Thursday, July 10, 2014

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਭਾਈ ਪੂਰਨ ਸਿੰਘ ਵਾਂਗ ਹੀ ਸਿੱਖਾਂ ਨੂੰ ਹਿੰਦੂ ਸਾਬਤ ਕੀਤਾ


"ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥”
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਭਾਈ ਪੂਰਨ ਸਿੰਘ ਵਾਂਗ ਹੀ ਸਿੱਖਾਂ ਨੂੰ ਹਿੰਦੂ ਸਾਬਤ ਕੀਤਾ
ਕੀ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਇੱਕ ਸ਼ਾਖ ਸਾਬਤ ਕਰਨ ਵਾਲੇ 
ਸਮਾਗਮ ਵਿੱਚ ਸ਼ਿਰਕਤ ਕਰਨੀ ਚਾਹੀਦੀ ਸੀ ?

23 ਜੂਨ 2014 ਨੂੰ ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ‘ਹਿੰਦੂ ਧਰਮ ਦੇ ਵਿਸ਼ਵ ਕੋਸ਼’ ਨੂੰ ਰਾਸ਼ਟਰਪਤੀ ਸ਼੍ਰੀਮਾਨ ਪ੍ਰਣਵ ਮੁਖਰਜੀ ਨੇ ਜਾਰੀ ਕੀਤਾ। ਖ਼ਾਸ ਤੌਰ ਤੇ ਇਹ ਸਮਾਗਮ ਕੱਟੜਪੰਥੀ ਹਿੰਦੁਤਵਾ ਨੂੰ ਅਸਥਾਪਿਤ ਕਰਨ ਦੀ ਮਨੋਬਿਰਤੀ ਨਾਲ ਇਉਂ ਉਲੀਕਿਆਂ ਗਿਆ ਜਿਸ ਨਾਲ ਕਿ "ਹਿੰਦੁਤਵਾ ਭਾਰਤ” ਦੀ ਛਾਪ ਹਿਤ "ਹਿੰਦੀ, ਹਿੰਦੂ, ਹਿੰਦੂਸਥਾਨ” ਦੀ ਮਾਣਤਾ ਅਧੀਨ ਸਿੱਖ ਧਰਮ ਨੂੰ ਵੀ ਵਡੇਰੀ ਹਿੰਦੂ ਗਲਵਕੜੀ ਦੇ ਫੰਦੇ ਵਿੱਚ ਇੱਕ ਹਿੰਦੂ ਸੁਧਾਰਵਾਦੀ ਲਹਿਰ ਵਜੋਂ ਲੈ ਲਿਆ ਜਾਵੇ।
ਇਸੇ ਨਿਸ਼ਾਨੇ ਦੀ ਨੂੰ ਪੂਰਾ ਕਰਨ ਲਈ "ਖ਼ਾਲਸਾ ਪੰਥ” ਅਤੇ "ਸਿੱਖ ਧਰਮ” ਨਾਲ ਸਿੱਧੀ ਦੁਸ਼ਮਣੀ ਨਿਭਾਉਣ ਅਤੇ ਬੀਜ ਨਾਸ਼ ਕਰਾਉਣ ਵਾਲੇ ਸਵੈ ਸਿੱਧ ਹੋ ਚੁਕੇ ਦੋਸ਼ੀਆਂ, ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਸ੍ਰੀ ਕਰਨ ਸਿੰਘ ‘ਡੋਗਰਾ’, ਭਾਰਤੀ ਫੌਜਾਂ ਦੇ ਸੁਪ੍ਰੀਮ ਕਮਾਂਡਰ ਸ੍ਰੀਮਾਨ ਪ੍ਰਣਵ ਮੁਖਰਜੀ ਤੇ ਹੋਰਾਂ ਨਾਲ ਸਵਾਮੀ ਚਿੰਦਾਨੰਦ ਸਰਵਸਤੀ ਦੇ "ਹਿੰਦੂ ਧਰਮ ਦੇ ਵਿਸ਼ਵ ਕੋਸ਼” ਨੂੰ ਜਾਰੀ ਕਰਨ ਦੀ ਰਸਮ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਸ਼ਮੂਲੀਅਤ ਲਈ ਸਦਿਆ ਗਿਆ। ਇਹ ਬੜੀ ਮੰਦ ਭਾਗੀ ਗੱਲ ਹੈ ਕਿ ਉਹ ਇਨ੍ਹਾਂ ਖ਼ਾਲਸਾ ਪੰਥ ਅਤੇ ਸਿੱਖ ਧਰਮ ਦੇ ਸਿੱਧੇ ਦੋਖੀ ਦੁਸ਼ਮਣਾਂ ਨਾਲ ਸਮਾਗਮ ਵਿੱਚ ਸ਼ਾਮਲ ਵੀ ਹੋਏ ਅਤੇ ਭਾਰਤ ਦੇ ਰਾਸ਼ਟਰ ਗਾਣ ‘ਜਣ ਗਣ ਮਣ…’ ਦੇ ਮੌਕੇ ਸਾਵਧਾਨ ਪੁਜ਼ੀਸ਼ਨ ਵਿੱਚ ਖੜ ਕੇ ਡੋਗਰਿਆਂ ਵੱਲੋਂ ਸੰਸਾਰ ਵਿੱਚ ਸਭ ਤੋਂ ਕਮੀਨੀ ਕੀਤੀ ਗਈ ਗੱਦਾਰੀ ਦੇ ਵਾਰਸ ਸ੍ਰੀ ਕਰਨ ਸਿੰਹੁ, ਦਰਬਾਰ ਸਾਹਿਬ ਤੇ ਹਮਲਾ ਕਰ ਸਿੱਖਾਂ ਦੀ ਨਸਲਕੁਸ਼ੀ ਹਿਤ ਅਰੰਭੇ ਜੂਨ 84 ਦੇ ਸੁਪ੍ਰੀਮ ਕਮਾਂਡਰ ਅਤੇ ਜੂਨ ਤੇ ਨਵੰਬਰ 84 ਵਿੱਚ ਸਿੱਧੀ ਸ਼ਮੂਲੀਅਤ ਰੱਖਣ ਵਾਲੇ ਭਾਜਪਾਈ ਲੀਡਰਾਂ ਨਾਲ ਇਕੋ ਕਤਾਰ ਵਿੱਚ ਖੜ ਕੇ ਸਿੰਘ ਸਾਹਿਬ ਨੇ ਸਮੁੱਚੇ ਖ਼ਾਲਸਾ ਪੰਥ ਦੇ ਮੂੰਹ ਤੇ ਹਮੇਸ਼ਾਂ ਲਈ ਇਤਿਹਾਸ ਵਿੱਚ ਕਾਲਖ ਮਲ ਦਿੱਤੀ ਹੈ। ਕਿਉਂਕਿ, ਖ਼ਾਲਸਾ ਪੰਥ ਹਾਲੇ ਵੀ ਇਨ੍ਹਾਂ ਨੂੰ ਦੋਸ਼ੀ ਹੀ ਮੰਨਦਾ ਹੈ ਤੇ ਮੰਨਦਾ ਰਹੇਗਾ ਪਰ ਸੱਤਾਧਾਰੀ ਅਕਾਲੀਆਂ ਵਾਂਗ ਹੀ ਤਖ਼ਤਾਂ ਦੇ ਜੱਥੇਦਾਰਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਕੀ ਵਿਹਾਰਕ ਤੌਰ ਤੇ ‘ਕਲੀਨ ਚਿਟ’ ਨਹੀਂ ਦੇ ਦਿੱਤੀ ? ਪੰਥ ਨੂੰ ਗੁਮਰਾਹ ਕਰਨ ਲਈ ਸਿਰਫ਼ ਗੁਰਦੁਆਰਿਆਂ ਵਿੱਚ ਇਨ੍ਹਾਂ ਨੂੰ ਦੋਸ਼ੀ ਕਹੇ ਜਾਂਦੇ ਹਨ ਤੇ ਉਂਝ ਇਨ੍ਹਾਂ ਨਾਲ ਹਰ ਤਰ੍ਹਾਂ ਦੀ ਸਾਂਝ ਨਿਭਾ ਰਹੇ ਹਨ ! ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਨਾਲ ਸਿੱਖ ਧਰਮ ਦੀ ਅੱਡਰੀ, ਵਿਲੱਖਣ ਅਤੇ ਸੁਤੰਤਰ ਹਸਤੀ ਤੋਂ ਇਲਾਵਾ ਸਿੱਖ ਕੌਮ ਦੇ ਕੌਮੀ ਹਿਤਾਂ ਦੇ ਵਿਰੁਧ ਦੁਸ਼ਮਣਾਂ ਕਾਰਵਾਈਆਂ ਕਰਨ ਅਤੇ ਕਰਾਉਣ ਵਾਲਿਆਂ ਨਾਲ ਸਾਂਝ ਪਾਉਣ ਕਰਕੇ "ਪੰਥ ਖ਼ਾਲਸਾ” ਦੀ ਅਜ਼ਾਦ ਹਸਤੀ, ਅਣਖ ਸਵੈਮਾਨ ਅਤੇ ਹੋਂਦ ਨੂੰ ਕਰਾਰੀ ਸੱਟ ਵੱਜੀ ਹੈ।
ਖ਼ਾਲਸਾ ਪੰਥ ਦੀ ਸ਼੍ਰੋਮਣੀ ਅਤੇ ਗੁਰੂ ਵਰੋਸਾਈ ਤਖ਼ਤ ਦੀ ਸੱਤਾ ਨੇ ਆਮ ਕਰਕੇ ਬਣ ਚੁਕੀ ਉਸੇ ਆਮ ਪਾਈ ਜਾਂਦੀ ਸਿੱਖ ਮਾਨਸਿਕਤਾ ਵਿਚਲੀ ਅਲਾਮਤ ਦਾ ਹੀ ਪ੍ਰਤੱਖ ਪ੍ਰਮਾਣ ਦਿੱਤਾ ਜੋ ਹਮੇਸ਼ਾਂ ਆਪਣੇ ਸਿੱਧਾਂਤਾਂ, ਵਿਸ਼ਵਾਸਾਂ, ਅਨੁਸ਼ਾਸਨ, ਮਰਿਆਦਾਵਾਂ, ਧਰਮ ਅਤੇ ਕੌਮੀ ਤੇ ਧਾਰਮਿਕ ਰਹਿਤਾਂ, ਨਿਯਮਾਂ ਦੇ ਸਵੈ-ਮਾਣ, ਅਣਖ ਅਤੇ ਗੌਰਵ ਨੂੰ ਤਿਆਗਦੇ ਹੋਏ ਨਿਜ ਲਈ ਚੌਧਰ, ਸੱਤਾ, ਸ਼ੋਹਰਤ, ਦਬਦਬੇ ਅਤੇ ਸਰਕਾਰੀ ਸਰਪ੍ਰਸਤੀ ਮਗਰ ਉੱਲਰਦੀ ਰਹਿੰਦੀ ਹੈ। ਕੀ ਅਜਿਹੀਆਂ ਅਲਾਮਤਾਂ ਵਾਲੇ ਲੋਕ ਸਿੱਖਾਂ ਨੂੰ ਆਪਣੇ ਸਿਆਸੀ, ਧਾਰਮਿਕ, ਸਮਾਜਿਕ ਅਤੇ ਸਭਿਅਕ ਆਗੂ ਚੁਣਨੇ ਅਤੇ ਬਨ੍ਹਾਉਣੇ ਚਾਹੀਦੇ ਹਨ ? ਸਮਾਂ ਆ ਗਿਆ ਹੈ ਕਿ ਸਿੱਖ ਇਸ ਤੇ ਵਿਚਾਰ ਅਤੇ ਅਮਲ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਭ ਤਖ਼ਤਾਂ ਦੇ ਜਿੰਮੇਵਾਰ ਆਗੂਆਂ ਅਤੇ ਸ੍ਰੀ ਦਰਬਾਰਾ ਸਾਹਿਬ ਸਮੇਤ ਸਭ ਧਾਰਮਿਕ ਅਸਥਾਨਾਂ ਦੇ ਨਾਲੋਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਗੂਆਂ ਨੂੰ ਆਪਣੀ ਅਜਿਹੀ ਕਰਨੀ ਅਤੇ ਮਨੋਬਿਰਤੀ ਨੂੰ ਕੀ ਸੁਧਾਰਨ ਦੀ ਲੋੜ ਨਹੀਂ ਹੈ ?
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਤੇ ਹੋਰ ਤਖ਼ਤਾਂ ਦੇ ਜੱਥੇਦਾਰ ਸਾਹਿਬਾਨਾਂ ਵੱਲੋਂ ਬਾਰ ਬਾਰ ਸਿੱਖਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸ੍ਰੀ ਤਖ਼ਤ ਸਾਹਿਬਾਨਾਂ ਦੀ, ਧਰਮ ਦੀ ਅਤੇ ਖ਼ਾਲਸਾ ਪੰਥ ਦੀ ਮਾਣ ਮਰਿਆਦਾ ਦਾ ਧਿਆਨ ਰੱਖਣ ਅਤੇ ਇਨ੍ਹਾਂ ਦੇ ਗੌਰਵ ਨੂੰ, ਸਤਿਕਾਰ ਅਤੇ ਹਸਤੀ ਨੂੰ ਬਣਾਈ ਰੱਖਣ। ਤਖ਼ਤਾਂ ਪ੍ਰਤੀ ਜੇ ਸਿੱਖ ਵਫ਼ਾਦਾਰ ਰਹਿਣ ਤਾਂ ਕੀ ਤਖ਼ਤਾਂ ਤੇ ਬਿਰਾਜਮਾਨ ਜਿੰਮੇਵਾਰ ਪਦਵੀ ਧਾਰੀਆਂ ਦਾ ਸ਼੍ਰੋਮਣੀ ਫ਼ਰਜ਼ ਨਹੀਂ ਕਿ ਉਹ ਵੀ ਤਖ਼ਤ ਸਾਹਿਬਾਨਾਂ ਦੀ ਗੌਰਵਸ਼ਾਲੀ ਪਰੰਪਰਾ, ਧਰਮ, ਮਰਿਆਦਾ, ਰਹਿਤ, ਕਰਨੀ, ਆਚਰਣ ਅਤੇ ਪੰਥ ਖ਼ਾਲਸਾ ਪ੍ਰਤੀ ਵਫ਼ਾਦਾਰ ਰਹਿਣ ? ਜੇ ਸਿੱਖ ਤਖ਼ਤਾਂ ਨੂੰ ਜਵਾਬ ਦੇਹਿ ਹਨ ਤਾਂ ਫਿਰ ਕੀ ਤਖ਼ਤ ਸਾਹਿਬਾਨਾਂ ਦੇ ਪਦਵੀ ਧਾਰੀ ਵੀ ਖ਼ਾਲਸਾ ਪੰਥ ਨੂੰ ਜਵਾਬ ਦੇਹਿ ਨਹੀਂ ਹਨ ? ਇੱਕ ਨਿਮਾਣਾ ਜਿਹਾ ਸਿੱਖ ਆਪਣੀ ਸੰਪੂਰਨ ਨਿਸ਼ਠਾ, ਅਟੁੱਟ ਵਿਸ਼ਵਾਸ ਅਤੇ ਸ਼ਰਧਾ ਨਾਲ ਆਪਣੀ ਜਵਾਬ ਦਾਰੀ "ਗੁਰੂ ਪੰਥ-ਗੁਰੂ ਗ੍ਰੰਥ ਸਾਹਿਬ” ਜੀ ਦੇ ਸਨਮੁਖ ਸ੍ਰੀ ਅਕਾਲ ਤਖ਼ਤ ਤੇ ਗੁਰੂ ਚਰਨਾਂ ਵਿੱਚ ਸੰਗਤੀ ਤੌਰ ਤੇ ਪੇਸ਼ ਕਰਦੇ ਹੋਏ ਤਖ਼ਤ ਸਾਹਿਬਾਨਾਂ ਤੇ ਬਿਰਾਜਮਾਨ ਪਦਵੀ ਧਾਰੀ ਮਹਾਨ ਵਿਅਕਤੀਆਂ ਤੋਂ ਹੇਠ ਲਿਖੇ ਤੱਥਾਂ ਦੇ ਅਧਾਰ ਤੇ ਇਹ ਪੁੱਛਣਾ ਆਪਣੀ ਅਰਦਾਸ "ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,… ਮਤਿ ਉੱਚੀ…,” ਦੇ ਇਸ ਫ਼ਰਜ਼ ਦਾ ਜਾਗਰੂਕਤਾ ਨਾਲ ਨਿਰਬਾਹ ਕਰਦੇ ਹੋਏ ਸਵਾਲ ਦਾ ਜਵਾਬ ਮੰਗਦਾ ਹੈ ਕਿ ਇਸ ਸਮਾਗਮ ਵਿੱਚ ਸਿੰਘ ਸਾਹਿਬਾਨ ਦਾ ਜਾਨਾਂ ਕਿਵੇਂ ਅਤੇ ਕਿਉਂ ਉਚਿਤ ਹੈ ? ਜੇ ਨਾ ਜਾਂਦੇ ਤਾਂ ਸਿੱਖ ਕੌਮ ਦਾ ਕੀ ਨੁਕਸਾਨ ਹੋ ਜਾਣਾ ਸੀ ? ਜਾਣ ਨਾਲ ਜੋ ਨੁਕਸਾਨ ਹੋਇਆ ਹੈ ਹੁਣ ਉਸ ਦੀ ਭਰਪਾਈ ਕਿਵੇਂ ਸੰਭਵ ਹੈ ? ਜਾਂ ਕਿ ਇਸ ਨਾਲ ਵਾਕੇ ਹੀ ਖ਼ਾਲਸਾ ਪੰਥ ਨੂੰ ਕੋਈ ਫ਼ਖਰ ਯੋਗ ਕਾਮਯਾਬੀ ਮਿਲ ਗਈ ਹੈ ? ਦਾਸ ਸਮਝਦਾ ਹੈ ਕਿ ਅਜਿਹੀਆਂ ਆਚਰਣਕ, ਸਿਧਾਂਤਕ, ਕੂਟਨੀਤਕ, ਮਰਿਆਦਕ ਅਣਖ ਹੀਣਤਾ ਜਿਹੀ ਕਮਜ਼ੋਰੀਆਂ ਨਾਲ ਸੰਸਾਰ ਭਰ ਦੇ ਸਿੱਖਾਂ ਨੂੰ ਸ਼ਰਮਸਾਰ ਹੋ ਕੇ ਲਹੂ ਦੇ ਘੁਟ ਪੀਣੇ ਪੈਂਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ "ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ਆਪਿ ਨ ਬੁਝਾ, ਲੋਕ ਬੁਝਾਈ, ਐਸਾ ਆਗੂ ਹੋਵਾ ॥ ਨਾਨਕ ਅੰਧਾ ਹੋਇ ਕੈ ਦਸੇ ਰਾਹੈ, ਸਭਸੁ ਮੁਹਾਏ ਸਾਥੈ ॥ ਅਗੈ ਗਇਆ ਮੁਹੇ ਮੁਹਿ ਪਾਇ, ਸੁ ਐਸਾ ਆਗੂ ਜਾਪੈ ॥2॥(ਪੰਨਾ 140) ਪ੍ਰੋ. ਸਾਹਿਬ ਸਿੰਘ ਜੀ "ਗੁਰੂ ਗ੍ਰੰਥ ਦਰਪਣ” ਵਿੱਚ ਇਸ ਦੇ ਅਰਥ ਇੰਝ ਕਰਦੇ ਹਨ: ਅਰਥ :-ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ? ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ । ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ ।ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ । ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ।2।”
ਇਨ੍ਹਾਂ ਭਾਰਤੀ ਆਗੂਆਂ ਵੱਲੋਂ ਕੀਤੀਆਂ ਗਈਆਂ ਪੰਥ ਖ਼ਾਲਸਾ ਅਤੇ ਸਿੱਖ ਧਰਮ ਨਾਲ ਗੱਦਾਰੀਆਂ ਬਾਰੇ ਬਹੁਤ ਕੁਝ ਸਿੱਖ ਜਾਣਦੇ ਹਨ। ਕੁਝ ਤਥ ਅਜਿਹੇ ਵੀ ਹਨ ਜਿਹੜੇ ਸਿੱਖਾਂ ਵਿੱਚ ਸਾਹਮਣੇ ਨਹੀਂ ਲਿਆਂਦੇ ਗਏ ।ਆਪਣੀ ਉਪਰੋਕਤ ਵਿਚਾਰ ਦੇ ਪੱਖ ਵਿੱਚ ਸਿੱਖ ਆਗੂਆਂ ਨੂੰ ਅਤੇ ਕੌਮ ਨੂੰ ਸੁਚੇਤ ਕਰਨ ਲਈ ਦਾਸ ਕੁਝ ਪਰਮਾਣ ਪੇਸ਼ ਕਰਦਾ ਹੈ। ਜੋ ਕੁਝ ਕੁ ਇੰਝ ਹਨ:
1. ਡੋਗਰੇ ਰਾਜਿਆਂ ਦੇ ਪੁਰਖਿਆਂ ਨੇ "ਸਿੱਖ ਰਾਜ” ਅਤੇ ਸਰਕਾਰ ਏ ਖ਼ਾਲਸਾ ਨਾਲ ਕਿਵੇਂ ਦੀ ਗੱਦਾਰੀ ਕੀਤੀ ਉਸ ਦੇ ਲਿਖਤ ਤੱਥ ਸਿੱਖਾਂ ਨਾਲ ਜੰਗ ਵਿੱਚ ਸ਼ਾਮਲ ਰਹੇ ਅੰਗਰੇਜ਼ ਇਤਿਹਾਸਕਾਰ ਕੈਪਟਨ ਮੂਰੇ ਨੇ ਆਪਣੀ ਪੁਸਤਕ ‘ਹਿਸਟਰੀ ਆਫ਼ ਇੰਡੀਆ’ ਵਿੱਚ ਸਪਸ਼ਟ ਲਿਖਿਆ ਕਿ "ਮੁਦਕੀ ਅਤੇ ਫ਼ਿਰੋਜਪੁਰ ਦੀ ਜੰਗ ਤੋਂ ਬਾਅਦ ਗਵਰਨਰ ਜਨਰਲ ਲਾਰਡ ਹਾਰਡਿੰਗ ਸਿੱਖਾਂ ਅੱਗੇ ਬਿਨਾ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਹੋ ਗਿਆ ਸੀ। ਪਰ ਉਸ ਨੇ ਗੁਲਾਬ ਸਿੰਹੁ, ਲਾਲ ਸਿੰਹੁ ਅਤੇ ਤੇਜ ਸਿੰਹੁ ਨੂੰ ਆਪਣੇ ਪਾਸ ਬੁਲਾ ਭੇਜਿਆ।…ਇਨ੍ਹਾਂ ਵਿੱਚ ਇਹ ਸਮਝੌਤਾ ਹੋਇਆ ਕਿ ਜਦੋਂ ਤਕ ਅੰਗਰੇਜ਼ ਫੌਜਾਂ ਦੀਆਂ ਵੱਡੀਆਂ ਤੋਪਾਂ, ਹੋਰ ਨਫ਼ਰੀ ਗੋਲਾ ਬਾਰੂਦ ਨਹੀਂ ਪਹੁੰਚ ਜਾਂਦਾ ਓਦੋਂ ਤਕ ਜੰਗ ਰੋਕੀ ਜਾਵੇ……ਇਹ ਵੀ ਇਨ੍ਹਾਂ ਤਿੰਨਾਂ ਅਤੇ ਗਵਰਨਰ ਜਨਰਲ ਲਾਰਡ ਹਾਰਡਿੰਗ ਵਿਚਕਾਰ ਸਮਝੌਤਾ ਹੋਇਆ ਕਿ ਜਦੋਂ ਜੰਗ ਛਿੜ ਜਾਵੇਗੀ ਤਾਂ ਓਦੋਂ ਸ੍ਰੀ ਗੁਲਾਬ ਸਿੰਹੁ ‘ਖ਼ਾਲਸਾ ਫੌਜ” ਦੀ ਰਸਦ ਖਾਣ ਪੀਣ ਅਤੇ ਗੋਲਾ ਬਾਰੂਦ ਦੀ ਸਪਲਾਈ ਲਾਈਨ ਬੰਦ ਕਰ ਦੇਵੇਗਾ’। ਅੰਗਰੇਜ਼ ਨੂੰ ਜਿਤਾਉਣ ਦੇ ਇਵਜ਼ ਵਿੱਚ, "ਗਵਰਨਰ ਜਰਨਲ ਲਾਰਡ ਹਾਰਡਿੰਗ ਵੱਲੋਂ ਸ੍ਰੀ ਗੁਲਾਬ ਸਿੰਹੁ ਨੂੰ ਇਹ ਲਿਖਤ ਵਿੱਚ ਇਕਰਾਰਨਾਮਾ ਦਿੱਤਾ ਗਿਆ ਕਿ ਅੰਗਰੇਜ਼ ਦੇ ਜਿੱਤਣ ਤੋਂ ਬਾਅਦ ਜੰਮੂ ਕਸ਼ਮੀਰ ਦਾ ਇਲਾਕਾ "ਸਿੱਖ ਰਾਜ” ਨਾਲੋਂ ਤੋੜ ਕੇ ‘ਗੱਦਾਰੀ ਦੇ ਇਨਾਮ’ ਵਜੋਂ ਗੁਲਾਬ ਸਿੰਹੁ ਨੂੰ ਦੇ ਦਿੱਤਾ ਜਾਵੇਗਾ”। "ਖ਼ਾਲਸਾ ਫੌਜਾਂ” ਦੇ ਹਿੰਦੂ ਜਰਨੈਲ ਡੋਗਰਾ ਲਾਲ ਸਿੰਹੁ ਨੇ ਪਹਿਲੀ ਗੱਦਾਰੀ ਕਰਦੇ ਹੋਏ ਜੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਆਪਣੇ ਏਲਚੀ ਸ੍ਰੀ ਸੁਮਸ਼ੂਦੀਨ ਰਾਹੀਂ ਮੇਜਰ ਲਾਰੰਸ ਨੂੰ ਖ਼ਾਲਸਾ ਫੌਜਾਂ ਦੀ ਸਾਰੀ ਤਫ਼ਸੀਲ, ਮੋਰਚੇਬੰਦੀ ਦੀ ਪੂਰੀ ਜਾਣਕਾਰੀ ਭੇਜ ਦਿੱਤੀ ਸੀ।
ਕੈਪਟਨ ਮੂਰੇ ਦੀ ਲਿਖਤ ਪੁਸਤਕ ‘ਹਿਸਟਰੀ ਆਫ਼ ਦਿ ਇੰਡੀਆ’ ਭਾਰਤ ਅਤੇ ਜੰਮੂ ਕਸ਼ਮੀਰ ਵਿੱਚ ਪ੍ਰਚਾਰੇ ਜਾਂਦੇ ਇਸ ਝੂਠ ਦਾ ਸਪਸ਼ਟ ਤੱਥਾਂ ਸਮੇਤ ਖੰਡਨ ਕਰਦੀ ਹੈ ਅਤੇ ਝੂਠ ਸਾਬਤ ਕਰਦੀ ਹੈ ਕਿ ਸ੍ਰੀ ਗੁਲਾਬ ਸਿੰਹੁ ਨੇ ਅੰਗਰੇਜ਼ਾਂ ਤੋਂ ਲੱਖਾਂ ਰੁਪਿਆ ਵਿੱਚ ਜੰਮੂ ਕਸ਼ਮੀਰ ਦਾ ਰਾਜ ਖ਼ਰੀਦਿਆ ਸੀ।ਇਸੇ ਦੀ ਪੁਸ਼ਟੀ ਲੇਖ ਇੰਝ ਕਰਦਾ ਹੈ- "ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਦੋਹਾਂ ਪਾਸਿਆਂ ਦੇ ਜਰਨੈਲਾਂ ਵੱਲੋਂ ਅਜਿਹਾ ਸ਼ਰਮਨਾਕ ਸਮਝੌਤਾ ਦੁਨੀਆ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਸਮਝੌਤੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਿੰਦੋਸਤਾਨ ਵਿੱਚ ਅੰਗਰੇਜ਼ ਰਾਜ ਕਿਸ ਨਿਵਾਣ ਤਕ ਡਿੱਗ ਪਿਆ ਸੀ।” ਹਿੰਦੋਸਤਾਨ ਦੇ ਇਤਿਹਾਸ ਵਿੱਚ ਆਪਣੇ ਹੀ ਦੇਸ਼ ਨਾਲ ਗ਼ੱਦਾਰੀ ਕਰਨ ਦੀ ਇਹ ਸਭ ਤੋਂ ਵੱਧ ਸ਼ਰਮਨਾਕ ਘਟਨਾ ਸੀ।ਜਦੋਂ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਵੱਲੋਂ ਅੰਗਰੇਜ਼ ਫੌਜ ਦੇ ਜਰਨੈਲ ਸਰ ਰਾਬਰਟ ਡਿੱਕ ਨੂੰ ਮਾਰ ਮੁਕਾਇਆ ਤਾਂ ਘਬਰਾਈ ਹੋਈ ਅੰਗਰੇਜ਼ ਫੌਜ ਨੂੰ ਗਵਰਨਰ ਜਰਨਲ ਲਾਰਡ ਹਾਰਡਿੰਗ ਨਾਲ ਹੋਏ ਲਿਖਤ ਸਮਝੌਤੇ ਅਨੁਸਾਰ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ ਨੇ ਸਤਲੁਜ ਦਾ ਪੁਲ ਤੋੜ ਦਿੱਤਾ। ਇਹ ਖ਼ਾਲਸਾ ਫੌਜਾਂ ਦੀ ਰਾਸ਼ਨ ਪਾਣੀ ਅਤੇ ਗੋਲਾ ਬਾਰੂਦ ਦੀ ਸਪਲਾਈ ਲਾਈਨ ਪਹਿਲਾਂ ਹੀ ਬੰਦ ਕਰ ਚੁਕੇ ਸਨ। ਜਿਹੜਾ ਗੋਲਾ ਬਾਰੂਦ ਪਿਆ ਸੀ ਉਸ ਨੂੰ ਇਨ੍ਹਾਂ ਅੱਗ ਲਾ ਕੇ ਤਬਾਹ ਕਰ ਦਿੱਤਾ ਸੀ। ਸਿੱਖ ਫੌਜੀਆਂ ਨੇ ਸਤਲੁਜ ਵਿੱਚ ਛਾਲਾਂ ਮਾਰੀਆਂ ਤਾਂ ਅੰਗਰੇਜ਼ ਨੇ ਪਹਿਲਾਂ ਬਣਾਈ ਵਿਉਂਤ ਅਨੁਸਾਰ ਸਤਲੁਜ ਵਿੱਚ ਵੱਡੀਆਂ ਤੋਪਾਂ ਨਾਲ ਗੋਲੇ ਵਰਸਾ ਕੇ ਸਿੰਘਾਂ ਦੀਆਂ ਲਾਸ਼ਾਂ ਵਿਛਾ ਦਿੱਤਿਆਂ। ਸਤਲੁਜ ਸਿੱਖਾਂ ਦੀਆਂ ਲਾਸ਼ਾਂ ਨਾਲ ਭਰ ਗਿਆ ਅਤੇ ਲਹੂ ਨਾਲ ਲਾਲ ਹੋ ਗਿਆ। ਇਨ੍ਹਾਂ ਤੱਥਾਂ ਦੀ ਪੁਸ਼ਟੀ ਇਤਿਹਾਸ ਕਾਰ ਕਨਿੰਘਮ, ਜੋ ਇਸ ਜੰਗ ਵਿੱਚ ਬਤੌਰ ਕੈਪਟਨ ਜੰਗ ਲੜਿਆ ਸੀ, ਆਪਣੀ ਪੁਸਤਕ "ਹਿਸਟਰੀ ਆਫ਼ ਦੀ ਸਿੱਖਸ” ਵਿੱਚ ਇੰਝ ਕਰਦਾ ਹੈ "ਸਿੱਖ ਜਰਨੈਲਾਂ (ਹਿੰਦੂ ਡੋਗਰਿਆਂ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ) ਦੀਆਂ ਗ਼ੱਦਾਰੀਆਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ਕ ਹੋ ਗਈ ਸੀ। ਪਰ ਅਜਿਹੇ ਨਾਜ਼ਕ ਹਾਲਾਤ ਦੇ ਬਾਵਜੂਦ ਕਿਸੀ ਵੀ ਇੱਕ ਸਿੱਖ ਨੇ ਹਥਿਆ ਸੁੱਟ ਕੇ ਹਾਰ ਮੰਨਣੀ ਕਬੂਲ ਨਹੀਂ ਕੀਤੀ।”  