Thursday, June 26, 2014

ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ


ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ

       ਮੈਨੂੰ ਆਪਣੇ ਦੋਸਤਾਂ ਅਤੇ ਹੋਰ ਸੰਪਰਕਾਂ ਤੋਂ ਪਤਾ ਚਲਿਆ ਕਿ ਕਸ਼ਮੀਰ ਵਿੱਚ ਕੁਝ ਹੱਥ ਲਿਖਤ ਗ੍ਰੰਥ ਕਈ ਥਾਂਵਾਂ ਤੇ ਸੰਭਾਲੇ ਪਏ ਹਨ। ਇਨ੍ਹਾਂ ਵਿੱਚੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ, ਮਟਨ ਵਿਖੇ 2 ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ। ਇੱਕ ਸਰੂਪ ਊੜੀ ਸੈਕਟਰ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਰਮ ਪਿੜਾ ਸਾਹਿਬ ਵਿਖੇ ਹੈ। ਗੁਰਦੁਆਰਾ ਬਾਬਾ ਮੇਲਾ ਸਿੰਘ ਜੀ ਬਾਬਾ ਲੋਚਾ ਸਿੰਘ ਜੀ ਬਟੋਟ ਵਿਖੇ ਵੀ ਇੱਕ ਹੱਥ ਲਿਖਤ ਸਰੂਪ ਹੈ। ਅਤੇ ਊਧਮ ਪੁਰ ਦੇ ਨੇੜੇ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਝ ਨਿਸ਼ਾਨੀਆਂ ਹਨ। ਪਟਿਆਲਾ ਤੋਂ ਤੁਰਨ ਤੋਂ ਪਹਿਲਾਂ ਇਨ੍ਹਾਂ ਸਭਨਾ ਥਾਂਵਾਂ ਤੇ ਜਾਂ ਇਨ੍ਹਾਂ ਦੇ ਨੇੜੇ ਆਪਣੀ 4 ਮੈਂਬਰੀ ਟੀਮ ਦੀ ਰਿਹਾਇਸ਼ ਦਾ ਇੰਤਜ਼ਾਮ ਕਰਨਾ ਬੜਾ ਜਰੂਰੀ ਸੀ।
       ਆਉਣ ਜਾਣ ਦੇ ਪੰਜ ਦਿਨ ਤੇ ਪੰਜ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਡਿਜਿਟਲ ਸੰਭਾਲ ਲਈ ਪੰਜ ਦਿਨਾਂ ਨਾਲ ਕੁਲ ਸਾਡੀ 10 ਦਿਨ ਦੀ ਫੇਰੀ ਬਣ ਗਈ। ਅਸੀਂ ਪ੍ਰੋਗਰਾਮ ਇਹ ਬਣਾਇਆ ਕਿ ਪਟਿਆਲੇ ਤੋਂ ਜੰਮੂ ਰੇਲ ਜਾ ਬਸ ਰਾਹੀਂ ਤੇ ਅੱਗੋਂ ਟੈਕਸੀ ਕਰ ਲਵਾਂਗੇ। ਜਦੋਂ ਸ. ਤਰਲੋਕ ਸਿੰਘ ਜੰਮੂ ਨੇ ਟੈਕਸੀ ਵਾਲਿਆਂ ਦੇ ਰੇਟ ਦੱਸੇ ਕਿ ਪ੍ਰਤਿ ਦਿਨ ਟਵੇਰਾ ਦਾ 3000 ਰੁਪਿਆ ਮੰਗਦੇ ਸਨ + ਰੋਜ਼ਾਨਾਂ ਦਾ 100 ਰੁਪਿਆ ਲੰਗਰ ਪਰਸ਼ਾਦਾ, ਇੰਡੀਕਾ ਛੋਟੀ ਗੱਡੀ 2300 ਸੌ ਰੁਪਏ + 100 ਰੁਪਏ ਤੇ 10 ਦਿਨਾਂ ਲਈ ਤਿਆਰ ਹੋਇਆ। ਇੱੰਡੀਕਾ ਵਿੱਚ ਅਸੀਂ ਚਾਰ ਲੋਕ ਤੇ ਪੰਜਵਾਂ ਗੱਡੀ ਦਾ ਡਰਾਈਵਰ + ਸਾਮਾਨ ਜਿਨ੍ਹਾਂ ਵਿੱਚ ਕੈਮਰਿਆਂ ਲਾਈਟਾਂ ਅਤੇ ਇਨ੍ਹਾਂ ਦੇ ਸਟੈਂਡ ਆਦਿ ਜਾਣਾ ਸੰਭਵ ਨਹੀਂ ਸੀ। ਆਉਣ ਜਾਣ ਦਾ ਹੀ ਖਰਚਾ ਬਹੁਤ ਜਿਆਦਾ ਬਣਦਾ ਸੀ, ਜਦ ਕਿ ਰਾਹ ਵਿੱਚ ਲੰਗਰ ਪਰਸ਼ਾਦਾ ਅਤੇ ਹੋਰ ਜਰੂਰੀ ਖਰਚੇ ਵੱਖਰੇ ਸਨ। ਇਸ ਲਈ ਮੈਂ ਆਪਣੇ ਕੈਮਰਾ ਮੈਨ ਨੂੰ ਵੀ ਛੱਡ ਦਿੱਤਾ ਤੇ ਆਪਣੀ ਨਿਜੀ ਗੱਡੀ ਆਪ ਹੀ ਚਲਾ ਕੇ ਜਾਣ ਦਾ ਫ਼ੈਸਲਾ ਕੀਤਾ।
       ਕੁਲ 1886 ਕਿਲੋਮੀਟਰ ਦਾ ਪਹਾੜੀ ਇਲਾਕਿਆਂ ਦੀਆਂ ਟੁੱਟੀਆਂ, ਕੱਚੀਆਂ ਅਤੇ ਸਿੰਗਲ ਰੋਡ ਦਾ ਸਫ਼ਰ ਅਸੀਂ ਕੀਤਾ। ਜਿੱਥੇ ਊਧਮ ਪੁਰ ਤੋਂ ਬਾਅਦ ਜੀ ਟੀ ਰੋਡ ਤੇ ਵੀ 140 ਰੁਪਏ ਇੱਕ ਪਾਸੇ ਦਾ ਟੋਲ ਟੈਕਸ ਦੇਣ ਦੇ ਬਾਵਜੂਦ ਵੀ ਸੜਕ ਦਾ ਅਹਿਸਾਸ ਸਿਰਫ਼ ਮੋਟਾ ਗਟਕਾ ਅਤੇ ਟੋਏ ਹੀ ਕਰਵਾਉਂਦੇ ਹਨ। ਢਾਬੇ ਤੇ ਫੁਲਕਾ 15 ਰੁਪਏ ਦਾ ਅਤੇ ਦਾਲ 150 ਰੁਪਏ ਪਲੇਟ ਓਸਤਨ ਪੈਂਦੀ ਹੈ। ਜਿੱਥੇ ਅਸੀਂ ਕੰਮ ਤੇ ਗਏ ਉੱਥੇ ਗੁਰਦੁਆਰਿਆਂ ਵਿੱਚ ਰਹਿਣ ਲਈ ਕੋਈ ਪ੍ਰਬੰਧ ਨਹੀਂ ਹੈ ਤੇ ਨਜਦੀਕੀ ਕਸਬੇ ਵਿੱਚ ਹੋਟਲ ਦਾ ਕਮਰਾ 3000 ਰੁਪਏ ਤੋਂ ਘਟ ਨਹੀਂ ਮਿਲਦਾ। ਖ਼ਰਚਿਆਂ ਦੀ ਤਾਬ ਝੱਲਦੇ ਹੋਏ ਅਸੀਂ ਊੜੀ ਤੋਂ ਪਟਿਆਲਾ ਵਾਪਸੀ ਬਿਨਾ ਰੁਕੇ ਅਤੇ ਬਿਨਾ ਸੁੱਤੇ ਇਕੱਲੇ ਦਾਸ ਨੇ ਲਗਾਤਾਰ 26 ਘੰਟੇ ਕਾਰ ਚਲਾ ਕੇ ਘਰ ਵਾਪਸੀ ਕੀਤੀ। ਸਿਰਫ਼ ਆਪਣੀ ਰਿਹਾਇਸ਼ ਦੇ ਮਤਲਬ ਨਾਲ ਬਾਰ-ਬਾਰ ਦੋਸਤਾਂ ਸੰਬੰਧੀਆਂ ਨੂੰ ਤਕਲੀਫ਼ ਦੇਣਾ ਮੇਰੇ ਸੁਭਾ ਦੇ ਵਿਪਰੀਤ ਹੈ ਤੇ ਮੈਂ ਅਜਿਹੀ ਖੇਚਲ ਦੇਣ ਤੋਂ ਹਮੇਸ਼ਾਂ ਬਚਦਾ ਹਾਂ। ਇਸ ਸਭ ਦੇ ਬਾਵਜੂਦ ਰੋਜ਼ਾਨਾ ਔਸਤਨ 16 ਘੰਟੇ ਹੱਥ ਲਿਖਤ ਬੀੜਾ ਅਤੇ ਹੋਰ ਗੰ੍ਰਥਾਂ ਦੀ ਦਾਸ ਨੇ ਖ਼ੁਦ ਡਿਜ਼ੀਟਲ ਸੰਭਾਲ ਵੀ ਕੀਤੀ। ਅਸੀਂ 9 ਦਿਨਾਂ ਵਿੱਚ 9 ਗ੍ਰੰਥਾਂ ਦੀ ਸੰਭਾਲ ਦਾ ਰਿਕਾਰਡ ਬਣਾਇਆ। ਜਿਸ ਵਿੱਚ ਪੰਜ ਦਿਨ ਸਾਡੇ ਆਉਣ ਜਾਣ ਦੇ ਅਤੇ ਉੱਥੋਂ ਦੇ ਸਫ਼ਰ ਦੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 6 ਗੰ੍ਰਥਾਂ ਨੂੰ ਤਾਂ ਸੰਨ 1900 ਤੋਂ ਬਾਅਦ ਖੋਲਿਆ ਹੀ ਪਹਿਲੀ ਵਾਰ ਗਿਆ ਸੀ; ਜਿਨ੍ਹਾਂ ਦੀ ਪੂਰੀ ਇੱਕ ਇੱਕ ਪੱਤਰੇ ਦੀ ਸਫਾਈ ਅਤੇ ਜਿਲਦਾਂ ਅਤੇ ਜਿਲਦ ਸਾਜੀ ਵਿਚ ਫਸੀ ਪਈ ਮਿੱਟੀ ਅਤੇ ਹੋਰ ਵਸਤਾਂ ਜਿਵੇਂ ਕੀਟ, ਪਤੰਗੇ, ਫੁੱਲਾਂ ਦੀਆਂ ਸੁੱਕੀਆਂ ਪੰਖੜੀਆਂ, ਅਨਾਜ, ਮੋਟੇ ਚਾਵਲ ਆਦਿ ਕੱਢੇ। ਬਿਨਾ ਪੱਤਰਿਆਂ ਨੂੰ ਨੁਕਸਾਨ ਪਹੁੰਚਾਏ ਆਪਸ ਵਿੱਚ ਜੁੜੇ ਪਏ ਪੱਤਰਿਆਂ ਨੂੰ ਅੱਡੋ ਅੱਡ ਕਰਨ ਦੀ ਬਹੁਤ ਹੀ ਨਾਜ਼ਕ ਸੇਵਾ ਸੰਭਾਲ ਵੀ ਸਰਦਾਰਨੀ ਕਮਲਜੀਤ ਕੌਰ ਨੇ ਸ. ਤਰਲੋਕ ਸਿੰਘ ਦੀ ਸਹਾਇਤਾ ਨਾਲ ਕੀਤੀ ਹੈ। ਕੁਝ ਬੀੜ ਸਾਹਿਬਾਂ ਨੂੰ ਸਿਓਂਕ ਲੱਗ ਚੁਕੀ ਸੀ। ਜਿਸ ਕਰਕੇ ਉਨ੍ਹਾਂ ਦਾ ਟ੍ਰੀਟਮੈਂਟ ਵੀ ਕੀਤਾ ਗਿਆ ਹੈ।
