Wednesday, January 7, 2015

ਨਾਨਕਸ਼ਾਹੀ ਕੈਲੰਡਰ ਦੀ ਭੂਰੀ ਉੱਤੇ 'ਸੰਤਾਂ' ਦੀ ਟ੍ਰੇਡ ਯੂਨੀਅਨ ਦਾ ਇਕੱਠ

ਨਾਨਕਸ਼ਾਹੀ ਕੈਲੰਡਰ ਦੀ ਭੂਰੀ ਉੱਤੇ 'ਸੰਤਾਂ' ਦੀ ਟ੍ਰੇਡ ਯੂਨੀਅਨ ਦਾ ਇਕੱਠ
ਨਾਨਕਸ਼ਾਹੀ ਕੈਲੰਡਰ ਦੀ ਭੂਰੀ ਉੱਤੇ 'ਸੰਤਾਂ' ਦੀ ਟ੍ਰੇਡ ਯੂਨੀਅਨ ਦਾ ਇਕੱਠ


ਬਾਬੇ ਹਰਨਾਮ ਸਿੰਘ ਧੁੰਮੇ ਦੀ ਸਰਦਾਰੀ ਹੇਠ 'ਸੰਤਾਂ' ਦੀ ਟ੍ਰੇਡ ਯੂਨੀਅਨ ਨੇ ਬੀਤੇ ਕੱਲ੍ਹ (ਮਿਤੀ 5 ਜਨਵਰੀ 2015 ਨੂੰ), ਪੂਰਨਮਾਸ਼ੀ ਦੇ ਦਿਨ, ਨਾਨਕਸਰ ਦੇ ਸਥਾਨ ਉੱਤੇ ਇੱਕ ਨੰਦਗੜ੍ਹ-ਨਿੰਦਾ ਮਹਾਂ-ਯੱਗ ਸੰਪੰਨ ਕੀਤਾ। ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦੇ ਮੰਤਵ ਤਹਿਤ ਖੁੱਲ੍ਹੇ ਪੈਸੇ ਖਰਚ ਕੇ ਇੱਕ ਟੀ.ਵੀ. ਚੈਨਲ 'ਤੇ ਇਸ ਕਾਰਵਾਈ ਦਾ ਸਿੱਧਾ ਪ੍ਰਸਾਰਨ ਕਰਵਾਇਆ ਗਿਆ। 'ਸੰਤਾਂ' ਦੇ ਪੰਜ ਕੁ ਸੌ ਅੰਗ-ਰੱਖਿਅਕਾਂ ਨੂੰ ਨਾ ਗਿਣੀਏ ਤਾਂ ਸੰਗਤ ਕੇਵਲ ਪੂਰਨਮਾਸ਼ੀ-ਇਕੱਠ ਦੇ ਮੇਚ ਦੀ ਹੀ ਸੀ। ਪਰ 'ਸੰਤ' ਬੜੇ ਗਰਮ-ਗਰਮ, ਉਬਲਦੇ-ਉਬਲਦੇ ਵਿਚਾਰ ਲੈ ਕੇ ਭਾਂਬੜ ਤੋਂ ਉੱਚਾ ਬਲਦੇ ਜਜ਼ਬਿਆਂ ਨੂੰ ਚੋਗਿਆਂ ਵਿੱਚ ਵਲ੍ਹੇਟ ਕੇ ਨਿੰਦਾ ਦੇ ਮੈਦਾਨ ਵਿੱਚ ਉੱਤਰੇ ਸਨ। ਖ਼ੂਬ ਭੜਾਸਾਂ ਨਿਕਲੀਆਂ; ਗਾਲ਼ੀ-ਗਲੋਚ ਦੇ ਬੰਬਾਂ ਨੇ ਦਿਵਾਲੀ-ਰੰਗ ਬੰਨ੍ਹਿਆ।
ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੇ ਜਥੇਦਾਰ ਨੰਦਗੜ੍ਹ ਅਤੇ ਪਾਲ ਸਿੰਘ ਪੁਰੇਵਾਲ ਕਿਤੇ ਨੇੜੇ-ਤੇੜੇ ਹੁੰਦੇ ਤਾਂ ਬਾਬਿਆਂ ਨੇ ਉਹਨਾਂ ਦਾ ਹੱਡੀਆਂ ਸਮੇਤ ਕੀਮਾ ਕਰ ਕੇ ਕੱਚਿਆਂ ਖਾ ਜਾਣਾ ਸੀ। ਪਰ ਨੇੜੇ ਨਾ ਹੋਣ ਦੀ ਮਜਬੂਰੀ ਵਿੱਚ ਉਹਨਾਂ ਨੇ ਰੱਜ ਕੇ ਊਂਜਾਂ ਲਾਈਆਂ, ਸੌਕਣਾਂ ਵਾਂਗ ਮਿਹਣੇ ਦਿੱਤੇ ਅਤੇ ਉਹਨਾਂ ਨੇ ਪੁਰੇਵਾਲ ਅਤੇ ਨੰਦਗੜ੍ਹ ਦੇ ਮੂੰਹ ਵਿੱਚ ਕੁਢੱਬੀਆਂ ਗੱਲਾਂ ਪਾ ਕੇ ਦੋਨਾਂ ਦੀ ਖ਼ੂਬ ਡੰਡ ਲਾਹੀ। ਭਾਈ ਜਸਬੀਰ ਸਿੰਘ ਰੋਡੇ ਨੇ ਤਾਂ ਨੰਦਗੜ੍ਹ ਨੂੰ ਗੁਰੂ-ਦੋਖੀ, ਸਿੱਖੀ-ਵਿਰੋਧੀ, ਪੰਜ ਪਿਆਰਿਆਂ ਦੀ ਪ੍ਰਥਾ ਨੂੰ ਨਕਾਰਨ ਵਾਲਾ ਤੱਕ ਆਖ ਦਿੱਤਾ। ਬੜੀ ਨੀਵੀਂ ਪੱਧਰ ਦੀ ਸ਼ਬਦਾਵਲੀ ਵਰਤਦਿਆਂ ਉਹਨਾਂ ਨੇ ਜ਼ਫ਼ਰਨਾਮੇ ਦੀ ਲਲਕਾਰ ਦੇ ਰਹੱਸ ਤੋਂ ਵੀ ਆਪਣੇ-ਆਪ ਨੂੰ ਬੇਖ਼ਬਰ ਦਰਸਾਇਆ।
ਨਾਨਕਸ਼ਾਹੀ ਕੈਲੰਡਰ ਦੇ ਮੰਤਕ ਬਾਰੇ ਵੀ ਬਾਬਿਆਂ ਨੇ ਲੈ ਦੇ ਕੇ ਆਪਣਾ ਬੌਧਿਕ ਨੰਗ ਹੀ ਵਿਖਾਇਆ। 1982 ਤੋਂ ਲੈ ਕੇ 1996 ਤੱਕ ਊਂਜਾਂ, ਇਲਜ਼ਾਮਾਂ, ਕਤਲੇਆਮਾਂ ਦੀ ਝੰਬੀ ਸਿੱਖ ਮਾਨਸਿਕਤਾ ਬੜੀ ਸ਼ਿੱਦਤ ਨਾਲ ਧਰਵਾਸ ਦੀ ਭਾਲ ਵਿੱਚ ਸੀ। ਨਾਨਕਸ਼ਾਹੀ ਕੈਲੰਡਰ 1998-99 ਵਿੱਚ ਜ਼ਖ਼ਮ ਉੱਤੇ ਇੱਕ ਸੁਖਦਾਈ ਮਲ੍ਹਮ ਬਣ ਕੇ ਆਇਆ ਸੀ। ਕੁੱਟ-ਮਾਰ ਕੇ ਧੁੱਪੇ ਸੁੱਟੀ ਸਿੱਖੀ ਨੂੰ ਆਪਣੀ ਸਮਰੱਥਾ ਦਾ ਅਹਿਸਾਸ ਹੋਇਆ ਸੀ। ਇਹਨੀਂ ਦਿਨੀਂ ਹੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਨੂੰ ਸਾਰੇ ਸੰਸਾਰ ਦੇ ਸਿੱਖਾਂ ਨੇ ਮਿਲ ਕੇ ਸਦੀ ਦਾ ਸਰਵੋਤਮ ਮਨੁੱਖ ਚੁਣਿਆ ਤਾਂ ਏਸ ਨੇ ਵੀ ਅੰਮ੍ਰਿਤ ਦੇ ਛੱਟੇ ਦਾ ਅਸਰ ਕੀਤਾ ਸੀ। ਇਹਨਾਂ ਐਲਾਨਾਂ ਦਾ ਸਭ ਤੋਂ ਤਿੱਖਾ ਪ੍ਰਤੀਕਰਮ ਆਰ.ਐਸ.ਐਸ. ਦੇ ਮੁਖੀ ਸੁਦਰਸ਼ਨ ਵੱਲੋਂ ਆਇਆ ਸੀ। ਓਸ ਨੇ ਆਖਿਆ: 'ਕੈਲੰਡਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਿੱਖ ਹਿੰਦੂ ਧਰਮ ਦਾ ਅੰਗ ਹਨ।' ਉਹ ਝੱਟ ਜਾਣ ਗਿਆ ਸੀ ਕਿ ਸਿੱਖਾਂ ਦੇ ਕੀਤੇ ਨਿਰਣਿਆਂ ਨਾਲ ਉਹਨਾਂ ਦੀ ਨਿਵੇਕਲੀ ਹਸਤੀ ਸਥਾਪਤ ਕਰਨ ਵੱਲ ਕਦਮ ਵਧਦੇ ਹਨ।
ਦੋਵਾਂ ਫ਼ੈਸਲਿਆਂ ਨਾਲ ਸਬੰਧਤ ਦੋ ਵਿਅਕਤੀਆਂ ਵਿੱਚੋਂ ਇੱਕ (ਜਥੇਦਾਰ ਗੁਰਚਰਨ ਸਿੰਘ ਟੌਹੜਾ) ਨੂੰ ਅਕਾਲੀ ਸਿਆਸਤ ਵਿੱਚੋਂ ਮਨਫ਼ੀ ਕਰ ਦਿੱਤਾ ਗਿਆ। ਦੂਜੇ ਮਾਮੂਲੀ (ਆਮ) ਆਦਮੀ ਨੂੰ ਵੀ ਓਸ ਦੀ ਆਪਣੀ ਸੰਸਥਾ ਵਿੱਚੋਂ ਕੱਢ ਦਿੱਤਾ ਗਿਆ। ਏਵੇਂ ਹੀ ਕਿਸੇ ਲਵ-ਕੁਸ਼ ਦੀ ਔਲਾਦ 'ਜਥੇਦਾਰ' ਨੇ, ਆਰ.ਐਸ.ਐਸ. ਦੇ ਗੁਣਾ ਤੋਂ, ਫ਼ੈਕਸਨਾਮੇ ਰਾਹੀਂ ਬੀਬੀ ਜਗੀਰ ਕੌਰ ਨੂੰ ਏਹੋ ਕੈਲੰਡਰ ਲਾਗੂ ਕਰਨ ਬਦਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਪੰਥ 'ਚੋਂ ਛੇਕ ਦਿੱਤਾ। ਇਹ ਅਜੇ ਕੱਲ੍ਹ ਦੀਆਂ ਗੱਲਾਂ ਹਨ। ਕੀ ਏਸ ਪੱਖੋਂ ਏਸ ਮਸਲੇ ਨੂੰ 'ਬ੍ਰਹਮਗਿਆਨੀ' ਬਾਬਿਆਂ ਵੱਲੋਂ ਵਿਚਾਰਨਾ ਨਹੀਂ ਸੀ ਬਣਦਾ?
ਨਾਨਕਸ਼ਾਹੀ ਕੈਲੰਡਰ ਧਰਤੀ ਦੇ ਸੂਰਜ ਉਦਾਲੇ ਤਕਰੀਬਨ 365 ਦਿਨਾਂ ਵਿੱਚ ਚੱਕਰ ਲਾਉਣ ਨਾਲ ਸਬੰਧਤ ਹੈ। ਇਹ ਸਿਲਸਿਲਾ ਆਦਿ ਕਾਲ ਤੋਂ ਚੱਲਦਾ ਆ ਰਿਹਾ ਹੈ ਅਤੇ ਪਰਲੋ ਤੱਕ ਏਵੇਂ ਚੱਲੇਗਾ। ਏਸ ਦੇ ਆਧਾਰ ਉੱਤੇ ਦਿਨਾਂ, ਮਹੀਨਿਆਂ ਦਾ ਨਾਮਕਰਣ ਸਾਰੀ ਦੁਨੀਆ ਦੀਆਂ ਸੱਭਿਅਤਾਵਾਂ ਨੇ ਕੀਤਾ ਹੈ। ਜਿਨ੍ਹਾਂ ਨੇ ਹੋਰ ਆਧਾਰ ਉੱਤੇ ਕੈਲੰਡਰ ਬਣਾਏ ਹਨ ਉਹਨਾਂ ਨੂੰ ਹਰ ਸਾਲ ਭਾਰੀ ਤਰੱਦਦ ਕਰ ਕੇ ਸੂਰਜੀ ਕੈਲੰਡਰ ਦੇ ਨਾਲ ਮੇਲਣਾ ਪੈਂਦਾ ਹੈ। ਏਸ ਨਿਰਾਰਥਕ ਮੁਸ਼ੱਕਤ ਤੋਂ ਬਚਣ ਲਈ ਪੁਰੇਵਾਲ ਨੇ ਸਿੱਖ ਇਤਿਹਾਸਕ ਦਿਹਾੜਿਆਂ ਨੂੰ ਸੂਰਜੀ ਕੈਲੰਡਰ ਵਿੱਚ ਸਥਾਈ ਤੌਰ ਉੱਤੇ ਪੱਕਾ ਕਰ ਦਿੱਤਾ। ਏਹੋ ਨਾਨਕਸ਼ਾਹੀ ਕੈਲੰਡਰ ਦਾ ਆਖ਼ਰੀ ਤਰਕ ਹੈ। 'ਬ੍ਰਹਮਗਿਆਨੀ' ਬਾਬਿਆਂ ਦੀ ਟ੍ਰੇਡ ਯੂਨੀਅਨ ਨੇ ਇੱਕ ਵੀ ਇਤਰਾਜ਼ ਨਹੀਂ ਜਤਾਇਆ ਕਿ ਫ਼ਲਾਨਾ ਗੁਰਪੁਰਬ ਗ਼ਲਤ ਸਥਾਪਤ ਕੀਤਾ ਗਿਆ ਹੈ!!! ਏਹੋ ਇੱਕ ਮੁੱਢਲਾ ਇਤਰਾਜ਼ ਹੋ ਸਕਦਾ ਸੀ। ਏਸ ਕੈਲੰਡਰ ਨੂੰ ਤਿਆਰ ਕਰਨ ਲਈ ਬਣੀ ਕਮੇਟੀ ਦੇ ਮੈਂਬਰ ਵਜੋਂ ਮੈਂ ਆਖ ਸਕਦਾ ਹਾਂ ਕਿ ਇਹ ਦੋਸ਼ ਏਸ ਵਿੱਚ ਹੈ ਨਹੀਂ।
ਹੁਣ ਟ੍ਰੇਡ ਯੂਨੀਅਨ ਦੇ ਬਾਬਿਆਂ ਅਤੇ ਇਹਨਾਂ ਦੀਆਂ ਸੰਸਥਾਵਾਂ ਦੀ ਗੱਲ ਕਰੀਏ। ਸਾਰੇ ਬਾਬੇ 'ਪੁਰਾਤਨ ਮਰਿਆਦਾ' ਨੂੰ ਕਾਇਮ ਰੱਖਣ ਦੀ ਗੱਲ ਕਰ ਰਹੇ ਸਨ ਜਿਹੜੀ ਇਹਨਾਂ ਅਨੁਸਾਰ ਪੰਥ-ਪ੍ਰਵਾਣਤ ਹੈ। ਜਿੱਥੇ ਇਹ ਸਮਾਗਮ ਹੋ ਰਿਹਾ ਸੀ ਉਹ ਥਾਂ ਨਾ ਕਿਸੇ ਸਿੱਖ ਗੁਰੂ ਸਾਹਿਬ ਨਾਲ ਸਬੰਧਤ ਹੈ ਨਾ ਪੰਥ ਨਾਲ। ਇਹ ਸਿਰਫ਼ ਇੱਕ ਬਾਬੇ ਦਾ 'ਤਪ-ਸਥਾਨ' ਦੱਸਿਆ ਜਾਂਦਾ ਹੈ। ਅਫ਼ਵਾਹਾਂ ਗਰਮ ਹਨ ਕਿ ਇਹ ਜਵਾਹਰ ਲਾਲ ਨਹਿਰੂ ਅਤੇ ਬਿਰਲੇ ਦੇ ਸਾਂਝੇ ਉੱਦਮ ਨਾਲ ਹੋਂਦ ਵਿੱਚ ਆਇਆ ਸੀ। ਆਜ਼ਾਦ ਭਾਰਤ ਸਿੱਖਾਂ ਵਿੱਚ ਪਾੜਾ ਪਾ ਕੇ ਸਿੱਖੀ-ਪ੍ਰਚਾਰ ਨੂੰ ਖੁੰਢਾ ਕਰਨਾ ਚਾਹੁੰਦਾ ਸੀ। ਏਸ ਲਈ ਏਸ (ਗੁਰਦੁਆਰੇ) ਨੂੰ ਠਾਠ ਆਖਿਆ ਜਾਂਦਾ ਹੈ। ਏਸੇ ਲਈ ਏਥੇ ਪੰਥ-ਪ੍ਰਵਾਣਤ ਲੰਗਰ-ਪ੍ਰਥਾ ਨਹੀਂ, ਏਸੇ ਲਈ ਏਥੇ ਨਿਸ਼ਾਨ ਸਾਹਿਬ ਨਹੀਂ ਅਤੇ ਏਸੇ ਲਈ ਏਥੇ ਗੁਰੂ ਅੱਗੇ ਤਿਲ਼-ਫੁੱਲ ਭੇਂਟ ਕਰਨ ਦਾ ਜਗਤ-ਪ੍ਰਚੱਲਤ ਰਿਵਾਜ ਨਹੀਂ।
