Wednesday, January 23, 2013

ਆਰ ਐੱਸ ਐੱਸ ਦੇ ਏਜੰਟ ਬਣੇ ਬਾਦਲ ਦਲ


*ਦਿੱਲੀ ਦੇ ਪੜ੍ਹੇ ਲਿਖੇ ਵੋਟਰਾਂ ਤੋਂ ਉਮੀਦ ਰੱਖੀ ਜਾਣੀ ਚਾਹੀਦੀ ਹੈ ਕਿ ਉਹ ਸ: ਬਾਦਲ ਵੱਲੋਂ ਵਿਖਾਏ ਗਏ ਮੁੰਘੇਰੀ ਲਾਲ ਦੇ ਸੁਪਨਿਆਂ ਦੀ ਪੰਜਾਬ ’ਚ ਹੋਣੀ ਵਾਰੇ ਵੀ ਪੁੱਛਗਿਛ ਕਰਨ

*ਜੇ ਆਰਐੱਸਐੱਸ ਦੇ ਏਜੰਟ ਬਣੇ ਬਾਦਲ ਦਲ ਦਾ ਏਕਾਅਧਿਕਾਰ ਹੋ ਗਿਆ ਤਾਂ ਇਨ੍ਹਾਂ ਨੇ ਸਿੱਖੀ ਦੇ ਬਚੇ ਖੁਚੇ ਸਿਧਾਂਤਾਂ ਦੀ, ਆਰਐੱਸਐੱਸ ਵਲੋਂ ਕੀਤੇ ਜਾ ਰਹੇ ਹਵਨਾਂ ਵਿੱਚ ਅਹੂਤੀ ਪਾ ਦੇਣੀ ਹੈ ਤੇ ਕੁੰਭ ਦੇ ਮੇਲਿਆਂ ਵਿੱਚ ਨਹਾ ਕੇ ਗੰਗਾ ਵਿੱਚ ਰੋੜ ਦੇਣਾ ਹੈ (ਫੋਟੋ ਵੇਖੀ ਜਾ ਸਕਦੀ ਹੈ)। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕਾਂਗਰਸ ਨੇ ਭਾਜਪਾ ਦੀ ਭਰਵੀਂ ਹਮਾਇਤ ਨਾਲ ਅਕਾਲ ਤਖ਼ਤ ਦੀ ਇਮਾਰਤ ਢਹਿਢੇਰੀ ਕੀਤੀ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਜਿਸ ਦਾ ਹਰ ਸਿੱਖ ਨੂੰ ਗਹਿਰਾ ਦੁੱਖ ਹੈ, ਪਰ ਸ: ਬਾਦਲ ਭਾਜਪਾ ਦੀ ਹਮਾਇਤ ਹਾਸਲ ਕਰਨ ਲਈ ਸਿੱਖ ਸਿਧਾਂਤਾਂ ਦਾ ਕਤਲ ਕਰ ਰਿਹਾ ਹੈ। ਮਨੁਖ ਜੰਮਦੇ ਤੇ ਮਰਦੇ ਰਹਿੰਦੇ ਹਨ, ਢਾਹੀਆਂ ਇਮਾਰਤਾਂ ਮੁੜ ਉਸਾਰੀਆਂ ਜਾ ਸਕਦੀਆਂ ਹਨ ਪਰ ਕਤਲ ਹੋਏ ਕੌਮ ਦੇ ਸਿਧਾਂਤ ਸਦੀਆਂ ਤੱਕ ਮੁੜ ਸੁਰਜੀਤ ਕਰਨੇ ਅਸੰਭਵ ਹੁੰਦੇ ਹਨ।

ਪੰਜਾਬ ਦੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸਮੇਤ ਸਮੁੱਚੇ ਮੰਤਰੀ ਮੰਡਲ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਨੇ 27 ਜਨਵਰੀ ਨੂੰ ਹੋਣ ਜਾ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਣ ਲਈ ਜਿਸ ਤਰ੍ਹਾਂ ਦਿੱਲੀ ਡੇਰੇ ਲਾ ਲਏ ਹਨ ਇਸ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਖੋਹਣ ਨੂੰ ਜਿੰਦਗੀ ਮੌਤ ਦਾ ਸਵਾਲ ਬਣਾ ਲਿਆ ਹੈ। ਵੈਸੇ ਉਨ੍ਹਾਂ ਲਈ ਵਰਤਿਆ ਗਿਆ ਸ਼ਬਦ ‘ਸੇਵਾ’ ਢੁਕਵਾਂ ਨਹੀ ਜਾਪਦਾ ਕਿਉਂਕਿ ਉਹ ਖ਼ੁਦ ਤਾਂ ਇਸ ਚੋਣ ਨੂੰ ਦਿੱਲੀ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਸਿਧਾਂਤਕ ਤੌਰ ’ਤੇ ਸਿੱਖੀ ਦੀ ਸਭ ਤੋਂ ਵੱਡੀ ਵਿਰੋਧੀ ਆਰਐੱਸਐੱਸ ਦੇ ਰਾਜਨੀਤਕ ਵਿੰਗ ਭਾਜਪਾ ਨੂੰ ਜਿਤਾਉਣ ਲਈ ਸੈਮੀ ਫ਼ਾਇਨਲ ਕਹਿੰਦੇ ਹੋਏ ਇਸ ਨੂੰ ਦਿੱਲੀ ਫ਼ਤਹਿ ਕਰਨਾ ਜਾਂ ਕਬਜ਼ਾ ਕਰਨਾ ਕਹਿ ਰਹੇ ਹਨ। 2011 ’ਚ ਸ਼੍ਰੋਮਣੀ ਕਮੇਟੀ ਦੀ ਹੋਈ ਚੋਣ ਨੂੰ ਵੀ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣ 2012 ਲਈ ਸੈਮੀਫ਼ਾਈਨਲ ਦੇ ਤੌਰ ’ਤੇ ਹੀ ਪ੍ਰਚਾਰਰਿਆ ਸੀ। ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਗੁਰਦੁਆਰਾ ਚੋਣਾਂ ਨੂੰ ਸੈਮੀਫ਼ਾਈਨਲ ਬਣਾਉਣ ਵਾਲੇ ਕੀ ਜਾਨਣ ਕਿ ਗੁਰੂ ਦੀਆਂ ਗੋਲਕਾਂ ’ਤੇ ਕਬਜ਼ੇ ਕਰਨਾ ਸੇਵਾ ਸੰਭਾਲਣਾ ਨਹੀਂ ਬਲਕਿ ਗੁਰੂ ਦੇ ਸ਼ਬਦ ਦੀ ਵੀਚਾਰ ਕਰਨੀ ਤੇ ਇਸ ਦਾ ਸਾਰੀ ਦੁਨੀਆਂ ਵਿੱਚ ਪ੍ਰਚਾਰ ਕਰਨਾ ਹੀ ਸੇਵਾ ਹੈ: ‘ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥’ (ਗਉੜੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 223)। 
 
ਬਾਦਲ ਦਲ ਦੇ ਆਗੂਆਂ ਨੇ ਜੇ ਕਦੀ ਸ਼ਬਦ ਦੀ ਵੀਚਾਰ ਕੀਤੀ ਹੁੰਦੀ ਜਾਂ ਸ਼ਬਦ ਦੀ ਸਿਖਿਆ ’ਤੇ ਅਮਲ ਕੀਤਾ ਹੁੰਦਾ ਤਾਂ ਜਿਨ੍ਹਾਂ ਲਾਲਚਾਂ ਤੇ ਪਦ ਪਦਵੀਆਂ ਨੂੰ, 6 ਤੇ 8 ਸਾਲ ਦੇ ਸਾਹਿਬਜ਼ਾਦਿਆਂ ਨੇ ਜੁੱਤੀ ਦੀ ਨੋਕ ’ਤੇ ਠੋਕਰ ਮਾਰ ਕੇ ਸ਼ਹਾਦਤਾਂ ਦਾ ਜਾਮ ਪੀਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਚਾਰ ਸਾਲ ਦੇ ਬੱਚੇ ਦਾ ਕਾਲਜਾ ਆਪਣੇ ਮੂੰਹ ਵਿਚ ਪਵਇਆ ਤੇ ਗਰਮ ਜਮੂੰਰਾਂ ਨਾਲ ਮਾਸ ਤੁੜਵਾਇਆ ਪਰ ਸਿਧਾਂਤ ਤੋਂ ਜਰਾ ਪਿੱਛੇ ਨਹੀਂ ਹਟੇ, ਮੁਗਲ ਸਰਕਾਰ ਵੱਲੋਂ ਭੇਜੀ ਗਈ ਜਿਸ ਨਵਾਬੀ ਨੂੰ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰ ਰਹੇ ਨਵਾਬ ਕਪੂਰ ਸਿੰਘ ਨੇ ਉਸ ਸਮੇਂ ਹੀ ਪ੍ਰਵਾਨ ਕੀਤਾ ਸੀ ਜਿਸ ਸਮੇਂ ਸਿੰਘਾਂ ਦੀ ਜੁੱਤੀ ਨਾਲ ਛੁਆਉਣ ਪਿੱਛੋਂ ਉਨ੍ਹਾਂ ਨੂੰ ਸੌਂਪੀ ਗਈ ਸੀ; ਉਹ ਨਵਾਬੀਆਂ ਤੇ ਪਦ ਪਦਵੀਆਂ ਹਾਸਲ ਕਰਨ ਲਈ ਸ: ਬਾਦਲ ਵੱਲੋਂ ਆਪਣੇ ਭਾਈਵਾਲਾਂ ਵੱਲੋਂ ਕੀਤੇ ਜਾ ਰਹੇ ਗੁਰਮਤਿ ਵਿਰੋਧੀ ਹਵਨਾਂ, ਜਗਰਤਿਆਂ ’ਚ ਭਾਗ ਲੈਣ ਤੋਂ ਇਲਾਵਾ ਕੁੰਭ ਦੇ ਮੇਲਿਆਂ ’ਚ ਜਥੇ ਭੇਜੇ ਜਾ ਰਹੇ ਹਨ। ਚੋਣਾਂ ਜਿੱਤਣ ਲਈ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵੋਟ ਲਭਾਊ ਚੋਣ ਮੈਨੀਫੈਸਟੋ ਰੀਲੀਜ਼ ਕੀਤਾ ਗਿਆ ਹੈ ਇਸ ਦਾ ਮੈਂ ਵਿਰੋਧ ਨਹੀ ਕਰਦਾ ਅਤੇ ਚਾਹੁੰਦਾ ਹਾਂ ਕਿ ਉਨ੍ਹਾਂ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਅਨੁਸਾਰ ਸਹੂਲਤਾਂ ਸਾਡੇ ਗੁਰਦੁਆਰਿਆਂ ਵਿੱਚ ਜਰੂਰ ਮਿਲਣੀਆਂ ਚਾਹੀਦੀਆਂ ਹਨ। ਪਰ ਦਿੱਲੀ ਦੇ ਪੜ੍ਹੇ ਲਿਖੇ ਤੇ ਸਿੱਖੀ ਦਾ ਜ਼ਜ਼ਬਾ ਪਾਲ਼ ਰਹੇ ਗੁਰਸਿੱਖਾਂ ਨੂੰ ਆਗਾਜ਼ ਜਰੂਰ ਕਰਨਾ ਚਾਹਾਂਗਾ ਕਿ ਉਹ ਸ: ਬਾਦਲ ਵੱਲੋਂ ਵਿਖਾਏ ਗਏ ਮੁੰਘੇਰੀ ਲਾਲ ਦੇ ਸੁਪਨਿਆਂ ਦੀ ਪੰਜਾਬ ’ਚ ਹੋਣੀ ਵਾਰੇ ਵੀ ਜਰੂਰ ਪੁੱਛਗਿਛ ਕਰਨ। ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜੇ ਉਹ 88 ਸਾਲਾਂ ਤੋਂ ਆਪਣੇ ਕਬਜ਼ੇ ਹੇਠ ਸ਼੍ਰੋਮਣੀ ਕਮੇਟੀ ਵਿੱਚ ਅਤੇ ਸਮੇਂ ਸਮੇਂ ’ਤੇ ਪੰਜਾਬ ਦੀ ਰਾਜਨੀਤਕ ਸਤਾ ’ਤੇ ਕਾਬਜ਼ ਹੋਣ ਸਮੇਂ ਪੰਜਾਬ ਵਿੱਚ ਇਹ ਸਹੂਲਤਾਂ ਨਹੀਂ ਦੇ ਸਕੇ ਜਾਂ ਦੇਣਾ ਨਹੀਂ ਚਾਹੁੰਦੇ ਤਾਂ ਉਹ ਦਿੱਲੀ ਵਿੱਚ ਅਜਿਹਾ ਕਿਹੜਾ ਝੁਰਲੂ ਮਾਰ ਦੇਣਗੇ ਕਿ ਉਹ ਇੱਕ ਵਾਰ ਮੌਕਾ ਮਿਲਣ ’ਤੇ ਇਹ ਸਾਰੀਆਂ ਹੀ ਉਪਲਭਦ ਕਰਵਾ ਦੇਣਗੇ? ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਪੰਜਾਬ ਦੇ ਪਿੰਡ ਪੱਧਰ ਜਾਂ ਬਲਾਕ ਪੱਧਰ ਤਾਂ ਬਹੁਤ ਦੂਰ ਦੀ ਗੱਲ ਹੈ, ਜ਼ਿਲ੍ਹਾ ਪੱਧਰ ’ਤੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਉਚ ਪਾਏਂ ਦੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦਾ ਕੋਈ ਪ੍ਰਬੰਧ ਕਰ ਦਿੱਤਾ ਹੈ?
ਪੰਜਾਬ ਦੇ ਸਰਕਾਰੀ ਜਾਂ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿੱਚ ਕਿੰਨੇ ਸਿੱਖ ਵਿਦਿਆਰਥੀ ਕੇਸਾਧਾਰੀ ਹਨ, ਕਿੰਨੇ ਆਈਏਐੱਸ, ਆਈਪੀਐੱਸ, ਪੀਸੀਐੱਸ ਕਰਨ ਵਿੱਚ ਸਫਲ ਹੋਏ ਹਨ; ਕਿੰਨੇ ਡਾਕਟਰੀ ਤੇ ਇੰਨੀਅਰਿੰਗ ਕੋਰਸਾਂ ਵਿੱਚ ਦਾਖ਼ਲਾ ਲੈਣ ਵਿੱਚ ਸਫਲ ਹੋਏ ਹਨ। ਜੇ ਕਦੀ ਇੱਕ ਅੱਧ ਹੋਇਆ ਵੀ ਹੋਵੇਗਾ ਤਾਂ ਪੇਂਡੂ ਤੇ ਬੈਕਵਾਰਡ ਏਰੀਏ ਦਾ ਲਾਭ ਲੈਣ ਲਈ ਆਪਣੇ ਰੁਤਬੇ ਦਾ ਨਜ਼ਾਇਜ਼ ਫਾਇਦਾ ਉਠਾਉਣ ਵਾਲੇ ਕਿਸੇ ਉਚ ਅਹੁਦੇ ਜਾਂ ਸਰਦੇ ਪੁਜਦੇ ਪ੍ਰਵਾਰ ਦੇ ਬੱਚੇ ਵੱਲੋਂ ਪਿੰਡਾਂ ਦੇ ਸਰਕਾਰੀ ਸਕੂਲ ਵਿੱਚ ਜ਼ਾਹਲੀ ਦਾਖ਼ਲਾ ਲੈਣ ਵਾਲਾ ਹੀ ਹੋਵੇਗਾ ਜਿਸ ਨੇ  ਅਸਲ ਵਿੱਚ ਸ਼ਹਿਰਾਂ ਵਿੱਚ ਲੱਖਾਂ ਰੁਪਏ ਖਰਚ ਕੇ ਨਿਜੀ ਅਕੈਡਮੀਆਂ ਵਿੱਚ ਉਚ ਪਾਏਂ ਦੀ ਕੋਚਿੰਗ ਹਾਸਲ ਕੀਤੀ ਹੋਵੇਗੀ। ਪੰਜਾਬ ਵਿੱਚ ਜੋ ਸਰਕਾਰੀ ਸਿੱਖਿਆ ’ਤੇ ਸਿਹਤ ਸਹੂਲਤਾਂ ਵਿੱਚ ਨਿਘਾਰ ਹੋਇਆ ਹੈ ਉਹ ਸ਼ਾਇਦ ਹੀ ਕਿਸੇ ਹੋਰ ਸੂਬੇ ਵਿੱਚ ਹੋਵੇ। ਅਖ਼ਬਾਰਾਂ ਦੀਆਂ ਹਰ ਰੋਜ ਹੀ ਸੁਰਖੀਆਂ ਹੁੰਦੀਆਂ ਹਨ ਕਿ ਇੰਨੇ ਸਕੂਲ ਬਿਨਾਂ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਦੇ ਚੱਲ ਰਹੇ ਹਨ, ਅਧਿਆਪਕਾਂ ਦੀ ਇੰਨੀਆਂ ਆਸਾਮੀਆਂ ਇੰਨੇ ਸਾਲਾਂ ਤੋਂ ਖਾਲ੍ਹੀ ਪਈਆਂ ਹਨ, ਮੁਢਲੇ ਸਿਹਤ ਕੇਂਦਰ ਬਿਨਾਂ ਡਾਕਟਰ ਤੇ ਦੁਆਈਆਂ ਦੇ ਖ਼ੁਦ ਬਿਮਾਰ ਹਨ। ਤੰਗ ਆਏ ਲੋਕਾਂ ਵੱਲੋਂ ਬਿਨਾਂ ਅਧਿਆਪਕਾਂ ਦੇ ਸਕੂਲਾਂ ਅਤੇ ਬਿਨਾਂ ਡਾਕਟਰਾਂ ਦੇ ਸਿਹਤ ਕੇਂਦਰਾਂ ਦੀ ਤਾਲਾਬੰਦੀ ਕਰਕੇ ਮੁਜ਼ਾਹਰੇ ਕਰਨ ਦੀਆਂ ਖ਼ਬਰਾਂ ਵੀ ਸੁਰਖੀਆਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਪੰਜਾਬ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਇੱਕ ਵਾਪਾਰ ਵਾਪਾਰ ਬਣ ਚੁੱਕਿਆ ਹੈ ਜਿਹੜਾ ਕਿ ਇੱਕ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਦੀ ਗੱਲ ਬਣ ਚੁੱਕੀ ਹੈ।
 
