Tuesday, February 17, 2015

ਰੱਬ ਦਾ ਜੱਬ੍ਹ !! ਨਿਰਮਲ ਸਿੰਘ


ਰੱਬ ਦਾ ਜੱਬ੍ਹ !! 

     ਕੁਝ ਸਮੇ ਤੋਂ ਸੋਚ ਰਿਹਾ ਹਾਂ ਕਿ ਇਹ ਰੱਬ ਦਾ ਜੱਬ੍ਹ ਹੈ ਅਸਲ ਵਿਚ ਕੀ, ਸਾਰੇ ਕਹਿੰਦੇ ਸੁਣਦੇ ਹੱਨ ਕਿ ਗੁਰਦੁਆਰੇ ਜਾ ਰਹੇ ਹਾਂ, ਥੋੜਾ ਬਹੁਤ ਰੱਬ ਦਾ ਨਾਮ ਲੈ ਲਿਆ ਕਰੋ !! ਰੱਬ ਤੇ ਕਣ ਕਣ ਵਿਚ ਵਸਦਾ ਹੈ । ਨਾਨਕਸਰੀਏ ਕਹੀ ਜਾਂਦੇ ਹੱਨ ਕਿ ਭੋਰੇ ਵਿਚ ਬੈਠ ਕਿ ਜਾਪ ਕਰਨ ਨਾਲ ਰੱਬ ਮਿਲਦਾ ਹੈ !! ਰਾਮ ਰਹੀਮ ਨੇ ਆਪਣਾ ਰੱਬ ਤਿਆਰ ਕੀਤਾ ਹੈ !! ਨੂਰਮਹਿਲੀਆ, ਨਿਰੰਕਾਰੀ, ਨਾਮਧਾਰੀ, ਟਕਸਾਲੀ, ਤੇ ਹੋਰ ਪਤਾ ਨਹੀਂ ਕਿੰਨੀ ਕੁ ਤਰਾਂ ਦੇ ਲੋਕਾਂ ਨੇ ਆਪਣਾ ਆਪਣਾ ਰੱਬ ਤਿਆਰ ਕੀਤਾ ਹੈ । ਕੋਈ ਵਾਹਿਗੁਰੂ, ਕੋਈ ਅੱਲਾ ਕੋਈ ਜੀਜ਼ਜ਼ ਤੇ ਕੋਈ ਰਾਮ ਕਹਿ ਰਿਹਾ ਹੈ । ਛੋਟੇ ਹੁੰਦਿਆਂ ਤੋਂ ਹੀ ਪਹਿਲਾਂ ਘਰ ਦਿਆਂ ਨੇ ਰੱਬ ਦੀ ਕੋਈ ਪ੍ਰੀਭਾਸ਼ਾ ਨਹੀਂ ਦੱਸੀ, ਬਾਅਦ ਵਿਚ ਆਹ ਉਪਰ ਵਾਲੇ ਸਾਰੀ ਤਰਾਂ ਦੇ ਬਾਬੇ, ਇਨਾਂ ਨੇ ਵੀ ਰੱਬ ਹਊਆਂ ਬਣਾ ਕਿ ਭੋਲੇ ਭਾਲੇ ਲੋਕਾਂ ਵਿਚ ਪੇਸ਼ ਕਰ ਦਿਤਾ । ਬੱਸ ਸਾਰਿਆਂ ਨੂੰ ਇਹ ਹੀ ਕਹਿੰਦੇ ਸੁਣਿਆਂ ਹੈ ਕਿ ਰੱਬ ਤੋਂ ਡਰੋ !! ਪਰ ਅੱਜ ਤਕ ਕਦੇ ਕਿਸੇ ਦੇ ਮੂੰਹ ਤੋਂ ਇਹ ਨਹੀਂ ਸੁਣਿਆਂ ਕਿ ਉਸ ਨੇ ਰੱਬ ਦੇ ਦਰਸ਼ਣ ਵੀ ਕੀਤੇ ਹੱਨ ।
