਵਾ ਹੈ, ਤੇ ਸ਼ਾਇਦ ਉਹ ਬਾਕੀਆਂ ਨਾਲੋਂ ਕੋਈ ਬੇਹਤਰ ਸੇਵਾ ਕਰ ਰਹੇ ਹਨ । ਪਰ ਵਕਤ ਨਾਲ ਜਦੋਂ ਡੇਰਿਆ ਦੇ ਗੱਦੀ ਨਸ਼ੀਨ ਬਦਲਦੇ ਹਨ, ਤਾਂ ਅਕਸਰ ਪੰਥ ਪਿੱਛੇ ਰਹਿ ਜਾਂਦਾ ਹੈ, ਡੇਰਾ ਜਾਂ ਸੰਪ੍ਰਦਾ ਹੀ ਮੁੱਖ ਅਹਿਮੀਅਤ ਅਖਤਿਆਰ ਕਰ ਜਾਂਦੀ ਹੈ । ਕਈ ਵਾਰ ਤਾਂ ਸੰਪ੍ਰਦਾਈ ਸੋਚ ਲਈ ਡੇਰਾ ਮੁੱਖੀ "ਗੁਰੂ ਸਾਹਿਬਾਨ" ਦਾ ਸ਼੍ਰੀਕ ਬਣ ਜਾਂਦਾ ਹੈ ।
ਐਸੀ ਸਥਿੱਤੀ ਤੇ ਪਹੁੰਚ ਕੇ "ਗੁਰੁ" ਨੂੰ ਬੁਰਾ ਕਹਿਣ ਵਾਲਾ ਇਹਨਾਂ ਨੂੰ ਇੰਨਾ ਬੁਰਾ ਨਹੀਂ ਲੱਗਦਾ, ਜਿੰਨਾ ਡੇਰੇ ਦੇ ਮੁੱਖੀ ਨੂੰ ਬੁਰਾ ਕਹਿਣਾ ਵਾਲਾ ਲੱਗਦਾ ਹੈ । 
ਇਤਹਾਸ ਵਿੱਚ ਬਹੁਤ ਵਾਰੀ ਇਸ ਤਰਾਂ੍ਹ ਵੀ ਹੋਇਆ ਹੈ ਕਿ ਵਿਅਕਤੀ ਵਿਸ਼ੇਸ਼ ਵੱਖਰੀ ਸੰਪ੍ਰਦਾ ਦੀ ਬੁਨਿਆਦ ਰੱਖਣ ਦੀ ਸੁਚੇਤ ਕੋਸ਼ਿਸ਼ ਨਹੀਂ ਕਰਦਾ ਦਿਖਾਈ ਦਿੰਦਾ, ਪਰ ਉਸ ਦੇ ਮੰਨਣ ਵਾਲੇ ਬਾਦ ਵਿੱਚ ਇਸ ਰਾਹ ਪੈ ਜਾਂਦੇ ਹਨ । ਅਜਿਹੇ ਮਾਮਲਿਆਂ ਵਿੱਚ ਬਹੁਤ ਵਾਰੀ ਵਕਤ ਦੀ ਹਕੂਮਤ ਵੀ ਕਿਸੇ ਸਾਜ਼ਸ਼ੀ ਸੋਚ ਤਹਿਤ ਇਸ ਤਰਾਂ੍ਹ ਦੇ ਵੱਖਰੇਵੇਂ ਨੂੰ ਉਕਸਾ ਰਹੀ ਮਹਿਸੂਸ ਹੁੰਦੀ ਹੈ । ਮੈਂ ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਪ੍ਰਦਾ ਦਾ ਜ਼ਿਕਰ ਨਹੀਂ ਕਰਨਾ ਚਾਹਾਂਗਾ, ਕਿਓਂਕਿ ਮੇਰਾ ਮਕਸਦ ਕਿਸੇ ਨੂੰ ਚੋਟ ਪਹੁੰਚਾਣਾ ਨਹੀਂ ਹੈ । ਪਰ ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਕਿ ਗੁਰੁ ਨਾਲ ਜੁੜਨ ਦਾ ਰਾਹ ਏਕੇ ਦਾ, ਇਕਸੁਰਤਾ ਦਾ ਰਾਹ ਹੈ, ਤੇ ਕਿਸੇ ਵੀ ਸੰਪ੍ਰਦਾ ਨਾਲ ਜੁੜਨਾ ਬਿਖਰਾਓ ਦਾ, ਟੁੱਟਣ ਦਾ, ਗੁਰੁ ਤੋਂ ਦੂਰ ਜਾਣ ਦਾ ਰਾਹ ਹੈ । 

ਸਿੱਖ ਪੰਥ ਕੋਲ ਕੁੱਝ ਸਾਲ ਪਹਿਲਾਂ ਤੱਕ ਇਕ ਸਰਬ ਪ੍ਰਵਾਨਤ ਮਰਿਯਾਦਾ ਹੁੰਦੀ ਸੀ, ਜਿਸ ਨੂੰ ਅਸੀਂ "ਅਕਾਲ ਤੱਖਤ ਸਾਹਿਬ ਦੀ ਪੰਥ ਪ੍ਰਵਾਨਤ ਮਰਿਯਾਦਾ" ਕਹਿੰਦੇ ਸਾਂ । ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਨੂੰ, ਤੇ ਸ਼੍ਰੋਮਣੀ ਕਮੇਟੀ ਨੂੰ ਇਸ ਮਰਿਯਾਦਾ ਨੂੰ ਲਾਗੂ ਕਰਨ, ਤੇ ਕਰਵਾਣ ਦਾ ਜ਼ਿੰਮੇਵਾਰ, ਤੇ ਪਹਿਰੇਦਾਰ ਸਮਝਿਆ ਜਾਂਦਾ ਹੁੰਦਾ ਸੀ । ਚੰਦ ਇਕ ਵੱਖਰੇਵੇਂ ਜਾਂ ਛੋਟੀਆਂ ਮੋਟੀਆਂ ਸਮਸਿਆਵਾਂ ਨੂੰ ਛੱਡ ਕੇ ਇਹ ਮਰਿਯਾਦਾ ਸਰਬ ਪ੍ਰਵਾਨਤ ਹੀ ਸੀ, ਜਾਂ ਘੱਟੋ ਘੱਟ ਸੁਪਰੀਮ ਜ਼ਰੂਰ ਸੀ । ਇਸ ਨਾਲ ਵੱਖਰੇਵੇਂ ਰੱਖਣ ਵਾਲੇ ਡੇਰੇ ਤੇ ਜੱਥੇ ਵੀ, ਇਸ ਨੂੰ ਚੈਲੰਜ ਨਹੀਂ ਸਨ ਕਰਦੇ ਹੁੰਦੇ । ਉਹਨਾਂ ਦੇ ਵੱਖਰੇਵੇਂ ਉਹਨਾਂ ਦੇ ਡੇਰਿਆ ਤੱਕ ਹੀ ਸੀਮੰਤ ਹੁੰਦੇ ਸਨ । 
ਖਾਲਿਸਤਾਨ ਤਹਿਰੀਕ ਦੇ ਜਜ਼ਬਾਤੀ ਮਾਹੋਲ ਵਿੱਚ ਇੱਕ ਪਾਸੇ ਇੱਕ ਸੰਪ੍ਰਦਾ ਦੇ ਹਾਮੀ, ਤੇ ਦੂਜੇ ਪਾਸੇ ਦੂਜੀ ਦੇ, ਦੋਹਾਂ ਨੇ ਧਾਰਮਿੱਕ ਖੇਤਰ ਵਿੱਚ ਵੀ ਆਪੋ ਆਪਣੀ ਸੁਪਰਮੇਸੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਇੰਝ ਸਰਬ ਪ੍ਰਵਾਨਤ ਮਰਿਯਾਦਾ ਦੀ ਸੁਪਰਮੇਸੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ । ਸ਼੍ਰੋਮਣੀ ਕਮੇਟੀ ਵੀ ਇਹਨਾਂ ਜਥਿਆਂ ਦੀ "ਗੰਨ ਪਾਵਰ" ਦੇ ਸਾਹਮਣੇ ਥੋੜਾ ਥੋੜਾ ਕਰ ਕੇ ਝੁੱਕਦੀ ਚਲੀ ਗਈ, ਤੇ ਇੰਝ ਸਰਬ ਪ੍ਰਵਾਨਤ ਮਰਿਯਾਦਾ ਅਕਾਲ ਤੱਖਤ ਸਾਹਿਬ ਤੇ ਵੀ ਲਾਗੂ ਨਾ ਰਹੀ, ਅਕਾਲ ਤੱਖਤ ਸਾਹਿਬ ਨੇ ਕਿਤੇ ਹੋਰ ਲਾਗੂ ਕੀ ਕਰਵਾਣੀ ਸੀ । ਪੰਥਕ ਧਿਰਾਂ ਦੀ ਇਸ ਆਪੋ ਧਾਪੀ ਦੇ ਮਾਹੋਲ ਵਿੱਚ ਅਨੇਕਾਂ ਹੀ ਪੰਥ ਦੁਸ਼ਮਣ ਡੇਰਿਆਂ ਨੇ ਸਿਰ ਚੁੱਕ ਲਏ । ਹੁਣ ਇਹ ਪੰਥ ਦੁਸ਼ਮਣ ਡੇਰੇ, ਤੇ ਇਹਨਾਂ ਦੇ ਮੁੱਖੀ ਸਾਰੇ ਪੰਥ ਨੂੰ ਖੁੱਲ੍ਹੇ ਚੈਲੰਜ ਕਰ ਰਹੇ ਹਨ, ਤੇ ਪੰਥਕ ਮਰਿਯਾਦਾ ਦੇ ਪਹਿਰੇਦਾਰ ਕਹਾਉਣ ਵਾਲੇ ਜੱਪ ਤੱਪ ਦੇ ਨਾਮ ਤੇ ਆਪੋ ਆਪਣੀ ਸੋਚ ਦੇ ਘੁਰਨਿਆਂ ਵਿੱਚ ਵੜੇ ਬੈਠੇ ਹਨ । 
ਸ਼੍ਰੋਮਣੀ ਕਮੇਟੀ ਤੇ ਪਿੱਛਲੇ ਲੰਮੇ ਸਮੇਂ ਤੋਂ ਕਾਬਜ਼ ਗਰੁੱਪ, ਯਾਨੀ ਬਾਦਲ ਗਰੁੱਪ ਲਈ ਧਰਮ, ਪੰਥ, ਤੇ ਇਸ ਦੀ ਮਰਿਯਾਦਾ ਕੋਈ ਵਿਸ਼ਾ ਹੀ ਨਹੀਂ ਹੈ । ਇਹਨਾਂ ਲਈ ਸਿਰਫ ਇੱਕ ਹੀ ਵਿਸ਼ਾ ਹੈ, ਤੇ ਉਹ ਹੈ, ਸੱਤਾ ਤੇ ਕਾਬਜ਼ ਰਹਿਣ ਲਈ ਵੋਟਾਂ ਹਾਸਿਲ ਕਰਨਾ । ਵੋਟ ਇਹਨਾਂ ਨੂੰ ਜਿੱਥੋਂ ਵੀ ਮਿਲੇ ਜਿਸ ਤਰਾਂ੍ਹ ਵੀ ਮਿਲੇ, ਮਿਲਣੀ ਚਾਹੀਦੀ ਹੈ, ਪੰਥ ਭਾਵੇਂ ਜਾਵੇ ਢੱਠੇ ਖੂਹ ਵਿੱਚ । ਹਿੰਦੂ ਵੋਟ ਵਾਸਤੇ ਇਹ ਆਰ ਐਸ ਐਸ ਦੇ ਸਾਹਮਣੇ ਮੱਥਾ ਟੇਕਦੇ ਹਨ, ਤੇ ਬਾਬਿਆਂ ਦੇ ਸ਼੍ਰਧਾਲੂਆਂ ਦੀ ਵੋਟ ਲੈਣ ਲਈ ਬਾਬਿਆਂ ਸਾਹਮਣੇ ਮੱਥੇ ਟੇਕ ਲੈਂਦੇ ਹਨ । ਵੋਟ ਲੈਣ ਲਈ ਇਹਨਾਂ ਲਈ ਸੱਭ ਕੁੱਝ ਹੀ ਜਾਇਜ਼ ਹੈ । 
ਅਖੀਰ ਤੇ ਮੈਂ ਇਕ ਗੱਲ ਪੂਰੀ ਸਾਫਗੋਈ ਨਾਲ ਕਹਿਣਾ ਚਾਹਾਂਗਾ ਕਿ ਪੰਥ ਬਚਾਣਾ ਹੈ, ਤਾਂ ਇਕਸੁਰਤਾ ਦੇ ਰਾਹ ਪੈਣਾ ਪਏਗਾ, ਆਪਣੀ ਮੰਨਵਾਣ ਨਾਲੋਂ ਸੱਭ ਦੀ ਮੰਨਣ ਦੇ ਰਾਹ ਪੈਣਾ ਪਏਗਾ । 

No comments:

Post a Comment