Monday, October 7, 2013

ਸ.ਬਲਵੰਤ ਸਿੰਘ ਰਾਜੋਆਣਾ ਵੱਲੋਂ Dated -18/03/06 ਨੂੰ ਬਿਆਨ

313 ਸੀ ਆਰ ਪੀ ਸੀ ਦੇ ਬਿਆਨ ਕਿਸੇ ਵੀ ਇਤਿਹਾਸਕ ਕੇਸ ਵਿਚ ਬਹੁਤ ਹੀ ਮਹੱਤਤਾ ਰੱਖਦੇ ਹਨ, ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਵੱਲੋਂ ਇਹ ਬਿਆਨ ਚੰਡੀਗੜ੍ਹ ਡਿਸਟਿਕ ਕੋਰਟ ਵਿਚ ਦਿੱਤੇ ਗਏ ਸੀ ,ਜਦੋਂ ਦੁਸ਼ਮਣ ਦੀ ਅਦਾਲਤ ਵਿਚ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ । ਤਾਂ ਉਸ ਵਕਤ ਜੋ ਵੀ ਕਿਹਾ ਜਾਂਦਾ ਹੈ ਉਹ ਇਹਿਤਾਸ ਦਾ ਇਕ ਪੰਨਾ ਬਣਦਾ ਹੈ ।ਇਹ ਇਹਿਤਾਸ ਦਾ ਉਹ ਪੰਨਾ ਹੁੰਦਾ ਹੈ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਬਕ ਜਾਂ ਫਿਰ ਪ੍ਰੇਰਣਾ ਬਣਦਾ ਹੈ । ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਕੁਰਬਾਨੀ ਨੂੰ ਦੁਸ਼ਮਣ ਦੀ ਅਦਾਲਤ ਵਿਚ ਇਹ ਕਹਿ ਕੇ ਇਹ ਕੰਮ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੇ ਕੀਤਾ ਹੀ ਨਹੀਂ ਇਸ ਸ਼ਹਾਦਤ ਨੂੰ ਦੁਸ਼ਮਣ ਦੀ ਕਚਹਿਰੀ ਵਿਚ ਰੋਲ ਕੇ ਇਕ ਸਬਕ ਬਨਾਉਣ ਦੀ ਕੋਸ਼ਿਸ ਕੀਤੀ ਗਈ ਸੀ । ਜਿਸ ਨੂੰ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਨੇ ਇਕ ਪ੍ਰੇਰਣਾ ਬਣਾ ਦਿੱਤਾ ਇਹ ਇਤਿਹਾਸਕ ਬਿਆਨ ਦਰਜ ਕਰਵਾ ਕੇ । ਦੁਸ਼ਮਣ ਦੀ ਕਚਹਿਰੀ ਵਿਚ ਹੱਥ ਜੋੜਨੇ ਤੇ ਬਾਹਰ ਆ ਕੇ ਕਹਿਣਾ ਕਿ ਅਸੀਂ ਗੁਲਾਮ ਹਾਂ ।ਸਾਡੀ ਗੁਲਾਮੀ ਦਾ ਕਾਰਣ ਤਾਂ ਇਹੀ ਹੈ ਕਿ ਜਿੰਨ੍ਹਾਂ ਵਕਤ ਅਸੀਂ ਦੁਸ਼ਮਣ ਦੀ ਕਚਹਿਰੀ ਵਿਚ ਹੱਥ ਜੋੜ ਕੇ ਖੜ੍ਹੇ ਰਹਾਂਗੇ ਉਨੀ ਦੇਰ ਸਾਡੇ ਕਦਮ ਆਜ਼ਾਦੀ ਦੀ ਮੰਜਿਲ ਵੱਲ ਨੂੰ ਨਹੀਂ ਵੱਧ ਸਕਦੇ ।



ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ
ਧਰਮ ਜੁਧ ਕੇ ਚਾਇ
ਅਕਾਲ ਤਖ਼ਤ ਮਹਾਨ ਹੈ
ਸਿੱਖ ਪੰਥ ਦੀ ਸ਼ਾਨ ਹੈ

ਦੇਹ ਸ਼ਿਵਾ ਬਰ ਮੋਹਿ ਇਹੈ
ਸੁਭ ਕਰਮਨ ਤੇ ਕਬਹੂ ਨ ਟਰੋਂ
ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਅਪਨੀ ਜੀਤ ਕਰੋਂ॥

ਸਤਿਕਾਰਯੋਗ ਜੱਜ ਸਾਹਿਬ,

ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥

ਜੱਜ ਸਾਹਿਬ ਸਿੱਖ ਧਰਮ ਤੇ ਜੂਨ 1984 ਵਿੱਚ ਹਿੰਦੋਸਤਾਨ ਦੀ ਸਰਕਾਰ ਵੱਲੋ ਕੀਤਾ ਗਿਆ ਹਮਲਾ ਕੋਈ ਨਵੀ ਕਹਾਣੀ ਨਹੀ ਹੈ। ਜਦੋਂ ਦਾ ਹੀ ਸਿੱਖ ਧਰਮ ਕਿਰਤ ਕਰਨ, ਨਾਮ-ਜਪਣ ਅਤੇ ਵੰਡ ਛਕਣ ਦੇ ਸੰਕਲਪ ਨੂੰ ਲੈ ਕੇ ਹੋਂਦ ਵਿੱਚ ਆਇਆ ਹੈ। ੳੇਸ ਸਮੇਂ ਤੋਂ ਹੀ ਇਹ ਜਾਲਮ ਹਕੂਮਤਾ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ ਹੈ। ਸਿੱਖ ਧਰਮ ਦੇ ਦੁਸ਼ਮਣਾ ਦੀ ਸੂਚੀ ਬਹੁਤ ਲੰਮੀ ਹੈ। ਇਹ ਕਦੇ ਜਹਾਂਗੀਰ ਦੇ ਰੂਪ ਵਿੱਚ , ਕਦੇ ਅਬਦਾਲੀ ਦੇ ਰੂਪ ਵਿੱਚ , ਕਦੇ ਮੱਸੇ ਰੰਗੜ ਦੇ ਰੂਪ ਵਿੱਚ ਅਤੇ ਕਦੇ ਇੰਦਰਾ ਗਾਂਧੀ ਦੇ ਰੂਪ ਵਿੱਚ ਸਿੱਖ ਧਰਮ ਅਤੇ ਸਿੱਖਾਂ ਨੂੰ ਖ਼ਤਮ ਕਰਨ ਦੀਆਂ ਸਾਜ਼ਿਸਾਂ ਰਚਦੇ ਰਹੇ ਹਨ। ਸਿੱਖਾਂ ਨੇ ਹਮੇਸਾ ਹੀ ਇਨਾਂ ਜ਼ਾਲਮਾ ਦਾ ਮੂੰਹ ਤੋੜ ਜੁਆਬ ਦਿੱਤਾ ਹੈ। ਸਿੱਖ ਕਦੇ “ਸ੍ਰੀ ਗੁਰੂ ਅਰਜਨ ਦੇਵ ਜੀ”ਦੇ ਰੂਪ ਵਿੱਚ, ਕਦੇ “ਸ੍ਰੀ ਗੁਰੂ ਤੇਗ ਬਹਾਦਰ ਜੀ” ਦੇ ਰੂਪ ਵਿਚ, ਕਦੇ ਸਾਹਿਬਜ਼ਾਦਿਆ ਦੇ ਰੂਪ ਵਿੱਚ ਕਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਅਤੇ ਕਦੇ ਬਾਬਾ ਦੀਪ ਸਿੰਘ ਜੀ ਦੇ ਰੂਪ ਵਿੱਚ ਆਪਣੇ ਪਿਆਰੇ ਧਰਮ ਤੋਂ ਕੁਰਬਾਨ ਹੁੰਦੇ ਰਹੇ ਹਨ।

