Thursday, August 21, 2014

ਮਜ੍ਹਬ, ਧਰਮ, ਤੇ ਗੁਰੂ ਗਰੰਥ ਸਾਹਿਬ ਜੀ, Posted by Dal Khalsa Alliance


ਮਜ੍ਹਬ, ਧਰਮ, ਤੇ ਗੁਰੂ ਗਰੰਥ ਸਾਹਿਬ ਜੀ,

ਦੁਨੀਆਂ ਤੇ ਜ੍ਹਿਨੇ ਵੀ ਧਰਮ ਕਹੇ ਜਾਂਦੇ ਹਨ, ‘ਹਿੰਦੂ ‘ਸਿੱਖ ‘ਇਸਾਈ ‘ਮੁਸਲਮਾਨ ‘ਬੋਧੀ ‘ਜਹੂਦੀ ‘ਜੈਨੀਂ……ਆਦਿ, ਅਸਲ ਵਿੱਚ ਇਹ ਵੱਖਰੇ ਵੱਖਰੇ ਧਰਮ ਨਹੀ ਹਨ, ਧਰਮ ਦੇ ਨਾਮ ਹੇਠ ਚੱਲੀਆਂ ਵੱਖਰੀਆਂ ਵੱਖਰੀਆਂ ਮਜ੍ਹਬੀ ਲਹਿਰਾਂ ਹਨ।

ਧਰਮ ਤਾਂ ਸਾਰੇ ਸੰਸਾਰ ਦਾ ਇਕੋ ਹੀ ਹੈ, “ਸੱਚ” 

ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥ (੧੧੮੮)    ਅਤੇ  
ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ ॥ (੪੮੮)


ਨੋਟ- ਧਰਮ (ਸੱਚ) ਸਿਰਫ ਇੱਕ ਦੋ ਅੱਖਰਾਂ ਦਾ ਲਫਜ਼ ਹੀ ਨਹੀ ਹੈ, ਧਰਮ ਇੱਕ ਸੰਪੂਰਨ ਪੈਕਿਜ ਹੈ, ਅਸਲੀਅਤ ਹੈ, ਜਿਸ ਵਿੱਚ ਦੁਨੀਆਂ ਦੀਆਂ ਸਾਰੀਆਂ ਚੰਗਿਆਈਆਂ ਆਉਂਦੀਆਂ ਹਨ, ਸਾਰੇ ਸੁਭ ਗੁਣ ਆਉਂਦੇ ਹਨ, ਇਸ ਕਰਕੇ ਹੀ ਗੁਰਬਾਣੀ ਵਿੱਚ ਸੱਚ ਨੂੰ ਸੱਭ ਤੋਂ ਉਪਰ ਕਿਹਾ ਹੈ, 

 ਇਹੁ ਸਚੁ ਸਭਨਾ ਕਾ ਖਸਮੁ ਹੈ, ਜਿਸੁ ਬਖਸੇ ਸੋ ਜਨੁ ਪਾਵਹੇ ॥   (੯੨੨)

ਮਜ੍ਹਬ ਤੇ ਧਰਮ ਵਿੱਚ ਫਰਕ ਕੀ ਹੈ?

ਮਜ੍ਹਬਾ ਦੇ ਆਪਣੇ ਵੱਖਰੇ ਵੱਖਰੇ ਅਸੂਲ ਹੁੰਦੇ ਹਨ, , ਪਰ ਧਰਮ (ਸੱਚ) ਦੇ ਅਸੂਲ ਵੱਖਰੇ ਵੱਖਰੇ ਨਹੀ ਹੁੰਦੇ, ਧਰਮ ਸਾਰਿਆਂ ਦਾ ਸਾਂਝਾ ਹੈ, 

ਪਰ ਮਜ੍ਹਬ ਸਾਰਿਆਂ ਦਾ ਸਾਂਝਾ ਨਹੀ ਹੁੰਦਾ, ਮਜ੍ਹਬ ਤੇ ਚਲਣ ਲਈ ਧਰਮ ਜਰੂਰੀ ਹੈ, ਪਰ ਧਰਮ ਤੇ ਚਲਣ ਲਈ ਮਜ੍ਹਬ ਜਰੂਰੀ ਨਹੀ ਹੈ, 

ਮਜ੍ਹਬ ਦੀ ਪਹਿਚਾਣ ਮੱਨੁਖ ਦੇ ਪਹਿਰਾਵੇ ਤੋਂ ਹੁੰਦੀ ਹੈ, ਜਦਕਿ ਧਰਮ ਦੀ ਪਹਿਚਾਣ ਮੱਨੁਖ ਦੇ ਆਚਰਣ ਤੋਂ ਹੁੰਦੀ ਹੈ, 

ਧਰਮ ਜਨਮ ਤੋਂ ਹੀ ਹਰਇੱਕ ਜੀਵ ਦੇ ਅੰਦਰ ਹੈ, ਜਦਕਿ ਮਜ੍ਹਬ ਜਨਮ ਤੋਂ ਬਾਦ ਕੋਈ ਨਾਂ ਕੋਈ ਅਪਣਾਉਣਾਂ ਪੈਦਾ ਹੈ।

ਮੱਨੁਖ ਕਿਸੇ ਵੀ ਮਜ੍ਹਬ ਵਿੱਚ ਸ਼ਾਮਲ ਹੋਕੇ ਧਰਮ (ਸੱਚ) ਤੇ ਚੱਲ ਸਕਦਾ ਹੈ, ਪਰ ਇਹ ਸਮਝਣਾ ਜਰੂਰੀ ਹੈ ਕਿ ਕਿਸੇ ਵੀ ਮਝਬ ਦਾ ਗਿਆਨ ਕੀ ਹੈ, ਕਿਸੇ ਇੱਕ ਫਿਰਕੇ ਲਈ ਹੈ, ਜਾਂ ਸਮੁਚੀ ਮਨੁਖਤਾ ਲਈ ਹੈ।

ਸੁਨਤ ਕਰਨ ਤੋਂ ਬਗੈਰ ਮੁਸਲਮਾਨ ਨਹੀ ਬਣਿਆ ਜਾ ਸਕਦਾ, ਪਰ ਧਾਰਮਿਕ (ਸੱਚਾ ਮੱਨੁਖ) ਬਣਿਆ ਜਾ ਸਕਦਾ ਹੈ, ਧਰਮ (ਸੱਚ) ਕਮਾਇਆ ਜਾ ਸਕਦਾ ਹੈ।

ਕੇਸਾਂ ਤੋਂ ਬਗੈਰ ਸਿੱਖ ਨਹੀ ਬਣਿਆ ਜਾ ਸਕਦਾ, ਪਰ ਧਰਮ (ਸੱਚ) ਕਮਾਇਆ ਜਾ ਸਕਦਾ ਹੈ, ਕੋਈ ਮੱਨੁਖ ਚੋਲਾ ਪਾਕੇ, ਪੰਜ ਕੱਕਾਰ ਧਾਰਨ ਕਰਕੇ ਸਿੱਖ ਤਾਂ ਅਖਵਾ ਸਕਦਾ ਹੈ ਪਰ ਜਰੂਰੀ ਨਹੀ ਉਹ ਧਾਰਮਿਕ (ਸੱਚਾ) ਵੀ ਹੋਵੇ।


ਇਸੇ ਤਰਾਂ ਕਿਸੇ ਵੀ ਮਜ੍ਹਬ ਦੇ ਅਸੂਲ ਅਪਣਾਏ ਬਿਣਾ ਮਜ੍ਹਬੀ ਲਹਿਰ ਦਾ ਮੈਂਬਰ ਨਹੀ ਬਣਿਆਂ ਜਾ ਸਕਦਾ, ਪਰ ਧਾਰਮਿਕ (ਸੱਚਾ) ਮੱਨੁਖ ਬਣਿਆ ਜਾ ਸਕਦਾ ਹੈ।


