Sunday, February 1, 2015

ਸਾਫ ਭਾਰਤ ਮੁਹਿੰਮ

ਸਾਫ ਭਾਰਤ ਮੁਹਿੰਮ


ਸਾਫ ਭਾਰਤ ਮੁਹਿੰਮ

     ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸੁਅੱਛ ਭਾਰਤ ਅਭਿਆਨ ਚਲਾਇਆ ਹੈ। ਟੀਚਾ ਮਿੱਥਿਆ ਗਿਆ ਹੈ ਕਿ ਭਾਰਤ ਵਰਸ਼ ਨੂੰ ੨੦੧੯ ਤੱਕ ਸੁੰਦਰ ਬਨਾਉਣਾ ਹੈ । ਬੜੀ ਸੋਹਣੀ ਤੇ ਲੁਭਾaੁਂਣੀ ਮੁਹਿੰਮ ਹੈ । ਭਾਰਤ ਸਾਫ ਸੁਥਰਾ ਦੇਸ਼ ਹੋਵੇਗਾ । ਮੱਛਰ ਮੱਖੀ ਨਹੀ ਹੋਵੇਗਾ । ਬਿਮਾਰੀਆਂ ਨਹੀ ਹੋਣਗੀਆਂ । ਲੋਕ ਤੰਦਰੁਸਤ ਅਤੇ ਸੇਹਤਵੰਦ ਹੋਣਗੇ ।
     ਸਾਡਾ ਭਾਰਤ ਦੇਸ਼ ਇਕ ਧਾਰਮਿਕ ਦੇਸ਼ ਹੈ । ਇੱਥੇ ਪੂਜਾ ਪ੍ਰਧਾਨ ਹੈ । ਪੂਜਾ ਦਾ ਅਸਲੀ ਮਤਲਬ ਹੈ ਪੂੰਝਾ ਲਗਾਉਣਾ ਜਾਂ ਪੋਚਾ ਲਗਾਉਣਾ । ਇਹ ਵੀ ਕਿਹਾ ਜਾਂਦਾ ਹੈ ਕਿ ਸਫਾਈ ਰੱਬ ਦਾ ਦੂਜਾ ਨਾਮ ਹੈ । ਤਨ-ਮਨ ਦੀ ਪਵਿਤਰਤਾ 'ਨਾਮ ਜਪਣਾ' ਹੈ । ਬਾਬਾ ਨਾਨਕ ਸਾਹਿਬ ਜੀ ਨੇ ਕਿਹਾ ਹੈ :- ਹਵਾ ਸਾਡੀ ਗੁਰੂ ਹੈ । ਪਾਣੀ ਪਿਤਾ ਹੈ । ਧਰਤੀ ਸਾਡੀ ਮਾਂ ਹੈ । ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਗੰਦਾ ਨਹੀਂ ਕਰਨਾ । ਪਰ ਸਾਡੀ ਇਹ ਬਦਕਿਸਮਤੀ ਹੈ ਕਿ ਸਾਡੇ ਦੇਸ਼ ਦੇ ਲੋਕ ਪੂਜਾ ਦੇ ਨਾਮ ਤੇ ਪਾਣੀ ਵਿੱਚ ਰੱਜ ਕੇ ਗੰਦਗੀ ਮਿਲਾਉਂਦੇ ਹਨ । ਗੰਗਾ ਦੀ ਗੰਦਗੀ ਕਰੋੜਾਂ ਅਰਬਾਂ ਰੁਪੈ ਖਰਚਣ ਉਪਰੰਤ ਵੀ ਦੂਰ ਨਹੀਂ ਹੋ ਰਹੀ । ਗੀਤ ਗਾਏ ਜਾਂਦੇ ਹਨ :- ਰਾਮ ਤੇਰੀ ਗੰਗਾ ਮੈਲ਼ੀ । ਢੇਰਾਂ ਦੇ ਢੇਰ ਮੂਰਤੀਆਂ, ਗਲ਼ੇ ਸੜੇ ਫੁੱਲ ਅਤੇ ਹੋਰ ਕੂੜਾ ਕਰਕਟ ਮੂਰਤੀ ਵਿਸਰਜਨ ਮੌਕੇ ਸਮੁੰਦਰਾਂ ਅਤੇ ਦਰਿਆਵਾਂ ਵਿੱਚ ਸੁੱਟਿਆ ਜਾਂਦਾ ਹੈ । ਛੱਟ ਦੇ ਤਿਉਹਾਰ ਮੌਕੇ ਵੀ ਪਾਣੀ ਵਿੱਚ ਬਹੁਤ ਕੁੱਝ ਸੁੱਟਿਆ ਜਾਂਦਾ ਹੈ । ਨਹਿਰਾਂ ਨਾਲ਼ੇ ਭਰ ਜਾਂਦੇ ਹਨ । ਦੀਵਾਲ਼ੀ ਪੂਜਾ ਮੌਕੇ ਹਵਾ ਵਿੱਚ ਬੇਅੰਤ ਬਾਰੂਦ ਦਾ ਧੂੰਆ ਸੁੱਟਿਆ ਜਾਂਦਾ ਹੈ । ਹੋਲੀ ਮੌਕੇ ਵੀ ਹਵਾ ਵਿੱਚ ਕੈਮੀਕਲ ਰੰਗ ਮਿਲ਼ਾਇਆ ਜਾਂਦਾ ਹੈ । ਧਰਤੀ ਮਾਂ ਵਿੱਚ ਜ਼ਹਿਰਾਂ ਮਿਲਾਈਆਂ ਜਾਂਦੀਆਂ ਹਨ । 
     ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਜਦੋਂ ਯੂਰਪੀ ਦੇਸ਼ਾਂ ਦੀ ਸਫਾਈ ਦੇਖੀ ਅਤੇ ਅਸਟਰੇਲੀਆ ਦੀ ਸਫਾਈ ਦੇਖੀ, ਚੀਨ ਜਪਾਨ ਦੀ ਸਫਾਈ ਦੇਖੀ ਤਾਂ ਉਹ ਦੰਗ ਰਹਿ ਗਏ । ਉਹਨਾਂ ਦੇ ਮਨ ਵਿੱਚ ਵੀ ਆਪਣੇ ਦੇਸ਼ ਨੂੰ  ਸਾਫ ਸੁਥਰਾ ਬਣਾਉਣ ਦਾ ਚਾਉ ਪੈਦਾ ਹੋਇਆ ਤਾਂ ਉਹਨਾ ਖੁਦ ਝਾੜੂ ਫੜ ਕੇ 'ਸਵੱਛ ਭਾਰਤ ਅਭਿਆਨ' ਦਾ ਨਾਹਰਾ ਲਗਾ ਦਿੱਤਾ । ਸਾਡਾ ਦੇਸ਼ ਯੂਰਪੀ ਦੇਸ਼ਾਂ ਵਾਂਗ ਛੋਟਾ ਦੇਸ਼ ਨਹੀਂ ਹੈ । ਸੱਚ ਪੁੱਛੋ ਤਾਂ ਭਾਰਤ ਇੱਕ ਦੇਸ਼ ਨਹੀਂ ਹੈ, ਇਹ ਇੱਕ ਮਹਾਂਦੀਪ ਹੈ । ਅਸਟਰੇਲੀਆ ਭਾਰਤ ਨਾਲ਼ੋ ਤਿੰਨ ਗੁਣਾ ਵੱਡਾ ਹੈ । ਉਥੋਂ ਦੀ ਆਬਾਦੀ ਤਿੰਨ ਕਰੋੜ ਹੈ । ਸਾਡੇ ਭਾਰਤ ਵਰਸ਼ ਦੀ ਅਬਾਦੀ ਇੱਕ ਸੌ ਤੇਈ ਕਰੋੜ ਹੈ । ਏਥੇ ਹਰ ਸਾਲ ਤਿੰਨ ਕਰੋੜ ਆਬਾਦੀ ਦਾ ਵਾਧਾ ਹੁੰਦਾ ਹੈ । ਤੇਈ ਕਰੋੜ ਸਵਰਨ ਲੋਕ ਹਨ ਜੋ ਕਿ ਬ੍ਰਾਹਮਣ ਖੱਤਰੀ ਹਨ । ਸੌ ਕਰੋੜ ਦਲਿਤ ਲੋਕ ਹਨ ਜੋ ਕਿ ਅਨਪੜ ਤੇ ਗਰੀਬ ਹਨ । ਤੇਈ ਕਰੋੜ ਬ੍ਰਾਹਮਣ ਖੱਤਰੀ ਰਾਜ ਕਰ ਰਹੇ ਹਨ ਅਤੇ ਸੌ ਕਰੋੜ ਗੁਲਾਮ ਹਨ । ਸਾਡੇ ਦੇਸ਼ ਵਿੱਚ ਮੰਨੂ ਸਿਮਰਤੀ ਅਨੁਸਾਰ ਰਾਜਨੀਤੀ ਕੀਤੀ ਜਾਂਦੀ ਹੈ । ਮੰਨੂ ਸਿਮਰਤੀ ਅਨੁਸਾਰ ਦਲਿਤਾਂ ਨੂੰ ਵਿੱਦਿਆ ਤੇ ਜਾਇਦਾਦ ਤੋਂ ਦੂਰ ਰੱਖਿਆ ਜਾਂਦਾ ਹੈ । ਤੇਈ ਕਰੋੜ ਸਵਰਨਾ ਦੀ ਤਾਕਤ ਓਨੀ ਦੇਰ ਤੱਕ ਰਹੇਗੀ ਜਿਤਨੀ ਦੇਰ ਸੌ ਕਰੋੜ ਦਲਿਤਾਂ ਨੂੰ ਅਨਪੜ੍ਹ ਤੇ ਗਰੀਬੀ ਦੀ ਹਾਲਤ ਵਿੱਚ ਰੱਖਿਆ ਜਾਵੇਗਾ । ਸ਼ਾਤਰ ਰਾਜਨੀਤਿਕ ਲੋਕ ਲਾਭ ਉਠਾਉਂਦੇ ਰਹਿਣਗੇ । ਸ੍ਰੀ ਨਰਿੰਦਰ ਮੋਦੀ ਸਾਹਿਬ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਇਹ ਦੇਸ਼ ਝਾੜੂ ਵਾਲ਼ਿਆਂ ਦਾ ਹੀ ਹੈ , ਇਸ ਲਈ ਉਹਨਾਂ ਆਪ ਝਾੜੂ ਫੜ ਲਿਆ । ਜੇ ਮੋਦੀ ਸਾਹਿਬ ਸੁਹਿਰਦ ਹੁੰਦੇ ਤਾਂ ਬ੍ਰਾਹਮਣ ਖੱਤਰੀਆਂ ਨੂੰ ਸਫਾਈ ਕਰਮਚਾਰੀਆਂ ਵਿੱਚ ਨੌਕਰੀਆਂ ਲਾਜਮੀ ਕਰਦੇ । ਸ੍ਰੀ ਕੇਜਰੀਵਾਲ਼ ਹੋਣਾ ਨੇ ਤਾਂ ਆਪਣਾ ਚੋਣ ਨਿਸ਼ਾਨ ਹੀ ਝਾੜੂ ਰੱਖਿਆ ਹੈ । ਇੱਕ ਵੇਰ ਤਾਂ ਝਾੜੂ ਵਾਲ਼ਿਆਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਾਂਬਾ ਛੇੜ ਦਿਤਾ ਸੀ । ਕੰਵਲ ਦੇ ਫੁੱਲ ਵਾਲ਼ਿਆਂ ਨੇ ਮਾਂ ਲੱਛਮੀ ਦੇਵੀ ਨੂੰ ਕੰਵਲ ਦਾ ਫੁੱਲ ਫੜਾ ਕੇ ਝਾੜੂ ਵਾਲ਼ਿਆਂ ਵਿੱਚ ਛੱਡਿਆ ਤੇ ਉਹਨਾਂ ਵਿਸ਼ਾਲ ਦੇਸ਼ ਤੇ ਕਬਜਾ ਕਰ ਲਿਆ । 
