Thursday, June 12, 2014

30 ਸਾਲਾਂ ਜੂਨ 84 ਸੰਘਰਸ਼ ਦੀ ਗਾਥਾ: ਦੁਸ਼ਮਨ ਰਾਹੀਂ "ਸਿੱਖ ਹੱਥੀ ਸਿੱਖਾਂ ਦਾ ਸਰਬ ਨਾਸ਼”

30 ਸਾਲਾਂ ਜੂਨ 84 ਸੰਘਰਸ਼ ਦੀ ਗਾਥਾ:  ਦੁਸ਼ਮਨ ਰਾਹੀਂ  "ਸਿੱਖ ਹੱਥੀ ਸਿੱਖਾਂ ਦਾ ਸਰਬ ਨਾਸ਼” 
30 ਸਾਲਾਂ ਜੂਨ 84 ਸੰਘਰਸ਼ ਦੀ ਗਾਥਾ:  ਦੁਸ਼ਮਨ ਰਾਹੀਂ  "ਸਿੱਖ ਹੱਥੀ ਸਿੱਖਾਂ ਦਾ ਸਰਬ ਨਾਸ਼” 

ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਸਰਕਾਰ ਦੇ ਫੌਜੀ ਹਮਲੇ ਨਾਲ ਭਾਰਤ ਅੰਦਰ ਖ਼ਾਸ ਕਰ ਅੰਮ੍ਰਿਤਧਾਰੀ ਤੇ ਆਮ ਤੌਰ ਤੇ ਕੇਸਾਧਾਰੀ ਗੁਰਸਿੱਖਾਂ ਦੇ ਕਤਲੇਆਮ ਦਾ ਇੱਕ ਨਾ ਖ਼ਤਮ ਹੋਣ ਵਾਲਾ ਦੌਰ ਆਰੰਭ ਹੋਇਆ। ਦਰਅਸਲ ਇਹ ਭਾਰਤ ਅੰਦਰ ਹਕੂਮਤੀ ਤਾਕਤ ਰਾਹੀਂ ਸਿੱਖ ਕੌਮ ਦੇ ਖ਼ਾਲਸਤਾਈ ਸਭਿਅਤਾ ਦੇ ਨਸਲ ਘਾਤ ਦਾ ਦਮਨਕਾਰੀ ਅਣਮਨੁੱਖੀ ਜ਼ਾਲਮਾਨਾ ਢੰਗ ਤਰੀਕੇ ਤੋਂ ਲੈ ਕੇ ਹਰ ਪੱਧਰ ਤੇ ਕੀਤੇ ਜਾਣ ਵਾਲੇ ਨਸਲ ਘਾਤ ਦਾ ਆਰੰਭ ਸੀ, ਜੋ ਚਲ ਰਿਹਾ ਹੈ। ਇਸ ਦਾ ਨਿਸ਼ਾਨਾਂ "ਖ਼ਾਲਸਾ ਪੰਥ ਦੀ ਸੁਤੰਤਰ, ਅੱਡਰੀ, ਵਿਲੱਖਣ ਹੋਂਦ” ਨੂੰ ਜਿਸਮਾਨੀ ਤੋਂ ਲੈ ਕੇ ਬੌਧਿਕ ਪੱਧਰ ਤਕ ਅਤੇ ਸਭਿਅਤਾ ਤੋਂ ਲੈ ਕੇ ਧਰਮ ਤਕ ਦਾ ਮੂਲ ਨਾਸ਼ ਕਰਨਾ ਮਿਥਿਆ ਗਿਆ ਹੈ। ਜਿਸ ਦੀ ਤਰਜਮਾਨੀ ਭਾਰਤ ਦੀ ਫੌਜ ਨੇ ਆਪਣੇ ਰਸਾਲੇ ‘ਬਾਤਚੀਤ’ ਵਿੱਚ ਭਾਰਤ ਅੰਦਰਲੇ ਦੇਸ਼ ਧਰੋਹੀ, ਅਤਿਵਾਦੀ ਅਤੇ ਵੱਖਵਾਦੀਆਂ ਦੀ ਸ਼ਨਾਖ਼ਤ ਨਿਮਿਤ ਇਸ ਪਹਿਚਾਣ ਨੂੰ ਪ੍ਰਸਾਰਿਤ ਕੀਤਾ ‘ਜਿਨ੍ਹਾਂ ਦੀ ਲੰਮੀ ਦਾੜ੍ਹੀ, ਮੁੱਛਾਂ ਅਤੇ ਸਿਰ ਦੇ ਵਾਲ ਹੁੰਦੇ ਹਨ, ਗਲੇ ਵਿੱਚ ਛੋਟੀ ਕਟਾਰ, ਹੱਥ ਵਿੱਚ ਕੜਾ, ਸਿਰ ਤੇ ਜ਼ਿਆਦਾਤਰ ਕੇਸਰੀ ਜਾਂ ਕਦੇ ਕਦੇ ਨੀਲੀ ਪਗੜੀ, ਹੁੰਦੀ ਹੈ; ਅਜਿਹਾ ਕੋਈ ਵੀ ਵਿਅਕਤੀ ਕਿਤੇ ਵੀ ਦਿਖਾਈ ਦੇਵੇ ਫੌਜ ਦੇ ਨੇੜਲੀ ਚੌਂਕੀ, ਜਾਂ ਪੁਲਿਸ ਠਾਣੇ ਜਾਂ ਨੀਮ ਫੌਜੀ ਦਸਤਿਆਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਅਤੇ ਜੇ ਕਰ ਅਜਿਹਾ ਕਰਨਾ ਸੰਭਵ ਨਹੀਂ ਤਾਂ ਉਸ ਨੂੰ ਸਮੂਹਿਕ ਤੌਰ ਤੇ ਪਕੜ ਲਿਆ ਜਾਵੇ। ਜੇ ਭੱਜੇ ਤਾਂ ਮਾਰ ਦਿੱਤਾ ਜਾਵੇ’। ਅਪਰੇਸ਼ਨ "ਬਲਿਉ ਸਟਾਰ” ਤੋਂ ਬਾਅਦ ਅਰੰਭੇ ਗਏ ਅਪਰੇਸ਼ਨ ‘ਸਰਚ’ ਦਾ ਇਹੋ ਭਾਰਤੀ ਮੰਤਰ ਸੀ। ਫਿਰ ਅਪਰੇਸ਼ਨ ‘ਮੰਡ’ ਚਲਿਆ। ਇਸ ਤੋਂ ਬਾਅਦ ਅਪਰੇਸ਼ਨ ‘ਵੂਡ ਰੋਜ਼’ ਚਲਿਆ। ਅਪਰੇਸ਼ਨ ‘ਬਲੈਕ ਥੰਡਰ’ ‘ਇਕ’ ਅਤੇ ‘ਦੋ’ ਹੋਏ। ਜਿਸ ਨੇ ਲੱਖਾਂ ਹੀ ਜਾਨਾਂ ਲੈ ਲਈਆਂ।
ਜੋ ਕਿਸੇ ਵੀ ਲੇਖੇ ਵਿੱਚ ਦਰਜ ਨਹੀਨ ਕੀਤਾ ਗਿਆ ਉਹ ਇੱਕ ਦੌਰ ਸੀ ਪੰਜਾਬ ਅੰਦਰ ‘ਫੌਜੀ ਮਸ਼ਕਾਂ’ ਦਾ ਅਰੰਭ ਕਰਨਾ। ਇਹ ਇੱਕ ਅਜਿਹੀ ਸਿੱਕ ਕਤਲੇਆਮ ਦੀ ਪਰਦੇ ਪਿਛਲੀ ਕਾਰਵਾਈ ਸੀ ਜਿਸ ਰਾਹੀਂ ਬਹੁਤ ਸਾਰੇ "ਪੰਥਕ ਸੋਚ ਰੱਖਣ ਵਾਲਿਆਂ” ਦਾ ਜਿਸਮਾਨੀ ਅਤੇ ਜਿਹੜੇ ਹਕੂਮਤੀ ਸੋਚ ਨੂੰ ਮੰਨ ਗਏ ਉਨ੍ਹਾਂ ਦੀ "ਪੰਥਕ” ਸੋਚ ਦਾ ਸਫਾਇਆ ਕਰ ਦਿੱਤਾ ਗਿਆ।
ਫਿਰ ‘ਕੈਟ ਸੈਨਾ’ ਭਰਤੀ ਹੋਈ। ਪੰਜਾਬ ਪੁਲਿਸ ਵਿੱਚ ਹੀ ਅਸੰਵਿਧਾਨਿਕ ‘ਗੈਰ ਪੁਲਿਸ ਫੋਰਸ’ ਬਕਾਇਦਾ ਸ਼ਨਾਖ਼ਤੀ ਕਾਰਡਾਂ ਨਾਲ ‘ਆਲਮ ਸੈਨਾ’, ‘ਗੋਵਿੰਦ ਸੈਨਾ’, ‘ਪੂਹਲਾ ਸੈਨਾ’ ਦੀ ਭਰਤੀ ਹੋਈ। ਪੁਰਾਣੇ ਨਕਸਲਾਈਟਾਂ ਨੂੰ ‘ਸਿੱਖ ਹਮਦਰਦ ਕੈਟ ਬਣਾ’ ਕੇ ਭਰਤੀ ਕਰ ਨਾਮ ਬਦਲ ਕੇ ਕਈ ‘ਅਜਮੇਰ’ ਅਤੇ ‘ਕਰਮ’ ਪੰਜਾਬ ਦੀਆਂ ਅਖ਼ਬਾਰਾਂ ਅਤੇ ਮੀਡੀਏ ਵਿੱਚ ਭਰਤੀ ਅਤੇ ਸਰਗਰਮ ਕੀਤੇ ਗਏ।