ਸਰਨਾ ਭਰਾਵਾਂ ਵਲੋਂ ਇਕ ਨਿੱਜੀ ਗਰੁੱਪ ਨਾਲ ਕੀਤੇ ਗਏ ਗੈਰਕਾਨੂੰਨੀ ਸਮਝੌਤਿਆਂ ਨੂੰ ਰੱਦ ਕਰਕੇ ਮੈਡੀਕਲ ਕੌਂਸਲ ਸਥਾਪਤ ਕਰਕੇ ਉਸ ਦੇ ਰਾਹੀਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਵਿਸ਼ਵ ਪੱਧਰੀ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਨਿਰਮਾਣ ਕਰਨ ਦਾ ਵਾਅਦਾ ਕਰਨ ਵਾਲੇ ਸੁਖਬੀਰ ਬਾਦਲ ਤੋਂ ਪੁੱਛਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ ਵਿਖੇ ਇੱਕ ਮੈਡੀਕਲ ਕਾਲਜ ਤੇ ਹਸਪਤਾਲ, ਇਸ ਦੇ ਸਿਆਸਤ ਵਿੱਚ ਪੈਰ ਧਰਨ ਤੋਂ ਬਹੁਤ ਪਹਿਲਾਂ ਦਾ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਇਸ ਵੱਲੋਂ ਸਤਾ ’ਤੇ ਕਾਬਜ਼ ਹੋਣ ਉਪ੍ਰੰਤ ਪੰਜਾਬ ਵਿੱਚ ਹੋਰ ਕਿੰਨੇ ਹਸਪਤਾਲ ਖੋਲ੍ਹੇ ਹਨ? ਬਠਿੰਡਾ ਤੇ ਮੋਹਾਲੀ ਵਿਖੇ ਜੇ ਦੋ ਕੈਂਸਰ ਹਸਪਤਾਲ ਖੋਲ੍ਹੇ ਗਏ ਹਨ ਤਾਂ ਉਹ ਸਰਨਾ ਭਰਾਵਾਂ ਵਾਂਗ ਮੈਕਸ ਹੈਲਥ ਕੇਅਰ ਸੰਸਥਾ ਨਾਲ ਕੀਤੇ ਸਮਝੌਤੇ ਅਤੇ ਮੁਫਤ ਵਿੱਚ ਦਿੱਤੀਆਂ ਸਰਕਾਰੀ ਥਾਂਵਾਂ ’ਤੇ ਹੀ ਉਸਾਰੇ ਗਏ ਹਨ ਜਿਨ੍ਹਾਂ ਵਿੱਚ ਇਲਾਜ ਇੰਨਾ ਮਹਿੰਗਾ ਹੈ ਕਿ ਆਮ ਆਦਮੀ ਉਸ ਵੱਲ ਮੂੰਹ ਕਰਨ ਤੋਂ ਹੀ ਘਬਰਾਉਂਦਾ ਹੈ ਤੇ ਕੈਂਸਰ ਦੇ ਮਰੀਜ਼ ਪਹਿਲਾਂ ਵਾਂਗ ਹੀ ਬੀਕਾਨੇਰ ਨੂੰ ਜਾ ਰਹੇ ਹਨ। ਸ: ਬਾਦਲ ਦੱਸਣ ਕਿ ਹੁਣ ਤੱਕ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਕੈਂਸਰ ਦਾ ਮੁਫਤ ਤਾਂ ਇੱਕ ਪਾਸੇ ਰਿਹਾ, ਸਫਲ ਮਹਿੰਗਾ ਇਲਾਜ ਹੀ ਕਿੰਨੇ ਮਰੀਜਾਂ ਦਾ ਹੋਇਆ ਹੈ ਅਤੇ ਮਾਲਵਾ ਤੇ ਬਠਿੰਡਾ ਜ਼ਿਲ੍ਹੇ ਦੇ ਕਿੰਨੇ ਮਰੀਜ਼ ਬੀਕਾਨੇਰ ਦੇ ਹਸਪਤਾਲ ਵਿੱਚੋਂ ਇਲਾਜ ਕਰਵਾ ਰਹੇ ਹਨ ਤੇ ਉਹ ਆਪਣੇ ਘਰ ਬਠਿੰਡਾ ਸ਼ਹਿਰ ਵਿੱਚ ਇਲਾਜ ਕਿਉਂ ਨਹੀਂ ਕਰਵਾ ਰਹੇ? 
 
