Friday, April 10, 2015

ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ ।

ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ । 
ਕੌਮ ਨੂੰ ਹਰਾਉਣ ਲਈ: ਸੜਕਾਂ ਤੇ ਰੌਲਾ ਪਾਊ ਸਿੱਖ ਰਾਜਨੀਤੀ ਚਲਾਉਣ ਵਾਲੇ 
ਲੀਡਰਾਂ ਦਾ ਤੋਰੀ ਫੁਲਕਾ ਵਧੀਆਂ ਬਣਾਉਣ ਦਾ ਮੌਕਾ

ਮੋਦੀ ਦੀ ਫਰਾਂਸ, ਜਰਮਨੀ ਅਤੇ ਕਨੇਡਾ ਦੀ ਫੇਰੀ । 
ਕੌਮ ਨੂੰ ਹਰਾਉਣ ਲਈ: ਸੜਕਾਂ ਤੇ ਰੌਲਾ ਪਾਊ ਸਿੱਖ ਰਾਜਨੀਤੀ ਚਲਾਉਣ ਵਾਲੇ 
ਲੀਡਰਾਂ ਦਾ ਤੋਰੀ ਫੁਲਕਾ ਵਧੀਆਂ ਬਣਾਉਣ ਦਾ ਮੌਕਾ

     ਲਗਭਗ 45 ਸਾਲਾਂ ਬਾਅਦ ਭਾਰਤ ਦਾ ਪ੍ਰਧਾਨ ਮੰਤ੍ਰੀ ਕਨੇਡਾ ਦੀ ਧਰਤੀ ਤੇ ਜਾ ਰਿਹਾ ਹੈ। 45 ਸਾਲ ਇਹ ਕੂਟਨੀਤਗ ਰਿਸ਼ਤੇ ਬਰਫ ਵਿੱਚ ਲੱਗੇ ਰਹੇ ਹਨ। ਇਸ ਦੇ ਕਾਰਨਾ ਵੱਲ ਜਾਣਾ ਮੇਰਾ ਉਦੇਸ਼ ਵੀ ਨਹੀਂ ਹੈ ਅਤੇ ਇਹ ਸਿੱਖ ਕੌਮ ਲਈ ਮੌਕੇ ਦੀ ਲੋੜ ਵੀ ਨਹੀਂ ਹੈ। ਮੈਂ ਇਨ੍ਹਾਂ ਸਰਕਾਰਾਂ ਦੀਆਂ ਰਾਜਨੀਤਕ ਕੂਟਨੀਤੀ ਦੀਆਂ ‘ਰਾਜ’ ਦੀਆਂ ਗੱਲਾਂ ਵੱਲ ਸਿੱਖ ਕੌਮ ਦਾ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ ਕਿਉਂਕਿ ਅਸਲ ਮੁੱਦਿਆਂ ਤੋਂ ਮੇਰੀ ਕੌਮ ਹਮੇਸ਼ਾਂ ਹੀ ਅਣਜਾਣ ਰੱਖੀ ਜਾਂਦੀ ਹੈ। ਸਰਕਾਰਾਂ ਦੇ ਆਪਸੀ ਰਿਸ਼ਤਿਆਂ ਵਿੱਚ ਰਾਜ ਦੇ ਹਿਤਾਂ ਲਈ ਕਾਰਜਪ੍ਰਣਾਲੀ ਅਤੇ ਵਿਵਸਥਾਪਿਕਾ ਕਿਵੇਂ ਕੰਮ ਕਰਦੀਆਂ ਰਹਿੰਦੀਆਂ ਹਨ, ਇਸ ਦਾ ਅਹਿਸਾਸ ਹੀ ਸਿੱਖਾਂ ਨੇ ਕਦੇ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਬਦਕਿਸਮਤੀ ਹੀ ਕਹੀ ਜਾਏਗੀ ਕਿ ਜੋ ਅਜਿਹਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਸਿੱਖ ਉਨ੍ਹਾਂ ਨੂੰ ਭੰਡਣ ਦੀ ਬੇਹਾਈ ਤੋਨ ਵੀ ਨੀਚਤਾ ਤਕ ਦੀ ਸ਼ਬਦਾਵਲੀ ਨਾਲ ਸਿਰਫ਼ ਨਿਰਉਤਸ਼ਾਹਿਤ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਨਾਲ ਅਜਿਹਾ ਭੱਦਾ ਅਤੇ ਅਭੱਦਰ ਵਿਵਹਾਰ ਕਰਦੇ ਹਨ ਜਿਸ ਨੂੰ ਵੇਖ ਕੇ ਕੋਈ ਵੀ ਸਿੱਖਾਂ ਨੂੰ "ਆਈਨਾ” ਦਿਖਾਉਣ ਦੀ ਫਿਰ ਕੋਸ਼ਿਸ਼ ਹੀ ਨਹੀਂ ਕਰਦਾ । ਅਤਿੰਦਰਪਾਲ ਸਿੰਘ
     ਫਰਾਂਸ ਅਤੇ ਜਰਮਨੀ ਵਾਂਗ ਹੀ ਕਨੇਡੀਆਈ ਸਿੱਖ ਮੋਦੀ ਦਾ ਵਿਰੋਧ ਕਰਨ ਲਈ ਪੱਬਾਂ ਭਾਰ ਹਨ। ਬੜੀ ਅਫਸੋਸ ਦੀ ਗੱਲ ਹੈ ਕਿ ਸਿੱਖ ਇਹ ਨਹੀਂ ਸਮਝਦੇ ਕਿ ਦੇਸ਼ਾਂ ਵਿਚਕਾਰਲੇ ਕੂਟਨੀਤਗ ਰਿਸ਼ਤਿਆਂ ਦਰਮਿਆਨ ਜਿਹੜੀਆਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਗੱਲਾਂ ਹੋਣੀਆਂ ਹੁੰਦੀਆਂ ਹਨ, ਜਿਹੜੀਆਂ ਸੰਧੀਆਂ ਜਾਂ ਸਮਝੌਤੇ ਹੁੰਦੇ ਹਨ ਉਹ ਮਿਲਣੀ ਦੀਆਂ ਤਰੀਕਾਂ ਅਨਾਉਂਸ ਕਰਨ ਤੋਂ ਪਹਿਲਾਂ ਤੈਅ ਕਰ ਲਈਆਂ ਜਾਂਦੀਆਂ ਹਨ। ਮਿਲਣੀ ਦੌਰਾਨ ਸਿਰਫ਼ ਸਹੀ ਪਾਈ ਜਾਂਦੀ ਹੈ ਅਤੇ ਰਾਜਨੀਤਕ ਬਿਆਨ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਤਕ ਜਾਣਕਾਰੀ ਪਹੁੰਚਾਈ ਜਾ ਸਕੇ ਕਿ ਉਨ੍ਹਾਂ ਦੀ ਚੁਣੀ ਹੋਈ ਲੋਕਤੰਤਰੀ ਸਰਕਾਰ ਨੇ ਉਨ੍ਹਾਂ ਦੇ ਹਿਤ ਕਿਵੇਂ ਸੁਰੱਖਿਅਤ ਰੱਖੇ ਹਨ। ਅਜਿਹੀਆਂ ਮਿਲਣੀਆਂ ਵੇਲੇ ਅਸੰਤੁਸ਼ਟਾਂ ਵੱਲੋਂ ਜਿਹੜੇ ਮਰਜ਼ੀ ਮੁਜ਼ਾਹਰੇ ਕਰ ਲਏ ਜਾਣ ਉਨ੍ਹਾਂ ਦੀ ਕੋਈ ਬੁੱਕਤ ਨਹੀਂ ਹੁੰਦੀ। ਉਹ ਅਸਰ ਦਾਇਕ ਤਾਂ ਹੁੰਦੇ ਹਨ ਜੇ ਅਸੰਤੁਸ਼ਟ ਜਨ ਮਿਲਣੀ ਤੋਂ ਪਹਿਲਾਂ ਤੈਅ ਕੀਤੇ ਗਏ ਮਸੌਦੇ ਦੀ ਸੂਹ ਸੁੰਘ ਲੈ ਕੇ ਉਸ ਵਿਚਲੀਆਂ ਮਦਾਂ ਲਈ ਰਾਜਨੀਤਕ ਪਹੁੰਚ ਕੂਟਨੀਤਗ ਅਧਾਰ ਤੇ ਖੜੀ ਕੀਤੀ ਜਾਵੇ । ਭਾਰਤ ਸਮੇਤ ਅਜਿਹੀ ਸੂਝ ਸਿੱਖ ਕੌਮ ਦੇ ਆਗੂ ਬਣਾਏ ਗਏ ਲੋਕਾਂ ਵੱਲੋਂ ਜਾਂ ਮੁਜ਼ਾਹਰਿਆਂ ਦੇ ਪ੍ਰਬੰਧਕਾਂ ਜਾਂ ਉਨ੍ਹਾਂ ਦੇ ਦਲਾਂ ਵੱਲੋਂ ਸੰਸਾਰ ਪੱਧਰੀ ਕਿਸੇ ਵੀ ਲੀਡਰਸ਼ਿਪ ਨੇ ਅੱਜ ਤਕ ਸਾਹਮਣੇ ਨਹੀਂ ਲਿਆਂਦੀ ਹੈ।
     ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ 1973 ਤੋਂ ਉਸ ਨੂੰ ਮੂਰਖ ਬਣਾਉਣ ਦਾ ਇਹ ਕਾਰਜ ਸਿਖਰਾਂ ਤੇ ਜੂਨ 84 ਅਤੇ ਉਸ ਤੋਂ ਬਾਅਦ "ਪੈਦਾ” ਕੀਤੀ ਗਈ ਤੇ ਧੱਕੇ ਨਾਲ ਬਣਾਈ ਗਈ "ਪੰਥਕ” ਲੀਡਰਸ਼ਿਪ ਨੇ ਰੱਜ ਕੇ ਕੀਤਾ ਹੈ। ਇਹ ਮੁਜ਼ਾਹਰੇ ਵੀ ਉਸੇ ਹੀ ਕੜੀ ਦੀ ਅਗਲੀ ਸਿਖਰ ਸਾਬਤ ਹੋਣਗੇ, ਕਿਉਂ ?
