(ਕਿਰਪਾਲ ਸਿੰਘ ਬਠਿੰਡਾ): ਸਾਡੇ ਪੰਥ ਦੇ ਉਚ ਅਹੁੱਦਿਆਂ ’ਤੇ ਬੈਠਣ ਵਾਲਿਆਂ ਦੀ ਸਥਿਤੀ ਉਨ੍ਹਾਂ ਤਿੰਨ ਦੋਸਤਾਂ ਵਰਗੀ ਹੈ ਜੋ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹੋਏ ਗੱਲਾਂ ਕਰਦੇ ਸਨ ਪਰ ਕੋਈ ਵੀ ਵਿਅਕਤੀ ਉਨ੍ਹਾਂ ਦੀ ਗੱਲ ਵੱਲ ਧਿਆਨ ਨਾ ਦਿੰਦਾ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪਿਛਲੇ ਦੋ ਦਿਨ 17-18 ਜਨਵਰੀ ਨੂੰ ਉਨ੍ਹਾਂ ਗੁਰਦੁਆਰਾ ਸੀਸ ਗੰਜ ਨਵੀਂ ਦਿੱਲੀ ਵਿਖੇ ਕਥਾ ਕੀਤੀ। ਕਥਾ ਉਪ੍ਰੰਤ ਉਨ੍ਹਾਂ ਨੂੰ ਇੱਕ ਗੁਰਸਿੱਖ ਕਹਿਣ ਲੱਗੇ ਤੁਸੀਂ ਕਥਾ ਵਿੱਚ ਹੋਰ ਤਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੁਸੀਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਸਬੰਧੀ ਕੋਈ ਸਾਖੀ ਨਹੀਂ ਸੁਣਾਈ।
ਭਾਈ ਰੁਪੋਵਾਲੀ ਨੇ ਕਿਹਾ, ਉਸ ਵੀਰ ਨੂੰ ਦੱਸਿਆ ਗਿਆ ਕਿ ਪ੍ਰਕਾਸ਼ ਦਿਹਾੜਾ ਤਾਂ 5 ਜਨਵਰੀ ਨੂੰ ਸੀ। ਉਸ ਵੀਰ ਨੇ ਮਜ਼ਾਕੀਆ ਲਹਿਜੇ ਵਿੱਚ ਅਖ਼ਬਾਰ ਵਿਖਾਉਂਦੇ ਹੋਏ ਕਿਹਾ ਕਿ ਆਹ ਵੇਖੋ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਖ਼ਬਾਰ ਵਿੱਚ ਦਿੱਤੇ ਇਸ਼ਤਿਹਾਰ ਰਾਹੀਂ ਦੇਸ਼ ਵਿਦੇਸ਼ ਦੇ ਸਮੂਹ ਨਾਨਕ ਨਾਮ ਲੇਵਾ- ਸਿੱਖ ਸੰਗਤਾਂ, ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਟਕਸਾਲਾਂ ਤੇ ਧਾਰਮਕ ਜਥੇਬੰਦੀਆਂ ਨੂੰ ਅਪੀਲ ਕੀਤੀ ਕੀਤੀ ਹੈ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਕਾਲ ਤਖ਼ਤ ਤੋਂ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਜਨਵਰੀ ਨੂੰ ਮਨਾਇਆ ਜਾਵੇ। ਭਾਈ ਰੂਪੋਵਾਲੀ ਨੇ ਕਿਹਾ ਕਿ ਜਿਹੜੀ ਗੱਲ ਮੈਂ ਗੁਰਦੁਆਰਾ ਸੀਸ ਗੰਜ ਵਿਖੇ ਉਸ ਵੀਰ ਨਾਲ ਹੋਈ ਗੱਲਬਾਤ ਦੌਰਾਨ ਕਹੀ ਸੀ ਉਹ ਇਥੇ ਵੀ ਸੁਣਾ ਰਿਹਾ ਹਾਂ। ਭਾਈ ਰੂਪੋਵਾਲੀ ਨੇ ਕਿਹਾ ਉਸ ਵੀਰ ਨੂੰ ਗੱਲ ਸੁਣਾਈ ਕਿ ਤਿੰਨ ਜਣੇ ਬੜੇ ਗੂੜੇ ਦੋਸਤ ਸਨ। ਉਹ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹੋਏ ਗੱਲਾਂ ਕਰਦੇ ਪਰ ਕੋਈ ਵੀ ਵਿਅਕਤੀ ਉਨ੍ਹਾਂ ਦੀ ਗੱਲ ਵੱਲ ਧਿਆਨ ਨਾ ਦਿੰਦਾ ਕਿਉਂਕਿ ਉਨ੍ਹਾਂ ਦੀ ਗੱਲ ਵਿੱਚ ਕੋਈ ਤੰਤ ਨਹੀਂ ਸੀ ਹੁੰਦਾ। ਇੱਕ ਦਿਨ ਉਨ੍ਹਾਂ ਤਿੰਨਾਂ ਨੇ ਬੈਠ ਕੇ ਸਲਾਹ ਕੀਤੀ ਕਿ ਸਾਡੀ ਗੱਲ ਵੱਲ ਕੋਈ ਧਿਆਨ ਇਸ ਕਾਰਣ ਨਹੀਂ ਦਿੰਦਾ ਕਿਉਂਕਿ ਅਸੀਂ ਕੋਈ ਗੱਲ ਗੰਭੀਰਤਾ ਨਾਲ ਨਹੀਂ ਕਰਦੇ। ਹੁਣ ਜਦੋਂ ਆਪਾਂ ਕੋਈ ਗੱਲ ਕੀਤੀ ਤਾਂ ਪੂਰੀ ਗੰਭੀਰਤਾ ਨਾਲ ਕਰਾਂਗੇ ਤਾਂ ਲੋਕ ਜਰੂਰ ਸਾਡੀ ਗੱਲ ਵੱਲ ਧਿਆਨ ਦੇਣਗੇ। ਇਹ ਸਲਾਹ ਕਰਕੇ ਉਹ ਇੱਕ ਛੱਪੜ ’ਤੇ ਚਲੇ ਗਏ। ਉਥੇ ਜਾ ਕੇ ਇੱਕ ਦੋਸਤ ਨੇ ਬੜਾ ਹੀ ਗੰਭੀਰ ਹੋ ਕੇ ਪੁੱਛਿਆ ਕਿ ਇਸ ਛੱਪੜ ਵਿੱਚ ਮੱਛੀਆਂ ਬਹੁਤ ਹਨ; ਜੇ ਖ਼ੁਦਾ ਨਖ਼ਾਸਤਾ ਇਸ ਛੱਪੜ ਨੂੰ ਅੱਗ ਲੱਗ ਗਈ ਤਾਂ ਮੱਛੀਆਂ ਕਿਥੇ ਜਾਣਗੀਆਂ? ਉਸ ਦੀ ਇਹ ਗੰਭੀਰ ਗੱਲ ਸੁਣ ਕੇ ਦੂਸਰਾ ਮਿੱਤਰ ਵੀ ਬੜੀ ਗੰਭੀਰਤਾ ਨਾਲ ਕਹਿਣ ਲੱਗਾ ਫੇਰ ਕੀ ਹੋਇਆ ਜੇ ਪਾਣੀ ਦੇ ਇਸ ਛੱਪੜ ਨੂੰ ਅੱਗ ਲੱਗ ਗਈ ਤਾਂ ਸਾਰੀਆਂ ਮੱਛੀਆਂ ਦਰਖਤਾਂ ’ਤੇ ਚੜ੍ਹ ਜਾਣਗੀਆਂ। ਤੀਜਾ ਮਿੱਤਰ ਹੋਰ ਗੰਭੀਰ ਹੋ ਕੇ ਬੋਲਿਆ, ਮੱਛੀਆਂ ਕਿਹੜਾ ਮੱਝਾਂ ਗਾਵਾਂ ਹਨ ਕਿ ਉਹ ਦਰਖਤਾਂ ’ਤੇ ਚੜ੍ਹ ਜਾਣਗੀਆਂ। ਇਹ ਗੱਲ ਸੁਣ ਕਿ ਉਹ ਵੀਰ ਪੁੱਛਣ ਲੱਗਾ ਤੁਹਾਡੀ ਇਸ ਗੱਲ ਦਾ ਗੁਰਪੁਰਬ ਨਾਲ ਕੀ ਸਬੰਧ ਹੈ?
ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਉਸ ਵੀਰ ਨੂੰ ਕਿਹਾ, ਕੀ ਸਬੰਧ ਹੈ ਇਹ ਮੈਂ ਬਾਅਦ ਵਿੱਚ ਦਸਦਾ ਹਾਂ ਪਰ ਇਹ ਦੱਸ ਕਿ ਤਿੰਨ ਦੋਸਤਾਂ ਦੀ ਗੰਭੀਰਤਾ ਤੇ ਸਿਆਣਪ ਬਾਰੇ ਤਾਂ ਤੁਹਾਨੂੰ ਸਮਝ ਲੱਗ ਗਈ ਕਿ ਉਹ ਕਿੰਨੇ ਕੁ ਗੰਭੀਰ ਤੇ ਸਿਆਣੇ ਸਨ। ਉਨ੍ਹਾਂ ਦੇ ਹਾਂ ਕਹਿਣ ’ਤੇ ਰੂਪੋਵਾਲੀ ਨੇ ਕਿਹਾ ਹੁਣ ਤੂ ਪੰਥ ਦੇ ਆਗੂਆਂ ਦੀ ਗੰਭੀਰਤਾ ਤੇ ਸਿਆਣਪ ਬਾਰੇ ਸੁਣ। ਉਨ੍ਹਾਂ ਦੱਸਿਆ ਕਿ ਸੂਰਜ ਦੀ ਚਾਲ ਅਤੇ ਦੰਦਰਮਾਂ ਦੀ ਚਾਲ ਅਨੁਸਾਰ ਦੋ ਕੈਲੰਡਰ ਹੁੰਦੇ ਹਨ। ਸੂਰਜੀ ਸਾਲ ਤਕਰੀਬਨ 365 ਦਿਨ ਅਤੇ ਚੰਦਰਮਾ ਦਾ ਸਾਲ ਤਕਰੀਬਨ 354 ਦਿਨਾਂ ਦਾ ਹੁੰਦਾ ਹੈ। ਚੰਦਰਮਾਂ ਸਾਲ ਤਕਰੀਬਨ 11 ਦਿਨ ਛੋਟਾ ਹੋਣ ਕਰਕੇ ਇਹ ਸੂਰਜੀ ਸਾਲ ਤੋਂ 11 ਦਿਨ ਅੱਗੇ ਨਿਕਲ ਜਾਂਦਾ ਹੈ। ਦੋ ਸਾਲਾਂ ਵਿੱਚ 22 ਦਿਨ ਤੇ ਤਿੰਨ ਸਾਲਾਂ ਵਿੱਚ 33 ਦਿਨ ਅੱਗੇ ਹੋ ਜਾਂਦਾ ਹੈ। ਚੰਦਰਮਾਂ ਸਾਲ ਨੂੰ ਸੂਰਜੀ ਸਾਲ ਨਾਲ ਜੋੜੀ ਰੱਖਣ ਲਈ ਦੂਜੇ ਜਾਂ ਤੀਜੇ ਸਾਲ ਇੱਕ ਵਾਧੂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਆਖਦੇ ਹਨ ਜੋੜ ਦਿੱਤਾ ਜਾਂਦਾ ਹੈ। ਪਹਿਲਾਂ ਗੁਰਪੁਰਬ ਚੰਦਰਮਾਂ ਸਾਲ ਅਨੁਸਾਰ ਮਨਾਏ ਜਾਂਦੇ ਸਨ। ਇਸ ਲਈ ਜਿਸ ਤਰੀਕ ਨੂੰ ਇਸ ਸਾਲ ਗੁਰਪੁਰਬ ਹੈ, ਅਗਲੇ ਸਾਲ 11 ਦਿਨ ਪਹਿਲਾਂ, ਦੂਸਰੇ ਸਾਲ 22 ਦਿਨ ਪਹਿਲਾਂ ਤੇ ਤੀਸਰੇ ਸਾਲ ਇੱਕ ਮਹੀਨਾ ਵਾਧੂ ਜੋੜੇ ਜਾਣ ਕਰਕੇ ਫਿਰ ਕੁਝ ਦਿਨ ਪਿੱਛੋਂ ਹੋ ਜਾਂਦਾ ਹੈ। ਜੇ ਗੁਰਪੁਰਬ ਲੌਂਦ ਦੇ ਮਹੀਨੇ ਆ ਜਾਵੇ ਤਾਂ ਉਸ ਨੂੰ ਮਾੜਾ ਸਮਝ ਕੇ ਉਸ ਮਹੀਨੇ ਗੁਰਪੁਰਬ ਨਹੀਂ ਮਨਾਇਆ ਜਾਂਦਾ ਇਸ ਲਈ ਉਸ ਸਾਲ ਗੁਰਪੁਰਬ ਆਉਂਦਾ ਹੀ ਨਹੀਂ ਤੇ ਅਗਲੇ ਸਾਲ ਦੋ ਵਾਰੀ ਆ ਜਾਂਦਾ ਹੈ। ਇਹੋ ਕਾਰਣ ਹੈ ਕਿ ਸਾਨੂੰ ਕ੍ਰਿਸਮਸ ਦਾ ਤਾਂ ਪਤਾ ਹੈ ਕਿ ਇਹ 25 ਦਸੰਬਰ ਨੂੰ ਆਵੇਗੀ ਪਰ ਸਾਡੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦਾ ਪਤਾ ਨਹੀਂ ਕਿ ਇਸ ਸਾਲ ਕਿਹੜੀ ਤਰੀਕ ਨੂੰ ਆਵੇਗਾ ਜਾਂ ਅਵੇਗਾ ਕਿ ਨਹੀਂ।