ਦਿੱਲੀ ਵਿਖੇ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣ ਦਾ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਵਾਅਦਾ ਪੜ੍ਹ ਕੇ ਬਠਿੰਡਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਕੂਲ ਖੋਲ੍ਹੇ ਜਾਣ ਦੀਆਂ ਖ਼ਬਰਾਂ ਯਾਦ ਆ ਗਈਆਂ। ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਹਾਜ਼ੀ ਰਤਨ ਬਠਿੰਡਾ ਵਿਖੇ 1995 ’ਚ ‘ਮੀਰੀ ਪੀਰੀ ਪਬਲਿਕ ਸਕੂਲ’ ਦਾ ਨੀਂਹ ਪੱਥਰ ਰੱਖਿਆ ਸੀ ਜਿਹੜਾ 2011 ਤੱਕ ਤਾਂ ਰੂੜੀ ਵਿੱਚ ਦੱਬਿਆ ਰਿਹਾ ਪਰ ਹੁਣ ਉਸ ਦਾ ਮਲਬਾ ਵੀ ਗਾਇਬ ਹੋ ਚੁੱਕਾ ਹੈ। ਕਹਾਵਤ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਜਥੇਦਾਰ ਟੋਹੜਾ ਵੱਲੋਂ ਰੱਖਿਆ ਗਿਆ ਪੱਥਰ 16 ਸਾਲ ਰੂੜੀ ਵਿੱਚ ਦੱਬਿਆਂ ਰਹਿਣ ਦੇ ਬਾਵਯੂਦ ਆਪਣੀ ਹੋਂਦ ਵੀ ਨਾ ਬਚਾ ਸਕਿਆ। ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਲਾ ਮੁਬਾਰਕ ਬਠਿੰਡਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੇ ਸਬੰਧ ਵਿੱਚ 21 ਜੂਨ 2006 ਨੂੰ ਸਰਕਾਰੀ ਪੱਧਰ ’ਤੇ 300 ਸਾਲਾ ਸਮਾਗਮ ਕੀਤਾ ਗਿਆ, ਜਿਸ ਦਾ ਐਲਾਨ ਤੇ ਤਿਆਰੀਆਂ ਦਾ ਆਰੰਭ ਉਨ੍ਹਾਂ ਨੇ 26 ਜਨਵਰੀ 2005 ਨੂੰ ਹੀ ਕਰ ਦਿੱਤਾ ਸੀ। ਇਸ ਸਮਾਗਮ ਲਈ ਤਿਆਰੀ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਬਾਦਲ ਦਲ ਦੀ ਟਿਕਟ ’ਤੇ ਚੋਣ ਜਿੱਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਵੀ 16 ਜੂਨ 2006 ਤੱਕ ਸ਼ਾਮਲ ਹੁੰਦੇ ਰਹੇ। ਇੱਕ ਇੱਕ ਕਰਕੇ ਪੰਥਕ ਮੁੱਦੇ ਹੱਥੋਂ ਨਿਕਲਣ ਦੀ ਚਿੰਤਾ ਕਾਰਣ ਸ: ਪ੍ਰਕਾਸ਼ ਸਿੰਘ ਬਾਦਲ ਨੇ ਐਨ ਮੌਕੇ ’ਤੇ ਉਸ ਦੇ ਸਮਾਂਨੰਤਰ ਆਪਣਾ ਪ੍ਰੋਗਰਾਮ ਉਲੀਕ ਲਿਆ।
20 ਜੂਨ ਦੀ ਰਾਤ ਨੂੰ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਗੁਰਦੁਆਰੇ ਵਿੱਚ ਆਹਮੋ ਸਾਹਮਣੇ ਰੱਖੇ ਦੋ ਸਮਾਗਮ ਵਿੱਚੋਂ ਬਾਦਲ ਵਾਲੇ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸ: ਬਾਹੀਆ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਹਾਜਰੀ ਵਿੱਚ ਹੋਰਨਾਂ ਮੰਗਾਂ ਤੋਂ ਇਲਾਵਾ ਇਤਿਹਾਸਕ ਕਿਲੇ ਦੀ ਮੁਰੰਮਤ ਅਤੇ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣੇ ਗੁਰਦੁਆਰੇ ਦੀ ਸੁੰਦਰ ਇਮਾਰਤ ਬਣਾਉਣ ਅਤੇ ਦਸ਼ਮੇਸ਼ ਪਬਲਿਕ ਸਕੂਲ ਬਣਾਏ ਜਾਣ ਦੀਆਂ ਦੋ ਮੁੱਖ ਮੰਗਾਂ ਰੱਖੀਆਂ। ਕਾਂਗਰਸ ਪਾਰਟੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਸ਼ਬਦੀ ਗੋਲ਼ੇ ਦਾਗਣ ਅਤੇ ਐਨਡੀਏ ਦੇ ਸੋਹਲੇ ਗਾਉਣ ਉਪ੍ਰੰਤ ਕਿਲੇ ਦੀ ਮੁਰੰਮਤ ਤੇ ਗੁਰਦੁਆਰੇ ਦੀ ਸੁੰਦਰ ਇਮਾਰਤ ਦੀ ਉਸਾਰੀ ਸਬੰਧੀ ਸ: ਬਾਦਲ ਨੇ ਕਿਹਾ ਕਿ ‘ਮੈਂ ਸਬੰਧਿਤ ਕੇਂਦਰੀ ਮੰਤਰੀ ਨਾਲ ਗੱਲ ਕਰਕੇ ਛੇਤੀ ਤੋਂ ਛੇਤੀ ਇਹ ਕੰਮ ਕਰਵਾਵਾਂਗਾ ਪਰ ਜੇ ਤੁਸੀਂ ਇਹ ਗੱਲ ਮੈਨੂੰ ਪਹਿਲਾਂ ਦੱਸਦੇ ਤਾਂ ਇਹ ਇਹ ਪੰਜ ਮਿੰਟਾਂ ਦਾ ਹੀ ਕੰਮ ਸੀ ਕਿਉਂਕਿ ਉਦੋਂ ਕੇਂਦਰ ਵਿੱਚ ਆਪਣੀ ਸਰਕਾਰ ਸੀ ਤੇ ਮੈਂ ਵੀ ਮੁੱਖ ਮੰਤਰੀ ਸੀ। ਚਲੋ ਜੇ ਫਿਰ ਮੌਕਾ ਦਿਓਗੇ ਤਾਂ ਜਰੂਰ ਕਰਾਂਗੇ।’ ਬੇਸ਼ੱਕ ਕੇਂਦਰ ਵਿੱਚ ਐੱਡੀਏ ਸਰਕਾਰ ਤਾਂ ਉਸ ਤੋਂ ਬਾਅਦ ਨਹੀਂ ਬਣ ਸਕੀ ਪਰ ਦੂਸਰੀ ਵਾਰ ਮੁੱਖ ਮੰਤਰੀ ਬਣਨ ਦੇ ਬਾਵਯੂਦ ਗੁਰਦੁਆਰੇ ਦੀ ਇਮਾਰਤ ਬਣਾਉਣ ਦੇ ਲਾਰੇ ਹਵਾ ਵਿੱਚ ਲਟਕ ਰਹੇ ਹਨ, ਭਾਵੇਂ ਕੁਝ ਹੱਦ ਤੱਕ ਕਿਲੇ ਦੀ ਮੁਰੰਮਤ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਰਾਂਟ ਸਦਕਾ ਹੋਇਆ ਹੈ। ਸਕੂਲ ਦੀ ਮੰਗ ਸਬੰਧੀ ਬੋਲਦਿਆਂ ਸ: ਬਾਦਲ ਨੇ ਕਿਹਾ ‘ਭਾਵੇਂ ਸਕੂਲ ਬਣਾਉਣਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਹੈ ਪਰ ਕਿਉਂਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਟਿਕਟਾਂ ਅਸੀਂ ਦਿੱਤੀਆਂ ਸਨ ਤੇ ਪ੍ਰਧਾਨ ਵੀ ਅਸੀਂ ਹੀ ਬਣਾਉਂਦੇ ਹਾਂ ਇਸ ਲਈ ਮੈਂ ਆਪਣਾ ਹੱਕ ਵਰਤਦਾ ਹੋਇਆ ਐਲਾਨ ਕਰਦਾ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਕੂਲ ਦੀ ਉਸਾਰੀ ਲਈ ਨੀਂਹ ਪੱਥਰ ਕੱਲ੍ਹ ਨੂੰ ਹੀ ਰੱਖ ਦਿੱਤਾ ਜਾਵੇਗਾ।’
ਸਮਾਗਮ ਦੀ ਸਮਾਪਤੀ ਉਪ੍ਰੰਤ ਸ: ਬਾਦਲ ਨਾਲ ਇਸ ਲੇਖਕ ਦੀ (ਉਸ ਸਮੇਂ ਸਪੋਕਸਮੈਨ ਦੇ ਪੱਤਰਕਾਰ ਵਜੋਂ) ਹੋਈ ਗੱਲ ਬਾਤ ਦੇ ਕੁਝ ਅੰਸ਼ ਇਸ ਤਰ੍ਹਾਂ ਹਨ:-
 
