Monday, June 9, 2014

ਕੀ ਇਹੋ ਜਿਹਾ ਖਾਲਿਸਤਾਨ ਚਾਹੁੰਦੇ ਹੋ?

ਕੀ ਇਹੋ ਜਿਹਾ ਖਾਲਿਸਤਾਨ ਚਾਹੁੰਦੇ ਹੋ?
ਡਾਕਟਰ ਹਰਜਿੰਦਰ ਸਿੰਘ ਦਿਲਗੀਰ*


6 ਜੂਨ 2014 ਦੇ ਦਿਨ ਅਜਕਾਲ ਤਖ਼ਤ ਸਾਹਿਬ ‘ਤੇ ਕਿਰਪਾਨਾਂ, ਬਰਛੇ ਅਤੇ ਡਾਂਗਾ ਦਾ ਮੀਂਹ ਵਰ੍ਹਾਇਆ ਗਿਆ। ਦਰਜਨ ਕੂ ਬੰਦੇ ਜ਼ਖ਼ਮੀ ਹੋਏ। 20-25 ‘ਤੇ ਕੇਸ ਦਰਜ ਹੋਏ। ਪਰ ਇਸ ਤੋਂ ਵੱਡੀ ਗੱਲ ਇਹ ਹੋਈ ਕਿ ਦੁਨੀਆਂ ਭਰ ਵਿਚ ਸਿੱਖਾਂ ਦੀ ਤੋਏ-ਤੋਏ ਹੋਈ। ਐਨੀ ਬਦਨਾਮੀ ਹੋਈ ਕਿ 1984 ਦਾ ‘ਸਿੱਖ ਦਹਿਸ਼ਤਗਰਦ’ ਦਾ ਲੇਬਲ ਸਿੱਖਾਂ ‘ਤੇ ਫੇਰ ਲੱਗ ਗਿਆ। ਦੁਨੀਆਂ ਭਰ ਦੇ ਮੀਡੀਆ ਵਿਚ ਸਿੱਖਾਂ ਨੂੰ ਖ਼ੂਬ ‘ਛਿੱਤਰ’ ਮਾਰੇ ਗਏ। ਵਾਹ! ਸਿੱਖਾਂ ਨੇ ਦਰਬਾਰ ਸਾਹਿਬ ‘ਤੇ ਹਮਲੇ ਦੇ ਦਰਦਨਾਕ ਭਿਆਨਕ ਸਾਕੇ ਦੀ ਯਾਦ ਦਾ 30 ਸਾਲਾ ਦਿਨ ਖ਼ੂਬ ਮਨਾਇਆ। ਆਪਣੇ ਆਪ ਨੂੰ ਮਜ਼ਲੂਮ ਦੇ ਤੌਰ ‘ਤੇ ਪੇਸ਼ ਕਰਨ ਦੀ ਬਜਾਇ ਸਿੱਖ ਫਿਰ ਟੈਰੋਰਿਸਟ, ਦਹਿਸ਼ਤਗਰਦ, ਅੱਤਵਾਦੀ ਗਰਦਾਨੇ ਗਏ। ‘ਸ਼ਾਬਾਸ਼’ ਕਹਾਂ ਕਿ ‘ਲਾਅਨਤ’ ਕਹਾਂ  ਤੁਹਾਡੀ ਕਾਰਵਾਈ ਦੇ?

ਇਹ ਘਟਨਾ ਸਿਰਫ਼ ਅੱਜ ਕਿਸੇ ਨੁਕਤੇ ਕਾਰਨ ਜਾਂ 6 ਜੂਨ 2014 ਦੇ ਮਾਹੌਲ ਕਰ ਕੇ ਪੈਦਾ ਨਹੀਂ ਹੋਈ। ਸਿੱਖਾਂ ਵਿਚ ਨਫ਼ਰਤ, ਧੜੇਬੰਦੀ, ਸਾਜ਼ਸ਼ਾਂ 1984 ਤੋਂ ਪਹਿਲਾਂ ਦੀਆਂ ਹੀ ਚਲ ਰਹੀਆਂ ਹਨ। ਦਸੰਬਰ 1983 ਦੇ ਭਿੰਡਰਾਂਵਾਲਾ ਅਤੇ ਬਬਰਾਂ ਵਿਚਕਾਰ ਦਾ ਟਕਰਾਅ ਸਭ ਨੂੰ ਯਾਦ ਹੋਵੇਗਾ। ਖਾੜਕੂਆਂ ਸੁਖਦੇਵ ਸਿੰਘ ਸਖੀਰਾ, ਹਰਭਜਨ ਸਿੰਘ ਮੰਡ, ਗੁਰਿੰਦਰ ਸਿੰਘ ਭੋਲਾ, ਸਰਬਜੀਤ ਸਿੰਘ ਰੋਪੜ, ਚਮਕੌਰ ਸਿੰਘ ਰੋਡੇ ਨੂੰ ਆਪਸੀ ਦੁਸ਼ਮਣੀ ਵਿਚ ਕਤਲ ਕੀਤਾ ਗਿਆ। ਮਨਬੀਰ ਸਿੰਘ ਚਹੇੜੂ ਤੇ ਉਸ ਦੇ ਸਾਥੀਆਂ ਨੂੰ ਜਲੰਧਰ ਵਿਚ ਅਤੇ ਜਥੇਦਾਰ ਤਲਵਿੰਦਰ ਸਿੰਘ ਨੂੰ ਜਰਮਨ ਵਿਚ ਈਰਖਾ ਵਿਚ ਗ੍ਰਿਫ਼ਤਾਰ ਕਰਵਾਇਆ ਗਿਆ। ਜਥੇਦਾਰ ਤਲਵਿੰਦਰ ਸਿੰਘ ਅਤੇ ਡਾ: ਪ੍ਰੀਤਮ ਸਿੰਘ ਸੇਖੋਂ ਨਾਲ ਪਾਕਿਸਤਾਨ ਵਿਚ ਜੋ ਹੋਇਆ ਉਹ ਕਿਸੇ ਤੋਂ ਭੁੱਲਿਆ ਨਹੀਂ। ਡਾ:ਰਾਜਿੰਦਰ ਕੌਰ, ਭਾਨ ਸਿੰਘ, ਜਗਦੇਵ ਸਿੰਘ ਖੁੱਡੀਆਂ, ਹਰਮਿੰਦਰ ਸਿੰਘ ਸੰਧੂ ਦੇ ਕਤਲ ਇਸ ਈਰਖਾ, ਸਾੜੇ ਅਤੇ ਕੀਨੇ ਦਾ ਨਤੀਜਾ ਸਨ। ਉਹ ਨਫ਼ਰਤ ਅੱਜ ਵੀ ਕਾਇਮ ਹੈ। ਅੱਜ ਵੀ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਵਿਚ ਉਵੇਂ ਹੀ ਜੰਗ ਚਲ ਰਹੀ ਹੈ। ਅੱਜ ਵੀ ਦਲਜੀਤ ਸਿੰਘ ਬਿੱਟੂ ਅਤੇ ਮਾਨ ਧੜਿਆਂ ਵਿਚ ਦੁਸ਼ਮਣੀ ਦਾ ਆਰ-ਪਾਰ ਕੋਈ ਨਹੀਂ। ਅੱਜ ਵੀ ਰੋਡੇ ਫ਼ੈਡਰੇਸ਼ਨ ਬਬਰਾਂ ਦੀ ਦੁਸ਼ਮਣ ਹੈ। ਅੱਜ 30 ਸਾਲ ਮਗਰੋਂ ਵੀ ਸਾਜ਼ਸ਼ੀ ਚੌਧਰੀਆਂ ਵੱਲੋਂ ਪੁਰਾਣੇ ਇਖ਼ਤਿਲਾਫ਼ (ਮਤਭੇਦਾਂ) ਕਰ ਕੇ ਬਬਰ ਖਾਲਸਾ ਦੇ ਇਕ ਗਰੁੱਪ, ਡਾ. ਪ੍ਰਿਤਪਾਲ ਸਿੰਘ ਧੜੇ ਜਾਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਇਕ ਧੜੇ ਨੂੰ ਰਘਬੀਰ ਸਿੰਘ ਟੈਂਕ, ਸੁਰਜੀਤ ਸਿੰਘ ਛਦੌੜੀ ਤੇ ਦਿਲਗੀਰ ਦੇ ਨਾਂ ਨਾਲ ਨਫ਼ਰਤ ਹੈ। ਸਿਰਫ਼ ਅਖੋਤੀ ਦਸਮਗ੍ਰੰਥ ਦੇ ਵਿਰੋਧ ਕਾਰਨ ਰਾਗੀ ਦਰਸ਼ਨ ਸਿੰਘ, ਮਿਸ਼ਨਰੀਆਂ ਅਤੇ ਸੰਜੀਦਾ ਪਰਚਾਰਕਾਂ ਨਾਲ ਚੌਕ ਮਹਿਤਾ ਤੇ ਰੋਡੇ ਫ਼ੈਡਰੇਸ਼ਨ ਨੂੰ ਨਫ਼ਰਤ ਹੈ। ਜੇ ਇਹੀ ਕਰਨਾ ਹੈ ਤਾਂ ਖਾਲਿਸਤਾਨ ਭੁੱਲ ਜਾਓ। ਕੀ ਖਾਲਿਸਤਾਨ ਬਣਾ ਕੇ ਇਸ ਤਰ੍ਹਾਂ ਦੁਸ਼ਮਣੀਆਂ ਵਿਚ ਕਤਲੇਆਮ ਕਰਿਆ ਕਰੋਗੇ, ਝੂਠਾ ਪਰਚਾਰ ਕਰਿਆ ਕਰੋਗੇ ?