ਜੱਜ ਸਾਹਿਬ ਹਿੰਦੋਸਤਾਨ ਦੀ ਅਜ਼ਾਦੀ ਤੋਂ ਬਾਅਦ ਵੀ ਸਿੱਖਾਂ ਤੇ ਜੁਲਮ ‐ਜ਼ਬਰ ਦੀ ਕਹਾਣੀ ਬੰਦ ਨਹੀ ਹੋਈ। ਸਮੇਂ ਸਮੇਂ ਸਿੱਖਾਂ ਨੂੰ ਆਪਣੇ ਹੱਕਾ ਲਈ ਮੋਰਚੇ ਲਾਉਣੇ ਅਤੇ ਸੰਘਰਸ਼ ਕਰਨੇ ਪਏ ਹਨ। ‘
“ ਸ੍ਰੀ ਅਕਾਲ ਤਖ਼ਤ ਸਾਹਿਬ” ਤੋਂ ਸੇਧ ਲੈ ਕੇ ਸਿੱਖਾਂ ਦੀਆਂ ਰਾਜਨੀਤਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਆਪਣੀ ਹੱਕੀ ਮੰਗਾ ਨੂੰ ਲੈ ਕੇ ਲਾਇਆ ਗਿਆ ‘ਧਰਮ ਯੁੱਧ ਮੋਰਚਾ , ਹਿੰਦੋਸਤਾਨ ਦੀ ਜਾਲਮ ਕਾਂਗਰਸ ਸਰਕਾਰ ਦੀ ਬਰਦਾਸਤ ਤੋਂ ਬਾਹਰ ਹੋ ਗਿਆ। ਸਿੱਖਾਂ ਦੀ ਆਪਣੇ ਧਰਮ ਪ੍ਰਤੀ ਅਤੇ ‘ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਤੀ ਸ਼ਰਧਾ ਤੋ ਬੁਖਲਾਈ ਹੋਈ ਹਿੰਦੋਸਤਾਨ ਦੀ ਕਾਂਗਰਸ ਸਰਕਾਰ ਨੇ ਜੂਨ 1984 ਵਿੱਚ ਸਿੱਖਾਂ ਦੇ ਸਰਵ ‐ ਉਚ ਧਾਰਮਿਕ ਅਸਥਾਨ “ ਸ੍ਰੀ ਹਰਿਮੰਦਰ ਸਾਹਿਬ” ਤੇ ਆਪਣੀਆਂ ਫੌਜਾਂ ਭੇਜ ਕੇ ਚੜ੍ਹਾਈ ਕਰ ਦਿੱਤੀ। ਉਸ ਸਮੇਂ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਅਮਨ ‐ ਆਮਾਨ ਨਾਲ ਆਪਣੇ ਪੰਜਵੇਂ ਪਾਤਿਸਾਹ
“ਸ੍ਰੀ ਗੁਰੂ ਅਰਜਨ ਦੇਵ ਜੀ” ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸਨ । 4 ਜੂਨ 1984 ਨੂੰ ਹਿੰਦੋਸਤਾਨ ਦੀਆਂ ਹੰਕਾਰੀਆਂ ਹੋਈਆਂ ਫੌਜਾਂ ਨੇ ਅਚਾਨਕ ਹੀ ਟੈਕਾਂ , ਤੋਪਾਂ ਨਾਲ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਹਮਲਾ ਕਰ ਦਿੱਤਾ।
ਜੱਜ ਸਾਹਿਬ ਸਿੱਖਾਂ ਦੀ ਸਰਵ ‐ ਉਚ ਅਦਾਲਤ “ ਸ੍ਰੀ ਅਕਾਲ ਤਖ਼ਤ ਸਾਹਿਬ”ਨੂੰ ਅਤੇ ‘ਦਰਸ਼ਨੀ ਡਿਊਢੀ, ਨੂੰ ਢਹਿ ਢੇਰੀ ਕਰ ਦਿੱਤਾ ਗਿਆ। ‘ਸ੍ਰੀ ਹਰਿਮੰਦਰ ਸਾਹਿਬ, ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ। ਸਿੱਖਾਂ ਦੀ ਇਤਿਹਾਸਕ ਲਾਇਬਰੇਰੀ ਨੂੰ ‐ਸਾੜ ਦਿੱਤਾ ਗਿਆ। ਹਜ਼ਾਰਾਂ ਹੀ ਨਿਰਦੋਸ਼ ਸਰਧਾਲੂਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ‘ਸ੍ਰੀ ਦਰਬਾਰ ਸਾਹਿਬ, ਦੀ ਪਵਿੱਤਰ ਧਰਤੀ ਨੂੰ ਅਤੇ ਪਵਿੱਤਰ ਸਰੋਵਰ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗ ਦਿੱਤਾ ਗਿਆ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ, ਭਾਈ ਅਮਰੀਕ ਸਿੰਘ, ਅਤੇ ਜਰਨਲ ਸੁਬੇਗ ਸਿੰਘ ਦੇ ਅਗਵਾਈ ਵਿੱਚ ਸਿੰਘਾ ਨੇ ਆਪਣੇ ਧਰਮ ਦੀ ਰਾਖੀ ਕਰਦੇ ਹੋਏ ਅਲੌਕਿਕ ਸ਼ਹੀਦੀਆਂ ਦਿੱਤੀਆਂ । ਮੈਂ ਉਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾ ਅਤੇ ਉਨਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਾਉਦਾ ਹਾ।

