Sunday, July 14, 2013

‘ਧਾਰਾ 295 ਏ’ ਬਨਾਮ ਗੁਰਮਤਿ

‘ਧਾਰਾ 295 ਏ’ ਬਨਾਮ ਗੁਰਮਤਿ
‘ਵਿਚਾਰ ਪੇਸ਼ ਕਰਨ ਦੀ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕਾਂ ਨੂੰ ਦਬਾਉਣ ਲਈ ਧਾਰਾ ‘295-ਏ’ ਦੀ ਦੁਰਵਰਤੋਂ
ਸਿੱਖਾਂ ਲਈ ਤਾਂ ਇਸ ਦੀ ਵਰਤੋਂ ਗੁਰਮਤਿ ਨੂੰ ਪਿੱਠ ਵਿਖਾਉਣ ਵਾਲੀ ਗੱਲ ਹੈ।


ਦੁਨੀਆਂ ਦਾ ਹਰ ਮੱਤ (ਧਰਮ ਦੇ ਨਾਂ ਹੇਠ ਪ੍ਰਚਲਤ) ਇਹ ਦਾਅਵਾ ਅਤੇ ਪ੍ਰਚਾਰ ਕਰਦਾ ਹੈ ਕਿ ਉਸ ਦੀ ਵਿਚਾਰਧਾਰਾ ਸਭ ਤੋਂ ਸ੍ਰੇਸ਼ਟ ਹੈ। ਸਿੱਖਾਂ ਵਲੋਂ ਵੀ ਐਸਾ ਦਾਅਵਾ ਅਤੇ ਮਾਣ ਆਮ ਕੀਤਾ ਜਾਂਦਾ ਹੈ, ਉਹ ਗੱਲ ਵੱਖਰੀ ਹੈ ਕਿ ਸਿਧਾਂਤਕ ਪੱਖੋਂ ਸਿੱਖ ਸਮਾਜ ਵਿਚਾਰਧਾਰਾ ਤੋਂ ਬਾਗ਼ੀ ਹੋ ਕੇ ਪੁਜਾਰੀਵਾਦ ਦਾ ਗੁਲਾਮ ਬਣ ਚੁੱਕਿਆ ਹੈ। ਇਸ ਦੇ ਬਾਵਜੂਦ ਇਹ ਇਕ ਸਥਾਪਤ ਸੱਚਾਈ ਹੈ ਕਿ ਵੱਖ-ਵੱਖ ਧਰਮਾਂ ਦੀ ਤੁਲਨਾਤਮਕ ਪੜਚੋਲ ਕਰਨ ਵਾਲੇ ਬਹੁਤੇ ਨਿਰਪੱਖ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ‘ਗੁਰਮਤਿ ਫਲਸਫਾ’ ਹੀ ਇਕੋ-ਇਕ ਫਲਸਫਾ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਰਬਪੱਖੀ ਸੁਚਾਰੂ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਮਾਣ ਜਾਂ ਹੰਕਾਰ ਵਾਲੀ ਗੱਲ ਨਹੀਂ, ਬਲਕਿ ਗੁਰਮਤਿ ਦੇ ਪੈਰੋਕਾਰਾਂ ਦੀ ਇਹ ਮੁੱਢਲੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਫਲਸਫੇ ਨੂੰ ਮਨੁੱਖੀ ਭਲਾਈ ਦੇ ਮਕਸਦ ਨਾਲ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਠੋਸ ਉਪਰਾਲੇ ਕਰੇ। ਇਨ੍ਹਾਂ ਉਪਰਾਲਿਆਂ ਪਿੱਛੇ ਹੋਰ ਮੱਤਾਂ ਵਾਂਙੂ ਗਿਣਤੀ ਵਧਾਉਣ ਦੀ ‘ਚੂਹਾ-ਦੌੜ’ ਦੀ ਮੰਸ਼ਾ ਨਹੀਂ ਹੋਣੀ ਚਾਹੀਦੀ ਬਲਕਿ ਮਨੁੱਖਤਾ ਨੂੰ ਪੁਜਾਰੀਵਾਦ ਦੇ ਚੁੰਗਲ ਤੋਂ ਛੁਡਾ ਕੇ ਸਰਬਪੱਖੀ ਆਜ਼ਾਦੀ ਲਈ ਦਰਦ ਮਨ ਵਿਚ ਹੋਣਾ ਚਾਹੀਦਾ ਹੈ। ਐਸੇ ਪਵਿੱਤਰ ਯਤਨਾਂ ਲਈ ‘ਅਕਾਲ ਤਖਤ’ ਦੇ ਨਾਮ ’ਤੇ ਪ੍ਰਚਲਤ ‘ਪੁਜਾਰੀਵਾਦੀ ਵਿਵਸਥਾ’ ਦੇ ਝੰਡੇ ਹੇਠ ਚੱਲਣ ਦੀ ਇੱਛਾ ਫਜ਼ੂਲ ਹੈ।