     ਸਾਡੇ ਦੇਸ਼ ਵਿੱਚ ਜੇ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਉਹ ਹੈ ਵਿੱਦਿਆ ਦੀ ਮੁਹਿੰਮ । ਦੇਸ਼ ਦੇ ਲੋਕ ਪੜ੍ਹੇ ਲਿਖੇ ਹੋਣਗੇ ਉਹ ਆਪਣੇ ਆਪ ਆਬਾਦੀ ਤੇ ਕੰਟਰੋਲ ਕਰਨਗੇ । ਲੋਕ ਆਤਮ ਨਿਰਭਰ ਹੋਣਗੇ । ਭਾਰਤ ਨੂੰ ਵੀ ਸਵੱਛ ਰੱਖਣਗੇ । ਏਥੇ ਤਾਂ ਸਿਰਮੌਰ ਧਾਰਮਿਕ ਨੇਤਾ ਆਪਣੇ ਮੱਤ ਦੇ ਲੋਕਾਂ ਨੂੰ ਆਬਾਦੀ ਵਧਾਉਣ ਦੇ ਹੁਕਮ ਚਾੜ੍ਹ ਰਹੇ ਹਨ । ਜੇ ਆਬਾਦੀ ਏਸੇ ਤਰਾਂ ਵੱਧਦੀ ਰਹੀ ਤਾਂ ਕੋਈ ਵੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ । ਮੋਦੀ ਸਾਹਿਬ ਨੂੰ ਝਾੜੂ ਫੜਨ ਦੀ ਲੋੜ ਨਹੀਂ ਹੈ । ਝਾੜੂ ਵਾਲ਼ੇ ਇਸ ਦੇਸ਼ ਵਿੱਚ ਬਹੁਤ ਹਨ । ਉਹ ਪਿਆਰ ਦੇ  ਭੁੱਖੇ ਹਨ ਅਤੇ ਢਿੱਡੋਂ ਵੀ ਭੁੱਖੇ ਹਨ । ਉਹ ਪਿਆਰ ਨਾਲ਼ ਰੋਟੀ ਮੰਗਦੇ ਹਨ । ਪਿਆਰ ਦਾ ਮਤਲਬ ਉਹਨਾਂ ਦੀ ਸੰਭਾਲ਼ ਕਰਨੀ ਹੈ । ਉਹਨਾਂ ਦੇ ਬੱਚਿਆਂ ਲਈ ਠੀਕ ਵਿੱਦਿਆ ਦਾ ਪ੍ਰਭੰਧ ਕਰਨਾ । ਉਹਨਾਂ ਦੀ ਸੇਹਤ ਦਾ ਖਿਆਲ ਰੱਖਣਾ । ਪ੍ਰਸ਼ਾਸਨਿਕ ਅਧਿਕਾਰੀਆਂ ਦੀ ਠੀਕ ਚੋਣ ਕਰਨੀ ਤਾਂ ਕਿ ਉਹ ਭਾਰਤ ਵਰਸ਼ ਦੇ ਸੱਚੇ ਸੇਵਕ ਬਣ ਕੇ ਭਾਰਤ ਮਾਤਾ ਦੀ ਸੇਵਾ ਕਰਨ । ਉਹਨਾਂ ਦੀਆਂ ਤਨਖਾਹਾਂ ਬਹੁਤ ਹਨ ਫਿਰ ਵੀ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਰਿਸ਼ਵਤ ਦੀ ਕੁੱਤੇ ਝਾਕ ਰੱਖਦੇ ਹਨ । ਆਪਣੇ ਅਹੁਦੇ ਦਾ ਹੰਕਾਰ ਕਰਦੇ ਹਨ । ਮੰਤਰੀ ਦੇਸ਼ ਦੇ ਲੋਕਾਂ ਨੂੰ ਮੀਡੀਆ ਵਿੱਚ ਗਾਹਲ਼ਾਂ ਕੱਢਦੇ ਹਨ, ਫਿਰ ਵੀ ਉਹਨਾਂ ਦੀ ਪਿੱਠ ਪਲੋਸੀ ਜਾਂਦੀ ਹੈ । ਰਿੱਝੇ ਕੱਚੇ ਚੌਲ਼ ਦੇਖਣੇ ਹੋਣ ਤਾਂ ਪਤੀਲੇ ਵਿੱਚੋਂ ਇੱਕ ਚੌਲ਼ ਦਾ ਦਾਣਾ ਕੱਢ ਕੇ ਦੇਖਿਆ ਜਾਂਦਾ ਹੈ । ਜੇ ਦਾਣਾ ਕੱਚਾ ਹੈ ਤਾਂ ਸਾਰੇ ਚੌਲ਼ ਕੱਚੇ ਹਨ । ਇਸ ਲਈ ਸਵੱਛ ਭਾਰਤ ਦੀ ਇੱਕ ਉਦਾਰਹਰਣ ਪੇਸ਼ ਕਰ ਰਿਹਾ ਹਾਂ । 