ਸਿੱਖੀ ਦੇ ਤਿੰਨ ਹਿੱਸੇ ਹੋ ਚੁਕੇ ਹਨ

ਓ! ਸਿੱਖੋ, ਖਾਲਿਸਤਾਨ ਦਾ ਮੁੱਦਾਅ ਤਾਂ ਉਂਞ ਹੀ ਖ਼ਤਮ ਹੈ। ਅੱਜ ਸਿੱਖ ਕੌਮ ਤਿੰਨ ਵੱਡੇ ਟੁਕੜਿਆਂ ਵਿਚ ਵੰਡੀ ਜਾ ਚੁਕੀ ਹੈ:

1 .ਇਕ ਧਿਰ ਉਹ ਹਨ ਜੋ ਨਿਰੋਲ ਸਿੱਖੀ ਨੂੰ ਕਾਇਮ ਰੱਖਣਾ ਚਾਹੁੰਦੇ ਹਨ (ਇਨ੍ਹਾਂ ਵਿਚ ਸਿੱਖ ਮਿਸ਼ਨਰੀ ਅਤੇ ਸੰਜੀਦਾ ਵਿਦਵਾਨ ਸ਼ਾਮਿਲ ਹਨ)। ਡੇਰੇਦਾਰਾਂ, ਆਰ.ਐਸ.ਐਸ., ਨਿਰਮਲਿਆਂ, ਬ੍ਰਾਹਮਣਾਂ ਨੂੰ ਨਿਰੋਲ ਸਿੱਖੀ ਦਾ ਪਰਚਾਰ ਕਰਨ ਨਾਲ ਨਫ਼ਰਤ ਹੈ। ਇਨ੍ਹਾਂ ਨੂੰ ਕੁਕਿਆਂ ਨਾਲ ਨਫ਼ਰਤ ਨਹੀਂ; ਬਾਦਲਕਿਆਂ ਨਾਲ ਨਫ਼ਰਤ ਨਹੀਂ; ਨਿਆਰੀ ਅਤੇ ਨਿਰੋਲ ਸਿੱਖੀ ਨਾਲ ਨਫ਼ਰਤ ਹੈ।

2. ਦੂਜੀ ਧਿਰ ਉਹ ਹਨ ਜੋ ਪੱਗਾਂ ਵਾਲੇ ਹਿੰਦੂ ਬਣ ਕੇ ਖ਼ੁਸ਼ ਹਨ: ਉਨ੍ਹਾਂ ਦੀ ਯਾਰੀ ਆਰ.ਐਸ.ਐਸ. ਨਾਲ ਹੈ; ਉਹ ਭਾਰਤੀ ਜਨਤਾ ਪਾਰਟੀ ਦਾ ਪਗੜੀਧਾਰੀ ਹਿੱਸਾ ਹਨ। ਉਹ ਮੰਦਰਾਂ ਵਿਚ ਪੂਜਾ ਕਰਦੇ ਹਨ, ਹਵਨ ਕਰਾਉਂਦੇ ਹਨ ਅਤੇ ਫ਼ਿਰਕੂ ਸਿੱਖ ਦੁਸ਼ਮਣਾਂ ਨੂੰ ਸਟੇਜਾਂ ‘ਤੇ ਸੱਦ ਕੇ ਸਨਮਾਨ ਕਰਦੇ ਹਨ। ਉਨ੍ਹਾਂ ਦੇ ਘਰਾਂ ਵਿਚ ਸ਼ਿਵ ਲਿੰਗ ਦੀ ਪੂਜਾ ਹੁੰਦੀ ਹੈ; ਉਹ ਨਾਮਧਾਰੀ, ਸਰਸੇ ਵਾਲੇ, ਰਾਧਾਸੁਆਮੀ, ਨੂਰਮਹਿਲੀਏ, ਕਲੇਰਾਂ ਵਾਲੇ, ਮਸਤੂਆਣੇ ਵਾਲੇ, ਬੜੂੰਦੀ ਵਾਲੇ, ਰਾੜੇਵਾਲੇ, ਸਿਹੋੜੇ ਵਾਲੇ ਹੀ ਨਹੀਂ ਹਰ ਦੁੱਕੀ ਤਿਕੀ ਸਾਧ ਦੇ ਅੱਗੇ ਮੱਥਾ ਟਕਦੇ ਹਨ। ਉਨ੍ਹਾਂ ਦਾ ਇਸ਼ਟ ਸਾਕਤ ਮੱਤ ਦੀ, ਹਿੰਦੂ ਮਿਥਹਾਸ ਦੇ ਤਰਜਮੇ ਵਾਲੀ, ਕਿਤਾਬ ਅਖੌਤੀ ‘ਦਸਮਗ੍ਰੰਥ’ ਹੈ। ਇਨ੍ਹਾਂ ਵਿਚ ਹਿੰਦੂ ਮਤ ਦੀ ਨਿਰਮਲਾ ਉਦਾਸੀ ਸੰਪਰਦਾ ਦੇ ਪ੍ਰਚਾਰਕ (ਸਾਧ, ਸੰਤ ਅਤੇ ਡੇਰੇਦਾਰ) ਵੀ ਸ਼ਾਮਿਲ ਹਨ। ਇਨ੍ਹਾਂ ਵਿਚ ਬਾਦਲ ਅਕਾਲੀ ਦਲ, ਰਾਸ਼ਟਰੀ ਸਿੱਖ ਸੰਗਤ, ਭਿੰਡਰਾਂ ਟਕਸਾਲ (ਜੋ ਝੂਠ ਬੋਲ ਕੇ ਖ਼ੁਦ ਨੂੰ ਦਮਦਮੀ ਟਕਸਾਲ ਕਹਿੰਦੇ ਹਨ) ਵੀ ਸ਼ਾਮਿਲ ਹਨ; ਇਨ੍ਹਾਂ ਦੇ ਮੁਖ ਡੇਰੇ ਚੋਕ ਮਹਿਤਾ, ਸੰਗਰਾਵਾਂ, ਅਜਨਾਲਾ ਵਗ਼ੈਰਾ ਵਿਚ ਹਨ। ਇਹ ਤਾਂ ਸਿੱਧੇ ਗੁਰੁ ਦੀ ਸਿੱਖੀ ਦੇ ਦੁਸ਼ਮਣ ਹਨ।

3. ਤੀਜੀ ਧਿਰ ਉਨ੍ਹਾਂ ਦਾ ਹੈ ਜੋ ਉਲਝੇ ਹੋਏ ਹਨ: ਯਾਨਿ ਉਹ ਕੁਝ-ਕੁਝ ਨਿਰੋਲ ਸਿੱਖੀ ਵਾਲੇ ਮਿਸ਼ਨਰੀਆਂ ਦੇ ਨਾਲ ਹਨ ਅਤੇ ਕੁਝ ਉਹ ਦਸਮਗ੍ਰੰਥੀ ਟੋਲੇ ਦਾ ਨਾਲ ਹਨ। ਇਨ੍ਹਾਂ ਵਿਚ ਅਕਾਲੀ ਦਲ (ਮਾਨ ਅਤੇ ਪੰਚ ਪ੍ਰਧਾਨੀ), ਦਲ ਖਾਲਸਾ, ਅਖੰਡ ਕੀਰਤਨੀ ਜਥਾ, ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਵਗ਼ੈਰਾ ਸ਼ਾਮਿਲ ਹਨ। ਇਕ ਪਾਸੇ ਤਾਂ ਇਹ ਆਰ.ਐਸ,ਐਸ. ਦੇ ਖ਼ਿਲਾਫ਼ ਬੋਲਦੇ ਹਨ, ਤੇ, ਦੂਜੇ ਪਾਸੇ ਇਹ ਸਾਰੇ ਜਾਂ ਅੱਧ-ਪਚੱਧੇ ਅਖੋਤੀ ਦਸਮਗ੍ਰੰਥ ਦੀ ਪੂਜਾ ਵੀ ਕਰੀ ਜਾਂਦੇ ਹਨ। ਇਹ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਅਤੇ ਪੁਜਾਰੀਆਂ ਦੇ ਖ਼ਿਲਾਫ਼ ਵੀ ਬੋਲਦੇ ਹਨ ਪਰ ਉਨ੍ਹਾਂ ਨੂੰ ਰੱਦ ਵੀ ਨਹੀਂ ਕਰਦੇ। ਇਹ ਸਾਧਾਂ ਤੇ ਡੇਰੇਦਾਰਾਂ ਦੀਆਂ ਕਰਤੂਤਾਂ ਤੋਂ ਦੁਖੀ ਵੀ ਹਨ ਪਰ ਉਨ੍ਹਾਂ ਨਾਲ ਜੱਫੀਆਂ ਵੀ ਪਾਉਂਦੇ ਹਨ ਤੇ ਉਨ੍ਹਾਂ ਦਾ ਮਾਨ-ਸਨਮਾਨ ਵੀ ਕਰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿਚ ਜਾਂ ਤਾਂ ਇਹ ਦੋਗਲੇ ਹਨ ਜਾਂ ਉਲਝੇ ਹੋਏ (ਕਨਫ਼ਿਊਜ਼)। ਸਿਧਾਂਤਕ ਤੋਰ ‘ਤੇ ਉਲਝਿਆ ਸ਼ਖ਼ਸ ਕੌਮ ਵਾਸਤੇ ਦੁਸ਼ਮਣ ਤੋਂ ਵਧ ਨੁਕਸਾਨਦੇਹ ਹੁੰਦਾ ਹੈ ਕਿਉਂ ਕਿ ਦੁਸ਼ਮਣ ਉਸ ਦੀ ਕਮਜ਼ੋਰੀ ਤੇ ਬੁਜ਼ਦਿਲੀ ਦਾ ਵਧੇਰੇ ਫ਼ਾਇਦਾ ਉਠਾਉਂਦੇ ਹਨ।

ਪੁਜਾਰੀ ਸਿੱਖੀ ਦੇ ਦੂਜੇ ਸਭ ਤੋਂ ਵੱਡੇ ਦੁਸ਼ਮਣ ਹਨ

ਸਿੱਖ ਸਰੂਪ ਵਾਲਿਆਂ ਵਿਚੋਂ ਸਿੱਖੀ ਦਾ ਸਭ ਤੋਂ ਵਧ ਨੁਕਸਾਨ ਵਿਚ ਬਾਦਲ ਅਕਾਲੀ ਦਲ ਅਤੇ ਡੇਰੇਦਾਰਾਂ ਤੋਂ ਇਲਾਵਾ ਪੁਜਾਰੀ ਕਰ ਰਹੇ ਹਨ, ਯਾਨਿ ਕਿ ਅਕਾਲ ਤਖ਼ਤ ਦਾ ਅਖੌਤੀ ਜਥੇਦਾਰ। ਸਿੱਖ ਤਵਾਰੀਖ਼ ਜਾਂ ਸਿੱਖ ਫ਼ਲਸਫ਼ੇ ਵਿਚ ਅਕਾਲ ਤਖ਼ਤ ਦੇ ਅਖੋਤੀ ਜਥੇਦਾਰ ਦਾ ਕੋਈ ਅਹੁਦਾ ਨਹੀਂ। ਪੁਜਾਰੀ ਪੰਥ ਬਣ ਗਏ ਹਨ।

