ਫਰਜ਼ੀ ਮੁਕਾਬਲੇ ਸਿੱਖ ਕੌਮ ਦੇ ਲੋਕਾਂ ਦੇ ਕੀਤੇ ਹਨ
ਭਾਰਤ ਦੇਸ਼ ਇਹ ਮਾਣ ਕਰਦਾ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਮਜ਼ਬੂਤ ਅਤੇ ਵੱਡੀ ਜਮਹੂਰੀਅਤ ਹੈ । ਇਸ ਜਮਹੂਰੀਅਤ ਦੀ ਨੀਂਹ ਭਾਵੇਂ 1947 ਵਿੱਚ ਖੂਨ ਦੀਆਂ ਨਦੀਆਂ ’ਚੋਂ ੳ°ਭਰੀ ਸੀ ਜੋ ਕਿ ਭਾਰਤ ਪਾਕਿਸਤਾਨ ਦੀ ਵੰਡ ਨਾਲ ਜੁੜੀ ਹੋਈ ਹੈ। ਉਸ ਵੇਲੇ ਦੇ ਹਾਲਾਤਾਂ ’ਤੇ ਅੰਮ੍ਰਿਤਾ ਪ੍ਰੀਤਮ ਜੋ ਕਿ ਨਾਮੀ ਪੰਜਾਬੀ ਕਵਿੱਤਰੀ ਹੋਈ ਹੈ, ਨੇ ਕਿਹਾ ਸੀ ਸਮਾਜ ਨੂੰ ਕਿ ਅੱਜ ਵਾਰਿਸ ਸਾਹ ਦੱਸੇ ਅਤੇ ਕਬਰਾਂ ’ਚੋਂ ਉਠ ਦੁਬਾਰਾ ਲਿਖੇ ਜੋ ਮੁਲਕ ਦੀ ਹੋਂਦ ਵੇਲੇ ਇਹ ਖੂਨੀ ਦਸਤਾਨ ਵਾਪਰ ਰਹੀ ਹੈ। ਪਰ ਇਸ ਮੁਲਕ ਦੀ ਹੋਂਦ ਤੋਂ ਬਾਅਦ ਵੀ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਅਨੇਕਾਂ ਵਾਰ ਜਮਹੂਰੀਅਤ ਦਾ ਸਹੀ ਅਰਥ ਪੁੱਛਣ ਜਾਂ ਮੰਗਣ ਵਾਲੇ ਲੋਕਾਂ ਜਾਂ ਕੌਮਾਂ ਨੂੰ ਵੀ ਖੂਨੀ ਨਦੀਆਂ ਵਿਚ ਰੋਲ ਦਿਤਾ ਗਿਆ ਹੈ। ਭਾਵੇਂ ਇਹ ਮਨੀਪੁਰ ਦੇ ਲੋਕ ਹੋਣ, ਜਾਂ ਆਸਾਮ ਦੇ, ਜਾਂ ਆਂਧਰਾ ਦੇ, ਜਾਂ ਕਸ਼ਮੀਰੀ ਹੋਣ ਅਤੇ ਜਾਂ ਪੰਜਾਬ ’ਚ ਸਿੱਖ ਕੌਮ ਨਾਲ ਸਬੰਧਤ ਲੋਕ, ਜਾਂ ਅੱਜ ਟਰਾਈਬਲ (ਮਾਓਵਾਦੀ) ਲੋਕ। ਇਸ ਜਮਹੂਰੀਅਤ ’ਚ ਅਰਥ ਪੂਰਵਕ ਹੱਕ ਸੱਚ ਦੀ, ਮਨੁੱਖੀ ਕਦਰਾਂ ਕੀਮਤਾਂ ਦੀ ਆਪਣੇ ਮੁਢਲੇ ਮਾਣ ਸਤਿਕਾਰ ਦੀ ਆਵਾਜ਼ ਉੱਠੀ ਵਾਰ ਵਾਰ ਹੈ, ਪਰ ਹਾਕਮ ਧਿਰਾਂ ਜਾਂ ਜੋ ਇਸ ਜਮਹੂਰੀਅਤ ’ਤੇ ਰਾਜ ਕਰ ਰਹੇ ਹਾਕਮ ਹਨ ਉਨ੍ਹਾਂ ਆਪਣੀ ਫੌਜ ਨਾਲ ਜਾਂ ਕਾਨੂੰਨ ਦੇ ਰਖਵਾਲੇ ਪੁਲੀਸ ਤੰਤਰ ਦੇ ਜ਼ੋਰ ਨਾਲ ਤਹਿਸ-ਨਹਿਸ ਕਰ ਦਿੱਤਾ, ਅਤੇ ਲੋੜ ਪੈਣ ’ਤੇ ਦਰਬਾਰ ਸਾਹਿਬ ਵਰਗੇ ਪਵਿੱਤਰ ਮਾਨਵਤਾ ਦੇ ਪ੍ਰਤੀਕ ਅਸਥਾਨ, ਤੋਪਾਂ ਟੈਕਾਂ ਨਾਲ ਢਾਹ ਦਿੱਤੇ ਅਤੇ ਨਾਲ ਆਵਾਜ਼ ਰੱਖਣ ਵਾਲੇ ਕੌਮੀ ਲੋਕਾਂ ਜਿਹਨਾਂ ਦੀਆਂ ਰਾਖਾਂ ਵੀ ਖਿਲਾਰ ਦਿੱਤੀਆਂ ਗਈਆਂ ਤਾਂ ਜੋ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਲੋਕ ਇੰਨੇ ਡਰ ਅਤੇ ਸਹਿਮ ਜਾਣ ਕਿ ਉਹ ਕੋਈ ਨਿਆਂ ਦੀ ਫਰਿਆਦ ਵੀ ਆਖਣ ਤੋਂ ਭੱਜ ਜਾਣ ਅਤੇ ਜਮਹੂਰੀਅਤ ਅਤੇ ਅਖੰਡਤਾ ਦੇ ਨਾਮ ’ਤੇ ਜਮਹੂਰੀਅਤ ਦੇ ਨਾਅਰੇ ਥੱਲੇ ਆਪਣੀ ਹੋਂਦ ਬਚਾਉਣ ਲਈ ਦਰ-ਦਰ ਦੇ ਮੁਹਤਾਜ ਹੋ ਜਾਣ।
ਪੰਜਾਬ ਵਿਚ ਭਾਰਤ ਮੁਲਕ ਦੀ ਆਜ਼ਾਦੀ ਤੋਂ ਬਾਅਦ ਅਤੇ ਇਸ ਜਮਹੂਰੀਅਤ ਵਿੱਚ ਸਿੱਖ ਕੌਮ ਨੂੰ ਆਪਣੀ ਹਸਤੀ ਅਤੇ ਬਣਦਾ ਮਾਣ ਸਤਿਕਾਰ ਅਤੇ ਮੁੱਢਲੇ ਮੱਨੁਖੀ ਹੱਕਾਂ ਲਈ ਸਮੇਂ-ਸਮੇਂ ਤੋਂ ਇਸ ਜਮਹੂਰੀਅਤ ਦੀ ਮਾਰ ਝੱਲਣੀ ਪਈ ਹੈ। ਇਸ ਦੀ ਮਾਰ ਅਤੇ ਪੀੜ੍ਹ ਅੱਜ ਵੀ ਬਰਕਰਾਰ ਹੈ। ਸ਼ਾਇਦ ਅੱਗੇ ਦੀ ਸੋਚ ਕਰਕੇ ਹੀ ਇਸ ਜਮਹੂਰੀਅਤ ਦੇ ਸੰਵਿਧਾਨ ਤੇ ਸਿੱਖ ਕੌਮ ਦੇ ਨੁਮਇੰਦਿਆਂ ਨੇ ਦਸਖਤ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ, ਪਰ ਇਸ ਦੇ ਬਵਾਜੂਦ ਵੀ ਇਹ ਸੰਵਿਧਾਨ ਸਿੱਖ ਕੌਮ ’ਤੇ ਲਾਗੂ ਹੋਇਆ ਅਤੇ ਉਸ ਦੀ ਮਾਰ ਵੀ ਝੱਲ ਰਹੇ ਹਨ। ਪੰਜਾਬ ਵਿੱਚ 1970 ਤੋਂ ਸ਼ੁਰੂ ਹੋਇਆ ਪੁਲਿਸ ਮੁਕਾਬਿਲਆਂ ਦਾ ਦੌਰ ਜੋ ਖੁੱਲ ਕੇ 1995 ਤੱਕ ਚੱਲਦਾ ਰਿਹਾ, ਜਿਸ ਦਾ ਕਿ ਪਹਿਲਾ ਸ਼ਿਕਾਰ ਬਾਬਾ ਬੂਝਾ ਸਿੰਘ ਹੋਏ ਜਿਹਨਾਂ ਨੂੰ 1970 ਦੇ ਸ਼ੁਰੂ ਵਿੱਚ ਪੰਥਕ ਸਰਕਾਰ ਦੇ ਰਾਜ ਕਾਲ ਦੌਰਾਨ ਇੱਕ ਫਰਜ਼ੀ ਪੁਲਿਸ ਮੁਕਾਬਲੇ ’ਚ ਦਰੱਖਤ ਨਾਲ ਬੰਨ੍ਹ ਕੇ ਮਾਰ ਦਿਤਾ ਗਿਆ ਸੀ ਅਤੇ ਇਸ ਦੌਰ ਦੀ ਤੇਜ਼ੀ 1980 ਤੋਂ ਹੋਰ ਵੀ ਬੁਲੰਦ ਹੋਈ ਅਤੇ ਜਮਹੂਰੀਅਤ ਦੇ ਨਾਅ ਹੇਠ ਫਰਜ਼ੀ ਪੁਲਿਸ ਮੁਕਾਬਲੇ ਕਰਨ ਵਾਲੇ ਕਰਮਚਾਰੀਆਂ ਨੂੰ ਵੱਡੇ-ਵੱਡੇ ਇਨਾਮ ਅਤੇ ੳੁੱਚੇ ਅਹੁਦਿਆਂ ਨਾਲ ਨਿਵਾਜਿਆ ਗਿਆ ਤਾਂ ਜੋ ਇਹ ਖੁੱਲ੍ਹ ਕੇ ਜਮਹੂਰੀਅਤ ਦੀ ਰਾਖੀ ਦੇ ਨਾਂਅ ਹੇਠ, ਹੱਕੀ ਮੰਗਾਂ ਮੰਗਣ ਵਾਲੇ ਧਰਮੀ ਲੋਕਾਂ ਨੂੰ, ਹਾਕਮ ਧਿਰਾਂ ਦੀ ਰਾਜ ਭਾਗ ਤੇ ਜਕੜ ਪੱਕੀ ਕਰਨ ਲਈ ਕੁੱਚਲ ਸਕਣ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ’ਚ ਹੱਕ ਸੱਚ ਇਨਸਾਫ ਦੀ ਗੱਲ ਨਾ ਕਰ ਸਕੇ। ਸਮੇਂ-ਸਮੇਂ ਤੋਂ ਬੁਲੰਦ ਆਵਾਜ਼ ਜ਼ਰੂਰ ਉਠੀ ਹੈ ਅਤੇ ਜੂਨ 1984 ਤੱਕ ਇਕ ਆਜ਼ਾਦ ਸਖਸ਼ੀਅਤ ਦੀ ਰਹਿਨੁਮਾਈ ’ਚ ਸੰਘਰਸ਼ ਵੀ ਉੱਠਿਆ, ਪਰ ਇਹਨਾਂ ਕਦਰਾਂ ਕੀਮਤਾਂ ਨੂੰ ਭਾਰਤੀ ਫੌਜ਼ ਦੇ ਜੋਰ ਨਾਲ ਤੋਪਾ ਟਂੈਕਾਂ ਦੀਆਂ ਗੋਲੀਆਂ ’ਚ ਸੁਆਹ ਕਰ ਦਿੱਤਾ ਗਿਆ।
ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਪੁਲੀਸ ਥਾਣੇਦਾਰ ਸੁਰਜੀਤ ਸਿੰਘ ਨੇ ਖੁੱਲ੍ਹ ਕੇ ਸਬੂਤਾਂ ਨਾਲ ਇਹ ਕਿਹਾ ਹੈ ਕਿ ਇੱਕਲੇ ਉਸ ਨੇ 1991ਦੇ ਦੌਰਾਨ ਆਪਣੀ ਥਾਣੇਦਾਰੀ ਦੀ ਜਿੰਮੇਵਾਰੀ ਕਰਦਿਆਂ 83 ਸਿਖ ਨੌਜਵਾਨਾਂ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ’ਚ ਮਾਰਿਆ ਹੈ ਜਿਨ੍ਹਾਂ ’ਤੇ ਕੋਈ ਜੁਰਮ ਸਾਬਤ ਨਹੀਂ ਹੋਇਆ ਸੀ। ਇਸ ਥਾਣੇਦਾਰ ਸੁਰਜੀਤ ਸਿੰਘ ਕੋਲ 83 ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਧਰਮੀਆਂ ਦੀ ਲਿਸਟ ਵੀ ਹੈ ਅਤੇ ਉਸ ਨੇ ਮੰਨਿਆ ਹੈ ਕਿ ਇਹ ਕਾਰਨਾਮਾ ਉਸ ਨੇ ਵੱਡੇ ਪੁਲਿਸ ਅਫਸਰਾਂ ਦੇ ਕਹਿਣ ’ਤੇ ਜਮਹੂਰੀਅਤ ਦੀ ਰਾਖੀ ਲਈ ਕੀਤਾ ਹੈ। ਉਸ ਨੂੰ ਇਹ ਗਿਲਾ ਨਹੀਂ ਕਿ ਇਹ ਫਰਜ਼ੀ ਪੁਲੀਸ ਮੁਕਾਬਲੇ ਉਸ ਨੇ ਕੀਤੇ ਹਨ ਪਰ ਇਹ ਗਿਲਾ ਹੈ ਕਿ ਉਸ ਨੂੰ ਬਣਦਾ ੳੁੱਚਾ ਅਹੁਦਾ ਅਤੇ ਹੋਰ ਇਨਾਮ ਨਹੀਂ ਮਿਲਿਆ ਅਤੇ ਉਹ ਅੱਜ ਵੀ ਛੋਟਾ ਥਾਣੇਦਾਰ ਹੈ ਜਦ ਕਿ ਜਿਹਨਾਂ ਦੇ ਕਹਿਣ ਤੇ ਇਹ ਝੂਠਾ ਅੰਡਬਰ ਰਚਿਆ ਉਹ ਉੱਚੇ ਅਹੁਦਿਆਂ ਦਾ ਰਾਜ਼ ਭਾਗ ਵਿੱਚ ਆਨੰਦ ਮਾਣ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਸਿੱਖ ਕੌਮ ਨਾਲ ਸਬੰਧਿਤ ਲੋਕਾਂ ਨੂੰ ਕਾਫੀ ਸੰਤਾਪ ਅਤ ਜ਼ੁਲਮ ਜਮਹੂਰੀਅਤ ਦੇ ਹੇਠਾਂ ਝੱਲਣਾ ਪਿਆ ਹੈ, ਕਿਉਂਕਿ ਇਹ ਕੌਮੀ ਲੋਕ ਆਪਣੇ ਮੁੱਢਲੇ ਹੱਕਾਂ ਦੀ ਗੱਲ ਕਰਦੇ ਅਤੇ ਹੱਕ ਮੰਗਦੇ ਰਹੇ ਹਨ, ਪਰ ਭਾਰਤੀ ਜਮੂਰੀਅਤ ਨੇ ਇਹਨਾਂ ਨੂੰ ਰਾਖ ’ਚ ਬਦਲ ਦਿਤਾ ਅਤੇ ਜੋ ਰਾਖ ਵਿੱਚੋਂ ਆਪਣਿਆਂ ਦੀ ਪਛਾਣ ਕਰਨ ਗਏ ਜਾਂ ਮਨੁੱਖੀ ਹੱਕ ਦੀ ਮੰਗ ਕੀਤੀ ਉਹ ਵੀ ਰਾਖ ਕਰ ਦਿਤੇ ਗਏ ਜਿਵੇਂ ਕਿ ਆਪਣੇ ਕੋਲ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਮਿਸਾਲ ਹੈ। ਇਹ ਫਰਜ਼ੀ ਮੁਕਾਬਲਿਆਂ ਬਾਰੇ ਦੱਬੀ ਅਤੇ ਕਈ ਵਾਰ ਖੁੱਲ੍ਹ ਕੇ ਆਵਾਜ਼ ਜ਼ਰੂਰ ਬਣੀ ਹੈ ਅਤੇ ਇਹ ਵੀ ਇੱਕ ਸੱਚਾਈ ਹੈ ਕਿ ਇਸ ਜਮੂਰੀਅਤ ਅੰਦਰ ਹਜ਼ਾਰਾਂ ਹੀ ਥਾਣੇਦਾਰ ਸਰਜੀਤ ਸਿੰਘ ਹਨ, ਪਰ ਜਮਹੂਰੀਅਤ ’ਤੇ ਕਾਬਜ਼ ਲੋਕਾਂ ਦੇ ਨੁਮਾਇੰਦਿਆਂ ਨੇ ਇਸ ਦਾ ਕੋਈ ਅਰਥ ਜਾਂ ਜੁਆਬ ਨਹੀਂ ਦਿਤਾ।
ਸਿੱਖ ਕੌਮ ਸਦੀਆਂ ਤੋਂ ਜੁਲਮ, ਅੱਤਿਆਚਾਰ ਅਤੇ ਮਨੁੱਖੀ ਬਰਾਬਰਤਾ ਅਤੇ ਮਾਣ ਸਤਿਕਾਰ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਹੋਰਾਂ ਕੌਮਾਂ ਦੀ ਰਾਖੀ ਲਈ ਵੀ ਕੁਰਬਾਨੀਆਂ ਕਰਦੀ ਰਹੀ ਹੈ। ਇੱਥੋਂ ਤੱਕ ਕਿ ਇਸ ਭਾਰਤ ਦੀ ਆਜ਼ਾਦੀ ਲਈ ਵੀ 80 ਫੀਸਦੀ ਤੋਂ ਜਿਆਦਾ ਕੁਰਬਾਨੀ ਅਤੇ ਸੰਘਰਸ਼ ਕੀਤਾ ਹੈ। ਜਿਸ ਭਾਰਤ ਵਿੱਚ ਅੱਜ ਇੱਕ ਗੁਜਰਾਤ ਸੂਬੇ ਵਿੱਚ 9 ਸਾਲ ਪਹਿਲਾਂ ਹੋਏ ਫਰਜ਼ੀ ਪੁਲਿਸ ਮੁਕਾਬਲੇ ਦੀ ਤਾਂ ਭਾਰਤੀ ਮੁੱਖ ਟੀ.