"ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਕੈਲੇਫੋਰਨੀਆਂ ਵਿਖੇ ਵਿਲੱਖਣ ਪ੍ਰਚਾਰ ਫੇਰੀ"
(ਗੁਰੂ ਸ਼ਬਦ ਦੀ ਨਿਰੋਲ ਕਥਾ, ਡੇਰਾਵਾਦੀ, ਪਾਖੰਡਧਾਰੀ ਅਤੇ ਮਰਯਾਦਾਹੀਣਾਂ ਤੇ ਸ਼ਬਦੀ-ਬਾਂਨ)
(ਅਵਤਾਰ ਸਿੰਘ ਮਿਸ਼ਨਰੀ) ਸਿੱਖ ਧਰਮ ਵਿੱਚ ਵੀ, ਅੱਜ ਜਿੱਥੇ ਅਨੇਕਾਂ ਪਾਖੰਡਵਾਦੀ ਡੇਰੇਦਾਰ, ਵਹਿਮਾਂ ਭਰਮਾਂ ਦਾ ਪ੍ਰਚਾਰ ਕਰ, ਭੋਲੀ ਭਾਲੀ ਜਨਤਾ ਨੂੰ ਲੁੱਟ ਕੇ,ਮਹਿਲਨੁਮਾਂ ਡੇਰੇ ਉਸਾਰ ਅਤੇ ਔਡੀਆਂ ਕਾਰਾਂ ਰੱਖ, ਭੇਖਧਾਰੀ, ਸੰਤ ਬਾਬਿਆਂ ਦੇ ਲਿਬਾਸ ਵਿੱਚ ਅਨੇਕਾਂ ਭਰਮ ਗਿਆਨੀ ਪੈਦਾ ਹੋ ਗਏ ਹਨ ਓਥੇ ਗੁਰੂ ਦਾ ਓਟ ਆਸਰਾ ਲੈ ਕੇ, ਸ਼ਬਦ ਗੁਰੂ ਗਿਆਨ, ਸਿੱਖ ਇਤਿਹਾਸ ਅਤੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦਾ ਧੜੱਲੇ ਨਾਲ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕ ਵੀ ਸਿੱਖੀ ਪ੍ਰਚਾਰ ਦੇ ਮੈਦਾਨ ਵਿੱਚ ਨਿੱਤਰ ਆਏ ਹਨ। ਇਨ੍ਹਾਂ ਸੁਲਝੇ ਹੋਏ ਪ੍ਰਚਾਰਕਾਂ ਵਿੱਚੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸੂਝਵਾਨ ਵਿਦਵਾਂਨ ਪ੍ਰੋ. ਸਰਬਜੀਤ ਸਿੰਘ ਧੂੰਦਾ, ਇੱਕ ਸਿੱਖ ਮਿਸ਼ਨਰੀ ਪ੍ਰਚਾਰਕ ਹਨ। ਵਰਣਨਯੋਗ ਹੈ “ਸਿੱਖ ਮਿਸ਼ਨਰੀ ਕਾਲਜਾਂ” ਵਿੱਚੋਂ ਪਹਿਲੇ ਵੀ ਬਥੇਰੇ ਪ੍ਰਸਿੱਧ ਵਿਦਵਾਂਨ ਪ੍ਰਚਾਰਕ ਅਮਰੀਕਾ-ਕਨੇਡਾ ਆਦਿਕ ਵਿਦੇਸ਼ਾਂ ਵਿੱਚ ਆਏ ਅਤੇ ਕੁਝ ਨੂੰ ਛੱਡ ਕੇ, ਬਹੁਤੇ ਆਪਣੀ ਪਛਾਣ "ਸਿੱਖ ਮਿਸ਼ਨਰੀ" ਛੁਪਾ ਅਤੇ ਪ੍ਰਬੰਧਕਾਂ ਦੀ ਹਾਂ ਵਿੱਚ ਹਾਂ ਮਿਲਾ ਕੇ, ਕਥਾ ਕਰਦੇ ਰਹੇ ਅਤੇ ਇੱਕ ਦੋ ਸਿਰਕੱਢ ਪ੍ਰਚਾਰਕ ਤਾਂ ਡਾਲਰ ਅਤੇ ਪ੍ਰਭਤਾ ਦੇਖ, ਸੰਤਤਾਈ-ਸੰਪ੍ਰਦਾਈ ਰੰਗ ਵਿੱਚ ਬਦਲ, ਰਾਜਨੀਤਕਾਂ ਦੀ ਕਠਪੁਤਲੀ ਬਣ,ਗੰਗਾ ਗਏ ਗੰਗਾਰਾਮ ਅਤੇ ਜਮਨਾ ਗਏ ਜਮਨਾਦਾਸ, ਵਾਂਗ ਅਖੌਤੀ ਸੰਤਾਂ ਅਤੇ ਬ੍ਰਹਮਗਿਆਨੀਆਂ ਦੇ "ਗੁਰੂ ਗ੍ਰੰਥ ਸਾਹਿਬ" ਨਾਲੋਂ ਵੱਧ ਗੁਣ ਗਾ-ਗਾ ਅਤੇ ਮਿਥਹਾਸਕ ਕਹਾਣੀਆਂ ਸੁਣਾ-ਸੁਣਾ, ਮਿਲਗੋਭਾ ਪ੍ਰਚਾਰ ਕਰ, ਖੂਬ ਡਾਲਰ ਕਮਾ, ਵਿਦੇਸ਼ੀ ਸਿੱਖ ਸੰਗਤਾਂ ਨੂੰ ਸੰਪ੍ਰਦਾਈ ਰੰਗ ਵਿੱਚ ਰੰਗ ਗਏ ਪਰ ਕਦੇ ਵੀ "ਸਿੱਖ ਮਿਸ਼ਨਰੀ" ਹੋਣ ਦਾ ਪਤਾ ਨਾ ਲੱਗਣ ਦਿੱਤਾ।
ਭਾਈ ਸਰਬਜੀਤ ਸਿੰਘ ਧੂੰਦਾ ਸ਼ਾਇਦ “ਦਾਸ” ਤੋਂ ਬਾਅਦ ਪਹਿਲੇ ਸਿੱਖ ਮਿਸ਼ਨਰੀ ਪ੍ਰਚਾਰਕ ਹਨ ਜਿਨ੍ਹਾਂ ਨੇ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹੋਣ ਨੂੰ ਖੁੱਲ੍ਹ ਕੇ ਸੰਗਤਾਂ ਨੂੰਦੱਸਿਆ ਅਤੇ ਮਿਸ਼ਨਰੀ ਸਰਕਲਾਂ ਦਾ ਕਈ ਵਾਰ ਪ੍ਰਚਾਰ ਕਰਦੇ ਸਮੇਂ ਅਤੇ ਟਾਕਸ਼ੋਆਂ ਵਿੱਚ ਵੀ ਪ੍ਰਗਟਾਵਾ ਕੀਤਾ। ਇਹ ਤਾਂ ਭਲਾ ਹੋਵੇ "ਵਰਲਡ ਸਿੱਖ ਫੇਡਰੇਸ਼ਨ ਜਥੇਬੰਦੀ" ਦੇ ਵੀਰ ਭੈਣਾਂ ਦਾ ਜਿਨ੍ਹਾਂ ਨੇ ਰਾਤ ਦਿਨ ਇੱਕ ਕਰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨਾਲ ਸੰਪਰਕ ਕਰਕੇ, ਗੁਰਮੱਤੀ ਵਿਦਵਾਂਨ ਭਾਈ ਸਰਬਜੀਤ ਸਿੰਘ ਧੂੰਦਾ "ਸਿੱਖ ਮਿਸ਼ਨਰੀ" ਦੇ ਸ਼ਬਦ ਗੁਰਬਾਣੀ ਕਥਾ ਵਿਚਾਰ ਦੇ ਪ੍ਰੋਗ੍ਰਾਮ ਬੁੱਕ ਕੀਤੇ। ਜਦੋਂ ਇਸ ਗੁਰਮਤਿ ਪ੍ਰਚਾਰ ਫੇਰੀ ਦੀ ਧੁਣਖ, ਸਿੱਖੀ ਭੇਖ ਵਿੱਚਲੇ ਡੇਰਾਵਾਦੀਆਂ ਨੂੰ ਪਈ ਤਾਂ ਉਨ੍ਹਾਂ ਨੇ ਅੱਡੀ ਚੋਟੀ ਦਾ ਜੋਰ ਲਾ ਕੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਭਾਈ ਧੂੰਦਾ ਜੀ ਬਾਰੇ ਗੁੰਮਰਾਹ ਕਰਨਾਂ ਸ਼ੁਰੂ ਕਰ ਦਿੱਤਾ, ਜਿਸ ਸਦਕਾ ਕੁਝ ਕਮੇਟੀਆਂ ਗੁੰਮਰਾਹ ਹੋ ਸ਼ਬਦ ਗੁਰੂ ਪ੍ਰਚਾਰ ਤੋਂ ਵਾਂਝੀਆਂ ਰਹਿ ਗਈਆਂ ਪਰ ਗੁਰਪ੍ਰੀਤ ਸਿੰਘ ਵਰਗੇ ਦਸਮ ਗ੍ਰੰਥੀ ਅਤੇ ਈਰਖਾਵਾਦੀ ਕਥਾਕਾਰ ਦੀ ਅਸਲੀਅਤ ਪਤਾ ਲੱਗਣ ਤੇ, ਗੁੰਮਰਾਹ ਹੋਏ ਵੀਰ ਫਰਿਜਨੋ ਵਿਖੇ ਭਾਈ ਧੂੰਦਾ ਜੀ ਨਾਲ ਵਿਚਾਰ ਵਿਟਾਂਦਰਾ ਕਰ, ਗਲਤੀ ਮੰਨਕੇ ਪਛਤਾਏ ਕਿ ਸਾਨੂੰ ਗਲਤ ਗਾਈਡ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਬਾਅਦ ਵਿੱਚ ਵੀ ਭਾਈ ਧੂੰਦਾ ਜੀ ਦੇ ਕਥਾ ਪ੍ਰੋਗ੍ਰਾਮਾਂ ਵਿੱਚਸ਼ਾਮਲ ਹੁੰਦੇ ਰਹੇ। ।
ਭਾਈ ਧੂੰਦਾ ਜੀ ਦੇ ਭਾਰਤ ਵਿੱਚ ਪਹਿਲਾਂ ਹੀ ਪ੍ਰਚਾਰ ਪ੍ਰੋਗ੍ਰਾਮ ਬੁੱਕ ਹੋਣ ਦੇ ਬਾਵਜੂਦ ਵੀ, ਕੈਲੇਫੋਰਨੀਆਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ, ਸ਼ਬਦ ਕਥਾ ਵਿਚਾਰ ਪ੍ਰੋਗ੍ਰਾਮ ਬੁੱਕ ਹੋ ਗਏ, ਜਿਵੇਂ ਐੱਲ.ਏ., ਸੈਲਮਾਂ, ਕ੍ਰਦਰਜ਼, ਫਰਜ਼ਿਨੋ, ਕਰਮਨ, ਟਰਲਕ, ਟਰੇਸੀ, ਸੈਕਰਾਮੈਂਟੋ, ਲੋਡਾਈ, ਬੇ-ਏਰੀਆ ਹੇਵਰਡ (ਸੈਨ ਫਰਾਂਸਿਸਕੋ),ਸਿਆਟਲ ਅਤੇ ਨਿਊਯਾਰਕ ਆਦਿਕ ਦੇ ਗੁਰਦੁਆਰਿਆਂ ਵਿੱਚ “ਸ਼ਬਦ ਗੁਰੂ ਪ੍ਰਚਾਰ” ਦਾ ਪ੍ਰਵਾਹ ਚੱਲਿਆ। ਜਿੱਥੇ ਜਿੱਥੇ ਵੀ ਸੰਗਤਾਂ ਨੂੰ ਅਖਬਾਰਾਂ, ਰੇਡੀਓ ਅਤੇ ਇੰਟ੍ਰਨੈੱਟ ਮੀਡੀਏ ਰਾਹੀਂ ਪਤਾ ਚੱਲਿਆ, ਸੰਗਤਾਂ ਹੁੰਮ-ਹੁਮਾ ਕੇ ਕਥਾ ਸੁਣਨ ਪਹੁੰਚੀਆਂ ਅਤੇ ਗੁਰਬਾਣੀ ਦੀ ਨਿਰੋਲ ਕਥਾ ਸੁਣ ਕੇ ਅੱਸ਼-ਅੱਸ਼ ਹੋ ਉੱਠੀਆਂ। ਭਾਈ ਸਾਹਿਬ ਕਥਾ ਕਰਦੇ ਜਿੱਥੇ ਗੁਰਬਾਣੀ ਦੀ ਨਿਰੋਲ ਵਿਆਖਿਆ ਕਰਦੇ ਓਥੇ ਅਖੌਤੀ ਸਾਧਾਂ-ਸੰਤਾਂ, ਡੇਰਵਾਦੀਆਂ ਅਤੇ ਝੋਲੀਚੁੱਕ ਪ੍ਰਚਾਰਕਾਂ ਦੇ ਫੈਲਾਏ ਕਰਮਕਾਂਡਾਂ, ਵਹਿਮਾਂ, ਭਰਮਾਂ ਅਤੇ ਪਖੰਡਾਂ ਦਾ ਪੜਦਾ ਵੀ ਫਾਸ਼ ਕਰਦੇ ਹੋਏ, ਘਰੇਲੂ ਅਤੇ ਸਮਾਜਿਕ ਉਦਾਹਰਣਾਂ ਦੇ ਦੇ ਕੇ, ਵਾਪਸ ਸ਼ਬਦ ਗੁਰੂ ਨਾਲ ਜੁੜਨ ਦਾ ਹੋਕਾ ਦਿੰਦੇ ਰਹੇ ਕਿ ਵਾਸਤਾ ਰੱਬ ਦਾ ਸਤਸੰਗੀਓ! ਬਚ ਜਉ ਇਨ੍ਹਾਂ ਡੇਰਵਾਦੀ ਲੁਟੇਰਿਆਂ ਤੋਂ ਜੋ ਧਰਮ ਦਾ ਬੁਰਕਾ ਪਾ ਕੇ ਤੁਹਾਨੂੰ ਲੁੱਟ-ਲੁੱਟ ਕੇ ਆਪ ਐਸ਼ ਕਰ ਰਹੇ ਹਨ।
ਭਾਈ ਸਾਹਿਬ ਜੀ ਨੇ ਖਾਸ ਕਰ “ਸਿੱਖ ਰਹਿਤ ਮਰਯਾਦਾ” ਦੀਆਂ ਧੱਜੀਆਂ ਉਡੌਣ ਵਾਲੇ, ਗਿਣਤੀਆਂ, ਮਿਣਤੀਆਂ ਦੇ ਇਕੋਤਰੀ ਪਾਠਾਂ, ਸਨਾਤਨੀ ਜਪਾਂ-ਤਪਾਂ,ਗਿਣਤੀ ਦੀਆਂ ਮਾਲਾ ਫੇਰਨੀਆਂ, ਧੂਪ, ਦੀਪ ਸਮੱਗਰੀਆਂ, ਹਵਨਾਂ, ਕੁੰਭ, ਨਾਰੀਅਲ, ਜੋਤਾਂ, ਮੌਲੀਆਂ ਅਤੇ ਇੱਕ ਥਾਂ ਤੇ ਕਈ-ਕਈ ਜੁੜਵੇਂ ਪਾਠਾਂ ਵਾਲੇ ਭਰਮ ਪਖੰਡਾਂ ਦਾ ਬਾਦਲੀਲ ਪੜਦਾ ਫਾਸ਼ ਕੀਤਾ। ਕਥਾ ਕਰਦੇ ਅਤੇ ਸੈਮੀਨਾਰ ਵਿਚਾਰ ਗੋਸ਼ਟੀਆਂ ਵਿੱਚ ਵੀ ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਯਾਦਾ" ਦੀ ਪਾਲਣਾ ਕਰਨ ਦੀ ਪ੍ਰੇਰਨਾਂ ਦਿੰਦੇ, ਬੜੇ ਵਿਅੰਗ ਨਾਲ ਕਿਹਾ ਕਿ "ਅਕਾਲ ਤਖਤ ਮਹਾਨ" ਦਾ ਪ੍ਰਚਾਰ ਕਰਨ ਵਾਲੇ ਪ੍ਰਬੰਧਕ, ਅਕਾਲ ਤਖਤ ਤੋਂ "ਪੰਥ ਪ੍ਰਵਾਣਿਤ" ਸਿੱਖ ਰਹਿਤ ਮਰਯਾਦਾ ਗੁਰਦੁਆਰਿਆਂ ਵਿੱਚ ਲਾਗੂ ਕਿਉਂ ਨਹੀਂ ਕਰਦੇ? ਉਨ੍ਹਾਂ ਨੂੰ ਕੀ ਬਜਬੂਰੀਆਂ ਹਨ? ਭਾਈ ਸਾਹਿਬ ਨੇ ਕਿਹਾ ਕਿ ਹਰੇਕ ਕਮੇਟੀ ਮੈਂਬਰ ਬਲਕਿ ਹਰੇਕ ਸਿੱਖ ਮਾਈ-ਭਾਈ ਨੂੰ"ਸਿੱਖ ਰਹਿਤ ਮਰਯਾਦਾ" ਦੀ ਕਾਪੀ ਪੜ੍ਹਨੀ ਅਤੇ ਕੋਲ ਰੱਖਣੀ ਚਾਹੀਦੀ ਹੈ। ਭਾਈ ਸਾਹਿਬ ਨੇ ਸਿੱਖੀ ਵਿੱਚ ਇੱਕਸਾਰਤਾ ਲਿਆਉਣ ਲਈ, ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇਕ ਨਾਨਕਸ਼ਾਹੀ ਕੈਲੰਡਰ ਅਤੇ ਇੱਕ ਮਰਯਾਦਾ ਦਾ ਪਾਲਣ ਕਰਨ ਦੀ, ਜੋਰਦਾਰ ਸ਼ਬਦਾਂ ਵਿੱਚ ਵਕਾਲਤ ਕੀਤੀ। ਸੰਗਤਾਂ ਦੇ ਸ਼ੰਕਿਆਂ ਅਤੇ ਸਵਾਲਾਂ ਦੇ ਉੱਤਰ ਵੀ ਬਾਦਲੀਲ ਬੜੇ ਠਰੱਮੇ ਨਾਲ ਦਿੱਤੇ। ਭਾਈ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਕਈ ਸਿਰਕੱਢ ਸਿੱਖ ਆਗੂਆਂ ਨੇ ਕੇਸ ਦਾਹੜੀਆਂ ਰੱਖਣ ਅਤੇ ਦਸਤਾਰਾਂ ਸਜਾਉਣ ਦਾ ਪ੍ਰਣ ਵੀ ਕੀਤਾ। ਬਹੁਤ ਸਾਰੇ ਸੰਪ੍ਰਦਾਈ ਵੀਰ ਵੀ ਕਥਾ ਸੁਣਨ ਆਉਂਦੇ ਰਹੇ। ਭਾਈ ਸਰਬਜੀਤ ਸਿੰਘ ਧੂੰਦਾ ਨੇ ਸ਼ਰੇਆਮ ਐਲਾਨ ਕੀਤਾ ਕਿ ਸਿੱਖ ਡੇਰੇਦਾਰ ਕੋਈ ਸਾਡੇ ਦੁਸ਼ਮਣ ਨਹੀਂ, ਜੇ ਉਹ ਸਿੱਖ ਡੇਰਿਆਂ ਨੂੰ ਸਿੰਘ ਸਭਾਵਾਂ ਦਾ ਰੂਪ ਦੇ ਕੇ, ਓਥੇ "ਸਿੱਖ ਰਹਿਤ ਮਰਯਾਦਾ" ਲਾਗੂ ਕਰ ਦੇਣ ਅਤੇ ਮੱਸਿਆ, ਪੁੰਨਿਆਂ, ਸੰਗ੍ਰਾਦਾਂ, ਪੈਂਚਕਾ,ਸਾਧਾਂ ਦੀਆਂ ਬਰਸੀਆਂ, ਦਸਵੀਆਂ ਦੇ ਥਾਂ ਸਿੱਖ ਤਿਉਹਾਰ, ਗੁਰੂਆਂ-ਭਗਤਾਂ ਦੇ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣ ਲੱਗ ਜਾਣ।
ਭਾਈ ਸਾਹਿਬ ਜੀ ਨੇ ਕਰੀਬ ਹਰੇਕ ਕਥਾ ਵਿੱਚ ਮਾਂ ਬਾਪ ਨੂੰ ਬੱਚਿਆਂ ਨਾਲ ਸਿਖਿਆ ਵਾਲਾ ਤਾਲਮੇਲ, ਬੱਚਿਆਂ ਤੇ ਜਵਾਨਾਂ ਨੂੰ ਬਜੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਅਤੇ ਸਤਿਕਾਰ ਕਰਨ ਦੀ ਸਿਖਿਆ ਦਿੱਤੀ। ਖਾਸ ਕਰਕੇ ਹਰੇਕ ਕਥਾ ਤੇ ਵਿਚਾਰ ਗੋਸ਼ਟੀ ਵਿੱਚ ਕਿਹਾ ਕਿ ਅਜੋਕਾ ਸਿੱਖ ਆਪਣੇ ਘਰ ਦੁਨਿਆਵੀ ਸਾਜੋ ਸਮਾਨ ਨਾਲ ਤਾਂ ਭਰ ਰਿਹਾ ਹੈ ਪਰ ਗੁਰਬਾਣੀ ਦੀਆਂ ਪੋਥੀਆਂ, ਗੁੱਟਕੇ, ਸਟੀਕਾਂ ਅਤੇ ਇਤਿਹਾਸਕ ਪੁਸਤਕਾਂ ਤੋਂ ਕੰਨੀ ਕਤਰਾਅ ਰਿਹਾ ਹੈ। ਉਨ੍ਹਾਂ ਬੜੇ ਵਿਅੰਗ ਨਾਲ ਕਿਹਾ ਕਿ ਜਦ ਤੁਸੀਂ ਕੀਮਤੀ ਸਮਾਨ ਦੀਆਂ ਅਟੈਚੀਆਂ ਭਰ ਕੇ, ਭਾਰਤ ਲੈ ਜਾਂਦੇ ਹੋ ਤਾਂ ਵਾਪਸ ਮੁੜਦੇ ਸਮੇਂ ਧਰਮ ਪੁਸਤਕਾਂ, ਸੀਡੀਆਂ ਆਦਿਕ ਸਿੱਖ ਸਹਿਤ ਦੇ ਝੋਲੇ ਭਰਕੇ ਵੀ ਲਿਆਇਆ ਕਰੋ ਬਲਕਿ ਆਪਣੇ ਘਰਾਂ ਵਿੱਚ ਮਿਨੀ ਲਾਇਬ੍ਰੇਰੀਆਂ ਬਣਾ ਕੇ, ਧਰਮ ਸਟੱਡੀ ਵੀ ਕਰਦੇ ਰਹੋ ਤਾਂ ਕਿ ਕੋਈ ਧਾਰਮਿਕ ਠੱਗ ਤੁਹਾਨੂੰ ਵਰਗਲਾ ਕੇ ਠੱਗ ਨਾਂ ਸੱਕੇ।
ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਕਰੀਬ ਸਾਰੇ ਕਥਾ ਪ੍ਰੋਗ੍ਰਾਮਾਂ ਦਾ "ਰੇਡੀਓ ਚੜ੍ਹਦੀ ਕਲਾ" ਤੋਂ ਪ੍ਰਸਾਰਨ ਕੀਤਾ ਗਿਆ। ਇਹ ਰੇਡੀਓ ਪਹਿਲਾਂ ਤੋਂ ਵੀ ਭਾਈ ਧੂੰਦਾ ਦੀ ਕਥਾ ਪ੍ਰਸਾਰਨ ਕਰਦਾ ਆ ਰਿਹਾ ਹੈ। ਇਸ ਰੇਡੀਓ ਦੀ ਸਾਰੀ ਟੀਮ, ਵਿਸ਼ੇਸ਼ ਕਰਕੇ ਸ੍ਰ ਲਖਬੀਰ ਸਿੰਘ ਪਟਵਾਰੀ ਅਤੇ ਸ੍ਰ. ਗੁਰਚਰਨ ਸਿੰਘ ਮਾਨ ਸਿੱਖੀ ਪ੍ਰਚਾਰ ਵਿੱਚ ਜੁੱਟੇਰਹੇ। "ਪੰਜਾਬੀ ਰੇਡੀਓ" ਨੇ ਵੀ ਭਾਈ ਧੂੰਦਾ ਦੀ ਕਥਾ ਰੀਲੇਅ ਕੀਤੀ। ਹਰੇਕ ਗੁਰਦੁਆਰੇ ਦੀ ਕਮੇਟੀ ਅਤੇ ਸੰਗਤਾਂ ਨੇ ਭਾਈ ਸਾਹਿਬ ਨੂੰ ਸਨਮਾਣਿਤ ਕੀਤਾ। ਸ੍ਰ. ਅੰਮ੍ਰਿਤਪਾਲ ਸਿੰਘ , ਵਰਿੰਦਰ ਸਿੰਘ ਗੋਲਡੀ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਬਹੁਤ ਸਾਰੇ ਵੀਰ ਸ੍ਰ. ਅਜੈਬ ਸਿੰਘ ਸਿਆਟਲ, ਸ੍ਰ. ਬਲਰਾਜ ਸਿੰਘ ਸਪੋਕਨ ਅਤੇ ਰਛਪਾਲ ਸਿੰਘ ਫਰਿਜਨੋ ਆਦਿਕ ਆਪਣੇ ਜਥਿਆਂ ਸਮੇਤ ਦੂਰੋਂ-ਦੁਰੋਂ ਆ ਕੇ ਵੀ ਹਰ ਦਿਵਾਨ ਵਿੱਚ ਤਤਪਰ ਹਾਜਰ ਰਹੇ। ਵਰਣਨ ਕਰਨਾ ਬਣਦਾ ਹੈ ਕਿ ਮਿਲਪੀਟਸ ਸ਼ਹਿਰ ਦੇ ਮੇਅਰ ਨੇ ਪ੍ਰੋ ਸਰਬਜੀਤ ਸਿੰਘ.ਧੂੰਦਾ ਜੀ ਨੂੰ ਵਿਸ਼ੇਸ਼ ਗੈਸਟ ਸਵਾਗਤੀ ਸ਼ੀਲਡ ਭੇਂਟ ਕੀਤੀ। "ਵਰਲਡ ਸਿੱਖ ਫੇਡਰੇਸ਼ਨ" ਨੇ ਭਾਈ ਸਾਹਿਬ ਜੀ ਨੂੰ "ਪ੍ਰੋ. ਸਾਹਿਬ ਸਿੰਘ ਡੀ. ਲਿਟ" ਦੇ ਐਵਾਰਡ ਨਾਲ ਸਨਮਾਨਿਆਂ। “ਅਮਰੀਕਨ ਗੁਰਦੁਆਰਾ ਕਮੇਟੀ” ਦੇ ਡਾ. ਪ੍ਰਿਤਪਾਲ ਸਿੰਘ ਤੇ ਸ੍ਰ. ਜਸਵੰਤ ਸਿੰਘ ਹੋਠੀ, ਸਹਿਜੋਗੀਆਂ ਅਤੇ “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ” ਦੇ ਆਗੂ ਸ੍ਰ. ਰੇਸ਼ਮ ਸਿੰਘ ਨੇ "ਵਿਚਾਰ ਗੋਸ਼ਟੀ" ਵਿੱਚ, ਪ੍ਰੋ. ਧੂੰਦਾ ਜੀ ਨੂੰ ਸਨਮਾਣਿਤ ਕੀਤਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਇੱਕ ਲੱਖ ਰੁਪਈਆ ਭੇਂਟ ਕੀਤਾ। ਸ੍ਰ. ਤ੍ਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸਿੱਖ ਰਹਿਤ ਮਰਯਾਦਾ ਤੇ ਭਾਈ ਧੂੰਦੇ ਦੇ ਸਨਮਾਨ ਵਿੱਚ ਕੁੰਜੀਵਤ ਭਾਸ਼ਨ ਦਿੱਤਾ “ਇੰਟ੍ਰਨੈਸ਼ਨਲ ਸਿੱਖ ਯੂਥ ਆਫ ਅਮਰੀਕਾ” ਦੇ ਬਹੁਤੇ ਮੈਂਬਰ, ਉੱਚ ਕੋਟੀ ਦੇ ਕਵੀ ਅਤੇ ਵਿਦਵਾਂਨ ਲਿਖਾਰੀ, ਡਾ. ਗੁਰਮੀਤ ਸਿੰਘ ਬਰਸਾਲ, ਮਿਸ਼ਨਰੀ ਕਾਲਜ ਦੇ ਸਰਗਰਮ ਪ੍ਰਚਾਰਕ ਭਾਈ ਕੁਲਵੰਤ ਸਿੰਘ ਮਿਸ਼ਨਰੀ ਅਤੇ “ਸਿੰਘ ਸਭਾ ਇੰਟ੍ਰਨੈਸ਼ਨਲ” ਦੇ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਵੀ ਵਿਚਾਰ ਗੋਸ਼ਟੀ ਵਿੱਚ ਹਾਜਰ ਸਨ। ਜਿੱਥੇ ਬੇ-ਏਰੀਏ ਦੇ ਦੋ ਗੁਰਦੁਆਰੇ ਗੁੰਮਰਾਹ ਹੋ ਕੇ ਕਥਾ ਤੋਂ ਵਾਂਝੇ ਰਹੇ ਗਏ ਓਥੇ "ਗੁਰਦੁਆਰਾ ਸਾਹਿਬ ਹੇਵਰਡ" ਦੇ ਸੂਝਵਾਨ ਮੁੱਖ ਗ੍ਰੰਥੀ ਭਾਈ ਪ੍ਰਵੀਨ ਸਿੰਘ ਅਤੇ ਸਮੁੱਚੀ ਕਮੇਟੀ ਨੇ ਧੰਨਭਾਗ ਸਮਝ ਅਤੇ ਵਿਰੋਧੀਆਂ ਦੀ ਚੁਣੌਤੀ ਪ੍ਰਵਾਨ ਕਰਦੇ ਹੋਏ, ਦੋ ਦਿਨ ਸ਼ਬਦ ਗੁਰੂ ਵਿਚਾਰਾਂ ਦੇ ਪ੍ਰਵਾਹ ਚਲਾਏ, "ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ. ਏ" ਨੇ ਗੁਰਮਤਿ ਲਿਟ੍ਰੇਚਰ ਦੀ ਸਟਾਲ ਵੀ ਲਗਾਈ। ਹੇਵਰਡ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏਵੱਲੋਂ ਦਾਸ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ “ਗੁਰੂ ਦੀ ਬਖਸ਼ਿਸ਼ ਸਿਰੋਪੇ” ਭੇਂਟ ਕਰਕੇ ਭਾਈ ਧੂੰਦਾ ਜੀ ਦਾ ਸਨਮਾਨ ਕੀਤਾ। “ਬੇ ਏਰੀਆ ਸਿੱਖ ਅਲਾਇੰਸ” ਦੇ ਮੁੱਖੀ ਸ੍ਰ. ਅਵਤਾਰ ਸਿੰਘ ਧਾਮੀ, “ਦਲ ਖਾਲਸਾ ਅਲਾਇੰਸ” ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਦਾਖਾ ਅਤੇ “ਬੇ ਏਰੀਆ ਸਹਿਤ ਸਭਾ”ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ ਨੇ ਵੀ, ਪ੍ਰੋ ਧੂੰਦਾ ਦੇ ਪ੍ਰਚਾਰ ਦੀ ਜੋਰਦਾਰ ਸ਼ਬਦਾਂ ਵਿੱਚ ਸਰਾਹਣਾ ਕੀਤੀ।
ਸਿਆਟਲ ਸ਼ਹਿਰ ਵਿੱਚ ਤਾਂ ਸੰਗਤਾਂ ਦੀ ਮਾਨੋਂ ਕਾਂਗ ਹੀ ਫੁੱਟ ਪਈ, ਹਜਾਰਾਂ ਦੀ ਗਿਣਤੀ ਵਿੱਚ ਸਭ ਤਰ੍ਹਾਂ ਦੀ ਰਲੀ ਮਿਲੀ ਸੰਗਤ ਕਥਾ ਸੁਣਨ ਆਈ, ਜਿਸ ਵਿੱਚ ਟਕਸਾਲੀ ਅਤੇ ਮਿਸ਼ਨਰੀ ਮਿਕਸ ਸਨ। ਇੱਥੇ ਭਾਈ ਸਾਹਿਬ ਜੀ ਨੂੰ "ਸ਼ਹੀਦ ਭਾਈ ਮਨੀ ਸਿੰਘ ਗੋਲਡ ਮੈਡਲ" ਨਾਲ ਸਨਮਾਣਤ ਕੀਤਾ ਗਿਆ। ਇਸ ਸਾਰੇ ਦ੍ਰਿਸ਼ ਅਤੇ ਗੁਰਬਾਣੀ ਦੇ ਨਿਰੋਲ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ, ਸਮੁੱਚੇ ਅਮਰੀਕਾ ਦੀਆਂ ਸੰਗਤਾਂ ਭਾਈ ਸਰਬਜੀਤ ਸਿੰਘ ਧੂੰਦਾ ਤੋਂ ਨਿਰੋਲ "ਗੁਰੂ ਸ਼ਬਦ" ਦੀ ਕਥਾ ਆਪੋ ਆਪਣੇ ਇਲਾਕੇ ਦੇ ਗੁਰਦੁਆਰਿਆਂ ਵਿੱਚ ਕਰਾਉਣ ਲਈ ਸੰਪਰਕ ਕਰ ਰਹੀਆਂ ਹਨ ਪਰ ਹੁਣ ਭਾਈ ਸਾਹਿਬ ਜੀ ਪਾਸ ਸਮਾਂ ਨਹੀਂ ਹੈ। ਹੁਣ ਉਹ ਨਿਊਯਾਰਕ ਦੀਆਂ ਸੰਗਤਾਂ ਨਾਲ ਕੀਤੇ ਵਾਹਦੇ ਮੁਤਾਬਕ ਓਧਰ ਨੂੰ ਰਵਾਨਾਂ ਹੋ ਗਏ ਹਨ ਅਤੇ ਫਰਵਰੀ 2013 ਨੂੰ ਕਨੇਡਾ ਜਾ ਰਹੇ ਹਨ।.