Tuesday, April 1, 2014

#ਸਿੱਖਾਂ ਦਾ ਰੰਗ: ਨੀਲਾ ਕਿ ਕੇਸਰੀ/ਪੀਲਾ/ਭਗਵਾ/ਬਸੰਤੀ

#ਸਿੱਖਾਂ ਦਾ ਰੰਗ: ਨੀਲਾ ਕਿ ਕੇਸਰੀ/ਪੀਲਾ/ਭਗਵਾ/ਬਸੰਤੀ


ਸਿੱਖਾਂ ਦਾ ਰੰਗ: ਨੀਲਾ ਕਿ ਕੇਸਰੀ/ਪੀਲਾ/ਭਗਵਾ/ਬਸੰਤੀ


ਗੁਰੂ ਸਾਹਿਬ ਦੇ ਸਮੇਂ ਸਿੱਖਾਂ ਦੇ ਝੰਡੇ ਰੰਗ (ਤੇ ਕੇਸਕੀ ਦਾ ਰੰਗ ਵੀ) ਨੀਲਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਪ੍ਰਗਟ ਕੀਤਾ, ਤਾਂ ਉਦੋਂ ਵੀ ਉਨ੍ਹਾਂ ਨੇ ਵੀ ਪੰਜ ਪਿਆਰਿਆਂ ਨੂੰ ਵੀ ਨੀਲੇ ਬਸਤਰ ਪੁਆਏ ਸੀ ਅਤੇ ਆਪ ਵੀ ਪਹਿਣੇ ਸਨ (ਵੇਖੋ ਹੇਠਾਂ *¹ ਵਾਲਾ ਨੁਕਤਾ)। 16 ਜਨਵਰੀ 1704 ਨੂੰ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ 'ਫੱਰਰਾ' ਦੀ ਰਿਵਾਇਤ ਸ਼ੁਰੂ ਕੀਤੀ ਤਾਂ ਵੀ ਉਨ੍ਹਾਂ ਨੇ ਨੀਲਾ 'ਫੱਰਰਾ' ਹੀ ਸ਼ੁਰੂ ਕੀਤਾ ਸੀ (ਵੇਖੋ ਹੇਠਾਂ *² ਵਾਲਾ ਨੁਕਤਾ)। 
ਭਾਵੇ ਸਿੱਖ ਲਈ ਕਿਸੇ ਰੰਗ ਦੀ ਵਰਤੋਂ ਦੀ ਕੋਈ ਪਾਬੰਦੀ ਨਹੀਂ ਹੈ। ਉਹ ਕਿਸੇ ਵੀ ਰੰਗ ਦੀ ਕੋਈ ਵੀ ਚੀਜ਼ ਵਰਤ ਸਕਦਾ ਹੈ। ਉਂਞ ਨੀਲਾ ਰੰਗ ਬਹੁਤ ਸਾਰੇ ਗੁਰੂ ਸਾਹਿਬਾਨ ਵੱਲੋਂ ਵਧੇਰੇ ਵਰਤਿਆ ਗਿਆ ਹੈ, ਖਾਸ ਕਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ। ਸਿੱਖ ਲਿਟਰੇਚਰ ਵਿਚ, ਪ੍ਰਮਾਤਮਾ ਨੂੰ ਨੀਲੇ ਕੱਪੜਿਆਂ ਵਾਲਾ ਪੇਸ਼ ਕੀਤਾ ਗਿਆ ਹੈ। ਕਿਉਂਕਿ ਆਸਮਾਨ ਅਤੇ ਸਮੁੰਦਰ ਦੋਵੇਂ ਹੀ ਡੂੰਘਾਈ/ਗਹਿਰਾਈ ਕਾਰਨ ਨੀਲੇ ਦਿਸਦੇ ਹਨ ਅਤੇ ਡੂੰਘਾਈ ਨੂੰ ਆਮ ਤੌਰ ਤੇ ਰੱਬ ਦੇ ਚਿੰਨ੍ਹ (ਸ਼ੇਮਬੋਲ) ਵਜੋਂ ਪੇਸ਼ ਕੀਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਨੀਲ ਬਸਤਰ’ ਦਾ ਜ਼ਿਕਰ ਵੀ ਆਉਂਦਾ ਹੈ। ਨੀਲ ਬਸਤਰ ਦਾ ਲਫ਼ਜ਼ੀ ਮਾਅਨਾ ਹੈ: ਰੰਗਦਾਰ ਕੱਪੜੇ। ਇਸ ਦਾ ਮਤਲਬ ਨੀਲੇ ਰੰਗ ਦੇ ਕਪੜੇ ਨਹੀਂ, ਬਲਕਿ ਕਿਸੇ ਵੀ ਰੰਗ ਦੇ ਕਪੜੇ ਹੈ। (ਵੇਖੋ: ਡਾ: ਗੁਲਵੰਤ ਸਿੰਘ, ਫ਼ਾਰਸੀ-ਪੰਜਾਬੀ ਕੋਸ਼)।
ਅਸਲ ਵਿਚ, ਹਰਾ ਰੰਗ (ਨੀਲਾ ਨਹੀਂ), ਮੁਸਲਮਾਨਾਂ ਦਾ ਕੌਮੀ/ਧਾਰਮਿਕ ਰੰਗ ਮੰਨਿਆ ਜਾਂਦਾ ਹੈ। 'ਆਸਾ ਦੀ ਵਾਰ' ਵਿਚ ਜਿਹੜਾ 'ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ...' ਦਾ ਜ਼ਿਕਰ ਹੈ ਉਹ ਨੀਲੇ ਰੰਗ ਵਾਸਤੇ ਨਹੀਂ ਬਲਕਿ ਮੁਸਲਿਮ ਨੀਲ ਪਹਿਰਾਵੇ (ਹਰੇ ਰੰਗ ਦੇ) ਵਾਸਤੇ ਹੈ।
ਹੁਣ ਉੱਪਰ ਜ਼ਿਕਰ ਕੀਤੇ ਨਿਸ਼ਾਨ ਸਾਹਿਬ (ਝੰਡੇ) ਅਤੇ ਫੱਰਰੇ/ਦਸਤਾਰ ਦੇ ਰੰਗ ਵੱਲ ਆਉਂਦਾ ਹਾਂ:
*¹ ਜੋ ਕਪੜੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਪੰਜ ਪਿਆਰਿਆਂ ਨੇ ਅਨੰਦਪੁਰ ਸਾਹਿਬ ਵਿਖੇ ਪਹਿਲੀ ਖੰਡੇ ਦੀ ਪਾਹੁਲ ਦੀ ਰਸਮ  ਨੂੰ ਸ਼ੁਰੂ ਕਰਨ ਵੇਲੇ ਪਾਏ ਸਨ, ਉਹ ਨੀਲੇ ਸਨ। 
ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ ਵਿਚ ‘ਖੰਡੇ ਦੀ ਪਾਹੁਲ’ ਦੇਣ ਦਾ ਦ੍ਰਿਸ਼ ਸਾਫ਼ ਲਫ਼ਜ਼ਾਂ ਵਿਚ ਇੰਞ ਪੇਸ਼ ਕੀਤਾ ਹੋਇਆ ਮਿਲਦਾ ਹੈ:
“ਗੁਰੂ ਗੋਬਿੰਦ ਸਿੰਘ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ। ਪ੍ਰਿਥਮੈ ਦੈਆਰਾਮ ਸੋਪਤੀ ਖਤਰੀ ਬਾਸੀ ਲਾਹੌਰ ਖਲਾ ਹੂਆ, ਪਾਛੇ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜਫਰਾਬਾਦ, ਧਰਮ ਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੂਏ, ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਵੇਸ ਅਪਨਾ ਕੀਆ।”