ਮਰਿਆਦਾ ਬਾਰੇ ਚਿੰਤਤ ਬਾਬਿਆਂ ਵਿੱਚੋਂ ਕੋਈ ਵੀ ਪੰਥ-ਪ੍ਰਵਾਣਤ ਰਹਿਤ-ਮਰਿਆਦਾ ਆਪਣੇ ਡੇਰੇ ਉੱਤੇ ਲਾਗੂ ਕਰਨ ਲਈ ਤਿਆਰ ਨਹੀਂ। ਕੋਈ ਟਾਵਾਂ ਬਾਬਾ ਹੀ ਆਪਣੇ ਡੇਰੇ ਦੀ ਸੰਪਤੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਕਰਨ ਨੂੰ ਤਿਆਰ ਹੈ। ਕਿਰਤ ਕਰਨ ਦੀ ਰੀਤ ਕੋਈ ਬਾਬਾ ਮੰਨਣ ਨੂੰ ਤਿਆਰ ਨਹੀਂ ਹਾਲਾਂਕਿ ਗੁਰੂ ਨਾਨਕ ਖੇਤੀ ਕਰਦੇ ਸਨ ਅਤੇ ਗੁਰੂ ਅੰਗਦ ਸਾਹਿਬ ਵਾਣ ਵੱਟ ਕੇ ਰੋਟੀ ਦਾ ਇੰਤਜ਼ਾਮ ਕਰਦੇ ਸਨ। ਗੁਰੂ ਅਮਰਦਾਸ ਜੀ ਲੰਗਰ ਵਰਤਾ ਕੇ ਸਾਰੇ ਭਾਂਡੇ ਮੂਧੇ ਕਰ ਦਿੰਦੇ ਸਨ। ਸਾਰੇ ਬਾਬੇ ਘੱਟੋ-ਘੱਟ ਕਰੋੜਪਤੀ ਹਨ ਅਤੇ ਆਮ ਜਨਤਾ ਲਈ ਉਹਨਾਂ ਦੇ ਦਰ ਕੇਵਲ ਭੇਟਾ ਲੈਣ ਲਈ ਖੁੱਲ੍ਹੇ ਹਨ। ਬਾਬਿਆਂ ਦੀਆਂ ਕਾਰਾਂ, ਜਹਾਜ਼ਾਂ ਦੇ ਦਰਸ਼ਨ ਟੀ.ਵੀ. ਉੱਤੇ ਨਹੀਂ ਕਰਵਾਏ ਗਏ। ਜੇ ਹੋ ਜਾਂਦੇ ਤਾਂ ਕਰੋੜਾਂ ਦੇ ਅਵੱਲੇ-ਅਵੱਲੇ ਵਾਹਨ ਵੇਖ ਕੇ ਸੰਗਤਾਂ ਨੇ ਨਿਹਾਲ ਹੋ ਜਾਣਾ ਸੀ।
ਕੀ ਜਥੇਦਾਰ ਨੰਦਗੜ੍ਹ ਅਤੇ ਪੁਰੇਵਾਲ ਵਿਰੁੱਧ ਜ਼ਹਿਰ ਉਗਲਦੇ ਬਾਬਿਆਂ ਨੂੰ ਇਹ ਪੁੱਛਣਾ ਨਹੀਂ ਬਣਦਾ ਕਿ ਛੱਜ ਬੋਲੇ ਤਾਂ ਬੋਲੇ ਛਾਣਨੀ ਕਿਉਂ ਬੋਲੇ ਜਿਸ ਵਿੱਚ ਹਜ਼ਾਰਾਂ ਛੇਕ ਹਨ? ਛੇਕ ਹੀ ਛੇਕ ਹਨ!!! ..... ਬਾਕੀ ਫ਼ੇਰ।

No comments:

Post a Comment