ਜੱਜ ਸਾਹਿਬ ਇਹ ਆਪਣੇ ਹੀ ਦੇਸ਼ ਦੀਆਂ ਫੌਜਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਤੇ ਕੀਤੇ ਜ਼ੁਲਮ ਦੀ ਹੱਦ ਸੀ। ਇਹ ਹਮਲਾ ਸਿੱਖ ਧਰਮ ਅਤੇ ਸਿੱਖਾਂ ਤੇ ਕੀਤਾ ਗਿਆ 20ਵੀਂ ਸਦੀ ਦਾ ਸੱਭ ਤੋਂ ਵੱਡਾ ਹਮਲਾ ਸੀ{ ਇਸ ਹਮਲੇ ਨਾਲ ਹਰੇਕ ਸਿੱਖ ਦਾ ਹਿਰਦਾ ਲਹੂ ਲੁਹਾਣ ਹੋ ਗਿਆ।

ਜੱਜ ਸਾਹਿਬ ਫਿਰ ਜਦ 31 ਅਕਤੂਬਰ 1984 ਨੂੰ ਸਿੱਖਾਂ ਦੀ ਸਰਵ ‐ ਉਚ ਅਦਾਲਤ ‘ ਸ੍ਰੀ ਅਕਾਲ ਤਖ਼ਤ ਸਾਹਿਬ, ਨੂੰ ਢਹਿ ਢੇਰੀ ਕਰਨ ਦੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾ ਦੀ ਕਾਤਲ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੋ ਸਿੱਖ ਨੌਜਵਾਨਾਂ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਫਿਰ ਹਿੰਦੋਸਤਾਨ ਦੀ ਕਾਂਗਰਸ ਸਰਕਾਰ ਦਾ ਸਿੱਖ ਵਿਰੋਧੀ ਅਤੇ ਸਿੱਖ ਧਰਮ ਵਿਰੋਧੀ ਕਰੂਪ ਚਿਹਰਾ ਸਾਹਮਣੇ ਆਇਆ।