‘ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦੀ ਆਜ਼ਾਦੀ’ ਇਕ ਮੁੱਢਲਾ ਹੱਕ ਹੈ। ਗੁਰਮਤਿ ਮਾਰਗ ਦੇ ਮੋਢੀ ਬਾਬਾ ਨਾਨਕ ਜੀ ਵੀ ਇਸ ਹੱਕ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ:

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)

ਅੱਜ ਦੇ ਸਮੇਂ ਵਿਚ ਭਾਰਤ ਦੇ ਕਾਨੂੰਨ ਦੀ ਇਕ ਧਾਰਾ ‘295-ਏ’ ਬਹੁਤ ਚਰਚਾ ਵਿਚ ਹੈ। ਇਸ ਕਾਨੂੰਨੀ ਧਾਰਾ ਅਨੁਸਾਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਜ਼ਾ ਹੋ ਸਕਦੀ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਦਾ ਘੇਰਾ ਇਤਨਾ ਵਿਸ਼ਾਲ ਅਤੇ ਲਚਕੀਲਾ ਹੈ ਕਿ ਇਸ ਦਾ ਸਹਾਰਾ ਲੈ ਕੇ ਕਿਸੇ ਵੀ ਵਿਚਾਰਕ ਨੂੰ ਆਸਾਨੀ ਨਾਲ ਸ਼ਿਕਾਰ ਬਣਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਪਿੱਛਲੇ ਕੁਝ ਸਮੇਂ ਵਿਚ ਬਹੁਤ ਵੱਧ ਗਈ ਹੈ। ਅਫਸੋਸ! ਬਾਬਾ ਨਾਨਕ ਜੀ ਦੇ ਪੈਰੋਕਾਰ ਕਹਾਉਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਵਿਚ ਵੀ ਇਸ ਦੀ ਵਰਤੋਂ ਬਹੁਤ ਹੋ ਰਹੀ ਹੈ। ਭਾਰਤੀ ਸੰਵਿਧਾਨ ਦਾ ਇਸ ਕਾਨੂੰਨ ਪ੍ਰਤੀ ਕੁਝ ਵੀ ਨਜ਼ਰੀਆ ਹੋਵੇ, ਪਰ ਗੁਰਮਤਿ ਮਾਰਗ ਇਸ ਕਾਨੂੰਨ ਦੀ ਆਮ ਵਰਤੋਂ ਦੇ ਹੱਕ ਵਿਚ ਨਹੀਂ ਹੈ, ਕਿਉਂਕਿ ਗੁਰਮਤਿ ਖੁੱਲ੍ਹੇ ਦਿਮਾਗਾਂ ਅਤੇ ਵਿਚਾਰ-ਚਰਚਾ ਦਾ ਰਾਹ ਹੈ ਨਾ ਕਿ ਅੰਨ੍ਹੀ ਸ਼ਰਧਾ ਅਤੇ ਸੰਕੀਰਨਤਾ ਦਾ। ਸਿੱਖ ਸਮਾਜ ਵਿਚ ਵੀ ਇਸ ਧਾਰਾ ਦੀ ਦੁਰਵਰਤੋਂ ਮੁੱਖ ਤੌਰ ’ਤੇ ‘ਹਾਕਮ-ਪੁਜਾਰੀ’ ਗਠਜੋੜ ਵਲੋਂ ਪੁਨਰਜਾਗਰਨ ਦੇ ਰਾਹ ’ਤੇ ਚੱਲ ਰਹੇ ਪੰਥ-ਦਰਦੀ ਵਿਦਵਾਨਾਂ ਦਾ ਰਾਹ ਰੋਕਣ ਲਈ ਕੀਤੀ ਜਾ ਰਹੀ ਹੈ। ਅਗਲੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਜੇ ਇਸ ਕਾਨੂੰਨ ਦੀ ਅੰਨ੍ਹੀ ਵਰਤੋਂ ਸਹੀ ਮੰਨੀ ਜਾਵੇ ਤਾਂ ਇਸ ਨਜ਼ਰੀਏ ਤੋਂ ‘ਬਾਬਾ ਨਾਨਕ ਜੀ ਸਮੇਤ ਸਾਰੇ ਨਾਨਕ ਸਰੂਪ’, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’, ਅਤੇ ਹੋ ਚੁੱਕੇ ਬਹੁਤੇ ਪੰਥਕ ਵਿਦਵਾਨ ਦੋਸ਼ੀ ਸਾਬਤ ਹੋਣਗੇ। ਜੇ ਐਸਾ ਹੈ ਤਾਂ ਫੇਰ ਅਸੀਂ ਕਿਹੜੀ ਸਿੱਖੀ ਦਾ ਭਰਮ ਪਾਲੀ ਬੈਠੇ ਹਾਂ?