ਪ੍ਰਸ਼ਨ: ਬਾਦਲ ਸਾਹਿਬ ਕੱਲ੍ਹ ਨੂੰ ਆਪਾਂ ਜਿਸ ਸਕੂਲ ਦੀ ਉਸਾਰੀ ਸ਼ੁਰੂ ਕਰ ਰਹੇ ਹਾਂ ਉਸ ਦਾ ਨਾਮ ਕੀ ਹੋਵੇਗਾ?
ਉਤਰ: ਇਹ ਸੰਗਤ ਫੈਸਲਾ ਕਰੇਗੀ।
ਪ੍ਰ: ਇਹ ਸਕੂਲ ਕਿਥੇ ਬਣੇਗਾ?
ਉ: ਇਹ ਸੰਗਤ ਫੈਸਲਾ ਕਰੇਗੀ।
ਪ੍ਰ: ਜਦ ਸਕੂਲ ਦੇ ਨਾਮ ਤੇ ਸਥਾਨ ਬਾਰੇ ਹੀ ਕੋਈ ਫੈਸਲਾ ਨਹੀਂ ਹੋਇਆ ਤਾਂ ਨੀਂਹ ਪੱਥਰ ਕਿੱਥੇ ਰੱਖਾਂਗੇ?
ਉ: ਤੁਸੀਂ ਕਾਹਲੇ ਕਿਉਂ ਪੈਂਦੇ ਹੋ, ਸੋਚ ਵੀਚਾਰ ਪਿੱਛੋਂ ਸਭ ਕੁਝ ਹੋ ਜਾਏਗਾ।
ਪ੍ਰ: ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਾਰ ਸਾਲਾ ਪ੍ਰਕਾਸ਼ ਸ਼ਤਾਬਦੀ ਸਮੇਂ ਗੁਰਦੁਆਰਾ ਹਾਜੀ ਰਤਨ ਨਾਲ ਲਗਦੀ ਜ਼ਮੀਨ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਪਬਲਿਕ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ। 11 ਸਾਲ ਬੀਤ ਜਾਣ ਪਿੱਛੋਂ ਵੀ ਉਸ ਦਾ ਹਾਲੀ ਤੱਕ ਕੰਮ ਸ਼ੁਰੂ ਨਹੀਂ ਹੋਇਆ ਤੇ ਨੀਂਹ ਪੱਥਰ ਰੂੜੀ ਦੇ ਢੇਰ ਵਿੱਚ ਦੱਬਿਆ ਪਿਆ ਹੈ। ਜਿਸ ਸਬੰਧੀ ਖ਼ਬਰ ਵੀ ਲੱਗ ਚੁੱਕੀ ਹੈ। ਉਪ੍ਰੋਕਤ ਸਵਾਲ ਇਸ ਲਈ ਪੁੱਛੇ ਗਏ ਹਨ ਕਿ ਅੱਜ ਦੇ ਐਲਾਨੇ ਸਕੂਲ ਦਾ ਹਸ਼ਰ ਵੀ ਕਦੀ ਉਸੇ ਤਰ੍ਹਾਂ ਦਾ ਤਾਂ ਨਹੀਂ ਹੋਵੇਗਾ?
ਉ: ਉਸ ਦਾ ਟੌਹਰਾ ਸਾਹਿਬ ਨੂੰ ਪਤਾ ਹੋਵੇਗਾ ਤੁਸੀਂ ਅੱਜ ਦੀ ਗੱਲ ਕਰੋ।

ਇਸ ਅੱਜ ਦੀ ਗੱਲ ਕਰਨ ਵਾਲੇ ਅਤੇ ਕੱਲ੍ਹ ਨੂੰ ਨੀਂਹ ਪੱਥਰ ਰੱਖਣ ਵਾਲੇ ਸ: ਬਾਦਲ ਦਾ ਕੱਲ੍ਹ ਕਦੀ ਨਹੀਂ ਅਇਆ। (ਸ: ਬਾਦਲ ਨਾਲ ਹੋਈ ਗੱਲਬਾਤ ਸਬੰਧੀ ਪੂਰੀ ਰੀਪੋਰਟ 22 ਜੂਨ 2006 ਦੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਪੰਨੇ ’ਤੇ ਛਪੀ ਸੀ)
2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣ ਕਰਕੇ ਵੋਟਰਾਂ ਨੂੰ ਲੁਭਾਉਣ ਲਈ ਬਠਿੰਡਾ ਹਲਕੇ ਦੀ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ 17 ਮਾਰਚ 2011 ਨੂੰ ਗੁਰਦੁਆਰਾ ਹਾਜੀ ਰਤਨ ਵਿਖੇ ਜਥੇਦਾਰ ਟੌਹੜਾ ਵੱਲੋਂ 1995 ’ਚ ਰੱਖੇ ਨੀਂਹ ਪੱਥਰ ਨੂੰ ਉਖਾੜ ਕੇ ਦੋ ਹੋਰ ਸਕੂਲਾਂ- ‘ਦਸ਼ਮੇਸ਼ ਖ਼ਾਲਸਾ ਪਬਲਿਕ ਸਕੂਲ’ ਅਤੇ ‘ਦਸ਼ਮੇਸ਼ ਸਕੂਲ ਫਾਰ ਡਿਫਰੈਂਟਲੀ ਏਬਲਡ ਚਿਲਡਰਨ’ ਦਾ ਨੀਂਹ ਪੱਥਰ ਰੱਖਿਆ। ਇਸ ਦੀਆਂ ਖ਼ਬਰਾਂ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਏ ਵਿੱਚ ਪ੍ਰਮੁਖਤਾ ਨਾਲ ਪ੍ਰਸਾਰਤ/ਪ੍ਰਕਾਸ਼ਤ ਹੋਈਆਂ ਸਨ ਕਿੳਂਕਿ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਦੌਰਾਨ ਬਾਦਲ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਿਆਸੀ ਮਾਮਲਿਆਂ ਸਬੰਧੀ ਕਮੇਟੀ ਦੇ ਮੈਂਬਰ ਸ: ਸਿਕੰਦਰ ਸਿੰਘ ਮਲੂਕਾ ਜੋ ਮੌਜੂਦਾ ਸਿੱਖਿਆ ਮੰਤਰੀ ਹੈ, ਨੇ ਬੀਬੀ ਹਰਿਸਿਮਰਤ ਕੌਰ ਬਾਦਲ ਨੂੰ ਮਿਲਣ ਆਈਆਂ ਰੁਜ਼ਗਾਰ ਦੀ ਮੰਗ ਕਰ ਰਹੀਆਂ ਨੰਨ੍ਹੀਆਂ ਛਾਵਾਂ ਦੀ ਆਪਣੀ ਹੱਥੀਂ ਚੰਗੀ ਸੇਵਾ ਕੀਤੀ ਸੀ। 
 
‘‘ਕਾਟੋ ਫੁੱਲਾਂ ’ਤੇ ਖੇਡ੍ਹਦੀ ਐ’’ ਦੀ ਕਹਾਵਤ ਵਾਂਗ ਬੀਬੀ ਹਰਿਸਿਮਰਤ ਕੌਰ ਬਾਦਲ ਵੱਲੋਂ ਰੱਖੇ ਦੋ ਸਕੂਲਾਂ ਦੇ ਨੀਂਹ ਪੱਥਰ ਵੀ ਇਸ ਸਮੇਂ ਸਰੋਂ ਦੇ ਖੇਤਾਂ ਵਿੱਚ ਸਰੋਂ ਦੇ ਫੁੱਲਾਂ ਨਾਲ ਲੁਕਣ ਮੀਟੀ ਖੇਡ੍ਹ ਰਹੇ ਹਨ ਪਰ ਕੱਲ੍ਹ ਨੂੰ ਪਤਾ ਨਹੀਂ ਜਥੇਦਾਰ ਟੌਹੜਾ ਵੱਲੋਂ ਰੱਖੇ ਨੀਂਹ ਪੱਥਰ ਵਾਂਗ ਕਦੋਂ ਅਲੋਪ ਹੋ ਜਾਣ। ਇਹ ਵੇਰਵਾ ਸਿਰਫ ਦਾਲ਼ ਵਿੱਚੋਂ ਦਾਣਾ ਟੋਹਣ ਦੇ ਬਰਾਬਰ ਹੈ ਵਰਣਾਂ ਹਰ ਜ਼ਿਲ੍ਹੇ ਵਿੱਚ ਰੱਖੇ ਨੀਂਹ ਪੱਥਰਾਂ ਦਾ ਹਾਲ ਲਗਪਗ ਇਹੋ ਹੀ ਹੈ। ਬਾਦਲਾਂ ਦੇ ਆਪਣੇ ਹਲਕੇ ਬਠਿੰਡੇ ’ਚ ਸਕੂਲਾਂ ਦੀ ਉਸਾਰੀ ਲਈ ਰੱਖੇ ਗਏ ਨੀਂਹ ਪੱਥਰਾਂ ਦਾ ਇਹ ਹਾਲ ਹੈ ਤਾਂ ਦਿੱਲੀ ਦੇ ਵੋਟਰਾਂ ਨੂੰ ਉਚ ਸਿੱਖਿਆ ਲਈ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣ ਦੇ ਲਾਏ ਜਾ ਰਹੇ ਲਾਰੇ ਜਾਂ ਤਾਂ ਬਿਲਕੁਲ ਝੂਠੇ ਨਿਕਲਣਗੇ ਜਾਂ ਖ਼ਾਲਸਾ ਵਿਰਾਸਤ ਵਜੋਂ ਜਾਣੇ ਜਾਂਦੇ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਆਪਣੇ ਕੁੜਮ ਮਜੀਠੀਆ ਦੇ ਨਿਜੀ ਹੱਥਾਂ ਵਿੱਚ ਦੇਣ ਲਈ ਖ਼ਾਲਸਾ ਯੂਨੀਵਰਸਿਟੀ ਬਣਾਉਣ ਦੀ ਸਕੀਮ ਵਾਂਗ ਯੂਨੀਵਸਿਟੀ ਬਣਾਉਣ ਦੇ ਬਹਾਨੇ ਦਿੱਲੀ ਦੀ ਕਿਸੇ ਉਚ ਸਿਖਿਆ ਸੰਸਥਾ ਨੂੰ ਆਪਣੇ ਜਾਂ ਮਜੀਠੀਆ ਪ੍ਰਵਾਰ ਦੇ ਕਿਸੇ ਮੈਂਬਰ ਜਾਂ ਉਨ੍ਹਾਂ ਦੇ ਕਿਸੇ ਚਹੇਤੇ ਦੇ ਨਿਜੀ ਹੱਥਾਂ ਵਿੱਚ ਸੌਪਣ ਲਈ ਸਕੀਮ ਇਨ੍ਹਾਂ ਦੇ ਮਨ ਵਿੱਚ ਹੋਵੇਗੀ! ਇਸ ਲਈ ਦਿੱਲੀ ਦੇ ਸੂਝਵਾਨ ਵੋਟਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਬਚਾਉਣ ਲਈ ਕੀਤੇ ਸੰਘਰਸ਼ ਵਾਂਗ ਬਾਅਦ ਵਿੱਚ ਉਨ੍ਹਾਂ ਨੂੰ ਕੋਈ ਸੰਘਰਸ਼ ਕਰਨਾ ਨਾ ਪੈ ਜਾਵੇ।
 