 ਮਟਨ ਸਾਹਿਬ ਵਿਖੇ ਸਾਨੂੰ ਦਸਿਆ ਗਿਆ ਸੀ ਕਿ ਦੋ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਪਰ ਜਦੋਂ ਅਸੀਂ ਸਾਰੀ ਪੜਤਾਲ ਕੀਤੀ ਤਾਂ ਗੁਰਦੁਆਰਾ ਸਾਹਿਬ ਵਿੱਚੋਂ ਪੰਜ ਪੁਰਾਤਨ ਹੱਥ ਲਿਖਤ ਸਰੂਪ ਸਾਨੂੰ ਮਿਲੇ। ਇਨ੍ਹਾਂ ਵਿੱਚੋਂ ਦੋ ਸਰੂਪਾ ਦੀ ਸੇਵਾ ਸੰਭਾਲ ਲਗਾਤਾਰ ਹੁੰਦੀ ਰਹਿੰਦੀ ਸੀ ਅਤੇ ਗੁਰਪੁਰਬਾਂ ਤੇ ਇਨ੍ਹਾਂ ਦਾ ਵਾਰੋ ਵਾਰੀ ਪ੍ਰਕਾਸ਼ ਵੀ ਕੀਤਾ ਜਾਂਦਾ ਰਿਹਾ ਹੈ। ਤਿੰਨ ਸਰੂਪਾ ਦੀ ਸੇਵਾ ਸੰਭਾਲ ਲਗਭਗ ਸੰਨ 1900 ਤੋਂ ਬਾਅਦ ਅਸੀਂ ਹੀ ਜਾ ਕੇ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਕਿਸੇ ਸਿੱਖ ਨੇ ਆਪਣੀ ਸਹਿਜ ਪਾਠ ਦੀ ਮਿਤੀ ਪਾ ਕੇ ਨਿਸ਼ਾਨੀ ਵੱਜੋ ਰੱਖੀ ਕਾਗ਼ਜ਼ ਦੀ ਚਿੱਟ ਮਿਲਣ ਤੇ ਹੋਈ। ਇਸ ਦੇ ਪੱਤਰੇ ਆਪਣ ਵਿੱਚ ਬਹੁਤ ਜ਼ਿਆਦਾ ਜੁੜੇ ਤੇ ਚਿਪਕੇ ਹੋਏ ਸਨ। ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਸਤਿਗੁਰੂ ਨੇ ਸਾਨੂੰ ਖੁਦ ਆਵਾਜ਼ ਮਾਰ ਕੇ ਬੁਲਾਇਆ ਹੈ। ਇੱਕ ਹੋਰ ਸਰੂਪ ਵਿਚਹੁ ਪਾਠ ਦੀ ਨਿਸ਼ਾਨੀ ਦੇ ਤੌਰ ਤੇ ਫਸਾਇਆ ਹਇਆ ਇੱਕ ਸਿੱਕਾ ਵੀ ਮਿਲਿਆ ਹੈ। ਇਹ ਢੰਗ ਆਪਣੇ ਕਿਸਮ ਦਾ ਨਵੇਕਲਾ ਹੀ ਮਿਲਿਆ । ਇੱਕ ਸਰੂਪ ਵਿੱਚੋਂ ਤਾਂ ਸਾਨੂੰ ਸਿਓਂਕ ਵੀ ਜਿਉਂਦਾ ਹਾਲਤ ਵਿੱਚ ਮਿਲੀ। ਪ੍ਰਬੰਧਕ ਅਤੇ ਗੁਰਦੁਆਰਾ ਸਾਹਿਬ ਦੇ ਸੇਵਾ ਦਾਰ ਸਾਡੀ ਗੱਲ ਨੂੰ ਝੂਠ ਮੰਨਦੇ ਰਹੇ ਕਿਉਂਕਿ ਉਨ੍ਹਾਂ ਦੇ ਮੁਤਾਬਕ ਇਸ ਠੰਢੇ ਸ਼ਹਿਰ ਵਿੱਚ ਸਿਓਂਕ ਹੁੰਦੀ ਹੀ ਨਹੀਂ ਹੈ। ਉਨ੍ਹਾਂ ਸਾਨੂੰ ਕਈ ਕਿਸਮ ਦੇ ਸਵਾਲ ਕੀਤੇ ਕਿ ਕੀੜਾ ਕਿਹੋ ਜਿਹਾ ਸੀ ਤੇ ਉਹ ਇਸ ਤੇ ਡਟੇ ਰਹੇ ਕਿ ਸਿਓਂਕ ਹੋ ਹੀ ਨਹੀਂ ਸਕਦੀ। ਅਸੀਂ ਚੁੱਪ ਕਰ ਗਏ।
       ਰਾਤ ਨੂੰ ਲਗਭਗ 12 ਵੱਜ ਕੇ 40 ਮਿੰਟ ਤੇ ਜਦੋਂ ਮੈਂ ਤੀਸਰੀ ਬੀੜ ਸਾਹਿਬ ਦੀ ਖੁਦ ਫੋਟੋ ਗ੍ਰਾਫ਼ੀ ਕਰ ਰਿਹਾ ਸਾਂ ਅਤੇ ਕਮਲਜੀਤ ਕੌਰ ਤਾਬਿਆ ਬੈਠੇ ਸਨ ਤਾਂ ਬੀੜ ਦੇ ਲਗਭਗ ਅੱਧ ਵਿੱਚੋਂ ਮੈਨੂੰ ਫਿਰ ਸਿਓਂਕ ਦਿੱਖੀ। ਮੈਂ ਪਹਿਲਾਂ ਤਾਂ ਗ੍ਰੰਥੀ ਸਿੰਘ ਜੀ ਅਤੇ ਸੇਵਾਦਾਰ ਸਿੰਘ ਨੂੰ ਜਗਾਇਆ ਅਤੇ ਬੁਲਵਾਇਆ। ਗ੍ਰੰਥੀ ਸਿੰਘ ਜੀ ਆਪਣੇ ਘਰ ਚਲੇ ਗਏ ਸਨ । ਸੇਵਾਦਾਰ ਜੀ ਆਏ ਤਾਂ ਅਸੀਂ ਉਨ੍ਹਾਂ ਨੂੰ ਜਿਉਂਦੀ ਸਿਓਂਕ ਦਿਖਾਈ। ਪ੍ਰਬੰਧਕ ਉਸ ਵੇਲੇ ਬੁਲਾਉਣੇ ਸੰਭਵ ਨਹੀਂ ਸਨ। ਇਸ ਲਈ ਮੈਂ ਉਸ ਦੇ ਕਲੋਜ ਅਪ ਲਏ ਅਤੇ ਪੂਰੀ ਮੂਵੀ ਵੀ ਬਣਾ ਲਈ। ਸਵੇਰੇ ਅਸੀਂ ਫਿਰ ਪ੍ਰਬੰਧਕਾਂ ਨੂੰ ਦਿਖਾਈ। ਦੇਖਣ ਤੋਂ ਬਾਅਦ ਵੀ ਉਹ ਸਵੀਕਾਰਨ ਨੂੰ ਤਿਆਰ ਨਹੀਂ ਸਨ ! ਖੈਰ ਮੈਂ ਬੀੜ ਸਾਹਿਬਾਂ ਦੀ ਚੰਗੀ ਸੰਭਾਲ ਅਤੇ ਹਰ ਕਿਸਮ ਦੇ ਕੀੜੇ ਤੋਂ ਬਚਾਓ ਲਈ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਲਿਖਵਾ ਦਿੱਤੀਆਂ ਤੇ ਕੀਤੀ ਜਾਣ ਵਾਲੀ ਕਾਰਵਾਈ ਵੀ ਸਮਝਾ ਦਿੱਤੀ।
       ਸਾਡਾ ਇੱਥੇ ਮਟਨ ਸਾਹਿਬ ਵਿਖੇ ਹੀ ਕੰਮ ਤਿੰਨ ਦਿਨ ਦਾ ਵੱਧ ਚੁਕਾ ਸੀ। ਪਰ ਮੇਰੇ ਨਾਲ ਮੇਰੀ ਪਤਨੀ ਕਮਲਜੀਤ ਕੌਰ ਅਤੇ ਦੋਸਤ ਸ. ਤਰਲੋਕ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ ਤੇ ਅਸੀਂ ਦਿਨ ਵਿੱਚ 18 ਘੰਟੇ ਕੰਮ ਕਰ ਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਮਟਨ ਵਿਖੇ ਪੰਜ ਪੁਰਾਤਨ ਹੱਥ ਲਿਖਤ ਸਰੂਪਾ ਨੂੰ ਡਿਜ਼ੀਟਲਾਈਜ਼ਡ ਕਰ ਲਿਆ। ਅਸੀਂ ਕਿਉਂਕਿ ਇੱਥੇ 2 ਰਾਤਾਂ ਰਹਿਣ ਦਾ ਪ੍ਰਬੰਧ ਕੀਤਾ ਸੀ ਇਸ ਲਈ ਤੀਜੀ ਰਾਤ ਨੂੰ ਅਸੀਂ ਆਪਣਾ ਸਾਮਾਨ ਚੁੱਕ ਕੇ ਨੇੜੇ ਹੀ ਪਹਿਲਗਾਮ ਰਹਿਣ ਲਈ ਚਲੇ ਗਏ। ਜਿੱਥੋਂ ਅਸੀਂ ਸਵਖਤੇ 6 ਵਜੇ ਹੀ ਬਾਰਾਮੂਲਾ ਲਈ ਰਵਾਨਾ ਹੋ ਗਏ ਤੇ ਰਾਤ ਨੂੰ ਸ. ਰਾਜਿੰਦਰ ਸਿੰਘ ਵੱਲ ਪਹੁੰਚ ਗਏ। ਅਗਲੇ ਦਿਨ ਅਸੀਂ ਛੇਵੀਂ ਪਾਤਸ਼ਾਹੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਪੁਰਾਤਨ ਹੱਥ ਲਿਖਤ ਬੀੜ ਸਾਹਿਬ ਦੀ ਡਿਜ਼ੀਟਲਾਈਜ਼ੇਸ਼ਨ ਮੁਕੰਮਲ ਕਰ ਲਈ। ਇਨ੍ਹਾਂ ਸਭਨਾਂ ਗ੍ਰੰਥਾਂ ਦੀ ਲਿਖਾਵਟ ਬਹੁਤ ਹੀ ਸੁੰਦਰ ਅਤੇ ਇਕਸਾਰ ਹੈ। ਆਰੰਭ ਵਿੱਚ 'ੴ ਤੋਂ ਗੁਰਪ੍ਰਸਾਦਿ' ਤਕ ਅਤੇ 'ਜਪੁ' ਬਾਣੀ ਦੀਆਂ ਪਹਿਲੀਆਂ ਉਹ ਲਾਈਨਾਂ ਜਿਹੜੀਆਂ ਪਹਿਲੇ ਦੋ ਪਤਰਿਆਂ ਤੇ ਆਉਂਦੀਆਂ ਹਨ ਬਹੁਤ ਹੀ ਖ਼ੂਬਸੂਰਤ ਕੁਦਰਤੀ ਰੰਗਾਂ ਨਾਲ ਚਿਤ੍ਰ ਕਾਰੀ ਵਿੱਚ ਲਿਖਤ ਕੀਤੀਆਂ ਗਈਆਂ ਹਨ। ਇਹ ਇਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਮੁੱਖ ਵਿਸ਼ੇਸ਼ਤਾ ਹੈ।