     ਮੈਂ ਵੀ ਬਥੇਰਾ ਰੱਬ ਰੱਬ ਕਰਦਾ ਹੁੰਦਾ ਸੀ, ਗੁਰਬਾਣੀ ਨੂੰ ਬੜਾ ਘੋਟਾ ਲਾਉਦਾ ਰਿਹਾ, ਪਰ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਸੀ । ਬੱਸ ਜੋ ਲੋਕਾਂ ਕੋਲੋ ਸੁਣਿਆ ਸੀ ਉਹ ਹੀ ਕਰਦੇ ਰਹੇ । ਪਤਾ ਨਹੀਂ ਕਿੰਨੇ ਸਾਲ ਲਗਾਤਾਰ ਜਪੁਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਰਹੇ ਪਰ ਕਦੇ ਵੀ ਕੁਝ ਸਮਝਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ । ਸਾਡਾ ਇਸ ਵਿਚ ਕੋਈ ਕਸੂਰ ਨਹੀਂ ਸੀ ਸਾਡੇ ਸਮਾਜ ਦੀ ਇਕ ਧਾਰਨਾ ਹੀ ਬਣੀ ਹੋਈ ਹੈ ਕਿ ਐਤਵਾਰ ਨੂੰ ਗੁਰੁਦਆਰੇ ਜਾਣਾ ਹੈ ਤੇ ਰੋਜ਼ਾਨਾ ਘੱਟ ਤੋਂ ਘੱਟ ਜਪੁਜੀ ਸਾਹਿਬ ਦਾ ਪਾਠ ਕਰਨਾ ਹੈ, ਬੱਸ ਇਸ ਨੂੰ ਹੀ ਰੱਬ ਦਾ ਨਾਮ ਸਮਝਦੇ ਹੱਨ ਲੋਕ ।
     ਹੁਣ ਗੱਲ ਕਰਦੇ ਹਾਂ ਅਸਲੀ ਮੁਦੇ ਦੀ, ਮੇਰੀ ਆਪਬੀਤੀ ਤੇ ਇਹ ਹੈ ਕਿ ਮੈਂ ਜਦੋਂ ਦਾ ਗੁਰਬਾਣੀ ਨੂੰ ਸਮਝਣ ਲੱਗਾ ਹਾਂ, ਉਦੋ ਦਾ ਨਾਸਤਿਕ ਜਿਹਾ ਹੋ ਗਿਆ ਹਾਂ, ਜਾਣੀ ਕਿ ਲੋਕਾਂ ਦੀਆਂ ਨਜ਼ਰਾਂ ਵਿਚ ਤੇ ਬਿਲਕੁਲ ਹੀ । ਸਮਝ ਨਹੀਂ ਲਗਦੀ ਕਿ ਬੰਦਾ ਗੁਰਬਾਣੀ ਨੂੰ ਸਮਝਣ ਨਾਲ ਨਾਸਤਿਕ ਹੋ ਜਾਂਦਾ ਹੈ ਜਾ ਫਿਰ ਰੱਬ ਨੂੰ ਮੰਨਣ ਲੱਗ ਜਾਂਦਾ ਹੈ, ਜਾ ਫਿਰ ਮੇਰੇ ਨਾਲ ਹੀ ਕੁਝ ਉਲਟ ਹੋ ਰਿਹਾ ਹੈ । ਜਾ ਫਿਰ ਲੋਕ ਹੀ ਗੁਰਬਾਣੀ ਦੇ ਉਲਟ ਅਰਥ ਕਢਦੇ ਹੱਨ । ਖਰਿਆ ਮੈਂਨੂੰ ਹੀ ਉਲਟੀ ਸਮਝ ਲੱਗ ਰਹੀ ਹੈ । ਜਦੋਂ ਵੀ ਐਤਵਾਰ ਨੂੰ ਗੁਰਦੁਆਰੇ ਜਾਂਦਾ ਹਾਂ ਤੇ ਦੇਖਦਾ ਹੀ ਰਹਿੰਦਾ ਹਾਂ ਕਿ ਕਿਧਰੇ ਭੋਗ ਲੱਗ ਰਹੇ ਹੱਨ, ਕਿਧਰੇ ਕੀਰਤਨ ਹੋ ਰਹੇ ਹੱਨ, ਸਾਖੀਆਂ ਸੁਣਾਈਆਂ ਜਾ ਰਹੀਆਂ ਹੱਨ, ਵਾਹਿਗੂਰੂ ਵਾਹਿਗੁਰੂ ਤੇ ਸਤਿਨਾਮ ਸਤਿਨਾਮ ਦਾ ਜਾਪ ਹੋ ਰਿਹਾ ਹੈ । ਜਾਣੀ ਕਿ ਜੀ ਪੂਰਾ ਇਕ ਡਰਾਮਾ ਜਿਹਾ ਚੱਲ ਰਿਹਾ ਹੋ ਜੋ ਕਿ ਹਰ ਐਤਵਾਰ ਦੇਖ ਕਿ ਸਾਰੇ ਆਪੋ ਆਪਣੇ ਘਰੀ ਚਲੇ ਜਾਂਦੇ ਹੱਨ ।
     ਇਹ ਕਿਹੜਾ ਰੱਬ ਹੈ ਜਿਸ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ! ਕੀ ਇਹ ਉਹ ਰੱਬ ਹੈ ਜਿਸ ਨੂੰ ਇਨਾਂ ਬਾਬਿਆਂ ਨੇ ਜਾ ਫਿਰ ਇਨਸਾਨ ਨੇ ਖੁਦ ਤਿਆਰ ਕੀਤਾ ਹੈ । ਜਾ ਫਿਰ ਉਹ ਰੱਬ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਹੀ ਤਿਆਰ ਕੀਤਾ ਹੈ, ਜਿਸ ਨੇ ਲੱਖਾਂ ਸੂਰਜ ਤੇ ਲੱਖਾਂ ਧਰਤੀਆਂ ਤਿਆਰ ਕੀਤੀਆਂ ਹੱਨ, ਕੀ ਉਸ ਰੱਬ ਨੂੰ ਅਗਰਬੱਤੀ ਜਲਾ ਕਿ ਕਾਬੂ ਕੀਤਾ ਜਾ ਸਕਦਾ ਹੈ ? ਜਾ ਫਿਰ ਵਧੀਆ ਕੜਾ ਪ੍ਰਸ਼ਾਦ ਦਾ ਭੋਗ ਲਵਾ ਕਾਬੂ ਕੀਤਾ ਜਾ ਸਕਦਾ ਹੈ ।
     ਜੇ ਗੁਰੂ ਨਾਨਕ ਪਾਤਸ਼ਾਹ ਦੀ ਰੱਬ ਦੀ ਪ੍ਰੀਭਾਸ਼ਾਂ ਦੇਖੀ ਜਾਵੇ ਤੇ ਫਿਰ ਤੇ ਵਾਲ਼ਾ ਹੀ ਇਨਾਂ ਮੰਦਰਾਂ ਦੇ ਗੁਰਦੁਵਾਰਿਆਂ ਵਾਲੇ ਰੱਬ ਤੋਂ ਵਿਸ਼ਵਾਸ਼ ਉਠ ਜਾਂਦਾ ਹੈ । ਗੁਰੂ ਸਾਹਿਬ ਤੇ ਕਹਿ ਰਹੇ ਹੱਨ ਕਿ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ 
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
ਜਾਣੀ ਕਿ ਇਸ ਦੇ ਅਰਥ