ਬਾਦਲਾਂ ਪਿਉ ਪੁੱਤਰਾਂ ਵੱਲੋਂ ਸਰਨਾਂ ਭਰਾਵਾਂ ਵਿਰੁੱਧ ਸਭ ਤੋਂ ਵੱਡਾ ਹਮਲਾ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਦੱਸ ਕੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੈਂ ਸਰਨਾ ਭਰਾਵਾਂ ਨੂੰ ਨਿਰਦੋਸ਼ ਸਿੱਧ ਕਰਨ ਦਾ ਯਤਨ ਨਹੀਂ ਕਰ ਰਿਹਾ ਤੇ ਨਾ ਹੀ ਉਨ੍ਹਾਂ ਦੇ ਕਾਂਗਰਸ ਵੱਲ ਝੁਕਾਅ ਤੋਂ ਇਨਕਾਰ ਕਰ ਰਿਹਾ ਹਾਂ, ਬਲਕਿ ਇੱਕ ਸਚਾਈ ਜਰੂਰ ਦੱਸਣਾ ਚਾਹਾਂਗਾ ਕਿ ਇਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਪ੍ਰਤਾਪ ਸਿੰਘ ਚੰਡੋਕ ਕਾਂਗਰਸੀ ਹੈ ਤੇ ਉਸ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਸਿਰੋਪਾ ਦਿੱਤਾ ਸੀ। ਉਹ ਪਹਿਲੀ ਵਾਰ ਸਰਨਾ ਭਰਾਵਾਂ ਦੀ ਹਮਾਇਤ ਨਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਿਆ ਸੀ ਪਰ ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਦੂਸਰੀ ਪਲਾਨ ਮੌਕੇ ਉਸ ਨੇ ਬਾਦਲ ਨਾਲ ਮਿਲ ਕੇ ਸਰਨਾ ਭਰਾਵਾਂ ਵਿਰੁੱਧ ਚੋਣ ਲਈ ਸੀ ਤੇ ਮੌਜੂਦਾ ਚੋਣ ਵਿੱਚ ਵੀ ਉਹ ਬਾਦਲ ਦਲ ਦੇ ਉਮੀਦਵਾਰਾਂ ਦੀ ਹਮਾਇਤ ਕਰ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹਾ ਤੇ ਕਾਂਗਰਸ ਪਾਰਟੀ ਹਮਾਇਤ ਪ੍ਰਾਪਤ ਜਸਜੀਤ ਸਿੰਘ ਟੋਨੀ ਦਾ ਯੂਕੇ ਅਕਾਲੀ ਦਲ ਦਿੱਲੀ ਕਮੇਟੀ ਚੋਣਾਂ ਲੜ ਰਹੇ ਹਨ। ਜਿਹੜੀ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਚੋਣਾਂ ’ਚ ਚੰਗੇ ਉਮੀਦਵਾਰਾਂ ਦੀ ਹਮਾਇਤ ਕਰਨ ਦੇ ਬਿਆਨ ਦੇਣ ਤੋਂ ਵੀ ਇਹ ਕਹਿ ਕੇ ਰੋਕ ਦਿੰਦੀ ਸੀ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਇਸ ਲਈ ਕਿਸੇ ਆਗੂ ਨੂੰ ਧਾਰਮਿਕ ਚੋਣਾਂ ਸਬੰਧੀ ਬਿਆਨਬਾਜ਼ੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਉਹ ਪਾਰਟੀ ਆਪਣੇ ਵਿਧਾਇਕ ਤਰਵਿੰਦਰ ਸਿੰਘ ਮਰਵਾਹਾ ਅਤੇ ਹਮਾਇਤੀ ਸ: ਜਸਜੀਤ ਸਿੰਘ ਟੋਨੀ ਨੂੰ ਚੋਣਾਂ ਲੜਨ ਤੋਂ ਕਿਉਂ ਨਹੀਂ ਰੋਕ ਰਹੀ? ਕਿਉਂਕਿ ਉਨ੍ਹਾਂ ਵੱਲੋਂ ਲਈਆਂ ਜਾਣ ਵਾਲੀਆਂ ਵੋਟਾਂ ਦਾ ਸਿੱਧਾ ਨੁਕਸਾਨ ਸਰਨਾ ਦਲ ਨੂੰ ਹੀ ਹੋਣਾ ਹੈ।
 
ਕਾਂਗਰਸ ਵੱਲੋਂ ਇਸ ਸਬੰਧੀ ਧਾਰੀ ਚੁੱਪ ਸਿੱਧ ਕਰਦੀ ਹੈ ਕਿ ਬਾਦਲ ਦਲ ਦਾ ਦੋਸ਼ ਨਿਰਅਧਾਰ ਹੈ ਜਾਂ ਸਿੱਖੀ ਦਾ ਨੁਕਸਾਨ ਕਰਨ ਲਈ ਬਾਦਲ ਦਾ ਕਬਜ਼ਾ ਕਰਵਾਉਣ ਲਈ ਉਹ ਦੂਹਰਾ ਰੋਲ ਨਿਭਾ ਰਹੀ ਹੈ। ਇੱਕ ਪਾਸੇ ਤਾਂ ਉਹ ਸਰਨਾ ਨਾਲ ਮਿਲੇ ਹੋਣ ਦਾ ਪ੍ਰਭਾਵ ਦੇ ਕੇ ਉਸ ਨੂੰ ਬਦਨਾਮ ਕਰ ਰਹੀ ਹੈ ਤੇ ਦੂਸਰੇ ਪਾਸੇ ਉਸ ਨੂੰ ਹਰਾਉਣ ਲਈ ਮਰਵਾਹਾ ਤੇ ਟੋਨੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹੋ ਕੁਝ ਕਾਂਗਰਸ ਨੇ ਪੰਜਾਬ ਵਿੱਚ ਵੀ ਕੀਤਾ ਸੀ। ਕਿਉਂਕਿ ਕਾਂਗਰਸ ਸਮੇਤ ਸਭ ਨੂੰ ਪਤਾ ਹੈ ਕਿ ਸਿਧਾਂਤਕ ਤੌਰ ’ਤੇ ਜਿੰਨਾਂ ਨੁਕਸਾਨ ਆਰਐੱਸਐੱਸ ਨਾਲ ਮਿਲ ਕੇ ਸ: ਬਾਦਲ ਕਰ ਰਿਹਾ ਹੈ ਉਨ੍ਹਾਂ ਅੱਜ ਤੱਕ ਹੋਰ ਕਿਸੇ ਨੇ ਨਹੀਂ ਕੀਤਾ ਤੇ ਉਨ੍ਹਾਂ ਦੇ ਪ੍ਰਵਾਰ ਤੋਂ ਬਿਨਾਂ ਹੋਰ ਕਿਸੇ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਵੀ ਨਹੀਂ ਹੈ। ਇਸ ਲਈ ਹਰ ਪੰਥ ਵਿਰੋਧੀ ਪਾਰਟੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਬਾਦਲ ਦਲ ਦੀ ਹਮਾਇਤ ’ਚ ਖੜ੍ਹਨ ਲਈ ਦੇਰ ਨਹੀਂ ਲਾਉਂਦੀ। 
 
