Tuesday, March 4, 2014

ਸਦੀਆਂ ਦੀ ਗੁਲਾਮੀ

ਸਦੀਆਂ ਦੀ ਗੁਲਾਮੀ

ਸਦੀਆਂ ਦੀ ਗੁਲਾਮੀ

ਸਦੀਆਂ ਦੀ ਗੁਲਾਮੀ ਨੇ ਸਾਡੇ ਵਿਚੋਂ ਸਵੈਮਾਣ ਨੂੰ ਹਟਾਇਆ, ਆਪਣੇ ਵਿਰਸੇ, ਬੋਲੀ ਅਤੇ ਸੱਭਿਆਚਾਰ ਤੋਂ ਦੂਰ ਕਰਕੇ ਸ਼ਾਸਕਾਂ ਦੀ ਬੋਲੀ ਅਤੇ ਸੱਭਿਆਚਾਰ ਨਾਲ ਜੋੜਿਆ। ਇਸੇ ਕਰਕੇ ਸਾਨੂੰ ਨਕਲ ਦੀ ਭੈੜੀ ਆਦਤ ਪੈ ਗਈ ਹੈ। ਸਾਡੇ ਆਖਰੀ ਸ਼ਾਸਕ ਅੰਗਰੇਜ਼ ਸਨ। ਅਸੀਂ ਉਨ੍ਹਾਂ ਦੀ ਬੋਲੀ, ਪਹਿਰਾਵਾ ਤੇ ਰਹਿਣ ਢੰਗਾਂ ਨੂੰ ਅਪਣਾ ਕੇ ਆਪਣੇ ਵਡੱਪਣ ਦਾ ਦਿਖਾਵਾ ਕਰਦੇ ਹਾਂ। ਸਨਅਤ, ਵਪਾਰ ਇਥੋਂ ਤੱਕ ਕਿ ਖੇਤੀ ਵਿਚ ਵੀ ਅਸੀਂ ਪੱਛਮ ਦੀ ਹੀ ਨਕਲ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਣੀਆਂ ਲੋੜਾਂ ਅਨੁਸਾਰ ਮਸ਼ੀਨਾਂ ਵਿਕਸਿਤ ਕਰਨ ਦੀ ਥਾਂ ਅਸੀਂ ਵਿਦੇਸ਼ਾਂ ਤੋਂ ਮਸ਼ੀਨਾਂ ਮੰਗਵਾਉਂਦੇ ਹਾਂ ਜਾਂ ਉਨ੍ਹਾਂ ਦੀ ਨਕਲ ਬਣਾਉਂਦੇ ਹਾਂ। ਇਥੋਂ ਤੱਕ ਕਿ ਆਪਣੇ ਲਈ ਵਿਕਾਸ ਮਾਡਲ ਵੀ ਅਸੀਂ ਉਨ੍ਹਾਂ ਪਾਸੋਂ ਹੀ ਪ੍ਰਾਪਤ ਕਰਦੇ ਹਾਂ। ਨਕਲ ਮਾਰਨ ਦੀ ਆਦਤ ਏਨੀ ਪੱਕੀ ਹੋ ਗਈ ਹੈ ਕਿ ਅਸੀਂ ਬੱਚਿਆਂ ਨੂੰ ਵੀ ਇਮਤਿਹਾਨ ਵਿਚ ਨਕਲ ਮਾਰਨ ਲਈ ਉਕਸਾਉਂਦੇ ਹਾਂ। ਆਪਣੇ ਰਸਮਾਂ-ਰਿਵਾਜਾਂ ਅਤੇ ਤਿਉਹਾਰਾਂ ਨੂੰ ਭੁੱਲ ਅਸੀਂ ਉਨ੍ਹਾਂ ਦੇ ਤਿਉਹਾਰ ਤੇ ਰਸਮੋ-ਰਿਵਾਜ ਅਪਣਾਉਣ ਵਿਚ ਮਾਣ ਮਹਿਸੂਸ ਕਰਦੇ ਹਾਂ। ਆਜ਼ਾਦੀ ਦੇ ਛੇ ਦਹਾਕੇ ਬੀਤ ਜਾਣ ਪਿੱਛੋਂ ਇਹ ਆਦਤ ਘਟ ਜਾਣੀ ਚਾਹੀਦੀ ਸੀ ਪਰ ਇਹ ਤਾਂ ਸਗੋਂ ਹੋਰ ਪ੍ਰਪੱਕ ਹੋ ਰਹੀ ਹੈ। 
ਲੋਕਰਾਜ ਵਿਚ ਦੇਸ਼ ਦੇ ਲੋਕ ਮਾਲਕ ਹੁੰਦੇ ਹਨ ਪਰ ਸਾਡੇ ਦੇਸ਼ ਵਿਚ ਹੁਣ ਵੀ ਲੋਕ ਸੇਵਕ ਭਾਵ ਸਰਕਾਰੀ ਕਰਮਚਾਰੀ ਰਾਜਿਆਂ ਵਾਂਗ ਵਤੀਰਾ ਕਰਦੇ ਹਨ ਤੇ ਲੋਕਾਂ ਨੂੰ ਆਪਣੀ ਪਰਜਾ ਸਮਝਦੇ ਹਨ। ਇਨ੍ਹਾਂ ਦੀਆਂ ਗੱਡੀਆਂ ਉੱਤੇ ਲੱਗਣ ਵਾਲੀਆਂ ਲਾਲ ਬੱਤੀਆਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਵਜ਼ੀਰ ਤੇ ਵੱਡੇ ਅਫਸਰ ਸੜਕਾਂ ਉੱਤੋਂ ਇਵੇਂ ਲੰਘਦੇ ਹਨ, ਜਿਵੇਂ ਕਿ ਰਾਜੇ ਜਾਂ ਮਹਾਰਾਜੇ ਦੀ ਸਵਾਰੀ ਜਾ ਰਹੀ ਹੋਵੇ। ਜੇਕਰ ਇਸ ਵਤੀਰੇ ਨੂੰ ਰੋਕਿਆ ਨਾ ਗਿਆ ਤਾਂ ਲੋਕ ਹੱਕ ਕੇਵਲ ਵੋਟ ਪਾਉਣ ਤੱਕ ਹੀ ਸੀਮਤ ਹੋ ਜਾਣਗੇ। ਬਦਕਿਸਮਤੀ ਕਿ ਵੋਟਾਂ ਵੀ ਹੁਣ ਮੁੱਲ ਵਿਕਣ ਲੱਗ ਪਈਆਂ ਹਨ। ਕਈ ਗਰੀਬ ਤੇ ਅਨਪੜ੍ਹ ਲੋਕ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਜੇਕਰ ਸਾਡਾ ਕੰਮ ਇਹ ਪੈਸੇ ਲਏ ਬਗੈਰ ਨਹੀਂ ਕਰਦੇ ਤਾਂ ਅਸੀਂ ਇਨ੍ਹਾਂ ਨੂੰ ਵੋਟ ਮੁਫਤ ਵਿਚ ਕਿਉਂ ਦੇਈਏ? ਇਸ ਰੁਝਾਨ ਵਿਚ ਵਾਧਾ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ। ਇਸ ਰੁਝਾਨ ਨੂੰ ਰੋਕਣ ਦੀ ਲੋੜ ਹੈ।
ਚੋਣਾਂ ਦਾ ਸਾਡੀਆਂ ਰਾਜਸੀ ਪਾਰਟੀਆਂ ਨੇ ਵੀ ਸਰੂਪ ਵਿਗਾੜ ਦਿੱਤਾ ਹੈ। ਚੋਣਾਂ ਲੋਕ ਸਭਾ ਦੇ ਮੈਂਬਰਾਂ ਦੀਆਂ ਹਨ, ਕਿਸੇ ਪ੍ਰਸ਼ਾਸਿਕ ਜਾਂ ਅਮਰੀਕਾ ਵਾਂਗ ਰਾਸ਼ਟਰਪਤੀ ਲਈ ਚੋਣਾਂ ਨਹੀਂ ਹਨ। ਪ੍ਰਚਾਰ ਇਹ ਹੋਣਾ ਚਾਹੀਦਾ ਹੈ ਕਿ ਸੂਝਵਾਨ, ਇਮਾਨਦਾਰ, ਮਿਹਨਤੀ ਤੇ ਲੋਕ-ਹਿਤੈਸ਼ੀ ਉਮੀਦਵਾਰਾਂ ਨੂੰ ਵੋਟ ਪਾ ਕੇ ਲੋਕ ਸਭਾ ਦੇ ਮੈਂਬਰ ਬਣਾਇਆ ਜਾਵੇ। ਪਰ ਅਜਿਹਾ ਨਹੀਂ ਹੈ। ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਐਲਾਨਿਆ ਗਿਆ ਹੈ। ਮੋਦੀ ਸਾਹਿਬ ਆਖਦੇ ਹਨ, 'ਤੁਸੀਂ ਮੈਨੂੰ ਵੋਟ ਦੇਵੋ, ਮੈਂ ਤੁਹਾਨੂੰ ਸਵਰਾਜ ਦੇਵਾਂਗਾ।' ਕਾਂਗਰਸ ਪਾਰਟੀ ਦਾ ਵੀ ਇਹੋ ਹਾਲ ਹੈ। ਭਾਵੇਂ ਉਨ੍ਹਾਂ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਪ੍ਰਚਾਰ ਕੀਤਾ ਜਾ ਰਿਹਾ ਹੈ, 'ਯੁਵਾ ਸੋਚ ਨੂੰ ਵੋਟ ਪਾਓ, ਰਾਹੁਲ ਗਾਂਧੀ ਨੂੰ ਵੋਟ ਪਾਓ।' ਕਿਸੇ ਵੀ ਪਾਰਟੀ ਵੱਲੋਂ ਇਹ ਪ੍ਰਚਾਰ ਨਹੀਂ ਹੋ ਰਿਹਾ ਕਿ ਉਸ ਦੇ ਉਮੀਦਵਾਰਾਂ ਨੂੰ ਵੋਟ ਕਿਉਂ ਪਾਈ ਜਾਵੇ, ਉਸ ਦਾ ਦੇਸ਼ ਦੇ ਭਵਿੱਖ ਲਈ ਏਜੰਡਾ ਕੀ ਹੈ? ਦੇਸ਼ ਵਿਚੋਂ ਭ੍ਰਿਸ਼ਟਾਚਾਰ, ਗਰੀਬੀ ਅਤੇ ਬੇਰੁਜ਼ਗਾਰੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਜੇਕਰ ਲੋਕਰਾਜ ਨੂੰ ਸਹੀ ਅਰਥਾਂ ਵਿਚ ਲੋਕਰਾਜ ਬਣਾਈ ਰੱਖਣਾ ਹੈ ਤਾਂ ਚੋਣ ਪ੍ਰਚਾਰ ਦਾ ਅਮਰੀਕੀ ਢੰਗ ਨਾ ਅਪਣਾਈਏ, ਸਗੋਂ ਪਾਰਲੀਮੈਂਟ ਵਿਚ ਇਮਾਨਦਾਰ ਲੀਡਰਾਂ ਨੂੰ ਚੁਣ ਕੇ ਭੇਜੀਏ। ਇਕ ਆਦਮੀ ਭਾਵੇਂ ਉਹ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ, ਆਪਣੀ ਮਰਜ਼ੀ ਨਾਲ ਸਰਕਾਰ ਨਹੀਂ ਚਲਾ ਸਕਦਾ। ਸਰਕਾਰ ਤਾਂ ਲੋਕ ਸਭਾ ਦੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਚਲਦੀ ਹੈ। ਜੇਕਰ ਲੋਕਰਾਜ ਨੂੰ ਲੋਕਾਂ ਦਾ ਰਾਜ ਬਣਾਉਣਾ ਹੈ ਤਾਂ ਆਪਣੇ ਵਿਰਸੇ ਨਾਲ ਜੁੜਨਾ ਪਵੇਗਾ। ਲੋਕਰਾਜ ਦਾ ਜਨਮਦਾਤਾ ਸਾਡਾ ਦੇਸ਼ ਹੀ ਹੈ। ਉਥੇ ਹੀ ਪੰਚ ਪ੍ਰਣਾਲੀ ਭਾਵ ਪੰਚਾਇਤ ਰਾਹੀਂ ਲੋਕ ਫੈਸਲੇ ਕਰਨ ਦੀ ਪਿਰਤ ਪਈ ਹੈ। ਲੋਕ-ਪੰਚਾਇਤਾਂ ਕੋਲ ਕੋਈ ਕਾਨੂੰਨੀ ਤਾਕਤ ਨਹੀਂ ਸੀ ਪਰ ਫਿਰ ਵੀ ਸਾਰੇ ਹੀ ਉਨ੍ਹਾਂ ਦੇ ਫੈਸਲੇ ਮੰਨਦੇ ਸਨ। ਹੁਣ ਕਾਨੂੰਨੀ ਤਾਕਤ ਹੋਣ ਦੇ ਬਾਵਜੂਦ ਕਾਨੂੰਨਾਂ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ।
ਆਓ ਇਸ ਵਾਰ ਆਪਣੇ ਵਿਰਸੇ ਨਾਲ ਜੁੜਨ ਦੀ ਆਰੰਭਤਾ ਕਰੀਏ। ਸਾਡਾ ਨਵਾਂ ਸਾਲ ਇਕ ਚੇਤ ਭਾਵ 14 ਮਾਰਚ ਨੂੰ ਸ਼ੁਰੂ ਹੁੰਦਾ ਹੈ। ਇਸ ਦਿਨ ਨੂੰ ਪੂਰੇ ਜੋਸ਼ ਨਾਲ ਮਨਾਈਏ। ਪਹਿਲੀ ਜਨਵਰੀ ਨੂੰ ਤਾਂ ਕੜਾਕੇ ਦੀ ਠੰਢ ਹੁੰਦੀ ਹੈ, ਮੌਸਮ ਵਿਚ ਵੀ ਕੋਈ ਬਦਲਾਓ ਨਹੀਂ ਆਉਂਦਾ, ਫਿਰ ਵੀ ਬਹੁਤੇ ਲੋਕੀਂ ਅੱਧੀ ਰਾਤ ਤੱਕ ਸੜਕਾਂ ਉੱਪਰ ਭੱਜੇ ਫਿਰਦੇ ਹਨ। ਕਲੱਬਾਂ ਅਤੇ ਹੋਟਲਾਂ ਵਿਚ ਭੀੜ ਹੁੰਦੀ ਹੈ। ਧਾਰਮਿਕ ਸਥਾਨ ਵੀ ਅੱਧੀ ਰਾਤ ਤੱਕ ਕੀਰਤਨ ਕਰਵਾਉਂਦੇ ਹਨ। ਜਿਹੜੇ ਬਾਹਰ ਨਹੀਂ ਨਿਕਲਦੇ, ਉਹ ਟੀ. ਵੀ. ਅੱਗੇ ਬੈਠ ਨਵੇਂ ਸਾਲ ਦੀ ਉਡੀਕ ਕਰਦੇ ਹਨ। ਵਧੀਆ ਕਾਰਡ ਭੇਜੇ ਜਾਂਦੇ ਹਨ। ਸਾਰੇ ਹੀ ਇਕ-ਦੂਜੇ ਲਈ ਖੁਸ਼ੀ ਦੀ ਕਾਮਨਾ ਕਰਦੇ ਹਨ ਪਰ ਆਪਣੇ ਨਵੇਂ ਸਾਲ ਦਾ ਸਾਨੂੰ ਚਿੱਤ-ਚੇਤਾ ਵੀ ਨਹੀਂ ਹੈ। ਇਸ ਦਿਨ ਸੱਚਮੁੱਚ ਨਵਾਂ ਸਾਲ ਚੜ੍ਹਦਾ ਹੈ। ਮੌਸਮ ਅੰਗੜਾਈ ਲੈਂਦਾ ਹੈ। ਸਰਦੀ ਦਾ ਅੰਤ ਤੇ ਗਰਮੀ ਦਾ ਆਰੰਭ ਹੁੰਦਾ ਹੈ। ਰੁੱਖ, ਬੂਟੇ ਸਭ ਮੌਲ ਜਾਂਦੇ ਹਨ, ਅਸਲ ਵਿਚ ਸਾਰੀ ਧਰਤੀ ਹੀ ਮੌਲ ਜਾਂਦੀ ਹੈ। ਹਰ ਪਾਸੇ ਫੁੱਲਾਂ ਦੀ ਸੁਗੰਧੀ ਫੈਲੀ ਹੋਈ ਹੁੰਦੀ ਹੈ। ਫਸਲਾਂ ਵੀ ਆਪਣਾ ਰੰਗ ਵਟਾ ਲੈਂਦੀਆਂ ਹਨ। ਹਰੇ ਕੱਪੜੇ ਲਾਹ ਸੋਨ-ਸੁਨਹਿਰੀ ਲਿਬਾਸ ਨੂੰ ਧਾਰਨ ਕਰ ਲੈਂਦੀਆਂ ਹਨ। ਇਸ ਵਾਰ ਆਪਣਾ ਨਵਾਂ ਸਾਲ ਮਨਾਉਣ ਦੀ ਪਿਰਤ ਪਾਈਏ। ਸਨੇਹੀਆਂ ਨੂੰ ਵਧਾਈ ਕਾਰਡ ਭੇਜੀਏ, ਅਗਲੇ ਵਰ੍ਹੇ ਲਈ ਸ਼ੁੱਭ ਕਾਮਨਾਵਾਂ ਦੇਈਏ। ਸਾਰੇ ਧਾਰਮਿਕ ਸਥਾਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਨਵੇਂ ਸਾਲ ਦੇ ਸਵਾਗਤ ਵਿਚ ਕੀਰਤਨ ਕਰਵਾਏ ਜਾਣ। 
