Tuesday, June 23, 2015

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ


ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ
ਭਾਈ ਸਾਹਿਬ ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ ਅਤੇ ਸਰਦਾਰ ਭਗਤ ਸਿੰਘ ਜੀ ਆਪਸ ਵਿੱਚ ਜੁੜੀਆਂ ਹੋਈਆਂ ਪਵਿੱਤਰ ਆਤਮਾਵਾਂ ਸਨ । ਆਧੁਨਿਕ ਸਾਇੰਸ ਅਨੁਸਾਰ ਕਹਿ ਸਕਦੇ ਹਾਂ ਕਿ ਇਹ ਟੈਲੀਪੈਥੀ ਰਾਂਹੀ ਜੁੜੇ ਹੋਏ ਸਨ ।ਭਾਈ ਸਾਹਿਬ ਭਾਈ ਰਣਧੀਰ ਸਿੰਘ , ਗੁਰੁ ਗੋਬਿੰਦ ਸਿੰਘ ਜੀ ਨਾਲ਼ ਮਿਲ਼ੇ ਹੋਏ, ਭਾਈ ਵੀਰ ਸਿੰਘ ਸਿੱਖ ਸਾਹਿਤਕਾਰ, ਪ੍ਰੋ ਪੂਰਨ ਸਿੰਘ ਵਗਿਆਨਿਕ ਸਿੱਖ ਅਤੇ ਸਰਦਾਰ ਭਗਤ ਸਿੰਘ ਜੀ ਇੰਨਕਲਾਬੀ ਨੌਜੁਆਨ ਦੇਸ਼ ਭਗਤ ਸਿੱਖ ਸਨ ।ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਜੇਹਲ ਚਿੱਠੀਆਂ ਦੀ ਭੂਮਿਕਾ ਵਿੱਚ ਭਾਈ ਵੀਰ ਸਿੰਘ ਜੀ ਨੇ ਭਾਈ ਰਣਧੀਰ ਸਿੰਘ ਨੂੰ ਗੁਰੂ ਨਾਲ਼ ਮਿਲ਼ਿਆ ਸਤਿਵਾਦੀ ਸਿੱਖ ਲਿਖਿਆ ਹੈ । ਪ੍ਰੋਫੈਸਰ ਪੂਰਨ ਸਿੰਘ ਪਤਿਤ ਤੋਂ, ਜਪਾਨ ਜਾ ਕੇ ਬੋਧੀ ਵਗਿਆਨਿਕ । ਟੋਕੀਓ ਯੁਨੀਵਰਸਿਟੀ ਦੇ ਖੋਜ ਪ੍ਰੋਫੈਸਰ । ਭਾਰਤ ਆ ਕੇ ਸੰਨਿਆਸੀ । ੧੯੧੩ ਸਿਆਲਕੋਟ ਸਿੱਖ ਵਿਦਿਅਕ ਕਾਨਫਰੰਸ ਵਿੱਚ ਕਮੰਡਲ ਫੜੀ ਰੋਂਡ-ਭੋਂਡ ਹਾਲਤ ਵਿੱਚ ਜਦੋਂ ੬ ਘੰਟੇ ਭਾਈ ਵੀਰ ਸਿੰਘ ਜੀ ਨਾਲ਼ ਬੰਦ ਕਮਰੇ ਮੀਟਿੰਗ ਹੋਈ ਤਾਂ ਆਪ ਸਿਆਲਕੋਟੋਂ ਅੰਮ੍ਰਿਤਧਾਰੀ ਸਿੰਘ ਸਜ ਕੇ ਗਏ। ਆਪ ਨੇ ਅੰਗਰੇਜੀ ਪੰਜਾਬੀ ਵਿੱਚ ਬਹੁਤ ਪ੍ਰਚਾਰ ਕੀਤਾ । ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਪ ਜੀ ਦੀ ਇਹ ਸਤਰ ਦਾ ਹਵਾਲਾ ਸਾਰੇ ਵਿਦਵਾਨ ਮਾਣ ਨਾਲ਼ ਦੇਂਦੇ ਹਨ ।
ਡਾਕਟਰ ਗੁਰਮੁਖ ਸਿੰਘ ਜੀ ਆਪਣੀ ਸੰਪਾਦਿਤ ਪੁਸਤਕ ਖ਼ਾਲਸੇ ਦਾ ਆਦਰਸ਼ ਕ੍ਰਿਤ ਪ੍ਰੋ:ਪੂਰਨ ਸਿੰਘ ਦੇ ਸੰਪਾਦਕੀ ਨੋਟ ਵਿੱਚ ਲਿਖਦੇ ਹਨ : ਜਦੋਂ ਪ੍ਰੋ ਪੂਰਨ ਸਿੰਘ ਜੀ ਗੁਜਰੇ ਤਾਂ ਪੰਥ ਰਤਨ ਭਾਈ ਰਣਧੀਰ ਸਿੰਘ ਜੀ ਰਕਾਬਗੰਜ ਗੁਰਦੁਆਰੇ ਕੀਰਤਨ ਕਰ ਰਹੇ ਸਨ । ਅਚਾਨਕ ਆਪ ਨੇ ਵਾਜਾ ਛੱਡਿਆ ਤੇ ਖੜੇ ਹੋ ਕੇ ਅਰਦਾਸ ਕਰੀ ਗਏ । ਆਖੰਡ ਕੀਰਤਨ ਭੀ ਚਲਦਾ ਰਿਹਾ । ਫਿਰ ਆਪ ਬੈਠ ਗਏ । ਕੀਰਤਨ ਵਿੱਚ ਸ਼ਾਮਿਲ ਹੋ ਗਏ । ਭੋਗ ਉਪਰੰਤ ਆਪ ਨੂੰ ਇਸ ਸਬੰਧੀ ਪੁੱਛਣ ਤੇ ਆਪ ਨੇ ਦੱਸਿਆ । ਗੁਰੁ ਸਵਾਰੇ ਪ੍ਰੋ:ਪੂਰਨ ਸਿੰਘ ਦੀ ਰੂਹ ਦਰਗਾਹ ਨੂੰ ਜਾ ਰਹੀ ਸੀ, ਉਹਨਾਂ ਲਈ ਅਰਦਾਸ ਕੀਤੀ ਹੈ । ਆਪ ਨੇ ਦੱਸਿਆ ਕਿ ਅਸੀਂ ਸਰੀਰਕ ਰੂਪ ਵਿੱਚ ਕਦੀ ਨਹੀਂ ਮਿਲ਼ੇ ਪਰ ਰੂਹਾਂ ਦੇ ਮੇਲੇ ਨਿੱਤ ਹੁੰਦੇ ਸਨ । ਇਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਆਤਮਿਕ ਵਡਿਆਈ ਦਾ ਪ੍ਰਮਾਣ ਹੈ । ਪ੍ਰੋ: ਪੂਰਨ ਸਿੰਘ ਜੀ ੩੧-੦੩-੧੯੩੧ ਨੂੰ ਅਕਾਲ ਚਲਾਣਾ ਕਰ ਗਏ ਸਨ ।
ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ੧੬-੦੫-੧੯੩੬ ਨੂੰ ਲਹੌਰ ਜੇਹਲ਼ ਪਹੁੰਚੇ ਇਥੇ ਹੀ ਸਰਦਾਰ ਭਗਤ ਸਿੰਘ ਬੰਦ ਸਨ ਜੋ ਕਿ ਫਾਂਸੀ ਦੀ ਉਡੀਕ ਵਿੱਚ ਸਨ । ਸਰਦਾਰ ਭਗਤ ਸਿੰਘ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਿਲਣ ਦੀ ਅਰਜੀ ਦਿੱਤੀ । ਸਰਕਾਰ ਨੇ ਅਰਜੀ ਨਾ ਮੰਨਜੂਰ ਕਰ ਦਿੱਤੀ । ਬਾਬਾ ਚੂਹੜ ਸਿੰਘ ਰਾਂਹੀ ਇੱਕ ਦੂਸਰੇ ਨੂੰ ਸੁਨੇਹੇ ਪਹੁੰਚਣ ਲੱਗੇ । ਭਾਈ ਸਾਹਿਬ ਨੇ ਸੁਨੇਹਾ ਭੇਜਿਆ । ਅਸੀਂ ਕੇਸਾਂ ਵਾਲ਼ੇ ਭਗਤ ਸਿੰਘ ਦੇ ਦਰਸਣ ਕੀਤੇ ਹਨ । ਹੁਣ ਕੇਸ ਰਹਿਤ ਭਗਤ ਸਿੰਘ ਨੂੰ ਮਿਲਣ ਦਾ ਜੀਅ ਨਹੀਂ ਕਰਦਾ । ਭਗਤ ਸਿੰਘ ਨੇ ਸੁਨੇਹਾ ਭੇਜਿਆ । ਭਾਈ ਸਾਹਿਬ ਮਿਲਣ ਜਰੂਰ ਜੋ ਉਹ ਕਹਿਣਗੇ ਮੰਨਾਗਾ । ਸਰਕਾਰ ਨੇ ਇਹਨਾਂ ਦੋਹਾਂ ਦੇ ਮੇਲ ਤੇ ਪਬੰਦੀ ਲਗਾਈ ਸੀ । ਅਖੀਰ ੩੦.੧੦.੧੯੩੦ ਭਾਈ ਸਾਹਿਬ ਦੀ ਰਿਹਾਈ ਦਾ ਦਿਨ ਆ ਗਿਆ । ਜੇਹਲ਼ ਦੇ ਬਾਹਰ ਸਿੱਖ ਸੰਗਤਾਂ ਦਾ ਬੇਸ਼ੁਮਾਰ ਇਕੱਠ ਹੋ ਗਿਆ । ਸਰਕਾਰ ਘਬਰਾਈ ਅਤੇ ਅਫਵਾਹ ਫੈਲਾਈ , ਅੱਜ ਭਾਈ ਸਾਹਿਬ ਰਿਹਾਅ ਨਹੀਂ ਹੋਣਗੇ । ਸੰਗਤ ਖਿੰਡਦੀ-ਖਿੰਡਦੀ ਖਿੰਡ ਗਈ । ਜੇਹਲ਼ ਵਾਲ਼ਿਆਂ ਫੈਸਲਾ ਕੀਤਾ ਕਿ ਭਾਈ ਸਾਹਿਬ ਦੀ ਤੇ ਸਰਦਾਰ ਭਗਤ ਸਿੰਘ ਦੀ ਮੁਲਾਕਾਤ ਕਰਵਾਈ ਜਾਵੇ । ਹਨੇਰਾ ਹੋਣ ਤੇ ਭਾਈ ਸਾਹਿਬ ਨੂੰ ਚੁੱਪ ਚਪੀਤੇ ਜੇਹਲ਼ ਤੋਂ ਬਾਹਰ ਕਰ ਦਿਤਾ ਜਾਵੇ । ਏਵੇਂ ਹੀ ਕੀਤਾ ਗਿਆ । ਭਾਈ ਸਾਹਿਬ ਅਤੇ ਸਰਦਾਰ ਭਗਤ ਸਿੰਘ ਦੀ ਬੰਦ ਕਮਰੇ ਵਿੱਚ ਮੁਲਾਕਾਤ ਕਰਵਾਈ ਗਈ । ਭਾਈ ਸਾਹਿਬ ਨੇ ਭਗਤ ਸਿੰਘ ਨੂੰ ਗੁਰਬਾਣੀ ਸਰਝਾਈ । ਸਿੱਖ ਇਤਿਹਾਸ ਵਿੱਚੋਂ ਭਾਈ ਮਨੀ ਸਿੰਘ ਜੀ ਦੀ ਬੰਦ-ਬੰਦ ਕਟਵਾਉਣ ਵਾਲ਼ੀ ਸਾਖੀ ਸਮਝਾਈ । ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾਉਣ ਵਾਲ਼ੀ ਸਾਖੀ ਸੁਣਾਈ । ਸਰਦਾਰ ਭਗਤ ਸਿੰਘ ਨੇ ਨਾਸਤਕ ਤੋਂ ਆਸਤਕ ਹੋਣ ਦਾ ਪ੍ਰਣ ਕੀਤਾ । ਕੇਸ ਨਾ ਕਟਵਾਉਣ ਦਾ ਪ੍ਰਣ ਕੀਤਾ । ਇਹ ਸਾਰਾ ਪ੍ਰਸੰਗ ਭਾਈ ਸਾਹਿਬ ਦੀ ਪੁਸਤਕ ਜੇਹਲ਼ ਚਿੱਠੀਆਂ ਦੇ ਪੰਨਾ ੪੪੭ ਤੋਂ ੪੫੭ ਤੱਕ ਵਿਸਥਾਰ ਪੂਰਵਕ ਦਿੱਤਾ ਹੋਇਆ ਹੈ । ਸਰਦਾਰ ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਆਪਣੀ ਅੰਤਿਮ ਇੱਛਾ ਪ੍ਰਗਟਾਈ ਸੀ । ਅੰਤਿਮ ਇੱਛਾ ਇਹ ਸੀ । ਫਾਸੀ ਚੜਨ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਜਾਵੇ ਜਾਂ ਫਿਰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ । ਸਰਕਾਰ ਅੰਗਰੇਜ ਨੇ ਭਗਤ ਸਿੰਘ ਦੀਆਂ ਇਹਨਾਂ ਇਛਾਵਾਂ ਬਾਰੇ ਮੋਹਨ ਦਾਸ ਕਰਮਚੰਦ ਗਾਂਧੀ ਨਾਲ਼ ਸਲਾਹ ਕੀਤੀ । ਗਾਂਧੀ ਦੀ ਰਜਾਮੰਦੀ ਨਾਲ਼ ਅੰਮ੍ਰਿਤ ਨਾ ਛਕਾਇਆ ਗਿਆ । ੨੩-੦੩-੧੯੩੧ ਨੂੰ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ । ਫਾਂਸੀ ਲਹੌਰ ਦਿੱਤੀ ਗਈ ਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਫਾਂਸੀ ਘਰ ਦੇ ਪਿਛਲੇ ਪਾਸਿਓਂ ਕੰਧ ਪਾੜ ਕੇ ਗੱਡੀ ਵਿੱਚ ਲੱਦ ਕੇ ਫਿਰੋਜਪੁਰ ਲਾਗੇ ਹੁਸੈਨੀਵਾਲ਼ੇ ਲੈ ਗਏ । ਏਥੇ ਭਗਤ ਸਿੰਘ ਦੀ ਦੂਸਰੀ ਇੱਛਾ ਦੀ ਪੂਰਤੀ ਕੀਤੀ ਗਈ । ਦੇਹ ਨੂੰ ਤੇਜ ਧਾਰ ਦਾਹ ਨਾਲ਼ ਕੱਟਿਆ ਗਿਆ । ਲੋਕਾਂ ਦੇ ਇਕੱਠ ਤੋਂ ਡਰਦੇ ਮਾਰੇ ਸਰਕਾਰੀ ਕਰਮਚਾਰੀ ਸੱਭ ਕੁੱਝ ਉਵੇਂ ਹੀ ਛੱਡ ਕੇ ਭੱਜ ਗਏ । ਤੇਜਧਾਰ ਦਾਹ ਨਾਲ਼ ਕੱਟੀ ਇੱਕ ਹੱਡੀ ਤੇ ਦਾਹ ਸੰਗਤਾਂ ਨੇ ਆਪਣੇ ਕਬਜੇ ਵਿੱਚ ਲੈ ਲਏ । ਬਾਕੀ ਦੇਹ ਦਾ ਉਥੇ ਹੀ ਸੰਸਕਾਰ ਕਾਰ ਦਿਤਾ । ਹੱਡੀ ਅਤੇ ਦਾਹ ਖਟਕੜ ਕਲਾਂ ਮਿਉਜਿਮ ਵਿੱਚ ਰੱਖੀ ਗਈ । ਫਾਂਸੀ ਹੋਣ ਤੋਂ ਕੁੱਝ ਮਿੰਟ ਪਹਿਲਾਂ ਬੰਬਈ ਦੇ ਬਲਟਿਜ਼ ਅਖਬਾਰ ਵਾਸਤੇ ਸ੍ਰੀ ਸ਼ਾਮ ਲਾਲ ਨੇ ਸਰਦਾਰ ਭਗਤ ਸਿੰਘ ਦੀ ਫੋਟੋ ਖਿੱਚੀ ਸੀ । ਇਹ ਫੋਟੋ ਬਲਟਿਜ਼ ਅਖਬਾਰ ੨੩-੦੩-੧੯੪੯ ਦੇ ਪਰਚੇ ਵਿੱਚ ਛਪੀ ਹੈ । ਪੁਸਤਕ ਜੇਹਲ਼ ਚਿੱਠੀਆਂ ਦੇ ਪੰਨਾ ੪੫੭ ਤੇ ਇਸ ਫੋਟੋ ਦਾ ਬਲਾਕ ਦਿੱਤਾ ਹੋਇਆ ਹੈ । ਇਸ ਫੋਟੋ ਵਿੱਚ ਸਰਦਾਰ ਭਗਤ ਸਿੰਘ ਸਾਬਤ ਸੂਰਤ ਹੈ । ਕੇਸ ਹਨ ਅਤੇ ਛੋਟਾ ਜੂੜਾ ਕੀਤਾ ਹੋਇਆ ਹੈ । ਇਹ ਭਾਈ ਸਾਹਿਬ ਦੇ ਪ੍ਰਚਾਰ ਦਾ ਅਸਰ ਹੈ । ਗਾਂਧੀ ਇਹਨਾਂ ਗੱਲਾਂ ਨੁੰ ਚੰਗੀ ਤਰਾਂ ਸਮਝਦਾ ਸੀ । ਇਸ ਦਾ ਅਸਰ ਨੌਜੁਵਾਨਾਂ ਤੇ ਵੀ ਹੋਣਾ ਸੀ । ਗਾਂਧੀ ਇਰਵਿਨ ਦੀ ਗੱਲਬਾਤ ਵਿੱਚ ਅੰਗਰੇਜ ਚਾਹੁੰਦੇ ਸਨ ਕਿ ਭਗਤ ਸਿੰਘ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ । ਅੰਗਰੇਜਾਂ ਨੇ ਕਿਹਾ । ਦੇਸ਼ ਤੁਹਾਡਾ ਅਜਾਦ ਹੋ ਜਾਣਾ ਹੈ ਤੁਸੀਂ ਬਾਅਦ ਵਿੱਚ ਜੋ ਮਰਜੀ ਕਰਿਓ । ਗਾਂਧੀ ਨੂੰ ਇਹ ਮੰਨਜੂਰ ਨਹੀਂ ਸੀ, ਕਿਉਂਕਿ ਉਹ ਚਾਹੁੰਦਾ ਸੀ ਅਜਾਦੀ ਤੋਂ ਪਹਿਲਾਂ ਪਹਿਲਾਂ ਇਹਨਾਂ ਗਦਰੀਆਂ ਆਦਿ ਦਾ ਸਫਾਇਆ ਉਹ ਆਪ ਕਰ ਕੇ ਜਾਣ ਤਾਂ ਕਿ ਅਜਾਦ ਭਾਰਤ ਵਿੱਚ ਉਹਨਾਂ ਦਾ ਵਿਰੋਧ ਕਰਨ ਵਾਲ਼ਾ ਕੋਈ ਨਾ ਹੋਵੇ । ਉਹ ਅਰਾਮ ਨਾਲ਼ ਦਲਿਤਾਂ ਦੀ ਮਿਹਨਤ ਲੁੱਟ ਸਕਣ । ਕਿਉਂਕਿ ਸਿੱਖਾਂ ਤੋਂ ਬਗੈਰ ਇਹਨਾਂ ਵਿਰੁੱਧ ਕੋਈ ਬੋਲਣ ਵਾਲ਼ਾ ਨਹੀਂ ਹੈ । ਹੰਸ ਰਾਜ ਰਹਿਬਰ ਦੀ ਪੁਸਤਕ ਗਾਂਧੀ ਬੇਨਕਾਬ ਦੇ ਪੰਨਾ ੧੬੮ ਤੇ ਲਿਖਿਆ ਹੈ, 'ਇਰਵਨ ਆਪਣੇ ਰੋਜਨਾਮਚਾ ਵਿੱਚ ਲਿਖਦਾ ਹੈ । ਦਿੱਲ਼ੀ ਵਿੱਚ ਜੋ ਸਮਝੌਤਾ ਹੋਇਆ ਉਸ ਤੋਂ ਅਲੱਗ ਅਤੇ ਅੰਤ ਵਿੱਚ ਮਿਸਟਰ ਗਾਧੀ ਨੇ ਭਗਤ ਸਿੰਘ ਦਾ ਵਰਣਨ ਕੀਤਾ । ਉਸ ਨੇ ਫਾਂਸੀ ਦੀ ਸਜਾ ਰੱਦ ਕਰਵਾਉਣ ਦੀ ਕੋਈ ਪੈਰਵਾਈ ਨਹੀਂ ਕੀਤੀ । ਪਰ ਨਾਲ਼ ਹੀ ਉਸ ਨੇ ਵਰਤਮਾਨ ਪ੍ਰਸਥਿਤੀਆਂ ਵਿੱਚ ਫਾਂਸੀ ਨੂੰ ਅੱਗੇ ਪਾਉਣ ਵਿੱਚ ਕੁੱਝ ਨਾ ਕਿਹਾ'(ਫਾਈਲ ਨੰ ੫-੪੫/੧੯੩੧ ਖਾਂ-੨ ਗ੍ਰਹਿ ਵਿਭਾਗ ਰਾਜਨੀਤੀ ਸਾਖਾ )