     ਕਿਸੇ ਸਮੇਂ ਪੰਜਾਬ ਸੱਭ ਤੋਂ ਵਧੀਆ ਰਾਜ ਹੁੰਦਾ ਸੀ । ਪੰਜਾਬ ਦਾ ਇੱਕ ਵਧੀਆ ਸ਼ਹਿਰ ਲੁਧਿਆਣਾ ਹੈ । ਕੇਂਦਰੀ ਸਰਕਾਰ ਦੇ ਖਜਾਨੇ ਵਿੱਚ ਲੁਧਿਆਣਾ ਪੰਜਾਬ ਦੇ ਸੱਭ ਸ਼ਹਿਰਾਂ ਤੋਂ ਵੱਧ ਪੈਸਾ ਪਾਉੰਦਾ ਹੈ । ਇੱਕ ਇੱਕ ਉਦਯੋਗਿਕ ਸ਼ਹਿਰ ਹੈ । ਉਦਯੋਗਪਤੀ ਤਾਂ ਮਾਡਲ ਟਾਊਨ ਜਾਂ ਭਾਈ ਰਣਧੀਰ ਸਿੰਘ ਨਗਰ ਵਿੱਚ ਰਹਿੰਦੇ ਹਨ । ਪੈਸਾ ਕਮਾ ਕੇ ਸਰਕਾਰੀ ਖਜ਼ਾਨਾ ਭਰਨ ਵਾਲ਼ੇ ਮਜ਼ਦੂਰ ਲੁਧਿਆਣੇ ਦੇ ਫੋਕਲ ਪੁਆਇੰਟ ਦੇ ਆਲ਼ੇ ਦੁਆਲ਼ੇ ਰਹਿੰਦੇ ਹਨ । ਇਹਨਾਂ ਰਿਹਾਇਸ਼ੀ ਇਲਾਕਿਆਂ ਵਿੱਚ ਇੱਕ ਪਿੰਡ ਹੈ ਗਿਆਸਪੁਰਾ । ਇਹ ਪਿੰਡ ਆਂਤੜੀ ਰੋਗ, ਡੇਂਗੂ, ਤੇ ਕਾਲ਼ਾ ਪੀਲ਼ੀਆ ਆਦਿ ਲਈ ਸੁਰਖੀਆਂ ਵਿੱਚ ਰਹਿੰਦਾ ਹੈ । ਇਸ ਦਾ ਕਾਰਨ ਹੈ ਗਿਆਸਪੁਰੇ ਦੀ ਸਰਪੰਚ ਕਲੋਨੀ । ਇਹ ਕਲੋਨੀ ੧੫ ਸਾਲ ਪਹਿਲਾਂ ਸਾਬਕਾ ਸਰਪੰਚ ਸਰਦਾਰ ਸੇਵਾ ਸਿੰਘ ਨੇ ਆਪਣੇ ਖੇਤ ਵਿੱਚੋਂ ਕੱਟੀ ਸੀ । ਸੇਵਾ ਸਿੰਘ ਕਾਂਗਰਸੀ ਹੈ ਤੇ ਰਾਜ ਅਕਾਲੀਆਂ ਦਾ ਹੈ । ਕਾਂਗਰਸੀਆਂ ਤੇ ਅਕਾਲੀਆਂ ਦਾ ਇੱਟ ਘੜੇ ਦਾ ਵੈਰ ਹੈ । ਇਸ ਲਈ ੨੦੧੪ ਲੋਕ ਸਭਾ ਦੀਆਂ ਚੋਣਾ ਤੋਂ ਪਹਿਲਾਂ ਇਸ ਕਲੋਨੀ ਵਿੱਚ ਸਰਕਾਰ ਨੇ ਕੋਈ ਪੈਸਾ ਨਹੀਂ ਲਗਾਇਆ ਸੀ । ਸਰਪੰਚ ਤਾਂ ਜਮੀਨ ਵੇਚ ਕੇ ਪਾਸੇ ਹੋ ਗਿਆ । ਏਥੇ ਘਰ ਮਜ਼ਦੂਰਾਂ ਦੇ ਹਨ । ਝੋਟਿਆਂ ਦੇ ਭੇੜ ਵਿੱਚ ਝਾੜੀਆਂ ਦਾ ਨਾਸ । ਕਾਂਗਰਸ ਅਕਾਲੀ ਭੇੜ ਵਿੱਚ ਮਜ਼ਦੂਰ ਦੁਖੀ ਹਨ । ਬਰਸਾਤਾਂ ਵੇਲ਼ੇ ਇਸ ਕਲੋਨੀ ਦਾ ਬੁਰਾ ਹਾਲ ਹੁੰਦਾ ਹੈ । ਜਗਾ-ਜਗਾ ਗੰਦਾ ਪਾਣੀ ਹੁੰਦਾ ਹੈ । ਗੰਦਾ ਪਾਣੀ ਪੀਣ ਵਾਲ਼ੇ ਪਾਣੀ ਵਿੱਚ ਰਲ਼ਦਾ ਰਹਿੰਦਾ ਹੈ । ਬੀਮਾਰੀਆਂ ਫੈਲਦੀਆਂ ਹਨ । ਇਸ ਕਲੋਨੀ ਵਿੱਚ ਮੁਰਗੀਆਂ, ਬੱਕਰੀਆਂ ਅਤੇ ਮੱਛੀਆਂ ਦਾ ਮਾਸ ਖੁੱਲਾ ਵਿਕਦਾ ਹੈ । ਜਾਨਵਰਾਂ ਨੂੰ ਖੁੱਲੇ ਵਿੱਚ ਕੱਟਿਆ ਜਾਂਦਾ ਹੈ । ਕਾਂ ਆਦਿ ਜਾਨਵਰਾਂ ਦੇ ਫਾਲਤੂ ਅੰਗ ਲੈ ਜਾਂਦੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਸੁੱਟਦੇ ਰਹਿੰਦੇ ਹਨ । ਸਿਕਾਇਤ ਕਰਨ ਤੇ ਜੁਆਬ ਮਿਲਦਾ ਹੈ ਇਹ ਕਲੋਨੀ ਸਾਡੇ ਅਧੀਨ ਨਹੀਂ । ਦੂਸਰਾ ਕੌਸਲਰ ਵੀ ਏਹੋ ਜੁਆਬ ਦਿੰਦਾ ਹੈ । ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਲੋਨੀ ਸਰਕਾਰੀ ਖਾਤੇ ਵਿੱਚ ਵੀ ਨਹੀਂ ਹੈ । ੨੦੧੪ ਦੀਆਂ ਲੋਕਸਭਾ ਚੋਣਾ ਵਿੱਚ ਏਥੋਂ ਦੇ ਕੁੱਝ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ ਨੂੰ ਲੈ ਆਏ । ਉਹਨਾਂ ਹਾਲਤ ਦੇਖ ਕੇ ਏਥੋਂ ਤੱਕ ਕਹਿ ਦਿਤਾ ਸੀ ਕਿ ਜੇ ਉਹ ਜਿਤ ਗਏ ਤਾਂ ਪਹਿਲੀ ਅਖਤਿਆਰੀ ਗਰਾਂਟ ਇਸ ਕਲੋਨੀ ਵਿੱਚ ਲਗਾਉਣਗੇ । ੨੦੧੪ ਦੀਆਂ ਲੋਕ ਸਭਾ ਚੋਣਾ ਘੋਸ਼ਿਤ ਹੋਣ ਉਪਰੰਤ ਇੱਕ ਆਜਾਦ ਉਮੀਦਵਾਰ ਨੇ ਇਸ ਕਲੋਨੀ ਵਿੱਚ ਸੀਵਰੇਜ ਪੁਆਉਣ ਦਾ ਕੰਮ ਸ਼ੁਰੂ ਕਰ ਦਿਤਾ । ਵੋਟਾਂ ਨੂੰ ਖੋਰਾ ਲੱਗਦੇ ਦੇਖ ਰਾਜ ਕਰ ਰਹੀ ਪਾਰਟੀ ਦੇ ਬੰਦਿਆਂ ਨੇ ਵੀ ਗਲ਼ੀ ਨੂੰ ਦੂਜੇ ਪਾਸਿਓ ਪੁੱਟਣਾ ਸ਼ੁਰੂ ਕਰ ਦਿਤਾ । ਤਿੰਨ ਮਹੀਨੇ ਇਸ ਕਲੋਨੀ ਵਿੱਚ ਪੱਟ ਪੁਟਾਈ ਦਾ ਘੜਮੱਸ ਪੈਂਦਾ ਰਿਹਾ । ਸੀਵਰੇਜ ਤਾਂ ਪੈ ਗਈ ਪਰ ਲੋਕਾਂ ਦਾ ਚੱਲਣਾ ਫਿਰਨਾ ਔਖਾ ਹੋ ਗਿਆ । ਚੋਣਾ ਖਤਮ ਹੋਈਆਂ । ਜਿਤਣ ਵਾਲ਼ਾ ਜਿਤ ਗਿਆ । ਹਾਰਨ ਵਾਲ਼ਾ ਹਾਰ ਗਿਆ । ੨੦੧੪ ਤੱਕ ਸਰਪੰਚ ਕਲੋਨੀ ਦੀਆਂ ਗਲ਼ੀਆਂ ਕੱਚੀਆਂ ਜਿਵੇਂ ਸੀ ਉਵੇਂ ਹੀ ਰਹਿ ਗਈਆਂ । ਸੀਵਰੇਜ ਦੇ ਪਾਣੀ ਦਾ ਵੀ ਨਿਕਾਸ ਠੀਕ ਨਹੀਂ ਹੈ । ਪਾਣੀ ਪਲਾਟਾਂ ਵਿੱਚ ਖੜਾ ਹੈ । ਸਿਕਾਇਤ ਕੀਤੀ । ਸਬੰਧਿਤ ਕੌਸ਼ਲਰ ਨੇ ਏਥੋਂ ਤੱਕ ਕਹਿ ਦਿਤਾ ਤੁਸੀਂ ਕਿਹੜਾ ਸਾਨੂੰ ਵੋਟ ਪਾਈ ਹੈ । ਕਦੇ ਕਹਿੰਦੇ ਕਾਰਪੋਰੇਸ਼ਨ ਕੋਲ਼ ਪੈਸਾ ਹੀ ਨਹੀਂ ਹੈ । ਇਹ ਹੈ ਇੱਕ ਸੱਚੀ ਉਦਾਹਰਣ । ਬਾਕੀ ਦੇਸ਼ ਦੀ ਹਾਲਤ ਵੀ ਏਹੋ ਜਿਹੀ ਹੀ ਹੋਵੇਗੀ । ਇਸ ਲਈ ਸ੍ਰੀ ਨਰਿੰਦਰ ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਰਾਜਨੀਤਿਕ ਪਾਰਟੀਆਂ ਦੀ ਨਕੇਲ ਕਸ ਕੇ ਰੱਖਣ । ਲੁਧਿਆਣੇ ਕਾਰਪੋਰੇਸ਼ਨ ਵਿੱਚ ਚਾਰ ਹਜ਼ਾਰ ਤੋਂ ਵੱਖ ਸਫਾਈ ਕਰਮਚਾਰੀ ਹਨ ਫਿਰ ਵੀ ਲੁਧਿਆਣਾ ਗੰਦਾ ਹੈ । 
     ਸਵੱਛ ਭਾਰਤ ਅਭਿਆਨ ਤੇ ਰਾਜਨੀਤਿਕ ਲੋਕ ਡਰਾਮੇਬਾਜੀ ਬਹੁਤ ਕਰਦੇ ਹਨ । ਇਹ ਇੱਕ ਦਿਨ ਮਿੱਥਦੇ ਹਨ । ਫੋਟੋ ਖਿੱਚਣ ਵਾਲ਼ਿਆਂ ਨੂੰ ਤਿਆਰ ਕਰਦੇ ਹਨ । ਕੁੱਝ ਚਮਚੇ ਕਿਸਮ ਦੇ ਲੋਕ ਨਵਾਂ ਡਾਂਗ ਵਾਲ਼ਾ ਝਾੜੂ ਅਤੇ ਨਵਾਂ ਡਸਟਬਿੰਨ ਨਾਲ਼ ਲਿਆਉਂਦੇ ਹਨ । ਚਮਚੇ ਕੂੜਾ ਖਿੰਡਾਉਂਦੇ ਹਨ । ਨੇਤਾ ਨੂੰ ਝਾੜੂ ਫੜਾਉਂਦੇ ਹਨ । ਉਹ ਝਾੜੂ ਮਾਰਦਾ ਹੈ । ਨਵੇਂ ਸਾਫ ਸੁਥਰੇ ਕਾਗਜ਼ਾਂ ਨੂੰ ਇਕੱਠਾ ਕਰਕੇ ਡਸਟਬਿੰਨ ਵਿੱਚ ਪਾਉਂਦਾ ਹੈ । ਕੈਮਰੇ ਵਾਲ਼ੇ ਫੋਟੋਆਂ ਖਿੱਚੀ ਜਾਂਦੇ ਹਨ । ਸਵੱਛ ਭਾਰਤ ਦੇ ਸ਼ਗਨ ਤੋਂ ਬਾਅਦ ਜਾਂਦੇ ਹੋਏ ਡਸਟਬਿੰਨ ਵਾਲ਼ਾ ਕੂੜਾ ਓਥੇ ਹੀ ਸੁੱਟ ਨਵਾਂ ਡਸਟਬਿੰਨ ਨਾਲ਼ ਹੀ ਲੈ ਜਾਂਦੇ ਹਨ ਤਾਂ ਜੋ ਹੋਰ ਕਿਤੇ ਸਵੱਛ ਭਾਰਤ ਅਭਿਆਨ ਦਾ ਸ਼ਗਨ ਕੀਤਾ ਜਾ ਸਕੇ । ਦੂਸਰੇ ਦਿਨ ਅਖਬਾਰਾਂ ਵਿੱਚ ਫੋਟੋਆਂ ਵਾਲ਼ੀਆਂ ਖਬਰਾਂ ਲੱਗਦੀਆਂ ਹਨ । ਸਫਾਈ ਸਬੰਧੀ ਨੇਤਾ ਜੀ ਵਲੋਂ ਦੱਸਿਆ ਜਾਂਦਾ ਹੈ ਅਤੇ ਢੇਰ ਸਾਰੇ ਨਾਮ ਲਿਖੇ ਹੁੰਦੇ ਹਨ । 
     ਸਾਡੇ ਦੇਸ਼ ਦੇ ਲੋਕ ਅਗਰ ਕੂੜਾ ਸੁੱਟਣਾ ਹੀ ਸਿੱਖ ਲੈਣ ਤਾਂ ਬਹੁਤ ਸਾਰੀ ਸਫਾਈ ਤਾਂ ਆਪਣੇ ਆਪ ਹੀ ਹੋ ਜਾਏਗੀ । ਅਸੀਂ ਪਲਾਸਟਿਕ ਦੇ ਲਫਾਫਿਆਂ ਵਿੱਚ ਫਲ਼ ਸਬਜੀਆਂ ਲਿਆਂਉਂਦੇ ਹਾਂ ਘਰ ਆ ਕੇ ਛਿਲਦੇ ਹਾਂ । ਛਿਲਕੇ ਜੇਹੜੇ ਲਿਫਾਫੇ ਵਿੱਚ ਲਿਆਉਂਦੇ ਹਾਂ ਉਸੇ ਵਿਚ ਪਾ ਕੇ ਗੱਠ ਬੰਨ ਕੇ ਰੂੜੀ ਤੇ ਵਗਾਹ ਮਾਰਦੇ ਹਾਂ । ਪਲਾਸਟਿਕ ਵਿੱਚ ਬੰਨੇ ਹੋਏ ਫਲ਼ ਸਬਜੀਆਂ ਦੇ ਛਿਲਕੇ ਲਿਫਾਫੇ ਵਿੱਚ ਹੀ ਗਲ਼ ਜਾਂਦੇ ਹਨ ਪਰ ਲਿਫਾਫਾ ਗਲ਼ਦਾ ਨਹੀਂ । ਉਹ ਲਿਫਾਫਾ ਬਣੀ ਹੋਈ ਖਾਦ ਨੂੰ ਵੀ ਖਰਾਬ ਕਰ ਦਿੰਦਾ ਹੈ । ਜੇ ਅਸੀਂ ਫਲਾਂ ਸਬਜੀਆਂ ਦੇ ਛਿਲਕਿਆਂ ਨੂੰ ਅਲੱਗ ਸੁੱਟੀਏ ਤੇ ਲਿਫਾਫਾ ਕੋਈ ਹੋਰ ਕੰਮ ਲੈ ਲਈਏ ਛਿਲਕਿਆਂ ਦੀ ਬਣੀ ਹੋਈ ਖਾਦ ਵੀ ਖੇਤਾਂ ਵਿੱਚ ਪਾਈ ਜਾ ਸਕਦੀ ਹੈ ਤੇ ਲਿਫਾਫਾ ਵੀ ਹੋਰ ਕਿਸੇ ਕੰਮ ਆ ਸਕਦਾ ਹੈ । ਸਫਾਈ ਵੀ ਹੋ ਜਾਵੇਗੀ । ਏਸੇ ਤਰਾਂ ਇਸ਼ਨਾਨ ਕਰਦੇ ਵਖਤ ਇੱਕ ਛੋਟੀ ਪੁੜੀ ਸੈਂਪੂ ਦੀ ਆਉਂਦੀ ਹੈ । ਉਹਨੂੰ ਅਸੀਂ ਸਿਰ ਤੇ ਮਲ਼ ਕੇ ਖਾਲੀ ਪਲਾਸਟਿਕ ਦੀ ਪੁੜੀ ਗਟਰ ਵਿੱਚ ਜਾਣ ਦਿੰਦੇ ਹਾਂ । ਇਹ ਪੁੜੀਆਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਗਟਰ ਬੰਦ ਹੋ ਜਾਂਦਾ ਹੈ । ਅਸੀਂ ਹੋਰ ਵੀ ਪਲਾਸਟਿਕ ਦੀਆਂ ਚੀਜਾਂ ਗਟਰ ਵਿੱਚ ਸੁੱਟਦੇ ਰਹਿੰਦੇ ਹਾਂ ਜਿਵੇਂ ਕਿ ਬੱਚਿਆਂ ਦੇ ਹੱਗੀ ਪੈਡ, ਮਹਾਂਵਾਰੀ ਵਾਲ਼ੇ ਪੈਡ ਅਤੇ ਨਿਰੋਧ ਆਦਿ ਅਸੀਂ ਛੁਪਾ ਕੇ ਗਟਰ ਵਿੱਚ ਸੁੱਟਦੇ ਰਹਿੰਦੇ ਹਾਂ । ਇਸ ਨਾਲ਼ ਸੀਵਰੇਜ ਬੰਦ ਹੋ ਜਾਂਦੀ ਹੈ । ਸੀਵਰੇਜ ਖੋਹਲਣ ਨਾਲ਼ ਬਹੁਤ ਗੰਦ ਪੈਂਦਾ ਹੈ । ਸੀਵਰੇਜਾ ਵਿੱਚੋਂ ਕੱਢਿਆ ਗੰਦ ਕਈ ਕਈ ਦਿਨ ਸੜਕਾਂ ਗਲ਼ੀਆਂ ਿਵੱਚ ਪਿਆ ਰਹਿੰਦਾ ਹੈ । ਗੱਡੀਆਂ ਮੋਟਰਾਂ ਉਪਰੋਂ ਲੰਘਦੀਆਂ ਰਹਿੰਦੀਆਂ ਹਨ । ਗੰਦ ਸੁੱਕ ਜਾਂਦਾ ਹੈ । ਉਡ ਜਾਂਦਾ ਹੈ । ਸਾਹ ਰਾਹੀਂ ਸਾਡੇ ਅੰਦਰ ਜਾਂਦਾ ਹੈ । ਟਾਇਰਾਂ ਰਾਹੀਂ ਸਾਡੇ ਘਰਾਂ ਵਿੱਚ ਚਲਾ ਜਾਂਦਾ ਹੈ । ਅਸੀਂ ਬਿਮਾਰ ਹੋ ਜਾਂਦੇ ਹਾਂ । 
     ਪਾਨ ਖਾਣ ਵਾਲ਼ੇ ਤਾਂ ਹੱਦ ਹੀ ਕਰ ਦਿੰਦੇ ਹਨ । ਜੰਗਲ਼ੀ ਜਾਨਵਰ ਜਦੋਂ ਆਪੋ ਆਪਣੇ ਇਲਾਕੇ ਦੀ ਹੱਦਬੰਦੀ ਕਰਦੇ ਹਨ ਤਾਂ ਉਹ ਨਿਸ਼ਾਨੀ ਵਜੋਂ ਪਿਸ਼ਾਬ ਜਾਂ ਮਲ ਰਾਹੀਂ ਆਪਣੀ ਗੰਧ ਛੱਡਦੇ ਹਨ । ਅਸੀਂ ਆਮ ਦੇਖਦੇ ਹਾਂ ਕਿ ਕੁੱਤਾ ਨਵੇਂ ਸਕੂਟਰ ਜਾਂ ਗੱਡੀ ਤੇ ਮੂਤਦਾ ਹੈ । ਇਸ ਦਾ ਕਾਰਨ ਵੀ ਏਹੋ ਹੈ । ਨਵੇਂ ਸਕੂਟਰ ਆਦਿ ਵਿੱਚੋਂ ਕੁੱਤੇ ਨੂੰ ਆਪਣੀ ਗੰਧ ਨਹੀਂ ਆਉਂਦੀ ਜਦਕਿ ਸਕੂਟਰ, ਕਾਰ ਖੜੇ ਉਹਦੇ ਇਲਾਕੇ ਵਿੱਚ ਹੁੰਦੇ ਹਨ । ਉਹ ਆਪਣਾ ਕਬਜਾ ਦੱਸਣ ਲਈ ਲੱਤ ਚੁੱਕ ਕੇ ਨਵੇਂ ਕਾਰ ਸਕੂਟਰ ਤੇ ਮੂਤ ਦਿੰਦਾ ਹੈ । ਏਵੇਂ ਹੀ ਬਹੁਤੇ ਪਾਨ ਖਾਣ ਵਾਲ਼ੇ ਆਪਣੇ ਮੂੰਹ ਦੀ ਪੀਕ ਕਿਤੇ ਵਧੀਆ ਪੱਥਰ ਲੱਗੀ ਦੀਵਾਰ ਤੇ ਥੁੱਕ ਦਿੰਦੇ ਹਨ । ਇਹ ਉਹਨਾਂ ਦਾ ਵੰਸ਼ਕ ਸੁਭਾ ਹੈ । ਸਖਤੀ ਤੋਂ ਬਗੈਰ ਉਹ ਹਟ ਨਹੀਂ ਸਕਦੇ । ਜਗਾ-ਜਗਾ ਖੜ ਕੇ ਦੀਵਾਰਾਂ ਤੇ ਮੂਤ ਕਰਨ ਵਾਲ਼ੇ ਵੀ ਏਸੇ ਬਿਮਾਰੀ ਦੇ ਮਰੀਜ਼ ਹੁੰਦੇ ਹਨ । ਕਈਆਂ ਨੇ ਤਾਂ ਦੁਖੀ ਹੋ ਕੇ ਆਪਣੀ ਦੀਵਾਰ ਤੇ ਲਿਖਵਾਇਆ ਹੁੰਦਾ ਹੈ :- ਕੁੱਤੇ ਕੇ ਪੂਤ ਜਹਾਂ ਮਤ ਮੂਤ । 
     ਸਫਾਈ ਦੀ ਸਿੱਖਿਆ ਸਕੂਲਾਂ ਵਿੱਚ ਲਾਜ਼ਮੀ ਕਰ ਦੇਣੀ ਚਾਹੀਦੀ ਹੈ । ਇੱਕ ਪੱਕਾ ਵਿਸ਼ਾ ਹੋਣਾ ਚਾਹੀਦਾ ਹੈ । ਸਫਾਈ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲ਼ੇ ਦਿਦਿਆਰਥੀਆਂ ਨੂੰ ਇਨਾਮਾ ਆਦਿ ਰਾਂਹੀ ਨਿਵਾਜਣਾ ਚਾਹੀਦਾ ਹੈ । ਆਪੋ ਆਪਣੇ ਘਰਾਂ ਦਾ ਅੱਗਾ ਪਿੱਛਾ ਸਾਫ ਰੱਖਣ ਦੀ ਜਿੰਮੇਵਾਰੀ ਵੀ ਸਬੰਧਿਤ ਘਰ ਵਾਲ਼ਿਆਂ ਦੀ ਹੋਣੀ ਚਾਹੀਦੀ ਹੈ । ਇਹ ਗੱਲ ਸਾਨੂੰ ਸਾਰਿਆਂ ਨੂੰ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਸਾਡੇ ਘਰ ਦੇ ਅੱਗਿਓ ਲੋਕ ਖੁਸ਼ ਹੋ ਕੇ ਲੰਘਣ । ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ । ਬੁਰਾ ਭਲਾ ਕਹਿੰਦੇ ਹੋਏ ਲੋਕੀ ਨਾ ਲੰਘਣ । ਅਸੀਂ ਕਈ ਜਗਾ ਦੇਖਦੇ ਹਾਂ ਕਿ ਕਿਸੇ ਘਰ ਦੇ ਅੱਗੇ ਹਮੇਸ਼ਾ ਚਿੱਕੜ ਤੇ ਗੰਦ ਆਮ ਰਹਿੰਦਾ ਹੈ ਤੇ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਦੇ ਹਾਂ, 'ਇਹਨਾਂ ਸਾਲ਼ਿਆਂ ਦਾ ਤਾਂ ਏਹੀ ਕੰਮ ਹੈ' ਜਾਣੀ ਕਿ ਉਹ ਦੁੱਖੀ ਹੋ ਕੇ ਉਹਨਾਂ ਦੇ ਘਰ ਅੱਗੋਂ ਲੰਘਦੇ ਹਨ ਤੇ ਗਾਹਲ਼ਾਂ ਵੀ ਕੱਢਦੇ ਹਨ ।
      ਸ੍ਰੀ ਨਰਿੰਦਰ ਮੋਦੀ ਜੀ ਐਵੇਂ ਨਹੀਂ ਝਾੜੂ ਚੁੱਕੀ ਫਿਰਦੇ ਉਹਨਾਂ ਨੇ ਇਸ ਸਫਾਈ ਅਭਿਆਨ ਲਈ ਬਹੁਤ ਸਾਰਾ ਪੈਸਾ ਰੱਖਿਆ ਹੈ । (ਇੱਕ ਲੱਖ ਛੇਅੰਨਵੇਂ ਹਜ਼ਾਰ ਕਰੋੜ ਰੁਪੱਈਆ) ਇਸ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਣੇ ਬਿਲ ਗੇਟਸ ਤੇ ਦੀਦਾਰ ਸਿੰਘ ਵਰਗੇ ਸ਼ਾਮਿਲ ਹਨ । ਉਹ ਚਾਹੁੰਦੇ ਹਨ ਕਿ ਭਾਰਤ ਵਰਸ਼ ਸਾਫ ਸੁੱਥਰਾ ਹੋਵੇ ਤੇ ਉਹ ਏਥੇ ਖੁੱਲ ਕੇ ਪੂੰਜੀ ਨਿਵੇਸ਼ ਕਰ ਸਕਣ । ਹੁਣ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਰਜੀ ਹੈ (ਕਿਉਂਕਿ ਉਹ ਇਸ ਸਮੇਂ ਭਾਰਤ ਵਰਸ਼ ਦੇ ਤਾਨਾਸ਼ਾਹ ਹਨ) ਉਹ ਇਸ ਪੈਸੇ ਨੂੰ ਵੋਟਾਂ ਹੂੰਝਣ ਵਾਸਤੇ ਲਗਾਉਣ ਜਾਂ ਕੂੜਾ ਹੂੰਝਣ ਵਾਸਤੇ । ਕੂੜ ਦਾ ਮਤਲਬ ਝੂਠ ਵੀ ਹੁੰਦਾ ਹੈ ਅਤੇ ਕੂੜਾ ਕਰਕਟ ਵੀ ਹੁੰਦਾ ਹੈ । ਜੇ ਸਾਡੇ ਮਨ ਵਿੱਚ ਝੂਠ ਫਰੇਬ ਦੀ ਗੰਦਗੀ ਹੋਵੇਗੀ ਫਿਰ ਅਸੀਂ ਬਾਹਰੋ ਜਿੰਨੀਆਂ ਮਰਜੀ ਸਵੱਛਤਾ ਦੀਆ ਗੱਲਾਂ ਕਰੀ ਜਾਈਏ ਤਾਂ ਅਸੀਂ ਆਪਣੇ ਅਮੋਲਕ ਮੁਨੁੱਖਾ ਜੀਵਨ ਨੂੰ ਜੂਏ ਵਿੱਚ ਹਾਰ ਰਹੇ ਹੋਵਾਂਗੇ । ਬਾਬਾ ਜੀ ਦੇ ਬਚਨ ਹਨ :-
ਜੀਅਹੁ ਮੈਲੇ ਬਾਹਰਹੁ ਨਿਰਮਲ, ਬਾਹਰਹੁ ਨਿਰਮਲ ਜੀਅਹੁ ਤ ਮੈਲ਼ੇ ॥
ਤਿਨੀ ਜਨਮੁ ਜੂਐ ਹਾਰਿਆ ॥ 
ਇਹ ਤਿਸਨਾ ਵਡਾ ਰੋਗੁ ਲਗਾ, ਮਰਣੁ ਮਨਹੁ ਵਿਸਾਰਿਆ ॥( ਅਨੰਦ ਸਾਹਿਬ)

ਗੁਰਮੇਲ ਸਿੰਘ ਖਾਲਸਾ
੯੯੧੪੭੦੧੪੬੯

No comments:

Post a Comment