     ਭਾਰਤ ਅਤੇ ਫਰਾਂਸ, ਜਰਮਨੀ, ਕਨੇਡਾ ਸਰਕਾਰਾਂ ਵਿਚਕਾਰ ਸਿੱਖ ਕੌਮ ਪ੍ਰਤੀ ਤਿੰਨ ਗੱਲਾਂ ਤੈਅ ਪਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦਾ ਮਸੋਦਾ ਅੰਤਮ ਤੌਰ ਤੇ ਤਿਆਰ ਹੈ-
     1. "ਸਿੱਖ ਖ਼ਾਲਸਤਾਨੀ ਅਤਿਵਾਦੀਆਂ” ਸਬੰਧੀ ਕਨੇਡਾ ਆਪਣੀ ਨੀਤੀ ਬਦਲੇ ਕਿਉਂਕਿ ਪੰਜਾਬ ਵਿੱਚ ਹੁਣ ਕੋਈ ਖ਼ਾਲਸਤਾਨ ਦਾ ਮੁੱਦਾ ਨਹੀਂ ਹੈ। ਇਸ ਸਬੰਧੀ ਸ. ਸਿਮਰਨ ਜੀਤ ਸਿੰਘ ਮਾਨ ਦੀਆਂ ਚਿੱਠੀਆਂ ਅਤੇ ਦਰਜਨਾਂ ਵਾਰ ਲੜੀਆਂ ਚੋਣਾਂ ਦੇ ਮੈਨੀਫੈਸਟੋ ਦੇ ਨਾਲ ਚੋਣ ਕਮੀਸ਼ਨ ਨੂੰ ਸੌਂਪੇ ਗਏ ਇਸ ਦੇ ਸੰਵਿਧਾਨ ਤੇ ਲਿਟਰੇਚਰ, ਦਮਦਮੀ ਟਕਸਾਲ, ਸ. ਜਸਬੀਰ ਸਿੰਘ ਰੋਡੇ ਅਤੇ ਉਸ ਦੇ ਪੰਜ ਜੱਥੇਦਾਰਾਂ, ਸ. ਸਵਰਗੀ ਜਗਜੀਤ ਸਿੰਘ ਚੌਹਾਨ ਦੀਆਂ ਚਿੱਠੀਆਂ, ਲੜੀਆਂ ਚੋਣਾਂ ਦੇ ਮੈਨੀਫੈਸਟੋ ਦੇ ਨਾਲ ਚੋਣ ਕਮੀਸ਼ਨ ਨੂੰ ਸੌਂਪੇ ਗਏ ਇਸ ਦੇ ਸੰਵਿਧਾਨ ਤੇ ਲਿਟਰੇਚਰ, ਭਾਰਤ ਦੇ ਦਲ ਖ਼ਾਲਸਾ ਵਲੋਂ ਲੜੀਆਂ ਚੋਣਾਂ ਦੇ ਮੈਨੀਫੈਸਟੋ ਦੇ ਨਾਲ ਚੋਣ ਕਮੀਸ਼ਨ ਨੂੰ ਸੌਂਪੇ ਗਏ ਇਸ ਦੇ ਸੰਵਿਧਾਨ ਤੇ ਲਿਟਰੇਚਰ ਅਤੇ ਪੰਥਕ ਕਮੇਟੀ ਦੇ ਸੁਪਰੀਮੋ ਸ. ਸੋਹਣ ਸਿੰਘ, ਸ. ਵੱਸਣ ਸਿੰਘ ਦੇ ਭਾਰਤ ਸਰਕਾਰ ਨੂੰ ਪਾਏ ਅਤੇ ਦਿੱਤੇ ਗਏ ਬਿਆਨ; ਜਿਨ੍ਹਾਂ ਵਿੱਚ ਉਨ੍ਹਾਂ ਸਾਰੀਆਂ ਜਥੇਬੰਦੀਆਂ ਦੇ ਹਲਫ਼ ਮੁਹੱਈਆ ਕਰਵਾਏ ਜਾ ਚੁਕੇ ਹਨ ਜਿਹੜੇ ਭਾਰਤ ਦੇ ਪ੍ਰਧਾਨ ਮੰਤ੍ਰੀ ਸ੍ਰੀ ਚੰਦਰ ਸ਼ੇਖਰ ਨੂੰ ਸਾਰੇ ਹੀ ਧੜਿਆਂ ਨੇ ਦਿੱਤੇ ਸਨ।ਇਹ ਸਭ ਖ਼ਾਲਸਤਾਨ ਦੇ ਵਿਰੁਧ ਭੁਗਤਨ ਵਾਲੇ ਠੋਸ ਸਬੂਤ ਹਨ ਜਿਨ੍ਹਾਂ ਨੂੰ ਹੁਣ ਇਹ ਸਬੰਧਤ ਦਲ ਜਾਂ ਵਿਅਕਤੀ ਵੀ ਬਦਲ ਨਹੀਂ ਸਕਦੇ ਹਨ। ਹਾਂ, ਸਿੱਖ ਕੌਮ ਨੂੰ ਮੂਰਖ ਬਣਾਈ ਰੱਖਣ ਲਈ ਇਹ ਲੋਕ ਮੁਕਰ ਕੇ ਅਖ਼ਬਾਰਾਂ ਵਿੱਚ ‘ਖ਼ਾਲਿਸਤਾਨ’ ਦਾ ਚੀਖ ਚਿਹਾੜਾ ਪਾ ਸਕਦੇ ਹਨ । ਅਜਿਹਾ ਕਰਨ ਨਾਲ ਇਹ ਕੂਟਨਿਤਗ, ਵਿਧਾਨਿਕ ਅਤੇ ਰਾਜ ਦੀ ਸੰਵਿਧਾਨਿਕ, ਵਿਧਾਨਿਕ ਅਮਲ ਦੀ ਪ੍ਰਕਿਰਿਆ ਵਿੱਚ ਅਤੇ ਲੋਕਤੰਤਰੀ ਪ੍ਰਣਾਲੀ ਵਿੱਚ ਸਿਫ਼ਰ ਤੋਂ ਵੀ ਘਟ ਅਰਥਾਤ "ਮਨਫ਼ੀ” ਬੁੱਕਤ ਬਣਾ ਕੇ ਨਾ ਪੱਖੀ ਅਮਲ ਦੇ ਪਾਂਧੀ ਹੀ ਬਣੀ ਜਾਂਦੇ ਹਨ । ਇਨ੍ਹਾਂ ਸਾਰਿਆਂ ਵਿੱਚੋਂ ਸਿਰਫ਼ ਦਾਸ ਦੇ ਹੀ ਡਾਕੁਮੈਂਟਰੀ ਵਿਧਾਨਿਕ ਸਬੂਤ ਹਨ ਜੋ ਖ਼ਾਲਸਤਾਨ ਦੇ ਹੱਕ ਵਿੱਚ ਭੁਗਤਦੇ ਹਨ। ਇਹ ਭਾਰਤ ਸਰਕਾਰ ਲਈ ਲਾਹੇ ਵਾਲਾ ਸੌਦਾ ਰਹਿੰਦਾ ਹੈ ਕਿ ਸਿੱਖ ਕੌਮ ਦੇ ਲੀਡਰ ਦਾਸ ਦੇ ਇਨ੍ਹਾਂ ਡਾਕੁਮੈਂਟਸ ਦੇ ਕਦੇ ਸਬੂਤ ਆਪੋ ਆਪਣੀਆਂ ਸਰਕਾਰਾਂ ਅੱਗੇ ਪੇਸ਼ ਹੀ ਨਹੀਂ ਕਰਦੀ ਹੈ। ਉਹ ਉਹ ਗੱਲਾਂ ਕਰਦੇ ਹਨ ਜਿਹੜੀਆਂ ਉਨ੍ਹਾਂ ਦੇ ਧੜੇ ਦੇ ਲੀਡਰ ਝੂਠ ਬਿਆਨੀ ਕਰਕੇ ਕੌਮ ਨੂੰ ਮੂਰਖ ਬਣਾਉਂਦੇ ਹੋਏ ਅਖ਼ਬਾਰੀ ਬਿਆਨ ਕੁਝ ਹੋ ਦਿੰਦੇ ਹਨ ਤੇ ਸਰਕਾਰੀ ਪੱਧਰ ਤੇ ਮੰਗ ਪੱਤਰ ਅਤੇ ਸਬੂਤ ਕੁਝ ਹੋਰ ਹੀ ਹੁੰਦੇ ਹਨ।
     2. "ਪੰਜਾਬ”, "ਪੰਜਾਬੀ ਹੈ” ਅਤੇ ਉੱਥੇ ਰਹਿਣ ਵਾਲੇ ਵੀ "ਪੰਜਾਬੀ” ਹਨ; ਇਹ ਗੱਲ ਸਿੱਖ ਵੀ ਮੰਨ ਚੁਕੇ ਹਨ । ਇਸ ਲਈ ਸਿੱਖ ਮੁੱਦਿਆਂ ਦੀ ਗੱਲ ਮੁੱਕ ਚੁਕੀ ਹੈ । ਹੁਣ ਸਿਰਫ਼ "ਪੰਜਾਬੀ ਮੁੱਦਿਆਂ” ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਧਰਮ ਅਤੇ ਧਾਰਮਿਕ ਕੱਟੜਵਾਦੀ ਵਿਚਾਰਧਾਰਾਵਾਂ ਅਤੇ ਪੰਜਾਬ ਦੀ ਮੁੱਖ ਧਾਰਾ "ਪੰਜਾਬੀ” ਤੇ "ਪੰਜਾਬੀਅਤ” ਦੇ ਭਰਾਤਰੀ ਭਾਓ ਨੂੰ ਤੋੜਨ ਵਾਲੀਆਂ "ਫਿਰਕੂ ਅਤੇ ਕੱਟੜ ਵਾਦੀਆਂ ਅਲਹਿਦਗੀ ਪਸੰਦ” ਲੋਕਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਜਿਸ ਲਈ ਹੁਣ ਅਜਿਹੇ ਅਨਸਰਾਂ ਦੀ ਗੱਲ ਨਹੀਂ ਸੁਣੀ ਜਾਣੀ ਚਾਹੀਦੀ।
ਇਸ ਇੱਕੋ ਝਟਕੇ ਨਾਲ ਭਾਰਤ ਦੀ ਮੋਦੀ ਸਰਕਾਰ ਨੇ ਕਈ ਨਿਸ਼ਾਨੇ ਫੁੰਡ ਲਏ ਹਨ । ਭਾਰਤ ਸਰਕਾਰ ਖੁਦ ਸਿੱਖਾਂ ਤੋਂ ਹੀ "ਸਿੱਖ ਪਹਿਚਾਣ” ਮੁਕਾ ਕੇ ਉਸ ਨੂੰ "ਪੰਜਾਬੀ” ਬਣਾ ਚੁਕੀ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਦੇ ਮੇਲੇ ਲਾਉਣ ਵਾਲੀ ਸਿੱਖ ਕੌਮ ਹੁਣ ਇਸ ਤੋਂ ਕਿਵੇਂ ਮੁਕਰ ਸਕਦੀ ਹੈ ? ਖੁਦ ਸਿੱਖਾਂ ਨੇ ਸਿੱਖ ਸਭਿਅਤਾ, ਸਭਿਆਚਾਰ ਅਤੇ ਭਾਸ਼ਾ ਲਈ ਕੀਤਾ ਹੀ ਕੀ ਹੈ ? ਜਰਾ ਆਪਣੇ ਪੀੜ੍ਹੇ ਹੇਠਾਂ ਸਿੱਖ ਕੌਮ ਨੂੰ ਖੁਦ ਸੋਟਾ ਫੇਰ ਕੇ ਆਪਣੀ ਪੜਚੋਲ ਨਹੀਂ ਕਰ ਲੈਣੀ ਚਾਹੀਦੀ ? ਇਹੋ ਅਸਲ ਵਜ੍ਹਾ ਹੈ ਕਿ ਅਮਰੀਕਾ ਵਿੱਚ ਵੀ ਭਾਰਤ ਦੀ ਮੋਦੀ ਸਰਕਾਰ ਨੂੰ ਸਫਲਤਾ ਮਿਲੀ ਹੈ ਤੇ ਹੁਣ ਕਨੇਡਾ ਵਿੱਚ ਇਸ ਦੀ ਸਫਲਤਾ ਦਾ ਮਸੋਦਾ ਤਿਆਰ ਹੈ।
     3. ਇਹ ਉਪਰੋਕਤ ਤੱਥਾਂ ਅਨੁਸਾਰ ਸ੍ਰੀ ਮੋਦੀ ਨੇ ਸਿੱਖਾਂ ਖ਼ਿਲਾਫ਼ ਆਪਣੇ ਨਿਸ਼ਾਨੇ ਉਵੇਂ ਹੀ ਫੁੰਡ ਲਏ ਹਨ ਜਿਵੇਂ ਗੁਜਰਾਤ ਤੋਂ ਸਿੱਖਾਂ ਨੂੰ ਕੱਢਣ ਅਤੇ ਉਜਾੜਨ ਦਾ ਪ੍ਰਬੰਧ ਪੱਕਾ ਬਣਾਇਆ ਹੈ ਤੇ ਸਿੱਖ ਲੀਡਰਾਂ ਨੂੰ ਨਾਲ ਰਲ਼ਾ ਕੇ ਬਿਆਨ ਬਾਜ਼ੀਆਂ ਕੁਝ ਹੋਰ ਕੀਤੀਆਂ ਜਾਂਦੀਆਂ ਹਨ। ਫਰਾਂਸ ਅਤੇ ਜਰਮਨੀ ਵਾਂਗ ਹੀ ਕਨੇਡਾ ਵਿੱਚ ਵੀ ਇਹੋ ਹੋਣ ਜਾ ਰਿਹਾ ਹੈ। ਸ੍ਰੀ ਮੋਦੀ ਇਨ੍ਹਾਂ ਅਸਲ ਨਿਸ਼ਾਨਿਆਂ ਨੂੰ ਫੁੰਡਣ ਤੋਂ ਬਾਅਦ ਸਿੱਖਾਂ ਨੂੰ ਮੂਰਖ ਬਣਾਉਣ ਲਈ "ਬਲੈਕ ਲਿਸਟਾਂ” ਖ਼ਤਮ ਕਰਨ ਤੇ ਸਭ "ਸਿੱਖਾਂ” (ਇੱਥੇ ਭਾਰਤ ਸਰਕਾਰ ਵੱਲੋਂ ਪੰਜਾਬੀ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ) ਨੂੰ ਆਮ ਵਾਂਗ ਭਾਰਤ ਆਉਣ ਦੀ ਖੁੱਲੀ ਛੂਟ ਦੇਣ ਦਾ ਐਲਾਨ ਕਰੇਗਾ। ਇਸ ਲਈ ਆਪਣੀ ਲੱਛੇਦਾਰ ਭਾਸ਼ਾ ਦੇ ਰਸਗੁੱਲਿਆਂ ਨਾਲ ਅਜਿਹੀ ਗੁਲਾਬੀ ਇਤਰ ਫੁਲੇਲ ਦੀ ਬਹਾਰ ਬਿਖੇਰਨਗੇ ਕਿ ਸਭ ਚਿਤ…… । ਕੁਝ ਸੌ ਕਾਲੀ ਲਿਸਟਾਂ ਵਾਲੇ ਸਿੱਖ ਇਹ ਸਭ ਕੁਝ ਹੋ ਜਾਣ ਤੋਂ ਬਾਅਦ ਜੇ ਹੁਣ ਪੰਜਾਬ ਆਉਣ ਵੀ ਲੱਗ ਜਾਣਗੇ ਤਾਂ ਭਾਰਤ ਵਰਗੇ ਦੇਸ਼ ਨੂੰ ਕੀ ਫਰਕ ਪੈ ਚਲਿਆ ਹੈ ਕਿਉਂਕਿ ਉਹ ਇੰਝ "ਸਿੱਖ ਕੌਮ ਦੀ ਖ਼ਾਲਸਤਾਨ ਦੀ ਜੜ੍ਹ” ਨੂੰ ਤਾਂ ਸੁਕਾ ਕੇ ਆਏਗਾ । ਇਹ ਤੈਅ ਹੋ ਚੁਕਾ ਹੈ।
     ਸਿੱਖ ਤੋਂ ਪੰਜਾਬੀ ਜਮਾਤ ਬਣ ਚੁਕੇ ਅਕਾਲੀ ਦਲ ਅਤੇ ਇਸੇ ਦੀ ਸਤਾ ਵਿਚਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ "ਸਿੱਖ ਕਕਾਰਾਂ ਸਬੰਧੀ” ਅਤੇ "ਸਿੱਖ ਪਹਿਚਾਣ ਸਬੰਧੀ” ਚੁਕੇ ਗਏ ਮੁੱਦੇ ਵੀ ਇਹ ਦਲ ਭਾਰਤ ਸਰਕਾਰ ਦੀ ਕੈਬਿਨਿਟ ਵਿੱਚ ਭਾਈਵਾਲੀ ਹੋਣ ਦੇ ਬਾਵਜੂਦ ਇਨ੍ਹਾਂ ਮੁਲਕਾਂ ਦੇ ਪ੍ਰਧਾਨ ਮੰਤ੍ਰੀ ਦੇ ਦੌਰੇ ਲਈ ਤਿਆਰ ਕੀਤੀਆਂ ਗਈਆਂ ਅਤੇ ਤੈਅ ਕੀਤੇ ਗਏ ਮਸੌਦੇ ਦੀ ਲਿਸਟ ਵਿੱਚ ਇਹ ਮਦਾਂ ਨਹੀਂ ਪਾਈਆਂ ਗਈਆਂ ਹਨ। ਇਹ ਸਿੱਖ ਰਾਜਨੀਤੀ ਦੀ ਸਪਸ਼ਟ ਤੌਰ ਤੇ "ਪੰਥਕ ਹਾਰ” ਹੈ। ਇੰਝ ਇਹ ਹਰਾਇਆ ਜਾ ਚੁਕਾ ਖ਼ਾਲਸਾ ਪੰਥ ਹੁਣ ਫਰਾਂਸ, ਜਰਮਨੀ ਅਤੇ ਕਨੇਡਾ ਵਿੱਚ ਸੜਕਾਂ ਤੇ ਨਿੱਤਰ ਕੇ ਆਪੋ ਆਪਣੇ ਧੜਿਆਂ ਦੀ ਸਰਵਾਈਵਲ ਲਈ ਖੁਦ ਆਪਣੇ ਪੰਥ ਨੂੰ ਮੁਜ਼ਾਹਰਿਆਂ ਰਾਹੀਂ ਫੇਰ ਧੋਖੇ ਦੇਣ ਲਈ ਉਤਾਵਲਾਂ ਹੈ ਤੇ ਧੌਖੇ ਦੇਣ ਜਾ ਰਿਹਾ ਹੈ।