Wednesday, February 18, 2015

ਭਾਈ ਸੂਰਤ ਸਿੰਘ ਖ਼ਾਲਸਾ ਦਾ ਮਰਨ ਵਰਤ, ਗੁਰਤੇਜ ਸਿੰਘ

ਭਾਈ ਸੂਰਤ ਸਿੰਘ ਖ਼ਾਲਸਾ ਦਾ ਮਰਨ ਵਰਤ, ਗੁਰਤੇਜ ਸਿੰਘ
ਭਾਈ ਸੂਰਤ ਸਿੰਘ ਖ਼ਾਲਸਾ ਦਾ ਮਰਨ ਵਰਤ, ਗੁਰਤੇਜ ਸਿੰਘ
     ਸੂਰਤ ਸਿੰਘ ਖ਼ਾਲਸਾ ਨੂੰ ਮੈਂ 1977 ਤੋਂ ਜਾਣਦਾ ਹਾਂ। ਇਹ ਸਫ਼ਲ ਅਧਿਆਪਕ, ਸਫ਼ਲ ਗ੍ਰਹਿਸਥੀ ਹੋਣ ਦੇ ਨਾਲ-ਨਾਲ ਆਪਣੀਆਂ ਪੰਥਕ, ਸਮਾਜਕ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਆਪਣੇ-ਆਪ ਨੂੰ ਸਮਾਜ ਅਤੇ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖ਼ਰੂ ਕਰ ਚੁੱਕੇ ਹਨ। ਸਿਆਸਤ ਵਿੱਚ ਵੀ ਇਹਨਾਂ ਭਰਪੂਰ ਹਿੱਸਾ ਲਿਆ ਹੈ।
     ਜਦੋਂ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਮੋਰਚਾ ਲਗਾਉਣ ਦੀ ਵਿਉਂਤ ਬਣਾਈ ਤਾਂ ਮੈਂ ਸਾਰਾ ਜ਼ੋਰ ਲਾ ਕੇ ਇਹਨਾਂ ਨੂੰ ਹੋੜਨ ਦੀ ਕੋਸ਼ਿਸ ਕੀਤੀ। ਮੈਂ ਆਪਣੇ ਤੀਹ/ਚਾਲੀ ਸਾਲਾ ਦੇ ਪੰਥਕ ਮਸਲਿਆਂ ਦੇ ਮੁਤਾਲਿਆ ਦੇ ਆਧਾਰ ਉੱਤੇ ਇਹ ਜਾਣਦਾ ਹਾਂ ਕਿ ਇਹਨਾਂ ਦੀ ਕੀਮਤੀ ਜਾਨ ਜਾਣ ਦਾ ਖ਼ਤਰਾ ਭਰਪੂਰ ਹੈ। ਖ਼ਾਲਸਾ ਜੀ ਹਠੀ, ਗੁਰੂ ਨੂੰ ਸਮਰਪਤ ਸਿੱਖ ਹਨ। ਸਰਕਾਰ ਦਾ ਦਾਰੋਮਦਾਰ ਸਿੱਖ ਮੁੱਦਿਆਂ ਨੂੰ ਖ਼ਤਮ ਕਰਨ ਅਤੇ ਸਿੱਖੀ ਨੂੰ ਪੰਜਾਬ ਵਿੱਚੋਂ ਮਨਫ਼ੀ ਕਰਨ ਉੱਤੇ ਹੈ। ਸਿੱਖ ਕੌਮ ਸਿਆਸੀ ਨਾਦਾਨੀ ਤੋਂ ਕੰਮ ਲੈਣ ਦੀ ਆਦੀ ਹੈ।