ਹੰਸ ਰਾਜ ਰਹਿਬਰ ਨੇ ੨੬੪ ਪੰਨਿਆ ਦੀ ਪੁਸਤਕ ਵਿੱਚ ਬਾਕੀ ਕਾਮਰੇਡ ਲਿਖਾਰੀਆਂ ਦੀ ਤਰਾਂ ਇਹਨਾਂ ਨੇ ਵੀ ਕਿਤੇ ਸਿੱਖ ਸ਼ਬਦ ਨਹੀਂ ਲਿਖਿਆ ਜਦਕਿ ਉਸ ਸਮੇਂ ਭਾਰਤ ਦੀ ਸਾਰੀ ਰਾਜਨੀਤੀ ਸਿੱਖਾਂ ਦੁਆਲ਼ੇ ਹੀ ਘੁੰਮਦੀ ਸੀ । ਸਿੱਖ ਦੇਸ਼ ਦੀ ਅਜਾਦੀ ਲਈ ਸਿਰਧੜ ਦੀ ਬਾਜੀ ਲਗਾ ਰਹੇ ਸਨ । ਇਹ ਨਹਿਰੂ ਗਾਂਧੀ ਹੁਣੀ ਸਿੱਖਾਂ ਨੂੰ ਕਾਲ਼ੇ ਪਾਣੀਆਂ ਅਤੇ ਫਾਂਸੀਆਂ ਦੀਆਂ ਸਜਾਵਾਂ ਦਿਲਵਾ ਰਹੇ ਸਨ । ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸਮੇਂ ਸਾਰਾ ਪੰਜਾਬ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਸੀ । ਦੇਸ਼ਾਂ ਵਿਦੇਸ਼ਾਂ ਵਿੱਚ ਅਖੰਡ ਕੀਰਤਨ ਦੀ ਧੁੰਮ ਪਈ ਹੋਈ ਸੀ । ਜੇਹਲਾਂ ਵਿੱਚ ਸਿੱਖ ਕੈਦੀਆਂ ਵਾਸਤੇ ਕਕਾਰਾਂ ਦਸਤਾਰਾਂ ਦੀ ਮੰਨਜੂਰੀ ਹੋ ਰਹੀ ਸੀ । ਫੌਜ ਵਿੱਚ ਸਿੱਖਾਂ ਨੂੰ ਸਰਕਾਰੀ ਤੌਰ ਤੇ ਅੰਮ੍ਰਿਤ ਛਕਾਇਆ ਜਾਂਦਾ ਸੀ । ਅੱਤ ਦੇ ਦਿਤੇ ਜਾ ਰਹੇ ਤਸੀਹਿਆਂ ਵਿੱਚ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਹੈ ਇਹ ਸੱਭ ਭਾਈ ਸਾਹਿਬ ਨੇ ਸਿਖਾ ਦਿਤਾ ਸੀ । ਇਹ ਵੀ ਵਿਸ਼ਵਾਸ਼ ਦਿਲਵਾ ਦਿਤਾ ਸੀ ਕਿ ਜੇ ਕੋਈ ਗੁਰੁ ਦਾ ਸਿੱਖ, ਗੁਰੁ ਦੀ ਮੱਤ ਅਨੁਸਾਰ ਕੋਈ ਵੀ ਕੰਮ ਕਰਦਾ ਹੈ ਤਾਂ ਗੁਰੁ ਵੀ ਉਸ ਸਿੱਖ ਦੇ ਅੰਗ ਸੰਗ ਰਹਿਦਾ ਹੈ ਅਤੇ ਉਹ ਸਿੱਖ ਕਿਸੇ ਵੀ ਤਸੀਹੇ ਤੋਂ ਡਰਦਾ ਨਹੀਂ ਸੀ । ਸਿੱਖਾਂ ਦੇ ਹੱਸ ਹੱਸ ਫਾਂਸੀ ਚੜਨ ਦਾ ਰਾਜ਼ ਭੀ ਏਹੋ ਹੈ ।
੨੦੧੫ ਵਿੱਚ ਚਾਹੀਦਾ ਤਾਂ ਇਹ ਸੀ ਕਿ ਇਹ ਵਰਾ ਗਦਰੀ ਬਾਬਿਆਂ ਦੀ ਯਾਦ ਵਿੱਚ ਗਦਰੀ ਸ਼ਤਾਬਦੀ ਵਰਾ ਮਨਾਇਆ ਜਾਂਦਾ । ਨੌਜੁਆਨਾਂ ਨੂੰ ਅੰਮ੍ਰਿਤ ਛਕਾਉਣ ਦੀ ਪ੍ਰੇਰਣਾ ਦਿੱਤੀ ਜਾਂਦੀ । ਪਰ ਇਹਨਾਂ ਅੰਮ੍ਰਿਤ ਛਕਾਉਣ ਨੂੰ ਇੱਕ ਮਜ਼ਾਕ ਵਜੋਂ ਲੈ ਕੇ '੨੦੧੫ ਗਦਰ ਸ਼ਰਾਬ' ਦੀ ਮੰਨਜੂਰੀ ਦਿੱਤੀ ਹੈ । ੧੯੯੯ ਤੋਂ ਪਹਿਲਾਂ ਸਿੱਖ ਲੀਡਰਾਂ ਤੇ ਪ੍ਰਚਾਰਕਾਂ ਨੇ ਨਾਹਰੇ ਲਗਵਾਏ ਸਨ ਕਿ ੧੯੯੯ ਤੱਕ ਪੂਰੀ ਕੌਮ ਅੰਮ੍ਰਿਤਧਾਰੀ ਹੋਵੇਗੀ । ਪੰਥ ਦੋਖੀਆਂ ਨੇ ੧੯੯੯ ਤੱਕ ਪੂਰੀ ਕੌਮ ਨੂੰ ਨਸ਼ਈ ਬਣਿਆ ਪ੍ਰਚਾਰ ਦਿਤਾ । ਹੁਣ ਇਹਨਾਂ ਸਿੱਖ ਧੂਤੂਆਂ ਨੇ ਸਿੱਖ ਸੰਗਤ ਦੇ ਅੱਖੀਂ ਘੱਟਾ ਪਾਉਣ ਲਈ ੦੯-੦੫-੨੦੧੫ ਰੋਜਾਨਾ ਪਹਿਰੇਦਾਰ ਅਖਬਾਰ ਦੇ ਪੰਨਾ ੫ ਤੇ ਇੱਕ ਖਬਰ ਦਿਤੀ ਹੈ, 'ਦੇਸਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸੱਦਾ ਦਿਤਾ ਜਾਂਦਾ ਹੈ ਕਿ ਉਹ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਅਦੁਤੀ ਗ੍ਰਿਫਤਾਰੀ ਦਾ ਸਤਾਬਦੀ ਸਮਾਗਮ ੦੯-੦੫-੨੦੧੫ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ਼ ਪ੍ਰੇਰਣਾ ਦਿਵਸ ਦੇ ਰੂਪ ਵਿੱਚ ਮਨਾਉਣ' ਅਗਰ ਇਹ ਸੁਹਿਰਦ ਹੁੰਦੇ ਤਾਂ ਆਪਣੇ ਮਾਸਕ ਪੱਤਰ ਗੁਰਮਤਿ ਪ੍ਰਕਾਸ ਵਿੱਚ ਪਹਿਲਾਂ ਤੋਂ ਲਗਾਤਾਰ ਲੇਖ ਦਿੰਦੇ । ਅਖਬਾਰਾਂ ਵਿੱਚ ਇਸਤਿਹਾਰ ਦਿੰਦੇ । ਪਰ ਅਫਸੋਸ! ਇਹ ਚਹੁੰਦੇ ਹੀ ਨਹੀਂ ਕਿ ਨਿਰੋਲ ਗੁਰਮਤਿ ਦਾ ਪ੍ਰਚਾਰ ਹੋਵੇ । ਭਾਈ ਰਣਧੀਰ ਸਿੰਘ ਜੀ ਸੱਚਮੁੱਚ ਪੰਥ ਰਤਨ ਹਨ । ਆਪ ਦਾ ਜਨਮ ੦੭-੦੭-੧੮੭੮ ਨੂੰ ਮਾਤਾ ਪੰਜਾਬ ਕੌਰ ਦੀ ਪਵਿੱਤਰ ਕੁੱਖੋਂ ਸਰਦਾਰ ਨੱਥਾ ਸਿੰਘ ਦੇ ਗ੍ਰਹਿ ਨਾਰੰਗਵਾਲ਼ (ਲੁਧਿਆਣਾ) ਵਿਖੇ ਹੋਇਆ । ਆਪ ਜੀ ਦਾ ਜਨਮ ਇੱਕ ਰੱਜੇ ਪੁੱਜੇ ਕਿਸਾਨ ਦੇ ਘਰ ਹੋਇਆ । ਆਪ ਦੇ ਪਿਤਾ ਨਾਭਾ ਹਾਈਕੋਰਟ ਦੇ ਜੱਜ ਸਨ । ਸਰਦਾਰ ਨੱਥਾਂ ਸਿੰਘ ਕੋਲ਼ ਕਾਫੀ ਜਮੀਨ ਤੇ ਤਕੜੀ ਹਵੇਲੀ ਸੀ । ਅੱਜ ਕੱਲ ਇਸ ਹਵੇਲ਼ੀ ਨੂੰ ਗੁਰਦੁਆਰਾ ਬਣਾ ਦਿਤਾ ਗਿਆ । ਆਪ ਦਾ ਬਚਪਨ ਬਹੁਤ ਲਾਡਾਂ ਭਰਿਆ ਸੀ । ਆਪ ਨੂੰ ਚੰਗੀ ਵਿੱਦਿਆ ਦਿਲਵਾਈ ਗਈ । ਪਹਿਲਾਂ ਗੌਰਮੈਂਟ ਕਾਲਿਜ਼ ਲਹੌਰ ਤੋਂ ਵਿਦਿਆ ਪ੍ਰਾਪਤ ਕੀਤੀ । ਫਿਰ ਆਪ ਨੇ ਮਿਸ਼ਨ ਕਾਲਜ਼ ਲਹੌਰ ਤੋਂ ਵਕਾਲਤ ਕੀਤੀ । ਆਪ ਦੇ ਪਿਤਾ ਸਰਦਾਰ ਨੱਥਾ ਸਿੰਘ ਵਲੋਂ ਆਪ ਨੂੰ ਹੁਕਮ ਸੀ ਕਿ ਸਵੇਰੇ ਜਪੁਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾਸ ਸਹਿਬ ਦਾ ਪਾਠ ਜਰੂਰ ਕਰਨ । ਇਸੇ ਨਾਲ਼ ਆਪ ਨੂੰ ਗਰਬਾਣੀ ਪੜਨ ਦਾ ਸੌਂਕ ਪੈਦਾ ਹੋਇਆ । ੧੯੦੦ ਵਿੱਚ ਆਪ ਨੇ ਬੀ.ਏ. ਪਾਸ ਕਰ ਲਈ ਅਤੇ ਕੀਰਤਨ, ਅਖੰਡ ਪਾਠਾਂ ਦੇ ਅਭਿਆਸ ਵਿੱਚ ਜੁੱਟ ਗਏ । ੧੯੦੨ ਵਿੱਚ ਆਪ ਨਾਇਬ ਤਹਿਸੀਲਦਾਰ ਲੱਗ ਗਏ । ਆਪ ਦਾ ਮਨ ਸਤਿਵਾਦੀ ਸੇਵਾ ਕਰਨ ਦਾ ਸੀ ਪਰ ਇਸ ਨੌਕਰੀ ਵਿੱਚ ਝੂਠ ਤੇ ਭਰਿਸਟਾਚਾਰ ਪ੍ਰਧਾਨ ਸੀ । ਇਸ ਲਈ ਆਪ ਨੇ ਛੇਤੀ ਨੌਕਰੀ ਛੱਡ ਦਿੱਤੀ ।
੧੬-੦੬-੧੯੦੩ ਨੂੰ ਆਪ ਨੇ ਫਿਲੌਰ ਲਾਗੇ ਪਿੰਡ ਬਾਕਾ ਪੁਰ ਵਿਖੇ ਪੰਥਕ ਦੀਵਾਨ ਵਿੱਚ ਅੰਮ੍ਰਿਤ ਛਕਿਆ । ਇਕ ਪੁਸਤਕ ਵਿੱਚ ਲਿਖਿਆ ਹੈ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਮ ਬਸੰਤ ਸਿੰਘ ਸੀ । ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਦਾ ਨਾਮ ਭਾਈ ਰਣਧੀਰ ਸਿੰਘ ਹੋ ਗਿਆ । ਆਪ ਅੱਠੇ ਪਹਿਰ ਬਾਣੀ ਵਿੱਚ ਜੁਟੇ ਰਹਿੰਦੇ ਸਨ । ੧੯੦੫ ਵਿੱਚ ਆਪ ਨੂੰ ਖਾਲਸਾ ਕਾਲਿਜ ਅੰਮ੍ਰਿਤਸਰ ਵਿਖੇ ਆਪ ਨੂੰ ਹੋਸਟਲ ਸੁਪਰਟੈਂਡੈਂਟ ਲਗਾਇਆ ਗਿਆ । ਏਥੇ ਵੀ ਆਪ ਦਾ ਚਿੱਤ ਨਾ ਲੱਗਿਆ । ਆਮ ਜੀ ਦਾ ਅਨੰਦਕਾਰਜ ਮਾਤਾ ਕਰਤਾਰ ਕੌਰ ਨਾਲ਼ ਹੋਇਆ । ਆਪ ਦੇ ਤਿੰਨ ਬੱਚੇ ਵੀ ਹੋਏ । ਗੁਰਮਤਿ ਨਾਮ ਦੀ ਖੋਜ ਬਾਰੇ ਆਪ ਨੇ ਕਿਹਾ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰਮਤਿ ਨਾਮ ਦਾ ਪ੍ਰਕਾਸ਼ ਹੈ । ੧੯੦੬ ਵਿੱਚ ਆਪ ਨੇ ਖਾਲਸਾ ਕਾਲਿਜ ਦੀ ਨੌਕਰੀ ਛੱਡ ਦਿਤੀ । ੧੯੦੮-੦੯ ਵਿੱਚ ਆਪ ਨੇ ਬਾਬੂ ਤੇਜਾ ਸਿੰਘ ਭਸੌੜ ਨਾਲ਼ੋਂ ਮਿਲ਼ ਕੇ ਪੰਚ ਖਾਲਸਾ ਦੀਵਾਨ ਕਾਇਮ ਕੀਤਾ । ਮਾਮੂਲੀ ਮੱਤ ਭੇਦ ਕਾਰਨ ੧੯੧੦ ਵਿੱਚ ਬਾਬੂ ਤੇਜਾ ਸਿੰਘ ਨਾਲ਼ ਤੋੜ ਵਿਛੋੜਾ ਕਰ ਲਿਆ ਅਤੇ ਨਾਰੰਗਵਾਲ਼ ਗੁਜਰਵਾਲ਼ ਦੀ ਢਾਬ ਤੇ ਡੇਰਾ ਬਣਾ ਲਿਆ । ਏਥੇ ਆਪ ਨੇ ਅਖੰਡ ਪਾਠਾਂ ਦੇ ਲਾਹੇ ਪ੍ਰਾਪਤ ਕੀਤੇ । ਪੰਜ ਸਾਲ ਅਖੰਡ ਪਾਠ ਅਤੇ ਅਖੰਡ ਕੀਰਤਨ ਦਾ ਅਭਿਆਸ ਕੀਤਾ । ੧੯੦੪ ਵਿੱਚ ਅੰਗਰੇਜ ਸਰਕਾਰ ਨੇ ਵਾਇਸਰਾਏ ਦੇ ਭਵਨ ਨਿਰਮਾਣ ਕਰਨ ਕਰਕੇ ਵਿੱਚ ਆਉਂਦੀ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ । ੩੦-੦੫-੧੯੧੪ ਨੂੰ ਆਪ ਨੇ ਪੰਥਕ ਦੀਵਾਨ ਵਿੱਚ ਵਿਰੋਧ ਦਾ ਮਤਾ ਪਾਸ ਕਰਵਾਇਆ । ਅੰਗਰੇਜਾਂ ਨੇ ਪੰਥ ਦਾ ਵਿਰੋਧ ਦੇਖ ਕੇ ਗੁਰਦੁਆਰੇ ਦੀ ਕੰਧ ਆਪੇ ਬਣਵਾ ਦਿੱਤੀ । ਇਸ ਸਮੇਂ ਕਾਮਾਗਾਟਾਮਾਰੂ ਜਹਾਜ਼ ਤੇ ਬਜਬਜ ਘਾਟ ਤੇ ਅੰਗਰੇਜ ਸਰਕਾਰ ਨੇ ਸਿੱਖਾਂ ਤੇ ਗੋਲ਼ੀਆਂ ਚਲਾਈਆਂ । ਅੰਗਰੇਜਾਂ ਪ੍ਰਤੀ ਵਿਰੋਧ ਵੱਧਦਾ ਗਿਆ । ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੇ ਅੰਗਰੇਜਾਂ ਨੂੰ ਬਾਹਰ ਕੱਢਣ ਦਾ ਮਨ ਬਣਾ ਲਿਆ । ਗਦਰ ਦੀ ਰਣਨੀਤੀ ਬਣਾਈ ਗਈ । ਭਾਈ ਸਾਹਿਬ ਦੇ ਜੱਥੇ ਨੇ ੧੯-੦੨-੨੦੧੫ ਨੂੰ ਫਿਰੋਜਪੁਰ ਪਲਟਨ ਨੰਬਰ ੨੬ ਨਾਲ਼ ਮਿਲ਼ ਕੇ ਅਸਲੇ ਤੇ ਕਬਜਾ ਕਰਨਾ ਸੀ ਅਤੇ ਫੌਜੀਆਂ ਵਿੱਚ ਬਗਾਵਤ ਕਰਵਾਉਣੀ ਸੀ । ਭਾਈ ਸਾਹਿਬ ਦਾ ਜੱਥਾ ਸੱਭ ਤੋਂ ਪਹਿਲਾਂ ਫਿਰੋਜਪੁਰ ਪਹੁੰਚਿਆ । ਇਸ ਦਾ ਭੇਤ ਸਰਕਾਰ ਨੂੰ ਲੱਗ ਗਿਆ । ਫੜੋ ਫੜਾਈ ਸ਼ੁਰੂ ਹੋ ਗਈ । ੦੯-੦੫-੧੫ ਨੂੰ ਭਾਈ ਸਾਹਿਬ ਨੂੰ ਨਾਭੇ ਤੋਂ ਗਰਿਫਤਾਰ ਕਰ ਲਿਆ । ੨੭-੧੦-੧੯੧੫ ਤੱਕ ਲੁਧਿਆਣੇ ਸੈਟਰਲ ਜੇਹਲ਼ ਵਿੱਚ ਭਾਈ ਸਾਹਿਬ ਤਕਰੀਬਨ ਭੁੱਖ ਹੜਤਾਲ਼ ਤੇ ਹੀ ਰਹੇ । ਫਿਰ ਆਪ ਨੂੰ ਸੈਟਰਲ ਜੇਹਲ਼ ਲਹੌਰ ਭੇਜ ਦਿਤਾ ਗਿਆ । ੩੦-੦੩-੧੯੧੬ ਨੂੰ ਹੋਰ ਸਾਜ਼ਿਸ਼ ਕੇਸ ਵਿੱਚ ਆਪ ਨੂੰ ਉਮਰ ਕੈਦ ਹੋ ਗਈ । ਜੇਲ਼ ਵਰਦੀ ਦਸਤਾਰ ਦੀ ਬਦਲੇ ਟੋਪੀ ਮਿਲੀ । ਕਕਾਰ ਲੁਹਾ ਲਏ ਗਏ । ਆਪ ਨੇ ਇਸ ਦੇ ਵਿਰੋਧ ਵਿੱਚ ਭੁੱਖ ਹੜਤਾਲ਼ ਕਰ ਦਿਤੀ । ੧੩ ਅਪਰੈਲ ੧੯੧੬ ਨੂੰ ਆਪ ਨੂੰ ਮੁਲਤਾਨ ਭੇਜ ਦਿਤਾ ਗਿਆ । ਆਪ ਦਾ ਵਜ਼ਨ ੧੩੪ ਪੌਂਡ ਤੋਂ ੯੬ ਪੋਂਡ ਰਹਿ ਗਿਆ । ਏਥੇ ਦਰੋਗਾ ਸਦਾ ਨੰਦ ਸੀ । ਇਸ ਨੇ ਬਹੁਤ ਤਸੀਹੇ ਦਿੱਤੇ । ੪੦ ਦਿਨ ਦੀ ਭੁੱਖ ਹੜਤਾਲ਼ ਤੋਂ ਬਾਅਦ ਪੰਜਾਬ ਸਰਕਾਰ ਨੇ ਸਿੱਖ ਕੈਦੀਆਂ ਵਾਸਤੇ ਦਸਤਾਰੇ ਕੱਛਹਿਰੇ ਕੁਰਤੇ ਆਦਿ ਦੀ ਵਰਦੀ ਮੰਨਜੂਰ ਕਰ ਦਿੱਤੀ ਜੋ ਕਿ ਅੱਜ ਤੱਕ ਬਰਕਰਾਰ ਹੈ । ਮੁਲਤਾਨ ਆਪ ਨੂੰ ੧੫ ਮਹੀਨੇ ਰੱਖਿਆ ਗਿਆ ।
੧੫-੦੭-੧੯੧੭ ਨੂੰ ਆਪ ਨੂੰ ਹਜ਼ਾਰੀ ਬਾਗ ਦੀਆਂ ਕਾਲ਼ ਕੋਠੜੀਆਂ ਵਿੱਚ ਭੇਜ ਦਿਤਾ । ਹਜ਼ਾਰੀ ਬਾਗ ਆਪ ੫ ਸਾਲ ਰਹੇ । ਅਕਤੂਬਰ ੧੯੨੧ ਤੋਂ ਆਪ ਨੂੰ ਰਾਜਮੰਦਰੀ ਜੇਹਲ਼ ਭੇਜ ਦਿਤਾ ਗਿਆ । ਡੇਢ ਸਾਲ ਰਾਜਮੰਦਰੀ ਰਹਿਣ ਉਪਰੰਤ ੦੧-੧੨-੧੯੨੨ ਰਾਜਮੰਦਰੀ ਤੋਂ ਨਾਗਪੁਰ ਜੇਹਲ਼ ਭੇਜ ਦਿਤਾ । ਏਥੇ ਆਪ ੮ ਸਾਲ ਰਹੇ । ਸੱਭ ਤੋਂ ਵੱਧ ਤਸੀਹੇ ਨਾਗਪੁਰ ਹੀ ਦਿੱਤੇ ਗਏ । ਗੋਰੇ ਅਫਸਰ ਤਾਂ ਆਪ ਨਾਲ ਨਰਮਾਈ ਨਾਲ਼ ਪੇਸ਼ ਆਉਂਦੇ ਰਹੇ ਪਰ ਹਿੰਦੂ ਜਿਨਹਾਂ ਦੀ ਅਜਾਦੀ ਖਾਤਰ ਆਪ ਸਜਾ ਭੁਗਤ ਰਹੇ ਸਨ ਉਹ ਆਪ ਦਾ ਧਰਮ ਭਰਿਸਟ ਕਰਨ ਦਾ ਹੱਠ ਕਰਦੇ ਸਨ । ਇਹ ਅਫਸਰ ਸਨ :- ਮੁਲਤਾਨ ਦਾ ਸਦਾਨੰਦ, ਹਜਾਰੀ ਬਾਗ ਦਾ ਪੰਡਤ ਵਧਾਵਾ ਰਾਮ, ਅਤੇ ਨਾਗਪੁਰ ਦਾ ਦਰੋਗਾ ਨੀਲ ਕੰਠ ਸੂਰੀਆ ਨਰਾਇਣ । ਨਾਗਪੁਰ ਦੇ ਸਾਰੇ ਕੈਦੀ ਆਪ ਦੀ ਬਹੁਤ ਇੱਜ਼ਤ ਕਰਦੇ ਸਨ  ਆਪ ਨੂੰ ਗੁਰੁ ਸਮਾਨ ਮੰਨਦੇ ਸਨ । ਇਸੇ ਗੱਲ ਤੋਂ ਨੀਲ ਕੰਠ ਸੂਰੀਆ ਨਰਾਇਣ ਜਟਾਰ ਖਿਝਿਆ ਹੋਇਆ ਸੀ । ਜਟਾਰ ਡਾਕਟਰ ਭੀ ਸੀ ਇਸੇ ਲਈ ਧੱਕੇ ਨਾਲ਼ ਅਨੀਮਾ ਦੇ ਰਿਹਾ ਸੀ । ਕਈ ਸਿਪਾਹੀਆਂ ਨੇ ਆਪ ਨੂੰ ਢਾਅ ਲਿਆ, ਨਗਨ ਕਰ ਦਿਤਾ ਅਤੇ ਬੇਇਜਤ ਕਰਨ ਲਈ ਅਨੀਮਾ ਦਿਤਾ ਗਿਆ । ਧੱਕੇ ਨਾਲ਼ ਨਲਕੀ ਰਾਹੀ ਮੂੰਹ ਵਿੱਚ ਤਰਲ ਖਾਣਾ ਦਿਤਾ ਜਾਣ ਲੱਗਾ । ਆਪ ਨੂੰ ਦੰਦਲ਼ ਪੈ ਗਈ । ਜਟਾਰ ਨੇ ਦੰਦ ਤੁੜਵਾ ਦਿੱਤੇ ਅਤੇ ਤਰਲ ਦੁੱਧ ਆਦਿ ਅੰਦਰ ਧੱਕਿਆ । ਨਲਕੀ ਕੱਢਦੇ ਸਾਰ ਹੀ ਸੱਭ ਕੁੱਝ ਜੋ ਅੰਦਰ ਗਿਆ ਸੀ ਆਪ ਨੇ ਬਾਹਰ ਕੱਢ ਦਿਤਾ । ਆਲ਼ੇ ਦੁਆਲ਼ੇ ਖਬਰ ਫੈਲ ਗਈ ਕਿ ਜਟਾਰ ਨੇ ਭਾਈ ਸਾਹਿਬ ਨੂੰ ਮਾਰ ਦਿਤਾ । ਆਪ ਨੇ ਚਿੱਠੀ ਭੇਜੀ । ਲਿਖਿਆ। ਨਾਗਪੁਰ ਸੱਚਮੁੱਚ ਨਾਗਾਂ ਦੀ ਪੁਰੀ ਹੈ । ਏਥੇ ਇਹਨਾਂ ਬਹੁਤ ਡੰਗ ਮਾਰੇ । ਅੱਜ ਵੀ ਸਿੱਖ ਵਿਰੋਧੀ ਸਾਜਿਸ਼ਾਂ ਨਾਗਪੁਰ ਤੋਂ ਹੀ ਰਚੀਆਂ ਜਾਂਦੀਆਂ ਹਨ । ਪੰਥ ਨੇ ਆਪ ਦੀ ਚੜ੍ਹਦੀ ਕਲਾ ਲਈ ੦੧-੦੨-੧੯੨੩ ਅਰਦਾਸ ਦਿਨ ਐਲਾਨਿਆ । ਅੰਗਰੇਜਾਂ ਨੇ ਭਾਈ ਸਾਹਿਬ ਬਾਰੇ ਇਗਲੈਂਡ ਦੇ ਵੱਡੇ ਪਾਦਰੀ ਮਿਸਟਰ ਐਲਵਨ ਨੂੰ ਦੱਸਿਆ ਕਿ ਉਹਨਾ ਕੋਲ਼ ਇੱਕ ਰੱਬੀ ਸ਼ਕਤੀ ਵਾਲ਼ਾ ਕੈਦੀ ਹੈ । ਮਿਸਟਰ ਐਲਵਨ ਨੇ ਭਾਈ ਸਾਹਿਬ ਨੁੰ ਮਿਲਣ ਦੀ ਇੱਛਾ ਜਤਾਈ । ੧੯੩੦ ਵਿੱਚ ਮਿਸਟਰ ਐਲਵਨ ਭਾਰਤ ਆਇਆ । ਭਾਈ ਸਾਹਿਬ ਨੂੰ ਮਿਲਿਆ । ਜਿਸ ਕੋਠੜੀ ਵਿੱਚ ਭਾਈ ਸਾਹਿਬ ਨੂੰ ਤਾੜਿਆ ਗਿਆ ਸੀ । ਮਿਸਟਰ ਐਲਵਨ ਨੇ ਉਸ ਕੋਠੜੀ ਦਾ ਮੁਆਇਨਾ ਕੀਤਾ । ਪਾਦਰੀ ਨੇ ਭਾਈ ਸਾਹਿਬ ਦੀ ਹਿਸਟਰੀ ਸੀਟ ਦੇਖੀ ਉਹ ਦੇਖਦਾ ਹੀ ਰਹਿ ਗਿਆ ਕਿ ਇਸ ਕੋਠੜੀ ਵਿੱਚ ਭਾਈ ਸਾਹਿਬ ੮ ਸਾਲ ਰਹੇ ।ਬਹੁਤ ਸਮਾਂ ਅੰਨ ਪਾਣੀ ਤੋਂ ਬਗੈਰ ਰਹੇ । ਹਰ ਜੇਹਲ਼ ਵਿੱਚ ਕਈ ਮਹੀਨੇ ਭੁੱਖੇ ਰਹੇ । ਹੁਣ ਜਿਸ ਕੋਠੜੀ ਵਿੱਚ ਭਾਈ ਸਾਹਿਬ ਨੂੰ ਰੱਖਿਆ ਹੈ ਉਸ ਵਿੱਚ ਸਧਾਰਨ ਮਨੁੱਖ ਇੱਕ ਘੰਟਾ ਨਹੀਂ ਰਹਿ ਸਕਦਾ । ਪਾਦਰੀ ਨੇ ਭਾਈ ਸਾਹਿਬ ਨੂੰ ਪੁੱਛਿਆ ।ਤੁਸੀ ਇਸ ਕੋਠੜੀ ਵਿੱਚ ਕਿਹੜੀ ਸ਼ਕਤੀ ਨਾਲ਼ ਰਹਿ ਰਹੇ ਹੋ । ਭਾਈ ਸਾਹਿਬ ਨੇ ਕਿਹਾ ਮੈਂ ਇਕੱਲਾ ਨਹੀਂ ਮੇਰੇ ਨਾਲ਼ ਮੇਰਾ ਗੁਰੁ ਭੀ ਹੈ । ਉਹਨਾਂ ਦੀ ਸ਼ਕਤੀ ਨਾਲ਼ ਮੈਂ ਏਥੇ ਚੜ੍ਹਦੀ ਕਲਾ ਵਿੱਚ ਹਾਂ । ਪਾਦਰੀ ਮੁਸਕੁਰਾਇਆ ਅਤੇ ਇੱਛਾ ਜਤਾਈ ਉਹ ਵੀ ਇੱਕ ਰਾਤ ਇਸ ਨਾਲ਼ ਕੋਠੜੀ ਵਿੱਚ ਗੁਜਾਰਨਾ ਚਹੁੰਦੇ ਹਨ । ਮੰਨਜੂਰੀ ਤੋਂ ਬਾਅਦ ਪਾਦਰੀ ਨੁੰ ਬੰਦ ਕਰ ਦਿਤਾ ਗਿਆ । ਦੋ ਘੰਟੇ ਤੋਂ ਬਾਅਦ ਪਾਦਰੀ ਕੱਢੋ ਕੱਢੋ ਦੀਆਂ ਅਵਾਜਾਂ ਮਾਰਨ ਲੱਗਾ । ਪਾਦਰੀ ਨੂੰ ਬਾਹਰ ਕੱਢਿਆ । ਉਸ ਨੇ ਮੰਨਿਆ ਕਿ ਸੱਚ ਮੁੱਚ ਇਹਨਾਂ ਦੇ ਨਾਲ਼ ਇਹਨਾਂ ਦਾ ਗੁਰੁ ਗੋਬਿੰਦ ਸਿੰਘ ਇਹਨਾਂ ਦੇ ਨਾਲ਼ ਰਹਿ ਰਿਹਾ ਹੈ । ਪਾਦਰੀ ਨੇ ਭਾਈ ਸਾਹਿਬ ਦੀ ਹਿਸਟਰੀ ਸੀਟ ਤੇ ਸੱਤਵਾਦੀ ਮਨੁੱਖ ਲਿਖਿਆ ਅਤੇ ਕਈ ਹੋਰ ਸਿਫਾਰਿਸ਼ਾਂ ਲਿਖੀਆਂ । ਪਾਦਰੀ ਦੀ ਸਿਫਾਰਿਸ਼ ਤੇ ਅੰਗਰੇਜ ਸਰਕਾਰ ਨੇ ਆਪ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ । ਭਾਈ ਸਾਹਿਬ ਦੀ ਭੁੱਖ ਹੜਤਾਲ਼ ਤੇ ਤਸੀਹੇ ਝੱਲਣ ਦਾ ਇੱਕੋ ਇੱਕ ਕਾਰਨ ਸੀ ਕਿ ਭਾਈ ਸਾਹਿਬ ਆਪਣੇ ਧਰਮ ਅਨੁਸਾਰ ਰਹਿਣਾ ਚਾਹੁੰਦੇ ਸਨ । ੧੬-੦੫-੧੯੩੦ ਨੂੰ ਸਰਕਾਰ ਨੇ ਆਪ ਨੂੰ ਸੈਟਰਲ ਜੇਹਲ਼ ਲਹੌਰ ਭੇਜ ਦਿਤਾ । ਏਥੇ ਹੀ ੩੦-੧੦-੧੯੩੦ ਨੂੰ ਆਪ ਦੀ ਮੁਲਾਕਾਤ ਸਰਦਾਰ ਭਗਤ ਸਿੰਘ ਨਾਲ਼ ਹੋਈ । ਇਸੇ ਦਿਨ ਰਿਹਾਅ ਹੋ ਕੇ ਇਕੱਲੇ ਹੀ ਆਪ ਘਰ ਨਾਰੰਗਵਾਲ਼ ਪਹੁੰਚੇ । ਜੇਹਲ਼ ਦੀ ਰਿਹਾਈ ਤੋਂ ਬਾਅਦ ਆਪ ਨੇ ਆਖੰਡ ਪਾਠ ਅਤੇ ਆਖੰਡ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ । ਅੰਮ੍ਰਿਤ ਛਕਣ ਦੀ ਲਹਿਰ ਚੱਲ ਪਈ ਸੀ । ਸਰਕਾਰ ਨੇ ਘਬਰਾ ਕੇ ਭਾਈ ਸਾਹਿਬ ਨੂੰ ਬਦਨਾਮ ਕਰਨਾ ਚਾਹਿਆ । ਆਖੰਡ ਕੀਰਤਨ ਦੇ ਲਾਹੇ ਪ੍ਰਾਪਤ ਕਰਦ ਕਰਦੇ ਆਪ ੧੬-੦੪-੧੯੬੧ ਨੂੰ ਅਕਾਲ ਚਲਾਣਾ ਕਰ ਗਏ । ਅੱਜ ਜੋ ਸਿੱਖੀ ਦੀ ਮਾੜੀ ਮੋਟੀ ਹਵਾ ਰੁਮਕ ਰਹੀ ਹੈ ਇਹ ਸੱਭ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਹੈ । ਨੌਜੁਆਨਾ ਨੂੰ ਚਾਹੀਦਾ ਹੈ ਕਿ ਉਹ ਭਾਈ ਸਾਹਿਬ ਤੋਂ ਪ੍ਰੇਰਨਾ ਲੈਣ । ਘੱਟੋ ਘੱਟ ਉਹਨਾਂ ਦੁਆਰਾ ਲਿਖੀ ਪੁਸਤਕ ਜੇਹਲ਼ ਚਿੱਠੀਆਂ ਜਰੂਰ ਪੜਨ । ਇਹ ਪੁਸਤਕ ਗੁਰਮੁਖੀ ਲਿੱਪੀ ਅਤੇ ਗੁਰਮੁਖੀ ਬੋਲੀ ਵਿੱਚ ਲਿਖੀ ਗਈ ਹੈ । ਗੁਰਮੁਖੀ ਬੋਲੀ ਦੀ ਸਮਝ ਇਹ ਕਿਤਾਬ ਪੜਨ ਨਾਲ਼ ਆਪਣੇ ਆਪ ਆ ਜਾਏਗੀ । ਖਾਲਸੇ ਦੇ ਬੋਲ ਬਾਲੇ ਜਰੂਰ ਹੋਣੇ ਹਨ । ਕਾਲ਼ੇ ਪਾਣੀਆਂ ਦੇ ਟਾਪੂ ਵਿੱਚ ਪੰਜਾਬੀ ਸੂਬਾ ਬਣ ਗਿਆ ਹੈ । ਕੈਨੇਡਾ ਇੰਗਲੈਂਡ ਅਮੈਰਕਾ ਵਿੱਚ ਸਿੱਖਾਂ ਦੀ ਚੜਦੀ ਕਲਾ ਦੀ ਧਾਂਕ ਪੰਜਾਬ ਵਿੱਚ ਸੁਣਾਈ ਦਿੰਦੀ ਹੈ । ਮਾਰਕਸਵਾਦ, ਸਮਾਜਕ ਵਾਦ ਤੋਂ ਉੱਪਰ ਨਾਨਕਵਾਦ ਹੈ।ਨਾਨਕਵਾਦ ਲਾਗੂ ਹੋਣਾ ਹੀ ਹੋਣਾ ਹੈ।ਪ੍ਰਸਿੱਧ ਧਾਰਮਕ ਵਿਦਵਾਨ ਬਰਟਰੈਂਡ ਰਸਲ ਲਿਖਦਾ ਹੈ: ਜਿਹੜੇ ਕੁੱਝ ਖੁਸ਼ ਕਿਸਮਤ ਲੋਕ, ਤੀਜੇ ਵਿਸ਼ਵ ਯੁੱਧ ਵਿੱਚੋਂ ਬਚ ਨਿਕਲਣਗੇ, ਸਿੱਖ ਧਰਮ ਹੀ ਉਹਨਾ ਨੂੰ ਰਾਹ ਦਿਖਾਵੇਗਾ'। ਹੁਣ ਵੀ ਕੁਦਰਤੀ ਆਫਤਾਂ ਵੇਲ਼ੇ ਚਾਹੇ ਗੁਜਰਾਤ ਦਾ ਭੁਚਾਲ਼ ਹੋਵੇ, ਸਮੁੰਦਰੀ ਸੁਨਾਮੀ ਹੋਵੇ, ਕਸ਼ਮੀਰ ਦਾ ਹੜ ਹੋਵੇ ਜਾਂ ਹੁਣੇ ਹੁਣੇ ਦਾ ਨਿਪਾਲ ਦਾ ਭੁਚਾਲ ਹੋਵੇ ਹਰ ਥਾ ਸਿੱਖ ਸੇਵਕ ਉਹਨਾਂ ਦੁਖੀਆਂ ਲਈ ਲੰਗਰ, ਕੱਪੜੇ ਅਤੇ ਦਵਾਈ ਬੂਟੀ ਲਈ ਖੜੇ ਮਿਲ਼ਦੇ ਹਨ । ਸਿੱਖੀ ਨੂੰ ਜਾਂ ਗਦਰੀ ਬਾਬਿਆਂ ਨੂੰ ਅਗਰ ਸਮਝਣਾ ਚਹੁੰਦੇ ਹੋ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਸਮਝਣਾ ਜਰੂਰੀ ਹੈ । ਇਹਨਾਂ ਦੀ ਬਦੌਲਤ ਹੀ ਸਿੱਖ ਕੌਮ ਨਾਲ਼ ਇਤਨਾ ਧੱਕਾ ਹੋਣ ਉਪਰੰਤ ਭੀ ਸਿੱਖ ਆਪਣੇ ਬੋਲ ਬਾਲਿਆਂ ਦੀ ਪੂਰਤੀ ਲਈ ਤਾਂਘ ਰਹੇ ਹਨ ।
ਗੁਰਮੇਲ ਸਿੰਘ ਖਾਲਸਾ, ੯੯੧੪੭੦੧੪੬੯
ਪਿੰਡ ਗਿਆਸਪੁਰਾ, ਡਾਕ: ਢੰਡਾਰੀ ਕਲਾਂ
ਲੁਧਿਆਣਾ (ਪੰਜਾਬ)

No comments:

Post a Comment