‘ਰਿਬੇਰੋ’, ‘ਗਿੱਲ’, ‘ਗਰੇਵਾਲ’, ‘ਸ਼ਰਮਾ’, ‘ਸੈਣੀ’, ‘ਸਵਰਨਾ’, ਆਦਿ ਦੇ ‘ਤਸਦੀਕ ਸ਼ੁਦਾ’, "ਕੋਡੇਡ” ‘ਖਾੜਕੂ’ ਭਰਤੀ ਕਰਕੇ ਸਿੱਖ ਸੰਘਰਸ਼ ਵਿੱਚ ਤੋਰੇ ਗਏ। ਜਿੰਨਾਂ ਲਈ ਸਾਧਨਾਂ ਦੇ ਸ੍ਰੋਤ ਵਜੋਂ ਕਈ ਨਾਮੀ ਗਿਰਾਮੀ ‘ਸਰੂਪੇ’, ਚੰਡੀਗੜ੍ਹ ਅਤੇ ਪੰਜਾਬ ਦੇ ‘ਪ੍ਰੋਫੈਸਰਾਂ’ ਨੂੰ ਸੋਮਾ ਬਣਾਇਆ ਗਿਆ।
ਪੰਜਾਬ ਦੇ ਪਿੰਡਾਂ ਵਿੱਚ ਗਲਤ ਕਾਰਵਾਈਆਂ ਕਰਵਾਉਣ ਲਈ ‘ਕਾਲਾ’, ‘ਸੱਪ’, ‘ਨੀਲਾ’, ‘ਕੁਲਬੀਰਾ’, ‘ਗੁਰਨਾਮਾ’ ਵਰਗੇ ਕੈਟ ਭਰਤੀ ਕਰਕੇ ਸਿੱਖ ਸੰਘਰਸ਼ ਨੂੰ ਬਦਨਾਮੀ ਦੀ ਸਿਖਰ ਤਕ ਪਹੁੰਚਾਉਣ ਦੀ ਮੁਹਿੰਮ ਅਰੰਭੀ ਗਈ।
ਸਰਕਾਰੀ ਨਜ਼ਰੀਏ ਅਨੁਸਾਰ ‘ਵਿਵਸਥਾ ਨੂੰ ਮਨਭਾਉਂਦਾ’ ਪ੍ਰਾਪੇਗੰਡੇ ਲਈ ਟੀਮ ਬਣਾ ਕੇ ਕਈ ‘ਨਰਾਇਣੇ’ ਵਰਗੇ ਚੌੜੇ ਕਰਕੇ ਤੋਰੇ ਗਏ…ਵਗੈਰਾ ..ਵਗੈਰਾ…।
ਦੇਸ਼ ਅਤੇ ਵਿਦੇਸ਼ਾਂ ਵਿੱਚ ਇਨ੍ਹਾਂ ਸਭਨਾਂ ਲਈ ‘ਲਿੰਕ’, ‘ਸ੍ਰੋਤ’ ਅਤੇ ਹਮਦਰਦ ਗਰੁੱਪ ਬਣਾਏ ਗਏ ਹਨ। ਜੋ ਸਿੱਖ ਸੰਗਤਾਂ ਤੋਂ ਲੈ ਕੇ ਮੀਡੀਏ ਤਕ, ਪ੍ਰਸ਼ਾਸਨਿਕ ਅਤੇ ਸਮਾਜਿਕ ਵਿਵਸਥਾ ਤੋਂ ਲੈ ਕੇ ਸਰਕਾਰਾਂ ਤਕ ਫੈਲੇ ਹੋਏ ਹਨ।
ਇਨ੍ਹਾਂ ਸਭਨਾਂ ਦੇ ਕੰਟਰੋਲ ਲਈ ਅਤੇ ਕੰਮ ਲੈਣ ਲਈ ਭਾਰਤ ਦੀ ਰਾਜਧਾਨੀ ਦੇ ‘ਸਾਉਥ ਬਲਾਕ’ ਵਿੱਚ ‘ਕੇਂਦਰੀ ਵਿਚਾਰ ਟੀਮ’ਬਿਠਾਈ ਗਈ ਜਿਸ ਦੀ ਸਹਾਇਤਾ ਲਈ ਭਾਰਤ ਦੀ ਹਰ ਇੱਕ ਅਜੈਂਸੀ ਵਿੱਚੋਂ ਲੈ ਕੇ ਤਿੰਨ ਦਰਜਨ ਤੋਂ ਵੱਧ ‘ਕਾਰਵਾਈ ਗਰੁੱਪ’ ਬਣਾਏ ਗਏ। ਇਨ੍ਹਾਂ ਸਭਨਾਂ ਦੇ ਵੱਖੋ ਵੱਖ ਪਰ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਹਰ ਪੱਧਰ ਤੇ ਸੁਤੰਤਰ, ਸਰਬ ਸੱਤਾ ਸੰਪੰਨ ਮੁਖੀ ਬਣਾਏ ਗਏ। ਇਨ੍ਹਾਂ ਸਭਨਾ ਨੇ ਵੀ ਪੰਜਾਬ ਵਿੱਚ ਆਪੋ ਆਪਣੇ ‘ਸੂਹੀਏ’ ਅਤੇ ‘ਕੰਮ’ ਦੇ ਬੰਦੇ ਸਿੱਧੇ ਭਰਤੀ ਕੀਤੇ ਹੋਏ ਹਨ। ਇਹ ਪ੍ਰਬੰਧਕੀ ਨਿਜ਼ਾਮ ਲਗਾਤਾਰ ਚਲਦਾ ਆ ਰਿਹਾ ਹੈ ਅਤੇ ਭਾਰਤ ਵੱਲੋਂ ਮਿਥੇ ਜਾ ਚੁਕੇ ਨਿਸ਼ਾਨੇ ਨੂੰ ਜਦ ਤਕ ਪੂਰਾ ਨਾ ਕੀਤਾ ਜਾ ਸਕੇ, ਓਦੋਂ ਤਕ ਚਲਦਾ ਰਹੇਗਾ।
ਦੂਜੇ ਪਾਸੇ ਜੂਨ 84 ਦੇ ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਸਰਕਾਰ ਦੇ ਫੌਜੀ ਹਮਲੇ ਦਾ ਹੀ ਨਤੀਜਾ ਸੀ ਕਿ ਭਾਰਤ ਦੀ ਪ੍ਰਧਾਨ ਮੰਤ੍ਰੀ ਦੀ ਸੁਧਾਈ ਖ਼ਾਲਸਾ ਪੰਥ ਨੂੰ ਕਰਨੀ ਪਈ। ਜਿਸ ਤੋਂ ਬਾਅਦ ਆਮ ਭਾਰਤੀ ਹਿੰਦੂ ਲੋਕਾਂ ਨੇ ਕਾਂਗਰਸ, ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ., ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਮੁਹਿੰਮ ਤਹਿਤ ਸਿੱਖਾਂ ਨਾਲ ਬਦਲਾ ਲਊ ਕਾਰਵਾਈ ਤਹਿਤ ਨਵੰਬਰ 84 ਵਿੱਚ ਹੀ ਦੂਜਾ ਨਸਲ ਘਾਤੀ ਦੌਰ ਤੋਰਿਆ।
ਇਸੇ ਦੇ ਨਾਲੋਂ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਵਲੋਂ ਪ੍ਰਸ਼ਾਸਨਿਕ ਪੱਧਰ ਤੇ ਵੀ ਸਿੱਖ ਆਗੂਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਿੱਖਾਂ ਰਾਹੀਂ ਸਿੱਖਾਂ ਨੂੰ ਗੁਮਰਾਹ ਕਰ, ਤਬਾਹ ਕਰਵਾ ਦੇਣ ਦੀ ਕੂਟ ਨੀਤਕ ਅਰੰਭਤਾ ਦਾ ਵੀ ਦੌਰ ਚਲਦਾ ਆ ਰਿਹਾ ਹੈ। ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਦਰ ਜੂਨ 84 ਦੇ ਹਮਲੇ ਦੌਰਾਨ ਹੀ ਅਕਾਲੀ ਦਲ, ਭਿੰਡਰਾਂਵਾਲਾ ਧੜਾ, ਫ਼ੈਡਰੇਸ਼ਨ, ਖ਼ਾੜਕੂ ਸੁਰ ਰੱਖਣ ਵਾਲਿਆਂ ਅਤੇ ਬੱਬਰਾ ਤੋਂ ਇਲਾਵਾ ਜਲਾਵਤਨੀ ਖ਼ਾਲਿਸਤਾਨੀ ਸਰਕਾਰ ਦੇ ਪ੍ਰਤਿਨਿਧਾਂ ਨੂੰ ਪੇ ਰੋਲ਼ੀ ਬਣਾ ਲਿਆ ਗਿਆ। ਜਿਨ੍ਹਾਂ ਵਿੱਚੋਂ ਕੁਝ ਇੱਕ ਨੂੰ ‘ਭਿੰਡਰਾਂਵਾਲਾ ਜਿਉਂਦਾ ਹੈ’ ਦੇ ਮਿਸ਼ਨ ਨਾਲ ਤੋਰਿਆ ਗਿਆ, ਕੁਝ ਨੂੰ ਭਾਰਤ ਸਮੇਤ ਸੰਸਾਰ ਭਰ ਤੋਂ ਬਾਰਡਰ ਕ੍ਰਾਸ ਕਰਵਾਇਆ ਗਿਆ ਤਾਂ ਜੋ ਪੰਜਾਬ ਵਿਚਲੀ ਸਰਗਰਮ ਹੋਣ ਵਾਲੀ ਤਾਕਤ ਨੂੰ ਪਹਿਚਾਣਿਆ, ਘਟਾਇਆ ਤੇ ਠੱਲ੍ਹਿਆ ਜਾਵੇ ਤੇ ਉੱਥੋਂ ਪਿੰਡਾਂ ਵਿੱਚ ‘ਭਿੰਡਰਾਂਵਾਲਿਆਂ ਵੱਲੋਂ’ ਅਤੇ ਹੋਰ ਖਾੜਕੂ ਗਰੁੱਪਾਂ ਵੱਲੋਂ ਸੰਘਰਸ਼ ਨੂੰ ਕੁਰਾਹੇ ਪਉਣ ਵਾਲੇ ਸੁਨੇਹੇ ਭਿਜਵਾਏ ਜਾਂਦੇ ਰਹੇ ਹਨ।
ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਰੇਡਸ਼ਨ ਦੇ ਪਹਿਲੀ ਕਤਾਰ ਦੇ ਆਗੂ ਜੋ ਅੱਜ ਕਲ ਦੇ ਅਕਾਲੀ ਬਣ ਚੁਕੇ ਹਨ, ਨੂੰ ਬਿਠਾ ਕੇ ਸੰਗਤਾਂ ਨੂੰ ‘ਬਦਾਮ ਦੀ ਜਿਵੇਂ ਗਿਰੀ ਬਦਾਮ ਦੇ ਖੋਲ ਅੰਦਰ ਸੁਰੱਖਿਅਤ ਹੁੰਦੀ ਹੈ ਉਵੇਂ ਹੀ ਤੁਸੀ ਹੁਣ ਭਾਰਤੀ ਫੌਜ ਦੀ ਛਤਰ ਛਾਇਆ ਹੇਠ ਸੁਰੱਖਿਅਤ ਹੋ’ ਦੇ ਅਕਾਲੀ ਲੀਡਰਾਂ ਵੱਲੋਂ ਭਾਸ਼ਣ ਕਰਵਾਏ ਗਏ। ‘ਕੋਠਾ ਸਾਹਿਬ ਠੀਕ ਹੈ’ ਤੇ ‘ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ, ਸੇਵਾ ਸੰਭਾਲ ਮਰਿਆਦਾ ਅਨੁਸਾਰ ਬਹਾਲ ਹੈ’ ਦੇ ‘ਜੱਥੇਦਾਰਾਂ’ ਤੇ ‘ਸਿੰਘ ਸਾਹਿਬਾ’ ਵੱਲੋਂ ਬਿਆਨ ਦਿਵਾਏ ਗਏ। ਭਾਈ ਜਰਨੈਲ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਆਦਿ ਸਭ ਚੜ੍ਹਦੀਕਲਾ ਵਿੱਚ ਹਨ ਤੇ ਇੱਕ ਫੌਜੀ ਜੀਪ ਬਾਰਡਰ ਕੋਲੋਂ ਮਿਲੀ ਹੈ ਵਰਗੇ ਝੂਠ ‘ਦਮਦਮੀ ਟਕਸਾਲ’, ‘ਭਿੰਡਰਾਂਵਾਲਾ ਪਰਿਵਾਰ’ ਤੋਂ ਮਾਲਾ ਰਟਨ ਵਾਂਗ ਤੋਤਾ ਰਟਨ ਕਰਵਾਏ ਗਏ। ‘ਮਾਸਟਰ ਕਾਹਲੋਂ’ ਵਰਗੇ ਮਾਸਟਰ ਮਾਈਂਡ ਬਣਾ ਕੇ ‘ਤਲਵੰਡੀ’, ‘ਬਿਮਲਾ’ ਵਰਗੇ ਨਵੇਂ ਲੀਡਰ ‘ਅਕਾਲ ਤਖ਼ਤ ਅਤੇ ਉਸ ਦੀ ਸੰਪ੍ਰਭੂ ਸੋਚ ਨੂੰ ਮੁਕਾ ਅਤੇ ਢਾਅ’ ਦੇਣ ਲਈ ਪੈਦਾ ਕੀਤੇ ਗਏ। ਬਾਦਲ ਸਰਕਾਰ ਵਿੱਚ ਸਰਾਏਨਾਗਾ ਤੋਂ ਪੰਜਾਬ ਅੰਦਰ ਨਕਲੀ ਮੁਕਾਬਲਿਆਂ ਦਾ ਆਰੰਭ ਕਰਤਾ ਸ੍ਰੀ ਸਿਮਰਨ ਜੀਤ ਸਿੰਘ ਮਾਨ, ਭਿੰਡਰਾਂਵਾਲਾ ਦਾ ਉਹ ਫੌਜੀ ਭਰਾ ਜੋ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਸ਼ਨਾਖ਼ਤ ਕਰ ‘ਕੈਪਟਨ ਹਰਚਰਨ ਸਿੰਘ’ ਬਣਦਾ ਹੈ, ਨੂੰ ਸਿੱਖ ਰਾਜਨੀਤੀ ਦਾ ਹੀਰੋ ਬਣਾ ਕੇ ਸਥਾਪਿਤ ਕੀਤਾ ਜਾਂਦਾ ਹੈ। ਉਨ੍ਹਾਂ ਦੇ ਰਿਸ਼ਤੇਦਾਰ ਸ੍ਰੀ ਗੁਰਜੀਤ ਸਿੰਘ ਫੈਡਰੇਸ਼ਨ ਦਾ ਪ੍ਰਧਾਨ, ਭਾਈ ਜਸਬੀਰ ਸਿੰਘ ਨੂੰ ਪਹਿਲਾਂ ਵਿਦੇਸ਼ਾਂ ਤੇ ਫਿਰ ਪਾਕਿਸਤਾਨ ਰਾਹੀਂ ਭਾਰਤ ਵਿੱਚ ਲਿਆ ਕੇ ਇਨ੍ਹਾਂ ਨੂੰ ਸਿੱਖ ਸੰਘਰਸ਼ ਦਾ ਸਰਵੇ ਸਰਵਾ ਬਣਾ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਸਭਨਾ ਰਾਹੀਂ ਹੀ ਸਿੱਖ ਸੰਘਰਸ਼ ਨੂੰ ਅਤੇ ਸੰਘਰਸ਼ੀ ਸਿੱਖਾਂ ਨੂੰ ਮਾਰ ਮੁਕਾਉਣ ਦੀ ਭਾਰਤੀ ਮੁਹਿੰਮ ਦਾ ਰਾਜਨੀਤਕ ਹੀਰੋ ਬਣਾਇਆ ਜਾਂਦਾ ਹੈ। ਇਨ੍ਹਾਂ ਦੇ ਬਦਲ ਵਜੋਂ ਸ੍ਰੀ ਸਿਮਰਨ ਜੀਤ ਸਿੰਘ ਮਾਨ ਨਾਲ ਫੜੇ ਗਏ ਅਤੇ ਉਸ ਦੇ ਮਾਫ਼ੀਨਾਮੇ ਦੇ ਅਧਾਰ ਤੇ ਅਦਾਲਤੀ ਕਾਰਵਾਈ ਤੋਂ ਬਿਨਾਂ ਹੀ ਭਾਰਤ ਸਰਕਾਰ ਵੱਲੋਂ ‘ਭਗੌੜੇ ਕਰਕੇ’ ਕੈਦ ਤੋਂ ਰਿਹਾ ਕੀਤੇ ਗਏ ਸਾਥੀਆਂ, ਉਸ ਦੇ ਵਾਦਾ ਮੁਆਫ਼ ਸਰਕਾਰੀ ਗਵਾਹ ਭਤੀਜੇ ਅਤੇ ਪੀ ਏ ਅਤੇ ਸਰਕਾਰੀ ਸਟੈਨੋ ਸੁਰਤਾਜ, ਅਤੇ ਮਾਨ ਦੇ ਸਾਥੀ ਟੋਨੀ ਅਤੇ ਦਲੀਪੇ ਵਰਗਿਆਂ ਦਾ ਇੱਕ ਲੰਮਾ ਸਿਲਸਿਲਾ ਸੰਘਰਸ਼ ਵਿੱਚ ਅਜਿਹਾ ਵੀ ਸ਼ਾਮਲ ਹੈ ਜੋ ਹਮੇਸ਼ਾਂ ਹੀ ਭਾਰਤੀ ਅਜੈਂਸੀਆਂ ਦੇ ‘ਪੰਜ ਸਿਤਾਰਾ ਨਿਜ਼ਾਮ’ ਦੇ ਪਰਦੇ ਹੇਠਾਂ ਹੀ ਰਹੇਗਾ। ਇਹ ਉਹ ‘ਉੱਚ ਦਰਜੇ ਦਾ ਅਮਲਾ ਹੈ ਜੋ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਗ੍ਰਿਫ਼ਤਾਰੀ ਤੋਂ ਦੂਜੇ ਦਿਨ ਹੀ ਫੜਵਾ ਦਿੱਤੇ ਅਤੇ ਤੀਜੇ ਦਿਨ ਹੀ "ਵਿਸ਼ੇਸ਼ ਸੈਲ” ਦੀ ਸਹੂਲਤ ਹਾਸਲ ਕਰ ਰਿਹਾ ਕਰਵਾ ਕੇ ਸਰਗਰਮ ਕਰਵਾ ਦਿੱਤੇ ਗਏ……
ਇਨ੍ਹਾਂ ਲੰਘੇ 30 ਸਾਲਾਂ ਵਿੱਚ ਭਾਰਤ ਅਤੇ ਸੰਸਾਰ ਪੱਧਰ ਤੇ ਟਕਸਾਲੀ ‘ਦਮਦਮੀ’ ‘ਕੌਲੀ’ ਵਿੱਚ ‘ਜਗਜੀਤ ਦੀ ਚੋਹਾਨੀ’ ਨਾਲ ‘ਸੋਹਨ’ ਸਿੰਘੇ ਮਹਾ ‘ਪੰਥਕ’ ਪ੍ਰਸ਼ਾਦ ਵੰਡ ‘ਕਮੇਟੀਆਂ’ ਦੀ ਰਹਿਨੁਮਾਈ ਅੰਦਰ ‘ਫ਼ੈਡੇਰੇਸ਼ਨ’, ‘ਮਾਨ’, ‘ਜਸਬੀਰ’, ‘ਰੋਡੇ ਪਰਿਵਾਰ’, ਸੈਨਾ ਦੇ ‘ਖ਼ਾੜਕੂ ਸੰਘਰਸ਼’ ਦੇ ਨਾਮ ਤੇ ‘ਸੱਤ ਮੁਲਕਾਂ ਦੀ ਸਰਜਮੀਂ ਤੇ ਕਬਜ਼ਾ ਕਰਕੇ ਬਣਾਏ ਜਾਣ ਵਾਲੇ ਖ਼ਾਲਿ+ਸਤਾਨ’ ਦਾ ਪੰਥ ਨੇ ਵਰਤਮਾਨ ਹੋਣੀ ਰੂਪੀ ਖਮਿਆਜ਼ਾ ਭਰਿਆ ਹੈ। ਉਪਰੋਕਤ ਸਭਨਾਂ ਦੇ ਸਮਰਥਕਾਂ ਅਤੇ "ਪੰਥਕ ਕਮੇਟੀਆਂ” ਨੇ ਅਤੇ "ਖ਼ਾਲਿਸਤਾਨ” ਦੇ ਨਾਮ ਤੇ ਵਿਦੇਸ਼ਾਂ ਵਿੱਚ ਸ਼ਰਣ ਲੈਣ ਵਾਲੇ ਲੱਖਾਂ ਸਿੱਖਾਂ ਨੇ ਇਨ੍ਹਾਂ ਸਾਰੇ ਹਾਲਾਤਾਂ ਨੂੰ ‘ਜਿਉਂ ਦਾ ਤਿਉਂ’ ਬਣਾਈ ਰੱਖਣ ਵਿੱਚ ਭਖਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਕਿਸੇ ਨੇ ਵੀ ਉਪਰੋਕਤ ਸਭਨਾਂ ਦਾ ਸੱਚ ਸਾਹਮਣੇ ਆ ਚੁੱਕਣ ਤੋਂ ਬਾਅਦ ਕਦੇ ਵੀ ਕਿਸੇ ਤੋਂ ਵੀ ਉਨ੍ਹਾਂ ਦੇ ਬੋਲੇ ਸੱਚ-ਝੂਠ, ਮੱਕਾਰੀ ਗੱਦਾਰੀ, ਕੌਮ ਘਾਤ ਸੰਘਰਸ਼ ਘਾਤ ਦਾ ਲੇਖਾ ਜੋਖਾਂ ਕਰਨਾ ਜਰੂਰੀ ਹੀ ਨਹੀਂ ਸਮਝਿਆ। ਇਤਨਾ ਹੀ ਨਹੀਂ ਸਗੋਂ ਇਸ ਸਭ ਵਿੱਚ ਆਪਣੀ ਸ਼ਮੂਲੀਅਤ ਦਾ ਨੰਗ ਸਾਹਮਣੇ ਆ ਜਾਣ ਦੇ ਡਰੋ, ਅਜਿਹੇ ਲੋਕਾਂ ਨੇ ਇਸੇ ਵਿੱਚ ਘਿਉ ਖਿਚੜੀ ਹੋਣ ਕਰਕੇ ਕਦੇ ਸੱਚ ਅਤੇ ਕੌਮੀ ਹੱਕ ਵਾਲੇ ਪੱਖ ਨੂੰ ਸੁਤੰਤਰ ਤੌਰ ਤੇ ਸਾਹਮਣੇ ਵੀ ਨਹੀਂ ਆਉਣ ਦਿੱਤਾ। ਉਦਾਹਰਣ ਦੇ ਤੌਰ ਤੇ ਕਿਸੇ ਦਮਦਮੀ ਟਕਸਾਲ ਨੂੰ ਨਹੀਂ ਪੁੱਛਿਆ ਕਿ ਉਨ੍ਹਾਂ ਦੇ "ਸੰਤ ਜਿਉਂਦਾ ਹਨ” ਹੁਣ 25 ਸਾਲ ਬਾਅਦ "ਸ਼ਹੀਦ” ਕਿਵੇਂ ਬਣ ਗਏ ? ਸ੍ਰੀ ਅਕਾਲ ਤਖ਼ਤ ਸਾਹਿਬ ਵਿਚਲੀ ਇਨ੍ਹਾਂ ਸਾਰਿਆਂ ਦੀ ਬਣਾਈ ਸ਼ਹੀਦੀ ਗੈਲਰੀ ਦੀ ਯਾਦਗਾਰ ਹੁਣ ਕਿੱਥੇ ਗਈ ? ਸ. ਮਾਨ ਨੂੰ ਸ. ਗੁਰਤੇਜ ਸਿੰਘ ਨੂੰ ਕਿਸੇ ਨੇ ਨਹੀਂ ਪੁੱਛਿਆ "ਸੰਤਾਂ” ਦੇ ਜਨਮ ਦਿਨ ਮਨਾਉਣ ਤੋਂ ਸ਼ਹੀਦੀ ਦਿਹਾੜੇ ਤਕ ਆਉਣ ਤੋਂ ਉਨ੍ਹਾਂ ਨੂੰ ਕੋਣ ਰੋਕਦਾ ਹੈ ? ਜਾਂ 20 ਸਾਲ ਬਾਅਦ "ਸੰਤਾਂ” ਨੂੰ ਬਿਨਾ ਕਿਸੇ ਕਾਰਨ ਦੱਸੇ ਕਿ ਪਹਿਲਾ ਜਿਉਂਦਾ ਕਿਉਂ ਕਰਾਰ ਦਿੱਤਾ ਸੀ ਤੇ ਹੁਣ ਕਿਉਂ 20ਵੀ ਸਦੀ ਦਾ ਮਹਾਨ ਸ਼ਹੀਦ ਆਖ ਦਿੱਤਾ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਇਸੇ ਲਈ ਨਹੀਂ ਕੀਤੀ ਕਿਉਂਕਿ ਇਸ ਸਭ ਵਿੱਚ ਉਨ੍ਹਾਂ ਦੀ ਵੀ ਇਸੇ ਤਰ੍ਹਾਂ ਦੀ ਹੀ ਸ਼ਮੂਲੀਅਤ ਨਾਲੋਂ ਨਾਲ ਚਲਦੀ ਰਹੀ ਹੈ !
