Monday, March 24, 2014

ਮੁੱਖ ਮੰਤਰੀ ਬਾਦਲ ਦੇ ਨਾਮ ਖੁੱਲੀ ਚਿੱਠੀ

ਮੁੱਖ ਮੰਤਰੀ ਬਾਦਲ ਦੇ ਨਾਮ ਖੁੱਲੀ ਚਿੱਠੀ


ਮੁੱਖ ਮੰਤਰੀ ਬਾਦਲ ਦੇ ਨਾਮ ਖੁੱਲੀ ਚਿੱਠੀ


ਮੁੱਖ ਮੰਤਰੀ ਬਾਦਲ ਦੇ ਨਾਮ ਖੁੱਲੀ ਚਿੱਠੀ
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,
ਇਸ ਤੋਂ ਪਹਿਲਾਂ ਕਿ ਕੋਈ ਮੇਰੇ ਕੋਲੋਂ ਤੁਹਾਡੇ ਲਈ ਸਤਿਕਾਰਯੋਗ ਸ਼ਬਦ ਦੀ ਦੁਰਵਰਤੋਂ ਬਾਰੇ ਸਪੱਸ਼ਟੀਕਰਨ ਮੰਗੇ, ਮੈਂ ਆਪ ਹੀ ਦੱਸ ਦੇਣਾ ਚਾਹੁੰਦਾ ਹਾਂ ਕਿ, ਤੁਹਾਡੀ ਉਮਰ ਦੇ ਲਿਹਾਜ ਨੂੰ ਜੇ ਪਾਸੇ ਰੱਖ ਦੇਵਾਂ ਤਾਂ ਹੋਰ ਕੋਈ ਕਾਰਣ ਨਹੀਂ ਰਹਿ ਜਾਂਦਾ, ਤੁਹਾਡੇ ਲਈ ਸਤਿਕਾਰਯੋਗ ਸ਼ਬਦ ਵਰਤਣ ਦਾ। ਬਾਵਜੂਦ ਇਸਦੇ ਮੈਂ ਅਪਣੇ ਵਿਅਕਤੀਤਵ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਲਈ ਸਤਿਕਾਰਯੋਗ ਸ਼ਬਦ ਵਰਤ ਰਿਹਾ ਹਾਂ। ਮੈਨੂੰ ਅਜਿਹੀ ਵਿਰਾਸਤ ਨਹੀਂ ਮਿਲੀ ਕਿ ਨੀਵੇਂ ਨੂੰ ਨੀਵਾਂ ਦਿਖਾਉਣ ਲਈ ਅਪਣਾ ਪੱਧਰ ਵੀ ਨੀਵਾਂ ਕਰ ਲਿਆ ਜਾਵੇ। ਤੁਸੀਂ ਪੰਜਾਬ ਦੇ ਸਭ ਤੋਂ ਅਹਿਮ ਅਤੇ ਵੱਡੇ ਅਹੁਦੇ ਤੇ ਬੈਠੇ ਹੋ, ਪਰ ਇਹ ਭੁੱਲ ਗਏ ਹੋ ਕਿ ਇਸ ਅਹੁਦੇ ਤੇ ਵਿਰਾਜਮਾਨ ਹੋਣ ਤੋਂ ਬਾਅਦ ਏਨੀਆਂ ਹੀ ਵੱਡੀਆਂ ਜ਼ਿੰਮੇਵਾਰੀਆਂ ਵੀ ਤੁਹਾਨੂੰ ਪੁਗਾਉਣੀਆਂ ਪੈਣੀਆਂ ਹਨ। ਮੈਂ ਪਿਛਲੇ ਸਮਿਆਂ ਦੀ ਜੇ ਗੱਲ ਨਾ ਵੀ ਕਰਾਂ ਤਾਂ ਵੀ ਇਸੇ ਕਾਰਜਕਾਲ ਦੌਰਾਨ ਮੇਰੀ ਨਜ਼ਰ ਵਿੱਚ ਇੱਕ ਵੀ ਅਜਿਹੀ ਪ੍ਰਾਪਤੀ ਨਹੀਂ ਹੈ ਤੁਹਾਡੀ ਕਿ ਉਸ ਦਾ ਠੂਠਾ ਲੈ ਕੇ ਤੁਸੀਂ ਲੋਕਾਂ ਵਿੱਚ ਵੋਟ ਮੰਗਣ ਜਾਓ।
ਤੁਹਾਨੂੰ ਇਹ ਚਿੱਠੀ ਲਿਖਣ ਲਈ ਇਸ ਲਈ ਮਜ਼ਬੂਰ ਹਾਂ ਕਿ ਮੈਂ ਅਪਣੇ ਦੇਸ਼ ਨੂੰ ਪਿਆਰ ਕਰਦਾ ਹਾਂ, ਮੈਂ ਅਪਣੇ ਦੇਸ਼ ਪ੍ਰਤੀ ਵਫ਼ਾਦਾਰ ਹਾਂ, ਅਤੇ ਮੇਰੀਆਂ ਇਸ ਪ੍ਰਤੀ ਕੁੱਝ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ। ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਸ ਉਮਰ ਵਿੱਚ ਆ ਕੇ ਲੋਕ ਰੱਬ-ਰੱਬ ਕਰਨ ਲੱਗ ਜਾਂਦੇ ਨੇ, ਜਾਣੇ-ਅਣਜਾਣੇ ਕੀਤੇ ਗੁਨਾਹਾਂ ਦੀ ਭੁੱਲ ਬਖਸ਼ਾਉਣ ਲੱਗ ਜਾਂਦੇ ਨੇ, ਉਸ ਉਮਰ ਵਿੱਚ ਪਹੁੰਚ ਕੇ ਵੀ ਤੁਸੀਂ ਝੂਠ ਅਤੇ ਫਰੇਬ ਦੀ ਦੁਕਾਨਦਾਰੀ ਕਰਨ ਤੇ ਲੱਕ ਬੰਨ੍ਹਿਆ ਹੋਇਆ ਹੈ। ਏਸ ਉਮਰ ਵਿੱਚ ਆ ਕੇ ਵੀ ਤੁਸੀਂ ਮੋਹ-ਮਾਇਆ ਦਾ ਤਿਆਗ ਨਹੀਂ ਕਰ ਸਕੇ। ਹੁਣ ਤੱਕ ਤੁਹਾਨੂੰ ਰੱਜ ਆ ਜਾਣਾ ਚਾਹੀਦਾ ਸੀ, ਪਰ ਮੈਂ ਵੇਖ ਰਿਹਾ ਹਾਂ ਕਿ ਤੁਹਾਨੂੰ ਰੱਜ ਜਾਣ ਤੋਂ ਬਾਅਦ ਵੀ ਸਬਰ ਕਰਨਾ ਨਹੀਂ ਆਇਆ।
ਮੈਂ ਤੁਹਾਨੂੰ ਤੁਹਾਡੀ ਜ਼ੁਬਾਨੀ ਕੁੱਝ ਗੱਲਾਂ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਸੁਪਨਾ ਵੇਚਿਆ ਸੀ, ਲੋਕਾਂ ਨੇ ਤੁਹਾਡੀ ਬੱਗੀ ਦਾਹੜੀ ਤੇ ਭਰੋਸਾ ਕਰ ਕੇ ਅਪਣਾ ਕੀਮਤੀ ਵੋਟ ਪਾ ਕੇ ਉਹ ਸੁਪਨਾ ਖਰੀਦਿਆ ਸੀ। ਪਰ ਉਸ ਕੈਲੀਫੋਰਨੀਆ ਦਾ ਕੀ ਬਣਿਆ, ਮੈਂ ਤੁਹਾਡੇ ਕੋਲੋਂ ਇਹ ਨਹੀਂ ਪੁੱਛਾਂਗਾ। ਮੈਂ ਇਹ ਪੁੱਛਦਾ ਹਾਂ ਕਿ ਜਿਸ ਪੰਜਾਬ ਨੂੰ ਤੁਸੀਂ ਕੈਲੀਫੋਰਨੀਆ ਬਣਾਉਣ ਦੀਆਂ ਟਾਹਰਾਂ ਮਾਰੀਆਂ ਸੀ ਉਹ ਪੰਜਾਬ ਕਿੱਥੇ ਗਿਆ? ਕਿੱਥੇ ਗਏ ਇਸ ਦੇ ਆਬ, ਜਿਨ੍ਹਾਂ ਵਿੱਚੋਂ ਚੰਨ ਦੀ ਚਾਨਣੀ ਦੁਧੀਆ ਰੰਗ ਬਖੇਰਦੀ ਸੀ। ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਕਮੀਨਗੀ ਭਰੀ ਮੁਸਕਾਨ ਨਾਲ ਇਹ ਕਹਿ ਕੇ ਪੱਲਾ ਝਾੜ ਲਓਗੇ ਕਿ ਇਹ ਕਾਂਗਰਸ ਸਰਕਾਰ ਦੇ ਵੇਲੇ ਦਾ ਗੰਦ ਹੈ। ਪਰ ਤੁਸੀਂ ਤਾਂ ਗੰਦ ਸਾਫ਼ ਕਰਨ ਦੀ ਸਹੁੰ ਪਾ ਕੇ ਕੁਰਸੀ ਤੇ ਬੈਠੇ ਸੀ, ਤੇ ਇਸ ਗੰਦ ਨੂੰ ਸਾਫ ਕਰਨ ਲਈ ਤੁਸੀਂ ਕਿਹੜਾ ਮਾਅਰਕਾ ਮਾਰਿਆ ਏ? ਤੁਸੀਂ ਇਹ ਗੰਦ ਸਾਫ਼ ਤਾਂ ਕੀ ਕਰਨਾ ਸੀ ਸਗੋਂ ਆਪ ਹੀ ਹੱਥ ਲਬੇੜ ਕੇ ਬਹਿ ਗਏ।
ਤੁਸੀਂ ਇੱਕ ਨਾਅਰਾ ਵੇਚਿਆ ਸੀ, "ਰਾਜ ਨਹੀਂ, ਸੇਵਾ", ਲੁਧਿਆਣੇ ਦੇ ਤਹਿਸੀਲਦਾਰ ਮੇਜਰ ਬੈਨੀਪਾਲ ਦਾ ਹਸ਼ਰ ਤੁਹਾਡੇ ਵੇਚੇ ਇਸ ਨਾਅਰੇ ਦੀ ਗਵਾਹੀ ਭਰਦਾ ਹੈ, ਜਲੰਧਰ ਦੇ ਗਿੱਕੀ ਹੱਤਿਆਕਾਂਡ ਦੇ ਮੁੱਖ ਦੋਸ਼ੀ ਦੀ ਜੇਲ੍ਹ ਵਿੱਚ ਕੀਤੀ ਜਾਂਦੀ ਖਾਤਿਰਦਾਰੀ ਹੀ ਜੇ ਤੁਹਾਡੀ ਸੇਵਾ ਹੈ ਤਾਂ ਏਡਾ ਵੱਡਾ ਝੂਠ ਬੋਲਣ ਦੀ ਲੋੜ ਨਹੀਂ ਸੀ। ਸਰਕਾਰੀ ਹੁਕਮਾਂ ਤੇ ਹੋਏ ਲਾਠੀਚਾਰਜ ਵਿੱਚ ਮਾਰੇ ਗਏ ਸਾਧੂ ਸਿੰਘ ਤਖਤੂਪੁਰਾ, ਕਿਸਾਨ ਸੁਰਜੀਤ ਸਿੰਘ, ਅਤੇ ਉਹ ਕਿਸਾਨ/ਮਜ਼ਦੂਰ ਜੋ ਆਰਥਿਕਤਾ ਦੀ ਬੇੜੀ ਨੂੰ ਕਿਨਾਰੇ ਲਾਉਂਦੇ-2 ਆਪ ਕਿਨਾਰੇ ਲੱਗ ਗਏ ਨੇ, ਕੀ ਉਹ ਕਿਸੇ ਦੂਸਰੇ ਗ੍ਰਹਿ ਦੇ ਵਾਸੀ ਸੀ, ਜੋ ਏਥੇ ਆ ਕੇ ਹੁੜਦੰਗ ਮਚਾਉਂਦੇ ਸੀ? ਕਿਉਂ ਜਾਇਜ਼ ਮੰਗਾਂ ਮੰਗ ਰਹੇ ਸ਼ਾਂਤੀ ਪੂਰਨ ਵਿਖਾਵਾ ਕਰਦੇ ਪੰਜਾਬ ਵਾਸੀਆਂ ਤੇ ਪੁਲਸ ਵਾਲਿਆਂ ਕੋਲੋਂ, ਸਿਰਫ ਇਸ ਲਈ ਡਾਂਗਾਂ ਵਰ੍ਹਾਈਆਂ ਗਈਆਂ ਕਿ ਜੇ ਉਹ ਅਪਣੇ ਹੀ ਭਰਾਵਾਂ, ਚਾਚਿਆਂ, ਭਤੀਜਿਆਂ ਤੇ ਭੈਣਾਂ ਤੇ ਡਾਂਗਾਂ ਨਹੀਂ ਵਰ੍ਹਾਉਣਗੇ ਤਾਂ ਉਨ੍ਹਾਂ ਦੀ ਨੌਕਰੀ ਜਾਂਦੀ ਲੱਗੇਗੀ ਜਾਂ ਬਦਲੀ ਕਰ ਕੇ ਓਥੇ ਭੇਜ ਦਿੱਤਾ ਜਾਵੇਗਾ, ਜਿੱਥੇ ਜਾਣ ਨਾਲੋਂ ਉਹ ਇਹੋ ਬੇਹਤਰ ਸਮਝਦੇ ਨੇ ਕਿ ਸਰਕਾਰੀ ਹੁਕਮ ਮੰਨ ਕੇ ਨੌਕਰੀ ਬਚਾ ਲਈ ਜਾਵੇ। ਕਿਉਂ ਪੁਲਸ ਕਰਮਚਾਰੀ ਏਨੇ ਮਜ਼ਬੂਰ ਕਰ ਦਿੱਤੇ ਗਏ ਨੇ ਕਿ ਜੇ ਨੌਕਰੀ ਕਰਨੀ ਹੈ ਤਾਂ ਸਰਕਾਰੀ ਹੁਕਮ ਮੰਨਣਾ ਹੀ ਹੋਵੇਗਾ। ਜਦੋਂ ਕਿ ਇਹ ਗੱਲ ਤਾਂ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਕਿ ਪੁਲਸ ਅਮਨ-ਕਾਨੂੰਨ ਦੀ ਰਾਖੀ ਲਈ ਹੈ, ਨਾ ਕਿ ਬੇਦੋਸ਼ਿਆਂ ਤੇ ਤਸ਼ੱਦਦ ਕਰਨ ਲਈ। ਜੇ ਆਮ ਲੋਕਾਂ ਨਾਲ ਅਪਰਾਧੀਆਂ ਤੋਂ ਵੀ ਮਾੜਾ ਵਿਹਾਰ ਕੀਤਾ ਜਾਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਹੀ ਹੋ, ਤੁਹਾਡੀ ਛਤਰ ਛਾਇਆ ਹੇਠ ਹੀ ਇਹ ਸਾਰਾ ਕੁੱਝ ਹੋ ਰਿਹਾ ਹੈ, ਜੇ ਨੀਅਤ ਸਾਫ਼ ਹੋਵੇ ਤਾਂ ਤੁਸੀਂ ਇਹ ਸਭ-ਕੁੱਝ ਰੋਕ ਸਕਦੇ ਹੋ। ਪਰ ਨੀਅਤ ਕਿਤੇ ਬਾਜ਼ਾਰੋਂ ਨਹੀਂ ਮਿਲਦੀ।
ਤੁਹਾਡਾ ਇੱਕ ਬੜਾ ਹਾਸੋਹੀਣਾ ਬਿਆਨ ਆਇਆ ਸੀ ਕਿ ਭ੍ਰਿਸ਼ਟਾਚਾਰੀਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਕਾਫੀ ਤਰਸ ਭਰਿਆ ਬਿਆਨ ਸੀ ਇਹ, ਤੁਹਾਡੀ ਅੰਦਰਲੀ ਸਥਿਤੀ ਨੂੰ ਉਜਾਗਰ ਕਰਦਾ ਸੀ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਬੂਟੇ ਨੂੰ ਤੁਸੀਂ ਪਾਣੀ ਪਾ ਪਾ ਕੇ ਸਿੰਜਦੇ ਰਹੇ, ਹੁਣ ਉਹੀ ਤੁਹਾਨੂੰ ਖਾਣ ਆ ਰਿਹਾ ਹੈ। ਸ਼ਾਇਦ ਤੁਸੀਂ ਚਾਹੁੰਦੇ ਹੋਵੋ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ। ਪਰ ਅਪਣਾ ਘੜਾ ਭਰ ਲੈਣ ਤੋਂ ਬਾਅਦ ਜਦੋਂ ਦੂਸਰੇ ਦੇ ਘੜੇ ਭਰਨ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਇਹ ਵੀ ਡਰ ਅੰਦਰੋ ਅੰਦਰੀ ਖਾਣ ਲੱਗ ਜਾਂਦਾ ਹੈ ਕਿ ਕੋਈ ਦੂਸਰਾ ਮੇਰੇ ਨਾਲੋਂ ਅਗਾਂਹ ਨਾ ਲ਼ੰਘ ਜਾਵੇ।ਇਹ ਸੱਚ ਹੈ ਕਿ ਪੁੱਤਰ ਮੋਹ ਅਤੇ ਪੁੱਤਰ ਲਈ ਮੁੱਖਮੰਤਰੀ ਦੀ ਕੁਰਸੀ ਰਾਖਵੀਂ ਰੱਖਣ ਦਾ ਛਲ ਤੁਹਾਨੂੰ ਦਸ਼ਰਥ ਤਾਂ ਬਣਾ ਸਕਦਾ ਹੈ, ਪਰ ਸੁਖਬੀਰ ਨੂੰ ਰਾਮ ਕਦੇ ਵੀ ਨਹੀਂ ਬਣਾ ਸਕਦਾ।
ਤੁਹਾਡੀ ਚਾਲੂ ਕੀਤੀ ਆਟਾ ਦਾਲ਼ ਸਕੀਮ ਨੇ ਵੀ ਤੁਹਾਨੂੰ ਦੱਸਿਆ ਹੀ ਹੋਣਾ ਏ ਕਿ ਉਸ ਨੂੰ ਕੋਣ-ਕੋਣ ਅਗਵਾ ਕਰ ਕੇ ਬਹਿ ਗਿਆ ਹੈ। ਵੈਸੇ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਜੋ ਸੂਬਾ ਸਾਰੇ ਦੇਸ਼ ਵਿੱਚੋਂ ਅੰਨ ਉਗਾਉਣ ਵਿੱਚ ਮੋਹਰੀ ਹੈ ਉਸੇ ਸੂਬੇ ਦੇ ਲੋਕ ਜੇ ਆਟਾ ਦਾਲ ਤੋਂ ਵੀ ਆਹਰੀ ਨੇ ਤਾਂ ਉਨ੍ਹਾਂ ਹੱਥ ਠੂਠਾ ਫੜਾਉਣ ਦੀ ਲੋੜ ਨਹੀਂ, ਉਨ੍ਹਾਂ ਨੂੰ ਇਹ ਨਿਆਮਤਾਂ ਖਰੀਦਣ ਦੇ ਯੋਗ ਬਣਾਉਣ ਦੀ ਲੋੜ ਹੈ। ਪਰ ਤੁਸੀਂ ਤਾਂ ਇਸ ਸਕੀਮ ਨਾਲ ਲੋਕਾਂ ਨੂੰ ਬੰਨ੍ਹ ਕੇ, ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੋ ਕਿ ਜੇ ਆਟਾ-ਦਾਲ਼ ਚਾਹੀਦੀ ਹੈ ਤਾਂ ਮੁੜ ਕੇ ਫਿਰ ਉਹ ਪੰਜ ਸਾਲ ਲਈ ਤੁਹਾਡੇ ਅੱਗੇ ਕੌਡੇ ਹੋ ਜਾਣ।
ਕੀ ਇਹ ਕੈਲੀਫੋਰਨੀਆ ਹੈ?
ਕੀ ਇਹ ਪੰਜਾਬ ਹੈ?
ਕੀ ਇਹ ਸੇਵਾ ਹੈ?
ਕੀ ਇਹ ਭ੍ਰਿਸ਼ਟਾਚਾਰੀਆਂ ਨੂੰ ਫਾਂਸੀ ਦੀ ਵਕਾਲਤ ਹੈ?
ਜੇ ਇਹ ਕੁੱਝ ਵੀ ਨਹੀਂ ਹੈ ਤਾਂ ਮੁੱਖ ਮੰਤਰੀ ਕਾਹਦੇ ਵਾਸਤੇ ਬਣੇ ਓ? ਕੀਤਾ ਕੀ ਹੈ ਤੁਸੀਂ ਪੰਜਾਬ ਲਈ? ਨਵਾਂਸ਼ਹਿਰ ਦਾ ਇੱਕ ਡੀ ਸੀ ਹੁੰਦਾ ਸੀ ਸ਼੍ਰੀ ਕ੍ਰਿਸ਼ਨ ਕੁਮਾਰ। ਧਿਆਨ ਨਾਲ ਵੇਖੋ ਮੈਂ ਸ਼੍ਰੀ ਕ੍ਰਿਸ਼ਨ ਕੁਮਾਰ ਮੂਹਰੇ ਸ਼੍ਰੀ ਲਾਇਆ ਹੈ ਜੋ ਮੈਨੂੰ ਅੰਦਰੂਨੀ ਸਕੂਨ ਦਿੰਦਾ ਹੈ। ਉਸ ਨੂੰ ਡੀ ਸੀ ਤੋਂ ਬਦਲ ਕੇ ਸਿੱਖਿਆ ਵਿਭਾਗ ਦਾ ਮੁਖੀ ਲਾਇਆ ਗਿਆ ਸੀ। ਪੰਜਾਬ ਸੂਬਾ ਜੋ ਸਰਕਾਰਾਂ ਦੀਆਂ ਕਰਤੂਤਾਂ ਸਦਕਾ ਪੜ੍ਹਾਈ ਵਿੱਚ ਪੱਛੜ ਚੁੱਕਿਆ ਸੀ, ਉਸੇ ਕ੍ਰਿਸ਼ਨ ਕੁਮਾਰ ਸਦਕਾ ਮੁੜ ਲੀਹ ਤੇ ਆ ਗਿਆ ਸੀ। ਕਿਉਂਕਿ ਉਸ ਨੇ ਅਪਣੇ ਅਹੁਦੇ ਤੇ ਇਮਾਨਦਾਰੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਸੀ। ਕੇਂਦਰ ਦੇ ਆਏ ਫੰਡਾਂ ਦੀ ਸਹੀ ਵਰਤੋਂ ਕਰਨ ਤੇ ਜਦੋਂ ਇੱਕ ਅਕਾਲੀ ਲੀਡਰ ਨਾਲ ਰੇੜਕਾ ਪੈ ਗਿਆ ਤਾਂ ਉਸ ਨੇ ਅਪਣੀ ਉਹੀ ਘਟੀਆ ਨੀਤੀ ਦੀ ਵਰਤੋਂ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਕੁਮਾਰ ਨੂੰ ਇਸ ਅਹੁਦੇ ਤੋਂ ਪਾਸੇ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਕੇ ਪੰਜਾਬ ਦੇ ਸਕੂਲਾਂ ਦੀ ਦਸ਼ਾ ਤੇ ਮੁੜ ਸਵਾਲੀਆ ਚਿੰਨ੍ਹ ਲਾ ਦਿੱਤਾ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਅੱਜ ਪੰਜਾਬ ਵਿੱਚ ਸਕੂਲ ਪੜ੍ਹਦੀਆਂ ਕੁੜੀਆਂ ਨੂੰ ਸਾਇਕਲ ਵੰਡੇ ਜਾ ਰਹੇ ਹਨ, ਬੇਸ਼ੱਕ ਉਹ ਕੇਂਦਰ ਸਰਕਾਰ ਵਲੋਂ ਆਏ ਫੰਡ ਵਿੱਚੋਂ ਵੰਡੇ ਜਾ ਰਹੇ ਹਨ, ਸ਼੍ਰੀ ਕ੍ਰਿਸ਼ਨ ਕੁਮਾਰ ਦੇ ਹੁੰਦਿਆਂ ਕਦੇ ਵੀ ਤੁਹਾਡੀ ਫੋਟੋ ਉਨ੍ਹਾਂ ਤੇ ਨਹੀਂ ਲੱਗਣੀ ਸੀ। ਤੁਸੀਂ ਧੱਕੇ ਨਾਲ ਉਨ੍ਹਾਂ ਸਾਇਕਲਾਂ ਤੇ ਅਪਣੀ ਤਸਵੀਰ ਲਵਾ ਕੇ ਅਪਣੇ ਆਪ ਨੂੰ ਹੋਰ ਬੋਣਾ ਕਰ ਲਿਆ ਹੈ।
ਅਜਿਹਾ ਨਹੀਂ ਹੈ ਕਿ ਤੁਹਾਡੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕੋਈ ਕੰਮ ਨਹੀਂ ਹੋਇਆ। ਬਹੁਤ ਕੰਮ ਹੋਏ ਨੇ। ਲੁਧਿਆਣੇ ਹਵਾਈ ਜਹਾਜਾਂ ਦਾ ਅੱਡਾ ਬਣਾ ਕੇ ਆਮ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ, ਉਨ੍ਹਾਂ ਆਮ ਲੋਕਾਂ ਦੇ ਜਿਨ੍ਹਾਂ ਨੇ ਕਦੇ ਜਹਾਜ ਨੂੰ ਹੱਥ ਲਾ ਕੇ ਨਹੀਂ ਵੇਖਿਆ, ਜਿਹੜੇ ਲੋਕਾਂ ਨੂੰ ਤੁਸੀਂ ਆਟਾ-ਦਾਲ਼ਾਂ ਵੰਡਣ ਦਾ ਪਰਪੰਚ ਰਚਿਆ ਹੈ, ਉਨ੍ਹਾਂ ਆਮ ਲੋਕਾਂ ਲਈ ਇਹ ਹਵਾਈ ਅੱਡਾ ਕਿਸੇ ਨਿਆਮਤ ਤੋਂ ਘੱਟ ਨਹੀਂ ਹੈ। ਤੁਹਾਡੇ ਕਾਰਜਕਾਲ ਦੌਰਾਨ ਸੜਕਾਂ ਦੀ ਵੀ ਕਾਇਆਕਲਪ ਹੋਈ ਹੈ, ਬਹੁਤ ਸਾਰੇ ਫਲਾਈ-ਓਵਰ ਬਣਾ ਦਿੱਤੇ ਗਏ ਨੇ, ਵੱਡੇ ਵੱਡੇ ਮਾੱਲ ਪਲਾਜ਼ੇ ਖੁੱਲ ਗਏ ਹਨ ਜਿੱਥੋਂ ਸੂਈ ਤੋਂ ਲੈ ਕੇ ਜਹਾਜ ਤੱਕ ਸਭ ਕੁੱਝ ਇੱਕੋ ਛਤ ਹੇਠਾਂ ਮਿਲਦਾ ਹੈ। ਇਹ ਸਭ ਵੀ ਉਨ੍ਹਾਂ ਆਮ ਲੋਕਾਂ ਲਈ ਹੀ ਹਨ, ਜੋ ਅਪਣੇ ਦੋ ਲਾਟੂ, ਇੱਕ ਪੱਖੇ ਅਤੇ ਟੈਲੀਵਿਯਨ ਦਾ ਬਿਜਲੀ ਦਾ ਬਿੱਲ ਦੇਣ ਤੋਂ ਅਸਮਰੱਥ ਜਾਪਦੇ ਹਨ। ਅਤੇ ਬਿਜਲੀ ਦਾ ਬਿੱਲ ਆਉਣ ਤੇ ਕਦੇ ਅਪਣੇ ਜੁਆਕ ਅਤੇ ਕਦੇ ਅਪਣੀ ਤੀਵੀਂ ਤੇ ਗੁੱਸਾ ਕੱਢ ਲੈਂਦੇ ਹਨ, ਕਿਉਂਕਿ ਉਹ ਤੁਹਾਡੇ ਮਜ਼ਬੂਤ ਸੁਰੱਖਿਆ ਘੇਰੇ ਨੂੰ ਤੋੜਨ ਦੀ ਹਿੰਮਤ ਨਹੀਂ ਕਰ ਸਕਦੇ ਅਤੇ ਬੇਕਸੂਰ ਬੱਚਿਆਂ ਦੇ ਟੈਲੀਵਿਯਨ ਵੇਖਣ ਤੇ ਪਾਬੰਦੀ ਲਾ ਦਿੰਦੇ ਹਨ। ਇਹ ਵੀ ਕੋਈ ਘੱਟ ਤਰੱਕੀ ਨਹੀਂ ਹੈ ਕਿ ਨਿਜੀ ਹੱਥਾਂ ਵਿੱਚ ਵੇਚ ਦੇਣ ਦੀ ਸਾਜਿਸ਼ ਤਹਿਤ ਬਿਜਲੀ ਬੋਰਡ ਨੂੰ ਤੋੜ ਕੇ ਬਿਜਲੀ ਨਿਗਮ ਬਣਾ ਦਿੱਤਾ ਗਿਆ ਹੈ। ਮੈਂ ਇਹ ਵੀ ਚੰਗੀ ਤਰਾਂ ਜਾਣਦਾ ਹਾਂ ਕਿ ਜਦੋਂ ਲੋਕ ਬਿਜਲੀ ਦੇ ਬਿੱਲ ਵੇਖ ਕੇ ਤ੍ਰਾਹਿ-2 ਕਰਨਗੇ ਤਾਂ ਉਨ੍ਹਾਂ ਲੋਕਾਂ ਦਾ ਬੋਝ ਘਟਾਉਣ ਲਈ ਤੁਸੀਂ ਦੋ ਮਹੀਨੇ ਬਾਅਦ ਆਉਣ ਵਾਲੇ ਬਿੱਲ ਨੂੰ ਮਹੀਨਾਵਾਰ ਕਰਨ ਦੀ ਕੋਝੀ ਕੋਸ਼ਿਸ਼ ਵੀ ਕਰਨੀ ਹੈ, ਤਾਂ ਕਿ ਤੁਸੀਂ ਲੋਕਾਂ ਵਿੱਚ ਇਹ ਪ੍ਰਭਾਵ ਸਿਰਜ ਸਕੋ ਕਿ ਹੁਣ ਤੁਹਾਡਾ ਬਿੱਲ 1400 ਦੀ ਬਜਾਏ ਸਿਰਫ਼ 700/- ਹੀ ਆਇਆ ਕਰੇਗਾ। ਤੁਸੀਂ ਅੱਜਕਲ੍ਹ ਬੜੇ ਮਾਣ ਨਾਲ ਦੱਸ ਰਹੇ ਹੋ ਕਿ ਪੰਜਾਬ ਤਰੱਕੀ ਦੀਆਂ ਸਿਖਰਾਂ ਤੇ ਹੈ। ਫਲਾਈਓਵਰਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਲਵਾ ਰਹੇ ਹੋ, ਆਮ ਜਨਤਾ ਦੇ ਪੈਸੇ ਨੂੰ ਇਸ਼ਤਿਹਾਰਾਂ ਉੱਤੇ ਉਡਾ ਰਹੇ ਹੋ। ਪਰ ਇਹ ਨਹੀਂ ਦੱਸ ਰਹੇ ਕਿ ਇਹ ਫਲਾਈ ਓਵਰਾਂ ਦਾ ਠੇਕਾ ਕਿਹੜੇ ਰੋਹਨ-ਰਾਜਦੀਪ ਨਾਲ ਮਿਲ ਕੇ ਸਿਰੇ ਚਾੜ੍ਹਿਆ ਹੈ ਅਤੇ ਇਨ੍ਹਾਂ ਫਲਾਈਓਵਰਾਂ ਤੋਂ ਲੰਘਣ ਵੇਲੇ ਸਾਨੂੰ ਕਿੰਨਾ ਜਜ਼ੀਆ (ਟੋਲ-ਟੈਕਸ) ਦੇਣਾ ਪਵੇਗਾ?
ਪੰਜਾਬੀ ਲੋਕਾਂ ਦਾ ਸੁਭਾਅ ਬੜਾ ਖੁੱਲ੍ਹਾ ਹੈ। ਬੇਸ਼ੱਕ ਇਹ ਕਿਸੇ ਦੀ ਤਰੱਕੀ ਜਾਂ ਖੁਸ਼ੀ ਵੇਖ ਕੇ ਅੰਦਰੇ-ਅੰਦਰ ਸੜਦੇ-ਬਲ਼ਦੇ ਰਹਿਣ, ਪਰ ਦੁੱਖ ਵਿੱਚ ਜ਼ਰੂਰ ਸ਼ਰੀਕ ਹੁੰਦੇ ਨੇ, ਦੂਸਰੇ ਦੇ ਦੁੱਖ ਨੂੰ ਅਪਣਾ ਸਮਝਦੇ ਨੇ ਇਹ ਆਮ ਲੋਕ। ਜਦੋਂ ਤੁਹਾਡੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋਈ ਸੀ ਤਾਂ ਸਾਰਾ ਪੰਜਾਬ ਤੁਹਾਡੇ ਦੁੱਖ ਵਿੱਚ ਸ਼ਰੀਕ ਹੋਇਆ ਸੀ, ਅਤੇ ਸੱਚੇ ਦਿਲੋਂ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਕੇ ਸ਼ਰੀਕ ਹੋਇਆ ਸੀ। ਪਰ ਉਨ੍ਹਾਂ ਆਮ ਲੋਕਾਂ ਨੂੰ ਇਹ ਭੁੱਲ ਗਿਆ ਕਿ ਜਦੋਂ ਸਾਡੇ ਆਮ ਲੋਕਾਂ ਦੀ ਮੌਤ ਹੁੰਦੀ ਹੈ ਤਾਂ ਤੁਸੀਂ ਲੀਡਰ ਲੋਕ ਦੁੱਖ 'ਚ ਸ਼ਰੀਕ ਹੋਣ ਦੀ ਬਜਾਏ ਸਿਆਸੀ ਖੇਡਾਂ ਖੇਡਣ ਲੱਗ ਜਾਂਦੇ ਹੋ। ਪੰਜਾਬ ਦੀ ਮਾਲਵਾ ਪੱਟੀ ਜੋ ਅੱਜ-ਕਲ੍ਹ ਕੈਂਸਰ ਦੀ ਬੈਲਟ ਕਰ ਕੇ ਜਾਣੀ ਜਾਂਦੀ ਹੈ, ਵਿਦੇਸ਼ਾਂ ਵਿੱਚ ਵੀ ਇਸ ਗੱਲ ਦੇ ਚਰਚੇ ਨੇ, ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਇਸ ਬਿਮਾਰੀ ਨਾਲ ਪੀੜਿਤ ਕਿੰਨੇ ਲੋਕ ਜਿਉਂਦੇ ਬਚੇ ਹਨ, ਕਿੰਨੇ ਮੌਤ ਨੂੰ ਉਡੀਕ ਰਹੇ ਨੇ ਅਤੇ ਕਿੰਨੇ ਇਸ ਬਿਮਾਰੀ ਨੇ ਨਿਗਲ਼ ਲਏ ਹਨ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਬੀਮਾਰੀ ਦਾ ਕਾਰਣ ਕੀ ਹੈ, ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਘੱਟ ਕਰਨ ਲਈ ਤੁਸੀਂ ਇਹ ਵੀ ਜਾਣਦੇ ਹੋ ਕਿ ਰਸਾਇਣਕ ਖਾਦਾਂ ਅਤੇ ਫੈਕਟਰੀਆਂ ਦੇ ਰਸਾਇਣਕ ਤੱਤਾਂ ਦਾ ਧਰਤੀ ਹੇਠਲੇ ਪਾਣੀ ਵਿੱਚ ਮਿਲ ਜਾਣਾ ਬੰਦ ਕਰਨਾ ਪਵੇਗਾ। ਪਰ ਤੁਸੀਂ ਬੋਤਲਾਂ 'ਚ ਬੰਦ ਪਾਣੀ ਪੀਣ ਵਾਲੇ ਲੋਕ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੇ ਆਮ ਲੋਕਾਂ ਦੀ ਮੌਤ ਦਾ ਤਮਾਸ਼ਾ ਬਣਾ ਕੇ ਕੇਂਦਰ ਕੋਲੋਂ ਫੰਡ ਉਗਰਾਹ ਕੇ ਖੁਰਦ-ਬੁਰਦ ਕਰਨ ਵਾਲੇ ਲੋਕਾਂ ਵਿੱਚ ਸ਼ਾਮਿਲ ਹੋ। ਜਦੋਂ ਸਾਡੇ ਸਗੇ ਮਰਦੇ ਨੇ ਤਾਂ ਤੁਸੀਂ ਕਹਿੰਦੇ ਹੋ ਕਿ ਜਲਦੀ ਹੀ ਇਸ ਇਲਾਕੇ ਵਿੱਚ ਕੈਂਸਰ ਹਸਪਤਾਲ ਬਣਾ ਕੇ ਲੋਕਾਂ ਦੇ ਲਈ ਖੋਲ੍ਹਿਆ ਜਾਵੇਗਾ। ਪਰ ਇਸ ਹਸਪਤਾਲ ਖੋਲ੍ਹਣ ਲਈ ਜੋ ਰਫਤਾਰ ਚਾਹੀਦੀ ਹੈ ਉਸ ਰਫਤਾਰ ਨਾਲ ਕੰਮ ਨਹੀਂ ਹੁੰਦਾ। ਇਸ ਦਾ ਇੱਕੋ ਇੱਕ ਕਾਰਣ ਹੈ ਕਿ ਤੁਸੀਂ ਸਾਡੇ ਲੋਕਾਂ ਦੇ ਝੂਠੇ ਹਮਦਰਦ ਬਣ ਕੇ ਵੋਟਾਂ ਉਗਰਾਹੁਣੀਆਂ ਨੇ। ਪਰ ਅਸੀਂ ਲੋਕਾਂ ਨੇ ਤਾਂ ਨ੍ਹੀਂ ਤੁਹਾਡੇ ਨਾਲ ਝੂਠੀ ਹਮਦਰਦੀ ਵਿਖਾਈ ਸੀ? ਜੇ ਤੁਸੀਂ ਇਹ ਮਹਾਂਮਾਰੀ ਲਈ ਏਨੇ ਹੀ ਗੰਭੀਰ ਹੁੰਦੇ ਤਾਂ ਸਭ ਤੋਂ ਪਹਿਲਾਂ ਓਥੇ ਪ੍ਰਦੂਸ਼ਣ ਫੈਲਾਉਣ ਵਾਲੇ ਅਦਾਰਿਆਂ ਦਾ ਬੰਦੋਬਸਤ ਕਰਨਾ ਚਾਹੀਦਾ ਸੀ। ਜਿਸ ਬਾਰੇ ਸਵਾਲ ਕਰਨਾ ਵੀ ਤੁਹਾਨੂੰ ਚੰਗਾ ਨਹੀਂ ਲੱਗਣਾ। ਕਿਉਂਕਿ ਉਹੀ ਅਦਾਰਿਆਂ ਤੋਂ ਤੁਸੀਂ ਫੰਡ ਉਗਰਾਹੁਣਾ ਹੁੰਦਾ ਹੈ ਜਿਹੜੇ ਅਦਾਰੇ ਬੀਮਾਰੀਆਂ ਫੈਲਾ ਕੇ ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ੀ ਨੇ। ਤੁਸੀਂ ਜੇ ਇੱਛਾ ਹੋਵੇ ਤਾਂ ਕੀ ਨਹੀਂ ਕਰ ਸਕਦੇ। ਤੁਸੀਂ ਸਰਕਾਰ ਹੋ, ਤੁਸੀਂ ਪਾਵਰ ਵਿੱਚ ਹੋ, ਅਸੀਂ ਵੋਟਾਂ ਪਾ ਕੇ ਤੁਹਾਨੂੰ ਤਾਕਤ ਬਖਸ਼ੀ ਹੈ। ਜੇ ਚਾਹੁੰਦੇ ਤਾਂ 3 ਮਹੀਨੇ ਵਿੱਚ ਹੀ ਓਥੇ ਪੱਕਾ ਹਸਪਤਾਲ ਬਣ ਕੇ ਤਿਆਰ ਹੋ ਸਕਦਾ ਸੀ। ਓਦੋਂ ਤੱਕ, ਜਦੋਂ ਤੱਕ ਹਸਪਤਾਲ ਨਹੀਂ ਬਣ ਜਾਂਦਾ ਕਿਰਾਏ ਤੇ ਬਿਲਡਿੰਗ ਲੈ ਕੇ ਸਾਰਿਆ ਜਾ ਸਕਦਾ ਸੀ। ਜੇ ਤੁਸੀਂ ਦਸਾਂ ਮਿੰਟਾਂ ਵਿੱਚ ਮੇਜ਼ ਥਪ-ਥਪਾ ਕੇ ਅਪਣੇ ਤਨਖਾਹਾਂ-ਭੱਤੇ ਦੁੱਗਣੇ ਕਰ ਸਕਦੇ ਹੋ ਤਾਂ ਕੈਂਸਰ ਹਸਪਤਾਲ ਬਣਾਉਣ ਲਈ ਕਿਹੜੀ ਰੁਕਾਵਟ ਪੈ ਜਾਂਦੀ ਹੈ ਕਿ ਇਸ ਲਈ ਕਾਗਜ਼ੀ ਕਾਰਵਾਈ ਕਰਨ ਲਈ ਸਮਾਂ ਚਾਹੀਦਾ ਹੈ। ਪਰ ਇਸ ਕੰਮ ਲਈ ਵੀ ਨੀਅਤ ਸਾਫ਼ ਹੋਣੀ ਚਾਹੀਦੀ ਹੈ।
ਤੁਸੀਂ ਦਮਗਜ਼ੇ ਮਾਰ ਰਹੇ ਹੋ ਕਿ ਪੰਜਾਬ ਤਰੱਕੀ ਦੀਆਂ ਸਿਖਰਾਂ ਛੂਹ ਰਿਹਾ ਹੈ। ਚਹੁੰ-ਮਾਰਗੀ ਸੜਕਾਂ ਤੇ ਬੱਸਾਂ ਸ਼ੂਕਦੀਆਂ ਜਾਇਆ ਕਰਨਗੀਆਂ। ਕਿਹੜੀਆਂ ਬੱਸਾਂ? ਆਰਬਿਟ? ਇੱਕ ਪਾਸੇ ਤੁਹਾਡੇ ਮੰਤਰੀ ਦੱਸਦੇ ਨੇ ਕਿ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਦੂਸਰੇ ਪਾਸੇ ਦੱਸਦੇ ਨੇ ਕਿ ਪੰਜਾਬ ਰੋਡਵੇਜ਼ ਕੋਲ ਬੱਸਾਂ ਦੇ ਟਾਇਰ ਪਵਾਉਣ ਜੋਗੇ ਵੀ ਪੈਸੇ ਨਹੀਂ ਹਨ, ਅਤੇ ਉਹ ਪ੍ਰਾਈਵੇਟ ਦੁਕਾਨਾਂ ਤੋਂ ਪੁਰਾਣੇ ਟਾਇਰ ਕਿਰਾਏ ਤੇ ਲੈ ਕੇ ਡੰਗ ਸਾਰ ਰਹੇ ਨੇ। ਕੀ ਇਸੇ ਨੂੰ ਤਰੱਕੀ ਦੀ ਸਿਖਰ ਕਿਹਾ ਜਾ ਰਿਹਾ ਹੈ। ਆਹ ਜਿਹੜੇ ਤੁਸੀਂ ਰੋਜ਼ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਰਹੇ ਹੋ ਤਰੱਕੀ ਵਾਲੇ, ਤੁਸੀਂ ਇਹ ਕਿਉਂ ਨਹੀਂ ਦੱਸ ਰਹੇ ਕਿ ਇਨ੍ਹਾਂ ਫਲਾਈ ਓਵਰਾਂ ਵਿੱਚ, ਸੜਕਾਂ ਦੇ ਨਿਰਮਾਣ ਵਿੱਚ ਸਰਕਾਰ ਦਾ ਕਿੰਨਾ ਅਤੇ ਕੀ ਰੋਲ ਹੈ। ਕੀ ਇਹ ਸੱਚ ਨਹੀਂ ਕਿ ਇਹ ਜਿਸ ਨੂੰ ਤੁਸੀਂ ਤਰੱਕੀ ਦੱਸ ਰਹੇ ਹੋ, ਇਸ ਦੇ ਸਾਡੇ ਆਮ ਲੋਕਾਂ ਕੋਲੋਂ ਟੈਕਸ ਵਸੂਲੇ ਜਾਣੇ ਨੇ, ਸਾਨੂੰ ਆਮ ਲੋਕਾਂ ਨੂੰ ਗਿਰਵੀ ਰੱਖ ਦਿੱਤਾ ਹੈ ਤੁਸੀਂ ਇਨ੍ਹਾਂ ਕੋਲ। ਕੰਪਨੀਆਂ ਜਦੋਂ ਸੜਕ ਬਣਾਉਂਦੀਆਂ ਨੇ ਤਾਂ 15-20 ਸਾਲਾਂ ਲਈ ਟੋਲ ਬੈਰੀਅਰ ਲਾਉਂਦੀਆਂ ਨੇ। ਸੜਕ ਦੀ ਕੀਮਤ ਸਾਡੇ ਕੋਲੋਂ ਵਸੂਲਦੀਆਂ ਨੇ, ਤੁਸੀਂ ਕਾਹਦੇ ਦਾਅਵੇ ਕਰਦੇ ਓਂ ਕਿ ਆਹ ਕਰਤਾ, ਓਹ ਕਰਤਾ?
ਬਾਦਲ ਸਾਹਿਬ! ਗੱਲਾਂ ਤਾਂ ਹੋਰ ਵੀ ਬਹੁਤ ਨੇ ਕਰਨ ਵਾਲੀਆਂ। ਪਰ ਮੈਂ ਸਮਝਦਾ ਹਾਂ ਕਿ ਜੇ ਤੁਹਾਡੇ ਅੰਦਰ ਜ਼ਮੀਰ ਨਾਂਅ ਦੀ ਕੋਈ ਚੀਜ਼ ਹੈਗੀ ਐ ਤਾਂ ਏਨੇ ਕੁ ਨਾਲ ਹੀ ਜਾਗ ਜਾਣੀ ਚਾਹੀਦੀ ਐ। ਜੇ ਹੈ ਈ ਨਹੀਂ ਤਾਂ ਅੰਨ੍ਹੇ ਅੱਗੇ ਨੱਚਣ ਦਾ ਤੇ ਬੋਲ਼ੇ ਅੱਗੇ ਗਾਉਣ ਦਾ ਕੋਈ ਫਾਇਦਾ ਨਹੀਂ। ਉਮੀਦ ਹੈ ਇਨ੍ਹਾਂ ਕੋੜੀਆਂ ਨੂੰ ਕੋੜੀਆਂ ਕਰ ਕੇ ਹੀ ਮੰਨੋਗੇ।
ਮਿੱਠੇ ਦੀ ਉਮੀਦ ਵਿੱਚ ਨਾ-ਉਮੀਦ
ਸੁਰਜੀਤ ਗੱਗ

1 comment:

  1. Piare Khalsa ji,

    Waheguru ji ka Khalsa, Waheguru ji ki Fateh!

    First, thanks for questioning the Turbaned Brahmin Prakash Badal. You have discussed very good questions, by the Turbaned Badal does not know what he is doing, his administration including his son Kaka Sukhbir, another 'joe boy' of the turbaned Brahmin is doing? Both Papa and Son have destroyed the fabric of the Holy and Historic Homeland of Sikhs, Punjab or the "robbed" Punjab by the characterless Hindus, deceitful Brahmins and their followers on the 15th August, 1947. One of the former Akali leaders, Tara Sinh Master (Born in a Brahmin family, gre up in a Hindu Khatri family, had eliminated a Sikh young men named Hari Singh and his entire family in 1940s, back stabbing the 'uncrowned' king of Sikhs, Baba Kharak Singh, and became the President of the SGPC and betrayed the Sikhs and Akalis. Turbaned Brahmin Badal Prakash closely followed his traitor of Sikhs Tara Sinh Master. Badal Prakash made Tara Sinh Master his mentor, destroyed the Punjab, "robbed" Punjab of 15th August, 1947, started following the Jansanghis first, followed by the Hindus-Brahmins of the BJP, RSS, Rashtriya Sikh Sangat (RSS' Akalis since 1999), became the enemy of the people of the "robbed" Punjab, who had been the bread basket of the Brahmins-Hindus demo[n]cracy, lost control of Punjab's rivers waters and their by-products. Turbaned Brahmins and his Kaka Sukhbir are so hungry of political power, they have been demonstrating that they Do Not have the blood in their veins which could love nothing but the "House of Guru Baba Nanak Sahib." Both Father and son, the turbaned Brahmins, seems that they are not Sikhs, but they are turbaned Brahmin. Their veins have the blood of Brahmins. Result is they both, papa and son, are anti-Sikh, anti-Darbar Sahib Complex, anti-Sikh institutions, and they are pro Sikhs enemies like RSS, BJP and other Hindus-Brahmins militancy. It has proven that Turbaned Brahmin Prakash Badal had been one of the instigators who waged an 'undeclared' war on the Sikhs and Sikhs' Holy and Historic Homeland, the "robbed" PUNJAB, in the form of a brutal military "Operation Bluestar" June, 1984. This turbaned Brahmin had been watching all this 'Destruction of Punjab and Sikhs' religious institutions by sitting far away from PUNJAB of the Sikhs and citizens of PUNJAB. Turbaned Brahmin Prakash Sinh watched when the Hindus had been distributing sweets to the Hindus-Brahmins' armed forces and armed personnel.

    So Turbaned Brahmin Prakash and his "joe boys and joe-girls" are nothing but the opportunists. Their next step would be to try their best Amarinder Singh from the Amritsar constituency in forthcoming elections. Khalsa ji, please ensure that no Brahmin-Hindus like the turbaned Brahmin Prakash like go from this Constituency. From the Sikh Guruan-di-dharti, only Amarinder Singh deserves to be sent as the representative of the Sikhs and citizen of PUNJAB. At least Sikhs of Amritsar have no trust in the Brahmins-Hindus like the turbaned Brahmin Prakash Badal.

    Best wishes.

    Awatar Singh Sekhon (Machaki)
    *****

    ReplyDelete