ਜੱਜ ਸਾਹਿਬ ਕਾਂਗਰਸ ਸਰਕਾਰ ਦੇ ਪ੍ਰਮੁੱਖ ਲੋਕਾਂ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਅਤੇ ਦੇਸ਼ ਦੀਆ ਏਜੰਸੀਆ ਨੇ ਮਿਲ ਕੇ ਰਾਤੋ ਰਾਤ ਹੀ ਕਾਤਲਾਂ ਦਾ ਰੂਪ ਧਾਰਨ ਕਰ ਲਿਆ। ਦੇਸ਼ ਦੇ ਰਾਜਧਾਨੀ ਦਿੱਲੀ ਅਤੇ ਪ੍ਰਮੁੱਖ ਸ਼ਹਿਰਾ ਵਿੱਚ ਨਿਰਦੋਸ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿੰਨਾ ਦਾ ਇਸ ਕਤਲ ਨਾਲ ਕੋਈ ਸਬੰਧ ਨਹੀ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਸਿੱਖਾਂ ਨੂੰ ਉਨਾਂ ਦੇ ਘਰਾਂ ਚੋਂ ਬਾਹਰ ਕੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਉਦੇ ਸਿੱਖਾਂ ਦੇ ਗਲਾ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਬੱਚਿਆ, ਬਜੁਰਗਾਂ ਅਤੇ ਔਰਤਾਂ ਨੂੰ ਬਹੁਤ ਦਰਦਨਾਕ ਢੰਗ ਨਾਲ ਕਤਲ ਕੀਤਾ ਗਿਆ। ਸਿੱਖਾਂ ਦੇ ਘਰਾਂ ਨੂੰ ਸਾੜ ਦਿੱਤਾ ਗਿਆ। 72 ਘੰਟੇ ਤੱਕ ਕਾਂਗਰਸੀਆਂ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਅਤੇ ਏਜੰਸੀਆਂ ਨੇ ਮਿਲ ਕੇ ਕਾਤਲਾਂ ਦਾ ਰੂਪ ਧਾਰੀ ਰੱਖਿਆ ਜੱਜ ਸਾਹਿਬ ਅੱਜ 22 ਸਾਲ ਬੀਤ ਜਾਣ ਦੇ ਬਾਅਦ ਵੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ । ਸਮੇਂ ਸਮੇਂ ਦੀਆਂ ਸਰਕਾਰਾ, ਸਮੇਂ ਸਮੇਂ ਤੇ ਜਾਂਚ ਕਮਿਸਨ ਬਣਾ ਕੇ ਮਗਰਮੱਛੀ ਹੰਝੂ ਵਹਾਉਦੀਆ ਰਹੀਆਂ ਹਨ। ਵਾਰ ਵਾਰ ਜਾਂਚ ਕਮਿਸ਼ਨ ਬਣਾਉਣੇ ਇਨਾਂ ਹਾਕਮਾਂ ਦੀ ਮਕਾਰੀ ਅਤੇ ਕਮੀਨਗੀ ਦੀ ਹੱਦ ਹੈ। ਜਦ ਕਿ ਦੋਸ਼ੀ ਕਦੇ ਉਨਾਂ ਦੀ ਨਾਲ ਵਾਲੀ ਕੁਰਸੀ ਤੇ ਅਤੇ ਕਦੇ ਸਾਹਮਣੇ ਵਾਲੀ ਕੁਰਸੀ ਤੇ ਬੈਠੇ ਹਨ। ਸਿੱਖਾਂ ਨੂੰ ਅਜਿਹੇ ‐ ਪਾਖੰਡੀ ਅਤੇ ਮਕਾਰ ਲੋਕਾਂ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀ ਹੈ। ਕਿਉਕਿ ਕਾਤਲ ਆਪ ਹੀ ਆਪਣੀ ਮਰਜ਼ੀ ਦੇ ਜਾਂਚ ਕਮਿਸ਼ਨ ਬਣਾਉਦੇ ਹਨ ਅਤੇ ਆਪ ਹੀ ਆਪਣੀ ਮਰਜੀ ਦੀ ਜਾਂਚ ਕਰਵਾਉਦੇ ਹਨ।

ਜੱਜ ਸਾਹਿਬ ਹਿੰਦੋਸਤਾਨ ਦੀ ਕਾਂਗਰਸ ਸਰਕਾਰ ਦੇ ਜੁਲਮਾਂ ਦੀ ਕਹਾਣੀ ਇਥੇ ਹੀ ਖ਼ਤਮ ਨਹੀ ਹੁੰਦੀ। ਇਸ ਤੋਂ ਬਾਅਦ ਇਨਾਂ ਨੇ ਆਪਣੀਆਂ ਏਜੰਸੀਆਂ ਅਤੇ ਪੁਲਿਸ ਨੂੰ ਖੁੱਲੀ ਛੋਟ ਦੇ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਵਾ ਕੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦੀ ਕੋਸ਼ਿਸ ਕੀਤੀ। ਪੰਜਾਬ ਵਿੱਚ ਧੱਕੇ ਨਾਲ ਕਾਂਗਰਸ ਦੀ ਸਰਕਾਰ ਬਣਾ ਕੇ ਬੇਅੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਜਦ ਕਿ ਸਾਰੀਆਂ ਹੀ ਸਿੱਖ ਰਾਜਨੀਤਕ ਪਾਰਟੀਆਂ ਨੇ ਚੋਣਾ ਦਾ ਬਾਈਕਾਟ ਕੀਤਾ। 10 ਪ੍ਰਤੀਸ਼ਤ ਜਾਅਲੀ ਵੋਟਾਂ ਨਾਲ ਧੱਕੇ ਨਾਲ ਹੀ ਬਣੇ ਪੰਜਾਬ ਦੇ ਮੁਖ ਮੰਤਰੀ ਬੇਅੰਤ ਸਿੰਘ ਨੇ ਦਿੱਲੀ ਦੇ ਇਸਾਰਿਆਂ ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਿਆ। ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਕਤਲ ਕਰ ਦਿੱਤਾ ਗਿਆ। ਉਨਾਂ ਦੀਆਂ ਲਾਸਾਂ ਨੂੰ ਲਵਾਰਿਸ ਕਹਿ ਕੇ ਸਾੜ ਸਿੱਤਾ ਗਿਆ ਅਤੇ ਦਰਿਆਵਾਂ, ਨਦੀਆਂ ਵਿੱਚ ਰੋੜ੍ਹ ਦਿੱਤਾ ਗਿਆ। ਜਿੱਥੇ ਕਾਂ, ਇੱਲਾਂ, ਮੱਛੀਆਂ ਉਨਾਂ ਨੂੰ ਨੋਚ ‐ ਨੋਚ ਕੇ ਖਾਂਦੇ ਰਹੇ।

