Sunday, November 23, 2014

ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਸ਼ੇਰ ਅਤੇ ਮਾਸ ਦਾ ਰਿਸ਼ਤਾ ਹੈ।


ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਸ਼ੇਰ ਅਤੇ ਮਾਸ ਦਾ ਰਿਸ਼ਤਾ ਹੈ।
ਸੰਗਰੂਰ (23 ਨਵੰਬਰ, 2014): ਅਕਾਲੀ-ਭਾਜਪਾ ਗੱਠਜੋੜ ਦੇ ਸਬੰਧ ਵਿੱਚ ਸ੍ਰ ਕਰੀਮਪੁਰੀ ਨੇ ਕਿਹਾ ਕਿ ਬਾਦਲ ਦਲ ਅਤੇ ਭਾਜਪਾ ਦਾ ਰਿਸ਼ਤਾ ਨਹੁੰ-ਮਾਸ ਦਾ ਰਿਸ਼ਤਾ ਨਹੀਂ ਸਗੋਂ ਇਹ ਸ਼ੇਰ ਅਤੇ ਮਾਸ ਦਾ ਰਿਸ਼ਤਾ ਬਣ ਚੁੱਕਿਆ ਹੈ। ਹੁਣ ਹਾਲਾਤ ਇਹ ਹਨ ਕਿ ਭਾਜਪਾ, ਬਾਦਲ ਦਲ ਨੂੰ ਖਾਣਾ ਚਾਹੁੰਦੀ ਹੈ।
ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਆਰਐੱਸਐੱਸ ਦੀਆਂ ਭਾਰਤ ਭਰ ਵਿੱਚ ਵਧ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਦਿਆਂ ਕਿਹਾ ਕਿ ਆਰ. ਐੱਸ. ਐੱਸ ਦਾ ਏਜੰਡਾ ਦੇਸ਼ ਲਈ ਘਾਤਕ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਘੱਟ ਗਿਣਤੀਆਂ ਦਾ ਵਿਰੋਧੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਭਾਜਪਾ ਨਾਲ ਗੱਠਜੋੜ ਕਰ ਕੇ ਸਿੱਖਾਂ ਦਾ ਅਪਮਾਨ ਕੀਤਾ ਹੈ ਜਦੋਂਕਿ ਸੱਤਾ ਦੌਰਾਨ ਬਾਦਲ ਦਲ ਭਾਜਪਾ ਦਾ ਅਪਮਾਨ ਕਰਦਾ ਆਇਆ ਹੈ। ਹੁਣ ਭਾਜਪਾ ਖੁਦ ਦੇਸ਼ ਦੀ ਸੱਤਾ ’ਤੇ ਕਾਬਜ਼ ਹੋ ਕੇ ਬਾਦਲ ਦਲ ਤੋਂ ਆਪਣੇ ਅਪਮਾਨ ਦਾ ਬਦਲਾ ਲੈ ਰਹੀ ਹੈ।
ਸ੍ਰ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਰੋਬਾਰ ਫੈਲ ਚੁੱਕਿਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਜਿਸ ਲਈ ਅਕਾਲੀ ਦਲ ਦੇ ਨਾਲ ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਤਿੰਨ ਲੱਖ ਛੋਟੇ ਕਿਸਾਨ ਖੇਤੀ ਦਾ ਧੰਦਾ ਛੱਡ ਚੁੱਕੇ ਹਨ। ਪਿਛਲੇ ਦੋ ਸਾਲਾਂ ਵਿੱਚ ਬਠਿੰਡਾ ਤੇ ਸੰਗਰੂਰ ਦੇ ਸੈਂਕੜੇ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।
ਸ੍ਰ. ਕਰੀਮਪੁਰੀ ਇੱਥੇ ਰੈਸਟ ਹਾਊਸ ਵਿਖੇ ਪਾਰਟੀ ਦੀ ਜ਼ਿਲ੍ਹਾ ਮੀਟਿੰਗ ਵਿੱਚ ਭਾਗ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

No comments:

Post a Comment