ਇੱਕ ਦਿਨ ਵਿੱਚ ਅਸੀਂ ਬਾਬਾ ਲੋਚਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਦੂਜੀ ਇੱਕ ਛੋਟੇ ਆਕਾਰ ਦੀ ਡੇਰੇ ਦੇ ਹਿਸਾਬ ਨਾਲ ਲਗਭਗ 300 ਪੁਰਾਨੀ ਇੱਕ ਸਫ਼ਰੀ ਬੀੜ ਅਤੇ ਇੱਕ ਜਨਮ ਸਾਖੀ ਨੂੰ ਡਿਜ਼ੀਟਲਾਈਜ਼ਡ ਕੀਤਾ।
       ਸਤਿਕਾਰਯੋਗ ਸ. ਜਸਪਾਲ ਸਿੰਘ ਜੀ ਅਤੇ ਸਤਿਕਾਰੀ ਭੈਣ ਲਵਿੰਦਰ ਕੌਰ ਜੀ ਨੇ ਸਾਡੀ ਰਿਹਾਇਸ਼ ਦਾ ਇੰਤਜ਼ਾਮ ਮਟਨ ਵਿਖੇ ਕਰਵਾ ਦਿੱਤਾ।ਜਿੱਥੇ ਸ. ਗੁਰਪੁਰਬ ਸਿੰਘ ਨੇ ਸਾਡੇ ਠਹਿਰਨ ਦਾ ਪ੍ਰਬੰਧ ਆਪਣੇ ਭਾਈ ਸਾਹਿਬ ਸ. ਜਰਨੈਲ ਸਿੰਘ ਜੀ ਵੱਲ ਕੀਤਾ ਹੋਇਆ ਸੀ। ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਦਲੇਰ ਕੌਰ ਨੇ ਸਾਡੀ ਬਹੁਤ ਸੇਵਾ ਕੀਤੀ। ਆਪਣੇ ਸਰਜਨ ਬੇਟੇ ਡਾ. ਸੰਦੀਪ ਸਿੰਘ ਦਾ ਕਮਰਾ ਸਾਨੂੰ ਰਹਿਣ ਲਈ ਦਿੱਤਾ। ਊੜੀ ਸੈਕਟਰ ਲਈ ਅਸੀ ਆਪਣਾ ਕੈਂਪ ਆਫ਼ਿਸ ਬਾਰਾਮੂਲਾ ਵਿਖੇ ਸ. ਰਾਜਿੰਦਰ ਸਿੰਘ ਦੇ ਗ੍ਰਹਿ ਵਿਖੇ ਬਣਾਇਆ ਅਤੇ ਰਿਹਾਇਸ਼ ਸ. ਸ਼ੁਭਕਰਮ ਸਿੰਘ ਅਤੇ ਭੈਣ ਸ਼ੰਮੀ ਜੀ ਦੇ ਘਰੇ ਰੱਖਿਆ। ਇਹ ਦੋਵੇਂ ਹੀ ਪਰਿਵਾਰ ਹਮੇਸ਼ਾਂ ਹੀ ਸਾਨੂੰ ਨਿੱਘੀ ਜੱਫੀ ਨਾਲ ਖ਼ਾਲਸਾਈ ਪਿਆਰ ਭਰੀ ਅਤੇ ਸਤਿਕਾਰੀ ਆਓ-ਭਗਤ ਦਿੰਦੇ ਹਨ। ਦਾਸ ਇਨ੍ਹਾਂ ਸਭਨਾਂ ਦਾ ਜਿਨ੍ਹਾਂ ਮੈਨੂੰ ਇਸ ਪੰਥਕ ਸਰਮਾਏ ਨੂੰ ਆਉਂਦੀਆਂ ਨਸਲਾਂ ਤਕ ਸੰਭਾਲਣ ਲਈ ਸਹਿਯੋਗ ਦਿੱਤਾ ਹੈ, ਸਹਿਯੋਗ ਲਈ ਤਹਿ ਦਿਲ ਤੋਂ ਧੰਨਵਾਦੀ ਹੈ।

No comments:

Post a Comment