ਜੱਜ ਸਾਹਿਬ ਪੰਜਾਬ ਦੀ ਧਰਤੀ ਤੇ ਕੋਈ ਵੀ ਨਹਿਰ ਦਾ ਪੁਲ, ਡਰੇਨ ਦਾ ਪੁਲ ਅਜਿਹਾ ਨਹੀ ਹੈ ਜਿਥੇ ਨਿਰਦੋਸ਼ ਲੋਕਾਂ ਦਾ ਖੂਨ ਨਾ ਡੁੱਲਿਆ ਹੋਵੇ । ਡੇਢ ਸਾਲ ਦੇ ਬੱਚਿਆ ਤੱਕ ਨੂੰ ਅੱਤਵਾਦੀ ਕਹਿ ਕੇ ਗੋਲੀਆਂ ਮਾਰੀਆਂ ਗਈਆਂ। ਜਿਹੜੇ ਵੀ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨਾਂ ਜੁਲਮਾਂ ਨੂੰ ਖੋਲਣ ਦੀ ਕੋਸ਼ਿਸ ਕੀਤੀ। ਉਨਾਂ ਦੇ ਮੁਖੀਆਂ ਨੂੰ ਦਿਨ ਦਿਹਾੜੇ ਪੁਲਿਸ ਵੱਲੋ ਚੁੱਕ ਕੇ ਕਤਲ ਕਰ ਦਿੱਤਾ ।ਲੋਕਾਂ ਦੀ ਜਾਨ ‐ ਮਾਲ ਦੀ ਰਾਖੀ ਕਰਨ ਵਾਲੀ ਪੁਲਿਸ ਨੇ ਕਾਤਲਾਂ ਅਤੇ ਲੁਟੇਰਿਆ ਦਾ ਰੂਪ ਧਾਰਨ ਕਰ ਲਿਆ। ਪੰਜਾਬ ਦੀ ਧਰਤੀ ਤੇ ਇਹ ਸਾਰੇ ਜੁਲਮ ਦਿੱਲੀ ਦੇ ਇਸਾਰਿਆਂ ਤੇ ਧੱਕੇ ਨਾਲ ਹੀ ਬਣਿਆ ਮੁੱਖ ਮੰਤਰੀ ਬੇਅੰਤ ਸਿੰਘ ਕਰਵਾ ਰਿਹਾ ਸੀ।

ਜੱਜ ਸਾਹਿਬ ਬੇਅੰਤ ਸਿੰਘ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਵਾ ਕੇ ਆਪਣੇ ਆਪ ਨੂੰ ਸ਼ਾਂਤੀ ਦਾ ਮਸੀਹਾ ਅਖਵਾਉਣ ਲੱਗ ਪਿਆ। ਆਪਣੀ ਤੁਲਨਾ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਾਲ ਅਤੇ ਰਾਮ ਅਵਤਾਰ ਨਾਲ ਕਰਵਾਉਣ ਲੱਗ ਪਿਆ। ਇਹ ਸੱਭ ਕੁਝ ਸਾਡੀ ਬਰਦਾਸਤ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਹੀ ਅਸੀਂ ਬੇਅੰਤ ਸਿੰਘ ਨੂੰ ਮਾਰਨ ਦਾ ਫ਼ੈਸਲਾਂ ਕੀਤਾ।