ਜੋ ਲੋਕ ਇਹ ਕਹਿੰਦੇ ਹਨ ਕਿ ਇਹ ਜਥੇਦਾਰ ਕੌਮ ਦਾ ਗ਼ਦਾਰ ਹੈ ਅਤੇ ਇਸ ਨੂੰ ਬਦਲ ਦਿਓ ਉਹ ਪੰਥ ਦਾ ਸਭ ਤੋਂ ਵਧ ਨੁਕਸਾਨ ਕਰ ਰਹੇ ਹਨ। ਜਿਹੜੇ ਅਖੋਤੀ ਜਥੇਦਾਰ ਅਤੇ ਅਖੌਤੀ ‘’ਸਿੰਘ ਸਾਹਿ’ਬ ਦੇ ਨਾਂ ਵਾਲੇ ਇਸ ਨਾਜਾਇਜ਼ ਅਹੁਦੇ ਅਤੇ ਹੋਰ ਪੁਜਾਰੀ ਜਮਾਤ ਨੂੰ ਕਬੂਲ ਕਰ ਰਹੇ ਹਨ, ਉਹ ਕੌਮ ਦਾ ਨੁਕਸਾਨ ਉਨ੍ਹਾਂ ਤੋਂ ਵਧ ਕਰ ਰਹੇ ਹਨ। ਹਾਲਾਂ ਕਿ ਉਸ ਨੂੰ ਬਦਲਣ ਦਾ ਸੁਫ਼ਨਾ ਲੈਣਾ ਮਹਾਂ ਮੂਰਖ ਦੀ ਦੁਨੀਆਂ ਵਿਚ ਰਹਿਣਾ ਹੈ। ਪਰ ਜਿਹੜਾ ਅਹੁਦਾ ਸਿੱਖੀ ਅਸੂਲਾਂ ਦੇ ਹੀ ਉਲਟ ਹੈ, ਉਸ ਦਾ ਬੰਦਾ ਬਦਲ ਕੇ ਹੋਰ ਲਾ ਲੈਣਾ ਵੀ ਤਾਂ ਸਿੱਖੀ ਨਾਲ ਦੁਸ਼ਮਣੀ ਹੀ ਹੋਵੇਗੀ। ਜਥੇਦਾਰ ਕੀ ਹੈ? ਕਿਉਂ ਹੋਣ ਪੁਜਾਰੀ? ਇਹ ਤਾਂ ਹਾਕਮ ਦੀਆਂ ਰਖੈਲਾਂ, ਪਗੜੀਧਾਰੀ ਬ੍ਰਾਹਮਣ ਕਾਇਮ ਕਰਨ ਵਾਲੀ ਗੱਲ ਹੈ। ਜੇ ਬਾਦਲ ਦੀ ਜਗਹ ਕੋਈ ਹੋਰ ਵੀ ਇਨ੍ਹਾਂ ਨੂੰ ਲਾਉਣ ਲਗ ਪਏ ਤਾਂ ਕੀ ਫ਼ਰਕ ਪਏਗਾ। ਤੁਸੀਂ ਅਕਾਲ ਤਖ਼ਤ ਦੇ ਪੁਜਾਰੀਆਂ ਦੀ ਬੀ ਟੀਮ ਬਣ ਰਹੇ ਹੋ। ਅਖੇ ਜਥੇਦਾਰ ਮਾੜਾ ਹੈ ਤਾਂ ਇਹ ਹਾਲ ਹੈ। ਮੂਰਖੋ ਅਹੁਦਾ ਹੀ ਗ਼ਲਤ ਹੈ; ਇਸ ਅਹੁਦੇ ਤੋਂ ਛੁਕਟਕਾਰਾ ਪਾਓ ਨਹੀਂ ਤਾਂ ਪੰਥ ਨੂੰ ਕੋਈ ਨਹੀਂ ਬਚਾਅ ਸਕਦਾ। ਗੁਰੂ ਨੇ ਇਹ ਅਹੁਦਾ ਕਦੋਂ ਕਾਇਮ ਕੀਤਾ ਸੀ? ਇਹ ਕੀ ਕਰ ਰਹੇ ਹੋ? ਕੀ ਗੁਰੁ ਨੇ ਪੁਜਾਰੀਆਂ ਨੂੰ ਪੰਥ ਦੀ ਕਿਸਮਤ ਬਣਾਉਣ, ਪੰਥ ਦੇ ਫ਼ੈਸਲੇ ਕਰਨ ਦਾ ਹੱਕ ਦਿੱਤਾ ਹੈ? ਕਿਤੇ ਤਵਾਰੀਖ਼ ਵਿਚ ਜਾਂ ਫ਼ਸਲਫ਼ੇ ਵਿਚ ਹੈ। ਓਏ ਸਿੱਖੋ, ਤੁਸੀਂ ਖਾਲਿਸਤਾਨ ਮੰਗਦੇ ਹੋ? ਪਹਿਲਾਂ ਪੰਥ ਤਾਂ ਬਚਾਅ ਲਓ। ਇਸ ਅਹੁਦੇ ਨੂੰ ਖ਼ਤਮ ਕਰਨ ਤੋਂ ਬਿਨਾ ਸਿੱਖੀ ਨਹੀਂ ਬਚ ਸਕਦੀ; ਬਿਲਕੁਲ ਨਹੀਂ ਜੇ ਬਚ ਸਕਣੀ।

ਚੌਕ ਮਹਿਤਾ ਦੇ ਨਿਰਮਲੇ-ਬ੍ਰਾਹਮਣਾਂ ਦਾ ਪੰਥ ‘ਤੇ ਨਾਜਾਇਜ਼ ਕਬਜ਼ਾ

ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪੰਥ ਦੀ ਤਵਾਰੀਖ਼ ਵਿਚ ਅਹਿਮ ਥਾਂ ਹੈ।  ਸਾਰੇ ਭਿੰਡਰਾਂ-ਮਹਿਤਾ ਜਥੇ ਵਿਚ (ਗਿਆਨੀ ਸੁੰਦਰ ਸਿੰਘ ਤੋਂ ਹਰਨਾਮ ਸਿੰਘ ਧੁੰਮਾ ਤਕ) ਉਹ ਇਕੱਲਾ ਹੀ ਸਿੱਖ ਸੀ; ਬਾਕੀ ਸਭ ਨਿਰਮਲੇ-ਬ੍ਰਾਹਮਣ ਹਨ। ਇਹ ਮਸਲਾ ਭੁੱਲ ਜਾਈਏ ਕਿ ਉਸ ਨੇ ਨਰਕਧਾਰੀਆਂ ਦੇਖ਼ਿਲਾਫ਼ ਜੋ ਜਹਾਦ ਕੀਤਾ ਉਹ ਕਿਸ ਭਾਵਨਾ ਵਿਚ ਕੀਤਾ; ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਤੋਂ ਸਿਵਾ ਇਸ ਡੇਰੇ ਦਾ ਕੋਈ ਵੀ ਮੁਖੀ, ਨਾ ਉੁਸ ਤੋਂ ਪਹਿਲਾਂ ਤੇ ਨਾ ਉਸ ਤੋਂ ਪਿੱਛੋਂ, ਪੰਥਕ ਹੋਇਆ ਹੈ ਤੇ ਨਾ ਹੋਵੇਗਾ; ਬਲਵੰਤ ਸਿੰਘ ਨੰਦਗੜ੍ਹ ਮੁਤਾਬਿਕ ਤਾਂ ਧੁੰਮਾ ਵਰਗੇ ਤਾਂ ਆਰ.ਐਸ.ਐਸ. ਅਤੇ ਹੋਰ ਏਜੰਸੀਆਂ ਦੇ ਬੰਦੇ ਹਨ।

ਪਰ ਉਸ ਦੇ ਡੇਰੇ ਨੂੰ ਪੰਥ ਬਣਾ ਦੇਣ ਦੀ ਕੋਸ਼ਿਸ਼ ਕਰਨਾ ਇਕ ਵੱਡੀ ਸਾਜ਼ਸ਼ ਹੈ ਜਿਸ ਨੂੰ ਮੂਰਖ ਲੋਕ ਸਮਝ ਨਹੀਂ ਸਕੇ ਤ ਇਸ ਜ਼ਹਿਰ ਨੂੰ ਪੀਵੀ ਜਾ ਰਹੇ ਹਨ। ਚੌਕ ਮਹਿਤਾ ਦੇ ਨਿਰਮਲਿਆਂ ਨੇ 26 ਜਨਵਰੀ 1986 ਦੇ ਅਖੋਤੀ ਸਰਬਤ ਖਾਲਸਾ ਤੋਂ ਹੀ ਪੰਥ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਅਕਾਲੀ ਦਲ ਨੇ 1988 ਵਿਚ ਇਸ ਟੋਲੇ ਦੇ ਪੁਜਾਰੀਆਂ (ਜਸਬੀਰ ਰੋਡੇ, ਪੂਰਨ ਸਿੰਘ ਵਗ਼ੈਰਾ) ਨੂੰ ਰੱਦ ਕਰ ਕੇ ਪਰ੍ਹਾਂ ਵਗਾਹ ਮਾਰਿਆ ਸੀ। ਟੌਹੜੇ ਨੂੰ ਹਟਾਉਣ ਮਗਰੋਂ ਆਰ.ਐਸ.ਐਸ. ਅਤੇ ਭਾਰਤੀ ਜਨਤਾ ਪਾਰਟੀ ਦੇ ਹੁਕਮ ਹੇਠ  ਬਾਦਲ ਨੇ ਇਨ੍ਹਾਂ ਨੂੰ ਦੋਬਾਰਾ ਕਬੂਲ ਕੀਤਾ ਹੋਇਆ ਹੈ। ਨਿਰਮਲੇ ਟੋਲਿਆਂ ਦਾ 1920 ਵਾਲੇ ਮਹੰਤਾਂ ਤੁ ਉਦਾਸੀ ਸਰਬਰਾਹਾਂ ਦੇ ਗੁੰਡਿਆਂ ਵਾਂਙ ਵਰਤਾਰਾ ਹੈ ਇਨ੍ਹਾਂ ਦਾ। ਇਨ੍ਹਾਂਥ ਦਾ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ‘ਤੇ 1920 ਵਾਂਙ ਕਬਜ਼ਾ ਹੈ। ਉਦਾਸੀ-ਨਿਰਮਲਾ-ਬ੍ਰਾਹਮਣੀ ਮਰਿਆਦਾ ਅਕਾਲੀ ਲਹਿਰ ਨੇ ਕੁਰਬਾਨੀਆਂ ਕਰ ਕੇ 1920 ਵਿਚ ਖ਼ਤਮ ਕੀਤੀ ਸੀ, ਹੁਣ ਫਿਰ ਉਹੀ ਕਾਬਜ਼ ਹਨ। ਬ੍ਰਾਹਮਣ ਹਾਕਮ ਦਾ ਪੁਜਾਰੀ ਪੰਥ ‘ਤੇ ਮੁੜ ਕਾਬਜ਼ ਹੈ।ਅੱਜ ਚੌਕ ਮਹਿਤਾ, ਨਿਰਮਲਾ-ਬ੍ਰਾਹਮਣੀ ਟੋਲਾ ਦਰਬਾਰ ਸਾਹਿਬ ‘ਤੇ ਕਾਬਜ਼ ਹੈ। ਅਕਾਲ ਤਖ਼ਤ ਦੇ ਨਾਂ ‘ਤੇ ਪੁਜਾਰੀਆਂ ਵੱਲੋਂ ਕੀਤੇ ਜਾਣ ਵਾਲੇ ਫ਼ੈਸਲਿਆਂ ਵਿਚ ਉਸ ਦੀ ਮਰਜ਼ੀ ਚਲਦੀ ਹੈ। ਇਹ ਗੱਲ ਸ਼ਰੇਆਮ ਬਲਵੰਤ ਸਿੰਘ ਨੰਦਗੜ੍ਹ  ਵੀ ਕਹਿ ਚੁਕਾ ਹੈ; ਪਰ ਉਹ ਕਹਿ ਕੇ ਵੀ ਮੁੜ ਉਨ੍ਹਾਂ ਦੇ ਫ਼ੈਸਲਿਆਂ ‘ਤੇ ਦਸਤਖ਼ਤ ਕਰ ਆਉਂਦਾ ਹੈ ਤੇ ਉਨ੍ਹਾਂ ਦੀ ਸਰਬਸੰਮਤੀ ਬਣਾ ਆਉਂਦਾ ਹੈ। ਕਦੇ ਉਸ ਨੇ ਕਿਸੇ ਫ਼ੈਸਲੇ ‘ਤੇ ਦਸਤਖ਼ਤ ਕਰਨ ਤੋਂ ਨਾਂਹ ਕੀਤੀ ਹੈ। ਯਾਨਿ, ਉਹ ਤਾਂ ਖ਼ੁਦ ਦੁਬਿਧਾ ਵਿਚ ਹੈ, ਡਰਦਾ ਹੈ ਜਾਂ ਸਿਰਫ਼ ਗੱਲਾਂ ਕਰਨ ਜੋਗਾ ਹੀ ਹੈ। 

6 ਜੂਨ 2014 ਦਾ ਮਸਲਾ ਕੀ ਹੈ?

6 ਜੂਨ ਦੇ ਦਿਨ ਮਨਾਉਣ ਦੀ ਗੱਲ ਇਕ ਨਿੱਕਾ ਜਿਹਾ ਵਕਤੀ ਨੁਕਤਾ ਹੈ। ਇਹ ਦਿਨ ਮਨਾਉਣ ਦਾ ਤਰੀਕਾ ਫ਼ੋਟੋ ਸੈਸ਼ਨ ਕਰਨਾ ਹੈ; ਯਾਨਿ ਫ਼ੋਟੋ ਖਿਚਵਾਈ ਅਤੇ ਖ਼ਬਰ ਛਪਵਾਈ ਅਤੇ ਬੱਸ ਖ਼ਤਮ। ਇਹ ਇਕ ਕਿਸਮ ਦਾ ਡਰਾਮਾ ਹੈ। ਜੇ ਤੁਸੀਂ ਸੰਜੀਦਾ ਹੋ ਤਾਂ ਪਿੰਡ-ਪਿੰਡ, ਗਲੀ-ਗਲੀ ਵਿਚ ਇਹ ਦਿਨ ਮਨਾਓ। ਇਜ ਸਿੱਖਾਂ ਦਾ ਕੌਮੀ ਦਿਨ ਹੈ; ਨੈਸ਼ਨਲ ਮੈਮੋਰੀਅਲ ਡੇਅ ਹੈ। ਇਸਾਈਆਂ ਦੀ ਕ੍ਰਿਸਮਸ, ਮੁਸਲਮਾਨਾਂ ਦੀ ਮੁਹੱਰਮ ਤੇ ਈਦ ਹਰ ਘਰ ਵਿਚ ਮਨਾਈ ਜਾਂਦੀ ਹੈ, ਵੈਟੀਕਨ ਜਾਂ ਬੈਥਲੇਹਮ ਤੇ ਮੱਕੇ ਜਾਂ ਮਦੀਨੇ ਜਾਂ ਕਰਬਲਾ ਵਿਚ ਨਹੀਂ।