 (ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ, 1699 ਦੀ ਲਿਖਤ)
“ਇਨ ਪਾਂਚੋਂ ਕੋ ਪਾਂਚ ਪਾਂਚ ਕਕਾਰ ਦੀਨੇ। ਨੀਲੇ ਰਾਂਗ ਕੀਆਂ ਦੂਹਰੀਆਂ ਦਸਤਾਰਾਂ ਸਜਾਇ ਤਿਆਰ ਕੀਆ ਗਿਆ।” (ਗੁਰੂ ਕੀਆਂ ਸਾਖੀਆਂ, ਸਾਖੀ ਨੰਬਰ 58, 1780 ਦੀ ਲਿਖਤ)।
“ਮਹਾਂਕਾਲ ਕਾ ਬਾਣਾ ਨੀਲਾ ਪਹਿਰਾਵਣਾ। ਕਰਨਾ ਜੁਧ ਨਾਲ ਤੁਰਕਾਂ ਅਤੇ ਤੁਰਕਾਂ ਕੋ ਮਾਰ ਹਟਾਵਣਾ।293॥” (ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ,  ਬੰਦ 293, 1769 ਦੀ ਲਿਖਤ)।
“ਨਵਤਨ ਪੰਥ ਮਰਿਯਾਦ ਕਰ, ਕਰੈਂ ਕਲਕੀ ਧਰਮ ਪ੍ਰਕਾਸ। ਸੀਸ ਕੇਸ ਨੀਲਾਂਬਰੀ, ਸਿੰਘ ਸੰਗਿਆ ਤੇਜ ਨਿਵਾਸ।” (ਸਰੂਪ ਚੰਦ ਭੱਲਾ, ਮਹਿਮਾ ਪ੍ਰਕਾਸ਼, 1776 ਦੀ ਲਿਖਤ)।
*² ਗੁਰੂ ਸਾਹਿਬ ਦੇ ਸਮੇਂ ਦੌਰਾਨ ਸਿੱਖਾਂ ਦੇ ਨਿਸ਼ਾਨ ਸਾਹਿਬ (ਝੰਡੇ) ਦਾ ਰੰਗ ਵੀ ਨੀਲਾ ਸੀ ਤੇ ਇਸ ਦਾ ਪੁਸ਼ਾਕਾ (ਬਾਂਸ ਦਾ ਕਪੜਾ) ਸੁਰਮਈ ਸੀ: “ਗੁਰੂ ਜੀ ਨੇ ਉਸੀ ਵਕਤ ਬੜੀ ਦਸਤਾਰ*³ ਕੋ ਉਤਾਰ ਨੀਚੇ ਕੇਸਗੀ ਮੇਂ ਸੇ ਨੀਲੇ ਰਾਂਗ ਕਾ ਫਰਰਾ ਨਿਕਾਲ ਕੇ ਬਚਨ ਕੀਆ ਇਹ ਖਾਲਸਾਈ ਨਿਸ਼ਾਨ ਕਭੀ ਆਗੇ ਸੇ ਟੂਟੇਗਾ ਨਹੀਂ।” (ਗੁਰੂ ਕੀਆਂ ਸਾਖੀਆਂ, ਸਾਖੀ 75)। 
*³ਗੁਰੂ ਸਾਹਿਬ ਦੀ ਵੱਡੀ ਦਸਤਾਰ ਸੁਰਮਈ ਰੰਗ ਦੀ ਸੀ। ਸਾਰੇ ਸਿੱਖ ਸੁਰਮਈ ਦਸਤਾਰਾਂ ਸਜਾਉਂਦੇ ਹੁੰਦੇ ਸਨ।
1723 ਵਿਚ ਅਕਾਲ ਪੁਰਖੀਆਂ ਤੇ ਬੰਦਈਆਂ (ਅਖੌਤੀ ਤੱਤ ਖਾਲਸਾ ਤੇ ਬੰਦਈ ਖਾਲਸਾ) ਵਿਚ ਝਗੜਾ ਬਹੁਤ ਵਧ ਗਿਆ। ਬੰਦਈ ਆਗੂ ਅਮਰ ਸਿੰਘ ਕੰਬੋਜ ਨੇ ਨੀਲਾ ਰੰਗ ਛੱਡ ਕੇ ਲਾਲ ਕਪੜੇ ਪਹਿਣਨਾ ਸ਼ੁਰੂ ਕਰਵਾ ਦਿੱਤਾ ਸੀ:
“ਨੀਲਾ ਬੰਦ ਕਰਾਇਆ ਅੰਬਰ ਪਹਿਣਨਾ। 
ਸੂਹਾ ਅੰਗ ਲਗਾਇਆ ਇਸ ਦੇ ਸੇਵਕਾਂ।” (ਸ਼ਹੀਦ ਬਿਲਾਸ, ਬੰਦ 143)।
ਜਦੋਂ ਭਾਈ ਮਨੀ ਸਿੰਘ ਨੇ ‘ਅਕਾਲ ਪੁਰਖੀਆਂ’ ਤੇ ‘ਬੰਦਈਆਂ’ (ਅਖੌਤੀ ਤੱਤ ਖਾਲਾਸਾ ਤੇ ਬੰਦਈ ਖਾਲਸਾ) ਦਾ ਝਗੜਾ ਹੱਲ ਕਰਵਾਇਆ ਤਾਂ ਉਸ ਨੇ ਬੰਦਈਆਂ ਨੂੰ ਦੋਬਾਰਾ ਨੀਲੇ ਰੰਗ ਦੇ ਕਪੜੇ ਪਹਿਣਾਏ:
“ਝਟਕਾ ਕਰ ਕੇ ਸੂਰ ਕਾ, ਮਨੀ ਸਿੰਘ ਮੰਗਵਾਇ। 
ਸੰਗਤ ਸਿੰਘ ਥੀਂ ਆਦਿ ਲੈ, ਬੰਦੀਅਨ ਦਿਓ ਛਕਾਇ।150॥ 
ਲਾਇ ਤਨਖ਼ਾਹ ਬਖ਼ਸ਼ੇ ਸਭੀ, ਨੀਲੰਬਰ ਪਹਿਣਾਏ। 
ਭਰਮ ਭੇਦ ਸਭ ਮਿਟ ਗਯੋ, ਭਈ ਏਕਤਾ ਆਇ।151॥ 
(ਸ਼ਹੀਦ ਬਿਲਾਸ, ਬੰਦ 150-51)।
ਭਾਈ ਮਨੀ ਸਿੰਘ ਬਾਰੇ ਜ਼ਿਕਰ ਹੈ:
“ਸਾਜ ਦੁਮਾਲਾ, ਸ਼ਸਤਰ ਪਹਿਰੈ। 
ਨੀਲੰਬਰ, ਗਜ ਸਵਾ ਕਛਹਿਰੇ।”    (ਸ਼ਹੀਦ ਬਿਲਾਸ, ਬੰਦ 185)
ਗੁਰਦਾਸ ਸਿੰਘ (ਜਿਸ ਦੀ ਵਾਰ ਨੂੰ ਕੁਝ ਲੋਕ ਭੁਲੇਖੇ ਵਿਚ ਭਾਈ ਗੁਰਦਾਸ ਸਮਝਦੇ ਰਹੇ ਸਨ) ਦੀ ਵਾਰ, ਜੋ ਭਾਈ ਵੀਰ ਸਿੰਘ ਨੇ ਭਾਈ ਗੁਰਦਾਸ ਦੀਆਂ ਦੀਆਂ ਵਾਰਾਂ ਦੇ ਨਾਲ 41ਵੀਂ ਵਾਰ ਵਜੋਂ ਛਾਪੀ ਸੀ, ਉਸ ਵਿਚ ਵੀ (ਵੇਖੋ: ਵਾਰਾਂ ਭਾਈ ਗੁਰਦਾਸ, ਸਫ਼ਾ 641) ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ‘ਖੰਡੇ ਦੀ ਪਾਹੁਲ’ ਦੇਣ ਸਮੇਂ ਨੀਲੇ ਬਸਤਰ ਪਹਿਣਨ ਬਾਰੇ ਸਾਫ਼ ਲਿਖਿਆ ਹੈ:
ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰੁ ਜਾਪ ਅਪਾਰਾ।
ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ। (ਪਉੜੀ 15)
ਦਯਾ ਸਿੰਘ ਦੇ ਰਹਿਤਨਾਮੇ ਵਿਚ ਵੀ ਨੀਲੇ ਰੰਗ ਦੇ ਬਸਤਰ ਦਾ ਹੁਕਮ ਦੱਸਿਆ ਮਿਲਦਾ ਹੈ:ਜੋ ਅਕਾਲੀ ਰੂਪ ਹੈ, ਨੀਲ ਬਸਤ੍ਰ ਧਹਿਰਾਇ।ਜਪੇ ਜਾਪੂ ਗੁਰਬਰ ਅਕਾਲ, ਸਰਬ ਲੋਹ ਪਹਿਰਾਇ।1।(ਪਿਆਰਾ ਸਿੰਘ ਪਦਮ, ਰਹਿਤਨਾਮੇ, ਸਫ਼ਾ 78, 1991 ਦੀ ਐਡੀਸ਼ਨ)
ਪਰ, ਹੁਣ, ‘ਖੰਡੇ ਦੀ ਪਾਹੁਲ’ ਦੇਣ ਵਾਲੇ ‘ਪੰਜ ਪਿਆਰਿਆਂ’ ਅਤੇ ਜਲੂਸਾਂ ਵਿਚ ਅੱਗੇ ਚੱਲਣ ਵਾਲੇ, ਨੰਗੀਆਂ ਕਿਰਪਾਨਾਂ ਤੇ ਨਿਸ਼ਾਨ ਸਾਹਿਬਾਂ ਵਾਲੇ ਪੰਜ ਸਿੱਖਾਂ ਦੇ ਕਪੜਿਆਂ ਦਾ ਰੰਗ ਨੀਲੇ ਦੀ ਥਾਂ ’ਤੇ ਉਦਾਸੀਆਂ, ਬ੍ਰਾਹਮਣਾਂ ਵਾਲਾ ਰੰਗ ਪੀਲਾ/ਕੇਸਰੀ/ਭਗਵਾ/ਬਸੰਤੀ ਸ਼ੁਰੂ ਹੋ ਗਿਆ ਹੈ। ਇਹ ਲੋਕ ਗੁਰੂ ਦਾ ਨੀਲੰਬਰ ਰੰਗ ਭੁੱਲ ਗਏ ਹਨ।
ਨਿਸ਼ਾਨ ਸਾਹਿਬ ਨੀਲੇ ਤੋਂ ਪੀਲਾ/ਕੇਸਰੀ/ਭਗਵਾ/ਬਸੰਤੀ ਕਿਵੇਂ ਬਣਿਆ:
ਮਹਾਰਾਜਾ ਰਣਜੀਤ ਸਿੰਘ ਵੇਲੇ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਮਹੰਤ ਸੰਤੋਖ ਦਾਸ 'ਉਦਾਸੀ' ਦਾ ਬੁੰਗਾ ਸੀ, ਜਿਸ ਦੇ ਬਾਹਰ ਉਸ ਦਾ 'ਉਦਾਸੀ' ਮੱਤ ਦਾ ਝੰਡਾ ਖੜ੍ਹਾ ਹੁੰਦਾ ਸੀ। ਇਕ ਵਾਰ ਇਹ ਝੰਡਾ ਟੁੱਟ ਕੇ ਡਿੱਗ ਪਿਆ। ਉਨ੍ਹੀਂ ਦਿਨੀਂ ਕੰਵਰ ਨੌਨਿਹਾਲ ਸਿੰਘ ਅੰਮ੍ਰਿਤਸਰ ਆਇਆ ਹੋਇਆ ਸੀ। ਉਸ ਨੇ ਝੰਡਾ ਡਿੱਗਾ ਪਿਆ ਵੇਖ ਕੇ ਨਵਾਂ ਪੱਕਾ ਝੰਡਾ ਬਣਵਾ ਦਿੱਤਾ। ਮਗਰੋਂ ਇਸ ਦੇ ਨਾਲ ਇਕ ਹੋਰ ਝੰਡਾ ਖੜਾ ਕਰ ਦਿੱਤਾ ਗਿਆ (ਜਿਸ ਨੂੰ ਕੁਝ ਸਿੱਖ ਮੀਰੀ-ਪੀਰੀ ਦੇ ਦੋ ਨਿਸ਼ਾਨ ਸਾਹਿਬ ਕਹਿਣ ਲਗ ਪਏ)।
ਜਦੋਂ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਮਹੰਤਾਂ (1859-1920) ਦੇ ਹੱਥ ਵਿਚ ਸੀ ਤਾਂ ਉਨ੍ਹਾਂ ਮਹੰਤਾਂ ਨੇ ਝੰਡੇ ਬੁੰਗੇ ਵਾਲੇ ਝੰਡੇ ਦਾ ਰੰਗ, ਉਦਾਸੀਆਂ ਵਾਲਾ ਹੀ ਰਹਿਣ ਦਿੱਤਾ ਸੀ। 
