Saturday, February 14, 2015

ਇਨਸਾਫ਼ ਦੀ ਤੱਕੜੀ ਦਾ ਪਾਸਕੂ, ਸਿਰਦਾਰ ਗੁਰਤੇਜ ਸਿੰਘ

ਇਨਸਾਫ਼ ਦੀ ਤੱਕੜੀ ਦਾ ਪਾਸਕੂ, ਸਿਰਦਾਰ ਗੁਰਤੇਜ ਸਿੰਘ

ਇਨਸਾਫ਼ ਦੀ ਤੱਕੜੀ ਦਾ ਪਾਸਕੂ, ਸਿਰਦਾਰ ਗੁਰਤੇਜ ਸਿੰਘ


ਪੰਜਾਬੀ ਯੂਨੀਵਰਸਿਟੀ ਵਿੱਚ ਡੌਕਟਰ ਸਰਜੀਤ ਸਿੰਘ ਬੱਲ ਮੇਰੇ ਅਧਿਆਪਕ ਸਨ। ਲੰਡਨ ਤੋ ਪੀਐੱਚ.ਡੀ. ਕਰ ਕੇ ਆਏ ਸਨ। ਉਹਨਾਂ ਓਥੇ ਲਾਇਬ੍ਰੇਰੀ ਤੋ ਅਜਿਹੀ ਕਿਤਾਬ ਹਾਸਲ ਕੀਤੀ ਜਿਸ ਨੂੰ ਪੰਜਾਬ ਵਿੱਚ ਕੰਮ ਕਰਨ ਵਾਲਾ ਕੋਈ ਅੰਗ੍ਰੇਜ਼ ਅਫ਼ਸਰ ਪਹਿਲਾਂ ਪੜ੍ਹ ਚੁੱਕਿਆ ਸੀ। ਉਸ ਨੇ ਸਫ਼ਾ-ਨਿਸ਼ਾਨੀ ਲਈ ਇੱਕ ਕਾਗ਼ਜ਼ ਵਰਤਿਆ ਸੀ ਜਿਸ ਦੀ ਲਿਖਤ ਪੜ੍ਹਨ ਤੋ ਪਤਾ ਲੱਗਿਆ ਕਿ ਇਹ ਲਾਲਾ ਲਾਜਪਤ ਰਾਏ ਵੱਲੋਂ ਉਸ ਅਫ਼ਸਰ ਨੂੰ ਆਪਣੇ ਕੀਤੇ ਸਿਆਸੀ ਕੰਮ-ਕਾਜ ਲਈ ਮੁਆਫ਼ੀਨਾਮੇ ਵਜੋਂ ਲਿਖਿਆ ਖਤ ਸੀ। ਓਸ ਵਿੱਚ ਲਿਖਿਆ ਸੀ ਕਿ ਮੈਂ ਸਰਕਾਰ ਦਾ ਵਫਾਦਾਰ ਹਾਂ; ਵਕੀਲ ਵਜੋਂ ਕੰਮ ਕਰ ਕੇ ਆਪਣੇ ਗਰੀਬ ਪਰਵਾਰ ਨੂੰ ਪਾਲਦਾ ਹਾਂ; ਮੈ ਉੱਕਾ ਹੀ ਬਾਗ਼ੀ ਨਹੀਂ; ਅਗਾਂਹ ਤੋਂ ਮੈਂ ਪੱਕਾ ਸਰਕਾਰ ਦਾ ਵਫ਼ਾਦਾਰ ਬਣ ਕੇ ਰਹਾਂਗਾ; ਪਿਛਲੀਆਂ ਸਿਆਸੀ ਗਤੀਵਿਧੀਆਂ ਲਈ ਮੈਨੂੰ ਮੁਆਫ਼ ਕੀਤਾ ਜਾਵੇ; ਜੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਮੇਰਾ ਟੱਬਰ ਰੁਲ ਜਾਵੇਗਾ ਆਦਿ-ਆਦਿ।
ਪੰਜ ਚਾਰ ਸਾਲ ਪਹਿਲਾਂ ਡੌਕਟਰ ਇੰਦੂ ਬਾਂਗਾ ਨੇ ਮੈਨੂੰ ਦੱਸਿਆ ਕਿ ਉਸ ਨੇ ਨੈਸ਼ਨਲ ਆਰਕਾਈਵਜ਼ ਵਿੱਚ ਪਏ ਕਾਗ਼ਜ਼ਾਂ ਵਿੱਚ ਏਸੇ ਸ਼ੈਲੀ ਵਿੱਚ ਲਿਖੀ ਲਾਜਪਤ ਰਾਏ ਦੀ ਚਿੱਠੀ ਵੇਖੀ। ਉਹ ਸੰਸਥਾ ਦੇ ਫ਼ੋਟੋ ਕੌਪੀ ਕਰਨ ਵਾਲੇ ਨੂੰ ਦੇ ਕੇ ਖਾਣਾ ਖਾਣ ਚਲੀ ਗਈ। ਜਦੋ ਵਾਪਸ ਆਈ ਤਾਂ ਉਹ ਚਿੱਠੀ ਕਾਗ਼ਜ਼ਾਂ ਵਿੱਚ ਨਹੀਂ ਸੀ; ਨਾ ਫੇਰ ਕਦੇ ਮਿਲੀ।
ਇਹ ਹੈਰਾਨੀਜਨਕ ਗੱਲਾਂ ਹਨ ਕਿਉਂਕਿ ਲਾਜਪਤ ਰਾਏ ਨੂੰ ਭਗਤ ਸਿੰਘ ਦੇ ਬਾਗੀ ਚਾਚੇ ਅਜੀਤ ਸਿੰਘ ਅਤੇ ਭਗਤ ਸਿੰਘ ਦਾ ਗੂਰੁ ਪ੍ਰਗਟ ਕੀਤਾ ਜਾਂਦਾ ਰਿਹਾ ਹੈ। ਓਸ ਕੋਲੋਂ ਮੁਆਫ਼ੀ ਮੰਗਣ ਦੀ ਤਵੱਕੋਂ ਨਹੀਂ ਸੀ ਕੀਤੀ ਜਾਂਦੀ।
ਪੰਦਰਾਂ ਕੁ ਸਾਲ ਪਹਿਲਾਂ ਇੱਕ ਅਖਬਾਰੀ ਬਹਿਸ ਲਈ ਤਿਆਰੀ ਕਰਦਿਆਂ ਲਾਲਾ ਲਾਜਪਤ ਰਾਏ ਦੀ ਸ੍ਵੈ-ਜੀਵਨੀ ਪੜ੍ਹੀ। ਓਸ ਵਿੱਚ ਉਪਰੋਕਤ ਚਿੱਠੀਆਂ ਦੀ ਇਬਾਰਤ ਵਾਲੀਆਂ ਚਿੱਠੀਆਂ ਮੌਜੂਦ ਸਨ। ਸੰਦਰਭ ਇਹ ਸੀ ਕਿ ਜਦੋਂ ਲਾਜਪਤ ਰਾਏ ਨੂੰ ਪਤਾ ਲੱਗਿਆ ਕਿ ਪੁਲਸ ਓਸ ਨੂੰ ਗ੍ਰਿਫ਼ਤਾਰ ਕਰਨ ਵਾਲੀ ਹੈ ਤਾਂ ਉਹ ਆਖਦਾ ਹੈ ਕਿ ਉਹ ਘਰ ਆ ਕੇ ਸਫ਼ਾਈ/ਮੁਆਫ਼ੀ ਦੀਆਂ ਚਿੱਠੀਆਂ ਲਿਖਣ ਲੱਗਿਆ। ਦਰਜਨਾਂ ਲਿਖੀਆਂ ਅਤੇ ਡਾਕਖਾਨੇ ਤੋਂ ਰਵਾਨਾ ਕੀਤੀਆਂ।
ਲਾਲਾ ਹਰਦਿਆਲ ਵੀ ਵੱਡਾ ਬਾਗੀ ਪ੍ਰਚਾਰਿਆ ਜਾਂਦਾ ਹੈ। ਓਸ ਨੂੰ ਗਦਰ ਨੂੰ ਮੁੱਢਲੀ ਸੇਧ ਦੇਣ ਵਾਲਾ ਮਸ਼ਾਹੂਰ ਕੀਤਾ ਜਾਂਦਾ ਹੈ। ਗਦਰੀ ਬਾਬਿਆਂ ਦੀਆਂ ਆਪਣੀਆਂ ਹੱਥ ਲਿਖੀਆਂ ਸ੍ਵੈ-ਜੀਵਨੀਆਂ ਦੱਸਦੀਆਂ ਹਨ ਕਿ ਉਹ ਕੇਵਲ ਥੋੜ੍ਹਾ ਅਰਸਾ ਰਸਾਲਾ ਚਲਾਉਣ ਲਈ ਭਰਤੀ ਕੀਤਾ ਮੁਲਾਜ਼ਮ ਸੀ। ਉਹ ਵੀ ਆਖ਼ਰ ਅੰਗ੍ਰੇਜ਼ ਕੋਲੋਂ ਮੁਆਫ਼ੀ ਮੰਗ ਕੇ ਇੰਗਲੈਂਡ ਵਿੱਚ ਪੜ੍ਹਦਾ ਰਿਹਾ।