6 ਜੂਨ 2014 ਦੇ ਦਿਨ ਜੋ ਹੋਇਆ ਕੁਝ ਲੋਕ ਉਸ ਨੂੰ ਸਿਮਰਨਜੀਤ ਸਿੰਘ ਮਾਨ ਨਾਲ ਜੋੜ ਰਹੇ ਹਨ। ਇਹ ਸਹੀ ਨਹੀਂ ਹੈ। ਮਾਨ ਇਸ ਹਰਕਤ ਦਾ ਹਿੱਸਾ ਨਹੀਂ ਹੈ। ਇਸ ਦੇ ਜ਼ਿੰਮੇਦਾਰ ਉਹ ਹਨ ਜਿਨ੍ਹਾਂ ਨੇ ਨੌਜਵਾਨਾਂ ਦੇ ਖ਼ੂਨ ਨੂੰ ਉਬਾਲਾ ਦਿੱਤਾ। ਮਸ-ਫੁੱਟੇ ਨੌਜਵਾਨਾਂ ਦਾ ਖ਼ੂਨ ਤੱਤਾ ਕੀਤਾ (ਮੁਖ ਤੌਰ ‘ਤੇ ਅਮਰੀਕ ਸਿੰਘ ਅਜਨਾਲਾ ਜੱਥਾ ਤੇ ਅਖੋਤੀ ਸਤਿਕਾਰ ਕਮੇਟੀ ਵਗ਼ੈਰਾ)। ਉਹ ਇਨ੍ਹਾਂ ਨੌਜਵਾਨਾਂ ਨੂੰ ਤੈਸ਼ ਦੇ ਕੇ ਆਪ ਭੱਜ ਗਏ। ਇਸ ਕਿਸਮ ਦੇ ਬੂਝੜ ਜਾਂ ਤਮਾਸ਼ਬੀਨ ਕਿਸਮ ਦੇ ਚੌਧਰੀਆਂ ਨੇ ਹੀ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੂੰ ਅੱਗ ਵਿਚ ਝੌਂਕਿਆ ਸੀ; ਉਹ ਤਾਂ ਸ਼ਹੀਦ ਹੋ ਗਏ ਤੇ ਉਨ੍ਹਾਂ ਨੂੰ ਤੱਤੇ ਕਰ ਕੇ ਬੰਦਕਾਂ ਫੜਾ ਕੇ ਆਪ ਮਹਿਫ਼ੂਜ਼ ਬੈਠਣ ਵਾਲੇ ਤਾਂ ਅੱਜ ਵੀ ਆਰਾਮ ਨਾਲ ਜ਼ਿੰਦਗੀ ਕੱਟ ਰਹੇ ਹਨ, ਬੇਸ਼ਕ ਉਨ੍ਹਾਂ ਵਿਚੋਂ ਕੁਝ ਜੇਲ੍ਹਾਂ ਵਿਚ ਵੀ ਹਨ ਅਤੇ ਕੁਝ ਗੁੰਮਨਾਮੀ ਵਿਚ।
ਇਹ ਠੀਕ ਹੈ ਕਿ ਸਿਰਫ਼ ਇਹ ਤੱਤੇ ਜਵਾਨਾਂ ਦੇ ਖ਼ੂਨ ਦੀ ਗੱਲ ਨਹੀਂ, ਇਸ ਵਿਚ ਸ਼ਿਵ ਸੈਨਾ ਤੇ ਆਰ.ਐਸ.ਐਸ. ਦਾ ਭਿੰਡਰਾਂਵਾਲਾ ਦੇ ਖ਼ਿਲਾਫ਼ ਪਰਚਾਰ ਦਾ ਵੀ ਕਾਫ਼ੀ ਰੋਲ ਹੈ। ਉਸ ਦੇ ਨਾਂ ਹੇਠ ਵੀ ਕੁਝ ਜਵਾਨਾਂ ਦੇ ਖ਼ੂਨ ਨੇ ਉਬਾਲਾ ਖਾਧਾ ਹੋਵੇਗਾ।
ਤੀਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਟਾਸਕ ਫ਼ੋਰਸ’ ਦੇ ਨਾਂ ‘ਸ਼੍ਰੋਮਣੀ ਕਮੇਟੀ’ ਦੇ ਪ੍ਰਧਾਨ (ਦਰਅਸਲ ਬਾਦਲ) ਦੀ ਪਰਾਈਵੇਟ ਫ਼ੌਜ, ਜਿਸ ਨੂੰ ਰੱਖਿਆ ਤਾਂ ਗੁਰਦੁਆਰਿਆਂ ਵਿਚ ਜੁਰਮ ਨੂੰ ਰੋਕਣ ਵਾਸਤੇ ਹੈ ਪਰ ਇਸ ਨੂੰ ਸਿਰਫ਼ ਡਾਂਗ ਵਾਹੁਣਾ ਹੀ ਸਿਖਾਇਆ ਜਾਂਦਾ ਹੈ ਤੇ ਉਹ ਵੀ ਉਨ੍ਹਾਂ ‘ਤੇ ਜੋ ਬਾਦਲ ਦੇ ਵਿਰੋਧੀ ਹਨ। ਇਸ ਹਿਸਾਬ ਨਾਲ ਇਹ ‘ਟਾਸਕ ਫ਼ੋਰਸ’ ਬਾਦਲ ਦੀ ਮਾਫ਼ੀਆ ਫ਼ੌਜ (ਸ਼ਾਇਦ ਗੁੰਡਾ ਫ਼ੋਰਸ ਵੀ) ਦਾ ਰੋਲ ਅਦਾ ਕਰਦੀ ਹੈ। ਉਨ੍ਹਾਂ ਨੂੰ ਯਕੀਨ ਦਿਵਾਇਆ ਹੁੰਦਾ ਹੈ ਕਿ ਜੋ ਮਰਜ਼ੀ ਕਰ ਲਓ ਪੁਲਸ ਤੁਹਾਨੂੰ ਕੁਝ ਵੀ ਨਹੀਂ ਕਹੇਗੀ। 

ਜੇ ਗਹੁ ਨਾਲ ਦੇਖਿਆ ਜਾਵੇ ਤਾਂ 6 ਜੂਨ 2014 ਦੀ ਅਸਲ ਜ਼ਿੰਮੇਦਾਰ 90% ਇਹ ਟਾਸਕ ਫ਼ੋਰਸ ਹੈ। ਜਿਸ ਨੇ ਆਪਣੀ ਧੌਂਸ ਦਿਖਾਉਣ ਵਾਸਤੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਇਆ। ਇਸ ਕਰ ਕੇ ਇਸ ਦਾ ਸਭ ਤੋਂ ਵੱਡਾ ਮੁਜਰਿਮ ਅਵਤਾਰ ਸਿੰਘ ਮੱਕੜ ਅਤੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਦਲਮੇਘ ਸਿੰਘ ਹੈ ਹੈ; ਇਹ ਟਾਸਕ ਫ਼ੋਰਸ ਉਨ੍ਹਾਂ ਦੀ ਹਦਾਇਤ, ਮਰਜ਼ੀ ਜਾਂ ਹਿਮਾਇਤ ਤੋਂ ਬਿਨਾ ਕੋਈ ਹਰਕਤ ਨਹੀਂ ਕਰ ਸਕਦੀ। ਇਸ ਦੇ ਨਾਲ ਹੀ  ਇਸ ਪਾਪ ਦਾ ਦੂਜਾ ਵੱਡਾ ਗੁਨਹਗਾਰ ਮੱਕੜ ਦਾ ਆਕਾ ਪ੍ਰਕਾਸ਼ ਸਿੰਘ ਬਾਦਲ ਹੈ; ਜਿਸ ਦੀ ਮੁਕੰਮਲ ਹਿਮਾਇਤ ਮੱਕੜ ਨੂੰ ਹਾਸਿਲ ਹੈ। ਸੋ 6 ਜੂਨ 2014 ਦੇ ਪਾਪ ਦੇ ਦੋਸ਼ੀ ਬਾਦਲ, ਮੱਕੜ, ਦਲਮੇਘ ਸਿੰਘ, ਪ੍ਰਤਾਪ ਸਿੰਘ ਤੇ ਉਸ ਦੀ “ਫ਼ੌਜ” ‘ਟਾਸਕ ਫ਼ੋਰਸ’ ਹਨ।  ਇਹ ਟਾਸਕ ਫ਼ੋਰਸ ਉਹੀ ਰੋਲ ਅਦਾ ਕਰਦੀ ਹੈ ਜਿਹੋ ਜਿਹੀ 1920 ਵਿਚ ਨਾਨਕਾਣਾ ਸਾਹਿਬ ਦੇ ਮਹੰਤ ਨਰੈਣੂ ਦੀ ਗੁੰਡਿਆਂ ਦੀ ਫ਼ੌਜ ਕਰਦੀ ਸੀ; ਜਿਸ ਨੇ 200 ਦੇ ਕਰੀਬ ਸਿੱਖ 20 ਫ਼ਰਵਰੀ 1921 ਦੇ ਦਿਨ ਸ਼ਹੀਦ ਕੀਤੇ ਸਨ। ਇਸ ਦੀਆਂ ਕਰਤੂਤਾਂ ‘ਮਹੰਤ ਫ਼ੌਜ’ ਵਾਲੀਆਂ ਹਨ ਨਾ ਕਿ ਸਿੱਖ ਸੇਵਾਦਾਰਾਂ ਵਾਲੀਆਂ।

ਤੁਸੀਂ ਸਿਰਫ਼ ਇਕ 6 ਜੂਨ 2014 ਦੀ ਗੁੰਡਾਗਰਦੀ ਦੀ ਗੱਲ ਕਰਦੇ ਹੋ।ਨਿੱਕੀ ਜਹੀ ਗੱਲ ‘ਤੇ ਇਕ ਦੂਜੇ ‘ਤੇ ਹਮਲਾ ਕਰਨਾ ਹਮਲੇ ਕਰਨਾ ਨਿੱਤ ਦੀ ਖੇਡ ਹੈ। ਇਹ ਪਸ਼ੂ ਬਿਰਤੀ ਹੈ। ਕਦੇ ਬਾਦਲ ਵੱਲੋਂ ਦਸ਼ਿਤਗਰਦ ਪੁਲਸੀਆਂ ਰਾਹੀਂ, ਕਦੇ ਮੱਕੜ ਵੱਲੋਂ ਟਾਸਕ ਫ਼ੋਰਸ ਰਾਹੀਂ, ਕਦੇ ਵੇਦਾਂਤੀ, ਗੁਰਬਚਨ ਸਿੰਘ, ਹਰਨਾਮ ਸਿੰਘ ਧੁੰਮਾ, ਸਤਿਕਾਰ ਕਮੇਟੀ ਦੇ ਨਾਂ ‘ਤੇ ਬੁਰਛਾਗਰਦ ਟੋਲਿਆਂ ਰਾਹੀਂ। ਇਹ ਨਿਰਮਲੇ-ਬ੍ਰਾਹਮਣ, ਇਹ ਮਹੰਤ, ਉਦਾਸੀ, ਨਿਰਮਲੇ, ਮੀਣੇ, ਹੰਦਾਲੀਏ ਬਾਕੀ ਸਿੱਖਾਂ ਨੂੰ ਅਛੂਤ ਸਮਝਦੇ ਹਨ ਸਭ ਨੂੰ। ਗੁਰਦੁਆਰਿਆਂ ਵਿਚ ਮਿਸ਼ਨਰੀ ਬੋਲਣ ਨਹੀਂ ਦਿਆਂਗੇ। ਰਾਧਾਸੁਆਮੀ, ਕੂਕੇ, ਸਰਸਾ ਵਾਲੇ ਭਾਜਪਾ ਜੋ ਮਰਜ਼ੀ ਬੋਲਣ। ਕਦੇ ਉਨ੍ਹਾਂ ਨੂੰ ਵੀ ਬੰਦ ਕਰਵਾਇਆ ਜੇ? ਰਾਗੀ, ਘੱਗਾ, ਧੂੰਦਾ, ਦਿਲਗੀਰ ਦੇ ਖ਼ਿਲਾਫ਼ ਪਰਚਾਰ ਕਰਦੇ ਹੋ ਡਾਂਗਾਂ ਚੁਕ ਕੇ  ਕਦੇ ਮੀਰੀ ਪੀਰੀ ਗੁਰਦੁਆਰਾ (ਸਾਊਥਾਲ), ਕਦੇ ਸਿੱਖ ਲਹਿਰ (ਟਰਾਂਟੋ), ਕਦੇ ਆਸਨਸੋਲ ਤੇ ਕਦੇ ਕਾਨਪੁਰ ਵਿਚ ਹਮਲੇ ਕਰਦੇ ਹੋ। ਕਦੇ ਸਪੋਕਸਮੈਨ ਦੇ ਖ਼ਿਲਾਫ਼ ਜਹਾਦ ਖੜ੍ਹਾ ਕਰਦੇ ਹੋ? ਕੀ ਇਹ ਸਿੱਖੀ ਹੈ? ਸਿੱਖੀ ਦਹਿਸ਼ਤਗਰਦੀ ਨਹੀਂ। ਧਮਕੀਆਂ ਦੇਣਾ, ਹਮਲੇ ਕਰਨਾ, ਕਿਰਪਾਨਾਂ ਲਹਿਰਾਉਣਾ ਸਿੱਖੀ ਨਹੀਂ। ਉਂਞ 6 ਜੂਨ ਨੂੰ ਕਿਰਪਾਨਾਂ ਲਹਿਰਾਉਣ ਵਾਲੇ ਕਿਵੇਂ ਭੱਜ ਰਹੇ ਸਨ ਸਿਰਫ਼ ਡਾਂਗਾਂ ਅੱਗੇ। ਤਮਾਸ਼ਬੀਨ ਨਾ ਬਣੋ। ਕੌਮ ਦਾ ਤਮਾਸ਼ਾ ਨਾ ਬਣਾਓ। ਗੁੰਡਾ ਧਰਮ ਨਾ ਬਣਾਓ.। ਬੁਰਛਾਗਰਦ ਨਾ ਬਣੋ। ਇਹ ਦੁਨੀ ਚੰਦ ਧਾਲੀਵਾਲ ਵਰਗੀਆਂ ਦਿਖਾਵੇ ਵਾਲੀਆਂ ਦੇਹਾਂ ਸੰਨ 1700 ਵਿਚ, 31 ਅਗਸਤ ਦੀ ਰਾਤ ਨੂੰ, ਪਹਾੜੀਆਂ ਦੇ ਹਾਥੀ ਵੇਖ ਕੇ ਭੱਜ ਗਈਆ ਸਨ ਤੇ ਤੁਸੀਂ ਕਿਰਪਾਨਾਂ ਚੁਕ ਕੇ ਫੋਟੋ ਖਿਚਵਾਉਣ ਵਾਲੇ ਡਾਂਗਾਂ ਵੇਖ ਕੇ ਅੱਗੇ ਲੱਗ ਪੈਂਦੇ ਹੋ।