     ਕਿ ਉਸ ਰੱਬ ਦੀ ਰਜ਼ਾ ਵਿਚ ਇੰਜ ਹੋ ਰਿਹਾ ਹੈ ਕਿ ਸਾਰਾ ਆਕਾਸ਼ ਥਾਲ ਹੈ, ਸੂਰਜ ਤੇ ਚੰਦ ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ ਲਈ ਫੁੱਲ ਦੇ ਰਹੀ ਹੈ ਹੱਦ ਹੋ ਗਈ ਵੈਸੇ, ਹੁਣ ਸਹੀ ਪਤਾ ਨਹੀਂ ਕੌਣ ਹੈ ਗੁਰੂ ਨਾਨਕ ਪਾਤਸ਼ਾਹ ਜਾ ਫਿਰ ਇਹ ਮੰਦਰਾਂ ਤੇ ਗੁਰਦੁਆਰਿਆਂ ਵਾਲੇ ? ਜਿਹੜੇ ਹਰ ਐਤਵਾਰ ਤੇ ਜਰੂਰ ਰੱਬ ਦੇ ਦਰਸ਼ਣ ਕਰਦੇ ਹੱਨ ਮੈਂਨੂੰ ਅਜੇ ਤਕ ਇਹ ਸਮਝ ਨਹੀਂ ਲੱਗੀ ਕਿ ਇਹ ਭੋਗ ਕਿਸ ਨੂੰ ਲਵਾਉਂਦੇ ਹੱਨ ? ਸਾਡਾ ਗੁਰੂ ਦੇ ਗਿਆਨ ਹੈ, ਗਿਆਨ ਦੇਹਧਾਰੀ ਨਹੀਂ ਹੈ ਗਿਆਨ ਨੂੰ ਦੇਖਿਆ ਨਹੀਂ ਜਾ ਸਕਦਾ ਤੇ ਕੀ ਗਿਆਨ ਨੂੰ ਰੱਬ ਮੰਨਿਆ ਜਾ ਸਕਦਾ ਹੈ । ਕੀ ਗਿਆਨ ਦੇ ਕਿਸੇ ਸਰੋਤ ਦੇ ਸਾਹਮਣੇ ਇੰਨੇ ਡਰਾਮੇ ਕਰਨ ਨਾਲ ਗਿਆਨ ਨੂੰ ਪਾਇਆ ਜਾ ਸਕਦਾ ਹੈ ? ਹਾਂ ਗਿਆਨ ਪਾੁੳਣ ਲਈ ਵਿਚਾਰ ਕੀਤੀ ਜਾ ਸਕਦੀ ਹੈ ਆਪਣੀ ਬੁਧੀ ਨੂੰ ਵਰਤ ਕਿ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ । ਵੈਸੇ ਗੁਰੂ ਸਾਹਿਬ ਵੀ ਫਰਮਾ ਰਹੇ ਹੱਨ ਕਿ
ਡਿਠੇ ਮੁਕਤਿ ਨਾ ਪਾਈ, ਜਿਚਰ ਸ਼ਬਦ ਨਾ ਕਰੇ ਵਿਚਾਰ ॥
ਸੰਖੇਪ ਵਿਚ ਕਹਿ ਰਿਹਾ ਹਾਂ ਕਿ ਫਿਰ ਕਿਉਂ ਅਸੀਂ ਇੰਨਾ ਡਰਾਮਾ ਕਰ ਰਹੇ ਹਾਂ ਕਿਉਂ ਨਹੀਂ ਅਸੀਂ ਆਪਣੇ ਗੁਰੂ ਦੇ ਗਿਆਨ ਨੂੰ ਸਿਰਫ ਸਮਝਣ ਤੋਂ ਸਿਵਾ ਹੋਰ ਆਹ ਦੁਨਿਆਵੀਂ ਝੂਠੇ ਦਿਖਾਵਿਆਂ ਦਾ ਤਿਆਗ ਕਰੀਏ ।
ਬੱਸ ਯਾਰ ਨੀਂਦ ਬਹੁਤ ਆ ਰਹੀ ਹੈ ਆਪਣੇ ਵਿਚਾਰ ਜਰੂਰ ਦੱਸ ਦਿਉ ।
ਗਲਤੀ ਮੁਆਫ !!
ਨਿਰਮਲ ਸਿੰਘ

No comments:

Post a Comment