Sunday, April 6, 2014

ਪ੍ਰਸਿੱਧ ਲੇਖਕ, ਨਿਰਦੇਸ਼ਕ ਅਤੇ ਨਾਟਕਕਾਰ ਸ. ਚਰਨ ਸਿੰਘ ਸਿੰਧਰਾ ਜੈਕਾਰੇ ਬੁਲਾ ਕੇ ਇਸ ਜਹਾਨ ਤੋਂ ਰੁਕਸਤ

#ਦਲ ਖਾਲਸਾ ਅਲਾਇੰਸ ੍ #ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ੍ 
ਇੰਟਰਨੈਸ਼ਨਲ ਗਦਰ ਮੈਮੋਰੀਅਲ ਸੰਸਥਾ ੍ #ਵਰਲਡ ਸਿੱਖ ਕੌਂਸਲ-ਹਿਊਮਨ ਰਾਇਟਸ ਵਿੰਗ ੍ #ਬੇ ਏਰੀਆ ਸਿੱਖ ਅਲਾਇੰਸ ੍ 
ਸ. #ਚਰਨ ਸਿੰਘ ਸਿੰਧਰਾ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਉਹਨਾਂ ਦੇ ਕੰਮਾਂ ਨੂੰ ਸਿਜਦਾ ਕਰਦੇ ਹਾਂ।
#ਦਲ ਖਾਲਸਾ ਅਲਾਇੰਸ ੍ #ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ੍ 
ਇੰਟਰਨੈਸ਼ਨਲ ਗਦਰ ਮੈਮੋਰੀਅਲ ਸੰਸਥਾ ੍ #ਵਰਲਡ ਸਿੱਖ ਕੌਂਸਲ-ਹਿਊਮਨ ਰਾਇਟਸ ਵਿੰਗ ੍ #ਬੇ ਏਰੀਆ ਸਿੱਖ ਅਲਾਇੰਸ ੍ 
ਸ. #ਚਰਨ ਸਿੰਘ ਸਿੰਧਰਾ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਉਹਨਾਂ ਦੇ ਕੰਮਾਂ ਨੂੰ ਸਿਜਦਾ ਕਰਦੇ ਹਾਂ।

ਦੁਨੀਆਂ ਭਰ ਦੇ ਪੰਜਾਬੀ ਜਗਤ ਵਿੱਚ ਆਪਣੀਆਂ ਲਿਖਤਾਂ, ਗੀਤਾਂ, ਨਿਰਦੇਸ਼ਨ ਕਲਾ ਅਤੇ ਨਾਟਕਾਂ ਰਾਹੀਂ ਕਈ ਦਹਾਕਿਆਂ ਤੱਕ ਆਪਣਾ ਸਿੱਕਾ ਮਨਵਾਉਣ ਵਾਲੇ ਸ. ਚਰਨ ਸਿੰਘ ਸਿੰਧਰਾ 6 ਅਪ੍ਰੈਲ 2014 ਨੂੰ ਸਵੇਰੇ 7.30 ਵਜੇ ਚੰਡੀਗੜ ਨੇੜਲੇ ਸਹਿਰ ਖਰੜ ਵਿੱਖੇ ਆਪਣੀ ਰਿਹਾਇਸ ਤੇ ਇਸ ਫ਼ਾਨੀ ਸੰਸਾਰ ਤੋ ਰੁਕਸਤ ਹੋ ਗਏ । ਉਹ ਪਿੰਡ ਲਾਇਲਪੁਰ ਦੇ ਜੰਮਪਲ ਸਨ । ਆਪਣੀ ਜਿੰਦਗੀ ਦਾ ਕੁੱਝ ਸਮਾਂ ‘ਸ਼ਾਮ ਸਿੰਘ ਅਟਾਰੀ’ ਵਿੱਚ ਬਿਤਾਉਣ ਉਪਰੰਤ ਉਹ ਚੰਡੀਗੜ ਆ ਗਏ ਜਿੱਥੇ ਉਹ ਤਕਰੀਬਨ 30 ਸਾਲ ਰਹੇ । ਉਹ 83 ਵਰਿਆਂ ਦੇ ਸਨ । ਉਹ ਆਪਣੇ ਪਿਛੇ ਚਾਰ ਸੁਪੱਤਰ ਛੱਡ ਗਏ ਹਨ ਜਿਨ੍ਹਾਂ ਵਿੱਚੋ ਇੱਕ ਨਵਜੋਤ ਸਿੰਘ ਸਿੰਧਰਾ ਆਪਣੇ ਪ੍ਰੀਵਾਰ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ।
ਸਾਲ 2012 ਵਿੱਚ ਜਦੋਂ ਉਹ ਆਪਣੇ ਸੁਪੱਤਰ ਨਵਜੋਤ ਸਿੰਘ ਸਿੰਧਰਾ ਕੋਲ ਆਏ ਤਾਂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਕੁੱਝ ਕਾਰਕੁਨ ਉਨ੍ਹਾਂ ਨੂੰ ਜਾ ਮਿਲੇ ਜਿਨ੍ਹਾਂ ਵਿੱਚ ਕੁਲਦੀਪ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਪਰਵਾਨਾ ਅਤੇ ਗੁਰਮੀਤ ਸਿੰਘ ਬਰਸਾਲ ਦੇ ਨਾਂ ਸ਼ਾਮਿਲ ਹਨ । ਉਨ੍ਹਾਂ ਦੇ ਸਹਿਯੋਗ ਨਾਲ “ਬਾਲ ਸਾਹਿਤ ਅਤੇ ਕਲਾ ਰੰਗ-ਮੰਚ” ਦੀ ਸਥਾਪਨਾ ਕੀਤੀ ਗਈ । ਅਮਰੀਕਨ ਪੰਜਾਬੀ ਬੱਚਿਆਂ ਦੇ ਸਹਿਯੋਗ ਨਾਲ ਸਿੱਖ ਧਰਮ ਨਾਲ ਸਬੰਧਤ ਰੂਪਕ “ਨਿਕੀਆਂ ਜਿੰਦਾਂ ਵੱਡਾ ਸਾਕਾ” ਅਮਰੀਕਾ ਦੇ ਵੱਖ ਵੱਖ ਸ਼ਹਿਰਾਂ (ਸੈਨਹੋਜ਼ੇ, ਯੂਬਾ ਸਿਟੀ, ਟਰਲੱਕ, ਫ਼ਰੀਮਾਂਟ ਅਤੇ ਐਲਸੋਬਰਾਂਟੇ) ਵਿੱਖੇ ਖੇਡਿਆ ਗਿਆ ਜਿਸ ਦੀ ਸਿੱਖ ਜਗਤ ਵੱਲੋ ਬਹੁਤ ਹੀ ਸਲਾਘਾ ਅਤੇ ਬੱਚਿਆਂ ਵਿੱਚ ਆਪਣੇ ਇਤਿਹਾਸ, ਵਿਰਸੇ ਅਤੇ ਸਭਿਆਚਾਰ ਨੂੰ ਹੋਰ ਜਾਣਨ ਦੀ ਜਗਿਆਸਾ ਪੈਦਾ ਹੋਈ ।
ਸ. ਚਰਨ ਸਿੰਘ ਸਿੰਧਰਾ ਵੇਖਣ ਤੋ ਭਾਵੇਂ ਇੱਕ ਸਿੱਧਾ–ਸਾਦਾ ਇਨਸਾਨ ਲੱਗਦੇ ਸਨ ਪਰ ਉਨ੍ਹਾਂ ਦੇ ਅੰਦਰ ਮਨੁੱਖ ਦੇ ਅੰਦਰਲੇ ਇਨਸਾਨ ਨੂੰ ਜਗਾਉਣ ਦੀ ਅਥਾਹ ਸ਼ਕਤੀ ਸੀ । ਉਹ ਇੱਕ ਚਲਦੀ ਫਿਰਦੀ ਸੰਸਥਾ ਸਨ । ਉਨ੍ਹਾਂ ਨੇ ਆਪਣੀ ਕਲਾ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਪ੍ਰਭਾਵਿਤ ਕੀਤਾ ਹੈ । ਕਿਸੇ ਇਨਸਾਨ ਨੂੰ ਕੋਈ ਗੱਲ ਸਮਝਾਉਣੀ ਬਹੁਤ ਔਖੀ ਹੈ ਪਰ ਉਨ੍ਹਾਂ ਨੇ ਆਪਣੀਆਂ ਲਿਖ਼ਤਾਂ, ਗੀਤਾਂ ਅਤੇ ਨਾਟਕਾਂ ਰਾਹੀਂ ਹਰ ਮਨੁੱਖ ਦੀ ਅਣਖ ਨੂੰ ਵੰਗਾਰਿਆ ਅਤੇ ਮਨੁੱਖ ਨੂੰ ਇੱਕ ਵਧੀਆ ਇਨਸਾਨ ਬਣਨ ਲਈ ਗੁਰਮਤ ਦਾ ਰਾਹ ਵਿਖਾਇਆ ਹੈ ।
ਸ. ਸਿੰਧਰਾ ਨੇ ‘ਗੁਰੂ-ਮਨਿਓ-ਗ੍ਰੰਥ’ ਫਿਲਮ ਦੀ ਕਹਾਣੀ ਅਤੇ ਗਾਣੇ ਵੀ ਲਿਖੇ । ਉਨ੍ਹਾਂ ਦੁਆਰਾ ਲਿਖੀਆਂ ਉਨ੍ਹਾਂ ਦੀਆਂ ਨਾਟਕ ਪੁਸਤਕਾਂ ਵਿੱਚ ਖ਼ਾਲਸੇ ਦੇ ਸਿਰਜਣਾ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ‘ਮਰਦ ਅਗੰਮੜਾ’, ਸ੍ਰੀ ਗੁਰੂ ਅਮਰਦਾਸ ਜੀ ਦੀ 5 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ‘ਭਲੇ ਅਮਰਦਾਸ ਗੁਣ ਤੇਰੇ’, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੂਪਕ ‘ਸਾਕਾ ਚਮਕੌਰ’, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ‘ਗੁਰ ਜੋਤਿ ਅਰਜਨ’ ਮਹਾਂ ਨਾਟਕ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੇ ਜੀਵਨ ਨੂੰ ਸਮਰਪਿਤ ‘ਨਿੱਕੀਆਂ ਜਿੰਦਾਂ-ਵੱਡਾ ਸਾਕਾ’ ਸਨ । ਸ. ਸਿੰਧਰਾ ਦੇ ਇਹ ਧਾਰਮਿਕ ਨਾਟਕ ਜੋ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ, ਉਨ੍ਹਾਂ ਦੇ ਨਿਰਦੇਸ਼ਨਾਂ ਹੇਠ ਹਿੰਦੁਸਤਾਨ ਦੀਆਂ ਵੱਖ-ਵੱਖ ਫ਼ੌਜੀ ਛਾਉਣੀਆਂ ਅਤੇ ਦੇਸ-ਵਿਦੇਸ਼ ਵਿਚ ਸਫ਼ਲਤਾ ਪੂਰਵਕ ਖੇਡੇ ਜਾ ਚੁੱਕੇ ਹਨ । ਉਨ੍ਹਾਂ ਦੇ ਰੂਪਕ “ਮਰਦ ਅਗੰਮੜਾ” ਅਮਰੀਕਾ ਵਿੱਚ ਖੇਡੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਉਨ੍ਹਾਂ ਦੇ ਇੱਥੇ ਪਹੁਚਣ ਤੇ ਅਪ੍ਰੈਲ ਵਿੱਚ ਖੇਡਣ ਦੀ ਤਿਆਰੀ ਸੀ ਪਰ ਉਨ੍ਹਾਂ ਦੀ ਬਿਮਾਰੀ ਸਦਕਾ ਇਸ ਤਰ੍ਹਾਂ ਨਹੀਂ ਹੋ ਸਕਿਆ । ਉਮੀਦ ਕੀਤੀ ਜਾਂਦੀ ਹੈ ਕਿ ਇਹ ਨਾਟਕ ਹੁਣ ਉਨ੍ਹਾਂ ਦੇ ਸਪੁੱਤਰ ਨਵਜੋਤ ਸਿੰਘ ਸਿੰਧਰਾ ਦੇ ਨਿਰਦੇਸ਼ਨ ਹੇਠ ਖੇਡਿਆ ਜਾਵੇਗਾ। ‘ਮਰਦ ਅਗੰਮੜਾ’ ਇੱਕ ਅਜਿਹਾ ਇਤਿਹਾਸਕ ਰੂਪਕ ਹੈ ਜਿਸ ਕਰਕੇ ਸ. ਸਿੰਧਰਾ ਨੂੰ ਸਿੱਖਾਂ ਦੇ ਪੰਜਾਂ ਤਖਤਾਂ ਵੱਲੋ ਸਨਮਾਨਿਤ ਕੀਤਾ ਜਾ ਚੁੱਕਾ ਹੈ ।
ਉਨ੍ਹਾਂ ਦੇ ਪ੍ਰੀਵਾਰ ਦੇ ਜੀਆਂ ਦੇ ਦੱਸਣ ਮੁਤਾਬਕ ਸ. ਸਿੰਧਰਾ ਮਰਨ ਤੋਂ ਕੁੱਝ ਪੱਲ ਪਹਿਲਾਂ ਤੱਕ ਵੀ ਲਿੱਖਦੇ ਰਹੇ ਅਤੇ ਉਨ੍ਹਾਂ ਦੀ ਲਿੱਖਤ ਦੀਆਂ ਆਖ਼ਰੀ ਲਾਇਨਾਂ ਸਨ ;
ਅਸੀਂ ਦੋ ਪੱਲ ਦੇ ਮਹਿਮਾਨ ਫਿਰ ਵੀ ਜਿਉਣਾ ਚਾਹੁੰਦੇ ਹਾਂ
ਆਈ ਮੁੱਠੀ ਦੇ ਵਿੱਚ ਜਾਨ ਫਿਰ ਵੀ ਜਿਉਣਾ ਚਾਹੁੰਦੇ ਹਾਂ
ਆਖਰੀ ਸਮੇ ਉਨ੍ਹਾਂ ਦੇ ਨਾਲ ਪ੍ਰੀਵਾਰ ਦੇ ਜੀਆਂ ਨੇ ਇਹ ਵੀ ਦੱਸਿਆ ਕੀ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗਣ ਤੋਂ ਪਹਿਲਾਂ 3 ਜੈਕਾਰੇ ਵੀ ਲਾਏ । ਪੰਜਾਬੀ ਜਗਤ ਦਾ ਇਹ ਸਿਤਾਰਾ ਸਰੀਰਕ ਤੌਰ ਤੇ ਭਾਵੇ ਹਮੇਸ਼ਾਂ ਲਈ ਅਲੋਪ ਹੋ ਗਿਆ ਹੈ ਪਰ ਸ. ਸਿੰਧਰਾ ਵੱਲੋ ਸਿੱਖ ਸਮਾਜ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਬੁਲੰਦ ਆਵਾਜ਼ ਹਮੇਸ਼ਾਂ ਉਨ੍ਹਾਂ ਦੇ ਰਪਕਾਂ ਰਾਂਹੀ ਅਮਰ ਰਹੇਗੀ ।

No comments:

Post a Comment