ਫਿਰ ਕੀ ਸਿੱਖਾਂ ਨੂੰ ਇਕੋ 4 ਜੂਨ 1984 ਦਾ ਘੱਲੂਘਾਰਾ ਯਾਦ ਹੈ? ਕੀ ਕਦੇ 1 ਮਈ 1746,  5 ਫ਼ਰਵਰੀ 1762, 1 ਦਸੰਬਰ 1764 ਦੇ ਘੱਲੂਘਾਰੇ ਵੀ ਮਨਾਏ ਜੇ? ਕੀ ਉਹੁ ਘੱਲੂਘਾਰੇ ਨਹੀਂ ਸਨ? ਕੀ ਕੌਮੀ ਯਾਦਗਾਰੀ ਦਿਨ ਸਿਰਫ਼ ਦਰਬਾਰ ਸਾਹਿਬ ਵਿਚ ਹੀ ਮਨਾਉਣਾ ਹੈ। ਪਟਿਆਲਾ, ਮੁਕਤਸਰ, ਹੋਰ ਜਗਹ ਹੀ ਹੋਇਆ ਸੀ। ਕੀ ਖ਼ੂਨੀ ਨਵੰਬਰ 1984 ਵੀ ਯਾਦ ਮਨਾਈ ਹੈ ਕਦੇ?

ਓਏ! ਤੁਸੀਂ ਖਾਲਿਸਤਾਨ ਮੰਗਦੇ ਹੋ? ਪੰਜਾਬ ਤਾਂ ‘ਭੁੱਕੀ ਪੰੱਥ’ ਬਣਿਆ ਪਿਆ ਹੈ। ਨੌਜਵਾਨ ‘ਭੁੱਕੀ ਦੇ ਜਾਏ’ ਬਣੀ ਬੈਠੇ ਹਨ। ਨਸ਼ੇ ਖਾ ਰਹੇ ਹਨ ਜਵਾਨੀ ਨੂੰ ਤੇ ਅਸੀਂ ਲੈਚਕਰ ਕਰ ਰਹੇ ਹਾਂ; ਫੋਟੋ ਖਿਚਵਾ ਰਹੇ ਹਾਂ; ਇਹੀ ਸਾਡੀ ਦੇਣ ਹੈ ਪੰਥ ਨੂੰ। ਓਏ! ਜਵਾਨੀ ਨਾ ਬਚੀ ਤਾਂ ਸਿੱਖੀ ਕਿਵੇਂ ਬਚੂ? ਕੌਣ ਸਿੱਖ ਰਹੂ।

ਓਏ! ਝੰਡਾ ਤੁਹਾਡਾ ਗੁਰੁ ਦੇ ਨੀਲੇ ਤੋਂ ਰਾਜਪੂਤਾਂ ਦਾ ਕੇਸਰੀ ਹੋ ਗਿਆ; ਪੱਗ ਤੁਹਾਡੀ ਰਾਜਪੂਤੀ, ਕੀ ਹੈ ਤੁਹਾਡਾ ਆਪਣਾ? ਤੁਹਾਡਾ ਤਾਂ ਗੁਰੁ ਵੀ ਆਪਣਾ ਨਹੀਂ ਰਿਹਾ। ਗੁਰੁ ਕਿੱਥੇ ਹੈ? ਗ੍ਰੰਥ ਤੁਹਾਡਾ ਗੁਰੁ ਗ੍ਰੰਥ ਸਾਹਿਬ ਦੀ ਜਗਹ ਦਸਮਗ੍ਰੰਥ ਬਣ ਗਿਆ, ਤੁਸੀਂ ਸਾਕਤਾਂ ਦੇ ਪੁਜਾਰੀ ਬਣ ਗਏ। ਨਿਰਮਲੇ, ਪੁਜਾਰੀ ਤੇ ਡੇਰੇਦਾਰ ਤੁਹਾਡੇ ਰਾਜੇ ਤੇ ਤੁਹਾਡੇ ਆਗੂ ਬਣ ਗਏ। ਕੀ ਹੈ ਤੁਹਾਡਾ ਆਪਣਾ? ਅਤੇ ਜਾਂ ਕੈਲੰਡਰ ਦ ਮਸਲੇ ‘ਤੇ ਕੌਮ ਦਾ 90% ਸਮਾਂ ਲਗ ਰਿਹਾ ਹੈ? ਇਹ ਕੀ ਮਸਲਾ ਹੈ। ਤੁਹਾਨੂੰ ਇਸ ਵਿਚ ਉਲਝਾ ਤੇ ਭਟਕਾ ਦਿੱਤਾ ਗਿਆ ਹੈ। ਨਵੇਂ ਮੁੱਦੇ ਦੇ ਦਿਤੇ ਗਏ ਹਨ। ਇਹ ਛਣਕਣੇ ਵਜਾਉਂਦੇ ਰਹੋ।

ਸਾਲ ਵਿਚ ਇਕ ਦਿਨ ਮਨਾ ਕੇ, ਰਸਮੀ ਡਰਾਮਾ ਕਰ ਲੈਣ ਨਾਲ ਦਿਨ ਨਹੀਂ ਮਨਾਇਆ ਜਾਂਦਾ। ਹਰ ਇਕ ਦਿਨ ਨੂੰ ਕੌਮੀ ‘ਪਛਤਾਵਾ ਦਿਨ’ ਵਜੋਂ ਘਰ ਘਰ ਮਨਾਓ, ਪਿੰਡ ਪਿੰਡ ਮਨਾਓ, ਜਵਾਨੀ ਨੂੰ ਨਾਲ ਜੋੜੋ, ਭੁੱਕੀ ਤੋਂ ਤੋੜੋ ਤੇ ਪੰਥ ਵਿਚ ਲਿਆਓ। ਸਰਬਤ ਖਾਲਸਾ ਬਣੋ। ਬਾਦਲਕੇ, ਪੁਜਾਰੀ, ਦਸਮਗ੍ਰੰਥ, ਡੇਰੇਦਾਰ, ਰਾਜਪੂਤੀ ਝੰਡੇ, ਨਿਰਮਲਾ ਮਰਿਆਦਾ ਤੋਂ ਬਚ ਜਾਓ। ਪਿੰਡ-ਪਿੰਡ, ਘਰ-ਘਰ ਪੰਥ ਨੂੰ ਜਗਾਓ; ਹਰ ਇਕ ਸਿੱਖ ਨੂੰ ਗੁਰੁ ਨਾਨਕ ਦੇ ਧਰਮ ਦਾ ਪਰਚਾਰਕ ਬਣਾਓ, ਦਿਖਾਵੇ ਦੇ ਸਿੱਖ ਨਹੀਂ। ਵਰਨਾ ਖਾਲਿਸਤਾਨ ਤਾਂ ਕੀ ਸਿੱਖੀ ਵੀ ਨਹੀਂ ਜੇ ਬਚਣੀ।


ਬ੍ਰਮਿੰਘਮ (ਇੰਗਲੈਂਡ) 7 ਜੂਨ 2014, ਸਵੇਰੇ 4 ਵਜੇ.
(44)7775499320
hsdilgeer@yahoo.com

No comments:

Post a Comment