ਵੀ. ਚੈਨਲ ਅਤੇ ਮੁੱਖ ਅਖਬਾਰਾਂ ਵਿੱਚ ਕਾਫੀ ਚਰਚਾ ਹੈ ਪਰ ਪੰਜਾਬ ਵਿੱਚੋਂ ਉਠੀ ਇਹ ਥਾਣੇਦਾਰ ਸਰਜੀਤ ਸਿੰਘ ਦੀ ਗੱਲ ਕਿਸ ਭਾਰਤੀ ਮੁੱਖ ਟੀ.ਵੀ ਜਾਂ ਅਖਬਾਰ ਦੀ ਚਰਚਾ ਦਾ ਵਿਸ਼ਾ ਨਹੀ ਬਣ ਸਕੀ।
ਨਾ ਹੀ ਰਾਜ ਸਰਕਾਰ ਜੋ ਕਿ ਪੰਜਾਬ ’ਚ ਪੰਥਕ ਸਰਕਾਰ ਅਖਵਾਉਣ ’ਚ ਅਤੇ ਸਿੱਖ ਕੌਮ ਦੀ ਨੁਮਾਇਦਾ ਧਿਰ ਅਖਵਾੳਂੁਦੀ ਹੈ ਨੇ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੇ ਦਾਅਵੇ ਬਾਰੇ ਕੋਈ ਕਾਰਵਾਈ ਜਾਂ ਜੁਆਬ ਦੱਸਣਾ ਠੀਕ ਸਮਝਦੀ ਹੈ। ਪੰਜਾਬ ਵਿੱਚ ਇਹ ਮਾਤਮ ਜਾਂ ਸਿਵਿਆਂ ਵਰਗੀ ਚੁੱਪ ਕਈ ਜਮੂਰੀਅਤ ’ਤੇ ਸੁਆਲ ਰੱਖਦੀ ਹੈ। ਨਾ ਹੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੀ ਵਲੋਂ ਕੋਈ ਆਵਾਜ਼ ਉਠੀ ਹੈ ਭਾਵੇਂ ਕਿ ਇਸੇ ਹਫਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਵੀ ਪਵਿੱਤਰ ਦਿਹਾੜਾ ਮਨਾਇਆ ਗਿਆ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੀ ਮਨੁੱਖੀ ਕਦਰਾਂ ਕੀਮਤਾਂ ਦੀ ਕਦਰ ਲਈ ਹੋਈ ਸੀ, ਪਰ ਪੰਜਾਬ ’ਚ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤਾ ਇਕਬਾਲ ਕਿ ਉਸ ਨੇ ਫਰਜ਼ੀ ਮੁਕਾਬਲੇ ਸਿੱਖ ਕੌਮ ਦੇ ਲੋਕਾਂ ਦੇ ਕੀਤੇ ਹਨ, ਦਾ ਕੋਈ ਅਰਥ ਜਾਂ ਆਵਾਜ਼ ਲੱਭ ਰਹੀ ਹੈ, ਸਗੋਂ ਚਿਰਾਂ ਤੋਂ ਸਿੱਖ ਕੌਮ ਦੀ ਰਿਸਦੀ ਪੀੜ੍ਹ ਹੋਰ ਡੂੰਘੀ ਹੋ ਰਹੀ ਹੈ ਅਤੇ ਇਸ ਭਾਰਤ ਦੀ ਜਮਹੂਰੀਅਤ ਅੱਗੇ ਚੁੱਪ ਹੈ।
No comments:
Post a Comment