ਉਸ ਵੀਰ ਨੂੰ ਦੱਸਿਆ ਗਿਆ ਕਿ ਹੁਣ ਤੂੰ ਆਪਣੇ ਆਗੂਆਂ ਦੀ ਗੰਭੀਰਤਾ ਬਾਰੇ ਸੁਣ। ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਨੇ 1992-93 ’ਚ ਪ੍ਰਚਲਤ ਕੈਲੰਡਰਾਂ ਨੂੰ ਗੰਭੀਰਤਾ ਨਾਲ ਵਾਚਿਆ ਤੇ ਉਸ ਸਮੇਂ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਚਰਨ ਸਿੰਘ ਟੌਹੜਾ ਨਾਲ ਗੱਲ ਸਾਂਝੀ ਕੀਤੀ ਕਿ ਜੇ ਗੁਰਪੁਰਬ ਚੰਦਰਮਾ ਸਾਲ ਦੀ ਬਜਾਏ ਸੂਰਜੀ ਸਾਲ ਮੁਤਾਬਿਕ ਨਿਸਚਿਤ ਕੀਤੇ ਜਾਣ ਤਾਂ ਹਰ ਸਾਲ ਉਨ੍ਹਾਂ ਹੀ ਨਿਸਚਿਤ ਤਰੀਕਾਂ ਨੂੰ ਆਉਣਗੇ। ਜਥੇਦਾਰ ਟੌਹੜਾ ਨੂੰ ਉਨ੍ਹਾਂ ਦਾ ਸੁਝਾਉ ਪਸੰਦ ਆਇਆ ਤੇ ਉਨ੍ਹਾਂ ਨੇ ਸ: ਪਾਲ ਸਿੰਘ ਪੁਰੇਵਾਲ ਨੂੰ ਕੈਲੰਡਰ ਤਿਆਰ ਕਰਨ ਲਈ ਕਿਹਾ। ਕਈ ਸਾਲਾਂ ਦੀ ਮਿਹਨਤ ਪਿੱਛੋਂ ਸ: ਪੁਰੇਵਾਲ ਨੇ ਇੱਕ ਸੂਰਜੀ ਕੈਲੰਡਰ ਤਿਆਰ ਕੀਤਾ ਤੇ ਉਸ ਬਜੁਰਗ ਵਿਦਵਾਨ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੈਮੀਨਾਰ ਕਰਕੇ ਪ੍ਰਚਲਤ ਕੈਲੰਡਰ ਦੇ ਨੁਕਸ ਤੇ ਉਸ ਵੱਲੋਂ ਤਿਆਰ ਕੀਤੇ ਕੈਲੰਡਰ ਦੇ ਗੁਣਾਂ ਸਬੰਧੀ ਵਿਦਵਾਨਾਂ ਨੂੰ ਜਾਣੂ ਕਰਵਾਇਆ। 98-99 ਵਿੱਚ ਬੀਬੀ ਜੰਗੀਰ ਕੌਰ ਪ੍ਰਧਾਨ ਬਣ ਗਈ ਤੇ ਉਸ ਨੇ ਸਿਰਫ ਇਤਨਾ ਹੀ ਬਿਆਨ ਦਿੱਤਾ ਸੀ ਕਿ ਨਾਨਕਸ਼ਾਹੀ ਕੈਲੰਡਰ ਤਿਆਰ ਹੋ ਗਿਆ ਹੈ ਤੇ ਇਹ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ ਉਨ੍ਹਾਂ ਇੱਕ ਬਿਆਨ ਹੋਰ ਦਿੱਤਾ ਕਿ ਸਿੱਖ ਧਰਮ ਵਿੱਚ ਇਸਤਰੀਆਂ ਨੂੰ ਬਰਾਬਰ ਦਾ ਸਥਾਨ ਪ੍ਰਾਪਤ ਹੈ ਇਸ ਲਈ ਬੀਬੀਆਂ ਨੂੰ ਦਰਬਾਰ ਸਾਹਿਬ ’ਚ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਚ ਅਹੁਦੇ ’ਤੇ ਬੈਠਾ ਇਕ ਧਾਰਮਕ ਆਗੂ ਗੂਨੇ ਗਿਆ ਸੀ। ਉਹ ਇਹ ਬਿਆਨ ਪੜ੍ਹ ਕੇ ਉਥੇ ਹੀ ਗੰਭੀਰ ਹੋ ਗਿਆ ਤੇ ਫੈਕਸ ਰਾਹੀਂ ਹੁਕਨਾਮਾ ਭੇਜ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ। ਇਸ ਉਪ੍ਰੰਤ ਪ੍ਰਧਾਨ ਦੇ ਹੱਕ ਵਿੱਚ ਬੋਲਣ ਵਲੇ ਤਖ਼ਤ ਸ਼੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਤੇ ਕਈ ਹੋਰਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ। ਇਸ ਗੰਭੀਰ ਹੋਏ ਜਥੇਦਾਰ ਦੇ ਹੁਕਨਾਮੇ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਤੇ ਉਸ ਨੂੰ ਆਹੁੱਦੇ ਤੋਂ ਲਾਂਭੇ ਕਰਕੇ ਹੋਰ ਨੂੰ ਬਿਠਾ ਦਿੱਤਾ। ਤਾਂ ਜਿਹੜੇ ਇਹ ਕਹਿੰਦੇ ਹਨ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਸਿੱਖਾਂ ਲਈ ਇਲਾਹੀ ਹੁਕਮ ਹਨ ਇਸ ਲਈ ਸਾਰੇ ਸਿੱਖ ਇਸ ਨੂੰ ਮੰਨਣ ਦੇ ਪਾਬੰਦ ਹਨ, ਪਰ ਨਵਾਂ ਜਥੇਦਾਰ ਵੀ ਆਉਂਦੇਸਾਰ ਇਤਨਾ ਗੰਭੀਰ ਹੋ ਗਿਆ ਕਿ ਉਸ ਨੇ ਆਪਣੇ ਤੋਂ ਪਹਿਲੇ ਜਥੇਦਾਰ ਵੱਲੋਂ ਗੰਭੀਰੀਤਾ ਨਾਲ ਜਾਰੀ ਕੀਤੇ ਸਾਰੇ ਹੁਕਨਮਾਨੇ ਰੱਦ ਕਰ ਦਿੱਤੇ।
ਨਾਨਕਸ਼ਾਹੀ ਕੈਲੰਡਰ ਦੀ ਬਣਤਰ ਵੱਲ ਪਰਤਦਿਆਂ ਭਾਈ ਰੂਪੋਵਾਲੀ ਨੇ ਕਿਹਾ ਕਿ ਗੰਭੀਰ ਹੋ ਕੇ ਜਾਰੀ ਕੀਤੇ ਹੁਕਨਾਮਿਆਂ ਸਦਕਾ 1999 ਵਿੱਚ ਤਾਂ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਹੋ ਸਕਿਆ ਪਰ ਵਿਦਵਾਨਾਂ ਨਾਲ ਸਲਾਹ ਮਸ਼ਵਰੇ ਹੁੰਦੇ ਰਹੇ। ਅੰਤ 28 ਮਾਰਚ 2003 ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ, ਜਥੇਬੰਦੀਆਂ ਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਦਾ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਨਿਰਣੈ ਕਮੇਟੀ ਦੀ ਰੀਪੋਰਟ ਪੇਸ਼ ਕੀਤੀ ਗਈ। ਵੀਚਾਰਾਂ ਉਪ੍ਰੰਤ ਨਾਨਕਸ਼ਾਹੀ ਕੈਲੰਡਰ ਦੇ ਖਰੜੇ ਨੂੰ ਸਰਬ ਸੰਮਤੀ ਨਾਲ ਸਵੀਕਾਰ ਕਰਨ ਪਿੱਛੋਂ ਜਥੇਦਾਰ ਅਕਾਲ ਤਖ਼ਤ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਕਾਪੀ ਭੇਜਦੇ ਹੋਏ ਲਿਖਿਆ ਕਿ ਇਸ ਨੂੰ ਪ੍ਰਕਾਸ਼ਿਤ ਕਰਕੇ ਸਿੱਖ ਜਗਤ ਵਿੱਚ ਪ੍ਰਚਾਰਣ ਤੇ ਲਾਗੂ ਕਰਨ ਲਈ ਵੱਡੇ ਪੱਧਰ ’ਤੇ ਉਪ੍ਰਾਲੇ ਕੀਤੇ ਜਾਣ। ਇਸ ਪ੍ਰਵਾਨ ਹੋਏ ਖਰੜੇ ਨੂੰ ਉਸ ਸਮੇਂ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ 29 ਮਾਰਚ 2003 ਦੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਪੇਸ਼ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਹ ਪ੍ਰਵਾਨ ਹੋਇਆ ਕੈਲੰਡਰ 2003 ਦੀ ਵੈਸਾਖੀ ਨੂੰ ਰੀਲੀਜ ਕਰਕੇ ਲਾਗੂ ਕੀਤਾ ਗਿਆ। ਇਸ ਕੈਲੰਡਰ ਨੂੰ ਸਿੱਖਾਂ ਸਮੇਤ ਸਾਰੀਆਂ ਸੂਬਾ ਤੇ ਕੇਂਦਰੀ ਸਰਕਾਰਾਂ ਨੇ ਮਾਣਤਾ ਦਿੱਤੀ ਤੇ 7 ਸਾਲ ਇਸ ਅਨੁਸਾਰ ਗੁਰਪੁਰਬ ਮਨਾਏ ਜਾਂਦੇ ਰਹੇ। ਅਖੀਰ ਇਸ ਕੈਲੰਡਰ ਦਾ ਵਿਰੋਧ ਕਰ ਰਹੇ ਡੇਰੇਦਾਰਾਂ ਦੀਆਂ ਵੋਟਾਂ ਦੀ ਸਾਡੀ ਰਾਜਨੀਤਕ ਪਾਰਟੀ ਨੂੰ ਲੋੜ ਪੈ ਗਈ ਤੇ ਇਸ ਕੰਮ ਲਈ ਫਿਰ ਸਾਡੇ ਪ੍ਰਧਾਨ ਤੇ ਜਥੇਦਾਰ ਗੰਭੀਰ ਵੀਚਾਰਾਂ ਕਰਨ ਲੱਗ ਪਏ। ਬੜੀ ਗੰਭੀਰਤਾ ਨਾਲ ਸੋਚ ਵੀਚਾਰ ਉਪ੍ਰੰਤ ਉਨ੍ਹਾਂ ਨੇ 10 ਸਾਲ ਦੀ ਮਿਹਨਤ ਕੇਵਲ 10 ਮਿੰਟਾਂ ਵਿੱਚ ਰੱਦ ਕਰਕੇ ਹੋਰ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਹੁਣ ਗੁਰਪੁਰਬ ਇਸ ਸੋਧੇ ਹੋਏ ਕੈਲੰਡਰ ਮੁਤਾਬਿਕ ਮਨਾਏ ਜਾਣ। ਭਾਈ ਰੂਪੋਵਾਲੀ ਨੇ ਕਿਹਾ 5 ਜਨਵਰੀ ਨੂੰ ਤਾਂ 2003 ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਸੀ ਜਿਹੜਾ ਹਰ ਸਾਲ ਹੀ 5 ਜਨਵਰੀ ਨੂੰ ਆਉਂਦਾ ਹੈ ਪਰ 18 ਜਨਵਰੀ ਨੂੰ ਉਸ ਸੋਧਾ ਲੱਗੇ ਕੈਲੰਡਰ, ਜਿਹੜਾ ਕਿ ਅਸਲ ਵਿੱਚ ਪਹਿਲਾਂ ਤੋਂ ਹੀ ਪ੍ਰਚਲਤ ਬਿਕ੍ਰਮੀ ਕੈਲੰਡਰ ਦਾ ਰੂਪ ਹੈ, ਜਿਸ ਅਨੁਸਾਰ ਇਹ ਸੋਧਾ ਲਾਉਣ ਵਾਲਿਆਂ ਨੂੰ ਵੀ ਪਤਾ ਨਹੀਂ ਕਿ ਅਗਲੇ ਸਾਲ ਇਹ ਗੁਰਪੁਰਬ ਕਿਹੜੀ ਤਰੀਕ ਨੂੰ ਆਵੇਗਾ ਜਾਂ ਆਵੇਗਾ ਵੀ ਕਿ ਨਹੀਂ?
ਭਾਈ ਰੂਪੋਵਾਲੀ ਨੇ ਕਿਹਾ ਇਹ ਤਾਂ ਸੀ ਸਾਡੇ ਗੰਭੀਰ ਧਾਰਮਕ ਆਗੂਆਂ ਦੀਆਂ ਗੰਭੀਰ ਵੀਚਾਰਾਂ ਦਾ ਹਾਲ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਣ ਦਿੰਦੀਆਂ ਕਿ ਸਾਡੇ ਮਹਾਨ ਗੁਰੂ ਦਾ ਗੁਰਪੁਰਬ ਕਿਸ ਦਿਨ ਹੈ। ਹੁਣ ਸੁਣ ਲਓ ਰਾਜਨੀਤਕ ਆਗੂਆਂ ਦੀ ਗੰਭੀਰ ਸੋਚ ਵੀਚਾਰ। ਉਨ੍ਹਾਂ ਕਿਹਾ ਕਿ ਦਿੱਲੀ ਦਾ ਇੱਕ ਆਗੂ ਜਿਸ ਦਾ ਉਹ ਨਾਂ ਨਹੀ ਲੈਣਗੇ। ਉਸ ਦਾ ਨਾਮ ਤਾਂ ਮਾਂ ਬਾਪ ਨੇ ਬੜੀ ਗੰਭੀਰ ਸੋਚ ਵੀਚਾਰ ਉਪ੍ਰੰਤ ਧਾਰਮਕ ਰੱਖਿਆ ਪਰ ਉਹ ਵੋਟਾਂ ਲਈ ਕੀਤੇ ਗਠਜੋੜ ਕਾਰਣ ਆਪਣੀ ਭਾਈਵਾਲ ਪਾਰਟੀ ਨੂੰ ਖੁਸ਼ ਕਰਨ ਲਈ ਰਾਮਸੇਤੂ ਪੁਲ ਦੇ ਹੱਕ ’ਚ ਉਨ੍ਹਾਂ ਦੇ ਇੱਕ ਸਮਾਗਮ ’ਚ ਗਿਆ। ਉੱਥੇ ਲੱਗ ਰਹੇ ਨਾਹਰਿਆਂ ਕਾਰਨ ਉਹ ਵੀ ਜੋਸ਼ ਵਿੱਚ ਆ ਗਿਆ ਤੇ ‘ਜੈ ਸ਼ੀਆ ਰਾਮ’ ਦੇ ਨਾਹਰੇ ਲਾਉਂਦਾ ਹੋਇਆ ਬੜਾ ਹੀ ਗੰਭੀਰ ਹੋ ਕੇ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਰਾਮ’ ਦਾ ਨਾਮ ਦੋ ਹਜਾਰ ਤੋਂ ਵੱਧ ਵਾਰੀ ਆਇਆ ਹੈ ਇਸ ਲਈ ਰਾਮ ਸੇਤੂ ਪੁਲ ਕਾਇਮ ਰੱਖਣ ਲਈ ਜਿੱਥੇ ਹਿੰਦੂ ਵੀਰ ਆਪਣਾ ਪਸੀਨਾ ਬਹਾਉਣਗੇ ਉਥੇ ਤਿੰਨ ਕਰੋੜ ਸਿੱਖ ਆਪਣਾ ਖ਼ੂਨ ਵਹਾ ਦੇਣਗੇ ਪਰ ਰਾਮਸੇਤੂ ਪੁਲ ਨੂੰ ਕਿਸੇ ਵੀ ਹਾਲਤ ਵਿੱਚ ਤੋੜਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਭਾਈ ਰੂਪੋਵਾਲੀ ਨੇ ਕਿਹਾ ਜਿਸ ਆਗੂ ਦਾ ਨਾਮ ਉਨ੍ਹਾਂ ਦੇ ਮਾਤਾ ਪਿਤਾ ਨੇ ਬਹੁਤ ਹੀ ਗੰਭੀਰ ਹੋ ਕੇ ਧਾਰਮਕ ਅਰਥਾਂ ਵਾਲਾ ਰੱਖਿਆ ਸੀ ਉਸ ਨੂੰ ਆਪਣੇ ਧਾਰਮਕ ਗ੍ਰੰਥ ਸਬੰਧੀ ਇੰਨੀ ਵੀ ਸੋਝੀ ਨਹੀ ਕਿ ਉਸ ਵਿੱਚ ‘ਰਾਮ’ ਕਿਹੜੇ ਅਰਥਾਂ ਵਿੱਚ ਆਇਆ ਹੈ। ਜੇ ਸੋਝੀ ਹੁੰਦੀ ਤੇ ਉਹ ਬਿਆਨ ਦੇਣ ਸਮੇਂ ਇੰਨਾਂ ਗੰਭੀਰ ਹੋ ਕੇ ਜੋਸ਼ ਵਿੱਚ ਆਉਣ ਦੀ ਬਜਾਏ ਆਪਣੇ ਹੋਸ਼ੋ ਹਵਾਸ਼ ਕਾਇਮ ਰਖਦਾ ਤਾਂ ਉਹ ਇਹ ਜਰੂਰ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਰਾਮ’ ਸ਼ਬਦ ਆਇਆਂ ਤਾਂ ਜਰੂਰ ਇੰਨੀ ਵਾਰ ਹੈ ਪਰ ਇਹ ਅਯੁੱਧਿਆ ਦੇ ਰਾਜੇ ਦਸਰਥ ਦਾ ਪੁੱਤਰ ਰਾਮ ਨਹੀਂ ਹੈ, ਇਹ ਤਾਂ ਉਹ ਰਾਮ ਹੈ ਜਿਹੜਾ ਰੋਮ ਰੋਮ ਵਿੱਚ ਰਮਿਆ ਹੋਇਆ ਹੈ ਤੇ ਉਹ ਕਦੀ ਵੀ ਜਨਮਦਾ ਜਾਂ ਮਰਦਾ ਨਹੀਂ ਹੈ, ਜਿਸ ਸਬੰਧੀ ਲਿਖਿਆ ਹੈ- ‘ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥’ (ਜਪੁਜੀ, ਗੁਰੂ ਗ੍ਰੰਥ ਸਾਹਿਬ - ਪੰਨਾ 8)।
ਦਸਰਥ ਦੇ ਪੁੱਤਰ ਰਾਮ ਸਬੰਧੀ ਤਾਂ ਲਿਖਿਆ ਹੈ: ‘ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥’ (ਰਾਮਕਲੀ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 954)। ‘ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥’ (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 1429)। ਸੋ ਜਿਹੜਾ ਰਾਮ ਠੱਗਿਆ ਵੀ ਗਿਆ, ਸੀਤਾ ਵਿਛੜਨ ਸਮੇਂ ਰੋਇਆ, ਲਛਮਣ ਨੂੰ ਮੂਰਛਾ ਵਿੱਚ ਆਇਆ ਵੇਖ ਕੇ ਵੀ ਰੋਇਆ ਤੇ ਉਹ ਮਰ ਵੀ ਗਿਆ ਉਸ ਰਾਮ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਲਕੁਲ ਨਹੀਂ ਹੈ। ਭਾਈ ਗੁਰਜੰਟ ਸਿੰਘ ਨੇ ਕਿਹਾ ਸਾਡੇ ਉਚ ਅਹੁਦਿਆਂ ’ਤੇ ਬੈਠੇ ਧਾਰਮਿਕ ਆਗੂ ਵੀ ਇੰਨੇ ਗੰਭੀਰ ਹੋਏ ਬੈਠੇ ਹਨ ਕਿ ਉਨ੍ਹਾਂ ਨੂੰ ਗੁਰਬਾਣੀ ਵਿੱਚ ਆਏ ਸ਼ਬਦ ‘ਰਾਮ’ ਨੂੰ ਗਲਤ ਅਰਥਾਂ ਵਿੱਚ ਦਰਸਾਉਣ ਵਾਲੇ ਰਾਜਨੀਤਕ ਆਗੂ ਨੂੰ ਪੁੱਛਣ ਦੀ ਤਾਂ ਹਿੰਮਤ ਨਹੀਂ ਕਿ ਉਹ ਗੁਰਬਾਣੀ ਨੂੰ ਗਲਤ ਅਰਥਾਂ ਵਿੱਚ ਪੇਸ਼ ਕਰਕੇ ਗੁਰਬਾਣੀ ਦਾ ਅਨਆਦਰ ਕਿਉਂ ਕਰ ਰਿਹਾ ਹੈ ਪਰ ਜੇ ਕੋਈ ਗੁਰਪੁਰਬ 18 ਜਨਵਰੀ ਦੀ ਥਾਂ 5 ਜਨਵਰੀ ਨੂੰ ਮਨਾ ਲਵੇ ਤਾਂ ਉਸ ਨੂੰ ਤਾੜਨਾ ਕਰਦੇ ਹਨ ਕਿ ਤੁਸੀਂ ਗੁਰਪੁਰਬ 5 ਜਨਵਰੀ ਨੂੰ ਕਿਉਂ ਮਨਾਇਆ ਹੈ? ਭਾਈ ਰੂਪੋਵਾਲੀ ਨੇ ਪੁੱਛਿਆ ਕਿ ਹੁਣ ਦੱਸੋ ਸਾਡੇ ਇਨ੍ਹਾਂ ਧਾਰਮਕ ਆਗੂਆਂ ਦੀ ਗੰਭੀਰਤਾ ਤੇ ਉਹ ਤਿੰਨ ਦੋਸਤਾਂ ਦੀ ਗੰਭੀਰਤਾ ਵਿੱਚ ਕੀ ਅੰਤਰ ਹੈ? ਤੇ ਇਨ੍ਹਾਂ ਦੀ ਗੰਭੀਰਤਾ ਵੱਲ ਕੌਣ ਧਿਆਨ ਦੇਵੇਗਾ?
ਦਿੱਲੀ ਦਾ ਉਹ ਆਗੂ ਜਿਸ ਨੇ ਇਹ ਚਰਚਿਤ ਬਿਆਨ ਦਿੱਤਾ ਸੀ ਬੇਸ਼ੱਕ ਉਸ ਦਾ ਨਾਮ ਭਾਈ ਰੂਪੋਵਾਲੀ ਨੇ ਤਾਂ ਨਹੀਂ ਲਿਆ ਪਰ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਸੰਕੇਤ ਬਾਦਲ ਦਲ ਦੇ ਆਗੂ ਸ਼੍ਰੀ ਓਂਕਾਰ ਸਿੰਘ ਥਾਪਰ ਵੱਲ ਸੀ, ਇਸ ਲਈ ਉਨ੍ਹਾਂ ਦੇ ਆਪਣੇ ਚਰਚਿਤ ਬਿਆਨ ਸਬੰਧੀ ਪ੍ਰਤੀਕਰਮ ਜਾਨਣ ਲਈ ਉਨ੍ਹਾਂ ਦੇ ਮੋਬ: ਫ਼ੋਨ ਨੰ: 09818103053 ’ਤੇ ਘੱਟ ਤੋਂ ਘੱਟ 10 ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਵਾਰ ਘੰਟੀ ਵੱਜਣ ਦੇ ਬਾਵਯੂਦ ਉਨ੍ਹਾਂ ਨੇ ਮੇਰਾ ਫ਼ੋਨ ਨਹੀਂ ਚੁੱਕਿਆ। ਇਸ ਉਪ੍ਰੰਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਪ੍ਰਤੀਕਰਮ ਜਾਨਣ ਲਈ ਉਨ੍ਹਾਂ ਦੇ ਮੋਬ: ਫ਼ੋਨ ਨੰ: 9814679291 ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ।
No comments:
Post a Comment