Wednesday, December 5, 2012

ਰਿਣ ਉਤਾਰ ਯਾਤਰਾ ਵਾਲੇ ਜੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੋਂ ਨਹੀਂ, ਤਾਂ ਘੱਟ ਤੋਂ ਘੱਟ ਕਿਰਪਾ ਰਾਮ ਤੋਂ ਹੀ ਅਗਵਾਈ ਲੈ ਲੈਣ:


ਰਿਣ ਉਤਾਰ ਯਾਤਰਾ ਵਾਲੇ ਜੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੋਂ ਨਹੀਂ, ਤਾਂ ਘੱਟ ਤੋਂ ਘੱਟ ਕਿਰਪਾ ਰਾਮ ਤੋਂ ਹੀ ਅਗਵਾਈ ਲੈ ਲੈਣ: ਭਾਈ ਸ਼ਿਵਤੇਗ ਸਿੰਘ

ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ੬੫੦ ’ਤੇ ਦਰਜ ਸੋਰਠਿ ਕੀ ਵਾਰ (ਮ: ੪) ਦੀ ੨੧ ਵੀਂ ਪਉੜੀ ਦੇ ਦੂਸਰੇ ਸਲੋਕ: ‘ਮ: ੩॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥’ ਦੀ ਕਥਾ ਕਰਦਿਆਂ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਿਹਾ ‘‘ਬੇਸ਼ਕ ਤੁਸੀਂ ਸਾਰੇ ਮਨੁੱਖ, ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਵੀ ਕੀਤੀ ਮਿਹਨਤ ਥਾਇ ਨਹੀਂ ਪਈ); ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ। ਪਰ ਸਤਿਗੁਰੂ ਦੇ ਸਨਮੁੱਖ ਹੋਇਆ ਮਨੁੱਖ ਸੱਚੇ ਹਰੀ ਵਿਚ ਬਿਰਤੀ ਜੋੜੀ ਰੱਖਦਾ ਹੈ (ਇਸ ਕਰ ਕੇ) ਉਸ ਦਾ ਮਨ ਜਿਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਇਸ ਸਲੋਕ ਵਿਚ ਫ਼ਰਮਾਨ ਕਰਦੇ ਹਨ, ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉੱਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ।’’
                    ਹਿੰਦੂ ਧਰਮ ਨੂੰ ਬਚਾਉਣ ਲਈ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਦਿੱਤੀ ਗਈ ਮਹਾਨ ਸ਼ਹਾਦਤ ਦਾ ਰਿਣ ਉਤਾਰਨ ਦੇ ਯਤਨ ਵਜੋਂ ਪੰਜਾਬ ਦੀਆਂ ਕੁੱਝ ਬ੍ਰਾਹਮਣ ਸਭਾਵਾਂ ਵੱਲੋਂ, ਮਾਈਸਰਖਾਨੇ ਤੋਂ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਤੱਕ ਕੀਤੀ ਗਈ ਯਾਤਰਾ ਦੇ ਅਖੀਰ ’ਤੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸ ਯਾਤਰਾ ਦੇ ਕੁੱਝ ਆਗੂਆਂ ਦੀ ਮਾਨਸਿਕ ਸਥਿਤੀ ਵੀ ਵਿਚਾਰ ਅਧੀਨ ਸਲੋਕ ਵਿਚ, ਤੀਰਥ ਯਾਤਰਾਵਾਂ ਕਰ ਰਹੇ ਭੇਖੀ ਸਾਧੂਆਂ ਦੀ ਵਰਣਨ ਕੀਤੀ ਸਥਿਤੀ ਨਾਲ ਮਿਲਦੀ ਹੈ ਕਿਉਂਕਿ ਉਹ ਵੀ ਆਪਣੇ ਮਨ ਨੂੰ ਮਾਰਨ ਤੋਂ ਬਿਨਾਂ ਹੀ ਵਿਖਾਵੇ ਦੇ ਤੌਰ ’ਤੇ ਰਿਣ ਲਾਹੁਣ ਦੇ ਹੋਛੇ ਯਤਨ ਦਾ ਸੰਕਲਪ ਮਨ ਵਿਚ ਲੈ ਕੇ ਯਾਤਰਾ ’ਤੇ ਤੁਰ ਪਏ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਕੇਵਲ ਹਿੰਦੂ ਧਰਮ ਜਾਂ ਤਿਲਕ ਜੰਞੂ ਦੀ ਰੱਖਿਆ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਰਮ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ, ਕਿਉਂਕਿ ਜੇ ਕਿਸੇ ਹੋਰ ਧਰਮ ’ਤੇ ਇਸ ਤਰ੍ਹਾਂ ਹਮਲਾ ਹੁੰਦਾ ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਦਾ ਧਰਮ ਬਚਾਉਣ ਲਈ ਵੀ ਆਪਣੀ ਸ਼ਹਾਦਤ ਦੇ ਦੇਣੀ ਸੀ। ਪਰ ਜੇ ਕਰ ਇਹ ਬ੍ਰਾਹਮਣ ਮੰਨਦੇ ਹਨ ਕਿ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਅਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਤਿਲਕ ਜੰਞੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ ਤਾਂ ਅਸੀਂ ਉਨ੍ਹਾਂ ਨਾਲ ਵੀ ਸਹਿਮਤ ਹੋ ਜਾਂਦੇ ਹਾਂ। ਇਹ ਬ੍ਰਾਹਮਣ ਮੰਨਦੇ ਹਨ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਭਾਈ ਕਿਰਪਾ ਰਾਮ ਦੀ ਅਗਵਾਈ ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਹਾਜ਼ਰ ਹੋ ਕੇ ਫ਼ਰਿਆਦ ਕੀਤੀ ਸੀ ਕਿ ਔਰੰਗਜ਼ੇਬ ਦੀ ਮੁਗ਼ਲ ਸਰਕਾਰ ਉਨ੍ਹਾਂ ਦੇ ਤਿਲਕ ਜੰਞੂ ਜਬਰੀ ਉਤਾਰ ਕੇ ਧਰਮ ਤਬਦੀਲ ਕਰ ਕੇ ਹਿੰਦੂ ਧਰਮ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਉਨ੍ਹਾਂ ਫ਼ਰਿਆਦੀ ਬ੍ਰਾਹਮਣਾਂ ਦੀ ਫ਼ਰਿਆਦ ਸੁਣ ਕੇ ਉਨ੍ਹਾਂ ਨੂੰ ਕਿਹਾ ਸੀ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਗੁਰੂ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਨ। ਜੇ ਤੁਸੀਂ ਉਨ੍ਹਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਸਾਰੇ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਇਸ ਸਾਖੀ ਅਨੁਸਾਰ ਕਿਰਪਾ ਰਾਮ ਦੀ ਅਗਵਾਈ ’ਚ ਬ੍ਰਾਹਮਣਾਂ ਨੇ ਗੁਰੂ ਸਾਹਿਬ ਜੀ ਦਾ ਸੰਦੇਸ਼ ਔਰੰਗਜ਼ੇਬ ਤੱਕ ਪਹੁੰਚਾਇਆ ਤਾਂ ਉਹ ਬਹੁਤ ਖ਼ੁਸ਼ ਹੋਇਆ ਕਿ ਇਕੱਲੇ ਇਕੱਲੇ ਵਿਅਕਤੀ ਨੂੰ ਜ਼ਬਰ ਕਰ ਕੇ ਮੁਸਲਮਾਨ ਬਣਾਉਣ ਨਾਲੋਂ ਕਿੰਨਾ ਚੰਗਾ ਹੋਵੇਗਾ ਕਿ ਇੱਕ ਹੀ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾਉਣ ਨਾਲ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣਨ ਲਈ ਤਿਆਰ ਹੋ ਜਾਣਗੇ। ਜਦ ਗੁਰੂ ਸਾਹਿਬ ਜੀ ਨੇ ਸਖ਼ਤ ਤਸੀਹੇ ਸਹਿ ਕੇ ਵੀ ਆਪਣੀ ਸ਼ਹਾਦਤ ਦੇਣੀ ਤਾਂ ਪ੍ਰਵਾਨ ਕਰ ਲਈ ਪਰ ਇਸਲਾਮ ਧਰਮ ਨਾ ਕਬੂਲਿਆ ਤਾਂ ਇਸ ਦੇਸ਼ ਦੇ ਹਿੰਦੂਆਂ ਦਾ ਧਰਮ ਬਚ ਗਿਆ।
                   ਭਾਈ ਸ਼ਿਵਤੇਗ ਸਿੰਘ ਨੇ ਕਿਹਾ ਰਿਣ ਉਤਾਰਨ ਦਾ ਯਤਨ ਕਰਨ ਵਾਲੇ ਜਿਹੜੇ ਬ੍ਰਾਹਮਣ ਇਤਰਾਜ਼ ਕਰਦੇ ਹਨ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹੁੰਚਣ ’ਤੇ ਉਨ੍ਹਾਂ ਦਾ ਠੀਕ ਢੰਗ ਨਾਲ ਸੁਆਗਤ ਨਹੀਂ ਹੋਇਆ ਉਨ੍ਹਾਂ ਨੂੰ ਸਿਰੋਪੇ ਨਹੀਂ ਦਿੱਤੇ, ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਠੀਕ ਨਹੀਂ ਸੀ, ਸੌਣ ਲਈ ਗੱਦੇ ਤੇ ਚਿੱਟੀਆਂ ਚਾਦਰਾਂ ਨਹੀਂ ਦਿੱਤੀਆਂ ਗਈਆਂ ਉਹ ਦੱਸਣ ਕਿ ਕੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਵੀ ਦਿੱਲੀ ਦੇ ਬ੍ਰਾਹਮਣਾਂ ਜਾਂ ਹਿੰਦੂਆਂ ਕੋਲ ਕੋਈ ਇਤਰਾਜ਼ ਕੀਤਾ ਸੀ ਕਿ ਉਹ ਉਨ੍ਹਾਂ ਦਾ ਧਰਮ ਬਚਾਉਣ ਲਈ ਸ਼ਹਾਦਤ ਦੇਣ ਆਏ ਹਨ ਇਸ ਲਈ ਉਨ੍ਹਾਂ ਦੇ ਸੁਆਗਤ ਲਈ ਕਿਉਂ ਨਹੀਂ ਆਏ, ਉਨ੍ਹਾਂ ਦੀ ਰਿਹਾਇਸ਼ ਤੇ ਲੰਗਰ ਲਈ ਚੰਗਾ ਪ੍ਰਬੰਧ ਕਿਉਂ ਨਹੀਂ ਕੀਤਾ? ਭਾਈ ਸ਼ਿਵਤੇਗ ਸਿੰਘ ਨੇ ਕਿਹਾ ਇਤਿਹਾਸ ਵਿਚ ਦਰਜ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਲੋਹੇ ਦੇ ਪਿੰਜਰੇ ਵਿਚ ਕੈਦ ਰੱਖਿਆ ਗਿਆ, ਜਿਸ ਦਾ ਆਕਾਰ ਇਤਨਾ ਛੋਟਾ ਸੀ ਕਿ ਗੁਰੂ ਸਾਹਿਬ ਉਸ ਵਿਚ ਸਿੱਧੇ ਖੜ੍ਹ ਵੀ ਨਹੀਂ ਸਨ ਸਕਦੇ ਤੇ ਉਨ੍ਹਾਂ ਨੂੰ ਆਪਣੀ ਕਮਰ ਤੇ ਸਿਰ ਝੁਕਾ ਕੇ ਖੜ੍ਹਨਾ ਪਿਆ ਸੀ। ਉਸ ਪਿੰਜਰੇ ਦੇ ਚਾਰੇ ਪਾਸੇ ਤੇ ਹੇਠਾਂ ਤਿੱਖੇ ਛੁਰੇ ਲੱਗੇ ਸਨ ਜਿਹੜੇ ਸਹਾਰੇ ਲਈ ਢੋਹ ਲਾਉਣ ਜਾਂ ਬੈਠਣ ਦੀ ਕੋਸ਼ਿਸ਼ ਕਰਨ ਸਮੇਂ ਵੀ ਚੁੱਭਦੇ ਸਨ। ਅਜਿਹੇ ਪਿੰਜਰੇ ਵਿਚ ਬੰਦ ਰਹਿਣਾ ਕਿੰਨਾ ਦੁਖਦਾਈ ਹੋਵੇਗਾ ਇਹ ਸਮਝਣਾ ਕੋਈ ਮੁਸ਼ਕਲ ਨਹੀਂ ਹੈ। ਇਸ ਤੋਂ ਇਲਾਵਾ ਮਾਨਸਿਕ ਤੌਰ ’ਤੇ ਦੁੱਖ ਪਹੁੰਚਾਉਣ ਤੇ ਡਰਾਉਣ ਲਈ ਉਨ੍ਹਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ ਫਾੜ ਕਰ ਕੇ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿਚ ਆਲੂ ਦੀ ਤਰ੍ਹਾਂ  ਉਬਾਲ ਕੇ ਸ਼ਹੀਦ ਕੀਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਗੁਰੂ ਤੇਗ਼ ਬਹਾਦਰ ਜੀ ਨੇ ਤਾਂ ਕੀ ਉਨ੍ਹਾਂ ਤੋਂ ਪਹਿਲਾਂ ਸ਼ਹੀਦ ਹੋਏ ਤਿੰਨੇ ਸਿੱਖਾਂ ਵਿਚੋਂ ਵੀ ਕਿਸੇ ਨੇ ਨਾ ਉਨ੍ਹਾਂ ’ਤੇ ਹੋਏ ਤਸ਼ੱਦਦ ਦਾ ਰੋਸ ਕੀਤਾ ਤੇ ਨਾ ਹੀ ਕਿਸੇ ਸਹੂਲਤ ਦੀ ਮੰਗ ਕੀਤੀ। ਉਹ ਅਜੇਹਾ ਤਾਂ ਹੀ ਕਰ ਸਕੇ ਕਿਉਂ ਉਹ ਜਿਉਂਦੇ ਜੀ ਹੀ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਮਾਰ ਚੁੱਕੇ ਸਨ ਇਸ ਲਈ ਉਨ੍ਹਾਂ ਨੂੰ ਨਾ ਕਿਸੇ ਸਹੂਲਤ ਦੀ ਲੋੜ ਮਹਿਸੂਸ ਹੋਈ, ਨਾ ਹੀ ਕਿਸੇ ਮਾਨ ਸਨਮਾਨ ਦੀ ਚਾਹਤ ਰਹੀ ਤੇ ਨਾ ਹੀ ਕਿਸੇ ’ਤੇ ਰੋਸ ਕੀਤਾ। ਪਰ ਉਨ੍ਹਾਂ ਦਾ ਰਿਣ ਉਤਾਰਨ ਦਾ ਯਤਨ ਕਰ ਰਹੇ ਬ੍ਰਾਹਮਣਾਂ ਨੇ ਕਿਉਂਕਿ ਨਾ ਤਾਂ ਗੁਰੂ ਤੋਂ ਕੋਈ ਸੇਧ ਲਈ ਨਾਂ ਹੀ ਰਿਣ ਉਤਾਰਨ ਦਾ ਯਤਨ ਅਰੰਭਣ ਤੋਂ ਪਹਿਲਾਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਮਾਰਨ ਦੇ ਰਾਹ ਪਏ, ਇਸ ਲਈ ਭਾਰਤ ਵਿਚ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਵਿਰੁੱਧ ਆਵਾਜ਼ ਤਾਂ ਕੀ ਉਠਾਉਣੀ ਸੀ ਆਪਣੀਆਂ ਹੀ ਸੁੱਖ ਸਹੂਲਤਾਂ ਤੇ ਮਾਨ ਸਨਮਾਨ ਦਾ ਰੋਣਾ ਰੋਣ ਲੱਗ ਪਏ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਰਿਣ ਉਤਾਰਨ ਦੇ ਰਾਹ ਪਏ ਜਾਂ ਯਤਨ ਕਰ ਰਹੇ ਇਹ ਬ੍ਰਾਹਮਣ ਜੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਏ ਪੂਰਨਿਆਂ ’ਤੇ ਨਹੀਂ ਚੱਲ ਸਕਦੇ ਤਾਂ ਘੱਟ ਤੋਂ ਘੱਟ ਆਪਣੇ ਬਜ਼ੁਰਗ ਕਿਰਪਾ ਰਾਮ ਤੋਂ ਹੀ ਅਗਵਾਈ ਲੈ ਲੈਣ। ਪੰਡਿਤ ਕਿਰਪਾ ਰਾਮ ਜੀ ਦਾ ਇਤਿਹਾਸ ਦੱਸਦਿਆਂ ਉਨ੍ਹਾਂ ਕਿਹਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਦ੍ਰਿੜ੍ਹ ਸੰਕਲਪ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਰਹੇ, ਸਿੱਖੀ ਦਾ ਡੂੰਘਾ ਅਧਿਐਨ ਕਰ ਕੇ ਬ੍ਰਾਹਮਣੀ ਕਰਮ ਕਾਂਡਾਂ ਦਾ ਤਿਆਗ ਕੀਤਾ ਤੇ ੧੬੯੯ ਦੀ ਵੈਸਾਖੀ ਨੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣੇ। ਸਿਰਫ਼ ਵਿਖਾਵੇ ਦੇ ਕਿਰਪਾ ਸਿੰਘ ਹੀ ਨਹੀਂ ਬਣੇ ਸਗੋਂ ਚਮਕੌਰ ਦੀ ਗੜ੍ਹੀ ਵਿਚ ਧਰਮ ਲਈ ਜੂਝਦੇ ਹੋਏ ਸ਼ਹੀਦ ਹੋ ਕੇ ਪ੍ਰਵਾਨ ਚੜ੍ਹੇ। ਰਿਣ ਉਤਾਰਨ ਦੇ ਯਤਨ ’ਚ ਕੇਵਲ ਯਾਤਰਾ ਕਰਨ ਦੀ ਥਾਂ ਇਨ੍ਹਾਂ ਬ੍ਰਾਹਮਣਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗ ਭਾਈ ਕਿਰਪਾ ਰਾਮ ਤੋਂ ਸੇਧ ਲੈਂਦੇ ਹੋਏ ਗੁਰੂ ਦੀ ਸਿੱਖੀ ਨੂੰ ਅਪਣਾ ਲੈਣ, ਫੋਕਟ ਕਰਮ ਕਾਂਡਾਂ ਤੋਂ ਖ਼ੁਦ ਛੁਟਕਾਰਾ ਪਾਉਣ ਤੇ ਹੋਰਨਾਂ ਨੂੰ ਛੁਟਕਾਰਾ ਦਿਵਾਉਣ ਲਈ ਪ੍ਰਚਾਰ ਕਰਨ। ਹਰੇਕ ਮਨੁੱਖ ਵਿਚ ਇੱਕ ਅਕਾਲਪੁਰਖ਼ ਦੀ ਜੋਤਿ ਮਹਿਸੂਸ ਕਰਦੇ ਹੋਏ ਸਭਨਾਂ ਦੇ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਨ।
                   ਕਥਾ ਦੌਰਾਨ ਭਾਈ ਸ਼ਿਵਤੇਗ ਸਿੰਘ ਨੇ, ਰਿਣ ਉਤਾਰਨ ਯਤਨ ਯਾਤਰਾ ਦੇ ਇੱਕ ਮੁਖੀ ਨਾਲ ਭਾਈ ਕਿਰਪਾਲ ਸਿੰਘ ਬਠਿੰਡਾ ਨਾਲ ਹੋਈ ਵਾਰਤਾਲਾਪ ਦੀ ਵੀ ਜ਼ਿਕਰ ਕੀਤਾ। ਇਹ ਦੱਸਣਯੋਗ ਹੈ ਕਿ ੨੬ ਨਵੰਬਰ ਨੂੰ ਮਾਲਵਾ ਪ੍ਰਾਂਤੀਆ ਬ੍ਰਾਹਮਣ ਸਭਾ (ਰਜਿ:) ਮਾਈਸਰ ਖਾਨਾ (ਬਠਿੰਡਾ) ਤੇ ਸਰਵ ਕਲਿਆਣ ਬ੍ਰਾਹਮਣ ਸੰਮਤੀ (ਰਜਿ:) ਬਠਿੰਡਾ ਦੀ ਸਮੂਹ ਲੀਡਰਸ਼ਿਪ ਨੇ ਬਠਿੰਡਾ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਮੰਡੀ ਗੋਬਿੰਦ ਗੜ੍ਹ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਦੇ ਉਸ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਸੀ ਜਿਸ ਵਿਚ ਸ਼੍ਰੀ ਪ੍ਰਾਸ਼ਰ ਨੇ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਦੇ ਪ੍ਰਬੰਧਕਾਂ ’ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਬ੍ਰਾਹਮਣ ਯਾਤਰੀਆਂ ਦਾ ਅਪਮਾਨ ਕਰਨ ਲਈ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ, ਰਿਹਾਇਸ਼ ਦਾ ਠੀਕ ਪ੍ਰਬੰਧ ਨਹੀਂ ਕੀਤਾ, ਵਿਛਾਈ ਲਈ ਗੱਦੇ ਤੇ ਚਿੱਟੀਆਂ ਚਾਦਰਾਂ ਨਹੀਂ ਦਿੱਤੀਆਂ, ਤਿੰਨ ਦਿਨਾਂ ਦੀਆਂ ਬੇਹੀਆਂ ਰੋਟੀਆਂ ਖਾਣ ਲਈ ਦਿੱਤੀਆਂ ਤੇ ਰਾਤ ਨੂੰ ਢਾਈ ਵਜੇ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਦਾਅਵਾ ਕੀਤਾ ਸੀ ਕਿ ਬੇਸ਼ੱਕ ਉਹ ਸਮਝਦੇ ਹਨ ਕਿ ਦਿੱਲੀ ਦੇ ਕਿਸੇ ਵੀ ਗੁਰਦੁਆਰੇ ਵਿਚ ੫੦੦੦ ਹਜ਼ਾਰ ਵਿਅਕਤੀਆਂ ਦੇ ਠਹਿਰਨ ਦਾ ਪ੍ਰਬੰਧ ਕਰਨਾ ਆਸਾਨ ਨਹੀਂ ਹੈ ਪਰ ਇਸ ਦੇ ਬਾਵਜੂਦ ਪੰਜਾਬ ਹਰਿਆਣਾ ਦੀ ਤਰ੍ਹਾਂ ਦਿੱਲੀ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਵੀ ਉਨ੍ਹਾਂ ਦੀ ਉਮੀਦ ਤੋਂ ਵੱਧ ਮਾਨ ਸਨਮਾਨ ਕੀਤਾ ਤੇ ਬਹੁਤ ਹੀ ਵਧੀਆ ਰਿਹਾਇਸ਼ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਸਾਡੇ ਤਾਂ ਕਿਸੇ ਵੀ ਮੰਦਰ ਵਿਚ ੫ ਬੰਦਿਆਂ ਨੂੰ ਠਹਿਰਾਉਣ ਤੇ ਲੰਗਰ ਲਈ ਪ੍ਰਬੰਧ ਨਹੀਂ ਪਰ ਦਿੱਲੀ ਕਮੇਟੀ ਦਾ ਧੰਨਵਾਦ ਹੈ ਕਿ ਉਨ੍ਹਾਂ ਨੇ ਸਾਡੇ ੫੦੦੦ ਬੰਦਿਆਂ ਲਈ ਬਹੁਤ ਹੀ ਯੋਗ ਪ੍ਰਬੰਧ ਕੀਤਾ ਤੇ ਸਾਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਪ੍ਰਾਸ਼ਰ ਦਾ ਬਿਆਨ ਇਨ੍ਹਾਂ ਆਗੂਆਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਹੋਣ ਕਰ ਕੇ ਉਨ੍ਹਾਂ ਦਾ ਪੱਖ ਜਾਣਨ ਲਈ ਜਦੋਂ ਇਸ ਪੱਤਰਕਾਰ ਨੇ ਉਨ੍ਹਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੁਰਾਣਾ ਬਿਆਨ ਦੁਹਰਾਉਂਦੇ ਹੋਏ ਪ੍ਰੈੱਸ ਕਾਨਫ਼ਰੰਸ ਕਰਨ ਵਾਲੇ ਆਗੂਆਂ ’ਤੇ ਕਾਂਗਰਸੀ ਹੋਣ ਦਾ ਦੋਸ਼ ਲਾਇਆ। ਸ਼੍ਰੀ ਪ੍ਰਾਸ਼ਰ ਨੂੰ ਬੇਨਤੀ ਕੀਤੀ ਗਈ ਕਿ ਤੁਹਾਡੀ ਤਾਂ ਧਾਰਮਿਕ ਯਾਤਰਾ ਸੀ ਫਿਰ ਇੱਥੇ ਪਾਰਟੀ ਦਾ ਸਵਾਲ ਪੈਦਾ ਕਿਵੇਂ ਹੋ ਗਿਆ? ਜੇ ਤੁਹਾਡੇ ’ਤੇ ਕੋਈ ਬਾਦਲ ਦਲ ਜਾਂ ਭਾਜਪਾ ਸਮਰਥਕ ਹੋਣ ਦਾ ਦੋਸ਼ ਲਾ ਦੇਵੇ ਤਾਂ ਤੁਸੀਂ ਕੀ ਜਵਾਬ ਦੇਵੋਗੇ? ਕੀ ਧਾਰਮਿਕ ਰਿਣ ਲਾਹੁਣ ਗਏ ਧਾਰਮਿਕ ਵਿਅਕਤੀਆਂ ਦੇ ਬਿਆਨ ਵੀ ਉਨ੍ਹਾਂ ਦੀ ਰਾਜਨੀਤਕ ਪਾਰਟੀ ਤੋਂ ਪ੍ਰੇਰਤ ਹੋਣੇ ਵਾਜਬ ਹਨ। ਇਸ ਦਾ ਸ਼੍ਰੀ ਪ੍ਰਾਸ਼ਰ ਕੋਲ ਕੋਈ ਜਵਾਬ ਨਹੀਂ ਸੀ ਤਾਂ ਉਨ੍ਹਾਂ ਨੂੰ ਦੂਸਰਾ ਸਵਾਲ ਪੁੱਛਿਆ ਗਿਆ ਕਿ ਮੰਨ ਲੈਂਦੇ ਹਾਂ ਕਿ ਤੁਹਾਡੇ ਨਾਲ ਦੁਰਵਿਹਾਰ ਹੋਇਆ ਹੋਵੇਗਾ ਪਰ ਤੁਸੀਂ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਰਿਣ ਉਤਾਰਨ ਗਏ ਸੀ। ਜਿਸ ਗੁਰੂ ਸਾਹਿਬ ਨੇ ਤੁਹਾਡੇ ਲਈ ਸ਼ਹੀਦੀ ਦਿੱਤੀ ਕੀ ਉਸ ਦੇ ਸਥਾਨ ’ਤੇ ਇੱਕ ਰਾਤ ਬਿਨਾਂ ਕਿਸੇ ਸਹੂਲਤ ਦੇ ਨਹੀਂ ਸੀ ਕੱਟ ਸਕਦੇ। ਉਨ੍ਹਾਂ ਨੇ ਤੁਹਾਡੇ ਧਰਮ ਦੀ ਆਜ਼ਾਦੀ ਲਈ ਸ਼ਹੀਦੀ ਦਿੱਤੀ, ਤੁਸੀਂ ਉਨ੍ਹਾਂ ਦੇ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਇਨਸਾਫ਼ ਦੀ ਮੰਗ ਲਈ ਬਿਆਨ ਵੀ ਨਹੀਂ ਦੇ ਸਕੇ ਤੁਹਾਡੀ ਯਾਤਰਾ ਦਾ ਕੀ ਅਰਥ ਰਹਿ ਜਾਂਦਾ ਹੈ? ਸ਼੍ਰੀ ਪ੍ਰਾਸ਼ਰ ਦਾ ਜਵਾਬ ਬੜਾ ਹੀ ਹੈਰਾਨਕੁਨ ਸੀ ਜਦੋਂ ਉਨ੍ਹਾਂ ਕਿਹਾ ਕਿ ਇਹ ਸਾਡੇ ਏਜੰਡੇ ’ਤੇ ਨਹੀਂ ਸੀ ਤਾਂ ਨਾ ਹੀ ਇਹ ਸਾਡਾ ਕੋਈ ਮਨੋਰਥ ਹੈ। ਸਾਡੀ ਯਾਤਰਾ ਦਾ ਮਕਸਦ ਕੇਵਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਥਾਨ ’ਤੇ ਨਤਮਸਤਕ ਹੋਣਾ ਸੀ ਨਾ ਕਿ ਐਸੇ ਸਿਆਸੀ ਬਿਆਨ ਦੇਣੇ। ਇਸ ਉਪਰੰਤ ਭਾਰਤੀ ਸਮੇਂ ਅਨੁਸਾਰ ੨੮ ਨਵੰਬਰ ਨੂੰ ਸਵੇਰੇ ਤਕਰੀਬਨ ਸਾਢੇ ਕੁ ਅੱਠ ਵਜੇ ਰੰਗਲਾ ਪੰਜਾਬ ਰੇਡੀਉ ਟਰਾਂਟੋ (ਕੈਨੇਡਾ) ਦੇ ਹੋਸਟ ਸ਼੍ਰੀ ਚਾਵਲਾ ਨੇ ਸ਼੍ਰੀ ਪ੍ਰਾਸ਼ਰ ਤੇ ਇਸ ਪੱਤਰਕਾਰ (ਕਿਰਪਾਲ ਸਿੰਘ ਬਠਿੰਡਾ) ਦੋਵਾਂ ਨੂੰ ਹੀ ਔਨ ਲਾਈਨ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ ਤਾਂ ਉੱਥੇ ਵੀ ਸ਼੍ਰੀ ਪ੍ਰਾਸ਼ਰ ਨੇ ਆਪਣੇ ਦੋਸ਼ ਵਾਰ ਵਾਰ ਦੁਹਰਾਉਂਦੇ ਹੋਏ ਤਾਂ ੪੦ ਮਿੰਟ ਲਾ ਦਿੱਤੇ ਪਰ ਜਦ ਉਨ੍ਹਾਂ ਤੋਂ ਉਕਤ ਪ੍ਰਸ਼ਨ ਹਾਲੀ ਪੁੱਛਣਾ ਸ਼ੁਰੂ ਹੀ ਕੀਤਾ ਤਾਂ ਜਵਾਬ ਦੇਣ ਤੋਂ ਟਲਣ ਲਈ ਉਨ੍ਹਾਂ ਤੁਰੰਤ ਆਪਣਾ ਫ਼ੋਨ ਕੱਟ ਕੇ ਬੰਦ ਕਰ ਲਿਆ। ਸ਼੍ਰੀ ਪ੍ਰਾਸ਼ਰ ਦਾ ਵਿਵਹਾਰ ਸਿੱਧ ਕਰਦਾ ਹੈ ਕਿ ਉਹ ਰਿਣ ਉਤਾਰਨ ਦਾ ਕੋਈ ਯਤਨ ਕਰ ਰਹੇ ਹਨ ਜਾਂ ਸਿਆਸੀ ਪਾਰਟੀਆਂ ਵਾਂਗ ਇਸ ਯਾਤਰਾ ਨੂੰ ਆਪਣੇ ਸਿਆਸੀ ਮੰਤਵਾਂ ਲਈ ਵਰਤਣਾ ਚਾਹੁੰਦੇ ਹਨ।
Posted by
Parmjit Singh Sekhon (Dakha)

No comments:

Post a Comment