ਪਰ ਅਫ਼ਸੋਸ ਇਸ ਗੱਲ ਦਾ ਹੁੰਦਾ ਹੈ ਕਿ ਇਤਨਾ ਸਭ ਕੁਝ ਆਪਣੇ ਪਿੰਡੇ ਤੇ ਪ੍ਰਤੱਖ ਸੱਚ ਹੰਢਾਉਣ ਤੋਂ ਬਾਅਦ ਵੀ ਸਿੱਖ ਕੌਮ ਨੇ ਆਪਣੇ ਇਸ ਸੱਜਰੇ ਇਤਿਹਾਸ ਤੋਂ ਕੋਈ ਵੀ ਸਿਖ ਨਹੀਂ ਸਿਖੀ ਹੈ। ਸੱਚ ਨੂੰ ਪ੍ਰਤੱਖ ਕਰ ਦੇਣ ਵਾਲੀ ਬੁਲੰਦ ਆਵਾਜ਼ ਨੂੰ ਆਪਣੇ ਕੰਨਾਂ ਵਿੱਚ ਝੂਠ ਦਾ ਸ਼ੀਸ਼ਾ ਭਰ ਪਹੁੰਚਣ ਹੀ ਨਹੀਂ ਦਿੱਤਾ। ਇਸ ਸਭ ਦੀ ਨਿਰਭੈ ਅਤੇ ਨਿਰਵੈਰ ਹੋ ਕੇ ਨਿਰਪੱਖ ਪੜਚੋਲ ਕਰਨ ਨੂੰ ਸਿੱਖ ਕੌਮ ਤਿਆਰ ਨਹੀਂ ਹੈ। ਸਗੋਂ ਆਪੋ ਆਪਣੇ ਧੜੇ ਪ੍ਰਤੀ ਵਫ਼ਾਦਾਰੀ ‘ਮੂੜ੍ਹਮੱਤ’ ਦੀਆਂ ਸਾਰੀਆਂ ਹੱਦਾਂ ਟੱਪ ਕੇ ਇਸੇ ‘ਸੰਘਰਸ਼ ਘਾਤੀ’, ‘ਕੌਮ ਘਾਤੀ’ ਅਸਫਲਤਾ ਦਿਵਾਉਣ ਵਾਲੀ ਆਪਣੀ ਮਨੋਬਿਰਤੀ ਅਤੇ ਲੀਡਰੀ ਨੂੰ ਹੀ "ਪੰਥਕ” ਬਣਾਈ ਰੱਖਣਾ ਤੇ ਭਵਿੱਖ ਲਈ ਸਾਰੀਆਂ ਆਸਾਂ ਨੂੰ; ਹਮੇਸ਼ਾਂ ਲਈ ਮੁਕਾ ਦੇਣ ਦੀ ਅਣਥੱਕ ਦੋੜ ਵਿੱਚ ਪਈ ਹੋਈ ਹੈ। ਜੋ "ਪੰਥਕ” ਹੋਣੀ ਨੂੰ ‘ਜਿਉਂ ਦੀ ਤਿਉਂ’ ਬਣਾਈ ਰੱਖਣ ਲਈ ਜਿੰਮੇਵਾਰ ਹੈ।
ਹਰ ਰੋਜ਼ ਕੋਈ ਨਵਾਂ ਨਕੌਰ ਜਜ਼ਬਾਤੀ ਸਿੱਖ ਇੰਝ ਪੰਥਕ ਦਰਦ ਨਾਲ ‘ਸਭ ਕੁਝ ਸੰਭਾਲਣ ਅਤੇ ਕੁਝ ਕਰ ਦਿਖਾਉਣ ਦੇ ਦੰਭ ਨਾਲ’ ਉੱਠ ਖੜਦਾ ਹੈ । ਉਪਰੋਕਤ ਸਾਰਿਆਂ ਕਾਰਿਆਂ ਕਰਕੇ ਪੈਦਾ ਹੋ ਚੁੱਕੀਆਂ ਮੁਸੀਬਤਾਂ ਅਤੇ ਬੁਰਾਈਆਂ ਦੇ ਨਾਲੋਂ ਨਾਲ ਉਠ ਚੁਕੇ ਮਸਲੇ ਅਤੇ ਉਨ੍ਹਾਂ ਦੇ ਕਾਰਨਾਂ ਨੂੰ ਹੀ ਆਪਣਾ ‘ਕੌਮੀ ਏਜੰਡਾ’ ਬਣਾ ਕੇ ‘ਪੰਥਕ ਸੇਵਾ ਦੀ ਪਿੜ’ ਵਿੱਚ ਆਪਣੇ ਅਤੇ ਕੌਮ ਦੇ ਕੀਮਤੀ ਸਾਧਨਾਂ ਨੂੰ ਜਾਇਆ ਕਰਵਾ ਦੇਣ ਲਈ ਤੁਰ ਪੈਂਦਾ ਹੈ। ਜਿਵੇਂ ਨਵੰਬਰ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਾ ਇੱਕ ਅਜਿਹਾ ਸ਼੍ਰੋਮਣੀ ਮੁੱਦਾ ਬਣਾ ਦਿੱਤਾ ਗਿਆ ਹੈ ਜਿਸ ਨੇ ਉਪਰੋਕਤ ਸਭਨਾਂ ਅਸਲ ਤੱਥਾਂ ਨੂੰ ਛੁਪਾ ਕੇ ਕੌਮ ਦਾ ਘਾਣ ਕਰਵਾਈ ਜਾਣਾ ਹੈ। ਸਿੱਖ ਕੌਮ ਨੂੰ ਇਹ ਸੱਚ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਅਸਲ ਦੋਸ਼ੀਆਂ ਨੂੰ ਸਜਾ ਦਿਵਾਉਣ ਵਾਲਾ ਇਹ ਕੰਮ ਸੰਭਵ ਹੀ ਨਹੀਂ ਹੈ। ਜਿਸ ਦੇ ਪ੍ਰਤੱਖ ਤੱਥ ਅਤੇ ਸੱਚ ਅਧਾਰਤ ਕਾਰਨ ਇਹ ਹਨ ਕਿ ਜੋ ਸਿੱਧੇ ਦੋਸ਼ੀ ਸਨ ਉਨ੍ਹਾਂ ਸਭਨਾਂ ਨੇ ਆਪੋ ਆਪਣੇ ਖ਼ਿਲਾਫ਼ ਬਣਦੇ ਸਬੂਤਾਂ ਅਤੇ ਗਵਾਹਾਂ ਨੂੰ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਬਕਾਇਦਾ ਕਾਨੂੰਨੀ ਤੌਰ ਤੇ ਲਿਖਤ ਪੜ੍ਹਤ ਕਰਕੇ ਖਰੀਦ ਲਿਆ ਹੋਇਆ ਹੈ। ਇਨ੍ਹਾਂ ਵਿੱਚੋਂ ਬਹੁਤੇਰੇ ਵਿਦੇਸ਼ਾਂ ਵਿੱਚ ਸੈਟ ਕਰਵਾਏ ਜਾ ਚੁਕੇ ਹਨ। ਇਹ ਤੱਥ ਓਦੋਂ ਹੀ ਮੇਰੇ ਸਾਹਮਣੇ ਆ ਗਿਆ ਸੀ ਜਦੋਂ ਮੈਂ ਸਤੰਬਰ 1990 ਵਿੱਚ ਤਿਹਾੜ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਇਸ ਮੁੱਦੇ ਨੂੰ ਆਪਣੇ ਹੱਥ ਵਿੱਚ ਲਿਆ ਸੀ। ਮੇਰੀ ਸਿੱਧੀ ਉਨ੍ਹਾਂ ਸਿੱਖਾਂ ਨਾਲ ਗੱਲ ਹੋਈ ਸੀ ਜੋ ਦੋਸ਼ੀਆਂ ਦੇ ਖ਼ਿਲਾਫ਼ ਗਵਾਹ ਸਨ ਅਤੇ ਗਵਾਹੀ ਤੋਂ ਤੇ ਕੇਸ ਕਰਨ ਤੋਂ ਮੁਕਰ ਗਏ ਸਨ। ਇਸ ਤੱਥ ਨੂੰ ਮੈਂ ਓਦੋਂ ਹੀ ਜਗ ਜ਼ਾਹਰ ਕਰ ਦਿੱਤਾ ਸੀ ਅਤੇ ਇਸ ਕੰਮ ਨੂੰ ਲੈ ਕੇ ਅੱਜ ਤਕ ਦੁਕਾਨਦਾਰੀ ਵਾਲੀ ਮਨੋਬਿਰਤੀ ਨਾਲ ਲੱਗਿਆ ਹਰ ਇੱਕ ਜੱਥੇਬੰਦੀ ਦਾ ਆਗੂ ਜਾਣਦਾ ਹੈ ਪਰ ਕੌਮ ਸਾਹਮਣੇ ਸੱਚੀ ਗੱਲ ਕਰਨ ਤੋਂ ਸਿਰਫ਼ ਇਸ ਲਈ ਭਗੌੜਾ ਹੈ ਕਿ ਉਸ ਦੀਆਂ ਆਪਣੀਆਂ ਆਰਥਕ ਗਰਜ਼ਾਂ ਇਸ ਨਾਲ ਪੂਰੀਆਂ ਹੁੰਦੀਆਂ ਹਨ। ਕੁਝ ਇੱਕ ਅਪਵਾਦ ਹਨ ਜੋ ਨਹੀਂ ਵਿਕੇ ਪਰ ਉਨ੍ਹਾਂ ਨੂੰ ‘ਪੰਥਕ ਲੀਡਰਾਂ’ ਰਾਹੀਂ ਹੀ ‘ਅਵੈਸਲਾ ਜਾਂ ਹਾਸ਼ੀਏ ਤੋਂ ਬਾਹਰ’ ਕਰ ਨਮੋਸ਼ੀ ਵਿੱਚ ਪਹੁੰਚਾਇਆ ਜਾ ਚੁਕਾ ਹੈ। ਇਹ ਜਜ਼ਬਾਤੀ ਮੁੱਦਾ ਹੁਣ ਸਿਰਫ਼ ਤੇ ਕੇਵਲ ਪੈਸੇ ਬਟੋਰਨ ਲਈ ਹੀ ਜੀਵਤ ਰੱਖਿਆ ਜਾ ਰਿਹਾ ਹੈ। ਅਗਰ ਸਿੱਖ ਕੌਮ ਵਾਕੇ ਹੀ ਇਸ ਕੰਮ ਪ੍ਰਤੀ ਸੰਜੀਦਾ ਹੈ ਤਾਂ ਸਬੰਧਿਤ ਹਰ ਇੱਖ ਕੇਸ ਦਾ, ਗਵਾਹ ਦਾ, ਕਾਂਡ ਦਾ ਅਤੇ ਉਸ ਨਿਮਿਤ ਪੁਲਿਸ ਸਟੇਸ਼ਨ ਤੋਂ ਅਦਾਲਤੀ ਪੱਧਰ ਤਕ ਹੋਈ ਵਕੀਲਾਂ ਰਾਹੀਂ ਸਾਰੀ ਕਾਰਵਾਈ ਦੀ ਉੱਚ ਪੱਧਰੀ ਮਾਹਿਰਾਂ ਦੀ ਕਮੇਟੀ ਬਣਾ ਕੇ ਨਿਰਪੱਖ ਜਾਂਚ ਪਹਿਲਾਂ ਕਰਵਾਏ ਤੇ ਫਿਰ ਕੋਈ ਰਾਏ ਬਣਾਏ। ਸੱਚ ਸਾਹਮਣੇ ਆ ਜਾਵੇਗਾ। ਇਹ ਅਤੇ ਇੰਝ ਦੇ ਹੀ ਪੈਸੇ ਕਮਾਊ ਅਤੇ ਦੁਕਾਨਦਾਰੀ ਚਲਾਊ ਬਹੁਤ ਸਾਰੇ ‘ਮੁੱਦਾ ਵਹੀਣ ਅਤੇ ਕੁਰਾਹੇ ਪਾਉਣ ਵਾਲੇ ਪ੍ਰਤੱਖ ਕੰਮਾਂ ਵਿੱਚ’ ਕੌਮ ਨੂੰ ਸੰਸਾਰ ਪੱਧਰ ਤੇ ਉਲਝਾਇਆ ਜਾ ਚੁਕਾ ਹੈ। ‘ਕਿਸ ਲਈ ਤੁਰੇ ਸਾਂ’ ਅਤੇ ‘ਕਿਸ ਪ੍ਰਾਪਤੀ ਨੂੰ ਮੰਜ਼ਿਲ ਮਿਥਿਆ ਸੀ’ ਭੁਲਾਇਆ ਜਾ ਚੁਕਾ ਹੈ।
‘ਫਿਰ ਵੱਡੀ ਸਿਫ਼ਰ ਨੂੰ’ ਭਰਨ ਵਾਸਤੇ ‘ਪਿਛਲੇ ਵਾਪਰ ਚੁਕੇ ਸਮੇਂ ਅਤੇ ਹਾਲਾਤਾਂ’ ਤੋਂ ਕੋਈ ਸਿਖਿਆ ਲੈਣ ਦੀ ਬਜਾਏ ਉਸੇ ਹੀ ਹਾਲਾਤ ਅਤੇ ਪ੍ਰਸਥਿਤੀਆਂ ਵਿੱਚ ਮੁੜ ‘ਜ਼ੀਰੋ’ ਤੋਂ ਨਵਾਂ ਕੰਮ, ਨਵੇਂ ਜੋਸ਼ ਨਾਲ ਅਰੰਭਣ ਦਾ ਇਹ ਸਿਲਸਿਲਾ ਜਾਰੀ ਹੈ।
ਆਮ ਤੌਰ ਤੇ "ਹਾਰ ਮਨ ਚੁਕੀ”, "ਨੀਵੇਂ ਪੱਧਰ ਦੀ ਨਿਜੀ ਗਰਜ਼ੀ ਕਮਾਊ ਰਾਜਨੀਤੀ ਵਿੱਚ ਪੈ ਚੁਕੀ”, ਸਿਰਫ਼ ਆਪਣੇ ਆਪ ਨੂੰ ਧਨਾਢ ਬਣਾਉਣ ਦੀ ਸ਼ੋਸ਼ਣਕਾਰੀ ਸਮਾਜਿਕ ਅਤੇ ਧਾਰਮਿਕ ਪੰਥਕ ਸੇਵਾ ਦੀ ਦੁਕਾਨਦਾਰੀ ਚਲਾਉਣ ਵਾਲੀ ਅਤੇ "ਮਨੋਬਿਰਤੀ ਵਿੱਚ ਸਹਿਮੀ ਤੇ ਘਸਿਆਰੀ ਬਣ ਚੁਕੀ” ਆਤਮ ਵਿਸ਼ਵਾਸ ਹੀਣੀ ਬੇਭਰੋਸਗੀ ਦੇ ਸਮਾਜਿਕ ਜਿਉਣ ਵਿੱਚ ਜੀਉ ਰਹੀ ਸਿੱਖ ਕੌਮ ਵਿਚਲੇ ਇਹ ਸਮੁੱਚੇ ਪੰਥ ਅੰਦਰਲੇ ਅਸਲ ਹਾਲਾਤਾਂ, ਮਨੋਬਿਰਤੀ ਅਤੇ ਉਸ ਤੋਂ ਮਿਲਣ ਵਾਲੇ ਨਤੀਜਿਆਂ ਦਾ ਕੁਲ ਨਿਚੋੜ ਹੈ। ਜਿਸ ਕੁਰਾਹੇ ਦੇ ਮੁਹਾਣੈ ਤੇ ਪੰਥ, ਸਿੱਖੀ ਅਤੇ ਸਿੱਖ ਕੌਮ ਅੱਜ ਖੜੀ ਹੈ।
ਸਿੱਖਾਂ ਨੇ ਆਪਣੀ ਸਮੂਹਿਕ ਹੋਣੀ ਦੇ ਪ੍ਰਤੱਖ ਬਿੰਬ ਤੋਂ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਧੜੇ ਬੰਦੀ ਦੀ ਕੈਦ ਵਿੱਚ ਆਪਣੇ ਕੌਮੀ ਇਤਿਹਾਸ ਤੋਂ ਕਦੇ ਵੀ ਕੁਝ ਵੀ ਨਹੀਂ ਸਿੱਖਿਆ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਅਤੇ ਸ਼ਿੰਗਾਰਨ ਲਈ ਆਪਣੇ ਆਪ ਨੂੰ ਪਿਛਲੀਆਂ ਗਲਤੀਆਂ ਤੋਂ ਕਦੇ ਵੀ ਮੁਕਤ ਨਹੀਂ ਕੀਤਾ। ਅਜੋਕੀ ਮਨੋਬਿਰਤੀ, ਲੀਡਰੀ, ਸਮਾਜਿਕ, ਧਾਰਮਿਕ, ਰਾਜਨੀਤਕ, ਬੌਧਿਕ ਬਣਤਰ ਵਿੱਚ ਜਿਸ ਵਿੱਚੋਂ ਹਮੇਸ਼ਾਂ ਲਈ ‘ਬਿਬੇਕ’ ਅਤੇ ‘ਸੁਤੰਤਰ ਸੁਰਤ ਦੀ ਆਤਮ ਸੁਰ’ ਨੂੰ ਆਤਮਾ ਵਹੀਣ ਕਰ ਦਿੱਤਾ ਗਿਆ ਹੋਵੇ, ਉਸ ਵਿੱਚੋਂ ਪ੍ਰਭੁਤਾ ਸੰਪੰਨ ਸੁਨਹਿਰੇ ਭਵਿੱਖ ਲਈ ਆਸ ਰੱਖਣੀ ਸਿਵਾ ਮੂਰਖਤਾ ਤੋਂ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਸਿੱਖਾਂ ਨੂੰ ‘ਠਾਕੁਰ’ ‘ਦੁਆਰੇ’ ਦੇ ‘ਟਕਸਾਲੀ’ ‘ਬ੍ਰਹਮ-ਗਿਆਨੀ’ ਜਾਂ ‘ਅਕਾਲੀ’ ਬਣਾਉਣ ਦੀ ਨਹੀਂ ਸਗੋਂ ਆਤਮਾ ਵਿੱਚ ਜਿਉਂਦੇ ਜ਼ਮੀਰਦਾਰ, ਸੁਰਤ ਵਿੱਚ ਚਿੰਤਨ ਧਾਰੀ, ਖੰਡੇ ਦੀ ਧਾਰ ਵਿੱਚੋਂ ਬਿਬੇਕ ਨਾਲ ਨਿਕਲਦੀ ਕੂਟਨੀਤਕ ਰਾਜਨੀਤੱਗ ਬਣਾਉਣ ਦੀ ਲੋੜ ਹੈ। ਸਿੱਖ ਕੌਮ ਦੀਆਂ ਆਉਣ ਵਾਲੀਆਂ ਨਸਲਾਂ ਤਾਂ ਹੀ ਬਚ ਸਕਣ ਗੀਆਂ ਤੇ ‘ਖ਼ਾਲਸਾ’ ਬਣ ਕੇ ਜੀਓ ਸਕਣਗੀਆਂ। ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕੌਮ ਦੇ ਆਪਣੇ ਹੱਥ ਹੁੰਦਾ ਹੈ ਉਸ ਕੌਮ ਦਾ ਭਵਿੱਖ ਬਣਾਉਣਾ, ਜਿਸ ਵਿੱਚ ਵਰਤਮਾਨ ਵਿੱਚ ਸਿੱਖ ਅਸਫਲ ਰਹੇ ਹਨ। ਇਸ ਅਸਫਲਤਾ ਨੂੰ ਸਵੀਕਾਰਨ ਦੀ ਜੁਰਅਤ ਅਤੇ ਦਲੇਰੀ ਵੀ ਇਨ੍ਹਾਂ ਵਿੱਚ ਨਹੀਂ ਰਹੀਂ ਹੈ । ਜਿਸ ਦੀ ਘਾਟ ਸਦਕਾ ਆਲਮੀ ਸਿੱਖ ਸਮਾਜ ਨਮੋਸ਼ੀ ਦਾ ਸ਼ਿਕਾਰ ਬਣਿਆਂ ਇਸ ਸਭ ਗੰਦ ਦੀ ਪਰਤ ਵਿੱਚੋਂ ਖੁਦ ਲਾਵਾ ਬਣ ਮੁਸੀਬਤਾਂ ਦੀ ਚਟੱਾਨੀ ਪਰਤ ਨੂੰ ਤੁਈ ਵਾਂਗ ਤੋੜ ਕੇ ਨਿਕਲਣ ਤੇ ਨਿੱਤਰਨ ਲਈ ਤਿਆਰ ਨਹੀਂ ਹੈ। ਅਜੋਕੀ ਗੁਲਾਮ ਮਾਨਸੀਕਤਾ ਸਦਕਾ ਉਹ ਆਪਣੀ ਤਾਕਤ ਹੀ ਭੁੱਲ ਚੁਕਾ ਹੈ। ਨਿੱਤ ਨਵੇਂ ਚਮਤਕਾਰ ਲਈ ਮਨੋਬਿਰਤੀ ਅਤੇ ਆਸ ਦੀ ਪੱਧਰ ਤੋਂ ਲਾਰਾਂ ਟਪਕਾਈ ਇੱਧਰ ਉਧਰ ਟੱਕਰਾਂ ਮਾਰੀ ਰੁਲਦਾ ਫਿਰਦਾ ਹੈ।
ਪਿਛਲੇ 30 ਹੀ ਨਹੀਂ ਮੈਂ ਤਾਂ ਪਿਛਲੇ 300 ਸਾਲਾਂ ਤੋਂ ‘ਖ਼ਾਲਸਾ ਪੰਥ’ ਨੂੰ ਸਿੱਖ ਇਤਿਹਾਸ ਦਾ ਇਹੋ ਵਿਸ਼ਲੇਸ਼ਣ ਵੇਖਦਾ ਅਤੇ ਹੰਢਾਉਂਦਾ ਚਲਾ ਆ ਰਿਹਾ ਪਾਉਂਦਾ ਹਾਂ। ਇਹੋ ਵਜ੍ਹਾ ਹੈ ਕਿ ਪੰਥ ਸੰਘਰਸ਼ ਤਾਂ ਆਪਣੀ ਪੂਰੀ ਤਾਕਤ ਨਾਲ ਐਨ ਸਿਖਰ ਤਕ ਬਿਨਾਂ ਥੱਕੇ ਤੇ ਬਿਨਾ ਟੁੱਟੇ ਲੜਦਾ ਹੈ, ਉਸ ਹਿਤ ਸਿਰੇ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਵੀ ਕਰਦਾ ਹੈ ਪਰ ਜਦੋਂ ਐਨ ਸਿਖਰ ਤੇ ਪਹੁੰਚ ਕੇ ਕੂਟਨੀਤਕ ਰਾਜਨੀਤਕ ਫੈਸਲਿਆਂ ਦੀ ਫੈਸਲਾਕੁਨ ਘੜੀ ਆਉਂਦੀ ਹੈ ਤਾਂ ਲੀਡਰੀ ਅਤੇ ਜੱਥੇਬੰਦਕ ਤੌਰ ਤੇ ‘ਗੁਣਾ’ ਹਮੇਸ਼ਾਂ ਹੀ ਗਲਤ ਪਾਸੇ ਪਾਉਂਦਾ ਹੈ। ਜਿਵੇਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਥਾਂ ਤੇ ਭਾਈ ਮਨੀ ਸਿੰਘ ਅਤੇ ਮਾਤਾ ਸੁੰਦਰ ਜੀ ਤੇ। ਸਿੰਘ ਸਭਾ ਲਹਿਰ ਵੇਲੇ ਪ੍ਰਭੂ ਸੱਤਾ ਦੀ ਬਜਾਏ ਗੁਰਦੁਆਰਿਆਂ ਦੀ ਪ੍ਰਬੰਧਕੀ ਸੱਤਾ ਤੇ। 47 ਵੇਲੇ ਆਜ਼ਾਦ ਸਿੱਖ ਰਾਸ਼ਟਰ ਲੈਣ ਦੀ ਬਜਾਏ ਭਾਰਤ ਨਾਲ ਰਲੇਵੇ ਤੇ। 1950 ਵਿੱਚ ਸਿੱਖ ਰਾਸ਼ਟਰ ਲਈ ਵੋਟ ਮੰਗ ਕੇ ਅਤੇ ਲੋਕਤੰਤਰੀ ਪੱਧਤੀ ਵਿੱਚ ਇਸ ਹਿਤ ਮੈਂਡੇਟ ਮਿਲ ਜਾਉਣ ਤੋਂ ਬਾਅਦ ਅਕਾਲੀਆਂ ਵਲੋਂ ਆਪਣੀ ‘ਗਿੱਲ’ ਸਰਕਾਰ ਬਣਾ ਕੇ ਵੀ ਹੇਠਾਂ ਡਿੱਗ ‘ਪੰਜਾਬੀ ਸੂਬੇ ਤੇ ਆ ਜਾਣਾ। ਧਰਮ ਯੁੱਧ ਮੋਰਚੇ ਵਾਲੇ ਅਨੰਦਪੁਰ ਮਤੇ ਤੋਂ ਸਿਰਫ਼ ਸੱਤਾ ਤਕ ਡਿੱਗ ਜਾਣਾ। ਖ਼ਾਲਸਤਾਨ ਤੋਂ ਅੰਮ੍ਰਿਤਸਰ ਐਲਾਨ ਨਾਮੇ ਤੇ ਆ ਕੇ ਉਸ ਲਈ ਵੀ ਕੁਝ ਨਾ ਕਰਨਾ। ਅੰਮ੍ਰਿਤਸਰ ਦਲ ਤੋਂ ਲੈ ਕੇ ਪੰਥਕ ਕਮੇਟੀਆਂ ਤੋਂ ਥਾਪੇ ਸਿੰਘ ਸਾਹਿਬਾਨਾਂ ਰਾਹੀਂ ਤੇ ਫਿਰ ਇਨ੍ਹਾਂ ਸਭਨਾਂ ਰਾਹੀਂ ਆਪਣੇ ਹੀ ਮਿਥੇ ਪੰਥਕ ਏਜੰਡੇ ਆਪਣੇ ਹੱਥੀ ਕਤਲ ਕਰਨ ਤੋਂ ਬਾਅਦ ਸਭ ਕੁਝ ਲੁਟਾ ਅਤੇ ਭੁਲਾ ਕੇ ਨਵੰਬਰ ਚੁਰਾਸੀ ਨਿਮਿਤ ਦੁਕਾਨਦਾਰੀਆਂ ਪੱਧਰ ਤਕ ਸਿਮਟ ਕੇ ਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਤਕ ਕੌਮੀ ਸਰਮਾਏ ਤੇ ਤਾਕਤ ਨੂੰ ਨਸ਼ਟ ਕਰਾ ਦੇਣ ਤੇ ਲਿਆ ਕੇ ਖੜੋਤ ਪੈਦਾ ਕਰਵਾ ਦਿੱਤੀ ਗਈ ਹੈ। ਸਭ ਦਾ ਸੱਚ ਪ੍ਰਤੱਖ ਸਾਹਮਣੇ ਆ ਜਾਣ ਦੇ ਬਾਵਜੂਦ ਹੁਣ ਸਿੱਖ ਇਸ ਕੁਰਾਹੇ ਤੇ, ਭੰਬਲਭੂਸੇ ਵਿੱਚ ਹਨ ਕਿ ‘ਗੁਰਬਖ਼ਸ਼ ਸਿੰਘ ਵਰਗੇ ਨਾ ਪ੍ਰਾਪਤੀ ਕਰਨ ਵਰਗੇ’ ਸੰਘਰਸ਼ ਨੂੰ ਹੀ ਤੋਰੀਏ ਜਾਂ ਅਰਥ ਹੀਣੇ ਆਮ ਆਦਮੀ ਦੀ ਪਿੱਠ ਤੇ ਸਵਾਰ ਹੋਈਏ ! ਜਾਂ ਕੌਮ ਅਤੇ ਸਿੱਖ ਸੰਘਰਸ਼ ਦਾ ਘਾਣ ਕਰਵਾ ਦੇਣ ਵਾਲੀ ਉਸ ‘ਆਤਮਘਾਤੀ’ ਨਾਅਰੇ ਅਤੇ ਦਮਗਜੇ ਮਾਰੂ "ਮਾਨ” ਵਾਦੀ ਰਾਜਨੀਤੀ ਦਾ ਹੀ ਲੜ ਫੜੀ ਰੱਖੀਏ ਜਿਹੜਾ ਹਮੇਸ਼ਾਂ ਹੀ ‘ਅੱਗ ਲਾ ਕੇ ਝਾੜੀਆਂ ਵਿੱਚ ਵੜਨ’ ਦਾ ਆਦਤਨ ਕਿਰਦਾਰੀ ਬਣ ਚੁੱਕਿਆ ਹੈ ! ਜਾਂ ਅਜਿਹੇ ਹਾਲਾਤਾਂ ਵਿੱਚੋਂ ਮੁੜ ਨਮੌਸ਼ੀਧਾਰੀ ਕੌਮੀ ਸੋਚ ਰਾਹੀਂ ਪੈਦਾ ਕੀਤੀ ਉਸੇ ‘ਅਕਾਲੀ ਮੱਕਾਰੀ’ ਲੀਡਰੀ ਨਾਲ ਹੀ ਜੁੜੇ ਰਹੀਏ ਜਿਹੜੀ ਮੁੱਢ ਕਦੀਮ ਤੋਂ ਪੰਥ ਨੂੰ ਹਰਾਉਂਦੀ ਤੇ ਆਪ ਸੱਤਾ ਧਾਰੀ ਬਣ ਕੇ ਸਿੱਖ ਕੌਮ ਨੂੰ ‘ਨਸ਼ੇਧਾਰੀ’ ਬਣਾ ਦੇਣ ਵਾਲੀ ‘ਪਾਪੀ ਰਾਜਨੀਤੀ’ ਦੀ ਕੌਮ ਘਾਤੀ ਸਿਖਰ ਤੇ ਪਹੁੰਚ ਕੇ ਵੀ ਸਮੁੱਚੀ ਕੌਮੀ ਵਿਵਸਥਾ ਮੰਡਲ ਤੇ ਸੱਤਾ ਧਾਰੀ ਬਣੀ ਚਲੀ ਆਉਂਦੀ ਹੈ ! ‘ਕਮਾਊ ਰਾਜਨੀਤੀ’ ਦੀ ਇਹੋ ਸਿਖਰਲੀ ਪੰਥਕ ਸੋਚ ਬਣੀ ਪਈ ਹੈ ! ਕੀ ਇਹ ਹਾਲਾਤ ਅਤੇ ਤੱਥ ਇਸੇ ਗੱਲ ਨੂੰ ਸਾਬਤ ਨਹੀਂ ਕਰਦੇ ਕਿ ਜ਼ਾਹਿਰਾ ਤੌਰ ਤੇ ਸਿੱਖ ਕੌਮੀ ਪੱਖ ਤੋਂ ਆਪਣੀਆਂ ਗਲਤੀਆਂ ਤੋਂ ਕਦੇ ਕੁਝ ਨਹੀਂ ਸਿੱਖਦੇ । ਸਿਖ ਕੌਮ ਦੀ ਧੜੇਬੰਦਕ ਪਕੜ ਦੀ ਅੰਦਰੂਨੀ ਵੰਡਵਾਦੀ ਗ੍ਰਿਫ਼ਤ ਵਿੱਚ ਪੰਥ ਹਿਤ ਵਿੱਚ ਸੱਚ ਬਪਲਣ ਵਾਲੇ ਨੂੰ ਸੁਕਰਾਤ ਬਣਾ ਦਿੱਤਾ ਜਾਂਦਾ ਹੈ। ਇਸ ਲਈ ਸਿੱਖਾਂ ਵਿੱਚ ਗੁਰੂ ਨਾਲ ਧੜਾ ਬਣਾ ਕੇ ਤੁਰਨ ਵਾਲਾ ਖ਼ਾਲਸਾ ਅਤੇ ‘ਖ਼ਾਲਸਾ ਪੰਥ’ ਮੁਕੰਮਲ ਤੌਰ ਤੇ ਇਕੱਲਾ ਛੱਡ ਦਿੱਤਾ ਗਿਆ ਹੈ। ਧਰਮ ਦਲਾਲ ਬਣ ਕੇ ਲੋਕਤੰਤਰੀ ਆਗੂਆਂ ਅਤੇ ਪ੍ਰਬੰਧਕਾਂ ਦਾ ਸੀਰੀ ਬਣ ਵਿਚਰ ਰਿਹਾ ਹੈ। ਸਿੱਖ ਆਪਣੀ ‘ਸਿੱਖੀ’ ਨਾਲ ਨਹੀਂ ਹੈ। ਖ਼ਾਲਸਾ ਆਪਣੇ ‘ਪੰਥ’ ਨਾਲ ਨਹੀਂ ਹੈ। ਜਦ ਕਿ ਸੰਗਤ ਦੇ ਸਿਰ ਤੇ ਚੜ੍ਹ ਕੇ ਸਿੱਖੀ ਅਤੇ ਪੰਥ ਦੀ ਸੇਵਾ ਦਾ ਦੰਭ ਭਰਿਆ ਜਾ ਰਿਹਾ ਹੈ। ਸਤਿਗੁਰੂ ਨਾਨਕਾਂ ਤੇਰੇ ਸਿੱਖ ਵੀ "ਸਿਰਗੁੰਮ ਥੀਏ…”
ਰਾਜਨੀਤਗਤਾ ਦੀ ਪੱਧਰ ਤੇ ਕੂਟਨੀਤਕ ਫੈਸਲਾਕੁਨ ਘੜੀ ਤੇ ਇਹ ਗਲਤ ਨਿਰਨਿਆਂ ਰਾਹੀਂ ਧੜੇ ਬੰਦਕ ਪੱਧਰ ਤੇ ‘ਗਲਤ ਲੀਡਰਸ਼ਿਪ’ ਅਤੇ ਜੱਥੇਬੰਦਕ ਚੋਣ ਉਪਰ ਗਲਤ ‘ਗੁਣਾ’ ਪਾਉਣ ਦੇ 30 ਨਹੀਂ 300 ਸਾਲਾਂ ਦੀ ਲੰਮੀ ਦਾਸਤਾਨ ਹੈ! ਅਜਿਹੇ ਮਗਰ ਮੱਛੀ ਹਮਦਰਦ ਵਾਦੀ ਜਬਾੜੇ ਵਿੱਚ ਸਿੱਖ ਕੌਮ ਦਾ ਭਵਿੱਖ ਫਸਿਆ ਹੋਇਆ ਹੈ।
ਸਾਨੂੰ ਸਿੱਖਾਂ ਨੂੰ ਕੌਮੀ ਪੱਧਰ ਤੇ ਸਖ਼ਤ ਆਤਮ ਪੜਚੋਲ ਮਗਰੋਂ ਸੁਤੰਤਰ ਨਿਰਣੇ ਲੈ ਕੇ ਉਸ ਹਿੱਤ ਅੰਤਮ ਤੌਰ ਤੇ ਸਮੂਹਿਕ ਸ਼ਕਤੀ ਨਾਲ ਹੁਣ ਡਟਣ ਦੀ ਤੇ ਉਸ ਨੂੰ ਪੂਰਾ ਕਰਵਾਉਣ ਵਾਲੀ ਰਣ ਨੀਤੀ ਬਣਾ ਕੇ ਕੂਟਨੀਤਕ ਲੀਡਰਸ਼ਿਪ ਚੁਣਨ ਦੀ ਲੋੜ ਹੈ। ਇਸ ਤੋਂ ਬਗੈਰ ਸਿੱਖ ਕੌਮ ਦਾ ਕਦੇ ਕੁਝ ਨਹੀਂ ਬਣਨਾ। ਕੀ ਸੰਸਾਰ ਪੱਧਰ ਤੇ ਵਿਚਰ ਰਿਹਾ ਅਤੇ ਹਰ ਰੋਜ਼ ਆਪਣੀ ਅਰਦਾਸ ਵਿੱਚ ‘ਮਤਿ ਉੱਚੀ’ ਅਤੇ ‘ਵਿਸਾਹ ਦਾਨ’, ‘ਭਰੋਸਾ ਦਾਨ’, ‘ਬਿਬੇਕ ਦਾਨ’ ਮੰਗਣ ਵਾਲਾ ‘ਖ਼ਾਲਸਾ’ ਅਤੇ ‘ਸਿੱਖ’ ਆਪਣੇ ਵਿਵੇਕ ਦੀ ਸੁਤੰਤਰਤਾ ਨਾਲ ਵਿਚਰ ਕੇ ਆਪਣੀ ਕੌਮ ਲਈ ਕੋਈ ਅਜ਼ਾਦਾਨਾਂ ਫੈਸਲਾ ਕਰ ਸਕੇਗਾ ?
ਪਤਾ ਨਹੀਂ ਕਿਸ ਉੱਦਮ ਲਈ ਮੈਂ ਜ਼ਹਿਰ ਦਾ ਪਿਆਲਾ ਪੀ ਕੇ ਵੀ ਜਿਉਂਦਾ ਹਾਂ……
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

No comments:

Post a Comment