ਇਸ ਕਾਨੂੰਨ ਦਾ ਆਧਾਰ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਪਰਾਧ ਹੈ। ਇਹ ਵੀ ਇਕ ਸਰਬ-ਪ੍ਰਵਾਨਤ ਸੱਚਾਈ ਹੈ ਕਿ ਬਹੁਤੇ ਪ੍ਰਚਲਤ ਧਰਮਾਂ ਦਾ ਆਧਾਰ ਮੁੱਖ ਤੌਰ ’ਤੇ ਅੰਧਵਿਸ਼ਵਾਸ ਅਤੇ ਕਰਮਕਾਂਡ ਹਨ। ਇਨ੍ਹਾਂ ਫਿਰਕੂ ਮਾਨਤਾਵਾਂ ਵਿਚ ਆਮ ਲੋਕਾਂ ਦੀ ਸ਼ਰਧਾ ਵੀ ਬਹੁਤ ਹੈ। ਕਿਸੇ ਵੀ ਪ੍ਰਚਾਰਕ/ਵਿਦਵਾਨ ਵਲੋਂ ਪ੍ਰਚਲਤ ਮਾਨਤਾਵਾਂ ਦਾ ਖੰਡਨ ਆਮ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਹੀ ਪਹੁੁੰਚਾਉਂਦਾ ਹੈ। ਭਾਰਤੀ ਅਦਾਲਤਾਂ ਵਿਚ ਐਸੇ ਕੇਸ ਬਹੁਤਾਤ ਵਿਚ ਮਿਲਦੇ ਹਨ। ਕਈਂ ਥਾਂ ’ਤੇ ਫਿਰਕੁ ਅਸਹਿਣਸ਼ੀਲਤਾ ਇਸ ਕਦਰ ਹਾਵੀ ਹੈ ਕਿ ਵਿਰੋਧੀ ਵਿਚਾਰ ਪੇਸ਼ ਕਰਨ ਵਾਲੇ ਦਾ ਕਤਲ ਕਰਨ ਜਾਂ ਉਸ ਉੱਤੇ ਕਤਲ ’ਤੇ ਇਨਾਮ ਰੱਖਣ ਦੇ ਮੰਦ-ਕਾਰੇ ਵੀ ਵੇਖਣ ਨੂੰ ਮਿਲਦੇ ਹਨ।
ਬਾਬਾ ਨਾਨਕ ਜੀ ਨੇ ਆਪਣੇ ਪ੍ਰਚਾਰ ਸਫ਼ਰ ਦੌਰਾਨ ਪ੍ਰਚਲਤ ਮੱਤਾਂ (ਹਿੰਦੂ, ਮੁਸਲਿਮ ਆਦਿ) ਦੀ ਗਲਤ ਅਤੇ ਰੂੜੀਵਾਦੀ ਮਾਨਤਾਵਾਂ ਦਾ ਖੁੱਲਾ ਖੰਡਨ ਕੀਤਾ। ਜਿਸ ਕਾਰਨ ਸ਼ਰਧਾਲੂ ਨਾਸਮਝ ਲੋਕਾਂ ਅਤੇ ਪੁਜਾਰੀ ਤਬਕੇ ਨੇ ਉਨ੍ਹਾਂ ਨੂੰ ‘ਭੂਤਨਾ ਬੇਤਾਲਾ’ ਆਦਿ ਵੀ ਕਿਹਾ। ਬੇਸ਼ਕ ਬਾਬਾ ਨਾਨਕ ਜੀ ਸੱਚ ਦਾ ਪ੍ਰਚਾਰ ਕਰ ਰਹੇ ਸਨ ਪਰ ਉਨ੍ਹਾਂ ਦੇ ਪ੍ਰਚਾਰ ਨਾਲ ਕਈ ਸ਼ਰਧਾਲੂਆਂ ਦੀਆਂ ਪ੍ਰਚਲਤ ਮਾਨਤਾਵਾਂ ਪ੍ਰਤੀ ਭਾਵਨਾਵਾਂ ਨੂੰ ਠੇਸ ਵੀ ਪਹੁੰਚਦੀ ਸੀ। ਕੀ ਇਸ ਕਾਨੂੰਨ ਅਨੁਸਾਰ ਤਾਂ ਉਹ ਵੀ ਦੋਸ਼ੀ ਨਹੀਂ ਮੰਨੇ ਜਾਣਗੇ? ਇਹੀ ਗੱਲ ਮਗਰਲੇ ਨਾਨਕ ਸਰੂਪਾਂ ਦੇ ਪ੍ਰਚਾਰ ’ਤੇ ਵੀ ਢੁੱਕਦੀ ਹੈ। ‘ਗੁਰਬਾਣੀ’ ਵਿਚ ਗਲਤ ਪ੍ਰਚਲਤ ਧਾਰਮਿਕ ਮਾਨਤਾਵਾਂ ਦਾ ਖੁੱਲਾ ਖੰਡਨ ਮਿਲਦਾ ਹੈ। ਹੋਰ ਤਾਂ ਹੋਰ ਸਪਸ਼ਟ ‘ਹਿੰਦੂ ਅੰਨ੍‍ਾ ਤੁਰਕੂ ਕਾਣਾ ॥ (ਪੰਨਾ 875), ‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ (ਪੰਨਾ 664) ਆਦਿ ਤੁੱਕਾਂ ਮਿਲਦੀਆਂ ਹਨ, ਜਿਸ ਨਾਲ ਹਿੰਦੂ ਅਤੇ ਮੁਸਲਮਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਬਹਾਨਾ ਬਣਾ ਸਕਦੇ ਹਨ। ਸੋ ਇਸ ਕਾਨੂੰਨ ਦਾ ਸਹਾਰਾ ਲੈ ਕੇ ਕੁਝ ਲੋਕਾਂ ਵਲੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ’ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਆਇਦ ਕਰਦਿਆਂ ਪਾਬੰਦੀ ਦੀ ਮੰਗ ਕੀਤੀ ਜਾ ਸਕਦੀ ਹੈ? ਉਸ ਵੇਲੇ ਆਪ ਹੀ ਇਸ ਕਾਨੂੰਨ ਦੀ ਦੁਰਵਰਤੋਂ ਆਪਣੇ ਵਿਦਵਾਨਾਂ ਖਿਲਾਫ ਕਰਨ ਵਾਲੀ ਸਿੱਖ ਕੌਮ ਕਿਥੇ ਮੁੰਹ ਲੁਕਾਏਗੀ?

ਇਸ ਨਜ਼ਰੀਏ ਤੋਂ ਤਾਂ ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ, ਕਾਨ੍ਹ ਸਿੰਘ ਜੀ ਨਾਭਾ ਸਮੇਤ ਉਹ ਸਾਰੇ ਵਿਦਵਾਨ ਵੀ ਦੋਸ਼ੀ ਸਾਬਤ ਹੋ ਜਾਣਗੇ, ਜਿਨ੍ਹਾਂ ਨੇ ਗਲਤ ਪ੍ਰਚਲਤ ਮਾਨਤਾਵਾਂ ਖਿਲਾਫ ਅਵਾਜ਼ ਉਠਾ ਕੇ ਸੁਧਾਰ ਦੀ ਗੱਲ ਅੱਗੇ ਤੋਰੀ। ਸਿੱਧਾ ਅਤੇ ਸਪਸ਼ਟ ਮਤਲਬ ਹੈ ਕਿ ਇਸ ਨਜ਼ਰੀਏ ਤੋਂ ਤਾਂ ਗੁਰਮਤਿ ਇਨਕਲਾਬ ਦਾ ਸਾਰਾ ਸਫ਼ਰ ਹੀ ‘ਦੋਸ਼ੀ’ ਸਾਬਤ ਹੋ ਜਾਵੇਗਾ। ਫੇਰ ਕਿਹੜੀ ਮਹਾਨ ਸਿੱਖੀ ਅਤੇ ਕਿਹੜੀ ਮਹਾਨ ਕੌਮ?

ਸੱਚ ਤਾਂ ਇਹ ਵੀ ਹੈ ਕਿ ਵਿਦਵਾਨਾਂ/ਖੋਜਾਰਥੀਆਂ/ਪ੍ਰਚਾਰਕਾਂ ਖਿਲਾਫ ਇਸ ਕਾਨੂੰਨ ਦੀ ਦੁਰਵਰਤੋਂ ਵਿਕਾਸ ਦੇ ਰਾਹ ਵਿਚ ਰੋੜੇ ਅਟਕਾੳੇੁਣ ਵਾਲੀ ਕਾਰਵਾਈ ਹੈ, ਜਿਸ ਦਾ ਵਿਰੋਧ ਕਰਨਾ ਹਰ ਇਮਾਨਦਾਰ ਅਤੇ ਸੁਚੇਤ ਮਨੁੱਖ ਦਾ ਫਰਜ਼ ਬਣਦਾ ਹੈ। ਗੁਰਮਤਿ ਮਾਰਗ ਦੇ ਪਾਂਧੀਆਂ ਲਈ ਤਾਂ ਐਸੀ ਦੁਰਵਰਤੋਂ ਦਾ ਵਿਰੋਧ ਇਕ ਪਵਿੱਤਰ ਫਰਜ਼ ਬਣ ਜਾਂਦਾ ਹੈ, ਕਿਉਂਕਿ ਗਲਤ ਮਾਨਤਾਵਾਂ ਦਾ ਖੰਡਨ ਇਸ ਸਫ਼ਰ ਦਾ ਇਕ ਅਹਿਮ ਪਹਿਲੂ ਹੈ। ਸੰਪਰਦਾਈ ਧਿਰਾਂ ਵਲੋਂ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਦੀ ਹਮੇਸ਼ਾਂ ਹਿਮਾਇਤ ਕੀਤੀ ਜਾਵੇਗੀ, ਕਿਉਂਕਿ ਉਨ੍ਹਾਂ ਦਾ ਤਾਂ ਆਧਾਰ ਹੀ ਪੁਜਾਰੀਵਾਦੀ ਮਾਨਤਾਵਾਂ ਹਨ। ਸਿੱਖ ਸਮਾਜ ਵਿਚਲੀਆਂ ਸੰਪਰਦਾਈ ਧਿਰਾਂ ਵਲੋਂ ਵੀ ਪੁਨਰਜਾਗਰਨ ਦੇ ਖੇਤਰ ਵਿਚ ਵਿਚਰ ਰਹੇ ਪ੍ਰਚਾਰਕਾਂ/ਵਿਦਵਾਨਾਂ ਵਿਰੁਧ ਇਸ ਕਾਨੂੰਨ ਦੀ ਮੰਗ ਆਮ ਹੁੰਦੀ ਰਹੀ ਹੈ।

ਇਸੇ ਕਾਨੂੰਨ ਦੀ ਦੁਰਵਰਤੋਂ ਦੇ ਮੰਦ-ਵਰਤਾਰੇ ਦਾ ਅਗਲਾ ਸ਼ਿਕਾਰ ਡਾ. ਇਕਬਾਲ ਸਿੰਘ ਢਿੱਲੋਂ ਚੰਡੀਗੜ ਨੂੰ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਗੁਰਮਤਿ ਵਿਰੋਧੀ ਬਹਾਨਾ ਬਣਾ ਕੇ, ਭ੍ਰਿਸ਼ਟ ‘ਹਾਕਮ-ਪੁਜਾਰੀ’ ਗਠਜੋੜ ਦੀ ਦੁੰਮ-ਛਲਾ ਸ਼੍ਰੋਮਣੀ ਕਮੇਟੀ ਨੇ ਡਾ. ਢਿਲੋਂ ਖਿਲਾਫ ਕੇਸ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦਾ ਆਧਾਰ ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਛਪੀ ਕਿਤਾਬ ‘ਅਕਾਲ ਤਖਤ : ਸੰਕਲਪ ਅਤੇ ਵਿਵਸਥਾ’ ਨੂੰ ਬਣਾਇਆ ਜਾ ਰਿਹਾ ਹੈ। ਇਸ ਪੁਸਤਕ ਵਿਚ ਡਾ. ਜੀ ਨੇ ਅਕਾਲ ਤਖਤ ਦੇ ਨਾਮ ’ਤੇ ਪ੍ਰਚਲਤ ਮੌਜੂਦਾ ਵਿਵਸਥਾ ਨੂੰ ਗੈਰ-ਪ੍ਰਮਾਣਿਕ ਅਤੇ ਗੁਰਮਤਿ ਵਿਰੋਧੀ ਸਾਬਤ ਕਰਨ ਦਾ ਦਾਅਵਾ ਖੋਜ ਦੇ ਆਧਾਰ ’ਤੇ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਕਿਤਾਬ ਨੂੰ ਸ਼੍ਰੋਮਣੀ ਕਮੇਟੀ ਦੇ ‘ਪੇਡ ਵਿਦਵਾਨਾਂ’ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਦੱਸਿਆ ਹੈ ਅਤੇ ਲੇਖਕ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਐਸੇ ਵਿਦਵਾਨਾਂ ਦੀ ਗੁਰਮਤਿ ਇਨਕਲਾਬ ਪ੍ਰਤੀ ਅਗਿਆਨਤਾ ਅਤੇ ਅਣਗਹਿਲੀ ਵੇਖ ਕੇ ਅਫਸੋਸ ਹੀ ਕੀਤਾ ਜਾ ਸਕਦਾ ਹੈ ਜਾਂ ਫੇਰ ਉਨ੍ਹਾਂ ਦੀ ਭਰਤੀ ਹੀ ਆਪਣੀ ਮਰਜ਼ੀ ਅਨੁਸਾਰੀ ਫੈਸਲੇ ਕਰਵਾਉਣ ਲਈ ਕੀਤੀ ਗਈ ਹੋ ਸਕਦੀ ਹੈ।

ਜ਼ਰੂਰੀ ਨਹੀਂ ਕਿ ਡਾ. ਇਕਬਾਲ ਸਿੰਘ ਦੀਆਂ ਲਿਖੀਆਂ ਸਾਰੀਆਂ ਗੱਲਾਂ ਸਹੀ ਹੋਣ। ਪਰ ਉਸ ਲਈ ਤਰੀਕਾ ਇਹ ਸੀ ਕਿ ਸ਼੍ਰੋਮਣੀ ਕਮੇਟੀ ਉਸ ਪੁਸਤਕ ਵਿਚ ਦਿਤੀਆਂ ਗਲਤ ਗੱਲਾਂ ਨੂੰ ਸਪਸ਼ਟ ਕਰਨ ਲਈ ਗੁਰਮਤਿ ਦਲੀਲਾਂ ਅਤੇ ਠੋਸ ਤੱਥਾਂ ਦੇ ਆਧਾਰ ’ਤੇ ਆਪਣੇ ਵਿਦਵਾਨਾਂ ਰਾਹੀਂ ਜਵਾਬ ਦਿੰਦੀ । ਇਹੀ ਗੁਰਮਤਿ ਦਾ ਰਾਹ ਵੀ ਹੈ। ਚੇਤੇ ਰਹੇ ਜੇ ਭਾਵਨਾਵਾਂ ਨੂੰ ਠੇਸ ਪਹੂੰਚਾਉਣ ਦੀ ਗੱਲ ਹੈ ਤਾਂ ਆਪਣੀ ਛਾਪੀ ਪੁਸਤਕ ‘ਸਿੱਖ ਇਤਿਹਾਸ’ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਵੀ ਇਹ ਦੋਸ਼ ਲਗਦੇ ਰਹੇ ਹਨ, ਜਿਸ ਬਾਰੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਪਰ ਕਾਨੂੰਨੀ ਕਾਰਵਾਈ ਦਾ ਰਾਹ ਆਪਣਾ ਕੇ ਗੁਰਮਤਿ ਨੂੰ ਪਿੱਠ ਵਿਖਾਉਣ ਦੀ ਤਿਆਰੀ ਕਰ ਲਈ ਗਈ ਹੈ। ਜੇ ਕੱਲ ਨੂੰ ਅਦਾਲਤ ਵਿਚ ਵਿਰੋਧੀ ਧਿਰ ਦੇ ਵਕੀਲ ਵੀ ਇਸੇ ਨਾਸਮਝੀ ਹੇਠ ਬਾਬਾ ਨਾਨਕ ਜੀ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਸਲ ਭਾਵਨਾ ਨੂੰ ਸਮਝੇ ਬਗੈਰ, ਉਨ੍ਹਾਂ ਦੇ ਪ੍ਰਚਾਰ ਰਾਹੀਂ ਹੋਰ ਮੱਤਾਂ ਦੇ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦਲੀਲ ਦੇ ਦਿੱਤੀ ਤਾਂ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਲਈ ਵੱਡੀ ਨਮੋਸ਼ੀ ਦੇ ਹਾਲਾਤ ਵੀ ਬਣ ਸਕਦੇ ਹਨ।