ਖੁਸ਼ ਕਿਸਮਤੀ ਇਹ ਹੈ ਕਿ ਸਿੱਖ ਮਜ੍ਹਬ, ਧਰਮ (ਸੱਚ) ਦੇ ਬਹੁਤ ਨੇੜੇ ਹੈ, ਕਿਉਂਕੇ ਸਿਖਾਂ ਦੇ ਗਿਆਨ ਦਾ ਸੋਮਾਂ, ਸ੍ਰੀ ਗੁਰੂ ਗਰੰਥ ਸਾਹਿਬ ਜੀ, ਇੱਕ ਸੰਪੂਰਨ ਧਰਮ (ਸੱਚ) ਹੈ, ਸਮੁਚੀ ਮੱਨੁਖਤਾ ਲਈ ਹੈ, ਗੁਰੂ ਗਰੰਥ ਸਾਹਿਬ ਜੀ, ਜਦੋ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਕਹਿੰਦੇ ਹਨ ਤਾਂ ਸਮੁਚੀ ਮੱਨੁਖਤਾ ਨੂੰ ਕਹਿੰਦੇ ਹਨ, ਗੁਰੂ ਸਾਹਿਬ ਜੀ ਨੇ ‘ਭਾਈ ‘ਮੀਤ ‘ਪਿਆਰੇ ਆਦਿ ਲਫਜ਼ ਸਮੁਚੀ ਮੱਨੁਖਤਾ ਵਾਸਤੇ ਵਰਤੇ ਹਨ।

ਗੁਰੂ ਗਰੰਥ ਸਾਹਿਬ ਜੀ, ਮਜ੍ਹਬ ਦੀ ਗੱਲ ਹੀ ਨਹੀ ਕਰਦੇ, ਸਿਰਫ ਤੇ ਸਿਰਫ ਧਰਮ ਸਿੱਖਾਂਉਂਦੇ ਹਨ, ਧਰਮ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ,
 ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ ॥ (੪੮੮)

ਗੁਰੂ ਗਰੰਥ ਸਾਹਿਬ ਜੀ, ਕਿਸੇ ਨੂੰ ‘ਸਿੱਖ ‘ਹਿੰਦੂ ‘ਮੁਸਲਮਾਨ ‘ਬੋਧੀ ‘ਜੈਨੀਂ ‘ਇਸਾਈ ‘ਆਸਤਿਕ ਜਾ ਨਾਸਤਿਕ ਨਹੀ ਦੇਖਦੇ, ਗੁਰੂ ਜੀ ਸਮੁਚੇ ਬਰ੍ਹਿਮੰਡ ਨੂੰ ਇੱਕ ਨੂਰ ਤੋਂ ਪੈਦਾ ਹੋਇਆ ਦੇਖਦੇ ਹਨ, 

 ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥ 

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ॥  (੧੩੪੯)

ਗੁਰੂ ਗਰੰਥ ਸਾਹਿਬ ਜੀ, ਕਿਸੇ ਨੂੰ ਕੇਸ ਰੱਖਣ ਜਾ  ਕੱਟਣ ਦਾ ਉਪਦੇਸ਼ ਨਹੀ ਦਿੰਦੇ, ਸਿਰਫ ਤੇ ਸਿਰਫ ੴ (ਸਮੁਚੇ ਬਰ੍ਹਿਮੰਡ) ਨਾਲ ਪ੍ਰੀਤ ਕਰਨ ਦਾ ਉਪਦੇਸ਼ ਦਿੰਦੇ ਹਨ, 

 ਕਬੀਰ ਪ੍ਰੀਤਿ ਇੱਕ ਸਿਉ ਕੀਏ, ਆਨ ਦੁਬਿਧਾ ਜਾਇ ॥ 

ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ ॥   (੧੩੬੫)