ਮੈਂ ਟੀ. ਵੀ. ਚੈਨਲਾਂ ਨੂੰ ਵੀ ਅਪੀਲ ਕਰਾਂਗਾ ਕਿ ਉਨ੍ਹਾਂ ਦੇ ਦਰਸ਼ਕ ਭਾਰਤੀ ਹਨ। ਆਪਣੇ ਦਰਸ਼ਕਾਂ ਨੂੰ ਉਨ੍ਹਾਂ ਦੇ ਵਿਰਸੇ ਨਾਲ ਜੋੜਨ ਦਾ ਯਤਨ ਕਰੀਏ, ਨਾ ਕਿ ਤੋੜਨ ਬਾਰੇ ਸੋਚੀਏ। ਤੁਸਾਂ ਆਪਣਾ ਮਾਲ ਵੇਚਣਾ ਹੈ, ਉਹ ਦੇਸੀ ਸੋਚ, ਸੱਭਿਆਚਾਰ, ਗੀਤ-ਸੰਗੀਤ ਨਾਲ ਵੀ ਵਿਕ ਜਾਵੇਗਾ। ਦੂਰਦਰਸ਼ਨ ਤੇ ਅਕਾਸ਼ਬਾਣੀ ਨੂੰ ਤਾਂ ਜ਼ਰੂਰ ਵਿਸ਼ੇਸ਼ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ। ਜਿਹੜੀਆਂ ਰਾਜਸੀ ਪਾਰਟੀਆਂ ਅਤੇ ਸਮਾਜਿਕ ਗਰੁੱਪ ਚੋਣਾਂ ਵਿਚ ਇਮਾਨਦਾਰ ਤੇ ਸੂਝਵਾਨ ਉਮੀਦਵਾਰਾਂ ਦੀ ਜਿੱਤ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦਿਨ ਵਿਸ਼ੇਸ਼ ਸਮਾਗਮ ਕਰਨੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਦੇਸ਼ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਆਰੰਭ ਚੋਣਾਂ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਨਾਲ ਹੀ ਹੋ ਸਕਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਵੇਂ ਵਰ੍ਹੇ ਦੇ ਸਮਾਗਮ ਰਚਾਏ ਜਾਣ ਤੇ ਇਹ ਪ੍ਰਣ ਲਿਆ ਜਾਵੇ ਕਿ ਇਸ ਵਾਰ ਚੋਣਾਂ ਵਿਚ ਅਸੀਂ ਆਪਣੇ ਪਿੰਡ ਨਸ਼ੇ ਨਹੀਂ ਵੇਚਣ ਦੇਣੇ। ਇਹ ਨਸ਼ੇ ਸਾਡੀ ਜਵਾਨੀ ਖਾਸ ਕਰਕੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਆਓ, ਇਸ ਵਾਰ ਨਵੇਂ ਵਰ੍ਹੇ ਦੇ ਜਸ਼ਨ ਮਨਾ ਕੇ ਆਪਣੇ ਵਿਰਸੇ ਨਾਲ ਜੁੜਨ ਦੀ ਆਰੰਭਤਾ ਕਰੀਏ। ਆਪਣੇ ਮੌਸਮਾਂ ਤੇ ਸੱਭਿਆਚਾਰ ਉੱਤੇ ਮਾਣ ਕਰੀਏ। ਇਸੇ ਮਾਣ ਅਨੁਸਾਰ ਆਪਣੀ ਤਾਕਤ ਦਾ ਦਿਖਾਵਾ ਕਰੀਏ ਤੇ ਇਮਾਨਦਾਰ, ਸੂਝਵਾਨ ਤੇ ਲੋਕ-ਹਿਤੈਸ਼ੀ ਉਮੀਦਵਾਰਾਂ ਨੂੰ ਚੁਣ ਕੇ ਲੋਕ ਸਭਾ ਵਿਚ ਭੇਜੀਏ।
ਡਾ: ਰਣਜੀਤ ਸਿੰਘ

No comments:

Post a Comment