     ਮੌਜੂਦਾ 'ਪੰਥਕ' ਸਰਕਾਰ 75 ਸਾਲ ਪੁਰਾਣੀ ਸਿੱਖ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਨੇਸਤੋ ਨਾਬੂਦ ਕਰਨ ਦੇ ਇਵਜ਼ ਵਜੋਂ ਪੰਥ ਵਿਰੋਧੀ ਸ਼ਕਤੀਆਂ ਦੀ ਮਦਦ ਨਾਲ ਬਣੀ ਹੈ। ਏਸ ਵਿੱਚ ਸਿੱਖ ਕੌਮ ਦੀ, ਪੰਜਾਬ ਦੀ ਜਾਂ ਪੰਜਾਬ ਦੇ ਲੋਕਾਂ ਦੇ ਭਲ਼ੇ ਲਈ ਕੁਝ ਕਰ ਸਕਣ ਦੀ ਸਮਰੱਥਾ ਨਹੀਂ ਹੈ। ਮੋਦੀ ਸਰਕਾਰ ਨੇ ਬਣਦਿਆਂ ਸਾਰ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਲਈ ਕੈਦਾਂ ਕੱਟ ਰਹੇ ਸਾਰੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚੋਂ ਕੱਢਣ ਦੀ ਕਾਰਵਾਈ ਆਰੰਭ ਕਰ ਦਿੱਤੀ। ਹੁਣ ਤੱਕ ਬਹੁਤੇ ਸੰਗੀਨ ਜੁਰਮਾਂ ਲਈ ਕੈਦ ਹੋਏ ਮੁਜ਼ਰਮ ਬਾਹਰ ਵੀ ਆ ਚੁੱਕੇ ਹਨ। ਪੰਜਾਬ ਦੀ ਸਰਕਾਰ ਹਰ ਪੱਖੋਂ ਨਿਰਦੋਸ਼ ਪ੍ਰੋ. ਦਵਿੰਦਰ ਸਿੰਘ ਭੁੱਲਰ ਨੂੰ ਨਹੀਂ ਛੁਡਾ ਸਕੀ, ਨਾ ਹੀ ਓਸ ਦੇ ਪੰਜਾਬ ਦੀ ਜੇਲ੍ਹ ਵਿੱਚ ਆਉਣ ਦੀ ਮਨਜ਼ੂਰੀ ਦੇ ਸਕੀ ਹੈ; ਨਾ ਹੀ ਇਹ ਉਹਨਾਂ ਕੈਦੀਆਂ ਨੂੰ ਛੁਡਾਉਣ ਲਈ ਤਿਆਰ ਹੈ ਜੋ ਕਾਨੂੰਨ ਅਨੁਸਾਰ ਮਿਲੀ ਸਜ਼ਾ ਪੂਰੀ ਕਰ ਚੁੱਕੇ ਹਨ। ਸਭ ਕਾਸੇ ਦਾ ਸਬੰਧ ਓਸ ਦੀ ਕਾਨੂੰਨੀ ਸ਼ਕਤੀ ਨਾਲ ਨਹੀਂ ਬਲਕਿ ਸਿਆਸੀ ਇੱਛਾ ਸ਼ਕਤੀ ਨਾਲ ਹੈ। ਸਰਕਾਰ ਜ਼ੁਬਾਨ ਨਾਲ ਨਹੀਂ ਆਖਦੀ ਪਰ ਇਹਨਾਂ ਨੂੰ ਸਿਆਸੀ ਵਿਰੋਧੀ ਜਾਣ ਕੇ ਜੇਲ੍ਹ ਵਿੱਚ ਹੀ ਖਤਮ ਕਰ ਦੇਣ ਦਾ ਸੰਕਲਪ ਧਾਰੀ ਬੈਠੀ ਹੈ।
     ਏਹੋ ਮਨਸ਼ਾ ਏਸ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਦਮਨ ਚੱਕਰ ਵਿੱਚ ਸ਼ਾਮਲ (ਸਵਰਨ ਸਿੰਘ ਘੋਟਣੇ ਵਰਗੇ) ਪੁਲਸ ਅਫ਼ਸਰਾਂ ਦੀ ਨਵਾਜ਼ਸ਼ ਤੋਂ ਜ਼ਾਹਰ ਹੁੰਦੀ ਹੈ। ਬੇਅੰਤ ਸਿੰਘ ਦੇ ਪੋਤਰੇ ਨੂੰ ਲੁਧਿਆਣੇ ਤੋਂ ਜਿੱਤਣ ਵਿੱਚ ਮਦਦ ਕਰਨ ਦੀ ਕਹਾਣੀ ਵੀ ਇਹਨਾਂ ਤੱਥਾਂ ਵੱਲ ਇਸ਼ਾਰੇ ਕਰਦੀ ਹੈ। ਰਾਜ ਕਰਦੇ ਸਭ ਹਾਕਮਾਂ ਦੀ ਨਾਨੀ-ਦਾਦੀ ਇੱਕੋ ਹੈ।