ਪੁਜਾਰੀਵਾਦੀ ਪ੍ਰਭਾਵ ਹੇਠ ਵਿਚਰ ਰਹੀਆਂ ਸਿੱਖ ਸਮਾਜ ਵਿਚਲੀਆਂ ਸੰਪਰਦਾਈ ਧਿਰਾਂ ਵਲੋਂ ਕਮੇਟੀ ਦੀ ਇਸ ਕਾਰਵਾਈ ਦੀ ਪ੍ਰੋੜਤਾ ਹੋਣਾ ਸਮਝ ਵਿਚ ਆਉਂਦਾ ਹੈ ਕਿਉਂਕਿ ਉਹ ਪ੍ਰਚਲਤ ਮਾਨਤਾਵਾਂ ਦੇ ਖੰਡਨ ਦੇ ਵਿਰੋਧੀ ਹਨ। ਪਰ ਵੱਡਾ ਅਫਸੋਸ ਇਹ ਹੈ ਕਿ ਪੰਥ ਦੇ ਜਾਗਰੂਕ ਤਬਕੇ ਦਾ ਹਿੱਸਾ ਮੰਨੀ ਜਾਂਦੀ ਕਿਸੇ ਵੀ ਧਿਰ ਜਾਂ ਸ਼ਖਸੀਅਤ ਨੇ ਡਾ. ਢਿਲੋਂ ਖਿਲਾਫ ਕੀਤੀ ਜਾ ਰਹੀ ਇਸ ਗੁਰਮਤਿ ਉਲਟ ਕਾਰਵਾਈ ਦੇ ਵਿਰੋਧ ਵਿਚ ਆਵਾਜ਼ ਨਹੀਂ ਉਠਾਈ। ਕਾਰਨ ਸਿਰਫ ਇਹੀ ਹੈ ਕਿ ਡਾ. ਢਿਲੋਂ ਦੇ ਲਿਖੇ/ਕਹੇ ਕੁਝ ਨੁਕਤਿਆਂ ਨਾਲ ਅਸੀਂ ਸਹਿਮਤ ਨਹੀਂ ਹਾਂ, ਇਸ ਲਈ ਉਨ੍ਹਾਂ ਪ੍ਰਤੀ ਮਨ ਵਿਚ ਕੁੜੱਤਨ ਹੈ। ਵਿਚਾਰਕ ਅਸਹਿਮਤੀ ਨੂੰ ਨਿੱਝੀ ਵਿਰੋਧ, ਈਰਖਾ ਅਤੇ ਨਫਰਤ ਬਣਾ ਲੈਣ ਦੀ ਸਾਡੀ ਕਮਜ਼ੋਰੀ ਨੇ ਪੰਥ ਦੇ ਸੁਚੇਤ ਤਬਕੇ ਨੂੰ ਅੱਜ ਤੱਕ ਇਕੱਠਾ ਨਹੀਂ ਹੋਣ ਦਿਤਾ। ਸਟੇਜਾਂ ’ਤੇ ਬੇਸ਼ਕ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਨੌਵੇਂ ਪਾਤਸ਼ਾਹ ਜੀ ਨੇ ਬਿਲਕੁਲ ਵਿਪਰੀਤ ਮੱਤ (ਜਨੇਉ ਪਾਉਣਾ) ਦੇ ਲੋਕਾਂ ਦੇ ਮੁੱਢਲੇ ਮਨੁੱਖੀ ਹੱਕਾਂ (ਧਾਰਮਿਕ ਅਕੀਦੇ ਦੀ ਆਜ਼ਾਦੀ) ਲਈ ਸ਼ਹੀਦੀ ਦਿੱਤੀ ਪਰ ਵਿਵਹਾਰ ਵਿਚ ਅਸੀਂ ਇਸ ਕਰਕੇ ਕਿਸੇ ਵਿਦਵਾਨ ਖਿਲਾਫ ਹੋ ਰਹੇ ਧੱਕੇ ਦਾ ਵਿਰੋਧ ਨਹੀਂ ਕਰਨਾ ਕਿਉਂਕਿ ਅਸੀਂ ਉਸ ਦੇ ਨੁਕਤਿਆਂ ਨਾਲ ਸਹਿਮਤ ਨਹੀਂ। ਇਹ ਹੈ ਸਾਡੀ ਗੁਰਮਤਿ ਪ੍ਰਤੀ ਸੰਜੀਦਗੀ ਅਤੇ ਦ੍ਰਿੜਤਾ ਦੀ ਤਰਸਯੋਗ ਹਾਲਤ!

ਜਿਥੋਂ ਤੱਕ ਧਾਰਾ ‘295-ਏ’ ਦੀ ਵਰਤੋਂ ਦੀ ਗੱਲ ਹੈ ਤਾਂ ਇਹ ਗੱਲ ਉਸ ਹੱਦ ਤੱਕ ਤਾਂ ਕੁਝ ਸਹੀ ਮੰਨੀ ਜਾ ਸਕਦੀ ਹੈ, ਜਿਥੇ ਕਿਸੇ ਦੋਸ਼ੀ ਦਾ ਮਕਸਦ ਜ਼ਾਹਰਾ ਅਤੇ ਹਲਕੇ ਤਰੀਕੇ ਕਿਸੇ ਮੱਤ ਜਾਂ ਮਾਨਤਾ ਖਿਲਾਫ ਨਫਰਤ ਦਾ ਮੁਜ਼ਾਹਰਾ ਕਰਨਾ ਹੈ। ਮਿਸਾਲ ਲਈ ਕਿਸੇ ਧਾਰਮਿਕ ਪੁਸਤਕ ਨੂੰ ਨਫਰਤ ਜਾਂ ਭੜਕਾਹਟ ਅਧੀਨ ਨੁਕਸਾਨ ਪਹੁੰਚਾਉਣਾ, ਕਿਸੇ ਮੱਤ ਦੇ ਰਹਿਬਰ ਬਾਰੇ ਨਫਰਤ ਹੇਠ ਘਟੀਆ ਟਿੱਪਣੀਆਂ ਕਰਨੀਆਂ ਆਦਿ। ਐਸੇ ਹਾਲਾਤਾਂ ਵਿਚ ਵੀ ਬੇ-ਮੁਹਾਰਾ ਜ਼ਜਬਾਤਾਂ ਦਾ ਪ੍ਰਗਟਾਵਾ ਕਰਕੇ ਕਤਲ-ਓ-ਗ਼ਾਰਤ ’ਤੇ ਉਤਰ ਆਉਣ ਦੀ ਥਾਂ ਹੋਸ਼ ਨਾਲ ਯੋਗ ਕਾਨੂੰਨੀ ਅਤੇ ਹੋਰ ਕਾਰਵਾਈ ਕਰਨੀ ਚਾਹਦੀ ਹੈ।

