Sunday, December 8, 2013

ਜਰਮਨ ਅਦਾਲਤ ਨੇ ਗੁਰਦੁਆਰਾ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ


ਜਰਮਨ ਅਦਾਲਤ ਨੇ ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ,ਮੋਜੂਦਾ ਪ੍ਰਬੰਧਕਾਂ ਦੀ ਕਾਨੂੰਨੀ ਰਜਿਸਟਰੇਸ਼ਨ ਕੀਤੀ ਖਤਮ।
ਜਰਮਨ-ਦਸੰਬਰ ਪਿਛਲੇ ਲੰਮੇਂ ਸਮੇਂ ਤੋਂ ਜਰਮਨ ਦੇ ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਿਵਾਦਾਂ ਦੇ ਘੇਰੇ ਵਿੱਚ ਚਲੀ ਆ ਰਹੀ ਹੈ। ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਕਦੇ ਮੈਂਬਰਾਂ ਦੀਆਂ ਵੋਟਾਂ ਨੂੰ ਲੈਕੇ,ਕਦੇ ਗੋਲਕ ਤੋੜਨ ਨੂੰ ਲੈਕੇ ਅਤੇ ਕਦੀ ਕਮੇਟੀ ਦੀ ਚੋਣ ਅਤੇ ਕਈ ਹੋਰ ਮਸਲਿਆਂ ਨੂੰ ਲੈਕੇ ਸੁਰਖੀਆਂ ਵਿੱਚ ਰਹੀ ਹੈ। ਸੰਗਤਾਂ ਦੀ ਜਾਣਕਾਰੀ ਲਈ ਦਸ ਦਈਏ ਕਿ ਕਾਨੂੰਨੀ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਿਛਲੇ ਸਾਲ 2012 ਮਈ ਮਹੀਨੇ ਦੀ ਭੰਗ ਹੋ ਗਈ ਹੈ ਪਰ ਪ੍ਰਧਾਨ ਅਤੇ ਸੈਕਟਰੀ ਜਬਰਦਸ਼ਤੀ ਕਬਜਾ ਕਰੀ ਬੈਠੇ ਸਨ । ਜਦੋਂ ਕਿ ਸਾਰੇ ਮੈਂਬਰਾਂ ਦੀ ਰਜਿਸ਼ਟਰੇਸ਼ਨ ਉਸੇ ਸਮੇਂ ਖਤਮ ਕਰ ਦਿਤੀ ਗਈ ਸੀ ਪਰ ਪ੍ਰਧਾਨ ਸਤਨਾਮ ਸਿੰਘ ਬੱਬਰ,ਸੈਕਟਰੀ ਹਰਪਾਲ ਸਿੰਘ  ਤਰਲੋਚਨ ਸਿੰਘ ਜੋਸ਼ਨ ਖਜਾਨਚੀ ਦੀ ਰਜਿਸ਼ਟਰੇਸ਼ਨ ਇਸ ਕਰਕੇ ਰੱਖੀ ਸੀ ਕਿ ਉਹ ਸਿਰਫ ਚੋਣ ਕਰਵਾਉਣ ਦੀ ਜੁਮੇਂਵਾਰੀ ਨਿਭਾਉਣ ਪਰ ਕਿਸੇ ਪ੍ਰਕਾਰ ਦੀ ਕਾਗਜ਼ੀ ਕਾਰਵਾਈ ਨਹੀ ਕਰ ਸਕਦੇ ਪਰ ਦੋ ਮੈਂਬਰਾਂ ਪ੍ਰਧਾਨ,ਸੈਕਟਰੀ ਨੇ ਆਪਣੀ ਮਨਮਰਜੀ ਕਰਕੇ ਬੈਂਕ ਵਿੱਚੋਂ ਪੈਸਾ ਵੀ ਕਢਵਾਇਆ ਅਤੇ ਗੋਲਕ ਵੀ ਤੋੜੀ ਅਤੇ ਹਜਾਰਾਂ ਯੂਰੋ ਦਾ ਹਿਸਾਬ ਕਿਤਾਬ ਨਹੀ ਦਿਤਾ ਗਿਆ ਜਿਸ ਕਾਰਨ ਪਿਛਲੇ ਸਮੇਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਦੂਸਰੇ ਪਾਸੇ ਪਿਛਲੇ ਸਾਲ ਮਈ ਮਹੀਨੇ ਤੋਂ ਕਮੇਟੀ ਦੀ ਚੋਣ ਕਰਵਾਉਣ ਲਈ ਸੰਗਤਾਂ ਬਹੁਤ ਕਾਹਲੀਆਂ ਹਨ ਅਤੇ ਕਹਿੰਦੀਆਂ ਆ ਰਹੀਆਂ ਹਨ ਕਿ ਜਦੋਂ ਤੋਂ ਜਲਦੀ ਚੋਣ ਕਰਵਾਈ ਜਾਵੇ ਤਾਂ ਜੋ ਨਵੀਂ ਕਮੇਟੀ ਗੁਰਦੁਆਰਾ ਸਾਹਿਬ ਦੀ ਚੜਦੀ ਕਲਾ ਅਤੇ ਨਵੀਂ ਲਹਿਰ ਪੈਦਾ ਕਰੇ। ਇਸ ਸਬੰਧੀ ਅਦਾਲਤ ਵਲੋਂ ਵੀ ਬਾਰ ਬਾਰ ਕਹਿਣ ਤੇ ਦੋਨਾਂ ਮੈਂਬਰਾਂ ਨੇ ਸਮੇਂ ਸਮੇਂ ਤੇ ਬਹੁਤ ਮਨ ਮਰਜੀਆਂ ਕੀਤੀਆਂ ਹਨ ਅਤੇ ਹਰ ਕੇਸ ਨੂੰ ਅਗੇ ਤੋਂ ਅਗੇ ਕਰਕੇ ਆਪਣਾ ਕਬਜਾ ਬਣਾਈ ਰੱਖਣ ਲਈ ਹੱਥਕੰਡੇ ਅਪਣਾਏ ਹਨ। ਪਿਛਲੇ ਦਿਨੀਂ 29 ਨਵੰਬਰ 2013 ਨੂੰ ਆਈ ਇਕ ਅਦਾਲਤੀ ਚਿੱਠੀ ਨੇ ਸਿੱਖ ਜਗਤ ਵਿੱਚ ਨਵਾਂ ਵਿਵਾਦ ਛੇੜ ਦਿਤਾ ਹੈ ਜਿਸਨੂੰ ਪੜਕੇ ਸਿੱਖ ਕੌਮ ਨੂੰ ਹੈਰਾਨੀ  ਹੋਵੇਗੀ ਕਿ ਜਰਮਨ ਦੇਸ਼ ਵਿੱਚ ਇਹ ਪਹਿਲਾ ਕੇਸ ਹੈ ਜਿਸ ਤਹਿਤ ਅਦਾਲਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ ਹੈ ਅਤੇ ਉਸ ਸਮੇਂ ਤਕ ਅਦਾਲਤ ਕੋਲ ਸਾਰਾ ਪ੍ਰਬੰਧ ਰਹੇਗਾ ਜਦੋਂ ਤਕ ਅਦਾਲਤ ਵਲੋਂ ਭੇਜਿਆ ਨੁਮਾਇੰਦਾ ਅਗਲੀ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀ ਕਰਵਾ ਦਿੰਦਾ। ਪਿਛਲੇ ਸਮੇਂ ਜਦੋਂ ਮੀਡੀਏ ਨੇ ਇਸ ਪ੍ਰਬੰਧਕਾਂ ਬਾਰੇ ਖਬਰਾਂ ਲਾਈਆਂ ਅਤੇ ਉਹਨਾਂ ਦੀਆਂ ਆਪ ਹੁਦਰੀਆਂ ਨੂੰ ਜਗ ਜਾਹਿਰ ਕੀਤਾ ਤਾਂ ਮੀਡੀਆ ਨੂੰ ਵੀ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੀਡੀਆ ਗਲਤ ਖਬਰਾਂ ਲਾ ਰਿਹਾ ਹੈ ਜਦੋਂ ਕਿ ਮੀਡੀਏ ਕੋਲ ਸਾਰੇ ਸਬੂਤ ਹਨ ਅਤੇ ਜੋ ਵੀ ਲਿਖਿਆ ਗਿਆ ਸੀ ਅਤੇ ਅਜ ਲਿੱਖ ਰਿਹਾ ਹੈ ਸਭ ਸੱਚ ਅਤੇ ਸਬੂਤਾਂ ਦੇ ਅਦਾਰ ਤੇ ਲਿਖ ਰਿਹਾ ਹੈ। ਅਦਾਰਾ ਪੰਜਾਬੀ ਟਾਈਮਜ਼ ਨੂੰ ਨਵੀਂ ਆਈ ਖਬਰ ਤੋਂ ਪਤਾ ਲਗਾ ਹੈ ਕਿ ਜਰਮਨ ਦੀ ਅਦਾਲਤ ਵਲੋਂ ਪ੍ਰਧਾਨ ,ਸੈਕਟਰੀ ਅਤੇ ਖਜਾਨਚੀ ਦੀ ਰਜਿਸ਼ਟਰੇਸ਼ਨ ਨੂੰ ਖਤਮ ਕਰ ਦਿਤਾ ਹੈ ਅਤੇ ਗੁਰਦੁਆਰਾ ਸਾਹਿਬ ਦਾ ਸਾਰਾ ਕਾਰਜ ਆਪਣੇ ਹੱਥ ਲੈ ਲਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅਦਾਲਤ ਵਲੋਂ ਨਿਯੁਕਤ ਕੀਤੇ ਸਰਕਾਰੀ ਨੁਮਾਇੰਦਾ ਦੀ ਨਿਗਰਾਨੀ ਵਿੱਚ ਕੀਤੀ ਜਾਵੇਗੀ। ਸਿੱਖ ਕੌਮ ਨੂੰ ਹੁਣ ਇਹ ਸੋਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੋ ਪ੍ਰਬੰਧਕਾਂ ਦੀ ਗਲਤੀ ਕਰਕੇ ਜਿਥੇ ਸਿੱਖ ਸੰਸਥਾ ਦੀ ਚੋਣ ਗੁਰਦੁਆਰਾ ਸਾਹਿਬ ਵਿੱਖੇ ਸੀ੍ ਗੁਰੂ ਗੰਰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਗਤਾਂ ਵਲੋਂ ਹੋਣੀ ਸੀ ਉਹ ਚੋਣ ਹੁਣ ਅਦਾਲਤ ਵਲੋਂ ਕੀਤੀ ਜਾ ਰਹੀ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਖਾਲਸਾ ਜੀ ਹੁਣ ਸੰਗਤਾਂ ਨੇ ਸੋਚਣਾਂ ਹੈ ਕਿ ਅਗਲੀ ਆ ਰਹੀ ਗੁਰਦੁਆਰਾ ਚੋਣ ਵਿੱਚ ਫਿਰ ਇਹੋ ਜਿਹੇ ਲੋਕਾਂ ਦਾ ਸਾਥ ਦੇਣਾਂ ਹੈ ਜਾਂ ਸੰਗਤਾਂ ਵਲੋਂ ਚੁਣੇ ਜਾਣੇ ਹਨ ਜਿੰਨਾਂ ਨੇ ਸਿੱਖੀ ਰਹਿਤ ਮਰਿਯਾਦਾ ਨੂੰ ਭਾਰੀ ਸੱਟ ਮਾਰੀ ਹੈ? ਪਾਠਕਾਂ ਦੀ ਜਾਣਕਾਰੀ ਲਈ ਇਹ ਦਸ ਰਹੇ ਹਾਂ ਕਿ ਅਜ ਸਮੁੱਚੀ ਸੰਗਤ ਅਗੇ ਸੱਚ ਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਨੂੰ ਬਦਨਾਮ ਕਰਨ ਵਾਲੇ ਕੌਣ ਹਨ ਜਿੰਨਾਂ ਨੂੰ ਸਰਕਾਰੀ ਤੌਰ ਤੇ ਗੁਰਦੁਆਰੇ ਦੇ ਪ੍ਰਬੰਧ ਤੋਂ ਬਰਖਾਸ਼ਤ ਕਰਨ ਤਕ ਜਾਣ ਦੀ ਨੌਬਤ ਆ ਪਈ ਹੈ। ਅਦਾਰਾ ਪੰਜਾਬੀ ਟਾਈਮਜ਼ ਦੀ ਵਾਹਿਗੁਰੂ ਅਗੇ ਅਰਦਾਸ ਹੈ ਕਿ ਵਾਹਿਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਏਕਤਾ ਅਤੇ ਪ੍ਰੇਮ ਬਖਸ਼ਿਸ਼ ਕਰਨ ਤਾਂ ਜੋ ਗੁਰਦੁਆਰਿਆਂ ਦਾ ਪ੍ਰਬੰਧ ਚੰਗਾ ਹੋ ਸਕੇ ਅਤੇ ਸੰਗਤਾਂ ਨੂੰ ਵੀ ਸਹੀ ਅਤੇ ਚੰਗੇ ਵਿਅਕਤੀਆਂ ਨੂੰ ਪ੍ਰਬੰਧਕ ਕਮੇਟੀਆਂ ਵਿੱਚ ਚੋਣ ਕਰਨ ਦੀ ਸ਼ਕਤੀ ਦੇਵੇ। ਅਰਦਾਸ ਹੈ ਕਿ ਇਸ ਸਰਕਾਰੀ ਕਾਰਵਾਈ ਤੋਂ ਬਾਦ ਜਰਮਨ ਦੇ ਬਾਕੀ ਗੁਰਦੁਆਰਿਆਂ ਤੇ ਕੋਈ ਅਸਰ ਨਾ ਪਏ।

No comments:

Post a Comment