ਸੁਖਬੀਰ ਬਾਦਲ ਵੱਲੋਂ ਜਿੱਤਣ ਤੋਂ ਬਾਅਦ ਸਾਰੇ ਗੁਰਪੁਰਬ ਨਾਨਕਸ਼ਾਹੀ ਲੈਲੰਡਰ ਅਨੁਸਾਰ ਮਨਾਏ ਜਾਣ ਦਾ ਕੀਤਾ ਗਿਆ ਵਾਅਦਾ ਕਿੰਨਾਂ ਹਾਸੋਹੀਣਾ ਜਾਪਦਾ ਹੈ ਕਿਉਂਕਿ ਜਿਸ ਨੂੰ ਇਹ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਕਹਿ ਰਹੇ ਹਨ ਉਸ ਅਨੁਸਾਰ ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਇਸ ਸਾਲ ਆਉਣ ਵਾਲੇ ਗੁਰਪੁਰਬ ਕਿਹੜੀਆਂ ਮਿਤੀਆਂ ਨੂੰ ਆਉਣਗੇ, ਅਗਲੇ ਸਾਲ ਕਿਹੜੀਆਂ ਮਿਤੀਆਂ ਤੇ ਉਸ ਤੋਂ ਅਗਲੇ ਸਾਲ ਕਿਹੜੀਆਂ ਮਿਤੀਆਂ ਨੂੰ ਆਉਣਗੇ ਤੇ ਇਨ੍ਹਾਂ ਮਿਤੀਆਂ ਵਿੱਚ ਦੋ ਸਾਲਾਂ ਵਿੱਚ ਹੀ 20-22 ਦਿਨਾਂ ਦਾ ਫਰਕ ਕਿਉਂ ਪੈ ਜਾਂਦਾ? ਇਹ ਵਾਅਦਾ ਡੇਰੇਦਾਰਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਤੋਂ ਵੱਧ ਹੋਰ ਕੁਝ ਨਹੀਂ ਹੈ।
 
ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ ਮੌਕੇ ਵਿਰੋਧੀ ਦਲਾਂ ਦੇ ਜਿਨ੍ਹਾਂ ਉਮੀਦਵਾਰਾਂ ਅਤੇ ਹਮਾਇਤੀਆਂ ਵਿਰੁੱਧ ਬਾਦਲ ਦਲ ਵੱਲੋਂ ਕਾਂਗਰਸ ਦੇ ਏਜੰਟ ਹੋਣ ਅਤੇ ਭ੍ਰਿਸ਼ਟਾਚਾਰ ’ਚ ਲਿਪਤ ਹੋਣ ਦਾ ਦੋਸ਼ ਲਾਏ ਜਾ ਰਹੇ ਸਨ, ਉਨ੍ਹਾਂ ਵਿੱਚੋਂ ਚੋਣਾਂ ਦੌਰਾਣ ਕਾਫੀ ਦਲਬਦਲੀ ਕਰਕੇ ਬਾਦਲ ਦਲ ਵਿੱਚ ਆ ਗਏ ਸਨ ਤੇ ਕੁਝ ਕੁ ਇਨ੍ਹਾਂ ਦੀ ਟਿਕਟ ’ਤੇ ਚੋਣ ਵੀ ਲੜੇ। ਬਠਿੰਡਾ ਵਿਖੇ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਗਿਆ ਕਿ ਜਿਨ੍ਹਾਂ ’ਤੇ ਤੁਸੀਂ ਭ੍ਰਿਸ਼ਟਾਚਾਰ ਤੇ ਕਾਂਗਰਸੀ ਏਜੰਟ ਹੋਣ ਦਾ ਦੋਸ਼ ਲਾ ਰਹੇ ਸੀ ਉਹ ਤੁਸੀਂ ਆਪਣੇ ਦਲ ਵਿੱਚ ਸ਼ਾਮਲ ਕਿਉਂ ਕਰ ਲਏ ਹਨ ਤੇ ਕਈਆਂ ਨੂੰ ਟਿਕਟਾਂ ਵੀ ਦੇ ਦਿੱਤੀਆਂ ਹਨ? ਸ: ਬਾਦਲ ਦਾ ਜਵਾਬ ਸੀ ਜਿਵੇਂ ਗੰਗਾ ਵਿੱਚ ਪੈਣ ਵਾਲੇ ਸਾਰੇ ਨਦੀਆਂ ਨਾਲੇ ਪਵਿੱਤਰ ਹੋ ਜਾਂਦੇ ਹਨ ਉਸੇ ਤਰ੍ਹਾਂ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਾਰੇ ਹੀ ਪਵਿੱਤਰ ਹੋ ਜਾਂਦੇ ਹਨ। ਠੀਕ ਉਸੇ ਤਰ੍ਹਾਂ ਚੰਡੋਕ ਦਾ ਤਾਲਮੇਲ ਜੇ ਇੱਕ ਵਾਰ ਸਰਨਾ ਭਰਾਵਾਂ ਨਾਲ ਸੀ ਤਾਂ ਸਰਨਾ ਭਰਾ ਹਮੇਸ਼ਾਂ ਲਈ ਕਾਂਗਰਸ ਦੇ ਪਿੱਠੂ ਬਣ ਗਏ ਪਰ ਜੇ ਚੰਡੋਕ ਦਾ ਤਾਲਮੇਲ ਬਾਦਲ ਨਾਲ ਹੋ ਜਾਂਦਾ ਹੈ ਜਾਂ ਉਨ੍ਹਾਂ ਨੂੰ ਜਿਤਾਉਣ ਲਈ ਕਾਂਗਰਸੀ ਵਿਧਾਇਕ ਮਰਵਾਹਾ ਤੇ ਟੋਨੀ ਚੋਣਾਂ ਲੜਦੇ ਹਨ ਤਾਂ ਉਨ੍ਹਾਂ ’ਤੇ ਕੋਈ ਇਤਰਾਜ ਨਹੀਂ ਕਿਉਂਕਿ ਉਹ ਬਾਦਲ ਦਲ ਨੂੰ ਚੋਣਾਂ ਜਿਤਾਉਣ ਲਈ ਇੱਕ ਤਰ੍ਹਾਂ ਗੰਗਾ ਨਹਾ ਕੇ ਪੁੰਨ ਦਾ ਕੰਮ ਕਰ ਰਹੇ ਹਨ।
 