ਮੈਂ ਇਨ੍ਹਾਂ ਸਾਰਿਆਂ ਨੂੰ ਇੱਕੋ ਨਿਰਸਵਾਰਥ ਪੰਥਕ ਹੱਕ ਦੀ ਬੇਨਤੀ ਕਰਨਾ ਚਾਹੁੰਦਾ ਹਾਂ। ਬੇਨਤੀ ਇਹ ਹੈ ਕਿ ਅਗਰ ਇਨ੍ਹਾਂ ਵਿੱਚ ਮਾੜਾ ਜਿਹਾ ਵੀ ਪੰਥਕ ਸੰਵੇਦਨਸ਼ੀਲਤਾ ਦਾ ਅੰਸ ਹੈ ਤਾਂ ਫਿਰ ਚਾਹੇ ਇਹ ਸਾਬਤ ਸੂਰਤ ਹਨ, ਅੰਮ੍ਰਿਤਧਾਰੀ ਹਨ ਜਾਂ ਕਲੀਨ ਸ਼ੈਵ ਜੋ ਵੀ ਆਪਣੇ ਆਪ ਨੂੰ "ਸਿੱਖ” ਮੰਨਦੇ ਹਨ ਉਹ ਇਨ੍ਹਾਂ ਮੁਜ਼ਾਹਰਿਆਂ ਵਿੱਚ ਘਟੋਂ ਘਟ "ਅਸੀ ਪੰਜਾਬੀ ਨਹੀਂ ਸਿੱਖ ਹਾਂ”, "ਪੰਜਾਬ ਪੰਜ ਬੀ ਪੰਜਾਬੀਅਤ ਦਾ ਅਸੀਂ ਵਿਰੋਧ ਕਰਦੇ ਹਾਂ” ਅਤੇ "ਸਾਡੀ ਪਹਿਚਾਣ ਸਿੱਖ,ਭਾਸ਼ਾ ਗੁਰਮੁਖੀ ਅਤੇ ਸਭਿਆਚਾਰ ਖ਼ਾਲਸਤਾਈ ਹੈ” ਦੇ ਨਾਲ "ਅਸੀਂ ਨਾਨਕਸ਼ਾਹੀ ਸਿੱਖ ਸਭਿਅਤਾ ਦੇ ਗੁਰਮਤਿ ਵਾਸੀ ਹਾਂ” ਦੇ ਬੈਨਰ ਅਵੱਸ਼ ਚੁੱਕ ਲੈਣ। ਵੇਖੋ ਕਿੰਨੇ ਕੁ ਸੰਵੇਦਨਸ਼ੀਲ ਗੁਰੂ ਗ੍ਰੰਥ ਅਤੇ ਖ਼ਾਲਸਾ ਪੰਥ ਨਾਲ ਧੜਾ ਬਣਾ ਕੇ ਤੁਰਨ ਵਾਲੇ ਸਿੱਖ ਐਂਤਕੀ ਸਾਹਮਣੇ ਆਉਂਦੇ ਹਨ। ਹੁਣ ਸਿੱਖਾਂ ਲਈ ਇਹ ਚੁਣੌਤੀ ਸਭ ਤੋਂ ਸ਼੍ਰੋਮਣੀ ਬਣ ਚੁਕੀ ਹੈ ਕਿ ਉਹ ਇੰਝ ਕਰ ਕੇ ਦਿਖਾਉਣ ਅਤੇ ਆਪਣੀ ਅੱਡਰੀ ਹਸਤੀ, ਸੁਤੰਤਰ ਤੇ ਵਿਲੱਖਣ ਪਹਿਚਾਣ ਦਾ ਮੁਜ਼ਾਹਰਾ ਕਰਨ। ਇਸ ਲਈ ਸਭ ਗੁਰਦੁਆਰਿਆਂ ਦੇ ਨਾਂਵਾਂ ਤੋਂ "ਸਿੱਖ ਟੈਂਪਲ” ਹਟਾ ਕੇ "ਸਿੱਖ ਗੁਰਦੁਆਰਾ” ਲਿਖਣ ਦੀ ਗੁਰਮਤਿ ਪ੍ਰਣਾਲੀ ਦੇ ਹਮਰਾਹ ਬਣਨ। ਨਹੀਂ ਤਾਂ ਸਿੱਖ ਇੱਕ ਅਜਿਹੀ ਕੌਮ ਬਣ ਕੇ ਸਾਹਮਣੇ ਪ੍ਰਗਟ ਹੋ ਰਹੇ ਹਨ ਜਿਹੜੀ ਖੁਦ ਆਪ ਹੀ ਆਪਣੀ ਹਸਤੀ ਮਿਟਾਈ ਜਾ ਰਹੀ ਹੈ। ਇਹੋ ਚੁਣੌਤੀ ਦਰਪੇਸ਼ ਹੈ। ਕੀ ਫਰਾਂਸ, ਜਰਮਨੀ ਅਤੇ ਕਨੇਡਾ ਦੇ ਸਿੱਖ ਇਹ ਸਿਆਣਪ ਕਰਨਗੇ ? ਜਿੱਥੇ ਹਰ ਨਿੱਜੀ ਧੜਾ ਆਪੋ ਆਪਣੀ ਧੌਂਸ ਦੀ ਰਾਜਨੀਤੀ ਅਧੀਨ ਕੰਮ ਕਰਨ ਵਾਲੀ ਕੌਮ ਅੰਦਰ ਹਾਲਾਤ ਤਾਂ ਨਾਸਾਜਗਾਰ ਅਤੇ ਸੰਦੇਹਸ਼ੀਲ ਹੀ ਹਨ।
     ਹਾਂ ਸਿੱਖ ਉਵੇਂ ਹੀ ਜਿਵੇਂ ਸਿੱਖ ਫਾਰ ਜਸਟਿਸ ਨੇ ਅਮਰੀਕੀ ਰਾਸ਼ਟਰ ਪਤੀ ਦੀ ਭਾਰਤ ਫੇਰੀ ਦੌਰਾਨ ਫਾਲਤੂ ਮੁੱਦੇ ਚੁੱਕ ਕੇ ਤੇ ਫੇਰ ਆਪਣੀ ਪਿੱਠ ਆਪੇ ਹੀ ਥਪਥਪਾਈ ਸੀ ਕਿ ਵੇਖਿਆ ਸਾਡੇ ਕਰਕੇ ਅਮਰੀਕੀ ਰਾਸ਼ਟਰਪਤੀ ਨੇ ‘ਧਾਰਮਿਕ ਸਹਿਣਸ਼ੀਲਤਾ’ ਦੀ ਗੱਲ ਕੀਤੀ ਹੈ। ਉਹ ਇਹ ਭੁੱਲ ਗਏ ਕਿ ਇਹ ਗੱਲ ਵੀ ਸਿੱਖ ਕੌਮ ਦੇ ਉਸ ਵਰਗ ਅਤੇ ਸੁਤੰਤਰਤਾ ਦੇ ਉਸ ਅੰਦੋਲਨ ਦੇ ਹੀ ਖ਼ਿਲਾਫ਼ ਸੰਵਿਧਾਨਿਕ ਅਤੇ ਕੂਟਨੀਤਗ ਅਧਾਰ ਬਣਾ ਕੇ ਦਿੱਤੀ ਗਈ ਹੈ ਜਿਹੜੇ ਨਾਮ ਧਾਰੀ, ਨਿਰੰਕਾਰੀ, ਰਾਧਾ ਸਵਾਮੀ, ਸਰਸੇ ਵਾਲੇ, ਭਨਿਆਰੇ ਵਾਲੇ, ਨੀਲ ਪੰਥੀਏ ਅਤੇ ਜਿਹੜੇ ਕੇਸਾਧਾਰੀ ਗਾਤਰੇ ਪਾਈ ਇਸਾਈ ਬਣੇ ਹੋਏ ਹਨ, ਗੁਰੂਡੰਮ ਅਤੇ ਸੰਤ ਡੇਰਾਵਦੀਆਂ ਵਰਗਿਆਂ ਉਨ੍ਹਾਂ ਸਭਨਾਂ ਦੇ ਹਿਤ ਸੁਰੱਖਿਅਤ ਕਰਦੀ ਹੈ। ਜੇ ਵਾਕੇ ਹੀ ਇਹੋ ਸਫਲਤਾ ਸਿੱਖ ਫਾਰ ਜਸਟਿਸ ਰਾਹੀਂ ਸਿੱਖਾਂ ਨੇ ਹਾਸਲ ਕੀਤੀ ਹੈ, ਜਿਹਾ ਕਿ ਇਨ੍ਹਾਂ ਨੇ ਆਪ ਦਾਵਾ ਕੀਤਾ ਹੈ ਕਿ ਇਹ ਉਨ੍ਹਾਂ ਵੱਲੋਂ ਦਿੱਤੀ ਪਟੀਸ਼ਨ ਕਾਰਨ ਹੋਇਆ ਹੈ। ਤਾਂ ਕਿ ਸਪਸ਼ਟ ਨਹੀਂ ਕਿ ਇੰਝ ਇਹ ਖੁਦ ਭਾਰਤ ਸਰਕਾਰ ਦੇ ਹਿਤ ਅਤੇ ਪੰਥ ਦੇ ਵਿਰੁਧ ਖੁੱਲ ਕੇ ਭੁਗਤੇ ਹਨ ? ਇਹ ਲੋਕ ਭੁਲ ਜਾਂਦੇ ਹਨ ਕਿ ਅਮਰੀਕੀ ਰਾਸ਼ਟਰ ਪਤੀ ਦੇ ਇਸ ਬਿਆਨ ਤੋਂ 3 ਦਿਨ ਪਹਿਲਾਂ ਭਾਰਤ ਦੇ ਰਾਸ਼ਟਰ ਪਤੀ ਨੇ ਇਸੇ "ਧਾਰਮਿਕ ਸਹਿਣਸ਼ੀਲਤਾ ਅਤੇ ਕੱਟੜਵਾਦ ਦੇ ਖ਼ਿਲਾਫ਼” ਆਪਣੇ ਸੰਬੋਧਨ ਵਿੱਚ ਰਾਸ਼ਟਰ ਨੂੰ ਇਹੋ ਸਲਾਹ ਦਿੱਤੀ ਸੀ। ਉਸੇ ਨਜ਼ਰੀਏ ਤੋਂ ਹੀ ਅਮਰੀਕੀ ਰਾਸ਼ਟਰਪਤੀ ਦਾ ਬਿਆਨ ਆਇਆ ਸਾਹਮਣੇ ਜੇ ਤੁਹਾਨੂੰ ਯਕੀਨ ਨਹੀਂ ਤਾਂ ਸਬੂਤ ਹੇਠਾਂ ਦੇ ਰਿਹਾ ਹਾਂ ।
ਅਤਿੰਦਰਪਾਲ ਸਿੰਘ

No comments:

Post a Comment