     ਸਿੱਖ ਸਿਆਸਤ ਵਿੱਚ ਦੂਜੀ ਧਿਰ ਉਹਨਾਂ 'ਗਰਮ ਖਿਆਲੀ' ਲੋਕਾਂ ਦੀ ਹੈ ਜੋ ਸ਼ਾਇਦ ਜਾਣ-ਬੁੱਝ ਕੇ ਤੱਤੇ ਨਾਅਰੇ ਲਗਾ ਕੇ ਪੰਜਾਬ ਅਤੇ ਸਿੱਖਾਂ ਵਿਰੁਧ ਹਿੰਦ ਦੀ ਨਫ਼ਰਤ ਦੀ ਅੱਗ ਨੂੰ ਬਲਦਾ ਰੱਖਣਾ ਹੀ ਸਿਆਸਤ ਸਮਝ ਰਹੀ ਹੈ। ਇਹ ਧਿਰ ਪੰਜ ਵਾਰ (ਘੱਟੋ ਘੱਟ) ਮੁਕੰਮਲ ਤੌਰ ਉੱਤੇ ਉਖੜੇ ਬਾਦਲ ਦਲ ਨੂੰ ਦੁਬਾਰਾ-ਦੁਬਾਰਾ ਸਥਾਪਤ ਕਰ ਚੁੱਕੀ ਹੈ - ਇੱਕ ਵਾਰ 'ਪੰਥਕ ਏਕਤਾ' ਕਰ ਕੇ, ਦੋ ਵਾਰ ਪੰਥਕ ਏਕਤਾ ਨੂੰ ਸਾਬੋਤਾਜ ਕਰ ਕੇ ਅਤੇ ਦੋ ਵਾਰ ਚੋਣ ਬਾਈਕੌਟ ਲਈ ਸਹਿਮਤ ਹੋ ਕੇ। ਹੋਰ ਵੀ ਅਜੇਹੇ ਕਾਰਨਾਮੇ ਹਨ।
ਛੋਟੀ ਗਰਮ ਧਿਰ ਲੋਕ-ਆਧਾਰ ਬਣਾਉਣ ਲਈ ਚੋਣਾਂ ਲੜਨ ਨੂੰ ਸਿਆਸੀ ਧਰਮ ਵਿਰੁੱਧ ਸਮਝੀ ਬੈਠੀ ਹੈ।
ਸਿੱਖ ਜਨਤਾ ਅਜੇ ਤੱਕ ਸਿਆਸੀ ਨੀਂਦ ਦਾ ਨਿੱਘ ਮਾਣ ਰਹੀ ਹੈ।
     ਇਹਨਾਂ ਕਾਰਣਾਂ ਕਰ ਕੇ ਜਥੇਦਾਰ ਸੂਰਤ ਸਿੰਘ ਦੀ ਬਾਂਹ ਫੜਨ ਵਾਲਾ, ਸਿੱਖ ਬੰਦੀਆਂ ਲਈ ਹਾਅ ਦਾ ਨਾਆਰਾ ਮਾਰਨ ਵਾਲਾ ਕੋਈ ਨਹੀਂ। ਹੁਣ ਜੇ ਸਾਰੀਆਂ ਪੰਥਕ ਸ਼ਕਤੀਆਂ ਆਪਣੀਆਂ ਨਿੱਜੀ ਸਿਆਸੀ ਲਾਲਸਾਵਾਂ ਨੂੰ ਛੱਡ ਕੇ ਮਜਬੂਤ ਪੰਥਕ ਸੰਗਠਨ ਬਣਾ ਲੈਣ ਤਾਂ ਹੀ ਪਾਸਾ ਪਲਟ ਸਕਦਾ ਹੈ ਅਤੇ ਜਥੇਦਾਰ ਦੀ ਜਾਨ ਬਚਾਈ ਜਾ ਸਕਦੀ ਹੈ; ਪੰਥ ਦੀ ਬਦਕਿਸਮਤੀ ਨੂੰ ਵੀ ਜ਼ਬਰਦਸਤ ਮੋੜਾ ਦਿੱਤਾ ਜਾ ਸਕਦਾ ਹੈ। ਇਹ ਸਾਰਾ ਕੁਝ ਕਰਨ ਉੱਤੇ ਕੇਵਲ ਕੁਝ ਦਿਨ ਹੀ ਲੱਗਣਗੇ। ਕੀ ਪੰਥਕ ਧਿਰਾਂ ਏਨੀਂ ਕੁ 'ਕੁਰਬਾਨੀ' ਕਰਨ ਲਈ ਤਿਆਰ ਹਨ?
ਗੁਰਤੇਜ ਸਿੰਘ
18.02.2015

No comments:

Post a Comment