ਸਿਰਦਾਰ ਕਪੂਰ ਸਿੰਘ ਨੇ ਗਦਰੀ ਬਾਬਿਆਂ ਦੇ ਜੇਲ੍ਹ ਕੱਟਣ ਸਮੇਂ ਦੇ ਕਾਗ਼ਜ਼ ਵੇਖੇ। ਉਹਨਾਂ ਨੂੰ ਆਖ਼ਰ ਕਾਲੇ ਪਾਣੀਆਂ ਦੇ ਤਸੀਹਾ ਘਰਾਂ ਵਿੱਚੋ ਦਹਾਕਿਆਂ ਬਾਅਦ ਕੱਢ ਕੇ ਆਮ ਜੇਲ੍ਹਾਂ ਵਿੱਚ ਲਿਆਂਦਾ ਗਿਆ। ਆਖ਼ਰ ਅੰਗ੍ਰੇਜ਼ ਨੇ ਪੇਸ਼ਕਸ਼ ਕੀਤੀ, 'ਅਸੀ ਚਾਹੁੰਦੇ ਹਾਂ ਕਿ ਆਖ਼ਰੀ ਦਿਨ ਤੁਸੀਂ ਆਪਣੇ ਪਰਵਾਰਾਂ ਵਿੱਚ ਬਿਤਾਉ। ਸਰਕਾਰ ਰਹਿਮ ਦਿਲ ਹੈ, ਮੁਆਫ਼ੀ ਮੰਗਣ ਲਈ ਤੁਹਾਨੂੰ ਅਣਖੀਆਂ ਨੂੰ ਨਹੀਂ ਆਖਦੀ। ਤੁਸੀਂ ਸਿਰਫ਼ ਜ਼ੁਬਾਨੀ ਜਾਂ ਇਸ਼ਾਰੇ ਨਾਲ ਵਚਨ ਦਿਉ ਕਿ ਤੁਸੀਂ ਕਦੇ ਹਾਥਿਆਰ ਨਹੀ ਚੁੱਕੋਗੇ। ਜਿਹੜੇ ਸਹਿਮਤ ਹਨ ਇੱਕ ਕਦਮ ਪਿੱਛੇ ਹਟ ਜਾਣ।' ਸਾਰੇ ਗਦਰੀ ਬਾਬੇ ਸੁਤੇ ਸਿਧ ਇੱਕ ਕਦਮ ਅਗਾਂਹ ਹੋ ਕੇ ਖੜ੍ਹੇ ਹੋ ਗਏ। ਓਹਨਾਂ ਆਖਿਆ, 'ਤੁਹਾਡਾ ਏਸ ਦੇਸ ਉੱਤੇ ਰਾਜ ਕਰਨ ਦਾ ਹੱਕ ਨਹੀਂ। ਅਸੀਂ ਜੇ ਰਿਹਾਅ ਹੋ ਗਏ ਤਾਂ ਤੁਹਾਡੇ ਨਾਲ ਫ਼ੇਰ ਲੜਾਂਗੇ। ਜੇ ਮਰ ਗਏ ਤਾਂ ਅਗਲੇ ਜਨਮ ਵਿੱਚ ਫ਼ੇਰ ਹਥਿਆਰ ਚੁੱਕਾਂਗੇ।'
ਵੇਖੋ ਜ਼ਮਾਨੇ ਦੀ ਚਾਲ ਕਿ ਦੋਨੋਂ ਲਾਲੇ ਤਾਂ ਵੱਡੇ ਕ੍ਰਾਂਤੀਕਾਰੀ ਜਾਣੇ ਜਾਂਦੇ ਹਨ। ਆਪਣੇ ਧਰਮ, ਦੇਸ ਦੀ ਖਾਤਰ ਹਰ ਪਲ਼ ਜਿਗਰ ਦਾ ਖੂਨ ਵੀਟਣ ਵਾਲਿਆਂ ਨੂੰ ਕੋਈ ਨਹੀਂ ਜਾਣਦਾ। ਆਖਦੇ ਹਨ ਦੋਨਾਂ ਲਾਲਿਆਂ ਦੀਆਂ ਕੁਰਬਾਨੀਆਂ ਤਾਂ ਲਾਮਿਸਾਲ ਹਨ ਪਰ ਗਦਰ ਲਹਿਰ ਤਾਂ ਅਜ਼ਾਦੀ ਲਈ ਲੜੀ ਗਈ ਲੜਾਈ ਦਾ ਹਿੱਸਾ ਹੀ ਨਹੀਂ। ਵਾਰੇ ਵਾਰੇ ਜਾਈਏ ਏਸ ਇਨਸਾਫ਼ ਦੀ ਤੱਕੜੀ ਦੇ ਜਿਸ ਦਾ ਪਾਸਕੂ ਹੀ ਦਾਣਿਆਂ ਦੇ ਥੈਲੇ ਤੋਂ ਭਾਰਾ ਹੈ।
ਸਿਰਦਾਰ ਗੁਰਤੇਜ ਸਿੰਘ
ਪ੍ਰੋਫੈਸਰ ਆਫ ਸਿੱਖ ਇਜ਼ਮ

No comments:

Post a Comment