ਇਨ੍ਹਾਂ ਤੱਥਾਂ ਦੀ ਹੀ ਮਜ਼ੀਦ ਪੁਸ਼ਟੀ ਮੇਜਰ ਐਡਮਜ਼ ਆਪਣੀ ਪੁਸਤਕ "ਐਪੀਸੋਡਜ਼ ਆਫ ਐਂਗਲੋ ਇੰਡੀਅਨ ਹਿਸਟਰੀ” ਵਿੱਚ ਇੰਝ ਕਰਦੇ ਹਨ "ਸਿੱਖਾਂ ਦੇ (ਹਿੰਦੂ ਡੋਗਰਿਆਂ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ) ਜਰਨੈਲਾਂ ਨੇ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਪੁਲ ਤੋੜ ਕੇ ਆਪਣੀ ਗੱਦਾਰੀ ਦਾ ਪਿਆਲਾ ਨੱਕੋਂ ਨੱਕ ਭਰ ਦਿੱਤਾ ਸੀ।” ਇਸੇ ਤਰ੍ਹਾਂ ਹੀ ਸ੍ਰੀ ਹੈਕੀਥ ਪੀਅਰਸਨ ਆਪਣੀ ਪੁਸਤਕ "ਹੀਰੋ ਆਫ਼ ਡੇਲੀ” ਵਿੱਚ ਸਭ ਤੱਥਾਂ ਦੀ ਪੁਸ਼ਟੀ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ "ਸਿੱਖ ਜਰਨੈਲਾਂ (ਹਿੰਦੂ ਡੋਗਰਿਆਂ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ) ਦੀ ਗ਼ੱਦਾਰੀ ਕਾਰਨ, ਅੰਗਰੇਜ਼ਾਂ ਦੀ ਹਾਰ ਇੱਕ ਵਾਰੀ ਫਿਰ ਜਿੱਤ ਵਿੱਚ ਤਬਦੀਲ ਹੋ ਗਈ ਸੀ।”
ਸੰਸਾਰ ਭਰ ਦੇ ਇਤਿਹਾਸ ਵਿੱਚ ਆਪਣੇ ਹੀ ਦੇਸ਼ ਨਾਲ ਗ਼ੱਦਾਰੀ ਕਰਨ ਦੀ ਇਹ ਸਭ ਤੋਂ ਨੀਵੀਂ ਅਤੇ ਸ਼ਰਮਨਾਕ ਪੱਧਰ ਦੀ ਖਰੀਦ ਫ਼ਰੋਖ਼ਤ ਅਤੇ ਗੱਦਾਰੀ ਕਰਨ ਅਤੇ ਕਰਵਾਉਣ ਲਈ ਅੰਗਰੇਜ਼ ਅਤੇ ਹਿੰਦੂ ਵੱਲੋਂ ਕੀਤਾ ਗਿਆ ਅਜਿਹਾ ਘਿਣਾਉਣਾ ਸਮਝੌਤਾ ਅਤੇ ਕਾਰਵਾਈ ਹੈ ਜਿਸ ਦੀ ਹੋਰ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ । ਚੜ੍ਹਦੇ 1846 ਵਿਚਲੀ ਇਸ ਇਖਲਾਕ ਹੀਣੇ, ਨੀਵੇਂ ਪੱਧਰ ਦੇ ਸਮਝੌਤੇ ਦੀ ਸੰਸਾਰ ਭਰ ਵਿੱਚ "ਗ਼ੱਦਾਰੀ ਕਰਨ ਅਤੇ ਵਿਕਾਊਪਨ” ਦੀ ਸਭ ਤੋਂ ਵੱਡੀ ਅਤੇ ਅਕ੍ਰਿਤਘਣਤਾ ਵਾਲੀ ਸ਼ਰਮਨਾਕ ਘਟਨਾ ਮੰਨਿਆਂ ਜਾਂਦਾ ਹੈ। ਤੁਸੀਂ ਇਨ੍ਹਾਂ ਨਾਲ ਹੀ ਸਵੈ ਇੱਛਾ ਨਾਲ ਪਹਿਲੀ ਕਤਾਰ ਵਿੱਚ ਜਾ ਰਲ਼ੇ ਹੋ।
2. ਆਪਣੇ ਹੀ ਦੇਸ਼ ਦੇ ਨਿਹੱਥੇ ਸ਼ਹਿਰੀਆਂ ਨਾਲ ਸੰਸਾਰ ਭਰ ਵਿੱਚ ਸਭ ਤੋਂ ਨੀਵੇਂ ਪੱਧਰ ਦੀ ਮੱਕਾਰੀ ਭਰਪੂਰ ਦੁਸ਼ਮਣੀ ਕਾਰਵਾਈ ਕਰਨ ਦਾ ਦੂਜਾ ਰਿਕਾਰਡ ਵੀ ਭਾਰਤ ਸਰਕਾਰ ਦੇ ਅਤੇ ਇਸ ਦੇ ਸੁਪ੍ਰੀਮ ਕਮਾਂਡਰ ਦੀ ਕਲਗੀ ਤੇ ਹੀ ਲੱਗਾ ਹੋਇਆ ਹੈ। ਸੰਸਾਰ ਭਰ ਵਿੱਚ ਆਪਣੇ ਹੀ ਨਾਗਰਿਕਾਂ ਵਿੱਚੋਂ ਇੱਕ ਵਿਸ਼ੇਸ਼ ਧਰਮ "ਸਿੱਖ ਸਭਿਅਤਾ” ਨੂੰ ਮੰਨਣ ਵਾਲੇ ਲੋਕਾਂ ਨੂੰ ਦੇਸ਼ ਦਾ ਦੁਸ਼ਮਣ ਘੋਸ਼ਿਤ ਕਰਕੇ, ਇਨ੍ਹਾਂ ਉਪਰ ਭਾਰਤੀ ਫੌਜ ਵੱਲੋਂ ਆਪਣੀ ਸਮੁੱਚੀ ਤਾਕਤ ਨਾਲ ਇਉਂ ਘੇਰਾ ਬੰਦੀ ਕਰਕੇ ਬੀਜ ਨਾਸ਼ ਕਰ ਦੇਣ ਦਾ ਹੁਕਮ ਜੂਨ 84 ਨੂੰ ਚਾੜ੍ਹਿਆ ਗਿਆ ਜਿਵੇਂ ਹਿਟਲਰ ਨੇ ਘੇਰ ਕੇ ਕੈਦ ਕੀਤੇ ਯਹੂਦੀਆਂ ਨੂੰ ਗੈਸ ਚੈਂਬਰ ਵਿੱਚ ਭੇਜ ਕੇ ਮਰਵਾ ਦਿੱਤਾ ਸੀ। ਭਾਰਤ ਸਰਕਾਰ ਨੇ ਇਹ ਕੰਮ ਆਪਣੇ ਜਨੂਨੀ ਵਰਦੀ ਧਾਰੀ ਫੌਜੀਆਂ ਤੋਂ ਕਰਵਾਇਆ। ਇਹ ਪੰਜਾਬ ਦੀ ਉਵੇਂ ਦੀ ਹੀ ਘੇਰਾ ਬੰਦੀ ਸੀ ਜਿਵੇਂ ਵੱਡੇ ਘੱਲੂਘਾਰੇ ਵੇਲੇ ਸਿੱਖਾਂ ਨੂੰ ਘੇਰ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਇਸੇ ਕਰਕੇ ਦਾਸ ਨੇ ਇਸ ਜੂਨ 84 ਨੂੰ ਤੀਜੇ ਘੱਲੂਘਾਰੇ ਦਾ ਨਾਮ ਦਿੱਤਾ ਹੈ। ਭਾਰਤ ਸਰਕਾਰ ਦੀ ਇਹ ਕਾਰਵਾਈ ਆਪਣੇ ਹੀ ਵਿਸ਼ੇਸ਼ ਧਰਮ ਨੂੰ ਮੰਨਣ ਵਾਲੇ ਨਾਗਰਿਕਾਂ ਨੂੰ ਮਾਰ ਮੁਕਾਉਣ ਦੀ ਉਹੀ ਔਰੰਗਜ਼ੇਬੀ ਕਾਰਵਾਈ ਹੈ ਅਤੇ ਰਹੇਗੀ ਜਿਵੇਂ ਔਰੰਗਜ਼ੇਬ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੇ ਗਲਾਂ ਵਿੱਚ ਪਾਏ ਸਵਾ ਮਨ ਜੰਞੂ ਰੋਜ਼ਾਨਾ ਤੋਲਦਾ ਸੀ। ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਚੁਣ ਚੁਣ ਕੇ ਅੰਮ੍ਰਿਤਧਾਰੀ ਅਤੇ ਸਾਬਤ ਸੂਰਤ ਦੇ ਨਾਲ ਹੀ ਨਾਲ ਕੇਸਰੀ ਕੇਸਕੀ ਬੰਨ੍ਹਣ ਵਾਲਿਆਂ ਸਿੱਖਾਂ ਨੂੰ ਭਾਰਤ ਸਰਕਾਰ ਨੇ ਆਪਣੀ ਫੌਜ ਅਤੇ ਨੀਮ ਫੌਜੀ ਦਲਾਂ ਤੋਂ ਇਲਾਵਾ ਪੰਜਾਬ ਪੁਲਿਸ ਰਾਹੀਂ ਕਰਵਾਇਆ। ਇਸ ਨੂੰ ਖ਼ਾਲਸਾ ਪੰਥ ਰਹਿੰਦੀ ਸ੍ਰਿਸਟੀ ਤਕ ਮੁਆਫ਼ ਨਹੀਂ ਕਰ ਪਾਏਗਾ।
ਸਿੱਖ ਕੌਮ ਜਿਹੜੀ ਕਿ ਮਾਦਾਪ੍ਰਸਤੀ ਦੀ ਨਿੱਜ ਪੱਖੀ ਸਵਾਰਥਤਾ ਅਤੇ ਗਰਜ਼ਾਂ ਵਿੱਚ ਜਕੜ ਕੇ ਕੌਮ ਪ੍ਰਸਤੀ ਨੂੰ ਤੁਹਾਡੇ ਜਿਹੇ ਅਤੇ ਅਕਾਲੀ ਆਗੂਆਂ ਦੀਆਂ ਅਜਿਹੀਆਂ ਕਰਨੀਆਂ ਕਰਕੇ ਭੁੱਲ ਚੁਕੀ ਹੈ।ਇਸ ਲਈ ਮੈਂ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਇਸ ਮਨੋਰਥ ਦੀ ਪੂਰਤੀ ਲਈ ਹੀ ਜੂਨ 84 ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਛੂਟ ਦੇ ਕੇ ਪੰਜਾਬ ਦੇ ਜਾਬਰ ਪੁਲਿਸ ਅਧਿਕਾਰੀਆਂ ਰਿਬੈਰੋ ਅਤੇ ਗਿੱਲ ਨੂੰ ਪੰਜਾਬ ਪੁਲਿਸ ਵਿਚਲੇ ‘ਸਿੱਖ ਸਾਇਕੀ’ ਰੱਖਦੇ 10% ਮੁਲਾਜ਼ਮ ਕੱਢੇ ਗਏ ਸਨ। ਪੰਜਾਬ ਪੁਲਿਸ ਵਿੱਚ ਕੁੱਲ ਸਿੱਖ ਭਰਤੀ 3% ਦੇ ਹੇਠਲੇ ਪੱਧਰ ਤਕ ਕਰ ਦੇਣ ਲਈ 1987 ਵਿੱਚ 2000 ਉਨ੍ਹਾਂ ਗੈਰ ਸਿੱਖ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਜੋ ਸਿੱਖਾ ਲਈ ਉਪਰੋਕਤ ਇਰਾਦਿਆਂ ਦੀ ਪੂਰਤੀ ਵਾਸਤੇ ‘ਜੱਲਾਦ’ ਦਾ ਕੰਮ ਕਰਨ। ਆਈ.ਪੀ.ਐਸ. ਅਤੇ ਪੀ.ਸੀ.ਐਸ. ਰੈਂਕ ਦੇ ‘ਸਿੱਖ ਸਾਇਕੀ’ ਰੱਖਦੇ ਅਫਸਰਾਂ ਨੂੰ ਰੌਲ਼ਿਆਂ ਗਿਆ ਤੇ ਜਿੰਮੇਵਾਰ ਪਦਾਂ ਤਕ ਨਹੀਂ ਅਪੜ੍ਹਨ ਦਿੱਤਾ ਗਿਆ; ਇਹ ਵਿਹਾਰਕ ਨੀਤੀ ਬਣਾਈ ਗਈ। ਜੋ ਅੱਜ ਤਕ ਅਕਾਲੀ ਸਰਕਾਰ ਵਿੱਚ ਵੀ ਜਾਰੀ ਹੈ। ਅਜਿਹਾ ਕਰਨ ਅਤੇ ਕਰਾਉਣ ਵਾਲਿਆਂ ਨਾਲ ਤੁਸੀਂ ਪਹਿਲੀ ਕਤਾਰ ਵਿੱਚ ਜਾ ਖੁਦ ਹੀ ਖੜ ਗਏ ਹੋ !
3. ਸ੍ਰੀ ਕਰਨ ਸਿੰਹੁ ਦੇ ਹੀ ਪੁਰਖਿਆਂ ਨੇ ਹਿੰਦੂ ਸਮਾਜ ਦੇ ਡੋਗਰਾ ਹਿੰਦੂ ਰਾਜ ਦੇ ਰਾਜਾ ਪਰਤਾਪ ਸਿੰਹੁ ਨੇ ਹੀ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਸੰਨ 1905 ਤੋਂ 1909 ਦੇ ਦਰਮਿਆਨ ਰਾਜਾ ਪ੍ਰਤਾਪ ਸਿੰਹੁ ਨੇ ਸਿੱਖ ਗੁਰਦੁਆਰਿਆਂ ਨੂੰ ਢਾਉਣ ਦਾ ਕੰਮ ਆਰੰਭ ਕੀਤਾ ਅਤੇ ਉਨ੍ਹਾਂ ਦੀ ਥਾਂ ਤੇ ਮੰਦਰ ਬਣਵਾ ਦਿੱਤੇ।
ਇਹ ਯਾਦ ਰੱਖਣਾ ਜਰੂਰੀ ਹੈ ਕਿ ਜਿਸ 'ਗੁਰਦੁਆਰਾ ਗੁਰੂ ਨਾਨਕ ਸਾਹਿਬ ਮਟਨ' ਦੇ ਸਦਕਾ ਜਿਨ੍ਹਾਂ ਹਿੰਦੂ ਬ੍ਰਾਹਮਣਾ ਦੀ ਨਸਲ ਅਤੇ ਬੀਜ ਨੂੰ ਬਚਾਉਣ ਲਈ ਇਨ੍ਹਾਂ ਦੇ ਹੀ ਕੁਲ ਦਾ ਬ੍ਰਾਹਮਣ ਕਿਰਪਾ ਰਾਮ ਹਿੰਦੂ ਬ੍ਰਾਹਮਣਾ ਦੇ ਜੱਥੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ ਪਹੁੰਚਿਆ ਸੀ।ਰਾਜਾ ਪ੍ਰਤਾਪ ਸਿੰਹੁ ਨੇ ‘ਮਟਨ’ ਦੇ ਚਸ਼ਮੇ ਦੇ ਇਰਦ ਗਿਰਦ ਬਣਵਾਏ ਗਏ ਸਾਰੇ 8 ਗੁਰਦੁਆਰੇ ਢਾਹ ਦਿੱਤੇ। ਗੁਰਦੁਆਰਾ ਸਾਹਿਬ ਦੇ ਨਾਲ ਹੀ ਸੰਨ 1700 ਦੇ ਲਗਭਗ ਤੋਂ ਆਬਾਦ ਹੋ ਚੁਕੀ ਵੱਡੀ ਸਿੱਖ ਅਬਾਦੀ ਦੇ ਮੁਹੱਲਾ ਵਾਸੀਆਂ ਨੂੰ ਇਸ ਹਿੰਦੂ ਡੋਗਰੇ ਰਾਜਾ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਇਸ ਅਸਥਾਨ ਤੇ ਨਵੇਂ ਰੂਪ ਵਿੱਚ ਆਲੀਸ਼ਾਨ ਗੁਰਦੁਆਰੇ ਦਾ ਨਿਰਮਾਣ ਕੀਤਾ ਜਾਵੇਗਾ। ਜਿਹੜੇ ਗੁਰਦੁਆਰਾ ਸਾਹਿਬ ਢਾਹੇ ਗਏ ਉਹਨਾਂ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਇਨ੍ਹਾਂ ਪਰਿਵਾਰਾਂ ਨੇ ਸੰਭਾਲ ਲਿਆ। ਪਰ 1944 ਵਿੱਚ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਬਹੁਤ ਵੱਡਾ ਧੋਖਾ ਡੋਗਰੇ ਹਿੰਦੂ ਰਾਜਿਆਂ ਨੇ ਫਿਰ ਦੇ ਦਿੱਤਾ ਅਤੇ ਰਾਜਾ ਹਰੀ ਸਿਹੁੰ ਡੋਗਰਾ ਨੇ ਇਸ ਅਸਥਾਨ ਤੇ ਇਤਿਹਾਸ ਵਿੱਚ ਪਹਿਲੀ ਵਾਰ ‘ਹਿੰਦੂ ਮੰਦਰ’ ਦਾ ਨਿਰਮਾਣ ਕਰਵਾ ਦਿੱਤਾ। ਇੰਝ 1944 ਵਿੱਚ ਮਟਨ ਵਿੱਚ ਧੋਖੇਬਾਜ਼ੀ ਦੀ ਇਸ ਨਵੀਂ ਮਿਸਾਲ ਰਾਹੀਂ ਇਤਿਹਾਸ ਵਿੱਚ ਪਹਿਲੀ ਵਾਰ ਹਿੰਦੂ ਸਾਮਰਾਜੀਆਂ ਵੱਲੋਂ ‘ਸਿੱਖ ਗੁਰਦੁਆਰਾ ਸਾਹਿਬਾਨਾਂ’ ਨੂੰ ਢਾਉਣ ਦਾ ਉਹ ਨਿੰਦਨੀਐ ਅਤੇ ਦਹਿਸ਼ਤੀ ਕੰਮ ਅਰੰਭਿਆ ਗਿਆ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਸੀ ਮਿਲਦੀ। ਇੰਝ ਭਾਰਤੀ ਉਪ-ਮਹਾਂਦੀਪ ਵਿੱਚ ਇੱਕ ਵੱਖਰੀ, ਸੁਤੰਤਰ, ਅੱਡਰੀ ਅਤੇ ਆਪਣੀ ਮੌਲਿਕ ਵਿਲੱਖਣਤਾ ਰੱਖਦੀ ਕੌਮੀਅਤਾ ਦੀ ਸਭਿਅਤਾ ਦੇ ਧਾਰਮਿਕ ਕੇਂਦਰ ‘ਗੁਰਦੁਆਰਿਆਂ ਦੀ ਇੱਕ ਲੜੀ ਜਾਂ ਸ਼੍ਰੇਣੀ’ ਨੂੰ ‘ਹਿੰਦੂ ਡੋਗਰਾ ਰਾਜ ਸ਼ਕਤੀ’ ਦੀ ਦਹਿਸ਼ਤੀ ਗੈਰ ਮਨੁੱਖੀ ਆਂਤਕੀ ਕਾਰਵਾਈ ਰਾਹੀਂ ਢਾਹ ਕੇ ਮੁਕਾ ਦਿੱਤਾ ਗਿਆ। ਅਜਿਹਾ ਕਰਨ ਅਤੇ ਕਰਵਾਉਣ ਵਾਲਿਆਂ ਨਾਲ ਜਦੋਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ‘ਬੇਚਾਰਗੀ’ ਦੀ ਹੱਦ ਤੋਂ ਵੀ ਹੇਠਾਂ ਡੇਗੀ ਜਾ ਰਹੀ ਸਿੱਖ ਕੌਮ ਫਿਰ ਕੀ ਕਰੇ ?
4. ਜਿਸ ਸ਼ੰਕਰਾਚਾਰਿਆਂ ਦੀ ਪਰੰਪਰਾ ਵਿੱਚੋਂ ਇਹ ਸਵਾਮੀ ਚਿੰਦਾਨੰਦ ਸਰਵਸਤੀ ਵਰਗਿਆਂ ਦੀ ਲਹਿਰ ਤੁਰੀ ਹੋਈ ਹੈ ਜਿਸ ਦੇ "ਹਿੰਦੂ ਧਰਮ ਦੇ ਵਿਸ਼ਵ ਕੋਸ਼” ਨੂੰ ਜਾਰੀ ਕਰਨ ਲਈ ਸਿੰਘ ਸਾਹਿਬ ਗਏ ਹਨ। ਜਿਸ ਨਾਲ ਸਿੱਖਾਂ ਦਾ ਅਕਸ ਹਿੰਦੂ ਧਰਮ ਦੀ ਇਕ ਸੁਧਾਰਵਾਦੀ ਜਾਤੀ ਜਾਂ ਵਰਗ ਜਾਂ ਲਹਿਰ ਬਣ ਕੇ ਰਹਿ ਗਏ ਹਨ। ਸਿੰਘ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੁੱਲ ਗਈ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਦੀ ਪਰੰਪਰਾਂ ਸਵਾਮੀ ਦਯਾਨੰਦ ਵਰਗੇ ਸਿੱਖ ਵਿਰੋਧੀ ਅਤੇ ਗੁਰੂ ਦੋਖੀਆਂ ਰਾਹੀਂ ਚਲਾਈ ਗਈ ਹੈ। ਜਿਨ੍ਹਾਂ ਨੇ ਪਹਿਲਾਂ ਹੀ ਸਿੱਖ ਕੌਮ ਨਾਲ ਦੁਸ਼ਮਣੀ ਹੰਢਾਈ ਹੋਈ ਹੈ। ਇਸ ਸੱਚਾਈ ਦਾ ਦੂਜਾ ਇਤਿਹਾਸਕ ਪੱਖ ਇਹ ਵੀ ਹੈ ਕਿ ਕਸ਼ਮੀਰ ਵਿੱਚ ਹੀ ਸ੍ਰੀ ਨਗਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਹੀ ਧਰਮਸਾਲ ਵਾਲੇ ਅਸਥਾਨ ਤੇ ਇਸੇ ਪਰੰਪਰਾ ਨੇ ਬਲਾਤ ਕਬਜ਼ਾ ਕਰਕੇ ਆਪਣਾ ‘ਸ਼ੰਕਰਾਚਾਰੀਆ ਮੱਠ’ ਬਣਾ ਲਿਆ ਹੈ। ਜਦ ਕਿ ਇਸ ਪਹਾੜੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਕਦੇ ਕੋਈ ਹੋਰ ਧਰਮ ਦਾ ਪ੍ਰਚਾਰਕ ਨਹੀਂ ਗਿਆ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਇਸ ਦੀ ਪੁਸ਼ਟੀ ਕਰੇ ਹਨ।
5. ਇਨ੍ਹਾਂ ਲੋਕਾਂ ਦੀ ਹੀ ਸ਼ਹਿ ਨਾਲ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਊਧਮ ਪੁਰ ਵਿਖੇ "ਗੁਰਦੁਆਰਾ ਚਰਨ ਕਮਲ ਅਸਥਾਨ, ਗੁਰੂ ਨਾਨਕ ਸਾਹਿਬ ਜੀ” ਪਿੰਡ ਸ਼ੇਰ ਮੰਜਲਾ, ਤਹਿਸੀਲ ਰਾਮਨਗਰ ਨੂੰ ਨਵੰਬਰ 1984 ਨੂੰ ਹਿੰਦੂ ਅਤਿਵਾਦੀਆਂ ਨੇ ਅੱਗ ਲਾ ਕੇ ਸਾੜ ਦਿੱਤਾ ਅਤੇ ਪੂਰੀ ਤਰ੍ਹਾਂ ਬਿਲਡਿੰਗ ਨੂੰ ਬਾਅਦ ਵਿੱਚ ਢਾਅ ਦਿੱਤਾ ਗਿਆ। ਇਨ੍ਹਾਂ ਹੀ ਹਿੰਦੂ ਅਤਿਵਾਦੀਆਂ ਵੱਲੋਂ ਇਹ ਗੁਰਦੁਆਰਾ ਸਾਹਿਬ ਅੱਜ ਤਕ ਨਹੀਂ ਬਣਾਉਣ ਦਿੱਤਾ ਜਾ ਰਿਹਾ। ‘ਗੁਰਦੁਆਰਾ ਗਿਆਨ ਗੋਦੜੀ’ ਹਰਿਦਵਾਰ ਦਾ ਮਸਲਾ ਤਾਂ ਸਿੱਖ ਆਪੋ ਆਪਣੇ ਰਾਜਨੀਤਕ ਹਿੱਤਾਂ ਦੀ ਭੁੱਖ ਨੂੰ ਪੱਠੇ ਪਾਉਣ ਲਈ ਚੁੱਕੀ ਰੱਖਦੇ ਹਨ ਪਰ ਇਸ ਵਿਸ਼ੇ ਤੇ ਸਭ ਚੁੱਪ ਰਹਿੰਦੇ ਹਨ। ਜਦ ਕਿ ਇਸ ਸਭ ਉਪਰੋਕਤ ਤੱਥਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖੁਦ ਸਿੰਘ ਸਾਹਿਬਾਨ ਜਾਣਦੇ ਹਨ। ਇਸ ਗੁਰਦੁਆਰਾ ਸਾਹਿਬ ਲਈ ਅਤੇ ਗੁਰਦੁਆਰਾ ਮਟਨ ਸਾਹਿਬ ਲਈ ਇਹ ਖੁਦ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਪਾ ਚੁਕੇ ਹਨ।
6. ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਹੀ ਭਾਰਤ ਦੇ ਗ੍ਰਹਿ ਮੰਤ੍ਰੀ ਹੋਣ ਸਮੇਂ ਮਿੱਥ ਕੇ ਭਾਰਤ ਸਰਕਾਰ ਵੱਲੋਂ ਚਿੱਠੀ ਸਿੰਘਪੁਰਾ ਵਿਖੇ 36 ਗੁਰ ਸਿੱਖਾਂ ਨੂੰ ਭਿਆਨਕ ਕਤਲੇਆਮ ਰਾਹੀਂ ‘ਭਾਰਤੀ ਅਜੈਂਸੀਆਂ’ ਵੱਲੋਂ ਹੀ ਮੌਤ ਦੇ ਘਾਟ ਉਤਰਵਾਇਆ ਗਿਆ ਸੀ। ਜਿਸ ਦੀ ਅੱਜ ਤਕ ਕੋਈ ਜਾਂਚ ਨਾ ਖ਼ਾਲਸਾ ਪੰਥ ਕਰਵਾ ਸਕਿਆ ਤੇ ਨਾ ਹੀ ਭਾਜਪਾਈ ਸਰਕਾਰ ਵਿੱਚ ਉਸ ਵਕਤ ਵੀ ਭਾਈ ਵਾਲ ਬਾਦਲ ਅਕਾਲੀ ਦਲ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਵਾ ਸਕੀ। ਜਦ ਕਿ ਜਿਹੜੇ ਬੰਦੇ ਇਸ ਨੂੰ ਕਰਨ ਦੇ ਦੋਸ਼ ਵਿੱਚ ‘ਪਾਕਿਸਤਾਨੀ’ ਕਹਿ ਕੇ ਇਸੇ ਅਡਵਾਨੀ ਦੇ ਗ੍ਰਹਿ ਮੰਤ੍ਰੀ ਹੁੰਦਿਆਂ ਮਰਵਾਏ ਗਏ ਸਨ, ਉਨ੍ਹਾਂ ਸਭਨਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਮੁਸਲਮਾਨ ਵਾਰਸਾਂ ਨੇ ਕਬਰਾ ਤੋਂ ਕਢਵਾ ਕੇ, ਜਾਂਚ ਕਰਵਾ ਕੇ ਉਨ੍ਹਾਂ ਦੇ ਭਾਰਤੀ ਹੋਣ ਅਤੇ ਆਮ ਨਿਰਦੋਸ਼ ਨਾਗਰਿਕ ਹੋਣ ਦਾ ਪ੍ਰਮਾਣੀਕਰਨ ਵੀ ਲੈ ਲਿਆ ਸੀ।
ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਖੁਦ ਦੀ ਆਤਮ ਕਥਾ "ਮਾਈ ਕੰਟਰੀ ਮਾਈ ਲਾਈਫ਼” ਵਿੱਚ ਆਪਣੀ ਕਲਮ ਨਾਲ ਕਬੂਲਦਾ ਹੈ ਕਿ "ਸ੍ਰੀ ਅਡਵਾਨੀ ਆਪਣੀ ਕਿਤਾਬ ਦੇ ਅਧਿਆਇ 7 ਦਾ ਪੰਜਾਬ ਸੰਬੰਧੀ ਲੇਖ "ਦਾ ਟਰੋਮਾਂ ਐਂਡ ਟਰਿੰਫ ਆਫ਼ ਪੰਜਾਬ” ਅਰਥਾਤ ਭਾਰਤ ਮਾਤਾ ਦੇ ਸਰੀਰ ਤੇ ਜਖ਼ਮ ਨੂੰ ਠੀਕ ਕਰਕੇ ਕੱਢਿਆ ਗਿਆ ਵਿਜੈਦਸ਼ਮੀ ਦਾ ਜਸ਼ਨ ਜਲੂਸ। ਟਰੋਮਾਂ ਦਾ ਅਰਥ ਹੁੰਦਾ ਹੈ ਜਖ਼ਮ। ਕਿਤਾਬ ਦੇ ਆਰੰਭ ਵਿਚ ਹੀ ਭਾਰਤ ਨੂੰ ਭੂਗੋਲਿਕ ਖਿੱਤਾ ਨਾ ਮੰਨਦੇ ਹੋਏ ਦੇਵੀ ਮਾਤਾ ਵਜੋਂ ਸਥਾਪਿਤ ਕੀਤਾ ਗਿਆ ਹੈ। ਟਰਿੰਫ ਇਕ ਰੋਮਨ ਸ਼ਬਦ ਹੈ ਜਿਸ ਨੂੰ ਰੋਮਨ ਲੋਕ ਆਪਣੀ ਸੱਭਿਅਤਾ ਦੇ ਆਰੰਭ ਤੋਂ ਉਸ ਮਹਾਨ ਜਰਨੈਲ ਲਈ ਅਤੇ ਉਸ ਜਰਨੈਲ ਵਜੋਂ ਰੋਮਨਾਂ ਦੇ ਹੱਕ ਵਿਚ ਹਾਸਲ ਕੀਤੀ ਗਈ ਉਸ ਫ਼ਤਿਹਯਾਬੀ ਦੇ ਜਸ਼ਨ ਜਲੂਸ ਲਈ ਵਰਤਦੇ ਹਨ ਜਿਸ ਨੂੰ ਦੁਸ਼ਮਣ ਨੂੰ ਨੇਸਤੋਨਾਬੂਦ ਕਰਕੇ ਹਾਸਲ ਕੀਤੀ ਗਈ ਹੋਵੇ। ਅਡਵਾਨੀ ਜੀ ਵਲੋਂ ਪੰਜਾਬ ਚੈਪਟਰ ਦਾ ਆਰੰਭ ਸਮੁੱਚੇ ਭਾਰਤ ਦੀ ਸੰਪਰਦਾਇਕ ਨਿਰੰਕੁਸ਼, ਨਿਰਦਈ ਅਤੇ ਉਸ ਦੈਂਤ ਸੋਚ ਦਾ ਹਿੰਦੁਤਵੀ ਪ੍ਰਗਟਾਅ ਹੈ ਜੋ ਪੰਜਾਬ ਦੀ ਅੱਡਰੀ, ਵਿਲੱਖਣ ਅਤੇ ਸੁਤੰਤਰ ਸਿੱਖ ਸੱਭਿਅਤਾ ਨੂੰ ਢਿੱਡੋਂ ਨਾ ਸਵੀਕਾਰਦੇ ਹੋਏ ਨਿਗਲ ਜਾਣਾ ਚਾਹੁੰਦੀ ਹੈ। ਆਖਿਰ ਇਨ੍ਹਾਂ ਦਾ ਚਿਹਰਾ ਇਨ੍ਹਾਂ ਦੀ ਆਪਣੀ ਲਿਖਤ ਰਾਹੀਂ ਬੁਰਕੇ ਤੋਂ ਬਾਹਰ ਆਇਆ ਹੈ।ਪਰ ਜਦੋਂ ਅਕਾਲੀ ਦਲ ਇਨ੍ਹਾਂ ਦੀ ਭਾਈਵਾਲੀ ਨਾਲ ਸੱਤਾ ਹੰਢਾਉਂਦਾ ਹੈ ਤਾਂ ਜ਼ਾਲਮਾਂ ਦੇ ਜ਼ੁਲਮ ਦੀ ਇੰਤਹਾਂ ਮੁੱਕ ਜਾਂਦੀ ਹੈ, ਨਹੀਂ ? ਤੇ ਹੁਣ ਜਦੋਂ ਸ੍ਰੀ ਅਕਾਲ ਤਖ਼ਤ ਦਾ ਜੱਥੇਦਾਰ ਇਨ੍ਹਾਂ ਨਾਲ ਖੜ ਕੇ ਸਿੱਖ ਕੌਮ ਦੀ ਅਜ਼ਾਦ ਹਸਤੀ ਨੂੰ ਹਿੰਦੂ ਸੁਧਾਰਵਾਦੀ ਲਹਿਰ ਬਣਾ ਦਿੰਦਾ ਹੈ ਤਾਂ ਫਿਰ ਕੀ ਪੰਥ ਖ਼ਾਲਸਾ ਨੂੰ ਆਪਣੇ ਬਾਰੇ ਸੋਚਣਾ ਅਤੇ ਵਿਚਾਰਨਾ ਨਹੀਂ ਚਾਹੀਦਾ ?
ਫਿਰ "ਟਰਿੰਫ” ਜਸ਼ਨ ਦਾ ਅਡਵਾਨੀ ਖੁਦ ਆਪਣੀ ਕਿਤਾਬ ਵਿੱਚ ਵਿਜਈ ਜਲੂਸ ਕੱਢਦਾ ਹੈ। ਸ੍ਰੀ ਅਡਵਾਨੀ ਕਿਤਾਬ ਦੇ ਪੰਨਾ 423 ਤੇ ਇਸੇ ਗੱਲ ਦੀ ਪ੍ਰੋੜ੍ਹਤਾ ਕਰਦੇ ਹੋਏ ਸ੍ਰੀ ਅਡਵਾਨੀ ਲਿਖਦੇ ਹਨ ਕਿ ਮੈਂ ਤੇ ਮੇਰੀ ਪਾਰਟੀ ਨੂੰ ਪੰਜਾਬ ਵਿਚ ਵਿਚਰ ਰਹੀਆਂ ਉਨ੍ਹਾਂ ਦੁਸ਼ਮਣ ਤਾਕਤਾਂ ਦੇ ਬੁਰੇ ਇਰਾਦਿਆਂ ਤੋਂ ਬਚਾਇਆ ਜਿਨ੍ਹਾਂ ਨੇ ਦੇਸ਼ ਦੀ ਏਕਤਾ ਨੂੰ ਖ਼ਤਰੇ ਵਿਚ ਪਾ ਦਿੱਤਾ ਸੀ। ਆਪਣੀ ਇਸ ਗੱਲ ਦੀ ਪ੍ਰੋੜ੍ਹਤਾ ਵਿਚ ਅਡਵਾਨੀ ਸਾਹਿਬ ਭਾਰਤ ਸਰਕਾਰ ਨੂੰ ਪੰਜਾਬ ਤੇ ਫ਼ੌਜੀ ਹਮਲਾ ਕਰਕੇ ਸਿੱਖਾਂ ਨੂੰ ਮਾਰ ਮੁਕਾਉਣ ਦੇ ਇਰਾਦਿਆਂ ਦੀ ਭਾਜਪਾਈ ਅਤੇ ਸੰਘੀ ਇਰਾਦਿਆਂ ਦਾ ਮੁਜ਼ਾਹਰਾ ਕਿਤਾਬ ਵਿਚ ਪੰਜਾਬ ਦੇ ਅਤੇ ਖਾਸ ਤੌਰ ਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਹਿੱਤ ਭਾਰਤ ਦੀਆਂ ਹਿੰਦੁਤਵਾ ਤਾਕਤਾਂ ਦਾ ਸਮਰਥਨ ਉਸ ਵਕਤ ਦੀ ਕਾਂਗਰਸ ਸਰਕਾਰ ਨੂੰ ਦੇਣ ਹਿੱਤ ਆਪਣੇ ਵਲੋਂ ਛੇੜੇ ਅੰਦੋਲਨ ਦਾ ਵੀ ਜ਼ਿਕਰ ਕਰਦੇ ਹਨ। ਇਸ ਅੰਦੋਲਨ ਦੀ ਗਵਾਹੀ ਵਜੋਂ ਕਿਤਾਬ ਵਿਚ ਫੋਟੋਆਂ ਵੀ ਛਾਪਦੇ ਹਨ।
ਪੰਜਾਬ ਵਿਚ ਬਕੋਲ ਸ੍ਰੀ ਅਡਵਾਨੀ ਜੀ ਪਾਕਿਸਤਾਨੀ ਹੱਥ ਅਤੇ ਫੁਲ ਸਪੋਰਟ ਨਾਲ ਅਕਾਲੀਆਂ ਨੇ, ਪਹਿਲਾਂ ਪੰਜਾਬੀ ਸੂਬੇ ਦੀ ਮੰਗ ਕੀਤੀ (ਅਡਵਾਨੀ ਦੀ ਕਿਤਾਬ ਦਾ ਪੰਨਾ 426)। ਦੁਬਾਰਾ ਫਿਰ ਬਕੋਲ ਸ੍ਰੀ ਅਡਵਾਨੀ ਅਤੇ ਭਾਜਪਾ ਧਰਮ ਯੁੱਧ ਮੋਰਚੇ ਰਾਹੀਂ ਪਾਕਿਸਤਾਨ ਦੀ ਫੁੱਲ ਸਪੋਰਟ ਨਾਲ ਪੰਜਾਬ ਵਿਚ ਮੁੜ ਗੜਬੜ ਪੈਦਾ ਕੀਤੀ (ਅਡਵਾਨੀ ਦੀ ਕਿਤਾਬ ਦਾ ਪੰਨਾ 429)। ਇੱਥੇ ਅਡਵਾਨੀ ਜੀ ਅਕਾਲੀ ਦਲ ਨੂੰ, ਅੱਤਵਾਦ ਨੂੰ ਸਮਰਥਨ ਦੇ ਕੇ ਅਤੇ ਉਨ੍ਹਾਂ ਨਾਲ ਹਮਦਰਦੀ ਰੱਖ ਕੇ ਪੈਦਾ ਕਰਨ ਵਾਲੀ ਮਾਂ ਸਾਬਤ ਕਰਦੇ ਹਨ। ਇਤਨਾ ਹੀ ਨਹੀਂ ਅਡਵਾਨੀ ਜੀ ਆਪਣੀ ਕਿਤਾਬ ਦੇ ਪੰਨਾ ਨੰ: 434 ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਦੇਸ਼ ਧਰੋਹੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਗਰਦਾਨਦੇ ਹਨ। ਇਸ ਅਨੰਦਪੁਰ ਸਾਹਿਬ ਦੇ ਮਤੇ ਪ੍ਰਤੀ ਆਪਣੀ ਪਾਰਟੀ ਦੀ ਮਤਿ ਪ੍ਰਗਟ ਕਰਦੇ ਹੋਏ ਸਪਸ਼ਟ ਲਿਖਦੇ ਹਨ ਕਿ ਉਨ੍ਹਾਂ ਦੀ ਪਾਰਟੀ ਅਨੰਦਪੁਰ ਸਾਹਿਬ ਦੇ ਮਤੇ ਨੂੰ "ਦੇਸ਼ ਦੇ ਟੁਕੜੇ ਟੁਕੜੇ ਕਰ ਦੇਣ ਵਾਲਾ ਅਧਿਕਾਰਤ ਪੱਤਰ” ਮੰਨਦੀ ਹੈ ਜੋ ਪੂਰੀ ਤਰ੍ਹਾਂ ਭਾਰਤ ਨੂੰ ਖੇਰੂੰ-ਖੇਰੂੰ ਕਰ ਵੰਡਣ ਵਾਲਾ ਦੇਸ਼ ਧ੍ਰੋਹੀ ਚਾਰਟਰ ਹੈ। ਜਿਸ ਦੀ ਆਤਮਾ ਵਿਘਟਨਕਾਰੀ ਹੈ।ਸ੍ਰੀ ਅਟੱਲ ਬਿਹਾਰੀ ਵਾਜਪਾਈ ਵਲੋਂ ਆਪਣੀ ਪਾਰਟੀ ਦੇ ਇਸ ਮੱਤ ਨੂੰ ਐਲਾਨਣ ਵਾਲਾ ਮਹਾਂ ਨਾਇਕ ਪ੍ਰਗਟ ਕਰਦੇ ਹਨ।
ਇਸੇ ਲਈ ਹੀ ਭਾਜਪਾ ਨੇ ਜੂਨ 84 ਤੋਂ ਬਾਅਦ ਸ੍ਰੀਮਤੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਘੋਸ਼ਿਤ ਕੀਤਾ ਅਤੇ ਸ੍ਰੀ ਵਾਜਪਾਈ ਨੇ, ਸ੍ਰੀ ਅਡਵਾਨੀ ਸਮੇਤ ਸਮੁੱਚੀ ਭਾਜਪਾ ਨੇ ਸ੍ਰੀਮਤੀ ਗਾਂਧੀ ਨੂੰ ਮਹਾਂਭਾਰਤ ਦਾ ਪ੍ਰਾਏਵਾਚੀ ਬਣਾ ਕੇ ਉਸ ਦੇ ਵਜ਼ਨ ਜਿੰਨੇ ਫੁੱਲਾਂ ਦੇ ਹਾਰ ਨੂੰ ਵਿਸ਼ੇਸ਼ ਤੌਰ ਤੇ ਬਣਵਾ ਕੇ ਉਸ ਨੂੰ ਅਰਪਿਤ ਕੀਤਾ ਅਤੇ ਉਸ ਦੇ ਪੈਰੀ ਪਏ। ਇਸੇ ਲਈ ਹੀ ਭਾਜਪਾਈਆ ਅਤੇ ਕਾਂਗਰਸੀਆਂ ਨੇ ਮਿਲ ਕੇ ਸ੍ਰੀ ਦਰਬਾਰ ਸਾਹਿਬ ਵਿਚ ਨਿਹੱਥੇ ਸ਼ਹੀਦ ਸਿੱਖਾਂ ਦੀਆ ਲੋਥਾਂ ਤੇ ਭੰਗੜੇ ਪਾਏ ਅਤੇ ਲੱਡੂ ਵੰਡੇ। ਅਕਾਲੀ ਤਾਂ ਆਪਣੇ ਲਈ ਸੱਤਾ ਦੀਆਂ ਨਿੱਜੀ ਗਰਜ਼ਾਂ ਦੀ ਸਵਾਰਥ ਪੂਰਤੀ ਲਈ ਸਿੱਖਾਂ ਲਈ ਡੈਣ ਬਣ ਚੁਕੀ ਭਾਜਪਾ ਨੂੰ ਵੀ ‘ਗਧੇ ਨੂੰ ਬਾਪ’ ਬਣਾਉਣ ਲਈ ਹਮੇਸ਼ਾਂ ਹੀ ਕੌਮ ਨਾਲ ਗੱਦਾਰੀਆਂ ਕਰਦੇ ਚਲੇ ਆ ਰਹੇ ਸਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਕੀ ਹੋ ਗਿਆ ਕਿ ਉਹ ਵੀ ਉਸੇ ਹੀ ਰੂੜੀਆਂ ਤੇ ਬਣਾਈ ਗਈ ਲੀਹ ਤੇ ਪੈ ਗਏ ? ਆਖਿਰ ਕਿਉਂ?
ਭਾਈ ਗੁਰਦਾਸ ਜੀ ਦਾ ਕਥਨ ਹੈ "ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥ ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥ ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥ ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥ ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥  ਵਰਤਿਆ ਪਾਪ ਸਭਸ ਜਗ ਮਾਂਹੀ ॥30॥” (ਵਾਰ ਪਹਿਲੀ)
ਜਜ਼ਬਾਤੀ ਅੰਧਤਾ ਅਤੇ ਧੜੇਬਾਜ਼ੀ ਦੀਆਂ ਗੱਲਾਂ ਅਤੇ ਕਰਮ ਕਮਾਉਣ ਵਾਲਿਆਂ ਨੂੰ ਦਾਸ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਨਾ ਤਾਂ ਸਿੰਘ ਸਾਹਿਬਾਨਾਂ ਦਾ ਅਤੇ ਨਾ ਹੀ ਜੱਥੇਦਾਰਾਂ ਦਾ ਵਿਰੋਧੀ ਹਾਂ ਤੇ ਨਾ ਹੀ ਇਨ੍ਹਾਂ ਦੀ ਮੁਖ਼ਾਲਫ਼ਤ ਕਰ ਰਿਹਾ ਹਾਂ। ਦਾਸ ਤਾਂ ਸਿਰਫ਼ ਉਨ੍ਹਾਂ ਕੀਤੇ ਜਾ ਰਹੇ ਪ੍ਰਤੱਖ ਕਰਮਾਂ ਦੀ ਨਿਸ਼ਾਨ ਦੇਹੀ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਜੋ ਵਰਤਮਾਨ ਨੂੰ ਕਤਲ ਕਰ ਰਹੇ ਹਨ ਅਤੇ "ਖ਼ਾਲਸਾ ਪੰਥ” ਦੇ ਭਵਿੱਖ ਨੂੰ ਮੁਕਾਉਣ ਵਾਲੇ ਸਾਬਤ ਹੋ ਰਹੇ ਹਨ। ਕੌਮ ਪ੍ਰਸਤ ਅਤੇ ਪੰਥ ਅੱਵਲ ਦੀ ਮਨੋਬਿਰਤੀ ਰੱਖਣ ਵਾਲਾ ਹਰ ਪਾਠਕ, ਸਿੱਖ ਅਤੇ ਖੁਦ ਸਿੰਘ ਸਾਹਿਬਾਨ ਸਹਿਮਤ ਹੋਣਗੇ……
ਧੰਨਵਾਦ ਸਹਿਤ, ਕੁਝ ਸਰਗਰਮੀ ਨਾਲ ਜ਼ਿੰਮੇਵਾਰੀਆਂ ਚੁੱਕ ਕੇ ਨਿੱਤਰਨ ਲਈ ਆਸ ਅਤੇ ਉਮੀਦ ਨਾਲ; ਸਿੰਘ ਸਾਹਿਬਾਨਾਂ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਧਰਮ ਪ੍ਰਚਾਰ ਕਮੇਟੀ ਤੋਂ ਅਤੇ ਹਰ ਇੱਕ ਸਿੱਖ ਤੋਂ ਇਸ ਖ਼ਤ ਦਾ ਜਵਾਬ ਦੇਣ ਦੀ ਅਪੀਲ ਨਾਲ, ਉਡੀਕ ਵਿੱਚ………
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

No comments:

Post a Comment