ਜਦੋਂ 1920-25 ਵਿਚ ਸਿੱਖਾਂ ਨੇ ਉਦਾਸੀਆਂ ਕੋਲੋਂ ਅਤੇ ਹੋਰਨਾਂ ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਕਬਜ਼ਾ ਛੁਡਵਾਇਆ ਤਾਂ ਉਹ ਗੁਰਦੁਆਰਿਆਂ ਵਿਚ ਪ੍ਰਚਲਤ ਕਈ ਅਸਿੱਖ ਕਾਰਵਾਈਆਂ ਨੂੰ ਬੰਦ ਕਰਨਾ ਭੁੱਲ ਗਏ ਸਨ। ਨਿਸ਼ਾਨ ਸਾਹਿਬ ਦਾ ਉਦਾਸੀਆਂ ਵਾਲਾ ਰੰਗ ਇਨ੍ਹਾਂ ਅਸਿੱਖ ਕਾਰਵਾਈਆਂ ਵਿਚੋਂ ਇਕ ਸੀ। ਉਦਾਸੀ ਮਹੰਤਾਂ ਨੇ ਗੁਰਦੁਆਰਿਆਂ 'ਤੇ ਉਦਾਸੀਆਂ ਦੇ ਭਗਵੇ/ਪੀਲੇ ਝੰਡੇ ਲਾਏ ਹੋਏ ਸਨ। ਅਕਾਲੀਆਂ ਨੇ ਉਨ੍ਹਾਂ ਤੋਂ ਗੁਰਦੁਆਰੇ ਤਾਂ ਆਜ਼ਾਦ ਕਰਵਾ ਲਏ ਪਰ ਉਨ੍ਹਾਂ ਦੇ ਝੰਡੇ ਉਤਾਰ ਕੇ ਖਾਲਸਾਈ ਝੰਡੇ ਲਾਉਣਾ ਭੁੱਲ ਗਏ। ਇਸੇ ਕਰ ਕੇ ਬਹੁਤੇ ਗੁਰਦੁਆਰਿਆਂ 'ਤੇ ਅੱਜ ਵੀ ਉਦਾਸੀਆਂ ਦੇ ਪੀਲੇ, ਬਸੰਤੀ, ਭਗਵੇ ਝੰਡੇ ਝੁੱਲ ਰਹੇ ਹਨ, ਪਰ ਨਿਹੰਗਾਂ ਦੀਆਂ ਛਾਉਣੀਆਂ ’ਤੇ ਸਿਰਫ਼ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲਦੇ ਹਨ ਕਿਉਂਕਿ ਇਨ੍ਹਾਂ ਛਾਉਣੀਆਂ ਅਤੇ ਉਨ੍ਹਾਂ ਦੇ ਕਬਜ਼ੇ ਹੇਠਲੇ ਗੁਰਦੁਆਰਿਆਂ ’ਤੇ ਉਦਾਸੀਆਂ ਦਾ ਕਬਜ਼ਾ ਨਹੀਂ ਸੀ ਤੇ ਉੱਥੇ ਸਿੱਖੀ ਦਾ ਖਾਲਸ ਰੰਗ ਕਾਇਮ ਰਿਹਾ ਸੀ।
ਹੁਣ ਬੇਸਮਝ ਸਿੱਖਾਂ ਨੇ ਵੀ ਪੀਲੇ/ਭਗਵੇ/ਕੇਸਰੀ ਰੰਗ ਨੂੰ ਜਿਵੇਂ ਕਿ ਸਿੱਖ-ਰੰਗ ਵਜੋਂ ਮਨਜ਼ੂਰ ਕਰ ਲਿਆ ਜਾਪਦਾ ਹੈ ਜੋ ਕਿ ਗ਼ਲਤ ਹੈ। ਨਿਹੰਗ, ਜੋ ਕਿ ਸਿੱਖ ਕੌਮ ਦੇ ਝੰਡਾ ਫੜ ਕੇ ਜੰਗਾਂ ਦੌਰਾਨ ਅੱਗੇ ਚਲਿਆ ਕਰਨ ਵਾਲੇ (ਨਿਸ਼ਾਨਚੀ) ਸਨ, ਉਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਾ ਨੀਲਾ ਰੰਗ ਅਜ ਤਕ ਕਾਇਮ ਰੱਖਿਆ ਹੈ।

No comments:

Post a Comment