ਜਿਥੇ ਗੁਰੂ ਗਰੰਥ ਸਾਹਿਬ ਜੀ, ਮੱਨੁਖ ਨੂੰ ਸੱਚ ਤੇ ਚੱਲਣਾ ਸਿੱਖਾਉਂਦੇ ਹਨ, ਅੰਦਰਲੀਆਂ ਬੁਰਾਈਆਂ ਤੋਂ ਮੁਕਤ ਕਰਦੇ ਹਨ, ਉਥੇ ਨਾਲ ਨਾਲ ਮਜ੍ਹਬੀ ਕਰਮਕਾਂਡਾਂ ਤੋਂ ਵੀ ਮੁਕਤ ਕਰਦੇ ਹਨ, 

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ 

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥ (੭੪੭)

ਕੋਈ ਕਿਸੇ ਵੀ ਨਾਮ ਦਾ ਰਟਣ ਕਰੇ, ਕੋਈ ਕਿਸੇ ਵੀ ਰੰਗ ਦੇ ਕਪੜੇ ਪਹਿਨੇ, ਕੋਈ ਕਿਸੀ ਜਗਾ ਨੂੰ ਵਸ਼ੇਸ਼ ਮੱਨੇ ਕੋਈ ਕਿਸੀ ਤਰਾਂ ਦਾ ਬਣਕੇ ਰਹੇ, ਹਰਇੱਕ ਮੱਨੁਖ ਆਪਣੇ ਆਪ ਵਿੱਚ ਆਪਣੇ ਮਜ੍ਹਬ ਲਈ ਆਪਣੇ ਲਾਈਫ ਸਟਾਈਲ ਲਈ ਪੂਰਨ ਤੌਰ ਤੇ ਅਜਾਦ ਹੈ, 

 ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ (੮੮੫)

ਪਰ ਇਹ ਸੱਭ ਮਜ੍ਹਬਾਂ ਦੇ ਆਪਣੇ ਅਸੂਲ ਤਾਂ ਹੋ ਸਕਦੇ ਹਨ, ਕਿਸੇ ਦਾ ਆਪਣਾ ਲਾਈਫ ਸਟਾਈਲ ਹੋ ਸਕਦਾ ਹੈ, ਪਰ ਜੇ ਕੋਈ ਇਹ ਸੱਭ ਕਰਕੇ ਇਹ ਸਮਝੇ ਕਿ ਮੈ ਧਰਮ ਕਮਾ ਰਿਹਾ ਹਾਂ, ਮੈ ਰੱਬ ਦੇ ਬਹੁਤ ਨੇੜੇ ਹਾਂ, ਇਹ ਸੱਭ ਉਸ ਦਾ ਭਰਮ ਤਾਂ ਹੋ ਸਕਦਾ ਹੈ ਸੱਚ ਨਹੀ ਹੋ ਸਕਦਾ, 

ਅੱਗੇ ਜਾਕੇ ਗੁਰੂ ਜੀ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਆਪਣਾ ਫੈਸਲਾ ਦਿੰਦੇ ਹਨ ਕਿ ਅਸਲ ਵਿੱਚ ਜਿਸ ਨੇ ਕੁਦਰਤੀ ਨਿਜ਼ਮਾਂ ਵਿੱਚ ਵਰਤ ਰਹੇ ਰੱਬੀ ਹੁਕਮ ਨੂੰ ਸਮਝ ਲਿਆ ਉਸ ਨੇ ਹੀ ਰੱਬ ਦੀ ਬਿਅੰਤਤਾ ਨੂੰ ਜਾਣਿਆਂ ਹੈ, 

ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥ (੮੮੫)

ਸਤਿਨਾਮ ਸਿੰਘ ਮੌਂਟਰੀਅਲ 514-219-2525

No comments:

Post a Comment