ਪਰ ਵਿਦਵਾਨਾਂ/ਪ੍ਰਚਾਰਕਾਂ/ਲੇਖਕਾਂ ਵਲੋਂ ਖੋਜ/ਦਲੀਲਾਂ ਆਦਿ ਦੇ ਆਧਾਰ ’ਤੇ ਸਾਹਮਣੇ ਆਉਂਦੇ ਤੱਥਾਂ ਨੂੰ ‘ਧਾਰਮਿਕ ਭਾਵਨਾਵਾਂ ਨੂੰ ਠੇਸ’ ਦਾ ਨਾਮ ਦੇਣਾ ‘ਵਿਚਾਰ ਪੇਸ਼ ਕਰਨ ਦੇ ਮੁੱਢਲੇ’ ਮਨੁੱਖੀ ਹੱਕ ਨੂੰ ਕੁਚਲਨਾ ਹੈ। ਐਸੇ ਮਾਮਲਿਆਂ ਵਿਚ ਉਸ ਲੇਖਕ/ਪ੍ਰਚਾਰਕ/ਵਿਦਵਾਨ ਦੇ ਨੁਕਤਿਆਂ ਦਾ ਦਲੀਲ ਨਾਲ ਜਵਾਬ ਦੇਣਾ ਹੀ ਮਨੁੱਖਤਾ ਅਤੇ ਗੁਰਮਤਿ ਦਾ ਰਾਹ ਹੈ। ਨਹੀਂ ਤਾਂ ਇਸ ਕਾਨੂੰਨ ਦੀ ਅੰਨ੍ਹੀ ਵਰਤੋਂ ਸਮਾਜ ਦੇ ਮਾਨਸਿਕ ਵਿਕਾਸ ਵਿਚ ਇਕ ਵੱਡੀ ਰੁਕਾਵਟ ਸਾਬਿਤ ਹੋਵੇਗੀ।
ਡਾ. ਇਕਬਾਲ ਸਿੰਘ ਖਿਲਾਫ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਗੁਰਮਤਿ ਵਿਰੋਧੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਦੀ ਕਾਰਵਾਈ ਮੰਨਦੇ ਹੋਏ ‘ਤੱਤ ਗੁਰਮਤਿ ਪਰਵਾਰ’ ਇਸ ਦਾ ਪੁਰਜ਼ੋਰ ਖੰਡਨ ਕਰਦਾ ਹੈ। ਆਪਣੇ ਆਪ ਨੂੰ ਗੁਰਮਤਿ ਮਾਰਗ ਦਾ ਸੱਚਾ ਪਾਂਧੀ ਸਮਝਣ ਵਾਲੇ ਹਰ ਸ਼ਖਸ/ਧਿਰ ਨੂੰ ਐਸੀਆਂ ਗਲਤ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਐਸੀ ਸਿਧਾਂਤਕ ਦ੍ਰਿੜਤਾ ਹੀ ਪੰਥ ਦੇ ਸੁਚੇਤ ਤਬਕੇ ਨੂੰ, ਅਸਹਿਮਤੀਆਂ ਦੇ ਬਾਵਜੂਦ, ਇਕ ਸਾਂਝੇ ਮੰਚ ਤੇ ਇਕੱਠੇ ਹੋਣ ਦਾ ਆਧਾਰ ਬਣ ਸਕਦੀ ਹੈ। ਵਰਨਾ ਸਾਡੀ ਨਿੱਜੀ ਨਫਰਤ ਦਾ ਫਾਇਦਾ ਪੁਜਾਰੀਵਾਦੀ ਤਾਕਤਾਂ ਨੂੰ ਹੋ ਰਿਹਾ ਹੈ ਅਤੇ ਅਸੀਂ ਗੁਰਮਤਿ ਪੁਨਰਜਾਗਰਨ ਦੀ ਲਹਿਰ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਰਹੇ ਹੋਵਾਂਗੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
13/07/2013
*****

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment