Sunday, March 23, 2014

ਸ਼ਰਮ ਆਉਂਦੀ ਹੈ ਇਸ ਸੱਚਾਈ ਨੂੰ ਵੇਖ ਕੇ।

ਸ਼ਰਮ ਆਉਂਦੀ ਹੈ ਇਸ ਸੱਚਾਈ ਨੂੰ ਵੇਖ ਕੇ।


ਸਿੱਖ ਬੰਦੀਆਂ ਦੀ ਕਾਨੂੰਨੀ ਸਹਾਇਤਾ: ਜਾਂਚ ਦੀ ਮੰਗ ਕਰਦੇ ਹਾਲਾਤ
ਇਨ੍ਹਾਂ ਤੱਥਾਂ ਤੇ ਗੌਰ ਕੀਤੇ ਬਿਨਾ ਸਿੱਖ ਸੰਘਰਸ਼ ਵਿਚਲੇ ਸਾਥੀ ਸਫਲ ਨਹੀਂ ਹੋ ਸਕਦੇ

ਸ. ਫੂਲਕਾ ਦੇ ਵਾਪਰੇ ਕੇਸ ਤੋਂ ਬਾਅਦ ਪੰਥਕ ਸਫਾ ਨੂੰ ਇਨ੍ਹਾਂ ਗੰਭੀਰ ਮੁੱਦਿਆਂ ਤੇ ਚਿੰਤਨ ਕਰਨ ਅਤੇ ਇਸ ਦੀ ਇਕ ਕੌਮਾਂਤਰੀ ਪੰਥਕ
 ਜਾਂਚ ਕਮੇਟੀ ਬਣਾ ਕੇ ਸਾਰੇ ਪੱਖਾਂ ਅਤੇ ਤੱਥਾਂ ਦੀ ਨਿਰਪੱਖ ਜਾਂਚ ਕਰਨ ਦਾ ਸਮਾਂ ਆ ਚੁਕਾ ਹੈ। ਆਖਿਰ ਸਿੱਖ ਬੰਦੀਆਂ ਦੇ ਨਾਮ ਤੇ 
ਭਾਰਤ ਸਮੇਤ ਸੰਸਾਰ ਪੱਧਰ ਤੇ ਕੀਤੀ ਜਾ ਰਹੀ ਮਦਦ ਕਿਵੇਂ, ਕਿੱਥੇ, ਕਿੰਨੀ ਖਰਚ ਕੀਤੀ ਗਈ ਹੈ। 
ਇਸ ਪੱਖ ਤੇ ਧਿਆਨ ਰੱਖਣਾ ਵੀ ਲਾਜ਼ਮੀ ਹੈ ਕਿ ਇਨ੍ਹਾਂ ਸੰਘਰਸ਼ ਸ਼ੀਲ ਪਰਿਵਾਰਾਂ ਨੂੰ ਕਿਸ ਕਿਸ ਰਾਹੀਂ ਕਿਤਨੀ ਕਿਤਨੀ ਸਹਾਇਤਾ,
 ਕਿਸ ਕਿਸ ਵੱਲੋਂ, ਕਿਸ ਕਿਸ ਨੂੰ ਭਿਜਵਾਈ ਗਈ ਹੈ। ਉਹ ਪਹੁੰਚੀ ਜਾਂ ਨਹੀਂ। ਮੇਰੀ ਪਤਨੀ ਦੇ ਤਾਇਆ ਜੀ ਨੇ ਆਪਣੀ ਧੀ ਨੂੰ ਇੱਕ 
ਵਾਰ ਸ੍ਰੀ ਮਾਨ ਸਾਹਿਬ ਦੇ ਪਰਿਵਾਰ ਦੇ ਜਰੀਏ ਤੇ ਦੂਜੀ ਵਾਰ ਭਾਈ ਜਸਬੀਰ ਸਿੰਘ ਰੋਡੇ ਦੇ ਜਰੀਏ ਆਪਣੇ ਵੱਲੋਂ ਤੇ ਆਪਣੇ ਕੁਝ 
ਮਿੱਤਰਾਂ ਦੀ ਨਿਜੀ ਕਮਾਈ ਵਿੱਚੋਂ 1988 ਅਤੇ 89 ਵਿੱਚ ਇੰਗਲੈਂਡ ਤੋਂ ਮਾਇਆ ਭੇਜੀ ਸੀ। ਜੋ ਕਦੇ ਵੀ ਨਹੀਂ ਮਿਲੀ। ਪਰ ਉਨ੍ਹਾਂ 
ਸਾਡੀ ਗੱਲ ਤੇ ਯਕੀਨ ਨਹੀਂ ਸੀ ਕੀਤਾ। ਇਸ ਲਈ ਜੇਲ੍ਹ ਵਿੱਚੋਂ ਹੀ ਮੇਰੀ ਬੇਨਤੀ ਤੇ ਉਹ ਓਦੋਂ ਆਪ ਭਾਰਤ ਆਨ ਕੇ ਪੜਤਾਲ ਉਹ 
ਖੁਦ ਕਰਕੇ ਗਏ ਤੇ ਕਹਿ ਕੇ ਗਏ ਕਿ ‘ਤੁਸੀਂ ਸੱਚੇ ਹੋ’ ਤੇ ਅਸੀਂ ਹੀ ਗਲਤ ਸਾਬਤ ਹੋਏ ਹਾਂ। ਉਨ੍ਹਾਂ ਨੂੰ ਅਫਸੋਸ ਇਹ ਰਿਹਾ ਕਿ ਉਹ ਨਿੱਜੀ
 ਲੱਖਾਂ ਰੁਪਏ ਉਨ੍ਹਾਂ ਦੇ ਇਨ੍ਹਾਂ ਨੇ ਵਾਪਸ ਵੀ ਨਹੀਂ ਕੀਤੇ ਤੇ ਇਹ ਕਹਿ ਕੇ ਮੋੜ ਦਿੱਤਾ ਕਿ ਉਨ੍ਹਾਂ ਤੋਂ ਜਿਆਦਾ ਲੋੜ ਵੰਦਾਂ ਨੂੰ ਦੇ ਦਿੱਤੇ
 ਹਨ। ਇਹ ਕਹਿਣ ਦੇ ਬਾਵਜੂਦ ਕਿ ਇਹ ਮਾਇਆ ਪੰਥਕ ਜਾਂ ਗੁਰੂ ਕੀ ਗੋਲਕ ਦੀ ਨਹੀਂ ਸੀ ਇਹ ਤਾਂ ਆਪਣੀ ਧੀ ਲਈ ਅਸੀਂ ਨਿਜੀ
 ਭੇਜੀ ਸੀ ਦੇ ਜਵਾਬ ਵਿੱਚ ਉਨ੍ਹਾਂ ਦਸਿਆ ਕਿ ਇਹ ਉੱਤਰ ਮਿਲਿਆ ਕਿ ਬਾਕੀ ਧੀਆਂ ਵੀ ਤਾਂ ਆਪਣੀਆਂ ਹੀ ਹਨ। ਤੁਸੀ ਹੋਰ ਦੇ 
ਜਾਇਆ ਜੇ। ਮੈਂ ਹਮੇਸ਼ਾਂ ਨਿਜੀ ਉਦਾਹਰਣ ਇਸ ਲਈ ਦਿੰਦਾ ਹਾਂ ਤਾਂ ਜੋ ਇਸ ਨੂੰ ਦੂਸ਼ਣ ਬਾਜੀ ਨਾ ਮੰਨਿਆਂ ਜਾਵੇ ਤੇ ਕਹੀ ਗੱਲ 
ਦੀ ਜਿੰਮੇਵਾਰੀ ਆਇਦ ਹੋ ਸਕੇ।…ਪਰ ਜੇ ਕੌਮ ਸਮਝੇ ਤਾਂ ਹੀ ਫਾਇਦਾ ਹੈ!
ਸ. ਫੂਲਕਾ ਦੇ ਵਿਵਾਦ ਨੇ ਅੰਨੀ ਬਣ ਕੇ ਕੰਮ ਕਰਦੀ ਕੌਮ ਦੀਆਂ ਅੱਖਾਂ ਤੋਂ ਪੱਟੀ ਖੋਲ੍ਹਣ ਦਾ ਕੰਮ ਤਾਂ ਕੀਤਾ ਹੈ, ਪਰ ਜਦੋਂ ਸੁਜਾਖੀ
 ਅੰਧਤਾ ਨੂੰ ਮੁਕਾਉਣ ਲਈ ਹੁਣ ਝੰਜੋੜਨ ਤੇ ਤੱਥ ਤੇ ਸੱਚ ਸਾਹਮਣੇ ਲਿਆਉਣ ਦਾ ਸਮਾਂ ਆ ਗਿਆ ਸੀ ਓਦੋਂ ਇਹ ਧਿਰਾਂ ਵੀ ਦੜ ਵੱਟ 
ਗਈਆਂ ਹਨ। ਵਿਵਾਦ ਨੂੰ ਅੱਧ ਵਿਚਕਾਰੇ ਠੱਪ ਕਰਨਾ ਸ਼ਕ ਨੂੰ ਸਾਬਤ ਕਰਦਾ ਹੈ। ਇੰਝ ਚੁੱਪ ਕਰ ਜਾਣਾ ਵੀ ਦੜ ਵੱਟ ਕੇ ਆਪੋ ਆਪਣੇ
 ਮੁਫਾਦਾਂ ਨੂੰ ਫੁੰਡਣਾ ਹੀ ਹੁੰਦਾ ਹੈ। ਨਤੀਜੇ ਪੱਖੀ ਸਪਸ਼ਟ ਨਿਰਣਾ ਸਾਹਮਣੇ ਆਉਣਾ ਚਾਹੀਦਾ ਹੈ। ਮੈਂ 1984 ਤੋਂ ਹੀ ਕਹਿੰਦਾ ਚਲਾ ਆ 
ਰਿਹਾ ਹਾਂ ਕਿ ਅੰਨ੍ਹੇਵਾਹ ਬੇਲੋੜੀ ਅਸੰਗਠਿਤ ਅਤੇ ਉਦੇਸ਼ ਹੀਣੀ ਮਾਲੀ ਮਦਦ ਸੰਘਰਸ਼ ਨੂੰ ਤਬਾਹ ਕਰ ਦੇਵੇਗੀ। ਓਦੋਂ ਤੋਂ ਅੱਜ ਤਕ 
ਕਿਸੇ ਨੇ ਨਹੀਂ ਸੁਣੀ। ਜੇ ਹੁਣ ਵੀ ਪੰਥ ਜਾਗ ਜਾਏਗਾ ਤਾਂ ਸ਼ਾਇਦ ਸੰਘਰਸ਼ ਦੇ ਰਾਖ ਵਿੱਚ ਦੱਬੀ ਪਈ ਕੋਈ ਸੁੱਚੀ ਚਿਣਗ ਸੰਘਰਸ਼ ਨੂੰ 
ਹਵਾ ਦੇ ਕੇ ਲੈ ਤੁਰੇ।
ਕੁਝ ਤੱਥ ਪ੍ਰਤੱਖ ਸਾਹਮਣੇ ਹਨ, ਸ. ਫੂਲਕਾ ਜੀ ਕਹਿੰਦੇ ਹਨ ਕਿ ਉਨ੍ਹਾਂ ਦੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 
ਸਿਰਫ਼ 7 ਲੱਖ ਰੁਪਏ ਹੀ ਮਿਲੇ ਹਨ ਜਿਸ ਵਿੱਚੋਂ ਉਨ੍ਹਾਂ ਕੁਝ ਵੀ ਨਹੀਂ ਲਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਮੇਵਾਰ ਪ੍ਰਧਾਨ, ਪੰਜਾਬ ਦਾ ਜਿੰਮੇਵਾਰ ਉਪ ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ  ਇਹ 
ਆਖਦਾ ਹੈ ਕਿ ਕਮੇਟੀ ਨੇ ਲਗਭਗ 45 ਲੱਖ ਤੋਂ ਵੱਧ ਰੁਪਏ ਦੀ ਪੇਮੈਂਟ ਸ. ਫੂਲਕਾ ਦੇ ਕਹੇ ਤੇ ਕੀਤੀ ਹੈ। ਅੰਤਰ ਬਹੁਤ ਵੱਡਾ ਹੈ। 
ਦੂਸ਼ਣ ਬਾਜ਼ੀ ਦਾ ਸਵਾਦ ਲੈਣ ਤਕ ਕੌਮੀ ਜੱਥੇਬੰਦੀਆਂ ਦੀ ਪਹੁੰਚ ਬਣੀ ਰਹੀ ਤੇ ਪਾਠਕ ਵੀ ਇਸੇ ਵਿੱਚ ਹੀ ਖੁਭੇ ਰਹੇ ਹਨ। ਹੁਣ ਸਭ 
ਕੁਝ ਸ਼ਾਂਤ ਹੈ। ਗੁਰੂ ਕੀ ਗੋਲਕ ਵਿੱਚੋਂ ਸੰਗਤਾਂ ਦਾ ਪੈਸਾ ਆਖਿਰ ਗਿਆ ਕਿੱਥੇ ? ਇਸ ਨੂੰ ਕੋਣ ਪੜਤਾਲੇਗਾ ? ਜੇ ਕਮੇਟੀ ਦਾ ਪ੍ਰਧਾਨ 
ਕਹਿੰਦਾ ਹੈ ਕਿ 45 ਲੱਖ ਤੋਂ ਵੱਧ ਦੀ ਪੇਮੈਂਟ ਹੋਈ ਹੈ ਤਾਂ ਸੱਚ ਕਹਿੰਦਾ ਹੈ, ਉਹ ਕਿੱਥੇ ਗਈ ? ਹੋਰ ਜੇ ਫੂਲਕਾ ਜੀ ਕਹਿੰਦੇ ਹਨ ਕਿ ਮਿਲੇ
 ਤਾਂ ਸਿਰਫ਼ 7 ਲੱਖ ਹਨ ਤਾਂ ਉਹ ਵੀ ਸੱਚ ਆਖਦੇ ਹਨ, ਤਾਂ ਬਾਕੀ ਦਾ ਹਿਸਾਬ ਕੋਣ ਲਏਗਾ ?
ਮੈਂ ਆਪਣੇ ਕੇਸ ਦੀ ਵੀ ਉਦਾਹਰਣ ਦੇਵਾਂਗਾ। ਮੇਰੇ ਅਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰ 13 ਤੇ 2 ਕੇਸ ਸਾਂਝੇ ਸਨ। ਇਨ੍ਹਾਂ 
ਨੂੰ ਲੜਨ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਕਮੇਟੀ ਨੇ ਸਾਰੇ ਕੇਸ ਸ੍ਰੀ ਰਾਮ ਜੇਠਮਲਾਨੀ ਜੀ ਨੂੰ ਦੇ ਦਿੱਤੇ। 
ਮੈਂ ਇਸ ਨਾਲ ਸਹਿਮਤ ਨਹੀਂ ਸੀ ਕਿਉਂਕਿ ਓਦੋਂ ਤਕ ਕਿਸੇ ਇੱਕ ਕੇਸ ਵਿੱਚ ਵੀ ਉਨ੍ਹਾਂ ਸਿੱਖ ਕੌਮ ਨੂੰ ਫ਼ਤਹਿ ਲੈ ਕੇ ਨਹੀਂ ਸੀ ਦਿੱਤੀ । 
ਅੱਜ ਤਕ ਦਾ ਰਿਕਾਰਡ ਗਵਾਹ ਹੈ। ਮੈਂ ਆਪਣਾ ਕੇਸ ਅੱਡ ਕਰਵਾ ਲਿਆ। ਸ਼੍ਰੋਮਣੀ ਕਮੇਟੀ ਨੇ ਕੇਸ ਲੜ੍ਹਨ ਤੋਂ ਨਾਹ ਕਰ ਦਿੱਤੀ। ਮੇਰੇ 
ਘਰ ਦਿਆਂ ਨੇ ਪਹਿਲਾਂ ਸ. ਸੋਢੀ ਵਕੀਲ ਕੀਤਾ, ਜਿੰਨਾਂ ਨੂੰ ਐਡਵਾਂਸ ਇੱਕ ਲੱਖ ਰੁਪਿਆ ਮੇਰੇ ਪਰਿਵਾਰ ਨੇ ਪੱਲਿਓਂ ਦਿੱਤਾ। ਜਿੰਨ੍ਹਾਂ ਮੇਰੇ 
ਨਾਲ ਪਹਿਲੀ ਮੁਲਾਕਾਤ ਦੀਆਂ ਹੀ ਸਾਰੀਆਂ ਗੱਲਾਂ ਜਾ ਕੇ ਅਜੈਂਸੀਆਂ ਨੂੰ ਦੱਸ ਦਿੱਤੀਆਂ ਤੇ ਤਿਹਾੜ ਜੇਲ੍ਹ ਵਿੱਚ ਹੀ ਮੇਰਾ ਰਿਮਾਂਡ ਲੈ 
ਲਿਆ ਗਿਆ । ਮੈਂ ਦੂਜੀ ਮੁਲਾਕਾਤ ਤੇ ਉਨ੍ਹਾਂ ਨੂੰ ਸਪਸ਼ਟੀਕਰਨ ਲਈ ਕਿਹਾ ਤਾਂ ਕਹਿੰਦੇ ਇੰਝ ਹੁੰਦਾ ਹੈ । ਵਕੀਲ ਨੂੰ ਮਿਲ ਕੇ ਚਲਣਾ
 ਪੈਂਦਾ ਹੈ। ਮੈਂ ਉਨ੍ਹਾਂ ਤੋਂ ਕੇਸ ਵਾਪਸ ਲੈ ਲਿਆ ਤੇ ਪੈਸੇ ਮੋੜਨ ਲਈ ਕਿਹਾ। ਮੇਰੇ ਪੈਸੇ ਨਹੀਂ ਮੋੜੇ ਗਏ, ਉਹ ਖਾ ਗਏ। ਮੈਂ ਅਖ਼ਬਾਰਾਂ ਵਿੱਚ 
ਸਿੱਖ ਕੌਮ ਨੂੰ ਉਸੇ ਵਕਤ ਸੁਚੇਤ ਕਰਨ ਲਈ ਬਿਆਨ ਦਿੱਤਾ। ਦੂਜੇ ਬੰਨੇ ਜੱਥੇਦਾਰ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 
ਨੇ ਬਿਆਨ ਦੇ ਦਿੱਤਾ ਕਿ ਉਹ ਸਾਰੇ ਕੇਸ ਲੜ ਰਹੇ ਹਨ ਕਿਸੇ ਨੂੰ ਵੀ ਵਕੀਲਾਂ ਨੂੰ ਫੀਸ ਦੇਣ ਦੀ ਲੋੜ ਨਹੀਂ। ਮੈਂ ਅਦਾਲਤ ਵਿੱਚ 
ਜੱਥੇਦਾਰ ਟੌਹੜਾ ਦੇ ਇਸ ਬਿਆਨ ਨੂੰ ਚੈਲੰਜ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ, ਸ. ਜਗਮੋਹਨ ਸਿੰਘ 
ਟੋਨੀ, ਪ੍ਰੋ ਦਲੀਪ ਸਿੰਘ, ਸ. ਕਮਿੱਕਰ ਸਿੰਘ, ਰਾਗੀ ਰਾਮ ਸਿੰਘ ਦੇ ਪਰਿਵਾਰਾਂ ਨੂੰ ਲੋੜੀਂਦੀ ਸਾਰੀ ਸਹਾਇਤਾ ਕੀਤੀ ਜਾ ਰਹੀ ਹੈ ਤੇ ਉਸ 
ਸਾਲ ਮਾਰਚ 1989 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੀ ਪੈਰਵਾਈ ਲਈ ਸ. ਜੇਠਮਲਾਨੀ ਨੂੰ 10 ਲੱਖ ਰੁਪਏ ਦੀ
 ਫੀਸ ਅਦਾ ਕੀਤੀ ਜਾ ਚੁਕੀ ਹੈ। ਇਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਸਪਸ਼ਟ ਹੋ ਗਿਆ ਕਿ ਮੇਰੇ ਲਈ ਕੁਝ ਵੀ ਨਹੀਂ ਕੀਤਾ ਗਿਆ
 ਹੈ। ਜੋ ਮੇਰੇ ਲਈ ਇਸ ਤੋਂ ਬਾਅਦ ਪੰਥਕ ਲੀਡਰਾਂ ਨੇ ਕੀਤਾ ਉਹ ਇਹ ਸੀ ਕਿ ਨਿਦਾਮ ਪੁਰ ਰੈਸਟ ਹਾਉਸ ਦੀ ਜੇਲ੍ਹ ਵਿੱਚ ਇਕੱਠ 
ਦੇ ਸਾਹਮਣੇ ਜੱਥੇਦਾਰ ਟੌਹੜਾ ਨੇ ਮੇਰੀ ਪਤਨੀ ਸਰਦਾਰਨੀ ਕਮਲਜੀਤ ਕੌਰ ਨੂੰ ਕਿਹਾ ਕਿ ਉਹ ਸਾਡੀ ਗੱਲ ਨਹੀਂ ਮੰਨਦਾ ਤੇ ਸਾਡੇ ਨਾਲ 
ਮਿਲ ਕੇ ਨਹੀਂ ਚਲਦਾ ਇਸ ਲਈ ਉਸ ਨੂੰ ਤਾਂ ਫਾਂਸੀ ਅਸੀਂ ਲਵਾਵਾਂਗੇ ਹੀ, ਕੋਈ ਨਹੀਂ ਬਚਾ ਸਕਦਾ। ਮਾਨ ਸਾਹਿਬ ਦੀ ਭੈਣ ਅਤੇ 
ਪਿਤਾ ਨੇ ਮੇਰੀ ਮਾਤਾ ਨੂੰ ਧੱਕੇ ਮਾਰ ਕੇ ਮੀਟਿੰਗ ਵਿੱਚੋਂ ਬਾਹਰ ਕੱਢ ਦਿੱਤਾ ਤੇ ਹਾਜਰੀਨ ਕਿਸੇ ਵੀ ਲੀਡਰ ਤੇ ਸਿੱਖ ਨੇ ਉਨ੍ਹਾਂ ਦੀ ਬਾਂਹ 
ਨਹੀਂ ਫੜੀ ਤੇ ਉਹ ਕੰਡੀਲੀ ਤਾਰ ਦੇ ਉਪਰ ਦੇ ਭੁੰਜੇ ਡਿੰਗ ਕੇ ਸੱਟਾ ਖਾ ਕੇ ਪਰਤ ਆਏ।
ਅਜਿਹੇ ਹੀ ਧੜੇਬੰਦਕ ਹਾਲਾਤ ਅੱਜ ਤਕ ਬਣੇ ਹੋਏ ਹਨ। ਜੇਲ੍ਹਾਂ ਵਿਚਲੇ ‘ਲਿੰਕ’ ਰੱਖਦੇ ਕਹੇ ਜਾਂਦੇ ਖਾੜਕੂਆਂ ਨੇ ਆਪਣੇ ਧੜੇ ਬਣਾਏ 
ਹੋਏ ਹਨ, ਤੇ ਬਾਹਰ ਲੀਡਰਾਂ ਅਤੇ ਜੱਥੇਬਵੰਦੀਆਂ ਨੇ ਆਪੋ ਆਪਣੇ ਧੜੇ ਬਣਾਏ ਹੋਏ ਹਨ। ਧੜਿਆਂ ਦੇ ਹਿਸਾਬ ਨਾਲ ਕੇਸਾਂ ਦੀ 
ਪੈਰਵਾਈ ਹੁੰਦੀ ਹੈ। ਧੜਿਆਂ ਦੇ ਮੁਤਾਬਕ ਹੀ ਵਕੀਲ ਨੀਅਤ ਹਨ। ਇੱਕ ਗੱਲ ਵੱਲ ਕਦੇ ਕਿਸੇ ਧਿਆਨ ਨਹੀਂ ਕੀਤਾ। ਜਿੰਨ੍ਹਾਂ ਵਕੀਲਾਂ 
ਨੂੰ 
ਬਾਹਰੋ ਏਡ ਮਿਲਦੀ ਹੈ ਜਾਂ ਜਿਹੜੇ ਸੰਸਥਾਗਤ ਤੌਰ ਤੇ ਖਾੜਕੂਆਂ ਦੇ ਕੇਸ ਲੜਨ ਲਈ ਮਸ਼ਹੂਰ ਹਨ ਅਤੇ ਇਸੇ ਕਰਕੇ‘ਵੱਡੇ ਵਕੀਲ’ 
ਬਣ ਚੁਕੇ ਹਨ; ਉਨ੍ਹਾਂ ਵਿੱਚੋਂ ਬਹੁ ਗਿਣਤੀ ਵਕੀਲਾਂ ਨੇ ਅੱਜ ਤਕ ਕੋਈ ਵੀ ਕੇਸ "ਪੰਥਕ ਹਿਤਕਾਰੀ ਅਤੇ ਸੰਕਲਪੀ” ਲੋੜ ਮੁਤਾਬਕ ਨਹੀਂ 
ਜਿੱਤਿਆ ਹੈ। ਸਗੋਂ ਮੈਂ ਤਾਂ ਕਈ ਕੇਸਾਂ ਦੇ ਅਧਾਰ ਤੇ ਇਹ ਕਹਿਣ ਵਿੱਚ ਸਮਰੱਥ ਹਾਂ ਕਿ ਅਜਿਹੇ ਵਕੀਲਾਂ ਨੇ ਅਧਿਕਤਰ ਸਰਕਾਰੀ ਪੱਖ,
 ਪੁਲਿਸ ਦਾ ਹੀ ਸਾਥ ਦਿੱਤਾ ਹੈ। ਮਾਅਰਕੇ ਵਾਲੇ ਤੁਸੀਂ ਅੱਧੀ ਦਰਜਨ ਵੀ ਕੇਸ ਨਹੀਂ ਉਦਾਹਰਣ ਵਿੱਚ ਪੇਸ਼ ਕਰ ਸਕਦੇ ਜਿਨ੍ਹਾਂ ਰਾਹੀਂ 
ਸੰਘਰਸ਼, ਕੌਮ, ਪੰਥ ਦੇ ਹਿਤਕਾਰੀ ਕੋਈ ਕਾਰਵਾਈ ਹੋਈ ਹੋਵੇ। 90% ਕੇਸਾਂ ਵਿੱਚ ਜੇ ਉਹ ਕੇਸ ਕਿਸੇ ਵੀ ਵਕੀਲ ਵੱਲੋਂ ਨਾ ਲੜੇ ਜਾਂਦੇ 
ਤਾਂ ਵੀ ਉਹੀ ਕਾਰਵਾਈ ਹੋਣੀ ਸੀ ਜਿਹੜੀ ਅਰਬਾਂ ਰੁਪਿਆ ਵਕੀਲਾਂ ਨੂੰ ਪੰਥ ਦੇ ਨਾਮ ਤੇ ਦੇ ਦੇਣ ਤੋਂ ਬਾਅਦ ਹੋਈ ਹੈ। ਮੇਰੀ ਗੁਜ਼ਾਰਸ਼
 ਹੈ ਕਿ ਮੇਰੇ ਇਸ ਤੱਥ ਦੀ ਪੜਤਾਲ ਕਰਵਾ ਲੈਣੀ ਚਾਹੀਦੀ ਹੈ।
ਵਕੀਲਾਂ ਨੂੰ ਅਰਬਾਂ ਰੁਪਿਆ ਗਿਆ ਹੈ ਤੇ ਉਹ ਆਖਦੇ ਇਹੋ ਹਨ ਕਿ ਅਸੀਂ ਕੇਸ ਫ੍ਰੀ ਲੜਦੇ ਹਾਂ ! ਸੰਘਰਸ਼ ਨਾਲ ਸਬੰਧਿਤ ਪਰਿਵਾਰਾਂ 
ਨੂੰ ਦੇਣ ਲਈ ਲੀਡਰਾਂ ਅਤੇ ਵਕਤ ਦੇ ਜਿੰਮੇਵਾਰ ਬਣਾਏ ਗਏ ਸੱਜਣਾਂ ਨੂੰ ਅਰਬਾਂ ਰੁਪਿਆ ਦਿੱਤਾ ਗਿਆ ਹੈ ਪਰ ਪਰਿਵਾਰ ਕਹਿੰਦੇ ਹਨ 
ਕਿ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਆਖਿਰ ਅਜਿਹੀ ਝੂਠ ਦੀ ਪੈਰਵਾਈ ਤੋਂ ਪੰਥ ਪਰਦਾ ਕਿਉਂ ਨਹੀਂ ਚੁੱਕਦਾ ? 
ਇਸ ਦੀਆਂ ਵੀ ਦੋ ਹੀ ਵਜ੍ਹਾ ਹੋ ਸਕਦੀਆਂ ਹਨ, ਪਹਿਲੀ ਇਹ ਕਿ ਇਕੱਠੇ ਕੀਤੇ ਜਾਂਦੇ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ 
ਗਿਆ ਤੇ ਉਸ ਨੂੰ ਹਰ ਧਿਰ ਨੇ ਆਪੋ ਆਪਣੇ ਨਿਜੀ ਮੁਫਾਦਾਂ ਲਈ ਵਰਤ ਲਿਆ। ਦੂਜਾ ਇਹ ਕਿ ਰਕਮ ਠੀਕ ਢੰਗ ਨਾਲ ਵਰਤੀ ਹੀ 
ਨਹੀਂ ਗਈ ਤੇ ਉਹ ਕੌਮੀ ਪਰਿਪੇਖ ਵਿੱਚ ਕੌਮੀ ਰਾਸ਼ਟਰੀ ਅੰਦੋਲਨ ਨੂੰ ਮਜ਼ਬੂਤ ਕਰਨ ਵਾਲੀਆਂ ਧਿਰਾਂ ਲਈ ਮੁਕਦਮੇ ਲੜਨ ਤੇ ਜਾਂ 
ਕੌਮੀ ਸੰਘਰਸ਼ ਨਿਮਿਤ ਖ਼ਰਚੀ ਹੀ ਨਹੀਂ ਗਈ। ਨਹੀਂ ਤਾਂ ਅਰਬਾਂ ਰੁਪਏ ਖ਼ਰਚਣ ਵਾਲੀ ਕੌਮ ਨੂੰ ਕਿਸੇ ਵੀ ਇਕ ਖਾੜਕੂ ਰਾਹੀਂ 
"ਖ਼ਾਲਸਤਾਨ ਦੇ ਨਿਸ਼ਾਨੇ ਅਤੇ ਵਿਚਾਰਧਾਰਾ ਦੇ ਪ੍ਰਗਟਾਵਾ” ਕਰਨ ਅਤੇ ‘ਪ੍ਰਣਾਲੀ ਤੇ ਸੰਕਲਪ ਨੂੰ ਸਥਾਪਿਤ ਕਰਕੇ ਮਾਣਤਾ ਦਿਵਾਉਣ’
 ਲਈ ਇਕ ਵੀ ਵਕੀਲ ਤੇ ਇਕ ਵੀ ਖਾੜਕੂ ਨਹੀਂ ਲੱਭਾ ? ਸ਼ਰਮ ਆਉਂਦੀ ਹੈ ਇਸ ਸੱਚਾਈ ਨੂੰ ਵੇਖ ਕੇ। ਇਨ੍ਹਾਂ ਨਾਲੋਂ ਤਾਂ ਫੇਰ 
ਨਕਸਲਵਾੜੀ, ਤਾਮਿਲ, ਅਸਮੀ, ਨਾਂਗਾਲੈਂਡੀ, ਗੋਰਖਾਲੈਂਡੀ, ਮੁਸਲਿਮ ਯੋਧੇ ਹੀ ਚੰਗੇ ਨਿਕਲੇ ਜੋ ਆਪੋ ਆਪਣੀ ਵਿਚਾਰਧਾਰਾ ਨੂੰ 
ਅਦਾਲਤਾਂ ਰਾਹੀਂ ਪੂਰੇ ਸੰਸਾਰ ਵਿੱਚ ਮਾਣਤਾ ਤਾਂ ਦਿਲਾ ਗਏ। ਉਨ੍ਹਾਂ ਨਾਲ ਕੋਈ ਵੀ ਸਿੱਖ ਅਤਿਵਾਦੀਆਂ ਵਾਂਗ ਨਾਮਕਰਨ ਨਹੀਂ ਦਿੰਦਾ ।
 ਕੋਈ ਇੰਝ ਨਹੀਂ ਕਹਿੰਦਾ ਕਿ ਇਹ ਦੇਸ਼ ਧ੍ਰੋਹੀ, ਵੱਖਵਾਦੀ, ਅਤਿਵਾਦੀ, ਦਹਿਸ਼ਤ ਪਸੰਦ ਤੇ ਵਿਦੇਸ਼ੀ ਤਾਕਤਾਂ ਦੇ ਹੱਥ ਠੋਕੇ ਨੇ ਤੇ 
ਭਾਰਤ ਨੂੰ ਤੋੜਨ ਵਾਲੀ ਵਿਦੇਸ਼ੀ ਤਾਕਤਾਂ ਦੀ ਸ਼ਹਿ ਤੇ ਭਾਰਤ ਅੰਦਰ ਦਹਿਸ਼ਤ ਵਾਦੀ ਕਾਰਵਾਈਆਂ ਕਰਦੇ ਨੇ।
ਜਰਾ ਸੋਚੋ, ਫਿਰ ਇਨ੍ਹਾਂ ਸਿੱਖ ਕ੍ਰਾਂਤੀਕਾਰੀ ਖਾੜਕੂਆਂ ਨਾਲੋਂ ਤਾਂ ਸ. ਭਗਤ ਸਿੰਘ ਤੇ ਉਸ ਦੇ ਉਹ ਸਾਥੀ ਹੀ ਚੰਗੇ ਨਿਕਲੇ ਜੋ ਨਿਰਦੋਸ਼ਿਆਂ
 ਨੂੰ ਮਾਰ ਕੇ ਵੀ ਅੱਜ ਤਕ ਇਹੋ ਸਥਾਪਿਤ ਕੀਤੇ ਜਾਂਦੇ ਹਨ ਕਿ ਉਨ੍ਹਾਂ ਅੰਗਰੇਜ਼ ਦੋਸ਼ੀ ਅਫਸਰਾਂ ਨੂੰ ਮਾਰਿਆ ਤੇ ਜੰਗੇ ਅਜ਼ਾਦੀ ਦੀ ਲੜਾਈ
 ਲੜੀ ।ਅੱਜ ਤਕ ਭਾਰਤ ਵਿੱਚ ਵੀ ਤੇ ਪੰਜਾਬ ਵਿੱਚ ਵੀ ਸ਼ਹੀਦ ਭਗਤ ਸਿੰਘ ਦੀ ਉਸ ਵਿਚਾਰਧਾਰਾ ਜਿਸ ਦੀ ਕਿ ਕੋਈ ਆਪਣੀ ਲਿਖਤ
 ਤਕ ਨਹੀਂ ਹੈ, ਦੇ ਚਰਚੇ ਅਤੇ ਉਸ ਤੇ ਤੁਰਨ ਦੇ ਪ੍ਰਣ ਕੀਤੇ ਜਾਂਦੇ ਹਨ । ਜਰਾ ਸੋਚੋ ਕਿਉਂ ? ਇਸ ਲਈ ਕਿ ਉਸ ਨੂੰ ਸਮੁੱਚੀ ਭਾਰਤ ਦੇ 
ਅੰਦੋਲਨ ਨਾਲ ਪੰਡਿਤ ਮੋਤੀ ਲਾਲ ਨਹਿਰੂ ਅਤੇ ਮਦਨ ਮੋਹਨ ਮਾਲਵੀਆ ਜੈਸੇ ਵਕੀਲਾਂ ਨੈ ਸਾਰੇ ਕੇਸ ਨੂੰ ਭਾਰਤੀ ਅਜ਼ਾਦੀ ਦੇ ਸੰਘਰਸ਼ 
ਦੀ ਰੰਗਤ ਦੇ ਕੇ ਉਸ ਨੂੰ ਸੰਸਾਰ ਪੱਧਰ ਤਕ ਉਭਾਰ ਦਿੱਤਾ, ਤੇ ਕਿਸੇ ਤੇ ਕੋਈ ਫੀਸ ਤਕ ਵੀ ਨਾ ਲਈ। 
ਕਿੰਨੀ ਵੱਡੀ ਲਾਹਨਤ ਭਰਪੂਰ ਸਿੱਖ ਕੌਮ ਉਪਰ ਅਤੇ ਸਿੱਖ ਸੰਘਰਸ਼ ਉਪਰ ਕਾਲਖ ਹੈ ਕਿ ਸਿੱਖ ਕੌਮ ਨੂੰ ਇੱਕ ਵੀ ਅਜਿਹਾ ਵਕੀਲ 
ਅਰਬਾਂ ਰੁਪਏ ਖਰਚ ਕੇ ਵੀ ਨਾ ਮਿਲਿਆ ਤੇ ਨਾ ਹੀ ਸਿੱਖ ਕੌਮ ਅਜਿਹੇ ਕਿਸੇ ਵੀ ਖਾੜਕੂ ਲੀਡਰ ਨੂੰ ਅਰਬਾਂ ਰੁਪਏ ਹੀ ਖਰਚ ਕੇ ਪੈਦਾ
 ਕਰ ਸਕੀ।  ਫੁੱਸ ਪਟਾਕੇ ਨਿਕਲਦੇ ਤਾਂ ਵੀ ਕੌਮ ਦਾ ਕੁਝ ਬੱਚ ਜਾਂਦਾ; ਇਹ ਤਾਂ ਸਾਰੇ ਡੋਗਰਿਆਂ ਦੇ ਵੀ ਸਰਦਾਰ ਨਿਕਲੇ। ਤੇ ਹਾਲੇ ਵੀ
 ਅਸੀਂ ਇਨ੍ਹਾਂ ਦੀ ਹੀ ਅਜਿਹੀ ਵਿਰਾਸਤ ਤੇ ਟੇਕ ਲਾਈ ਬੈਠੇ ਹਾਂ !! 
ਮੈਂ ਅੰਤ ਵਿੱਚ ਸੱਜਰੀਆਂ ਦੋ ਸੱਚਾਈਆਂ ਪੇਸ਼ ਕਰਕੇ ਮੁਆਫ਼ੀ ਮੰਗਦਾ ਹਾਂ, ਪਹਿਲੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ 
ਸੱਜਰੇ ਛਿੜੇ ਅੰਦੋਲਨ ਦੀ; ਸੱਚਾਈ ਉਹੀ ਸਭ ਦੇ ਸਾਹਮਣੇ ਆ ਚੁਕੀ ਹੈ ਜਿਹੜੀ ਮੈਂ ਅੰਦੋਲਨ ਦੇ ਹਫਤੇ ਬਾਅਦ ਹੀ ਆਪਣੀ ਇਸੇ ਵੈਬ
 ਸਾਈਟ ਤੇ ਲਿਖਤ ਵਿੱਚ ਤੇ ਵੀਡੀਓ ਵਿੱਚ ਅੱਡੋ ਅੱਡ ਦਰਜ ਕੀਤੀ ਹੈ। ਨੁਕਸਾਨ ਉਸ ਨਾਲ ਜਿਆਦਾ ਨਹੀਂ ਹੁੰਦਾ ਸਗੋਂ ਇਸ ਨਾਲ 
ਜਿਆਦਾ ਹੁੰਦਾ ਹੈ ਜਦੋਂ ਕੌਮ ਸਾਥ ਤਾਂ ਉੱਲਰ ਕੇ ਪੱਬਾਂ ਭਾਰ ਹੋ ਕੇ ਝੂਠ ਅਤੇ ਅਨ ਮਿਥੇ ਨਿਸ਼ਾਨਿਆਂ ਦਾ ਗਲਤ ਢੰਗ ਨਾਲ ਦਿੰਦੀ ਹੈ
 ਤੇ ਜਦੋਂ ਫੇਰ ਉਹ ਗਲਤੀਆਂ ਸਾਬਤ ਹੋ ਜਾਂਦੀਆਂ ਹਨ ਤਾਂ ਸੁਸਰੀ ਵਾਂਗ ਸੌਂ ਜਾਂਦੀ ਹੈ ਤੇ ਸਭ ਕੁਝ ਭਾਣੇ ਤੇ ਸੁੱਟ ਕੇ ਆਪਣੀ ਜਿੰਮੇਵਾਰੀ 
ਤੋਂ ਭਗੌੜੀ ਹੋ ਜਾਂਦੀ ਹੈ। ਹੁਣ ਵੀ ਕੌਮ ਜਾਗਰੁਕ ਹੋ ਕੇ ਸਾਹਮਣੇ ਨਹੀਂ ਆ ਸਕਦੀ ? ਪਰ ਨਹੀਂ, ਅਸੀਂ ਸੱਚ ਅਤੇ ਹੱਕ ਨਾਲ ਤੁਰਨਾ 
ਮੁੱਢ ਕਦੀਮ ਤੋਂ ਹੀ ਪਸੰਦ ਨਹੀਂ ਕਰਦੇ; ਸਿਰਫ਼ ਚੜ੍ਹਦੇ ਸੂਰਜ ਨੂੰ ਚੜ੍ਹਨ ਤਕ ਹੀ ਉਸ ਦੇ ਸਾਥੀ ਹੋ ਹੱਲਾ, ਚੌਧਰ ਦੇ ਤੇ ਹੋਰ ਕਈ ਤਰ੍ਹਾਂ 
ਮੁਫ਼ਾਦ ਤੱਕ ਹੀ ਵਰਤਣ ਲਈ ਪੱਬਾਂ ਭਾਰ ਹੁੰਦੇ ਹਾਂ; ਤਾਂ ਹੀ ਤਾਂ ਸ਼ਾਇਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਭਾਲ ਲਈ ਦੱਖਣ
 ਤਕ ਜਾਣਾ ਪਿਆ।
ਦੂਜਾ ਉਦਾਹਰਣ ਵੀ ਇਸੇ ਸਮੇਂ ਦਾ ਹੀ ਹੈ ਜਿਸ ਨੂੰ ਫਿਰ ਸ. ਫੂਲਕਾ ਦੇ ਵਿਵਾਦ ਨਾਲ ਹੀ ਉਸ ਦੀ ਅਗਲੇਰੀ ਕੜੀ ਜੋੜਦਾ ਹਾਂ। ਮੈਂ 
ਇਨ੍ਹਾਂ ਸਿੰਘਾਂ ਦੇ ਘਰੇ ਮਿਲਣ ਜਾਣ ਵਾਲਿਆਂ ਦਾ ਟੈਕਸੀ ਡਰਾਈਵਰ ਬਣ ਕੇ ਗਿਆ ਹਾਂ। ਜਿੱਥੋਂ ਤਕ ਮੈਨੂੰ ਪਤਾ ਚੱਲਿਆ ਮੇਰੇ ਜਾਣ ਤੋਂ 
ਪਹਿਲਾਂ ਉਨ੍ਹਾਂ ਨੂੰ 5-5 ਲੱਖ ਰੁਪਿਆ ਕੈਸ਼ ਵੀ ਮਦਦ ਪਹੁੰਚ ਚੁਕੀ ਸੀ। ਮੇਰਾ ਜਾਣ ਦਾ ਮਕਸਦ ਸਿਰਫ਼ ਉਨ੍ਹਾਂ ਦੀ ਮਨੋਬਿਰਤੀ ਨੂੰ 
ਪੜ੍ਹਨਾ ਸੀ। ਜਿਸ ਲਈ ਮੈਨੂੰ ਉਨ੍ਹਾਂ ਨਾਲ ਸਵਾਲ ਜਵਾਬ ਕਰਨ ਦੀ ਕੋਈ ਲੋੜ ਨਹੀਂ ਪਈ ਕਿਉਂਕਿ ਮੈਂ ਤਾਂ ਉਨ੍ਹਾਂ ਦੇ ਹਮਾਇਤੀਆਂ ਅਤੇ 
ਮਦਦਗਾਰਾਂ ਦੇ ਜੱਥੇ ਵਿੱਚ ਇਕ ਸਧਾਰਨ ਡਰਾਈਵਰ ਬਣ ਕੇ ਗਿਆ ਸਾਂ। ਨਾਂਉ ਨਹੀਂ ਲਿਖਾਂਗਾ ਪਰ ਜੇ ਕਰ ਪੰਥ ਪੜਤਾਲੀਆਂ ਕਮੇਟੀ 
ਬਣਾਏਗਾ ਤਾਂ ਜਿਤਨਾ ਕੁਝ ਵੀ ਹੁਣ ਤਕ ਦੀ ਜਿੰਦਗੀ ਵਿੱਚ ਪਤਾ ਹੈ ਸਬੂਤਾਂ ਅਤੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਾਲ 
ਸਭ ਦੱਸਾਂਗਾ; ਹੋਇਆ ਇੰਝ ਕਿ ਇਕ ਨਾਮਵਰ ਸ਼ਖਸੀਅਤ ਦੇ ਘਰੇ ਗੱਲਬਾਤ ਇਉਂ ਪੈਰੋਲ ਤੇ ਆਏ ਸਿੰਘ ਜੀ ਨਾਲ ਚੱਲ ਰਹੀ ਸੀ,
ਪੈਰੋਲ ਤੇ ਆਇਆਂ ਸਿੰਘ ਬੋਲਿਆ ‘ਸਭ ਆਉਂਦੇ ਹਨ। ਦੋ ਕਿਲੋ ਚਾਰ ਕਿੱਲੋ ਫਰੂਟ ਚੁੱਕੀ ਆਉਂਦੇ ਹਨ। ਬਈ ਜਿੰਦਗੀ ਵਾਰਨ ਵਾਲਾ 
ਜੋਧਾ ਬਾਹਰ ਆਇਆ ਹੈ। ਕੋਈ ਐਸ 4 ਫੋਨ ਗਿਫ਼ਟ ਦਿਓ, ਦੋ ਚਾਰ ਐਸ ਯੂ ਵੀ ਬਾਹਰ ਲਿਆ ਕੇ ਗਿਫ਼ਟ ਖੜੇ ਕਰੋ, ਟੁੱਟੇ ਜਿਹੇ ਘਰਾਂ
 ਵਿੱਚ ਟੁੱਟੀ ਆਰਥਿਕਤਾ ਵਿੱਚ ਜੀਓ ਰਹੇ ਹਾਂ ਕੋਈ ਦੋ ਚਾਰ ਕਰੋੜ ਇਸ ਤੇ ਖਰਚੋ……’
ਜੋ ਗੱਲਾਂ ਹੋਈਆਂ ਉਸ ਵਿੱਚੋਂ ਮੈਂ ਅੱਧੀਆਂ ਲਿਖ ਰਿਹਾ ਹਾਂ। 
ਕੀ ਮੈਂ ਆਸ ਰੱਖਾਂ ਕਿ ਜਿਹੜੀ ਕਾਨੂੰਨੀ ਮਦਦ ਦੇਣ ਵਾਲੀ ਨਵੀਂ ਕਮੇਟੀ ਵੀ ਹੋਂਦ ਵਿੱਚ ਆਈ ਹੈ ਉਸ ਵਿੱਚ ਹਾਂਦਰੂ ਪਰਿਵਰਤਨ ਅਤੇ 
ਕੰਮ ਵੇਖਣ ਨੂੰ ਮਿਲ ਰਿਹਾ ਹੈ। ਕੀ ਇਹ ਕਮੇਟੀ ਉਹ ਪਹਿਲਾਂ ਖਰਚੇ ਸਾਰੇ ਫੰਡਾਂ ਦੀ ਪੰਥਕ ਜਾਂਚ ਦੇ ਅਸਲ ਕੌਮੀ ਸੰਘਰਸ਼ ਨਿਮਿਤ 
ਸ਼੍ਰੋਮਣੀ ਕੰਮ ਨੂੰ ਪਹਿਲ ਦੇਵੇਗੀ ਅਤੇ ਹੁਣ ਖਰਚੇ ਜਾਂਦੇ ਫੰਡਾਂ ਵਿੱਚ ਮੇਰੀਆਂ ਇਨ੍ਹਾਂ ਸੰਘਰਸ਼ ਨੂੰ ਕੌਮੀ ਮੰਜ਼ਿਲ ਤਕ ਪਹੁੰਚਾਉਣ ਦੇ 
ਨਿਮਿਤ ਕੀਤੀਆਂ ਅਰਜੋਈਆਂ ਵੱਲ ਕੋਈ ਧਿਆਨ ਦੇ ਕੇ ਕੁਝ ਸੁਚੱਜਾ ਬੰਦੋਬਸਤ ਕਰੇਗੀ ਤਾਂ ਜੋ ਲੋਕਤੰਤਰੀ ਪੱਧਤੀ ਰਾਹੀਂ ਸੰਘਰਸ਼ 
ਕਿੱਦਾਂ ਜਿਉਂਦਾ ਚਲਾਇਆ ਅਤੇ ਮੰਜ਼ਿਲ ਵੱਲ ਵਧਾਇਆ ਜਾ ਸਕਦਾ ਹੈ ?
