Wednesday, February 19, 2014

ਪੰਜਾਬ ਅੰਦਰ ‘ਝਾੜੂ ਚਲਾਓ ਯਾਤਰਾ’ ਆਰੰਭ

ਪੰਜਾਬ ਅੰਦਰ ‘ਝਾੜੂ ਚਲਾਓ ਯਾਤਰਾ’ ਆਰੰਭ

ਦਿੱਲੀ ਤੋਂ ਬਾਅਦ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ (ਆਪ) ਤੋਂ ਲੋਕ ਖਾਸ ਕਰ ਨੌਜਵਾਨ ਤਬਕਾ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ ਤੇ ਸਿਆਸੀ ਹਲਕਿਆਂ ਵਿਚ ਭਾਰੀ ਹਲਚਲ ਹੈ। ਆਮ ਲੋਕ ਹੀ ਨਹੀਂ, ਸਗੋਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਸਮੇਤ ਕਮਿਊਨਿਸਟ ਪਾਰਟੀਆਂ ਦੇ ਜਿਥੇ ਚਾਰ ਆਗੂ ਮਿਲ ਕੇ ਬੈਠਦੇ ਹਨ, ਉਥੇ ਚਰਚਾ ਦਾ ਕੇਂਦਰ ਬਿੰਦੂ ਮੱਲੋਮੱਲੀ ‘ਆਪ’ ਹੀ ਬਣ ਜਾਂਦਾ ਹੈ। ਇਸ ਸਾਰੇ ਕੁਝ ਨੂੰ ਦੇਖ ਕੇ ਸਿਆਸੀ ਗਲਿਆਰਿਆਂ ’ਚ ਇਹ ਆਮ ਧਾਰਨਾਂ ਹੈ ਕਿ ਪੰਜਾਬ ਅੰਦਰ ‘ਆਪ’ ਦਾ ਵਧ ਰਿਹਾ ਪ੍ਰਭਾਵ ਰਵਾਇਤੀ ਸਿਆਸੀ ਤਵਾਜ਼ਨ ਬਦਲ ਸਕਦਾ ਹੈ। ‘ਆਪ’ ਵੱਲੋਂ ਪੰਜਾਬ ਦੀਆਂ ਕੁਲ 13 ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਵੀ ਕਾਇਮ ਕਰ ਦਿੱਤੀ ਗਈ ਹੈ। ਇਹ ਸਕਰੀਨਿੰਗ ਕਮੇਟੀ ਚੋਣਾਂ ਲੜਨ ਦੇ ਚਾਹਵਾਨਾਂ ਦੀ ਬਕਾਇਦਾ ਪੜਤਾਲ ਤੋਂ ਬਾਅਦ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੂੰ ਆਪਣੀ ਸਿਫ਼ਾਰਸ਼ ਭੇਜੇਗੀ ਤੇ ਉਸ ਤੋਂ ਬਾਅਦ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।
ਪੰਜਾਬ ’ਚ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਐਲਾਨੇ ਗਏ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 30 ਸਾਲ ਤੋਂ ਨਿਸ਼ਕਾਮ ਹੋ ਕੇ ਅਦਾਲਤਾਂ ’ਚ ਕੇਸ ਲੜਦੇ ਆ ਰਹੇ ਉਘੇ ਵਕੀਲ ਸ: ਐਚਐਸ਼ ਫੂਲਕਾ ਨੇ ਦੱ ਸਿਆ ਕਿ ਪੰਜਾਬ ਵਿਚ ਇਸ ਸਮੇਂ ‘ਆਪ’ ਦੀ ਮੈਂਬਰਸ਼ਿਪ 3 ਲੱਖ ਤੋਂ ਵੱਧ ਚੁੱਕੀ ਹੈ। ਪਟਿਆਲਾ, ਲੁਧਿਆਣਾ ਤੇ ਸੰਗਰੂਰ ਤਿੰਨ ਜ਼ਿਲ੍ਹੇ ਅਜਿਹੇ ਹਨ ਜਿਥੇ ‘ਆਪ’ ਦੀ ਮੈਂਬਰਸ਼ਿਪ 50-50 ਹਜ਼ਾਰ ਤੋਂ ਵੱਧ ਹੈ। ਸ: ਫੂਲਕਾ ਨੇ ਦੱ ਸਿਆ ਕਿ ਅੱਜ ਤੋਂ ਸਮੁੱਚੇ ਪੰਜਾਬ ਅੰਦਰ ‘ਝਾੜੂ ਚਲਾਓ ਯਾਤਰਾ’ ਆਰੰਭ ਦਿੱਤੀ ਗਈ ਹੈ ਤੇ ਆਉਂਦੇ ਦਿਨਾਂ ਵਿਚ ਹਰ ਕਸਬੇ, ਸ਼ਹਿਰ ਤੇ ਪਿੰਡ ਵਿਚ ਇਹ ਯਾਤਰਾ ਕੀਤੀ ਜਾਵੇਗੀ। ਯਾਤਰਾ ਦੌਰਾਨ ਮੈਂਬਰਸ਼ਿਪ ਵੀ ਭਰਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਭਰਤੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਕਰੀਬ ਤਿੰਨ ਮਹੀਨੇ ਤੋਂ ‘ਆਪ’ ਨੇ ਪੰਜਾਬ ਵਿਚ ਭਰਤੀ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਤੇ ਪੰਜਾਬ ਦੇ ਇਤਿਹਾਸ ’ਚ ‘ਆਪ’ ਪਹਿਲੀ ਪਾਰਟੀ ਹੈ, ਜਿਸ ਨੇ ਕੁਝ ਮਹੀਨਿਆਂ ਵਿਚ ਵੱਡੇ ਪੱਧਰ ’ਤੇ ਪੈਰ ਪਸਾਰ ਲਏ ਹਨ।
2009 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ਅਕਾਲੀ-ਭਾਜਪਾ ਦਰਮਿਆਨ ਚੋਣ ਯੁੱਧ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪਟਿਆਲਾ ਦੇ ਸ਼ਾਹੀ ਘਰਾਣੇ ਤੱਕ ਹੀ ਸੁੰਗੜ ਕੇ ਰਹਿ ਗਿਆ ਸੀ ਤੇ ਕਾਂਗਰਸ 45ਫ਼ੀਸਦੀ ਵੋਟ ਹਾਸਲ ਕਰਕੇ 8 ਸੀਟਾਂ ਜਿੱਤਣ ’ਚ ਕਾਮਯਾਬ ਰਹੀ ਸੀ। ਅਕਾਲੀ ਦਲ ਨੂੰ ਚਾਰ ਤੇ ਭਾਜਪਾ ਨੂੰ ਸਿਰਫ਼ ਇਕ ਸੀਟ ਹੀ ਮਿਲੀ ਸੀ। ਮਾਲਵਾ ਖੇਤਰ ’ਚ ਅਕਾਲੀ ਦਲ ਨੂੰ ਬਠਿੰਡਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ 3 ਸੀਟਾਂ ਹੀ ਮਿਲੀਆਂ ਸਨ। ਚੋਣ ਨਤੀਜਿਆਂ ਦੇ ਆਧਾਰ ਉ¤ਪਰ ਮਾਲਵਾ ਖੇਤਰ ’ਚ ਕੈਪਟਨ ਦੀ ਪੈਂਠ ਦਾ ਮੁੜ ਸਬੂਤ ਮਿਲਿਆ ਸੀ। ਆ ਰਹੀਆਂ ਲੋਕ ਸਭਾ ਚੋਣਾਂ ਲਈ ਪੰਜਾਬ ’ਚ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਉ¤ਪਰ ਹਮਲੇ ਤੇ ’84 ਦੇ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਦਿੱਲੀ ’ਚ ਕੇਜਰੀਵਾਲ ਸਰਕਾਰ ਨੇ ਨਵੰਬਰ ’84 ਦੇ ਦੰਗਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਨ ਦੇ ਕੀਤੇ ਫ਼ੈਸਲੇ ਨੇ ਸਿੱਖਾਂ ਲਈ ਇਨ੍ਹਾਂ ਭਾਵੁਕ ਮਸਲਿਆਂ ’ਚ ਵੀ ਆਪਣੀ ਹਾਜ਼ਰੀ ਲਗਵਾਈ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਤਾਂ ‘ਆਪ’ ਦੇ ਪਹਿਲਾਂ ਤੋਂ ਹੀ ਵੱਡੇ ਮੁੱਦੇ ਹਨ ਤੇ ਰਾਜਨੀਤਕ ਸਵੱਛਤਾ ਉਨ੍ਹਾਂ ਦਾ ਪਹਿਲਾ ਏਜੰਡਾ ਹੈ।
ਦੋਵੇਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਆਗੂ ‘ਆਪ’ ਦੇ ਪ੍ਰਭਾਵ ਨੂੰ ਕਬੂਲਣ ਲੱਗੇ ਹਨ ਤੇ ਉਮੀਦਵਾਰਾਂ ਦੀ ਚੋਣ ਕਰਨ ਤੇ ਰਾਜਸੀ ਮੁੱਦੇ ਉਠਾਉਣ ਸਮੇਂ ਉਨ੍ਹਾਂ ਦਾ ਕੇਂਦਰ ਬਿੰਦੂ ‘ਆਪ’ ਬਣਨ ਲੱਗੀ ਹੈ। ‘ਆਪ’ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਘੱਟੋ-ਘੱਟ ਪੰਜ ਲੋਕ ਸਭਾ ਹਲਕਿਆਂ ਵਿਚ ਉਨ੍ਹਾਂ ਦੇ ਉਮੀਦਵਾਰਾਂ ਕਾਰਨ ਤਿਕੋਣੀ ਟੱਕਰ ਹੋਵੇਗੀ ਤੇ ਜਿੱਤ-ਹਾਰ ਦਾ ਫਰਕ ਬਹੁਤਾ ਨਹੀਂ ਹੋਵੇਗਾ। ਉ¤ਘੇ ਵਕੀਲ ਸ: ਐਚਐਸ਼ ਫੂਲਕਾ, ਸਾਬਕਾ ਆਈਏਐਸ਼ ਅਧਿਕਾਰੀ ਹਰਕੇਸ਼ ਸਿੰਘ ਸਿੱਧੂ, ਡਾ: ਧਰਮਵੀਰ ਗਾਂਧੀ ਸਮੇਤ 2 ਦਰਜਨ ਨਾਮੀ ਸ਼ਖ਼ਸੀਅਤਾਂ ਦੇ ‘ਆਪ’ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਨਵੀਂ ਸ਼ਕਤੀ ਮਿਲੀ ਹੈ। ‘ਆਪ’ ਦੀ ਲੀਡਰਸ਼ਿਪ ਦੂਸਰੀਆਂ ਪਾਰਟੀਆਂ ਦੇ ਨਕਾਰੇ ਆਗੂਆਂ ਨੂੰ ਪਾਰਟੀ ’ਚ ਸ਼ਾਮਿਲ ਕਰਨ ਤੋਂ ਕਾਫ਼ੀ ਗੁਰੇਜ਼ ਕਰ ਰਹੀ ਹੈ। ‘ਆਪ’ ਦੀ ਮੁੱਖ ਟੇਕ ਹੀ ਨਵੀਂ ਸ਼ਕਤੀ ਤੇ ਨਵੀਂ ਲੀਡਰਸ਼ਿਪ ਪੈਦਾ ਕਰਨ ਉ¤ਪਰ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਭਾਰ ਸਮੇਂ ਕਾਂਗਰਸ ਤੇ ਅਕਾਲੀਆਂ ’ਚੋਂ ਨਕਾਰੇ ਆਗੂ ਧੜਾ-ਧੜ ਉਸ ਵਿਚ ਸ਼ਾਮਿਲ ਹੋ ਗਏ। ਪਰ ਡੱਡੂਆਂ ਦੀ ਪੰਸੇਰੀ ਵਾਂਗ ਟਪੂਸੀ ਮਾਰਨ ਲੱ ਗਿਆਂ ਵੀ ਮਿੰਟ ਨਹੀਂ ਲਗਾਇਆ। ‘ਆਪ’ ਦੀ ਨੀਤੀ ਇਸ ਪੱਖੋਂ ਕਾਫ਼ੀ ਉਸਾਰੂ ਨਜ਼ਰ ਆ ਰਹੀ ਹੈ।
‘ਆਪ’ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪਾਰਟੀ ਨੇ ਅਜੇ ਤੱਕ ਮਾਲਵਾ ਖੇਤਰ ਵਿਚ ਬਹੁਤੇ ਪੈਰ ਜਮਾਏ ਹਨ। ਸਭ ਤੋਂ ਵਧੇਰੇ ਮੈਂਬਰਸ਼ਿਪ ਵਾਲੇ ਪਟਿਆਲਾ, ਲੁਧਿਆਣਾ ਤੇ ਸੰਗਰੂਰ ਮਾਲਵਾ ਖੇਤਰ ਵਿਚ ਹੀ ਪੈਂਦੇ ਹਨ। ਇਸ ਤੋਂ ਅੱਗੇ ਬਠਿੰਡਾ ਤੇ ਫ਼ਰੀਦਕੋਟ ‘ਆਪ’ ਨੂੰ ਹੁੰਗਾਰੇ ਵਾਲੇ ਜ਼ਿਲ੍ਹੇ ਹਨ, ਜਦ ਕਿ ਦੋਆਬਾ ਖੇਤਰ ਵਿਚ ਜਲੰਧਰ ਜ਼ਿਲ੍ਹੇ ’ਚ ਆਪ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਇਥੇ ਮੈਂਬਰਸ਼ਿਪ 30 ਹਜ਼ਾਰ ਦੇ ਨੇੜੇ ਦੱਸੀ ਜਾਂਦੀ ਹੈ।
ਸਿਆਸੀ ਹਲਕਿਆਂ ’ਚ ਆਮ ਰਾਇ ਹੈ ਕਿ 80 ਹਜ਼ਾਰ ਵੋਟ ਲਿਜਾਣ ਨਾਲ ਹਲਕੇ ’ਚ ਵੋਟ ਤਵਾਜ਼ਨ ਬਦਲ ਜਾਂਦੇ ਹਨ। ਪਰ ‘ਆਪ’ ਨੂੰ ਮੈਂਬਰਸ਼ਿਪ ’ਚ ਮਿਲ ਰਿਹਾ ਹੁੰਗਾਰਾ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਹਰ ਹਲਕੇ ’ਚ ਉਹ ਘੱਟੋ-ਘੱਟ ਇਕ ਲੱਖ ਤੱਕ ਵੋਟ ਲੈਣ ਦੇ ਸਮਰੱਥ ਹੋ ਸਕਦੇ ਹਨ। ਇਹੀ ਗਿਣਤੀ-ਮਿਣਤੀ ਰਵਾਇਤੀ ਪਾਰਟੀਆਂ ਨੂੰ ਵਖਤ ਪਾ ਰਹੀ ਹੈ, ਕਿਉਂਕਿ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ‘ਆਪ’ ਦੇ ਮੈਦਾਨ ਵਿਚ ਆਉਣ ਨਾਲ ਜ਼ਿਆਦਾ ਨੁਕਸਾਨ ਕਿਸ ਨੂੰ ਹੋਵੇਗਾ।
ਮੇਜਰ ਸਿੰਘ

No comments:

Post a Comment