ਪੰਜਾਬ ਦੇ ਵੋਟਰ ਤਾਂ ਮੰਨਿਆਂ ਕਿ ਘੱਟ ਪੜ੍ਹੇ ਲਿਖੇ ਹੋਣ ਅਤੇ ਆਰਥਿਕ ਮੰਦਹਾਲੀ ਤੇ ਨਸ਼ਿਆਂ ਰੂਪੀ ਛੇਵੇਂ ਦਰਿਆ ਵਿੱਚ ਡੁੱਬੇ ਹੋਏ ਹੋਣ ਕਰਕੇ ਬਾਦਲਾਂ ਦੇ ਝੂਠੇ ਲਾਰਿਆਂ ਵਿੱਚ ਫਸ ਕੇ, ਸਿੱਖ ਸਿਧਾਂਤਾਂ ਨੂੰ ਦਾਅ ’ਤੇ ਲਾ ਕੇ ਵੀ ਬਾਦਲ ਪ੍ਰਵਾਰ ਨੂੰ ਗੁਰੂ ਕੀ ਗੋਲਕ ’ਤੇ ਕਾਬਜ਼ ਕਰਵਾ ਦਿੰਦੇ ਹਨ ਪਰ ਜੇ ਦਿੱਲੀ ਦੇ ਪੜ੍ਹੇ ਲਿਖੇ, ਚੰਗੀ ਆਰਥਿਕਤਾ ਦੇ ਮਾਲਕ ਤੇ ਸਿੱਖੀ ਦੇ ਚੰਗੇ ਸ਼੍ਰਧਾਲੂ ਹੋਣ ਦੇ ਬਾਵਯੂਦ ਵੀ ਇਨ੍ਹਾਂ ਦੇ ਲਾਰਿਆਂ ’ਤੇ ਯਕੀਨ ਕਰਕੇ ਦਿੱਲੀ ਦੇ ਗੁਰਧਾਮਾਂ ’ਤੇ ਕਾਬਜ਼ ਕਰਵਾ ਦਿੰਦੇ ਹਨ ਤਾਂ ਕਹਿਣਾਂ ਪਏਗਾ ਕਿ ਗੁਰੂ ਵੱਲੋਂ ਬਖ਼ਸ਼ੀ ਹਰ ਦਾਤ ਦੇ ਬਾਵਯੂਦ ਉਨ੍ਹਾਂ ਵਿੱਚ ਕੌਮੀਅਤ ਦੀ ਬੇਅੰਤ ਘਾਟ ਹੈ। ਪਰ ਯਾਦ ਰੱਖੋ ਕਿ ਦਿੱਲੀ ਵਿੱਚ ਬਾਦਲਾਂ ਦੇ ਵਿਰੋਧੀ ਸਰਨਾ ਭਰਾਵਾਂ ਨੂੰ ਹਰਾਉਣ ਲਈ, ਉਸ ਭਾਜਪਾ ਜਿਸ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਪੁਸਤਕ ਵਿੱਚ ਲਿਖ ਰਿਹਾ ਹੈ ਕਿ ਇੰਦਰਾ ਗਾਂਧੀ ਨੂੰ ਮਿਲ ਕੇ ਉਸ ਨੇ ਹੀ ਅਕਾਲ ਤਖ਼ਤ ’ਤੇ ਹਮਲਾ ਕਰਨ ਲਈ ਮਨਾਇਆ ਸੀ ਤੇ ਹਮਲੇ ਉਪ੍ਰੰਤ ਸਮੁਚੀ ਪਾਰਟੀ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇ ਕੇ ਵਧਾਈਆਂ ਦਿੱਤੀਆਂ, ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜੇ ਪਾਏ ਸਨ, ਦੀਆਂ ਟਿਕਟਾਂ ’ਤੇ ਜਿੱਤੇ ਮਿਊਂਸਪਲ ਕਮਿਸ਼ਨਰ ਮਨਜਿੰਦਰ ਸਿੰਘ ਸਿਰਸਾ ਆਦਿ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਲੜਾਉਣ ਵਾਲੇ ਬਾਦਲ ਦਲ ਨੂੰ ਦਿੱਲੀ ਦੇ ਗੁਰਦੁਆਰਿਆਂ ’ਤੇ ਕਾਬਜ਼ ਕਰਵਾ ਬੈਠੇ ਤਾਂ ਸਮਝੋ ਸਿੱਖੀ ਦੀ ਬੇੜੀ ਵਿੱਚ ਆਪਣੇ ਹੱਥੀਂ ਵੱਟੇ ਪਾ ਦਿੱਤੇ ਹਨ। ਕਿਉਂਕਿ ਹੁਣ ਜੇ ਸਿੱਖੀ ਦੇ ਸਿਧਾਂਤਾਂ ਦੀ ਕੋਈ ਗੱਲ ਕਰਦਾ ਹੈ ਤਾਂ ਉਹ ਇਸ ਕਰਕੇ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਿੱਚ ਮੁਕਾਬਲੇ ਦੀ ਭਾਵਨਾ ਚੱਲਣ ਕਰਕੇ ਉਹ ਇੱਕ ਦੂਜੇ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਨੂੰ ਜੰਤਾ ਦੀ ਕਚਹਿਰੀ ਵਿੱਚ ਰੱਖ ਕੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕਰਦੇ ਹਨ ਜਿਸ ਕਾਰਣ ਇਨ੍ਹਾਂ ਨੂੰ ਕੁਝ ਨਾ ਕੁਝ ਪਿੱਛੇ ਹਟਣਾ ਪੈ ਜਾਂਦਾ ਹੈ ਪਰ ਜੇ ਸ਼੍ਰੋਮਣੀ ਕਮੇਟੀ ਵਾਂਗ ਦਿੱਲੀ ਵਿੱਚ ਵੀ ਬਾਦਲ ਦਲ ਕਾਬਜ਼ ਹੋ ਜਾਂਦਾ ਹੈ ਤਾਂ ਮੁਕਾਬਲਾ ਬਿਲਕੁਲ ਖਤਮ ਹੋ ਕੇ ਆਰਐੱਸਐੱਸ ਦੇ ਏਜੰਟ ਬਣੇ ਬਾਦਲ ਦਲ ਦਾ ਏਕਾਅਧਿਕਾਰ ਬਣ ਜਾਣ ਕਰਕੇ ਇਨ੍ਹਾਂ ਨੇ, ਸਿੱਖੀ ਦੇ ਬਚੇ ਖੁਚੇ ਸਿਧਾਂਤਾਂ ਦੀ ਆਰਐੱਸਐੱਸ ਵਲੋਂ ਕੀਤੇ ਜਾ ਰਹੇ ਹਵਨਾਂ ਵਿੱਚ ਅਹੂਤੀ ਪਾ ਦੇਣੀ ਹੈ ਤੇ ਕੁੰਭ ਦੇ ਮੇਲਿਆਂ ਵਿੱਚ ਨਹਾ ਕੇ ਗੰਗਾ ਵਿੱਚ ਰੋੜ ਦੇਣਾ ਹੈ ਸਬੂਤ ਵਜੋਂ ਫੋਟੋ ਵੇਖੀਆਂ ਜਾ ਸਕਦੀਆਂ ਹਨ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕਾਂਗਰਸ ਨੇ ਭਾਜਪਾ ਦੀ ਭਰਵੀਂ ਹਮਾਇਤ ਨਾਲ ਅਕਾਲ ਤਖ਼ਤ ਦੀ ਇਮਾਰਤ ਢਹਿਢੇਰੀ ਕੀਤੀ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਪਰ ਬਾਦਲ ਦਲ ਭਾਜਪਾ ਦੀ ਹਮਾਇਤ ਹਾਸਲ ਕਰਨ ਲਈ ਸਿੱਖ ਸਿਧਾਂਤਾਂ ਦਾ ਕਤਲ ਕਰ ਰਿਹਾ ਹੈ। ਮਨੁਖ ਜੰਮਦੇ ਤੇ ਮਰਦੇ ਰਹਿੰਦੇ ਹਨ, ਢਾਹੀਆਂ ਇਮਾਰਤਾਂ ਮੁੜ ਉਸਾਰੀਆਂ ਜਾ ਸਕਦੀਆਂ ਹਨ ਪਰ ਕਤਲ ਹੋਏ ਕੌਮ ਦੇ ਸਿਧਾਂਤ ਸਦੀਆਂ ਤੱਕ ਮੁੜ ਸੁਰਜੀਤ ਕਰਨੇ ਅਸੰਭਵ ਹੁੰਦੇ ਹਨ। ਇਸ ਲਈ ਗੁਰੂ ਸਾਹਿਬ ਵਲੋਂ ਮਹਾਨ ਕੁਰਬਾਨੀਆਂ ਕਰਕੇ ਕਾਇਮ ਕੀਤੇ ਸਿਧਾਂਤਾਂ ਨੂੰ ਦਿਲ ਵਿੱਚ ਵਸਾ ਕੇ ਚੇਤਾ ਕਰੋ ਕਿ ਇੱਕ ਵਾਰ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਣਾ।
 
ਕਿਰਪਾਲ ਸਿੰਘ ਬਠਿੰਡਾ
ਮੋਬ: 98554-80797

No comments:

Post a Comment