ਇਹ ਚੱਲੇ ਕਾਰਤੂਸਾਂ ਵਰਗੇ ਖ਼ੋਲਾਂ ਵਿੱਚੋਂ ਕੱਖ ਨਹੀਂ ਲੱਭਣਾ। ਜੇ ਤੁਹਾਨੂੰ ਇਨ੍ਹਾਂ ਤੇ ਹੀ ਯਕੀਨ ਹੈ ਤਾਂ ਇਨ੍ਹਾਂ ਵਿੱਚੋਂ ਹੀ ਸਹੀ ਕੋਈ ਤਾਂ 
ਲੱਭ ਲਓ ਜੋ ਸੰਘਰਸ਼ ਨੂੰ ਅੰਤਰ ਰਾਸ਼ਟਰੀ ਮਾਣਤਾ ਵਿੱਚ ਅੱਗੇ ਨਵਿਆਂ ਕੇ ਸ਼ਾਂਤਮਈ ਲੋਕਤੰਤਰੀ ਪ੍ਰਾਪਤੀ ਪੰਥ ਨੂੰ ਕਰ ਕੇ ਦੇ ਸਕੇ। ਤਾਂ 
ਹੀ ਸਹਾਇਤਾ ਕਰਨ ਦੀ ਲੋੜ ਅਤੇ ਫਾਇਦਾ ਹੈ। ਨਹੀਂ ਤਾਂ ਸਭ ਵਿਅਰਥ ਹੀ ਨਹੀਂ ਸਗੋਂ ਅਨਰਥ ਹੈ ਕਿਉਂਕਿ ਅੱਜ ਤਕ ਕਿਸੇ ਵੀ
 ਪੰਥਕ ਅਤੇ ਸਹਾਇਤਾ ਲੈਂਦੇ ਵਕੀਲ ਨੇ ਕੋਈ ਵੀ ਇੱਕ ਕੇਸ ਪੰਥਕ ਅਣਖ ਨੂੰ ਤੇ ਸੰਘਰਸ਼ ਨੂੰ ਫਤਹਿ ਦਿਵਾਉਣ ਵਾਲਾ ਜਿੱਤ ਕੇ ਨਹੀਂ 
ਦਿੱਤਾ ਹੈ। ਜੇ ਮੈਂ ਗਲਤ ਹਾਂ ਤਾਂ ਅਰਬਾਂ ਰੁਪਏ ਖ਼ਰਚਣ ਵਾਲਿਆਂ ਨੂੰ ਚਾਹੀਦਾ ਹੈ ਕਿ ਇੱਕ ਕੇਸ ਅਤੇ ਇਕ ਸ਼ਖਸੀਅਤ ਅਜਿਹੀ ਸਾਹਮਣੇ
 ਲਿਆਉਣ । ਜੇ ਪ੍ਰਾਪਤੀ ਹੀ ਕੋਈ ਨਹੀਂ ਹੈ ਤਾਂ ਬੰਜਰ ਜ਼ਮੀਨ ਨੂੰ ਗੁਰੂ ਕੀ ਸੰਗਤੀ ਗੋਲਕ ਰਾਹੀਂ ਕੱਲਰ ਕਿਉਂ ਬਣਾ ਰਹੇ ਹੋ ? ਉਪਜਾਉ
 ਬਣਾ ਲਓ, ਸੋਚ ਅਤੇ ਕਿਰਤ, ਵਿਰਤ ਅਤੇ ਚੱਜ ਆਚਾਰ ਤਾਂ ਖੇਤ ਨੂੰ ਸਿੰਜਣ ਵਾਲੇ ਦੇ ਹੀ ਹੱਥ ਵਿੱਚ ਹੁੰਦਾ ਹੈ।
ਜੇ ਪੈਸਾ ਖਰਚਣਾ ਹੀ ਹੈ ਤਾਂ ਭਾਰਤ, ਪੰਜਾਬ ਸਰਕਾਰਾਂ ਵਿਰੁੱਧ, ਭਾਰਤ ਦੀ ਮਿਲਟਰੀ, ਭਾਰਤੀ ਕੌਮੀ ਖ਼ੁਫ਼ੀਆ ਅਤੇ ਪੁਲਿਸ ਫੌਰਸਾਂ
 ਅਤੇ ਪੰਜਾਬ ਪੁਲਿਸ ਤੇ ਖ਼ੁਫ਼ੀਆ ਅਜੈਂਸੀਆਂ ਵਿਰੁੱਧ ਨਸਲ ਕਸ਼ੀ ਦਾ ਕੇਸ ਕਰੋ ਅਤੇ ਇਸ ਹਿੱਤ ਪਾਏਦਾਰ ਧੜੱਲੇਦਾਰ ਕਿਸੇ ਇੱਕ
 ਲੀਡਰ ਦੀ ਡਿਊਟੀ ਲਾ ਕੇ ਉਸ ਤੋਂ ਨਤੀਜੇ ਮੁਖੀ ਫੈਸਲੇ ਲੈਣ ਹਿੱਤ ਪਾਏਦਾਰ ਵਕੀਲਾਂ ਦੀ ਟੀਮ ਤਿਆਰ ਕਰੋ। ਪੰਜਾਬ ਦੀ ਧਰਤੀ
 ਤੇ ਇੱਕ ਵੀ ਅਜਿਹਾ ਪਾਏਦਾਰ ਵਕੀਲ ਨਹੀਂ ਹੈ ਜੋ ਇਹ ਕੰਮ ਕਰਨ ਲਈ ਤਿਆਰ ਹੋਵੇ । ਇਹ ਮੈਂ ਆਪਣੇ ਤਜਰਬੇ ਅਤੇ ਕੀਤੀ 
ਮੁਸ਼ਕੇ ਤੋਂ ਬਾਅਦ ਕਹਿ ਰਿਹਾ ਹਾਂ। ਮੈਨੂੰ ਇਸ ਹਿੱਤ ਕਿਸੇ ਵੀ ਉੱਚ ਤੋਂ ਉੱਚ ਕੋਟੀ ਦੇ ਵਕੀਲ ਨੇ ਹਾਂ ਨਹੀਨ ਸੀ ਕੀਤੀ। ਜਦ ਤਕ ਕੌਮ
 ਇੰਝ ਨਹੀਂ ਕਰ ਸਕਦੀ ਓਦੋਂ ਤਕ ਸਭ ਵਿਅਰਥ ਹੈ। ਸੰਘਰਸ਼ੀ ਪਰਿਵਾਰਾਂ ਦੀ ਮਦਦਗਾਰੀ ਅਤੇ ਵਕੀਲੀ ਪੈਰਵਾਈ ਤਾਂ ਸੰਘਰਸ਼ ਨੂੰ 
ਘੁਣ ਬਣ ਕੇ ਖਾ ਗਈ ਹੈ ਤੇ ਸ਼ਹੀਦਾਂ ਦੀ ਸ਼ਹਾਦਤ ਦੇ ਸੰਕਲਪ, ਨਿਸ਼ਾਨੇ, ਮੰਜ਼ਿਲ ਨੂੰ ਸਿਓਂਕ ਬਣ ਕੇ ਚੰਬੜ ਚੁਕੀ ਹੈ; ਬਚ ਸਕਦੇ
 ਹੋ ਤਾਂ ਬਚਾ ਲਓ……
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

No comments:

Post a Comment