ਜੱਜ ਸਾਹਿਬ 31 ਅਗਸਤ 1995 ਨੂੰ ਮਾਤਾ ਸੁਰਜੀਤ ਕੌਰ ਅਤੇ ਪਿਤਾ ਸ. ਹਰਨੇਕ ਸਿੰਘ ਦੇ ਘਰ ਪੈਦਾ ਹੋਇਆ ਸੂਰਮਾ ਭਾਈ ਦਿਲਾਵਰ ਸਿੰਘ ਆਪਣੇ ਆਪ ਨਾਲ ਬੰਬ ਬੰਨ ਕੇ ਸੈਕਟਰੀਏਟ ਵਿੱਚ ਕਾਂਗਰਸ ਦੇ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਜਾ ਟਕਰਾਇਆ ਅਤੇ ਉਸ ਦੇ ਜੁਲਮਾਂ ਦੀ ਕਹਾਣੀ ਨੂੰ ਹਮੇਸਾ ਲਈ ਖ਼ਤਮ ਕਰ ਦਿੱਤਾ।

ਜੱਜ ਸਾਹਿਬ ਉਸ ਦਿਨ ਸੈਕਟਰੀਏਟ ਵਿੱਚ ਮੈ ਭਾਈ ਦਿਲਾਵਰ ਸਿੰਘ ਦੇ ਨਾਲ ਸੀ। ਹਾਂ ਮੈਂ ਇਸ ਕਤਲ ਵਿੱਚ ਸ਼ਾਮਿਲ ਹਾਂ। ਮੈਨੂੰ ਆਪਣੇ, ਇਸ ਕਤਲ ਵਿੱਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀ ਹੈ। ਇਹ ਬੰਬ ਮੈ ਅਤੇ ਭਾਈ ਦਿਲਾਵਰ ਸਿੰਘ ਨੇ ਹੀ ਬਣਾਇਆ ਸੀ। ਸ਼ਮਸੇਰ ਸਿੰਘ, ਨਸੀਬ ਸਿੰਘ ਅਤੇ ਨਵਜੋਤ ਸਿੰਘ ,ਗੁਰਮੀਤ ਸਿੰਘ ,ਲਖਵਿੰਦਰ ਸਿੰਘ ਦਾ ਇਸ ਕਤਲ ਨਾਲ ਕੋਈ ਸਬੰਧ ਨਹੀ ਹੈ। ਇਹ ਲੋਕ ਬਿਲਕੁਲ ਨਿਰਦੋਸ਼ ਹਨ। ਇਨਾਂ ਨੂੰ ਇਸ ਕੇਸ਼ ਵਿੱਚ ਝੂਠਾ ਫ਼ਸਾਇਆ ਗਿਆ ਹੈ। ਜੱਜ ਸਾਹਿਬ ਮੈਂ ਕੌਮ ਦੀ ਅਣਖ਼ ਇੱਜਤ ਲਈ ਅਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਆਪਣੇ ਵੀਰਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਦਾ ਹਾ। ਉਨਾਂ ਸਾਰੇ ਹੀ ਸ਼ਹੀਦਾ ਨੂੰ ਪ੍ਰਣਾਮ ਕਰਦਾ ਹਾ ਜਿੰਨਾ ਨੇ ਆਪਣੇ ਜੀਵਨ ਕੌਮ ਅਤੇ ਧਰਮ ਤੋਂ ਖੁਸ਼ੀ ‐ ਖੁਸ਼ੀ ਵਾਰ ਦਿੱਤੇ।

ਮੈਂ ਸ਼ਹੀਦ ਹੋਏ ਆਪਣੇ ਛੋਟੇ ਵੀਰ ਭਾਈ ਹਰਪਿੰਦਰ ਸਿੰਘ ਗੋਲਡੀ ਅਤੇ ਭਾਈ ਦਿਲਾਵਰ ਸਿੰਘ ਦੀ ਲਾਮਿਸ਼ਾਲ ਕੁਰਬਾਨੀ ਅੱਗੇ ਸਿਜਦਾ ਕਰਦਾ ਹਾ ਅਤੇ ਇਹ ਐਲਾਨ ਕਰਦਾ ਹਾ ਕਿ ਸ਼ਹੀਦਾ ਦੇ ਡੁੱਲੇ ਹੋਏ ਖੂਨ ਨੂੰ ਅਜਾਈਂ ਨਹੀ ਜਾਣ ਦਿੱਤਾ ਜਾਵੇਗਾ। ਕੌਮ ਨੂੰ ਅਜ਼ਾਦੀ ਮਿਲਣ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਜੱਜ ਸਾਹਿਬ ਜਿਸ ਦੇਸ਼ ਨੇ ਸਿੱਖਾਂ ਦੀ ਸਰਵ ‐ ਉਚ ਅਦਾਲਤ ‘ ਸ੍ਰੀ ਅਕਾਲ ਤਖ਼ਤ ਸਾਹਿਬ, ਨੂੰ ਢਹਿ ਢੇਰੀ ਕੀਤਾ ਹੈ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੈ। ਜਿਸ ਦੇਸ਼ ਦੀਆਂ ਅਦਾਲਤਾਂ ਨੇ ਸ਼ਰੇਆਮ ਸਿੱਖਾਂ ਦੇ ਕਾਤਲਾਂ ਦੀ ਹਿਫ਼ਾਜਤ ਕੀਤੀ ਹੈ। ਮੈਂ ਅਜਿਹੇ ਦੇਸ਼ ਹਿੰਦੋਸਤਾਨ ਦੇ ਸੰਵਿਧਾਨ ਨੂੰ ਅਤੇ ਅਦਾਲਤਾਂ ਨੂੰ ਮੰਨਣ ਤੋਂ ਇੰਨਕਾਰ ਕਰਦਾ ਹਾ।

ਜੱਜ ਸਾਹਿਬ ਮੈਂ ‘ਖਾਲਿਸ਼ਤਾਨ ਲਿਬਰੇਸ਼ਨ ਫੋਰਸ, ਵੱਲੋ ਇਸ ਦੇਸ਼ ਦੇ ਸੰਵਿਸ਼ਾਨ ਨੂੰ ਅਤੇ ਅਦਾਲਤਾਂ ਨੂੰ ਰੱਦ ਕਰਕੇ ਇਸ ਅਦਾਲਤ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਖ਼ਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰਕੇ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਆਪਣੇ ਵੀਰਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾ।

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ‐ ਅਮਰ ਰਹੇ।
ਖ਼ਾਲਿਸਤਾਨ ‐ ਜਿੰਦਾਬਾਦ

ਖ਼ਾਲਿਸਤਾਨ ਲਿਬਰੇਸ਼ਨ ਫੋਰਸ ‐ਜਿੰਦਾਬਾਦ

ਸ਼ਹੀਦ ਭਾਈ ਦਿਲਾਵਰ ਸਿੰਘ ‐ ਅਮਰ ਰਹੇ।

ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ‐ ਅਮਰ ਰਹੇ।

ਜਉ ਤਉ ਪ੍ਰੇਮ ਖੇਲਣ ਕਾ ਚਾੳੇ॥
ਸਿਰ ਧਰਿ ਤਲੀ ਗਲੀ ਮੇਰੀ ਆਉ
ਇਤੁ ਮਾਰਗਿ ਪੈਰ ਧਰੀਜੈ
ਸਿਰੁ ਦੀਜੈ ਕਾਣ ਨ ਕੀਜੈ॥

ਵੱਲੋਂ
ਬਲਵੰਤ ਸਿੰਘ ਰਾਜੋਆਣਾ।
Dated -18/03/06 

ਭਾਈ ਬਲਵੰਤ ਸਿੰਘ ਦੇ ਇਸ ਬਿਆਨ ਤੋਂ ਬਾਅਦ ਅਖੌਤੀ ਪੰਥਕ ਵਕੀਲ ਨਰਾਜ਼ ਹੋ ਗਏ ।

No comments:

Post a Comment