ਭਾਈ ਸਾਹਿਬ ਜੀ ਦੀਆਂ ਕਥਾ ਦੀਆਂ ਸੀਡੀਆਂ "ਵਰਲਡ ਸਿੱਖ ਫੇਡਰੇਸ਼ਨ" ਦੇਪ੍ਰਮੁੱਖ ਆਗੂ ਸ੍ਰ. ਹਰਬਖਸ਼ ਸਿੰਘ ਰਾਊਕੇ ਅਤੇ ਵਰਿੰਦਰ ਸਿੰਘ ਗੋਲਡੀ ਤੋਂ (4085806063, 8054326668) ਅਤੇ "ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ"ਦੀ ਸਟਾਲ ਤੋਂ (5104325827) ਨੰਬਰਾਂ ਤੇ ਸੰਪ੍ਰਕ ਕਰਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਪ੍ਰਚਾਰ ਫੇਰੀ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਨੇ ਡੇਰਾਵਾਦੀ,ਪਾਖੰਡਵਾਦੀ ਅਤੇ ਮਰਯਾਦਾਹੀਣਾਂ ਤੇ ਸ਼ਬਦੀ ਬਾਨਾਂ ਦੀ ਬੁਛਾੜ ਨਿਧੜਕ ਹੋ ਕੇ ਲਗਾਈ ਅਤੇ ਸ਼੍ਰੋਮਣੀ ਕਮੇਟੀ ਦੇ "ਕੁੰਭ ਮੇਲੇ" ਤੇ ਜਾਣ ਦਾ ਵੀ "ਕੁੰਭ ਜਉ ਕੇਦਾਰ ਨਾ੍ਹਈਐ" ਦੇ ਸ਼ਬਦ ਦੁਆਰਾ ਸਿਖਿਦਾਇਕ ਵਿਰੋਧ ਕੀਤਾ। ਅਖੀਰ ਤੇ ਭਾਈ ਸਾਹਿਬ ਨੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਮੁਆਫੀ ਵੀ ਮੰਗੀ ਜਿੱਥੇ ਉਹ ਪ੍ਰਚਾਰ ਰੁਝੇਵਿਆਂ ਕਾਰਨ ਨਹੀਂ ਜਾ ਸੱਕੇ ਅਤੇ ਸਭ ਦਾ ਧੰਨਵਾਦ ਕਰਦੇ ਹੋਏ ਅਰਦਾਸ ਵੀ ਕੀਤੀ ਕਿ ਜਿਨ੍ਹਾਂ ਨੇ ਕੁਝ ਭੁਲੇਖਿਆਂ ਕਰਕੇ ਕਥਾ ਨਹੀਂ ਵੀ ਕਰਵਾਈ ਰੱਬ ਉਨ੍ਹਾਂ ਦਾ ਵੀ ਭਲਾ ਕਰਦਾ ਹੋਇਆ ਸੁਮੱਤਿ ਬਖਸ਼ੇ ਕਿ ਅਸੀਂ ਸਾਰੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਾਲੇ ਸਿਧਾਂਤ ਦੀ ਪਾਲਣਾ ਕਰਦੇ ਹੋਏ ਦੁਬਿਧਾ ਦੂਰ ਕਰ, ਇਕਜੁੱਟ ਹੋ ਕੇ, ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਕਰਦੇ ਰਹੀਏ।
What are your and Mr.Dhunda's views on Sri Dasam Granth ?
ReplyDelete