Monday, March 23, 2015

ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ, ਗੁਰਤੇਜ ਸਿੰਘ

ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ
ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ


     ਕਈ ਖ਼ਬਰਾਂ ਹਨ ਜਿਨ੍ਹਾਂ ਨੇ ਕਦੇ ਵੀ ਪੁਰਾਣਾ ਨਹੀਂ ਹੋਣਾ। ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਢਾਹਿਆ - ਇਹ ਖ਼ਬਰ ਢਾਈ ਸਦੀਆਂ ਬਾਅਦ ਵੀ ਮਨ ਉੱਤੇ ਓਨਾਂ ਹੀ ਅਸਰ ਕਰਦੀ ਹੈ। ਇੰਦਰਾ ਗਾਂਧੀ ਨੇ ਤਖ਼ਤ ਢਾਹਿਆ, ਦਰਬਾਰ ਉੱਤੇ ਹਮਲਾ ਕੀਤਾ - ਇਹ ਖਬਰ ਕਦੇ ਵੀ ਪੁਰਾਣੀ ਨਹੀਂ ਹੋਣੀ। ਪੰਦਰਾਂ ਸਾਲ ਪਹਿਲਾਂ 20 ਮਾਰਚ ਨੂੰ ਖ਼ਬਰ ਆਈ ਕਿ ਕਸ਼ਮੀਰ ਦੇ ਚੱਟੀ ਸਿੰਘਪੁਰਾ ਪਿੰਡ ਵਿੱਚ 34 ਸਿੱਖਾਂ ਨੂੰ 'ਅੱਤਵਾਦੀਆਂ' ਨੇ ਮਾਰ ਦਿੱਤਾ ਹੈ। ਏਸ ਖ਼ਬਰ ਦਾ ਤੁਰੰਤ ਵੱਡੀ ਪੱਧਰ ਉੱਤੇ ਨਸ਼ਰ ਕੀਤਾ ਜਾਣਾ, ਕੁਝ ਮਹੀਨੇ ਪਹਿਲਾਂ ਕਸ਼ਮੀਰੀ ਪੰਡਤਾਂ ਦੀ 'ਰਿਣ ਉਤਾਰ' ਯਾਤਰਾ ਦਾ ਆਨੰਦਪੁਰ ਸਾਹਿਬ ਪਹੁੰਚ ਕੇ ਰੱਖਿਆ ਦੀ ਅਰਦਾਸ ਕਰਨਾ, ਸਿੱਖਾਂ ਨੂੰ ਸੁਤੰਤਰ ਕੌਮ ਨਾ ਮੰਨ ਕੇ ਕੇਵਲ ਹਿੰਦੂਅਾਂ ਦੀ ਰੱਖਿਆ ਲਈ ਫ਼ੌਜ ਦੱਸਣਾ ਸਮੇਤ ਕਈ ਝੂਠਾਂ ਦੇ ਤਾਣੇ ਪੇਟੇ ਰਾਹੀਂ ਪਹਿਲਾਂ ਹੀ ਏਸ ਖਬਰ ਦੀ ਭੂਮਿਕਾ ਲਿਖੀ ਜਾ ਚੁੱਕੀ ਸੀ। ਓਸ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ। ਏਸ ਦੇ ਆਉਂਦਿਆਂ ਹੀ ਆਸਾਰ ਨਜ਼ਰ ਆ ਰਹੇ ਸਨ ਕਿ ਸਿੱਖਾਂ-ਮੁਸਲਮਾਨਾਂ ਦੀ ਲੜਾਈ ਨੂੰ ਹਿੰਦੂ-ਰੱਖਿਆ-ਕਵਚ ਬਣਾਇਆ ਜਾਵੇਗਾ। ਅਗਲੇ ਦਿਨ ਖ਼ਬਰ ਛਪਣ ਦੇ ਨਾਲ ਹੀ ਸਾਡੇ ਵੱਲੋਂ ਏਸ ਦੇ ਬੇ-ਬੁਨਿਆਦ ਹੋਣ ਦਾ ਖਦਸ਼ਾ ਵੀ ਛਪ ਗਿਆ। ਏਸ ਘਟਨਾ ਤੋਂ ਕੁਝ ਦਿਨ ਬਾਅਦ 6 ਕਸ਼ਮੀਰੀਆਂ ਨੂੰ ਪਾਕਿਸਤਾਨ ਤੋਂ ਆਏ ਕਾਤਲ ਆਖ ਕੇ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਹ ਕਹਾਣੀ ਵੀ ਓਨੀਂ ਹੀ ਦਰਦਨਾਕ ਹੈ।
     ਬਾਕੀ ਕਹਾਣੀ ਵੀ ਜੱਗ ਜਾਣਦਾ ਹੈ। ਆਖ਼ਰ ਸਾਬਤ ਹੋਇਆ ਕਿ ਇਹ ਸੁਰੱਖਿਆ ਬਲਾਂ ਵੱਲੋਂ 'ਅੱਤਵਾਦੀ' ਭੇਖ ਧਾਰ ਕੇ ਕੀਤੇ ਕਤਲ ਸਨ। ਓਸ ਵਕਤ ਦੇ ਭਾਰਤ ਆਏ ਅਮਰੀਕਾ ਦੇ ਸਦਰ ਬਿੱਲ ਕਲਿੰਟਨ ਨੇ ਵੀ ਏਸ ਤੱਥ ਦੇ ਹੱਕ ਵਿੱਚ ਗਵਾਹੀ ਦਿੱਤੀ।
ਸਰਕਾਰੀ ਸ਼ਹਿ ਦਾ ਸੱਚ ਤਾਂ ਕਦੇ ਵੀ ਅਦਾਲਤੀ ਕਾਰਵਾਈ ਕਰਨਯੋਗ ਪ੍ਰਗਟਾਵੇ ਨੂੰ ਲੈ ਕੇ, ਨੰਗਾ-ਚਿੱਟਾ ਹੋ ਕੇ ਸਾਹਮਣੇ ਨਹੀਂ ਆਉਂਦਾ। ਪਰ ਆਮ ਸੁਹਿਰਦ ਲੋਕਾਂ ਦੀਆਂ ਨਜ਼ਰਾਂ ਤੋਂ ਲੁਕ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਕਾਨੂੰਨ ਵਾਂਗ ਅੱਖਾਂ ਉੱਤੇ ਪੱਟੀ ਨਹੀਂ ਬੰਨ੍ਹੀ ਹੁੰਦੀ।
     ਹਿਟਲਰ ਦੇ ਯੂਰਪ ਵਿੱਚ, ਸਟੈਲਿਨ ਦੇ ਰੂਸ ਵਿੱਚ, ਮਾਓ ਦੇ ਚੀਨ ਵਿੱਚ ਅਤੇ ਲੀਓਪੌਲਡ ਦੇ ਕੌਂਗੋ ਵਿੱਚ ਕੀਤੇ ਲੱਖਾਂ ਕਤਲਾਂ ਬਾਰੇ ਪੂਰੀ ਜਾਣਕਾਰੀ ਸ਼ਾਇਦ ਸਦਾ ਲਈ ਕਾਨੂੰਨੀ ਕਫ਼ਨ ਦਾ ਬੁਰਕਾ ਪਾ ਚੁੱਕੀ ਹੈ। ਅਜੇ 1984 ਦੇ ਕਤਲੇਆਮ ਅਤੇ ਪੰਜਾਬ ਦੇ ਇੱਕ ਦਹਾਕੇ ਦੇ ਪੁਲਸ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੇ ਕਤਲ ਮੁਕੰਮਲ ਤੌਰ ਉੱਤੇ ਰੂਪੋਸ਼ ਨਹੀਂ ਹੋਏ। ਇਹਨਾਂ ਨੂੰ ਉਜਾਗਰ ਕਰਨ ਦੇ ਕਈ ਸਬੂਤ ਜਾਂਬਾਜ਼ ਮਨੁੱਖੀ ਅਧਿਕਾਰ ਅਤੇ ਖੋਜੀ ਯੋਧਿਆਂ ਨੇ ਮੌਤ ਦੇ ਢਿੱਡ ਵਿੱਚੋਂ ਧੂਹ ਕੇ ਕੱਢੇ ਹਨ। ਖਾਲੜੇ ਵਰਗੇ ਆਪਾ-ਵਾਰੂ ਲਾਸ਼ਾਂ ਨੂੰ ਲੱਗੇ ਲਾਂਬੂਆਂ ਵਿੱਚੋਂ ਵੀ ਕਤਲਾਂ ਦੇ ਸੁਰਾਗ ਬਚਾ ਲਿਆਏ, ਜਿਨ੍ਹਾਂ ਨੂੰ ਦੂਸਰਿਆਂ ਬਾਅਦ ਵਿੱਚ ਜੱਗ ਜ਼ਾਹਰ ਕੀਤਾ। ਯਾਦਗਾਰਾਂ ਪ੍ਰਤੀ ਕੌਮ ਨੇ ਅਣਗਹਿਲੀ ਧਾਰੀ ਹੋਈ ਹੈ ਕਿਉਂਕਿ ਆਤੰਕ ਅਜੇ ਢਿੱਲਾ ਨਹੀਂ ਪਿਆ। ਪਰ ਓਹ ਦਿਨ ਨਹੀਂ ਰਹੇ ਅਤੇ ਇਹ ਵੀ ਨਹੀਂ ਰਹਿਣਗੇ। ਏਸ ਉਮੀਦ ਵਿੱਚ ਕਲਮਾਂ ਸ਼ਹੀਦਾਂ ਦੇ, ਮਕਤੂਲਾਂ ਦੇ ਚਿਹਰੇ-ਮੋਹਰੇ ਤਰਾਸ਼ਦੀਆਂ ਰਹਿਣਗੀਆਂ ਤਾਂ ਸਮਾਂ ਆਉਣ ਉੱਤੇ ਸਦੀਵੀ ਯਾਦਗਾਰਾਂ ਸਥਾਪਤ ਹੋਣਗੀਆਂ। ਇਹੋ ਇਨਸਾਫ਼ ਦਾ ਤਕਾਜ਼ਾ ਹੈ - ਅੰਨ੍ਹੇ ਦੁਨਿਆਵੀ ਇਨਸਾਫ਼ ਦਾ ਨਹੀਂ ਬਲਕਿ ਕਾਇਨਾਤ ਦੇ ਮਾਲਕ ਅਦਲੀ ਸੱਚੇ ਸਾਹਿਬ ਦਾ ਜਿਸ ਦੀ ਅਦਾਲਤ ਵਿੱਚ ਪਰਦੇ ਨਹੀਂ ਢੱਕਦੇ।
     ਚੱਟੀ ਸਿੰਘਪੁਰਾ ਕਤਲ ਏਸ ਲਈ ਵੱਡੇ ਘਿਨਾਉਣੇ ਸਨ ਕਿ ਉਹਨਾਂ ਵਿੱਚ ਮਿੱਤਰ ਮਾਰ, ਧ੍ਰੋਹ, ਧੋਖਾ, ਯੋਜਨਾਬੱਧ ਹੋਣ ਦੇ ਅੰਸ਼ ਵੀ ਸ਼ਾਮਲ ਸਨ। ਸਭ ਦੀ ਸੁਰੱਖਿਆ ਦਾ ਹਲਫ਼ ਲੈ ਕੇ ਸੱਤਾਧਾਰੀਆਂ ਵੱਲੋਂ ਕੀਤਾ ਕਤਲੇਆਮ ਸੀ। ਸਿੱਖਾਂ ਨੂੰ ਆਪਣਾ ਆਖਦਿਆਂ ਜਿਨ੍ਹਾਂ ਦੇ ਮੂੰਹ ਸੁੱਕ ਜਾਂਦੇ ਹਨ ਉਹਨਾਂ ਵੱਲੋਂ ਕੀਤਾ ਕਤਲੇਆਮ ਸੀ। ਘੂਕ ਸੁੱਤੇ ਅਣਭੋਲ ਲੋਕਾਂ ਨੂੰ ਅੱਧੀ ਰਾਤੀਂ ਘਰੋਂ ਕੱਢ ਕੇ ਕੀਤੇ ਕਤਲ ਸਨ। ਇਹ ਦੁਸ਼ਮਣ ਦੀ ਹਿੱਕ ਵਿੱਚ ਸੱਪ ਮਾਰਨ ਦੀ ਕੁਟਲ ਨੀਤੀ ਅਨੁਸਾਰ ਕਤਲ ਸਨ। ਇਹ ਉਹਨਾਂ ਦੇ ਕਤਲ ਸਨ ਜਿਨ੍ਹਾਂ ਦੇ ਪੁਰਖ ਸਦੀਆਂ ਤੋਂ ਮਨੁੱਖਤਾ ਦੀ ਗ਼ੁਲਾਮੀ ਖ਼ਤਮ ਕਰਨ ਲਈ ਜੂਝਦੇ ਆਏ ਸਨ। ਨਿਰਦੋਸ਼ਾਂ ਕੇ ਕਤਲ ਸਨ, ਜਿਨ੍ਹਾਂ ਨੇ ਸੁਪਨੇ ਵਿੱਚ ਵੀ ਕਾਤਲਾਂ ਵੱਲ ਬੁਰੀ ਅੱਖ ਨਾਲ ਨਹੀਂ ਸੀ ਵੇਖਿਆ ਅਤੇ ਜੋ ਸਦਾ ਇਹਨਾਂ ਦੇ ਸੁੱਖ ਦੀ ਕਾਮਨਾ ਕਰਦੇ ਆਏ ਸਨ। ਇਹ ਕਤਲ ਮੁੱਢਲੇ ਰੂਪ ਵਿੱਚ ਕੇਵਲ ਧਾਰਮਕ ਵਖਰੇਵੇਂ ਦੇ ਆਧਾਰ ਉੱਤੇ ਕੀਤੇ ਕਤਲ ਸਨ।
     ਜਿਵੇਂ-ਜਿਵੇਂ ਪਰਤਾਂ ਖੁੱਲ੍ਹਣਗੀਆਂ ਇਹਨਾਂ ਦੀ ਕੋਝੀ ਕਰੂਪ ਪਛਾਣ ਉਵੇਂ-ਉਵੇਂ ਹੋਰ ਪ੍ਰਪੱਕ ਹੁੰਦੀ ਜਾਵੇਗੀ। ਇਹ ਉਹਨਾਂ ਖ਼ਬਰਾਂ ਵਿੱਚੋਂ ਹੈ ਜਿਸ ਨੇ ਕਦੇ ਪੁਰਾਣਾ ਨਹੀਂ ਹੋਣਾ।
     22 ਮਾਰਚ ਨੂੰ ਹਾਸ਼ਿਮਪੁਰਾ ਮਲਿਆਣਾ ਵਿੱਚ 1987 ਵਿੱਚ ਹੋਏ 42 ਕਤਲਾਂ ਦੇ ਨਾਮਜ਼ਦ 16 ਦੋਸ਼ੀਆਂ ਦੇ ਬਰੀ ਹੋਣ ਦੀ ਖ਼ਬਰ ਆਈ। ਮੇਰਠ ਦੇ ਮੁਸਲਮਾਨ ਨੌਜਵਾਨਾਂ ਨੂੰ ਸੂਬੇ ਦੇ ਸੁਰੱਖਿਆ ਬਲਾਂ ਦੀ 41ਵੀਂ ਬਟੈਲੀਅਨ ਵੱਲੋਂ ਮਾਰੇ ਜਾਣ ਦਾ ਮੁਆਮਲਾ ਸੀ। ਇਹ ਖ਼ਬਰ ਵੀ ਕਦੇ ਪੁਰਾਣੀ ਨਹੀਂ ਹੋਣੀ।
ਗੁਰਤੇਜ ਸਿੰਘ
23.3.2015

No comments:

Post a Comment